ਡਾ. ਵਿਦਵਾਨ ਸਿੰਘ ਸੋਨੀ
ਭੂ-ਵਿਗਿਆਨ
ਸਰਦੀਆਂ ਦੀ ਰੁੱਤੇ ਕਾਂਗੜਾ ਵਾਦੀ ਵਿੱਚੋਂ ਲੰਘਦੇ ਹੋਏ ਧਰਮਸ਼ਾਲਾ, ਪਾਲਮਪੁਰ, ਬੈਜਨਾਥ ਜਾਂ ਹੋਰ ਅੱਗੇ ਜਾਓ ਤਾਂ ਖੱਬੇ ਪਾਸੇ ਲਗਾਤਾਰ ਦਿਸਦੇ ਧੌਲਧਾਰ ਪਰਬਤ ਬਰਫ਼ਾਂ ਨਾਲ ਲੱਦੇ ਨਜ਼ਰ ਆਉਂਦੇ ਹਨ। ਉਸ ਤੋਂ ਉਰ੍ਹਾਂ ਹਰੇ ਨੀਲੇ ਰੰਗਾਂ ਦੀਆਂ ਲਘੂ (ਜਾਂ ਨਿਮਨ) ਹਿਮਾਲਾ ਦੀਆਂ ਪਹਾੜੀ ਚੋਟੀਆਂ ਹਨ ਤੇ ਹੇਠਾਂ ਉਨ੍ਹਾਂ ਦੀਆਂ ਢਲਾਣਾਂ ਦਿਸਦੀਆਂ ਹਨ। ਉਨ੍ਹਾਂ ਢਲਾਣਾਂ ਉੱਪਰ ਨੀਵੇਂ ਥਾਵਾਂ ਤੱਕ ਕਾਲੇ ਜਿਹੇ ਦਿਸਦੇ ਵੱਡੇ ਵੱਡੇ ਗੋਲ ਪੱਥਰ ਅਤੇ ਕੋਠੇ ਦੇ ਆਕਾਰ ਦੀਆਂ ਚੱਟਾਨਾਂ ਥਾਂ ਥਾਂ ਨਜ਼ਰ ਆਉਂਦੀਆਂ ਹਨ। ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਸਭ ਪਾਸੇ ਉਹ ਵੱਡ-ਆਕਾਰੀ ਪੱਥਰ ਖਿਲਾਰ ਦਿੱਤੇ ਹੋਣ। ਨਿਮਨ ਹਿਮਾਲਾ ਪਹਾੜੀਆਂ ਨੂੰ ਕੱਟ ਕੇ ਹੇਠਾਂ ਆ ਰਹੀਆਂ ਨਦੀਆਂ ਵਿੱਚ ਵੀ ਇਹ ਵੱਡੇ ਗੋਲ ਪੱਥਰ ਵਗ ਕੇ ਆਏ ਹੋਏੇ ਹਨ। ਪਠਾਨਕੋਟ ਤੋਂ ਕਾਂਗੜੇ ਜਾਂਦਿਆਂ ਕੋਟਲੇ ਨੇੜੇ ਸੜਕ ਦੇ ਨਾਲ ਨਾਲ ਇੱਕ ਨਦੀ ਵਗਦੀ ਹੈ। ਉਸ ਵਿੱਚ ਵੀ ਕਈ ਥਾਂ ਵੱਡੇ ਵੱਡੇ ਗੋਲ ਪੱਥਰ ਪਏ ਹਨ। ਅੱਗੇ ਤ੍ਰਿਲੋਕਪੁਰ ਕੋਲ ਗੁਫ਼ਾ ਵਿੱਚ ਮੰਦਰ ਬਣਿਆ ਹੈ। ਉਸ ਦੇ ਸਾਹਮਣੇ ਵੀ ਨਦੀ ਵਿੱਚ ਇੱਕ ਵਿਸ਼ਾਲ ਚੱਟਾਨ ਪਈ ਹੈ। ਇਹ ਚੱਟਾਨਾਂ ਅਤੇ ਵੱਡੇ ਗੋਲ ਪੱਥਰ ਆਲੇ-ਦੁਆਲੇ ਦੀਆਂ ਪਹਾੜੀਆਂ ਤੋਂ ਟੁੱਟ ਕੇ ਨਹੀਂ ਡਿੱਗੇ ਅਤੇ ਨਾ ਹੀ ਪਾਣੀਆਂ ਨੇ ਰੋੜ੍ਹ ਕੇ ਇੱਥੇ ਲਿਆਂਦੇ ਹਨ। ਇਨ੍ਹਾਂ ਦੀ ਅੰਦਰੂਨੀ ਬਣਤਰ ਚੌਗਿਰਦੇ ਦੀ ਕਿਸੇ ਚੱਟਾਨ ਵਰਗੀ ਨਹੀਂ ਹੈ ਤੇ ਨਾ ਹੀ ਇਹ ਧਰਮਸ਼ਾਲਾ ਦੀ ਪਿਛੋਕੜ ਵਾਲੀਆਂ ਚੱਟਾਨਾਂ ਵਰਗੀ ਹੈ। ਸਾਰੀ ਕਾਂਗੜਾ ਵਾਦੀ ਵਿੱਚ ਦਿਸਦੇ ਅਜਿਹੇ ਵੱਡੇ ਗੋਲ ਪੱਥਰਾਂ ਦੀ ਬਣਤਰ ਅੰਦਰੂਨੀ ‘ਉੱਚ-ਹਿਮਾਲਾ’ ਦੀਆਂ ਚੱਟਾਨਾਂ ਵਾਲੀ ਹੈ। ਇਨ੍ਹਾਂ ਵਿਸ਼ਾਲ ਗੋਲ ਪੱਥਰਾਂ ਜਾਂ ਚੱਟਾਨਾਂ ਨੂੰ ਇਰੈਟਿਕ (ਵਿਸਥਾਪਿਤ) ਕਿਹਾ ਜਾਂਦਾ ਹੈ ਜੋ ਬੀਤੇ ਸਮੇਂ ਦੇ ਗੁਜ਼ਰੇ ਕਿਸੇ ਵੱਡੇ ਹਿਮਯੁੱਗ ਦੀ ਕਹਾਣੀ ਸੁਣਾਉਂਦੀਆਂ ਹਨ।
ਜਦੋਂ ਕਿਸੇ ਹਿਮਯੁੱਗ ਤੋਂ ਬਾਅਦ ਗਰਮ ਕਾਲ ਆਉਂਦਾ ਹੈ ਤਾਂ ਹਿਮ ਨਦੀਆਂ ਤੇਜ਼ੀ ਨਾਲ ਹੇਠਾਂ ਵੱਲ ਸਰਕਣ ਲੱਗਦੀਆਂ ਹਨ। ਵੱਡੇ ਭਾਰੇ ਗਲੇਸ਼ੀਅਰ ਚੱਟਾਨਾਂ ਨੂੰ ਤੋੜ ਕੇ ਆਪਣਾ ਰਾਹ ਬਣਾਉਂਦੇ ਹਨ। ਇੰਜ ਕਰਦਿਆਂ ਉਹ ਚੱਟਾਨਾਂ ਦੇ ਟੁਕੜਿਆਂ ਨੂੰ ਆਪਣੇ ਨਾਲ ਸੁੱਟ ਲੈਂਦੇ ਹਨ। ਇਹ ਚੱਟਾਨਾਂ ਵਿੱਚ ਡੁੱਬ ਕੇ ਹੇਠਾਂ ਬੈਠ ਜਾਂਦੀਆਂ ਹਨ ਤੇ ਗਲੇਸ਼ੀਅਰ ਦੇ ਨਾਲ ਨਾਲ ਹੀ ਸਰਕਦੀਆਂ ਰਹਿੰਦੀਆਂ ਹਨ। ਲੰਬੇ ਸਫ਼ਰ ਦੌਰਾਨ ਰਗੜਾਂ ਕਾਰਨ ਉਨ੍ਹਾਂ ਦੇ ਕੰਢੇ ਗੋਲ ਹੋ ਜਾਂਦੇ ਹਨ। ਗਲੇਸ਼ੀਅਰਾਂ ਨਾਲ ਇਨ੍ਹਾਂ ਦਾ ਵਿਸਥਾਪਨ ਹੋਇਆ ਹੋਣ ਕਾਰਨ ਇਨ੍ਹਾਂ ਨੂੰ ਵਿਸਥਾਪਿਤ ਬੋਲਡਰ ਵੀ ਕਿਹਾ ਜਾਂਦਾ ਹੈ। ਕਾਂਗੜਾ ਵਾਦੀ ਵਿਚਲੇ ਇਰੈਟਿਕ ਬੋਲਡਰ ਧੌਲਧਾਰ ਦੀਆਂ ਅੰਦਰੂਨੀ ਚੱਟਾਨਾਂ ਅਤੇ ਰਾਹ ਵਿਚਲੀਆਂ ਹੋਰ ਚੱਟਾਨਾਂ ਤੋਂ ਟੁੱਟ ਕੇ ਆਏ ਹਨ। ਪਿਛਲੇ ਕੋਈ 24-25 ਲੱਖ ਸਾਲ ਦੌਰਾਨ ਕਈ ਵਾਰ ਧਰਤੀ ’ਤੇ ਗਲੇਸ਼ੀਏਸ਼ਨ (ਬਰਫ਼ ਦੀਆਂ ਮੋਟੀਆਂ ਤਹਿਆਂ ਵਿਛਣਾ) ਹੋਇਆ ਹੈ, ਪਰ ਉਨ੍ਹਾਂ ਵਿਚਲਾ ਅੰਤਰਾਲ ਲੰਮੇਰੇ ਸਮੇਂ ਦੇ ਗਰਮ ਕਾਲ ਦਾ ਹੁੰਦਾ ਸੀ। ਇਹ ਸਮਾਂ ਸੀ ‘ਪਲਾਈਸਟੋਸੀਨ ਮਹਾਂਯੁੱਗ’ ਜਿਸ ਨੂੰ ਹਿਮ ਮਹਾਂਯੁੱਗ ਵੀ ਕਿਹਾ ਜਾਂਦਾ ਹੈ। ਸਾਰੀ ਧਰਤੀ ਅਤੇ ਹਿਮਾਲਾ ’ਤੇ ਆਇਆ ਆਖ਼ਰੀ ਹਿਮਯੁੱਗ ਕੋਈ 24-25 ਹਜ਼ਾਰ ਸਾਲ ਲੰਬਾ ਸੀ ਜੋ 11 ਕੁ ਹਜ਼ਾਰ ਸਾਲ ਪਹਿਲਾਂ ਖ਼ਤਮ ਹੋਇਆ। ਲਗਭਗ 18 ਹਜ਼ਾਰ ਸਾਲ ਪਹਿਲਾਂ ਇਹ ਹਿਮਯੁੱਗ ਆਪਣੇ ਸਿਖਰ ’ਤੇ ਸੀ, ਜਦੋਂ ਅੰਦਰੂਨੀ ਹਿਮਾਲਾ ਉੱਪਰ ਹਜ਼ਾਰ ਫੁੱਟ ਤੋਂ ਵਧੇਰੇ ਮੋਟੀਆਂ ਤਹਿਆਂ ਜੰਮ ਗਈਆਂ ਸਨ ਤੇ ਸੈਂਕੜੇ ਫੁੱਟ ਬਰਫ਼ ਹੇਠਲੀਆਂ ਪਹਾੜੀਆਂ ’ਤੇ ਵੀ ਸਾਰਾ ਸਾਲ ਜੰਮੀ ਰਹਿੰਦੀ ਸੀ।
ਸਾਡੀ ਧਰਤੀ ਦੇ ਸਾਢੇ ਚਾਰ ਅਰਬ ਸਾਲ ਲੰਬੇ ਜੀਵਨ ਕਾਲ ਦੌਰਾਨ ਇਸ ਉੱਪਰ ਕਈ ਵਾਰ ਹਿਮਯੁੱਗ ਆਏ ਹਨ। ਕਦੇ ਤਾਂ ਧਰਤੀ ਬਿਲਕੁਲ ਬਰਫ਼ ਦਾ ਗੋਲਾ ਹੀ ਬਣ ਗਈ ਸੀ, ਪਰ ਹਰ ਵਾਰ ਇੰਜ ਨਹੀਂ ਹੋਇਆ। ਕਈ ਵਾਰ ਇਸ ਦੀ ਸਤ੍ਵਾ ਦੇ ਬਹੁਤੇ ਭਾਗ ’ਤੇ ਹੀ ਬਰਫ਼ ਫੈਲਦੀ ਸੀ। ਫਿਰ ਜਦੋਂ ਹੌਲੀ ਹੌਲੀ ਬਰਫ਼ ਪਿਘਲਦੀ, ਇਹ ਮੁੜ ਨੀਲੀ ਹਰਿਆਲੀ ਧਰਤੀ ਬਣ ਜਾਂਦੀ। ਬਰਫ਼ ਉੱਤਰੀ ਦੱਖਣੀ ਧਰੁਵਾਂ ਨੇੜੇ ਹੀ ਰਹਿ ਜਾਂਦੀ ਅਤੇ ਜਾਂ ਫਿਰ ਉੱਚੇ ਪਹਾੜਾਂ ’ਤੇ ਗਲੇਸ਼ੀਅਰਾਂ ਦੇ ਰੂਪ ਵਿੱਚ ਬਚੀ ਰਹਿੰਦੀ। ਹਿਮਯੁੱਗਾਂ ਤੋਂ ਬਾਅਦ ਲਗਭਗ ਹਰ ਵਾਰ ਧਰਤੀ ’ਤੇ ਵੱਖਰਾ ਅਤੇ ਨਵਾਂ ਜੀਵਨ ਉਗਮਦਾ ਰਿਹਾ।
ਧਰਤੀ ਨੂੰ ਬਣਿਆਂ ਤਕਰੀਬਨ 2.4 ਅਰਬ ਸਾਲ ਹੋਏ ਸਨ ਤਾਂ ਇਸ ਉੱਪਰ ਪਹਿਲਾ ਵੱਡਾ ਬਰਫ਼ਾਨੀ ਯੁੱਗ ਆਇਆ ਜਿਸ ਨੂੰ ਹੁਰੋਨੀਅਨ ਹਿਮਯੁੱਗ ਕਿਹਾ ਜਾਂਦਾ ਹੈ। ਉਦੋਂ ਧਰਤੀ ਉੱਪਰ ਅਜੇ ਇੱਕ-ਸੈੱਲਾ ਜੀਵ ਹੀ ਪ੍ਰਗਟ ਹੋਏ ਸਨ। ਹੁਰੋਨੀਅਨ ਹਿਮਯੁੱਗ ਦੇ ਪਹਿਲੇ 10 ਕਰੋੜ ਸਾਲ ਬਹੁਤ ਹੀ ਤੀਬਰ-ਬਰਫ਼ਾਂ ਵਾਲੇ ਸਨ। ਉਦੋਂ ਸਾਰੀ ਧਰਤੀ ਬਰਫ਼ ਦਾ ਗੋਲਾ ਬਣ ਗਈ। ਅਜਿਹਾ ਪਹਿਲੀ ਵਾਰ ਹੋਇਆ ਸੀ। ਇਸ ਦਾ ਕਾਰਨ ਇਹ ਸੀ ਕਿ ਤਕਰੀਬਨ 25 ਕਰੋੜ ਸਾਲ ਤੱਕ ਧਰਤੀ ’ਤੇ ਕੋਈ ਜਵਾਲਾਮੁਖੀ ਨਾ ਫਟੇ ਤੇ ਵਾਯੂਮੰਡਲ ਵਿੱਚ ਕਾਰਬਨ ਡਾਇਆਕਸਾਈਡ ਬਿਲਕੁਲ ਨਾ ਬਣੀ। ਧਰਤੀ ਦੀ ਤਪਸ਼ ਨੂੰ ਵਾਯੂਮੰਡਲ ਵਿੱਚ ਰੋਕ ਕੇ ਰੱਖਣ ਵਾਲਾ ਗਰੀਨ-ਹਾਊਸ ਪ੍ਰਭਾਵ ਖ਼ਤਮ ਹੋ ਗਿਆ ਅਤੇ ਧਰਤੀ ਦੀ ਸਤ੍ਵਾ ਠੰਢੀ ਹੁੰਦੀ ਗਈ। ਇਸ ’ਤੇ ਡਿੱਗਦੀਆਂ ਰਹੀਆਂ ਬਰਫ਼ਾਂ ਲੰਬੇ ਸਮੇਂ ਤੱਕ ਨਾ ਪਿਘਲੀਆਂ ਤੇ ਇਸ ’ਤੇ ਸਾਲਾਂਬੱਧੀ ਹਜ਼ਾਰਾਂ ਫੁੱਟ ਮੋਟੀਆਂ ਬਰਫ਼ ਦੀਆਂ ਤਹਿਆਂ ਜੰਮ ਗਈਆਂ।
ਫਿਰ ਦੀਰਘ ਬਰਫ਼ਾਨੀ ਯੁੱਗਾਂ ਦਾ ਸਮਾਂ ਇੱਕ ਵਾਰੀ ਹੋਰ ਆਇਆ। ਉਸ ਸਮੇਂ ਨੂੰ ‘ਕਰਾਇਓਜੈਨਿਕ’ ਕਲਪ ਕਿਹਾ ਜਾਂਦਾ ਹੈ ਜੋ 75 ਕਰੋੜ ਤੋਂ ਕਰੀਬ 63.5 ਕਰੋੜ ਸਾਲ ਪੂਰਵ ਤੱਕ ਚੱਲਿਆ। ਉਸ ਦੌਰਾਨ ਦੋ ਵੱਡੇ ਬਰਫ਼ਾਨੀ ਯੁੱਗ ਆਏ: ‘ਸੈਂਚੂਰੀਅਨ ਹਿਮਯੁੱਗ’ (ਜੋ 75 ਤੋਂ 70 ਕਰੋੜ ਸਾਲ ਪਹਿਲਾਂ ਤੱਕ ਚੱਲਿਆ) ਤੇ ‘ਮੈਰੋਨੀਅਨ ਹਿਮਯੁੱਗ’ (ਜੋ 66 ਤੋਂ 63.5 ਕਰੋੜ ਸਾਲ ਤੱਕ ਚੱਲਿਆ)। ਇਸ ਗੱਲ ਦੇ ਕਈ ਸਬੂਤ ਮਿਲ ਚੁੱਕੇ ਹਨ ਕਿ ਇਨ੍ਹਾਂ ‘ਮਹਾਂ-ਜਮਾਓ’ ਦੇ ਸਮਿਆਂ ਦੌਰਾਨ ਧਰਤੀ ਵਾਰ ਵਾਰ ਬਰਫ਼ ਦਾ ਗੋਲਾ ਬਣੀ ਸੀ।
ਇਸ ਤੋਂ ਬਾਅਦ 46 ਤੋਂ 43 ਕਰੋੜ ਸਾਲ ਪੂਰਵ ਤੱਕ ‘ਐਂਡੀਅਨ-ਸਹਾਰਾਨ’ ਨਾਮੀਂ ਹਿਮਯੁੱਗ ਆਇਆ, ਜਦੋਂ ਪੈਂਜੀਆ ਦੇ ਬਹੁਤ ਸਾਰੇ ਮਹਾਂਦੀਪ ਦੱਖਣੀ ਧਰੁਵ ਦੇ ਨੇੜੇ ਸਥਿਤ ਸਨ। ਸਾਗਰਾਂ ਦਾ ਪਾਣੀ ਧਰਾਤਲ ’ਤੇ ਬਰਫ਼ ਬਣ ਕੇ ਜੰਮ ਗਿਆ ਤੇ ਸਾਗਰ ਸੈਂਕੜੇ ਫੁੱਟ ਹੇਠਾਂ ਲਹਿ ਗਏ। ਸਿਲੀਕੇਟ ਦੀਆਂ ਚੱਟਾਨਾਂ ਉੱਪਰ ਉੱਠ ਆਈਆਂ ਜਿਨ੍ਹਾਂ ਨੇ ਵਾਯੂਮੰਡਲ ਦੀ ਕਾਰਬਨ ਡਾਇਆਕਸਾਈਡ ਸੋਖ ਲਈ। ਇੰਜ ਗਰੀਨ-ਹਾਊਸ ਪ੍ਰਭਾਵ ਘਟਣ ਕਾਰਨ ਬਹੁਤ ਠੰਢ ਹੋ ਗਈ ਤੇ ਹਿਮਯੁੱਗ ਫਿਰ ਆ ਗਿਆ। ਉਸ ਨਾਲ ਧਰਤੀ ’ਤੇ ਬਹੁਤ ਭਿਅੰਕਰ ਮਹਾਂਮਾਰੀ ਹੋਈ। ਗ੍ਰੈਪਟੋਲਾਈਟ (ਸਾਰੇ ਸਾਗਰੀ ਜੀਵ) 10 ਕੁ ਲੱਖ ਸਾਲਾਂ ਦੌਰਾਨ ਲੋਪ ਹੋ ਗਏ। ਕੋਈ 86 ਫ਼ੀਸਦੀ ਜੀਵ ਜਾਤੀਆਂ ਧਰਤੀ ਤੋਂ ਸਦਾ ਲਈ ਖ਼ਤਮ ਹੋ ਗਈਆਂ।
36 ਕੁ ਕਰੋੜ ਤੋਂ 26 ਕਰੋੜ ਸਾਲ ਪੂਰਵ ਤੱਕ ‘ਕਾਰੂ ਹਿਮਯੁੱਗ’ ਆਇਆ। ਉਦੋਂ ਸਾਰੀ ਧਰਤੀ ਉੱਪਰ ਪੌਦੇ ਬਹੁਤ ਫੈਲ ਗਏ ਸਨ ਜਿਨ੍ਹਾਂ ਨੇ ਵਾਯੂਮੰਡਲ ਵਿੱਚੋਂ ਕਾਫ਼ੀ ਮਾਤਰਾ ਵਿੱਚ ਕਾਰਬਨ ਡਾਇਆਕਸਾਈਡ ਸੋਖ ਲਈ। ਧਰਤੀ ਦਾ ਗਰੀਨ-ਹਾਊਸ ਪ੍ਰਭਾਵ ਫਿਰ ਖ਼ਤਮ ਹੋ ਗਿਆ ਤੇ ਹਿਮਯੁੱਗ ਆ ਗਿਆ। ਇਹ ਹਿਮਯੁੱਗ ਦੋ ਕਿਸ਼ਤਾਂ ਵਿੱਚ ਆਇਆ, ਪਹਿਲਾ 36 ਕਰੋੜ ਤੋਂ ਕਰੀਬ 32 ਕਰੋੜ ਸਾਲ ਪੂਰਵ ਤੱਕ ਤੇ ਦੂਜਾ, 30 ਕਰੋੜ ਸਾਲ ਤੋਂ 26 ਕਰੋੜ ਸਾਲ ਪੂਰਵ ਤੱਕ।
ਸਭ ਤੋਂ ਆਖ਼ਰੀ ਹਿਮਯੁੱਗ ਲੜੀ, ਜਿਸ ਨੂੰ ਧਰਤੀ ਦੇ ਲੰਬੇ ਇਤਿਹਾਸ ਵਿੱਚ ਤਾਜ਼ਾ ਮੰਨਿਆ ਜਾਂਦਾ ਹੈ, ਦੌਰਾਨ ਗਲੇਸ਼ੀਏਸ਼ਨ ਵਿੱਚ ਕਈ ਉਤਰਾਅ-ਚੜ੍ਹਾਅ ਆਏ ਹਨ। ਹਿਮਾਲਾ ਪਰਬਤ ਦੇ ਸਾਗਰ ’ਚੋਂ ਉੱਠਣ ਨਾਲ ਵੀ ਧਰਤੀ ਦੇ ਆਖ਼ਰੀ ਹਿਮਯੁੱਗ ਪ੍ਰਭਾਵਿਤ ਹੋਏ। ਕੋਈ ਇੱਕ ਕਰੋੜ ਸਾਲ ਪਹਿਲਾਂ ਭਾਰਤੀ ਪਟਲ ਪਲੇਟ ਨੇ ਹਿਮਾਲਾ ਨੂੰ ਉਠਾ ਕੇ ਨਾਲ ਹੀ ਤਿੱਬਤੀ ਪਠਾਰ ਨੂੰ ਵੀ ਕੋਈ ਡੇਢ ਕਿਲੋਮੀਟਰ ਉੱਚਾ ਚੁੱਕ ਦਿੱਤਾ ਤਾਂ ਮੌਨਸੂਨ ’ਤੇ ਵੀ ਪ੍ਰਭਾਵ ਪਿਆ। ਹਿਮਾਲਾ ਦੀਆਂ ਤਾਜ਼ਾ ਚੱਟਾਨਾਂ ਖੁਰਨ ਨਾਲ ਵਾਯੂਮੰਡਲ ਦੀ ਕਾਫ਼ੀ ਕਾਰਬਨ ਡਾਇਆਕਸਾਈਡ ਸੋਖ ਲਈ ਗਈ। ਫਿਰ ਠੰਢੇ ਮੌਸਮ ਨੂੰ ਸੱਦਾ ਮਿਲ ਗਿਆ। ਇੰਜ 25 ਲੱਖ ਸਾਲ ਪੂਰਵ ਤੋਂ ਬਾਅਦ ਲੜੀਵਾਰ ਕਈ ਬਰਫ਼ਾਨੀ ਯੁੱਗ ਆਉਣ ਲੱਗੇ। ਪਹਿਲੇ ਕੁਝ ਲੱਖ ਸਾਲ ਤਾਂ ਬਰਫ਼ਾਂ ਧਰਤੀ ’ਤੇ ਹਰ 41 ਹਜ਼ਾਰ ਸਾਲ ਬਾਅਦ ਕਈ ਮਹਾਂਦੀਪਾਂ ਵਿੱਚ ਵਿਛਦੀਆਂ ਤੇ ਪਿੱਛੇ ਹਟਦੀਆਂ ਰਹੀਆਂ, ਪਰ ਕੋਈ ਦਸ ਕੁ ਲੱਖ ਸਾਲ ਤੋਂ ਇਹ ਚੱਕਰ ਲਗਭਗ ਇੱਕ ਲੱਖ ਸਾਲ ਦਾ ਬਣ ਗਿਆ।
ਇਸ ਬਰਫ਼ਾਨੀ ਯੁੱਗ ਦੌਰਾਨ ਮਨੁੱਖ ਨੇ ਹੋਮੋ-ਇਰੈਕਟਸ ਤੋਂ ਨਿਅੰਡਰਥਲ ਅਤੇ ਆਧੁਨਿਕ ਮਨੁੱਖ ਤੱਕ ਵਿਕਾਸ ਕੀਤਾ ਤੇ ਫਿਰ ਤਕਰੀਬਨ ਵੀਹ ਹਜ਼ਾਰ ਸਾਲ ਪਹਿਲਾਂ (ਹਿਮਯੁੱਗ ਦੇ ਨਿਕਟ ਸਮੇਂ) ਨਿਅੰਡਰਥਲ, ਸ਼ਾਇਦ ਤਿੱਖੀ ਸਰਦੀ ਨੂੰ ਨਾ ਸਹਿ ਸਕਣ ਕਾਰਨ ਧਰਤੀ ਤੋਂ ਲੋਪ ਹੋ ਗਿਆ, ਜਾਂ ਵੱਧ ਵਿਕਸਿਤ ਆਧੁਨਿਕ ਮਾਨਵ ਦਾ ਮੁਕਾਬਲਾ ਨਾ ਕਰ ਸਕਣ ਕਾਰਨ ਖ਼ਤਮ ਹੋ ਗਿਆ। ਕੜਾਕੇ ਦੀ ਠੰਢ ਕਾਰਨ ਪਲਾਈਸਟੋਸੀਨ ਮਹਾਂਯੁੱਗ ਦੇ ਆਖ਼ਰੀ ਸਮੇਂ ਉੱਤਰੀ ਖੰਡਾਂ ਦੇ ਜੰਮੇ ਹੋਏ ਭਾਗਾਂ ਵਿੱਚ ਹਾਥੀਆਂ ਉੱਪਰ ਵੀ ਜੱਤ ਉੱਗ ਆਈ। ਅਜਿਹੇ ਹਾਥੀ ਉੱਤਰੀ ਅਮਰੀਕਾ ਅਤੇ ਸਾਇਬੇਰੀਆ ਵਿੱਚ ਕੋਈ ਦਸ ਹਜ਼ਾਰ ਸਾਲ ਪੂਰਵ ਤੱਕ ਵਿਚਰਦੇ ਰਹੇ ਹਨ। ਇਨ੍ਹਾਂ ਦੇ ਜੰਮੇ ਹੋਏ ਸਰੀਰ ਜਾਂ ਅੰਗ ਸਤ੍ਵਾਰਵੀਂ ਸਦੀ ਦੇ ਅੰਤ ਵਿੱਚ ਮਿਲਣੇ ਸ਼ੁਰੂ ਹੋਏ ਸਨ। ਅਜੋਕੇ ਸਮਿਆਂ ਵਿੱਚ ਇਨ੍ਹਾਂ ਦੇ ਕਈ ਪਥਰਾਟ ਜੱਤ ਸਮੇਤ ਵੀ ਮਿਲੇ ਹਨ। 2012 ਵਿੱਚ ਸਾਇਬੇਰੀਆ ’ਚੋਂ ਯੂਕਾ ਨਾਂ ਦਾ ਜੰਮਿਆ ਹੋਇਆ ਹਾਥੀ ਦਾ ਬੱਚਾ ਮਿਲਿਆ ਜਿਸ ਦੇ ਸਰੀਰ ’ਤੇ ਵਾਲ ਬਿਲਕੁਲ ਤਾਜ਼ੇ ਲੱਗਦੇ ਸਨ। ਇਹ ਹਾਥੀ ਦਾ ਬੱਚਾ ਕੋਈ 39 ਹਜ਼ਾਰ ਸਾਲ ਤੋਂ ਬਰਫ਼ ਵਿੱਚ ਦੱਬਿਆ ਪਿਆ ਸੀ। ਵਿਗਿਆਨੀਆਂ ਇਨ੍ਹਾਂ ਦੇ ਬਚੇ ਹੋਏ ਸਰੀਰਾਂ ਦੇ ਡੀ.ਐੱਨ.ਏ. ਸੈਂਪਲ ਵੀ ਲਏ ਹਨ, ਇਸ ਆਸ ਨਾਲ ਕਿ ਸ਼ਾਇਦ ਅਜਿਹੇ ਹਾਥੀਆਂ ਦਾ ਰੂਪ ਮੁੜ ਜੀਵਤ ਕੀਤਾ ਜਾ ਸਕੇ।
ਬਰਫ਼ਾਨੀ ਯੁੱਗਾਂ ਦੇ ਆਖ਼ਰੀ ਪੜਾਅ ਦਾ ਤਕਰੀਬਨ 11 ਹਜ਼ਾਰ ਸਾਲ ਪਹਿਲਾਂ ਅੰਤ ਹੋਇਆ। ਉਦੋਂ ਧਰਤੀ ਦੇ ਹਿਮਯੁੱਗ ਪ੍ਰਭਾਵਿਤ ਇਲਾਕਿਆਂ ਵਿੱਚ ਬੜੇ ਹੜ੍ਹ ਆਏ। ਗਲੇਸ਼ੀਅਰਾਂ ਦੇ ਰੋੜ ਕੇ ਲਿਆਂਦੇ ਇਰੈਟਿਕ ਤਾਂ ਕਾਂਗੜਾ ਵਾਦੀ ਵਿੱਚ ਪਹਾੜੀ ਢਲਾਣਾਂ ’ਤੇ ਪਏ ਹਨ, ਪਰ ਪਿਘਲਦੇ ਗਲੇਸ਼ੀਅਰਾਂ ਨੇ ਮਣਾਂ-ਮੂੰਹੀਂ ਤਲਛੱਟ, ਚੱਟਾਨਾਂ ਦੇ ਟੁਕੜੇ ਪਹਾੜਾਂ ਤੋਂ ਹੇਠਾਂ ਵੱਲ ਰੋੜ੍ਹੇ। ਉਹ ਚੱਟਾਨੀ ਟੁਕੜੇ ਗੋਲ ਹੋ ਕੇ ਉੱਤਰੀ ਜਾਂ ਉੱਤਰ-ਪੱਛਮੀ ਭਾਰਤ ਦੇ ਤਰਾਈ ਦੇ ਇਲਾਕਿਆਂ ਵਿੱਚ ਧਰਤੀ ਵਿੱਚ ਹਜ਼ਾਰਾਂ ਫੁੱਟ ਡੂੰਘਾਈ ਤੱਕ ਜੰਮੇ ਰੰਗ-ਬਿਰੰਗੇ ਛੋਟੇ ਗੋਲ ਪੱਥਰਾਂ ਜਾਂ ਕੋਬਲ ਪੱਥਰਾਂ ਦੇ ਰੂਪ ਵਿੱਚ ਦੇਖੇ ਜਾ ਸਕਦੇ ਹਨ। ਹੁਣ ਦਸ ਕੁ ਹਜ਼ਾਰ ਸਾਲ ਤੋਂ ਗਰਮ ਕਾਲ ਸ਼ੁਰੂ ਹੋ ਚੁੱਕਾ ਹੈ ਜੋ ਅੱਜਕੱਲ੍ਹ ਕੁਝ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਇੱਕ ਕਾਰਨ ਮਨੁੱਖ ਵੱਲੋਂ ਵਾਤਾਵਰਣ ਨੂੰ ਦੂਸ਼ਿਤ ਕਰਨਾ ਵੀ ਹੈ। ਸੂਰਜ ਦੀ ਗਰਮੀ ਵੀ ਕਦੇ ਘਟਦੀ ਵਧਦੀ ਰਹਿੰਦੀ ਹੈ ਅਤੇ ਧਰਤੀ ਦਾ ਸੂਰਜ ਪ੍ਰਤੀ ਝੁਕਾਅ ਤਾਂ ਸਮੇਂ ਨਾਲ ਬਦਲਦਾ ਹੀ ਰਹਿੰਦਾ ਹੈ ਅਤੇ ਹੁਣ ਆ ਰਹੇ ਗਰਮ ਕਾਲ ਦਾ ਇਹ ਵੀ ਕਾਰਨ ਹੈ ਜੋ ਮਾਨਸ ਜਾਤ ਦੇ ਆਉਣ ਤੋਂ ਪਹਿਲਾਂ ਵੀ ਵਾਪਰਦਾ ਰਿਹਾ ਹੈ। ਗਰਮ ਕਾਲ, ਸਰਦ ਕਾਲ, ਦੋਵੇਂ ਵਾਰੀ ਸਿਰ ਆਉਂਦੇ ਹਨ। ਕਦੇ ਕੋਈ ਕਾਲ ਲੰਮੇਰਾ ਹੋ ਜਾਂਦਾ ਹੈ ਅਤੇ ਕਦੇ ਛੋਟਾ। ਹਿਮਯੁੱਗ ਫਿਰ ਵੀ ਆ ਸਕਦਾ ਹੈ। ਪਰ ਕਦੋਂ, ਪਤਾ ਨਹੀਂ।
* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
ਸੰਪਰਕ: 98143-48697