ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਦਸਮੇਸ਼ ਪਿਤਾ ਜੀ ਦੇ ਧਰਮ ਯੁੱਧ’ (ਲੇਖਕ: ਪ੍ਰਿੰਸੀਪਲ ਬਹਾਦਰ ਸਿੰਘ ਗੋਸਲਾ; ਕੀਮਤ: 200 ਰੂਪਏ; ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ) ਵਿਚ ਦਸਮ ਪਾਤਸ਼ਾਹ ਵੱਲੋਂ ਜ਼ੁਲਮਾਂ ਦਾ ਨਾਸ਼ ਕਰਨ ਤੇ ਧਰਮ ਦੀ ਰਾਖੀ ਵਾਸਤੇ ਲੜੇ 17 ਯੁੱਧਾਂ ਦਾ ਵਿਸਥਾਰ ਸਹਿਤ ਜ਼ਿਕਰ ਹੈ। ਇਹ ਯੁੱਧ ਸਹੀ ਅਰਥਾਂ ਵਿਚ ਧਰਮ ਯੁੱਧ ਸਨ। ਕਿਸੇ ਖ਼ਾਸ ਮਜ਼ਹਬ ਦੇ ਵਿਰੁੱਧ ਨਹੀਂ ਸਨ ਕਿਉਂਕਿ ਗੁਰੂ ਜੀ ਦੀਆਂ ਫ਼ੌਜਾਂ ਵਿਚ ਮੁਸਲਮਾਨ ਵੀ ਸ਼ਾਮਲ ਸਨ। ਲੇਖਕ ਦੀ ਖੋਜੀ ਬਿਰਤੀ ਨੇ ਇਸ ਪੁਸਤਕ ਦੀ ਸਿਰਜਨਾ ਕਰਵਾਈ ਹੈ। ਦੋ ਸ਼ਬਦ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਡਾਇਰੈਕਟਰ ਗੁਰਦੀਪ ਸਿੰਘ ਸੱਗੂ ਨੇ ਲਿਖੇ ਹਨ। ਉਨ੍ਹਾਂ ਲਿਖਿਆ ਹੈ ਕਿ ਧਰਮ ਦੀ ਰਾਖੀ ਲਈ ਤਲਵਾਰ ਚੁੱਕਣੀ ਵੱਡਾ ਧਰਮ ਹੈ। ਤਤਕਾਲੀ ਹੁਕਮਰਾਨ ਔਰੰਗਜ਼ੇਬ ਦੇ ਜ਼ੁਲਮਾਂ ਦੀ ਅਤਿ ਹੋ ਚੁੱਕੀ ਸੀ। ਪੰਜਵੇਂ ਤੇ ਨੌਵੇਂ ਸਤਿਗੁਰੂ ਦੀ ਸ਼ਹਾਦਤ ਹੋ ਚੁੱਕੀ ਸੀ। ਲੇਖਕ ਨੇ ਸ਼ੁਰੂ ਵਿਚ ਦਸਵੇਂ ਗੁਰੂ ਦੇ ਪ੍ਰਕਾਸ਼ ਤੇ ਬਚਪਨ ਦੀ ਲੀਲ੍ਹਾ ਦਾ ਜ਼ਿਕਰ ਕੀਤਾ ਹੈ। ਜਿਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ (22 ਦਸੰਬਰ 1666) ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ, ਉਸ ਵੇਲੇ ਬਾਲ ਗੋਬਿੰਦ ਰਾਏ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਢਾਕੇ (ਬੰਗਾਲ) ਵਿਚ ਸਨ। ਉਸੇ ਸਥਾਨ ’ਤੇ ਗੁਰੂ ਜੀ ਨੂੰ ਬਾਲ ਗੋਬਿੰਦ ਰਾਏ ਦੇ ਜਨਮ ਦਾ ਪਤਾ ਲੱਗਾ। ਇਸ ਕਾਂਡ ਵਿਚ ਲੇਖਕ ਨੇ ਪੀਰ ਭੀਖਣ ਸ਼ਾਹ ਦਾ ਪ੍ਰਸੰਗ ਅਤੇ ਗੁਰੂ ਜੀ ਦੇ ਬਚਪਨ ਦੇ ਕਈ ਕੌਤਕਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਗੁਰੂ ਜੀ ਦੀ ਸਿੱਖਿਆ ਪ੍ਰਾਪਤੀ, ਸ਼ਸਤਰ ਵਿਦਿਆ, ਭਾਸ਼ਾਵਾਂ ਦਾ ਗਿਆਨ, ਘੋੜਸਵਾਰੀ ਤੇ ਸਮੇਂ ਦੀ ਹਕੀਕਤ ਬਾਰੇ ਡੂੰਘੀ ਸੋਚ ਵਿਚਾਰ ਦਾ ਵੇਰਵਾ ਹੈ। ਗੁਰੂ ਜੀ ਦੀਆਂ ਲੜੀਆਂ 17 ਜੰਗਾਂ ਵਿਚੋਂ ਪਹਿਲੀ ਜੰਗ ਭੰਗਾਣੀ ਦਾ ਯੁੱਧ ਹੈ ਜੋ 1687 ਵਿਚ ਹੋਈ। ਇਸ ਜੰਗ ਵਿਚ ਪਾਉਂਟਾ ਸਾਹਿਬ, ਗੁਰੂ ਦਰਬਾਰ ਦੇ 52 ਕਵੀਆਂ, ਭਾਈ ਨੰਦ ਲਾਲ ਤੇ ਹੋਰ ਕਵੀਆਂ ਦਾ ਜ਼ਿਕਰ ਹੈ। ਇਸ ਜੰਗ ਵਿਚ ਪਹਾੜੀ ਰਾਜੇ ਰਾਜਾ ਭੀਮ ਚੰਦ ਤੇ ਮੁਗ਼ਲ ਮੁੱਖ ਵਿਰੋਧੀ ਸਨ। ਇਤਿਹਾਸਕਾਰ ਕਨਿੰਘਮ ,ਮੈਕਰੇਗਰ ,ਗਾਰਡਨ ਤੇ ਮੁਨਸੀ ਖੁਸ਼ਵੰਤ ਰਾਏ ਦੇ ਹਵਾਲੇ ਹਨ। ਇਨ੍ਹਾਂ ਦੀਆਂ ਲਿਖਤਾਂ ਵਿਚ ਗੁਰੂ ਜੀ ਦੀ ਕਿਲ੍ਹਾਬੰਦੀ, ਨਗਾਰੇ ਦੀ ਗੂੰਜ ਅਤੇ ਪਹਾੜੀ ਰਾਜਿਆਂ ਦੀ ਗੁਰੂ ਜੀ ਨਾਲ ਈਰਖਾ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਦੇ ਮੁਰੀਦ ਪੀਰ ਬੁਧੂ ਸ਼ਾਹ ਨੇ 500 ਸਿਪਾਹੀ ਗੁਰੂ ਜੀ ਦੀ ਫ਼ੌਜ ਵਿਚ ਲਿਆਂਦੇ। ਇਹ ਜੰਗ ਦਸਮੇਸ਼ ਗੁਰੂ ਨੇ ਜਿੱਤੀ। ਉਸੇ ਸਾਲ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਸੀ। ਆਨੰਦਪੁਰ ਸਾਹਿਬ ਵਿਚ ਗੁਰੂ ਜੀ ਦੀਆਂ ਪੰਜ ਜੰਗਾਂ ਦਾ ਪੂਰਾ ਬਿਰਤਾਂਤ ਹੈ (ਪਹਿਲੀ ਜੰਗ 1701, ਦੂਜੀ ਜੰਗ ਵੀ 1701, ਤੀਸਰੀ ਚੌਥੀ ਜੰਗ 1703 ਵਿਚ, ਪੰਜਵੀਂ ਜੰਗ 1704 ਵਿਚ ਹੋਈ) ਇਨ੍ਹਾਂ ਜੰਗਾਂ ਵਿਚ ਪਹਾੜੀ ਰਾਜੇ ਤੇ ਮੁਗ਼ਲ ਸੈਨਾਵਾਂ ਖਿਲਾਫ਼ ਗੁਰੂ ਜੀ ਨੇ ਤਲਵਾਰ ਚਲਾਈ ਤੇ ਜੇਤੂ ਰਹੇ। ਆਨੰਦਪੁਰ ਸਾਹਿਬ ਦੀ ਜੰਗ ਵਿਚ ਮੁਗ਼ਲਾਂ ਵੱਲੋਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਾਉਣਾ, ਮਾਝੇ ਦੇ ਕੁਝ ਸਿੱਖਾਂ ਵੱਲੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣਾ ਜਿਹੇ ਇਤਿਹਾਸਕ ਪ੍ਰਸੰਗ ਹਨ। ਚਮਕੌਰ ਸਾਹਿਬ ਦੀਆਂ ਦੋ ਲੜਾਈਆਂ ਦਾ ਵੇਰਵਾ ਪੁਸਤਕ ਵਿਚ ਹੈ। (ਪਹਿਲੀ ਜੰਗ 1703 ਵਿਚ ਤੇ ਦੂਸਰੀ ਜੰਗ 1704 ਈਸਵੀ ਦੀ ਹੈ)। ਹੁਸੈਨੀ ਯੁਧ 1695 ਵਿਚ, ਨਦੌਣ ਦੀ ਜੰਗ 1688 ਵਿਚ। ਮੁਕਤਸਰ ਦੀ ਜੰਗ ਵਿਚ ਗੁਰੂ ਸਾਹਿਬ ਵੱਲੋਂ ਭਾਈ ਮਹਾਂ ਸਿੰਘ ਦਾ ਬੇਦਾਵਾ ਪਾੜ ਕੇ ਟੁੱਟੀ ਗੰਢਣ ਦਾ ਪ੍ਰਸੰਗ ਤੇ ਮਾਈ ਭਾਗੋ ਦੀ ਸੂਰਬੀਰਤਾ ਲੇਖਕ ਨੇ ਰੀਝ ਨਾਲ ਲਿਖੀ ਹੈ। ਇਹ ਸਾਰੀਆਂ ਘਟਨਾਵਾਂ ਸਿੱਖ ਇਤਿਹਾਸ ਦਾ ਪ੍ਰਮੁੱਖ ਅੰਗ ਹਨ। ਇਕ ਜੰਗ ਜੇਜੋਂ ਦੀ ਹੈ। ਇਹ ਜੰਗ ਗੁਰੂ ਜੀ ਨੇ ਔਰੰਗਜ਼ੇਬ ਦੀ ਮੌਤ ਪਿੱਛੋਂ ਦਿੱਲੀ ਦਾ ਤਖ਼ਤ ਹਾਸਲ ਕਰਨ ਦੇ ਚਾਹਵਾਨ ਬਹਾਦਰ ਸ਼ਾਹ ਦੇ ਹੱਕ ਵਿਚ ਲੜੀ ਸੀ। ਕੁਝ ਛੋਟੀਆਂ ਜੰਗਾਂ ਵੀ ਪੁਸਤਕ ਵਿਚ ਹਨ। ਪੁਸਤਕ ਵਿਚ ਦਸਵੇਂ ਗੁਰੂ ਜੀ ਦੀਆਂ ਰੰਗਦਾਰ ਤਸਵੀਰਾਂ ਦੇ ਨਾਲ ਗੁਰੂ ਜੀ ਦੀਆਂ ਜੰਗ ਲੜਦਿਆਂ ਦੀਆਂ ਇਕ ਦਰਜਨ ਇਤਿਹਾਸਕ ਤਸਵੀਰਾਂ ਹਨ। ਜਗਤਾਰ ਸਿੰਘ ਜੋਗ ਨੇ ਪੁਸਤਕ ਦੇ ਟਾਈਟਲ ਉਪਰ ਲੇਖਕ ਅਤੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਵਧੀਆ ਦਿਖ ਵਿਚ ਛਪੀ ਪੁਸਤਕ ਦੇ ਟਾਈਟਲ ਉਪਰ ਦਸਮੇਸ਼ ਗੁਰੂ ਦੀ ਸੋਹਣੀ ਰੰਗਦਾਰ ਤਸਵੀਰ ਪੁਸਤਕ ਦੀ ਖ਼ੂਬਸੂਰਤੀ ਵਿਚ ਵਾਧਾ ਕਰਦੀ ਹੈ।
ਸੰਪਰਕ: 098148-56160