ਬਾਗ਼ੀ
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ;
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ।
ਮੈਂ ਦੁਨੀਆਂ ਦੀ ਹਰ ਇਕ ਬਗ਼ਾਵਤ ਦਾ ਬਾਨੀ,
ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ।
ਮੈਂ ਪਾਰੇ ਦਾ ਦਿਲ ਹਾਂ, ਮੈਂ ਛੱਲਾਂ ਦਾ ਹਿਰਦਾ,
ਪਹਾੜਾਂ ਦਾ ਦਿਲ ਮੇਰੇ ਨਾਅਰੇ ਤੋਂ ਘਿਰਦਾ।
ਮੇਰੇ ਸਾਹਮਣੇ ਕੀ ਹੈ ਜ਼ਾਲਮ ਦਾ ਟੋਲਾ,
ਮੈਂ ਪ੍ਰਚੰਡ ਅਗਨੀ, ਮੈਂ ਬੇਰੋਕ ਸ਼ੁਹਲਾ।
ਇਹ ਧੁੰਦਲੇ, ਇਹ ਮਿਟਦੇ, ਪੁਰਾਣੇ ਨਜ਼ਾਰੇ,
ਇਹ ਫਿੱਕਾ ਜਿਹਾ ਚੰਨ, ਬੇ-ਚਮਕ ਤਾਰੇ।
ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ-
ਨਵਾਂ ਦਿਨ, ਨਵੀਂ ਰਾਤ ਹੋਵੇਗੀ ਪੈਦਾ।
ਮੈਂ ਅੰਬਰ ਦਾ ਪੋਲਾ ਜਿਹਾ ਚੀਰ ਸੀਨਾ,
ਤੇ ਦੁਨੀਆਂ ਨੂੰ ਦੱਸਾਂਗਾ ਕੀ ਸ਼ੈਅ ਹੈ ਜੀਣਾ।
ਮੈਂ ਬਦਲੀ ਦਾ ਅਵਤਾਰ, ਬਦਲੀ ਦਾ ਰਾਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ।
ਮੇਰੀ ਖੇਡ ਨੂੰ ਤੰਗ ਹੈ ਇਹ ਜ਼ਮਾਨਾ,
ਮੇਰੀ ਖੇਡ ਤੋਂ ਦੰਗ ਹੈ ਇਹ ਜ਼ਮਾਨਾ।
ਮੈਂ ਕਰਦਾ ਰਿਹਾ ਹਾਂ, ਇਹੋ ਮੇਰੀ ਆਦਤ,
ਹਯਾਤੀ ਦੇ ਸਭ ਪਹਿਲੂਆਂ ਵਿਚ ਬਗ਼ਾਵਤ।
ਤਬਾਹੀ ਦੀ ਬਣ ਕੇ ਤਬਾਹੀ ਮੈਂ ਆਵਾਂ,
ਜੋ ਖ਼ਲਕਤ ਮੁਕਾਵੇ, ਮੈਂ ਉਸ ਨੂੰ ਮੁਕਾਵਾਂ।
ਮੈਂ ਨੀਰੋ ਦਾ ਦੁਸ਼ਮਨ, ਮੈਂ ਕਾਰੂੰ ਦਾ ਵੈਰੀ,
ਮੈਂ ਇਨ੍ਹਾਂ ਲਈ ਅਜ਼ਦਹਾ, ਨਾਗ ਜ਼ਹਿਰੀ।
ਮੇਰੇ ਡਰ ਤੋਂ ਦੁਨੀਆਂ ਦੇ ਡਰ ਨੱਸਦੇ ਨੇ,
ਮੇਰੀ ਮੁਸਕਰਾਹਟ ’ਚ ਜਗ ਵਸਦੇ ਨੇ।
ਮੇਰੀ ਨਜ਼ਰ ਵੈਰੀ ਨੂੰ ਕਾਲੀ ਦਾ ਖੰਡਾ,
ਮੈਂ ਪੁੱਟਦਾ ਹਾਂ ਪਲ ਵਿਚ ਗਰੂਰਾਂ ਦਾ ਝੰਡਾ।
ਬਗ਼ਾਵਤ ਦਾ ਜ਼ੱਰਾ ਜਹਾਨਾਂ ’ਤੇ ਭਾਰੂ,
ਮੇਰਾ ਕਤਰਾ ਕਤਰਾ ਤੂਫ਼ਾਨਾਂ ’ਤੇ ਭਾਰੂ।
ਮੇਰਾ ਬੋਲ ਸ਼ਾਹਾਂ ਦੇ ਸੀਨੇ ’ਚ ਨੇਜ਼ਾ,
ਮੇਰੀ ਗਰਜ ਤੋਂ ਕੋਟ ਹਨ ਰੇਜ਼ਾ ਰੇਜ਼ਾ।
ਮੈਂ ਕੁਤਬਾਂ ਨੂੰ ਜਾ ਜਾ ਕੇ ਗਰਮਾ ਦਿਆਂਗਾ,
ਮੈਂ ਭੋਂ ਨਾਲ ਅੰਬਰ ਨੂੰ ਟਕਰਾ ਦਿਆਂਗਾ।
ਮੇਰਾ ਹੁਕਮ ਸੁਣ ਕੇ ਮੋਈ ਦੁਨੀਆਂ ਜਾਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ।
ਮੇਰੇ ਜੀਅ ’ਚ ਜੋ ਕੁਝ ਵੀ ਆਏ ਕਰਾਂਗਾ,
ਮੈਂ ਗ਼ਮ ਤੇ ਖ਼ੁਸ਼ੀ ਦੇ ਸਮੁੰਦਰ ਤਰਾਂਗਾ।
ਗ਼ੁਲਾਮੀ ਦੀ ਹਰ ਤਾਰ, ਹਰ ਸਾਜ਼ ਮੁਰਦਾ,
ਗ਼ੁਲਾਮੀ ਦਾ ਹਰ ਤਖ਼ਤ, ਹਰ ਤਾਜ ਮੁਰਦਾ।
ਇਹ ਖ਼ੁਦਗਰਜ਼ ਮੰਦਰ, ਇਹ ਲੋਭੀ ਦਿਓਤੇ,
ਇਹ ਦੌਲਤ ਦੇ ਪੂਜਕ, ਇਹ ਕਾਰੂੰ ਦੇ ਪੋਤੇ।
ਇਹ ਮੱਥੇ ਦੇ ਵੱਟਾਂ ਦੇ ਮੂਸਲ, ਇਹ ਸਾੜੇ,
ਇਹ ਚੜ੍ਹਦੇ ਹੋਏ ਨੱਕ ਤਿੱਖੇ ਕੁਹਾੜੇ।
ਮਸੰਦਾਂ ਦੀ ਮਜਲਸ ਸ਼ਰਾਰਤ ਦੀ ਮਹਿਫ਼ਲ,
ਮੈਂ ਇਨ੍ਹਾਂ ਦੀ ਦੁਨੀਆਂ ’ਚ ਪਾਵਾਂਗਾ ਹਲਚਲ।
ਮੈਂ ਇਨ੍ਹਾਂ ਲਈ ਬਣ ਕੇ ਭੂਚਾਲ ਆਵਾਂ,
ਇਹ ਡਿੱਗਣ, ਮੈਂ ਅੰਬਰ ਤੋਂ ਲੱਖ ਬਿਜਲੀ ਪਾਵਾਂ।
ਮੈਂ ਲਾਵਾਂ, ਮੈਂ ਭਾਂਬੜ, ਮੈਂ ਅਣਬੁਝ ਜਵਾਲਾ,
ਮੈਂ ਜ਼ਾਲਮ ਲਈ ਮੌਤ ਵਿਚ ਬੁਝਿਆ ਭਾਲਾ।
ਮੈਂ ਉਹ ਬਾਣ ਜੈਦਰਥ ਲਈ ਜੋ ਸੀ ਤਣਿਆ,
ਮੈਂ ਉਹ ਤੀਰ ਜੋ ਕ੍ਰਿਸ਼ਨ ਦੀ ਮੌਤ ਬਣਿਆ।
ਮੇਰੇ ਸਾਹਮਣੇ ਹੇਚ ਹੈ ਸਭ ਚਲਾਕੀ;
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ।
ਮੈਂ ਇਕ ਇਨਕਲਾਬ ਖ਼ੁਦਾ ਹਾਂ, ਖ਼ੁਦਾ ਹਾਂ,
ਮੈਂ ਹਰ ਗ਼ਦਰ ਦੇ ਭੁੜਕਵੇਂ ਦਿਲ ਦਾ ਚਾਅ ਹਾਂ।
ਮੈਂ ਨੱਚਦਾ ਹਾਂ ਪਰ ਆਪਣੇ ਤਾਲਾਂ ’ਤੇ ਹਰਦਮ,
ਮੈਂ ਨਿਰਭੈ, ਮੈਂ ਬੇਖੌਫ਼, ਨਿਸ਼ਚਿੰਤ, ਬੇ-ਗ਼ਮ।
ਮੇਰਾ ਕੰਮ ਹਰ ਦਿਲ ਨੂੰ ਆਜ਼ਾਦ ਕਰਨਾ,
ਤੇ ਹਰ ਆਸ ਦਾ ਬਾਗ਼ ਆਬਾਦ ਕਰਨਾ।
ਮੇਰਾ ਇਕ ਇਸ਼ਾਰਾ ਜ਼ਮੀਨਾਂ ਉਥੱਲੇ,
ਮੇਰੀ ਨਜ਼ਰ ਅੰਬਰ ਦੇ ਵਰਕੇ ਪਥੱਲੇ।
ਮੇਰਾ ਹੁਕਮ ਸੁਣ ਕੇ ਸਮਾਂ ਚਲਦਾ ਏ,
ਮੇਰਾ ਰਾਗ ਸਾਰੀ ਫ਼ਜ਼ਾ ਮਲਦਾ ਏ।
ਸ਼ੈਤਾਨਾਂ ਲਈ ਕਾਲ ਆਇਆ ਹਾਂ ਬਣ ਕੇ,
ਮਾਸੂਮਾਂ ਲਈ ਢਾਲ ਆਇਆ ਹਾਂ ਬਣ ਕੇ।
ਮੈਂ ਹਰ ਥਾਂ ਨਵਾਂ ਯੁੱਗ ਵਰਤਾ ਦਿਆਂਗਾ,
ਮੈਂ ਇੱਟ ਨਾਲ ਇੱਟ ‘ਹੁਣ’ ਦੀ ਖੜਕਾ ਦਿਆਂਗਾ।
ਮੇਰੇ ਸਾਹਮਣੇ ਕਲਗ਼ੀਆਂ, ਕਲਸ਼ ਕੰਬਣ,
ਮੇਰੇ ਸਾਹਮਣੇ ਥੰਮ੍ਹ ਤਾਕਤ ਦੇ ਲਰਜ਼ਨ।
ਮੈਂ ਸੀਨਾ ਹਾਂ ਇਕ ਖੋਜ ਭਰਿਆ ਕਪਲ ਦਾ,
ਮੈਂ ਇਕ ਮਰਦ ਕਾਮਲ ਹਾਂ ਦੁਨੀਆਂ ਦੇ ਵੱਲ ਦਾ।
ਮੈਂ ਗੌਤਮ, ਮੈਂ ਰੂਸੋ, ਮੈਂ ਲੈਨਿਨ ਦੀ ਚਾਹਤ,
ਮੈਂ ਹਾਂ ਮਾਰਕਸ ਦੀ ਖੁਦਾਈ ਦੀ ਦੌਲਤ।
ਮੇਰੇ ਨਾਂ ਤੋਂ ਕੰਬਣ ਪੈਗੰਬਰ ਤਿਆਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ।
ਮੈਂ ਇਨਸਾਫ਼ ਦਾ ਦੇਵਤਾ, ਸਭ ਦਾ ਸਾਂਝਾ,
ਮੈਂ ਅਣਥੱਕ ਪ੍ਰੇਮੀ, ਮੈਂ ਕੁਦਰਤ ਦਾ ਰਾਂਝਾ।
ਮੈਂ ਫੁੱਲਾਂ ਤੇ ਕਲੀਆਂ ਨੂੰ ਦੇਂਦਾ ਹਾਂ ਖੇੜਾ,
ਜ਼ਮਾਨੇ ਦੀ ਰਗ ਰਗ ’ਚ ਹੈ ਮੇਰਾ ਗੇੜਾ।
ਮੈਂ ਮੋਰਾਂ ਦੇ ਸੀਨੇ ’ਚ ਹਾਂ ਨਾਚ ਦਾ ਚਾਅ,
ਮੈਂ ਸ਼ਾਗਿਰਦ ਦੇ ਦਿਲ ’ਚ ਹਾਂ ਜਾਚ ਦਾ ਚਾਅ।
ਮੈਂ ਹਰ ਕਾਢ ਦੇ ਰਾਹ ’ਚ ਰੌਸ਼ਨ ਸਿਤਾਰਾ,
ਮੇਰੀ ਰੌਸ਼ਨੀ ਦਾ ਦਿਲਾਂ ਵਿਚ ਖਿਲਾਰਾ।
ਮੈਂ ਉਠਦੇ ਅਸਾਰਾਂ ’ਚ ਜਿੰਦ ਪਾਉਣ ਵਾਲਾ,
ਮੈਂ ਬਦਲੀ ਦੇ ਸੋਹਲੇ ਸਦਾ ਗਾਉਣ ਵਾਲਾ।
ਕਦੀ ਵੀ ਕਿਸੇ ਤੋਂ ਨਹੀਂ ਹਾਰਿਆ ਮੈਂ,
‘‘ਕਦੀ ਵੀ ਨਾ ਹਾਰਾਂਗਾ!’’ ਲਲਕਾਰਿਆ ਮੈਂ।
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ।
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ।
* * * * * * * * * *
ਬੰਦਰਗਾਹ
ਅਕਾਲ-ਜੋਤ-ਵਿਸ਼ਵ ਦੇ ਅਲੋਕ ਅੰਬਰਾਂ ’ਚੋਂ ਜੋ,
ਕਲਾ ਦੇ ਸਾਗਰਾਂ ’ਚੋਂ ਜੋ,
ਜੋ ਚੰਨ ਦੇ ਸਮੁੰਦਰਾਂ ’ਚੋਂ, ਸੂਰਜਾਂ ਦੇ ਤੇਜ ’ਚੋਂ,
ਮਹਾਨ ਗੀਤ-ਕਾਰ ਦੇ ਮਹਾਂ-ਸਰੋਵਰਾਂ ਦਾ ਦਿਲ
ਧੁਰਾਂ ਦੇ ਨੂਰ-ਨਾਦ ’ਚੋਂ ਸੁਰਾਂ ਦੀ ਜ਼ਿੰਦਗੀ ’ਚ ਮਿਲ
ਅਪਾਰ ਧੁੰਦ ਦੇ ਖਿਲਾਰ ’ਚੋਂ ਨਿਕਲ-ਨਿਕਲ ਕੇ ਜੋ
ਠਹਿਰਿਆ ਸੀ ਗੰਗ ਦੇ ਕਿਨਾਰਿਆਂ ’ਤੇ ਆਣ ਕੇ,
ਜਹਾਜ਼ ਉਹ ਚਲਾ ਗਿਆ!
ਲੁਟਾ-ਲੁਟਾ ਕੇ ਗੀਤ ਆਤਮਾ ਦੀ ਹਰ ਜ਼ਬਾਨ ’ਤੇ,
ਲੁਟਾ ਕੇ ਰਸ-ਅਨੰਦ ਤਾਰਾਗਣ ਤੋਂ ਇਸ ਜਹਾਨ ’ਤੇ,
ਅਮਨ ਦੀ ਧੁਨ ’ਚ ਬੇਪਹੁੰਚ ਉਡਾਰੀਆਂ ਲੁਟਾ ਗਿਆ,
ਪਤਾਲ-ਰੂਹ ਦੀਆਂ ਬਹਾਰਾਂ ਸਾਰੀਆਂ ਲੁਟਾ ਗਿਆ।
ਕਿਸੇ ਰਵੀ ਦੀ ਅੱਖ ਨੇ,
ਕਿਸੇ ਵੀ ਨੂਰ ਪੱਖ ਨੇ,
ਨਾ ਬਖ਼ਸ਼ਿਆ ਸੀ ਹੁਸਨ ਜੋ,
ਅਗਮ ਹੁਸਨ ਲੁਟਾ ਗਿਆ।
ਜਹਾਜ਼ ਉਹ ਚਲਾ ਗਿਆ!
(ਜਹਾਜ਼ ਤੁਰਨ ਵੇਲੇ, ਜਹਾਜ਼ਰਾਨ, ਆਪਣੇ ਸਾਥੀ ਨੂੰ, ਜੋ ਉਸ ਨੂੰ ਤੋਰਨ ਆਇਆ, ਕਹਿੰਦਾ ਹੈ-)
ਜਹਾਜ਼ਰਾਨ ਨੇ ਕਿਹਾ-
‘‘ਜਹਾਨ ਕਿਉਂ ਨਜਾਤ ਖੋਜਦਾ ਏ ਸਰਦ ਰੇਤ ’ਚੋਂ?
ਇਹ ਦੇਖਦਾ ਹੈ ਦੇਵ-ਆਤਮਾ ਨੂੰ ਕਿਸ ਪਰੇਤ ’ਚੋਂ?
ਤੂੰ ਦੇਖ ਲਹਿਰ-ਲਹਿਰ ’ਚੋਂ ਮਹਾਨ ਲਹਿਰ-ਭੇਤ ਨੂੰ;
ਤੂੰ ਜਾ ਨਿਕਲ ਕਦੀ-ਕਦੀ ਸਿਤਾਰਿਆਂ ਦੇ ਖੇਤ ਨੂੰ;
ਤੇਰੇ ਲਹੂ ਦੀ ਬੂੰਦ ’ਤੇ, ਅਜਬ-ਅਜਬ ਜਹਾਨ ਨੇ;
ਤੇਰੀ ਨਜ਼ਰ ਦੀ ਲੋਅ ’ਚ ਵਿਸ਼ਵ-ਬਾਗ਼ ਜਹਾਨ ਨੇ;
ਤੇਰੀ ਨਜ਼ਰ ਦੀ ਲੋਅ ’ਚ ਵਿਸ਼ਵ-ਬਾਗ ਦੇ ਪ੍ਰਾਣ ਨੇ।
ਤੂੰ ਹਾਏ ਬੇਖ਼ਬਰ ਰਿਹਾ!’’
ਜਹਾਜ਼ਰਾਨ ਨੇ ਕਿਹਾ।
‘‘ਤੂੰ ਮੱਕੜੀਆਂ ਦੇ ਜਾਲ ’ਚੋਂ ਦਿਨਾਂ ਦੀ ਉਤਪਤੀ ਨਾ ਕਰ;
ਤੂੰ ਆਪਣੀ ਰਾਤ ਨੂੰ ਗ਼ਮਾਂ ਦੀ ਗੋਦ ਵਿਚ ਸਤੀ ਨਾ ਕਰ।
ਮਲੂਕ ਤਿੱਤਲੀਆਂ ਦੇ ਪਰ ਨਹੀਂ ਜ਼ਬਾਨ ਦੇ ਲਈ,
ਨਾ ਸੁਹਲ ਜੁਗਨੂਆਂ ਦੇ ਦਿਲ ਤੇਰੇ ਜਹਾਨ ਦੇ ਲਈ;
ਕਲੀ ਦੀ ਗੋਦ ਵੀ ਨਹੀਂ ਤੇਰੇ ਆਰਾਮ ਦੇ ਲਈ;
ਤੇਰਾ ਹੀ ਨੂਰ ਹੈ ਤੇਰੇ ਭਰਮ ਦੀ ਸ਼ਾਮ ਦੇ ਲਈ।
ਹਿਮਾਲਿਆ ਦਾ ਸਿਖ਼ਰ ਹੈ ਤੇਰੀ ਨਜ਼ਮ ਦੇ ਲਈ;
ਅਮਲ-ਹਵਾ ਨੂੰ ਤੇਜ਼ ਕਰ ਜਨਮ-ਜਹਾਜ਼ ਦੇ ਲਈ’’,
ਜਹਾਜ਼ਰਾਨ ਨੇ ਕਿਹਾ।
‘‘ਅਮੁੱਕ ਤੜਪਣਾਂ ’ਚ ਆਤਮਾ ਦੀ ਸ਼ਾਂਤੀ ਕਿਤੇ;
ਲਹੂ ਦੇ ਕਤਰਿਆਂ ਤੋਂ ‘ਉਸ’ ਦੇ ਸ਼ੌਕ ਦੀ ਨਦੀ ਕਿਤੇ।
ਚਮਕਦੀ ਆਲਾਪ ਦਿਲ ’ਚੋਂ ਰੌਸ਼ਨੀ ਕਦੀ-ਕਦੀ;
ਨਜ਼ਰ ’ਚ ਇਸ ਨੂੰ ਕੈਦ ਕਰ, ਨਾ ਜਾਣ ਦੇ ਇਹ ਰੌਸ਼ਨੀ।
ਤੇਰੇ ਹੀ ਬੰਦੀਖ਼ਾਨਿਆਂ ’ਚ ਕੈਦ ਹੈ ਨਸੀਬ ਵੀ;
ਤੂੰ ਹੀ ਹੈਂ ਵਿਖਮ ਰੋਗ ਵੀ, ਦਵਾ ਵੀ ਤੂੰ, ਤਬੀਬ ਵੀ।
ਤੂੰ ਰੂਹ ਦੇ ਨਾਦ ’ਚੋਂ ਮੁਕਤ ਦੇਵ ਨੂੰ ਆਵਾਜ਼ ਦੇ,
ਕਿ ਬਾਦਬਾਨ ਰਹਿਣ ਸਲਾਮਤ ਤੇਰੇ ਜਹਾਜ਼ ਦੇ।
ਥਕਾਣ ਤੋਂ ਹੀ ਮੁੜ ਨਾ ਜਾ, ਚਟਾਨ ਹੀ ਤੋਂ ਡਰ ਨਾ ਜਾ’’,
ਜਹਾਜ਼ਰਾਨ ਨੇ ਕਿਹਾ।
‘‘ਸੁਣੋ, ਮੈਂ ਸੁਣ ਰਿਹਾ ਹਾਂ ਚਸ਼ਮਿਆਂ ’ਚੋਂ ਉਸ ਦੇ ਗੀਤ ਨੂੰ
ਸੁਣੋ, ਕਿ ਸੁਣ ਰਿਹਾ ਹਾਂ ਹਰ ਕਿਰਨ ਤੋਂ ਸੁਰ-ਅਜੀਤ ਨੂੰ।
ਦਿਲਾਂ ’ਚ ਹੀਰਿਆਂ ਦੇ ਹੈ ਇਸੇ ਨਿਗਾਹ ਦੀ ਰੌਸ਼ਨੀ;
ਹਵਾ ’ਚੋਂ ਸੁਣ ਰਿਹਾ ਹਾਂ ਵਿਸ਼ਵ-ਰਹਿਮਤਾਂ ਦੀ ਬੰਸਰੀ।
ਜਹਾਨ-ਮਾਇਆਵਾਦ ’ਚੋਂ,
ਬ੍ਰਹਮ-ਛਾਇਆਵਾਦ ’ਚੋਂ
ਤੁਰੋ, ਨਿਕਲ ਕੇ ਆਓ ਜ਼ਿੰਦਗੀ ਦੇ ਪਾਰਾਵਾਰ ਨੂੰ;
ਤੁਰੋ, ਨਿਕਲ ਕੇ ਸਭ ਸੁਨਹਿਰੀ ਸ਼ੀਸ਼ਿਆਂ ਦੀ ਗਾਰ ਨੂੰ।
ਚਲੋ, ਚਲੋ ਜੀ ਪਾਰ ਨੂੰ,
ਤੁਰੋ ਜੀ ਬੇੜੀਆਂ ’ਚ ਭਰ ਕੇ ਖੇਤ ਆਪਣੇ ਧਾਨ ਦੇ,
ਹਾਂ, ਗੀਤ ਆਤਮਾ ਤੇ ਫੇਰ ਬੇੜੀ ਆਪਣੀ ਜਾਣ ਦੇ।
ਤੂੰ ਆਪਣੇ ਬੰਧਨਾਂ, ਖਿਲਾਰਿਆਂ, ਦਮਾਂ ਨੂੰ ਲੈ ਕੇ ਆ’’,
ਜਹਾਜ਼ਰਾਨ ਨੇ ਕਿਹਾ।
‘‘ਨੁਮਾਇਸ਼ਗਾਹ ਦੇ ਮਨਘੜਤ ਨਜ਼ਾਰਿਆਂ ਦਾ ਹੁਸਨ ਕੀ?
ਪਸੰਦ ਕਰਨਾ ਏਸ਼ੀਆ! ਬੁਰੀ ਅਕਲ ਦੀ ਰੌਸ਼ਨੀ।
ਦੁਕਾਨ ਰੂਪ-ਰੰਗ ਦੀ, ਸੁਗੰਧ, ਜਿਸਮ ਦਾ ਜਲੌਅ,
ਇਹ ਘੋਰ ਨਰਕ ਸਾਮਰੀ ਬਹਿਸ਼ਤ ਕਿਸਮ ਦਾ ਜਲੌਅ,
ਤੇਰੇ ਜਹਾਨ-ਦਿਲ ਲਈ ਹਵਾ ਹੈ ਇਸ ਦੀ ਮੌਤ ਹੀ;
ਤੜਪ ਨੂੰ ਆਪਣੇ ਆਪ ਵਿਚ ਦਵਾ ਹੈ ਇਸ ਦੀ ਮੌਤ ਹੀ।
ਅਰੂਪ ਕੋਨਿਆਂ ’ਚ ਹੀ ਤੇਰਾ ਮਹਾਂ-ਆਨੰਦ ਹੈ;
ਤੇਰੇ ਹਨੇਰਿਆਂ ’ਚ ਹੀ ਤੇਰੀ ਖੁਸ਼ੀ ਦਾ ਚੰਦ ਹੈ।
ਅਮਲ ਦੇ ਰੂਹ-ਕਦਮ ਲਈ ਕੋਈ ਵੀ ਰਾਹ ਨਾ ਬੰਦ ਹੈ,
ਤੇਰਾ ਆਦਰਸ਼-ਜ਼ਿੰਦਗੀ ਬੁਲੰਦ ਤੋਂ ਬੁਲੰਦ ਹੈ।
ਸਮੇਂ ਦੀ ਮਸਤੀਆਂ ਨੂੰ ਤੂੰ ਬੁਲੰਦੀਆਂ ’ਤੇ ਲੈ ਕੇ ਜਾ’’,
ਜਹਾਜ਼ਰਾਨ ਨੇ ਕਿਹਾ।
‘‘ਮੇਰੇ ਲਈ ਮੇਰਾ ਵਤਨ ਸਦਾ ਰਿਹਾ ਹੈ ਕੈਦ ਹੀ!
ਨਵੇਂ ਸਿਤਾਰਿਆਂ ’ਚ ਹੁਣ ਕਰਾਂਗਾ ਜਾ ਕੇ ਰੌਸ਼ਨੀ।
ਇਹ ਮੌਤ-ਘੁੰਗਰੂ ਹੈ ਅਮਰ ਨਾਚ ਰੂਹ ਦੇ ਵਾਸਤੇ,
ਇਹ ਤੇਜ਼ਤਰ ਸ਼ਰਾਬ ਹੈ ਨਵੇਂ ਲਹੂ ਦੇ ਵਾਸਤੇ;
ਇਹ ਗਤ ਹੈ ਆਖ਼ਰੀ ਕਿਸੇ ਸ਼ੁਰੂ ਅਲਾਪ ਦੇ ਲਈ,
ਇਹ ਇਕ ਜਗ੍ਹਾ ਹੈ ਸਿਰਫ਼ ਰੂਹ ਦੇ ਤੱਤ-ਮਿਲਾਪ ਦੇ ਲਈ।
ਆਨੰਦ ਐਸਾ ਛਾ ਗਿਆ,
ਜੋ ਸਾਰੇ ਦੁਖ ਭੁਲਾ ਗਿਆ!’’
ਜਹਾਜ਼ਰਾਨ ਕਿਹਾ।
ਤੇ ਫੇਰ ਤੁਰ ਗਿਆ ਜਹਾਜ਼
* * * * * * * * * *
ਸੁੰਦਰਤਾ
ਕਿਸੇ ਦੇ ਨੈਣਾਂ ਵਿਚ ਸੌਂ ਜਾਵਾਂ!
ਕਿਸੇ ਦੀ ਜੀਭ ਤੋਂ ਕੁਝ ਗਉਂ ਜਾਵਾਂ!
ਕਦੀ ਮੈਂ ਗੀਤ ਬਣਾਂ, ਕਦੀ ਮਸਤੀ!
ਬਣੇ ਪਰ ਕੀ-ਕੀ ਇਹ ਇਕ ਹਸਤੀ?
ਕਿਸੇ ਦੇ ਕੁੰਡਲ ਦਾ ਖ਼ਮ ਹੋਵਾਂ!
ਕਿਸੇ ਦੇ ਸੀਨੇ ਦਾ ਗ਼ਮ ਹੋਵਾਂ!
ਕਿਸੇ ਦੀ ਤੋਰ ਬਣਾਂ ਮਸਤਾਨੀ!
ਬਣਾਂ ਮੈਂ ਰਾਜਾ, ਬਣੇ ਕੋਈ ਰਾਣੀ!
ਕਿਸੇ ਦਾ ਕਜਲਾ ਹੋਵਾਂ, ਹਾਏ!
ਪਰ ਇਕ ਦਿਲ ਕੀ-ਕੀ ਰੂਪ ਵਟਾਏ!
ਕਦੀ ਮੈਂ ਬਿਨ ਖੰਭੋਂ ਉੱਡ ਜਾਵਾਂ!
ਕਦੀ ਮੈਂ ਰੁਠਦੇ ਚੰਦ ਮਨਾਵਾਂ!
ਕਿਸੇ ਦੀ ਮਹਿੰਦੀ ਸ਼ਗਨਾਂ ਵਾਲੀ,
ਕਿਸੇ ਦੇ ਬਾਗ਼ ਦਾ ਹੋਵਾਂ ਮਾਲੀ!
ਇਹ ਕਿਸ ਸੋਮੇ ’ਚੋਂ ਨਿਕਲਣ ਨਹਿਰਾਂ?
ਇਹ ਵੱਖ-ਵੱਖ ਸਿੱਧੀਆਂ ਪੁੱਠੀਆਂ ਲਹਿਰਾਂ?
ਮੈਂ ਕਿਉਂ ਸਿੱਪੀਆਂ ਵਿਚ ਢਲਣਾ ਚਾਹਵਾਂ?
ਮੈਂ ਕਿਉਂ ਫੁੱਲਾਂ ਵਿਚ ਰਲਣਾ ਚਾਹਵਾਂ?
ਕਦੀ ਮੈਂ ਮੌਤ ਤੋਂ ਨਾ ਘਬਰਾਵਾਂ,
ਕਦੀ ਮੈਂ ਆਪ ਹੀ ਮਰਨਾ ਚਾਹਵਾਂ!
ਕਦੀ ਮੈਂ ਆਪਣੇ ਤੋਂ ਸ਼ਰਮਾਵਾਂ
ਕਿ ਪਾਗ਼ਲ, ਦੱਸ, ਕੀ-ਕੀ ਬਣ ਜਾਵਾਂ?
ਨਜ਼ਰ ਜਦ ਸਭ ਵਿਚ ਹੁਸਨ ਹੀ ਦੇਖੇ,
ਤਾਂ ਭੁੱਲ ਜਾਵਣ ਜਨਮਾਂ ਦੇ ਲੇਖੇ।
ਨਜ਼ਰ ਕੋਈ ਹਰ ਖ਼ੂਬੀ ਵਿਚ ਆਏ,
ਦਿਲ ਆਪਣਾ ਹੁਸਨ ਹੀ ਬਣਨਾ ਚਾਹੇ।
ਊਸ਼ਾ ਦੀ ਅੰਗੜਾਈ ਵਿਚ ਲੇਟਾਂ!
ਨਿਸ਼ਾ ਵਿਚ ਫੇਰ ਦੁਪਹਿਰ ਸਮੇਟਾਂ!
ਦਿਲਾਂ ਦੇ ਹਾਰ ਦਾ ਧਾਗਾ ਹੋਵਾਂ,
ਜਨਮ ਵਿਚ ਇਕ ਜੈ-ਮਾਲ ਪਰੋਵਾਂ!
ਮੈਂ ਖ਼ਬਰੇ ਕੀ ਕੁਝ ਹੋਣਾ ਚਾਹਾਂ!
ਕਿਸੇ ਦੇ ਨੈਣਾਂ ਵਿਚ ਸੌਂ ਜਾਵਾਂ!
ਕਿਸੇ ਦੀ ਜੀਭ ਤੋਂ ਕੁਝ ਗਉਂ ਜਾਵਾਂ!
ਮੈਂ ਬਲਕਿ ਸਭ ਕੁਝ ਹੋਣਾ ਚਾਹਵਾਂ!
* * * * * * * * * *
ਊਠਾਂ ਵਾਲੇ
ਲੰਘ ਗਏ ਹਨ ਊਠਾਂ ਵਾਲੇ!
ਅਰਸ਼ਾਂ ਤਕ ਪਰਛਾਵੇਂ ਪਾ ਕੇ,
ਮਾਰੂਥਲ ਦੇ ਥੰਮ੍ਹ ਹਿਲਾ ਕੇ,
ਲੰਘੇ ਨਕਸ਼ੇ ਸਦੀਵੀ ਦੇ ਕੇ,
ਤਰਦੇ ਰੇਤ ’ਚ ਬੇੜੀ ਖੇ ਕੇ,
ਇਸ ਸਾਗਰ, ਇਸ ਲਹਿਰ-ਨਗਰ ’ਚੋਂ
ਦਿੰਦੇ ਲੈਂਦੇ ਪੁਨਰ-ਉਛਾਲੇ-
ਲੰਘ ਗਏ ਹਨ ਊਠਾਂ ਵਾਲੇ!
ਭਰ-ਭਰ ਦੇਵਣ ਗੀਤ-ਪਿਆਲੇ!
ਇਹ ਹੈ ਕਿਸ ਰਾਣੀ ਦੀ ਨਗਰੀ ਵਿਸਮਾਦਾਂ ਦੀ ਮਾਇਆ?
ਯੁੱਗਾਂ-ਯੁੱਗਾਂ ਤੋਂ ਚਲਦਾ-ਚਲਦਾ ਭੁੱਲ ਅਚਾਨਕ ਆਇਆ?
ਕਿਸ ਸੂਰਤ ਦੇ ਪੰਖੜੀਆਂ ’ਚੋਂ ਨਕਸ਼ ਉਭਰਦੇ ਆਵਣ,
ਮਧੁਰ-ਮਧੁਰ ਹਿਰਦੇ ਦੇ ਆ ਕੇ ਆਤਮ-ਭਾਵ ਜਗਾਵਣ?
ਸੂਲਾਂ ’ਚੋਂ ਪ੍ਰਕਾਸ਼ ਨਿਕਲ ਕੇ ਹਰ ਪੁਤਲੀ ਚਮਕਾਵੇ,
ਇਹ ਚਾਨਣ ਜੀਵਨ-ਅਸਲੇ ਦੇ ਰਾਹ ਆਮੁੱਕ ਵਿਖਾਵੇ।
ਦੇਖ ਕੇ ਜੀਵਨ ਨਿੱਘੀਆਂ ਛਾਵਾਂ
ਆਸਣ ਲਾਉਣਾ ਚਾਹਾਂ!
ਮੈਂ ਹਾਂ ਪਾਂਧੀ ਯਾਦ ਜਦ ਆਏ ਗੁੰਮ ਖਿਲਾਰਾ ਜਾਏ,
ਆਪ-ਮੁਹਾਰਾ ਆਵਣ ਵਾਲਾ ਆਪ-ਮੁਹਾਰਾ ਜਾਏ!
ਥਿੜਕਣ ਪੈਰ ਤੇ ਗਠੜੀ ਡੋਲੇ, ਬੈਠਣ ਤੋਂ ਸ਼ਰਮਾਵਾਂ,
ਖ਼ਬਰ ਨਹੀਂ ਕਿਉਂ ਤਾਪ ਬਿਰਹੋਂ ਵਿਚ ਆਪ ਹੀ ਮਰਨਾ ਚਾਹਾਂ?
ਕਿਸ ਸਾਗਰ, ਕਿਸ ਦਿਲ-ਬਦਲੀ ’ਚੋਂ ਨਿਕਲ ਕੇ ਕਤਰਾ ਸਾਂਝਾ,
ਅੱਖ-ਝਨਾਂ-ਪੱਤਣ ’ਤੇ ਆਇਆ ਖੇਡਣ ਹੰਝੂ-ਰਾਂਝਾ,
ਖੇਡ-ਆਨੰਦ-ਜੁਆਨੀ ਲੈ ਕੇ, ਆਤਮ-ਰੂਪ ਹੈਰਾਨੀ ਲੈ ਕੇ?
ਹੰਝੂ ਹੈ ਕਲਿਆਣ ਦੀ ਰੇਖਾ ਦੇਵੇ ਅਰਸ਼ੀ ਬਾਣੀ,
ਕਲਮ-ਮਹਿਲ ਮੇਰੇ ਦੀ ਨੀਂਹ ਹੈ ਬੂੰਦ ਚਮਕਦਾ ਪਾਣੀ,
ਆਖ ਰਿਹਾ ਹੈ ਬਹਾਰ ਨੂੰ ਆਪਣੀ ਲੁਕਵੀਂ ਮੌਨ-ਕਹਾਣੀ।
ਸੁਣ ਸਕਣ ਹੰਝੂ ਦੀ ਬੋਲੀ ਕਾਸ਼ ਕਿ ਸਰਵ ਪ੍ਰਾਣੀ!
ਤਾਰਾਗਣ ਨੂੰ ਬੋਲੀ ਇਸ ਦੀ ਜਾ ਕੇ ਕਾਸ਼ ਸਿਖਾਵਾਂ!
ਇਸ ਰਾਣੀ ਦੇ ਮਧੁਰ ਦੀਪ ’ਚੋਂ ਠੀਕ ਹੈ ਤੁਰਿਆ ਜਾਵਾਂ!
ਕੌਣ ਕਿਸੇ ਪਰਦੇ ਦੇ ਓਹਲੇ ਬੰਸੀ ਲਖ਼ਸ਼ ਵਜਾਏ?
ਕੀ ਮਰਜ਼ੀ ਹੈ, ਸੁਰ-ਡੰਡੀ ’ਤੇ ਪਾਂਧੀ ਤੁਰਿਆ ਜਾਵੇ?
* * * * * * * * * *
ਉਸ ਦਾ ਹਾਰ
ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ,
ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।
ਮੇਰੇ ਪੁੱਛਣ ’ਤੇ ਕਿ ‘ਟੁੱਟਾ ਕਿਸ ਤਰ੍ਹਾਂ?’
ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ।
ਮੇਰੇ ਸਿਰ ਸਾਇਆ ਕਰੇ ਖ਼ਸ਼ੁਬੂ ਦੀ ਸ਼ਾਖ,
ਉਹ, ਜੋ ਉਸ ਦੇ ਮੂੰਹ ’ਤੇ ਲਹਿਰਾਇਆ ਕਰੇ।
ਆਉਣ ਤੋਂ ਪਹਿਲਾਂ ਭਰੇ ਨਾਜ਼ਕ-ਤੂਨੀਰ,
ਹੋਰ ਵੀ ਨੈਣਾਂ ਨੂੰ ਸੁਰਮਾਇਆ ਕਰੇ।
‘ਜੀ, ਜ਼ਰਾ ਜੋੜੋ ਇਹ ਟੁੱਟਦਾ ਏ ਪਿਆ’,
ਮਦ ਭਰੇ ਬੋਲਾਂ ਤੋਂ ਨਸ਼ਿਆਇਆ ਕਰੇ।
ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ
ਮਖ਼ਮਲੀ ਅੰਗਾਂ ਦੀ ਛੋਹ, ਨਵਨੀਤ-ਕਰ
ਮੇਰਿਆਂ ਹੱਥਾਂ ’ਤੇ ਆ ਸਾਇਆ ਕਰੇ।
ਰੇਸ਼ਮੀ ਕਾਇਆ ਦੀ ਉਜਲੀ ਸਿਫ਼ਤ ਸੁਣ,
ਧਰਤ-ਭੂਸ਼ਨ ਵਲ ਤੇ ਵਲ ਖਾਇਆ ਕਰੇ।
‘ਰੂਪ ਦੀ ਛੱਡੋ ਸੁਗੰਧੀ ਦਾ ਨਸ਼ਾ’,
ਪੁਸ਼ਪ-ਕਾਇਆ ਆ ਕੇ ਸਮਝਾਇਆ ਕਰੇ।
ਮਧੁਰ ਸੁਰ ਵਿਚ ਰੋ ਕਦੀ ਬੰਦਸ਼ ਦਾ ਰੋਣ,
ਆਪ ਤੜਪੇ, ਮੈਨੂੰ ਤੜਪਾਇਆ ਕਰੇ।
ਇਕ ਜੁੜੇ ਤੋੜੇ ਲੜੀ ਉਹ ਦੂਸਰੀ,
ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ।
ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।
ਜੇ ਕਲਾ ਦੇ ਰਾਹ ਦੀ ਲੋਅ ਬਣ ਜਾਏ ਉਹ,
ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ।
ਕੋਈ ਸੁੰਦਰਤਾ ’ਚੋਂ ਲੱਭਦਾ ਏ ਕਮਾਲ,
ਕੋਈ ਕਹਿੰਦਾ ਏ ਸਮਾਂ ਜ਼ਾਇਆ ਕਰੇ।
ਜੀਵਨ-ਸੁਗੰਧ ਵਾਲੇ ਵੰਡਾਂਗੇ ਫੁੱਲ ਸਾਰੇ,
ਜਿਸ ਦੇ ਲਈ ਉਮਰ ਨੇ, ਸੂਲਾਂ ’ਤੇ ਚਲ ਲਿਆ ਏ।
(ਦਿੱਲੀ, ਮਹਾਂ ਕਵੀ ਮੀਰ ਖੁਸਰੋ ਦੀ ਦਰਗਾਹ ਵਿਚ)
* * * * * * * * * *
‘ਸਰਮੱਦ’ ਦੇ ਮਕਬਰੇ ਤੇ…
‘ਸਰਮੱਦ ਜੀ ਸੂਫ਼ੀ ਫ਼ਕੀਰ ਤੇ ਫ਼ਾਰਸੀ ਦੇ ਬਹੁਤ ਉੱਘੇ ਕਵੀ ਹੋਏ ਹਨ। ਇਨ੍ਹਾਂ ਦੀਆਂ ਰੁਬਾਈਆਂ ‘ਖ਼ਿਆਮ’ ਦੀਆਂ ਰੁਬਾਈਆਂ ਵਾਂਗ ਹੀ ਮਸ਼ਹੂਰ ਹਨ। ਹੁਣ ਇਨ੍ਹਾਂ ਫ਼ਾਰਸੀ ਰੁਬਾਈਆਂ ਦਾ ਅਨੁਵਾਦ ਸ਼ਾਂਤੀ ਨਿਕੇਤਨ ਵਾਲਿਆਂ ਅੰਗ੍ਰੇਜ਼ੀ ’ਚ ਕੀਤਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਾਂਗ, ਆਪ ਨੂੰ ਵੀ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ। ਆਪ ਦਾ ਮਕਬਰਾ ‘ਜਾਮਾ ਮਸਜਦ’ ਦੇ ਸਾਹਮਣੇ ਹੈ।
ਹੁੰਦੇ ਨੇ ਲੱਖਾਂ ਆਗੂ ਜਾਨਾਂ ਬਚਾਣ ਵਾਲੇ,
ਵਿਰਲੇ ਨੇ ਆਮ ਰਾਹ ’ਤੇ ਸਿਰ ਨੂੰ ਕਟਾਣ ਵਾਲੇ।
ਹੁੰਦਾ ਹੈ ਕੋਈ-ਕੋਈ ਜੋ ਮੂਲ ਨੂੰ ਪਹਿਚਾਣੇ,
ਕਰਦੀ ਹੈ ਉਸ ਦੀ ਬਾਣੀ ਸੰਸਾਰ ਵਿਚ ਉਜਾਲੇ।
ਚੁੱਕਦਾ ਹੈ ਅੰਧਕਾਰਾਂ ਤੋਂ ਕੋਈ-ਕੋਈ ਪਰਦਾ,
ਦੇ ਕੇ ਬਲੀ ਤੇ ਖੋਲ੍ਹੇ ਰਸਤੇ ਵਿਕਾਸ ਵਾਲੇੇ।
ਥੱਕਦਾ ਨਹੀਂ ਕਦੀ ਵੀ ਹੁਸਨਾਂ ਦੇ ਰਾਹ ਦਾ ਪਾਂਧੀ,
ਓਨੀ ਖ਼ੁਸ਼ੀ ਤੁਰਨ ਦੀ ਪੈਰਾਂ ’ਚ ਜਿੰਨੇ ਛਾਲੇ।
ਉਹ ਹੌਸਲਾ ਹੈ ਪੂਰਾ, ਪੂਰਨ ਹੈ ਉਹ ਦਲੇਰੀ,
ਤਾਕਤ ਨੂੰ ਆਖ ਦੇਵੇ ਕਿ ਜੀਭ ਨੂੰ ਸੰਭਾਲੇ।
ਕੀ ਨੇ ਸ਼ਰਹ ਦੇ ਬੰਧਨ, ਕੀ ਕਾਫ਼ਰੀ ਦੇ ਫ਼ਤਵੇ?
ਹਨ ਇਨ੍ਹਾਂ ਕਾਫ਼ਰਾਂ ਦੇ ਦੁਨੀਆ ’ਚ ਬੋਲ-ਬਾਲੇ।
ਸੁੱਤਾ ਹੈ ਜਿਸ ’ਚ ‘ਸਰਮੱਦ’ ਸਵੈਮਾਣ ਨੂੰ ਬਚਾ ਕੇ,
ਐਸੀ ਕਬਰ ਤੋਂ ਸਦਕੇ, ਉੱਚ ਮਸਜਦਾਂ, ਸ਼ਿਵਾਲੇ।
ਸ਼ਾਹਾਂ ਦੇ ਜ਼ੁਲਮ ਦੀ ਇਹ ਜੀਵਤ ਹੈ ਇਕ ਨਿਸ਼ਾਨੀ,
ਇਤਿਹਾਸ ਜ਼ਿੰਦਗੀ ਦਾ ਇਸ ਨੂੰ ਪਿਆ ਸੰਭਾਲੇ।
ਬਣਦਾ ਹੈ ਜ਼ਿੰਦਗੀ ਵਿਚ ਕੁਝ ਲਾਇਆਂ ਸਿਰ ਦੀ ਬਾਜ਼ੀ,
ਇਸੇ ਤਰ੍ਹਾਂ ਨੇ ਹੁੰਦੇ ਜੀਵਨ ਦੇ ਰਾਹ ਸੁਖਾਲੇ।
ਉਹ ਹੈ ਵਿਸ਼ਾਲ ਬੁੱਧੀ ਜੋ ਆਪ ਸੋਚਦੀ ਏ,
ਮੌਲਕ ਵਿਚਾਰ ਹੀ ਤਾਂ ਦੁਨੀਆਂ ਨਵੀਂ ਨੂੰ ਢਾਲੇ।
ਹੈ ਹੋਰ ਵੀ ਸਿਰਾਂ ਦੇ ਬੀਜਣ ਦੀ ਲੋੜ ਏਥੇ,
ਆਈ ਨਾ ਹਿੰਦ ਅੰਦਰ ਪੂਰਨ ਬਹਾਰ ਹਾਲੇ!
* * * * * * * * * *
ਟ੍ਰਾਟਸਕੀ
ਜਨਮ 1877 ਤੇ ਮੌਤ 1940। ਰੂਸ ਦਾ ਜ਼ਬਰਦਸਤ ਜੁਗ-ਪਲਟਾਊ ਲੀਡਰ ਸੀ। ਆਪਣੇ ਸਮੇਂ ਲੈਨਿਨ ਦਾ ਸੱਜਾ ਹੱਥ ਮੰਨਿਆ ਜਾਂਦਾ ਰਿਹਾ ਹੈ। ਇਹ ਲਾਲ ਫੌਜਾਂ ਦਾ ਸਭ ਤੋਂ ਵੱਡਾ ਸਰਦਾਰ ਰਿਹਾ ਸੀ। ਸਿਧਾਂਤਾਂ ਨਾਲੋਂ ਬਹੁਤਾ ਅਮਲ ’ਤੇ ਭਰੋਸਾ ਰੱਖਦਾ ਸੀ। ਬੜਾ ਧੜੱਲੇਦਾਰ ਇਨਕਲਾਬੀ ਲਿਖਾਰੀ ਸੀ। ਇਸ ਦਾ ਜੀਵਨ ਬੜੀ ਕਸ਼ਮਕਸ਼ ਵਿਚ ਬੀਤਿਆ। ਖਿ਼ਆਲਾਂ ਦੀ ਮੁਖ਼ਾਲਫ਼ਤ ਹੋਣ ਕਰਕੇ ਇਸ ਨੂੰ ਰੂਸੋਂ ਬਾਹਰ ਕੱਢਿਆ ਗਿਆ, ਪਰ ਕਿਸੇ ਵੀ ਹਕੂਮਤ ਨੇ ਇਸ ਨੂੰ ਤੇ ਇਸ ਦੇ ਖ਼ਿਆਲਾਂ ਨੂੰ ਨਾ ਝੱਲਿਆ। ਇਸ ਦੇ ਜੀਵਨ ’ਤੇ ਵਿਰੋਧੀਆਂ ਨੇ ਕਈ ਹਮਲੇ ਕੀਤੇ। ਇਸ ਦਾ ਇਕ ਪੁੱਤਰ ਰੂਸ ਤੇ ਦੂਜਾ ਫਰਾਂਸ ਵਿਚ ਮੌਤ ਦੇ ਘਾਟ ਉਤਾਿਰਆ ਗਿਆ।
ਤੇਰੇ ਦਿਨ ਉਜਾਗਰ, ਤੇਰੀ ਰਾਤ ਜਾਗੀ,
ਤੂੰ ਬਾਗ਼ੀ, ਤੇਰੇ ਪੈਰ ਦੇ ਚਿੰਨ੍ਹ ਬਾਗ਼ੀ।
ਤੂੰ ਉਸ ਨਾਮ ਤੋਂ ਬਿਨ ਮਸਾਲੇ ਤੋਂ ਬਣਿਆ,
ਉਹ, ਜਿਸ ਨੇ ਖ਼ੁਦਾ ਨੂੰ ਤੇ ਸ਼ਕਤੀ ਨੂੰ ਜਣਿਆ।
ਤੂੰ ਤੀਖਣ ਜਵਾਲਾ ਦੀ ਬੇਦਾਰ ਰੂਹ ਹੈਂ,
ਅਗਮ ਨਾਚ ਹੈ ਤੂੰ, ਸ਼ੁਰੂ ਤੋਂ ਸ਼ੁਰੂ ਹੈਂ।
ਤੂੰ ਦੈਵੀ ਅਗਨ-ਯੋਗ ਦਾ ਤੇਜ਼ ਧਾਰਾ,
ਤੂੰ ਹਠ-ਯੋਗ ਦਾ ਇਕ ਚਮਕਦਾ ਸਿਤਾਰਾ।
ਤੂਫ਼ਾਨਾਂ ਦਾ ਮੰਬਾ, ਭੂਚਾਲਾਂ ਦਾ ਸੋਤਾ,
ਤੂੰ ਸੋਮਾ ਲਹੂ ਦਾ, ਬਿਜਲੀਆਂ ਦਾ ਦਰਿਆ।
ਤੂੰ ਬਦਲੀ ਦਾ ਜੌਹਰ, ਨਵੇਂ ਯੁਗ ਦਾ ਬਾਨੀ,
ਲਿਖਣ ਤੇਰੀ ਚੰਦਾਂ ਦੇ ਅੱਖਰ ਕਹਾਣੀ।
ਮਹਾਂਬੀਰ, ਰੁਸਤਮ ਤੇਰੇ ਸਾਹਮਣੇ ਕੀ?
ਸਿਕੰਦਰ ਤੇ ਨੈਪੋਲੀਅਨ ਵੀ ਨੇ ਮਿੱਟੀ।
ਤੂੰ ਜਿੱਤਾਂ ਨੂੰ ਵੀ ਹੇਚ ਬੇਕਾਰ ਜਾਣੇਂ,
ਕਰਨਗੇ ਕਦੋਂ ਪੈਦਾ ਤੈਨੂੰ ਜ਼ਮਾਨੇ?
ਜ਼ਮਾਨੇ ਨੂੰ ਕੰਬਾ ਗਈ ਇਕ ਵਾਰੀ,
ਤੇਰੇ ਦਿਲ ਦੀ ਤਾਕਤ, ਤੇਰੀ ਬੇਕਰਾਰੀ।
ਕੀ ਹੱਥ ਆਇਆ ਮਿੱਟੀ ਨੂੰ ਬਰਬਾਦ ਕਰਕੇ?
ਗਿਆ ਬਲਕਿ ਉਹ ਤੈਨੂੰ ਆਜ਼ਾਦ ਕਰਕੇ।
ਮਿਲੀ ਰਾਖ ਮਿੱਟੀ ’ਚ ਬੇਸ਼ੱਕ ਹੈ ਤੇਰੀ,
ਤੇਰੇ ਸ਼ੌਕ ਦੀ ਆਏਗੀ ਪਰ ਹਨੇਰੀ।
ਖ਼ਿਆਲਾਂ ਨੂੰ ਤੇਰੇ ਮਿਟਾਏਗਾ ਕਿਹੜਾ?
ਤੇਰੇ ਸੁਪਨਿਆਂ ਨੂੰ ਉਡਾਏਗਾ ਕਿਹੜਾ?
ਖ਼ਿਆਲਾਂ ਦੀ ਬਿਜਲੀ ਦਿਲਾਂ ਵਿਚ ਰਹੇਗੀ,
ਜੋ ਦੁਨੀਆਂ ਨੂੰ ਸੰਦੇਸ਼-ਜੀਵਨ ਦਏਗੀ।
ਤੇਰੀ ਕਦਰ ਮਾਨਵ ਦੀ ਸਰਜੀਵ ਰੂਹ ਨੂੰ,
ਤੇਰੀ ਕਦਰ ਹੈ ਜ਼ਿੰਦਗੀ ਦੇ ਲਹੂ ਨੂੰ।
ਤੂੰ ਅਗਨੀ ਤੋਂ ਹੋਇਆ ਹੈਂ ਪ੍ਰਚੰਡ ਜਵਾਲਾ,
ਤੂੰ ਜ਼ਿੰਦਾ ਰਿਹਾ ਮੌਤ ਦਾ ਪੀ ਕੇ ਪਿਆਲਾ।
ਅਵਾਰਾ ਰਿਹਾ ਤੂੰ, ਰਿਹਾ ਦਰ-ਬ-ਦਰ ਤੂੰ,
ਬਣਾਈ ਨਾ ਕੁੱਲੀ, ਵਸਾਏ ਨਗਰ ਤੂੰ।
ਕਿਤੇ ਮਰ ਗਏ ਕਿਉਂ ਤਾਰੀਖਾਂ ਦੇ ਜਾਣੂੰ?
ਕਿਸੇ ਨੇ ਵੀ ਆਪਣਾ ਸਮਝਿਆ ਨਾ ਤੈਨੂੰ।
ਕੜਕੀਆਂ ਨੇ ਪਿੰਜਰ ਤੋਂ ਤੇਰੇ ਬਿਜਲੀਆਂ,
ਕਈ ਵਾਰ ਅੱਗਾਂ ਵੀ ਤੇਰੇ ’ਤੇ ਵਰ੍ਹੀਆਂ।
ਤੇਰੀ ਜੀਭ ਨੂੰ ਲਾਏ ਤਾਲੇ ਹਜ਼ਾਰਾਂ,
ਤੇਰੀ ਕਲਮ ’ਤੇ ਆਈਆਂ ਛੂਰੀਆਂ, ਕਟਾਰਾਂ।
ਕਦੀ ਪਰ ਕਦਮ ਨਾ ਤੇਰਾ ਥਰਥਰਾਇਆ,
ਦੁੱਖਾਂ ਨੇ ਸਤਾਇਆ, ਸੁੱਖਾਂ ਨੇ ਸਤਾਇਆ।
ਕੋਈ ਹੁੰਦਾ ਗ਼ੈਰਤ, ਸ਼ਰਮ, ਆਨ ਵਾਲਾ,
ਨਾ ਦਿੰਦਾ ਤੇਰੇ ਪੈਰ ਵਿਚ ਪੈਣ ਛਾਲਾ।
ਇਹ ਨੀਯਤ ਜ਼ਮਾਨੇ ਦੀ ਕੀ ਕੋਈ ਨਾਪੇ?
ਕੀ ਪੁੱਤਰ ਹੀ ਕਹਿੰਦੇ ਨੇ ਮਰ ਜਾਣ ਮਾਪੇ!
ਇਹ ਜ਼ਾਲਿਮ ਹਵਸ ਦਾ ਤਕਾਜ਼ਾ ਨਿਕਲਿਆ,
ਇਹ ਇਨਸਾਨੀਅਤ ਦਾ ਜਨਾਜ਼ਾ ਨਿਕਲਿਆ!
ਤੂੰ ਬੇਦਾਰ ਜੀਵਨ, ਤੂੰ ਪੂਰਨ ਆਜ਼ਾਦੀ,
ਤੂੰ ਖੁੱਦ-ਦਾਰ, ਤੂੰ ਬੇਧੜਕ ਆਸ਼ਾਵਾਦੀ।
ਤੂੰ ਜੰਗਾਂ ਦੀ ਇਕ ਮੌਤ ਹੈਂ ਮੌਤ ਖਾ ਕੇ,
ਤੂੰ ਹੋ ਕਾਸ਼ ਪੈਦਾ ਮੇਰੇ ਦੇਸ ਆ ਕੇ!
ਤੁਹੀਂ ਹੋਣ ਵਾਲਾ ਹੈਂ ਮਹਿੰਦੀ ਪੈਗ਼ੰਬਰ,
ਤੇਰੀ ਪੈਰਵਾਈ ਨੂੰ ਝੁਕਿਆ ਹੈ ਅੰਬਰ।
ਤੂੰ ਸਭ ਨੂੰ ਉਠਾਇਆ, ਤੂੰ ਸਭ ਨੂੰ ਜਗਾਇਆ,
ਨਹੀਂ ਦੋਸ਼ ਤੇਰਾ ਜੇ ਦੁਨੀਆਂ ਨਾ ਜਾਗੀ।
ਤੂੰ ਬਾਗ਼ੀ, ਤੇਰੇ ਪੈਰ ਦੇ ਚਿੰਨ੍ਹ ਬਾਗ਼ੀ।
* * * * * * * * * *