ਸੁਰਿੰਦਰ ਸਿੰਘ ਤੇਜ
ਪੰਦਰਾਂ ਵਰ੍ਹਿਆਂ ਦੀ ਸੀ ਰਹੀਮਾ ਜਦੋਂ ਉਸ ਦਾ ਸੰਸਾਰ ਸਿਆਹ ਹੋ ਗਿਆ। ਹਰੀਆਂ-ਭੂਰੀਆਂ ਸਨ ਉਸ ਦੀਆਂ ਅੱਖਾਂ। ਚਮਕੀਲੀਆਂ। ਉਸ ਦੇ ਗੋਰੇ ਨਿਛੋਹ ਚਿਹਰੇ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਵਾਲੀਆਂ। ਪਤਾ ਨਹੀਂ ਕੀਹਦੀ ਨਜ਼ਰ ਲੱਗ ਗਈ। ਪਹਿਲਾਂ ਜੋਤੀ ਘਟਣ ਲੱਗੀ, ਫਿਰ ਅੱਖਾਂ ਲਾਲ ਹੋ ਕੇ ਸੁੱਜ ਗਈਆਂ। ਫਿਰ ਡੇਲਿਆਂ ਦੀ ਥਾਂ ਜ਼ਖ਼ਮ ਨਜ਼ਰ ਆਉਣ ਲੱਗੇ। ਮਾਪਿਆਂ ਨੇ ਬੜੇ ਓਹੜ-ਪੋਹੜ ਕੀਤੇ। ਪਹਿਲਾਂ ਹਕੀਮ ਕੋਲ ਗਏ, ਫਿਰ ਫ਼ਕੀਰਾਂ-ਕਲੰਦਰਾਂ ਕੋਲ ਅਤੇ ਫਿਰ ਦਰਗਾਹਾਂ ’ਤੇ ਜਾ ਕੇ ਮੰਨਤਾਂ ਮੰਗੀਆਂ। ਜਦੋਂ ਇਹ ਸਾਰੇ ਹੀਲੇ-ਵਸੀਲੇ ਕੰਮ ਨਾ ਆਏ ਤਾਂ ਹੋਣੀ ਨੂੰ ਸਵੀਕਾਰ ਕਰ ਲਿਆ। ਹਾਂ, ਅਲੀ ਨੇ ਇਹ ਹੋਣੀ ਨਹੀਂ ਸਵੀਕਾਰੀ। ਉਹ ਰਹੀਮਾ ਦਾ ਮੌਸੇਰਾ ਭਰਾ ਵੀ ਸੀ ਤੇ ਬਚਪਨ ਦਾ ਦੋਸਤ ਵੀ। ਉਸ ਨੂੰ ਰਹੀਮਾ ਦੇ ਸੰਭਾਵੀ ਲਾੜੇ ਵਜੋਂ ਵੀ ਦੇਖਿਆ ਜਾਂਦਾ ਸੀ। ਉਹ ਇਰਾਨ ਚਲਾ ਗਿਆ, ਇਹ ਵਾਅਦਾ ਕਰ ਕੇ ਕਿ ਇਕ-ਦੋ ਵਰ੍ਹਿਆਂ ਵਿਚ ਅਫ਼ਗ਼ਾਨਿਸਤਾਨ ਪਰਤ ਕੇ ਉਹ ਰਹੀਮਾ ਦਾ ਇਲਾਜ ਵੀ ਕਰਵਾਏਗਾ ਤੇ ਉਸ ਨਾਲ ਨਿਕਾਹ ਵੀ ਕਰੇਗਾ। ਅਲੀ ਪੜ੍ਹਿਆ ਲਿਖਿਆ ਨਹੀਂ ਸੀ, ਪਰ ਮਿਹਨਤ-ਮਜ਼ਦੂਰੀ ਚੰਗੀ ਕਰ ਲੈਂਦਾ ਸੀ। ਰਹੀਮਾ ਨੂੰ ਯਕੀਨ ਸੀ ਕਿ ਉਹ ਇਕ-ਦੋ ਵਰ੍ਹਿਆਂ ਵਿਚ ਚੰਗੀ ਕਮਾਈ ਕਰ ਲਏਗਾ।
ਵਰ੍ਹੇ ਗੁਜ਼ਰਦੇ ਗਏ। ਰਹੀਮਾ ਉਡੀਕਦੀ ਰਹੀ। ਅਲੀ ਨਹੀਂ ਆਇਆ। ਰਹੀਮਾ ਦੇ ਮਾਪੇ ਚੱਲ ਵਸੇ। ਘਰ ਦੀ ਵਾਗਡੋਰ ਵੱਡੇ ਭਰਾ ਤੇ ਭਾਬੀ ਹੱਥ ਆ ਗਈ। ਦੋਵੇਂ ਰਹੀਮਾ ਪ੍ਰਤੀ ਮੋਹਵੰਤ ਸਨ, ਭਰਾ ਕੁਝ ਜ਼ਿਆਦਾ। ਰਹੀਮਾ ਵੀ ਮੁਥਾਜਾਂ ਵਾਂਗ ਨਹੀਂ ਸੀ ਜਿਊਣਾ ਚਾਹੁੰਦੀ। ਉਹ ਜੋਤ-ਵਿਹੂਣੀ ਜ਼ਰੂਰ ਸੀ, ਪਰ ਹੱਥਾਂ ਨੂੰ ਅੱਖਾਂ ਵਜੋਂ ਵਰਤਣਾ ਉਸ ਨੇ ਖ਼ੂਬ ਸਿੱਖ ਲਿਆ ਸੀ। ਭਾਬੀ ਨੂੰ ਰਸੋਈ ਦਾ ਫ਼ਿਕਰ ਨਹੀਂ ਸੀ ਰਿਹਾ। ਕੀ ਚਾੜ੍ਹਨਾ ਹੈ, ਕੀ ਪਕਾਉਣਾ ਹੈ, ਆਏ ਗਏ ਲਈ ਕੀ ਬਣਾਉਣਾ ਹੈ, ਇਹ ਸਾਰੀ ਜ਼ਿੰਮੇਵਾਰੀ ਰਹੀਮਾ ਦੀ ਸੀ। ਭਾਬੀ ਚਾਹੁੰਦੀ ਸੀ ਰਹੀਮਾ, ਅਲੀ ਬਾਰੇ ਸੋਚਣਾ ਬੰਦ ਕਰ ਦੇਵੇ। ਉਹ ਅਲੀ ਦੀ ਗ਼ੈਰਹਾਜ਼ਰੀ ਨੂੰ ਲੈ ਕੇ ਸ਼ਿਕਵੇ ਅਕਸਰ ਹੀ ਕਰਿਆ ਕਰਦੀ ਸੀ। ਇਸ ਪਿੱਛੇ ਉਸ ਦਾ ਸੁਆਰਥ ਵੀ ਸੀ। ਉਸ ਦਾ ਭਰਾ ਜ਼ਫ਼ਰ ਅਣਵਿਆਹਿਆ ਸੀ। ਬਾਰੂਦੀ ਸੁਰੰਗ ਨੇ ਉਸ ਦੀ ਅੱਧੀ ਲੱਤ ਵੀ ਉਡਾ ਦਿੱਤੀ ਸੀ ਤੇ ਇਕ ਅੱਖ ਵੀ। ਲੱਤ ਤਾਂ ਮਸਨੂਈ ਲੱਗ ਗਈ, ਪਰ ਅੱਖ ਕਿੱਥੋਂ ਆਵੇ? ਕੋਈ ਸੁਜਾਖੀ ਉਸ ਨਾਲ ਵਿਆਹ ਲਈ ਤਿਆਰ ਨਹੀਂ ਸੀ। ਭਾਬੀ, ਰਹੀਮਾ ਦਾ ਸਾਕ ਉਸ ਨਾਲ ਕਰਨਾ ਚਾਹੁੰਦੀ ਸੀ। ਰਹੀਮਾ, ਭਾਬੀ ਦੀ ਚਾਹਤ ਨੂੰ ਸਮਝਦੀ ਸੀ। ਉਸ ਦੇ ਮਨ ਵਿਚ ਇਹ ਅੰਦੇਸ਼ਾ ਵੀ ਸੀ ਕਿ ਵਤਨ ਪਰਤਣ ਮਗਰੋਂ ਅਲੀ ਉਸ ਨਾਲ ਵਿਆਹ ਨਹੀਂ ਕਰੇਗਾ। ‘‘ਸੋਹਣਾ ਸੁਨੱਖਾ ਸੁਜਾਖ਼ਾ ਨੌਜਵਾਨ ਭਲਾ ਕਿਸੇ ਅੰਨ੍ਹੀ ਨੂੰ ਕਿਉਂ ਪ੍ਰਣਾਏਗਾ?’’ ਉਹ ਇਸੇ ਸਵਾਲ ਨਾਲ ਮਨ ਹੀ ਮਨ ਵਿਚ ਜੂਝਦੀ ਰਹਿੰਦੀ ਸੀ।
ਜਦੋਂ ਪੰਝੀਆਂ ਦੀ ਹੋਈ ਤਾਂ ਉਸ ਨੇ ਇਸੇ ਤਰਕ ਅੱਗੇ ਗੋਡੇ ਟੇਕ ਦਿੱਤੇ। ਉਸ ਦਾ ਨਿਕਾਹ ਜ਼ਫ਼ਰ ਨਾਲ ਹੋ ਗਿਆ। ਜ਼ਫ਼ਰ ਬੁਰਾ ਇਨਸਾਨ ਨਹੀਂ ਸੀ। ਉਸ ਦੀ ਸੁਖ-ਸਹੂਲਤ ਦਾ ਧਿਆਨ ਰੱਖਣ ਵਾਲਾ ਸੀ। ਫਿਰ ਇਕ ਦਿਨ ਖ਼ਬਰ ਆਈ ਕਿ ਅਲੀ ਵਾਪਸ ਆ ਗਿਆ ਹੈ। ਉਸ ਦਿਨ ਰਹੀਮਾ ਦੀ ਭਤੀਜੀ ਦਾ ਨਿਕਾਹ ਸੀ। ਉਹ ਆਪਣੇ ਪੇਕੇ ਘਰ ਰਸੋਈ ਵਿਚ ਭਾਬੀ ਦਾ ਹੱਥ ਵਟਾ ਰਹੀ ਸੀ ਕਿ ਅਲੀ ਹਾਲ ਕਮਰੇ ਵਿਚ ਦਾਖ਼ਲ ਹੋਇਆ। ਖ਼ਵਾਤੀਨ (ਔਰਤਾਂ) ਨੇ ਉਹਨੂੰ ਝੱਟ ਘੇਰ ਲਿਆ। ਕਿੰਨੀ ਦੇਰ ਉਸ ਨਾਲ ਚੁਹਲਬਾਜ਼ੀ ਚੱਲਦੀ ਰਹੀ। ਫਿਰ ਮੌਕਾ ਤਾੜ ਕੇ ਉਹ ਰਸੋਈ ਵਿਚ ਆ ਵੜਿਆ। ਆਉਂਦਿਆਂ ਹੀ ਉਸ ਨੇ ਬੜੇ ਸਾਰੇ ਪੈਸੇ ਰਹੀਮਾ ਦੀ ਝੋਲੀ ਵਿਚ ਢੇਰ ਕਰ ਦਿੱਤੇ। ‘‘ਇਹ ਤੇਰੀਆਂ ਅੱਖਾਂ ਦੇ ਇਲਾਜ ਲਈ ਹਨ, ਮੈਂ ਡਾਕਟਰ ਨਾਲ ਗੱਲ ਕਰ ਲਈ ਹੈ,’’ ਉਹ ਬੋਲਿਆ। ਰਹੀਮਾ ਖ਼ਾਮੋਸ਼ ਰਹੀ, ਫਿਰ ਸਾਰੇ ਪੈਸੇ ਅਲੀ ਦੇ ਹੱਥ ਧਰ ਕੇ ਤੇਜ਼ੀ ਨਾਲ ਰਸੋਈ ਤੋਂ ਬਾਹਰ ਨਿਕਲ ਗਈ। ਘਰ ਪੁੱਜਣ ਤਕ ਉਹ ਕਿਤੇ ਵੀ ਰੁਕੀ ਨਹੀਂ। ਸਾਹ ਲੈਣ ਲਈ ਵੀ ਨਹੀਂ। ਉਸ ਰਾਤ ਦੀਵਾ ਬੁਝਾਉਣ ਮਗਰੋਂ ਉਸ ਨੇ ਆਪਣੇ ਪਤੀ ਨੂੰ ਮਸਨੂਈ ਲੱਤ ਉਤਾਰ ਦੇਣ ਲਈ ਕਿਹਾ।
ਦਾਰੀ ਭਾਸ਼ਾ ਦੀ ਲੇਖਿਕਾ ਆਤਿਫ਼ਾ ਮੁਜ਼ੱਫ਼ਰੀ ਦੀ ਇਹ ਮਾਰਮਿਕ ਕਹਾਣੀ ਅਫ਼ਗ਼ਾਨ ਮਹਿਲਾ ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਸੰਗ੍ਰਹਿ ‘ਮਾਈ ਪੈੱਨ ਇੱਜ਼ ਦਿ ਵਿੰਗ ਆਫ ਏ ਬਰਡ’ (ਪੰਖੇਰੂ ਦਾ ਪੰਖ ਹੈ ਮੇਰੀ ਕਲਮ; ਹੈਚੇੱਟ ਇੰਡੀਆ; 254 ਪੰਨੇ; 399 ਰੁਪਏ) ਦਾ ਹਿੱਸਾ ਹੈ। ਬੜਾ ਜਾਨਦਾਰ ਹੈ ਇਹ ਸੰਗ੍ਰਹਿ। ਇਸ ਵਿਚ ਦਾਰੀ ਤੇ ਪਸ਼ਤੋ ਭਾਸ਼ਾਵਾਂ ਦੀਆਂ ਲੇਖਿਕਾਵਾਂ ਦੀਆਂ 23 ਨਵੀਆਂ ਕਹਾਣੀਆਂ ਸ਼ਾਮਲ ਹਨ। ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਵੀ ਅਮਰੀਕਾ ਜਾਂ ਯੂਰੋਪ ਵਿਚ ਕੰਮ ਕਰਦੇ ਅਫ਼ਗ਼ਾਨ ਲੇਖਕਾਂ/ਲੇਖਿਕਾਵਾਂ ਨੇ ਕੀਤਾ ਹੈ। ਇਸੇ ਲਈ ਅਨੁਵਾਦ ਵਿਚ ਮਿੱਟੀ ਦੀ ਮਹਿਕ ਮੌਜੂਦ ਹੈ। ਅਫ਼ਗ਼ਾਨ ਔਰਤਾਂ ਦੀਆਂ ਨਿੱਤ ਦੀਆਂ ਔਕੜਾਂ, ਨਿੱਤ ਦੀਆਂ ਲਾਚਾਰੀਆਂ, ਨਿੱਤ ਦੀਆਂ ਤ੍ਰਾਸਦੀਆਂ, ਨਿੱਤ ਦੀਆਂ ਕੁਰਬਾਨੀਆਂ ਅਤੇ ਨਾਲ ਹੀ ਨਿੱਤ ਦੀਆਂ ਦਲੇਰੀਆਂ ਤੇ ਨਿੱਤ ਦੀਆਂ ਬਗ਼ਾਵਤਾਂ ਦੀ ਤਸਦੀਕ ਹਨ ਇਹ ਕਹਾਣੀਆਂ। ਬੜਾ ਦਰਦ ਹੈ ਇਨ੍ਹਾਂ ਕਹਾਣੀਆਂ ਵਿਚ। ਪਰ ਜਿੰਨਾ ਦਰਦ ਜਾਂ ਜਿੰਨੀ ਮਾਰਮਿਕਤਾ ਹੈ, ਉਸੇ ਮਿਕਦਾਰ ਵਿਚ ਲਲਕਾਰ ਤੇ ਹੱਕਾਂ ਲਈ ਲੜਨ ਦਾ ਜਜ਼ਬਾ ਵੀ ਮੌਜੂਦ ਹੈ। ਫ਼ਾਤਿਮਾ ਹੈਦਰੀ ਦੀ ਕਹਾਣੀ ‘ਸਾਂਝੀ ਜ਼ੁਬਾਨ’ ਜਾਂ ਸ਼ਰੀਫ਼ਾ ਪਾਸੂਨ ਦੀ ਰਚਨਾ ‘ਲੇਟ ਸ਼ਿਫਟ’ ਤਾਲੀਮਯਾਫ਼ਤਾ ਸ਼ਹਿਰੀ ਔਰਤਾਂ ਦੇ ਇਸੇ ਜਜ਼ਬੇ ਦੀ ਤਰਜਮਾਨੀ ਕਰਦੀਆਂ ਹਨ। ਇੰਜ ਹੀ, ‘ਡੀ ਫੌਰ ਦਾਊਦ’ (ਅਨਾਹਿਤਾ ਗ਼ਰੀਬ ਨਵਾਜ਼) ਅਤੇ ‘ਚਾਂਦੀ ਦੀ ਮੁੰਦਰੀ’ (ਫ਼ਰਿਸ਼ਤਾ ਗਨੀ) ਦੂਰ-ਦਰਾਜ਼ ਦੇ ਦਿਹਾਤੀ ਇਲਾਕਿਆਂ ਅੰਦਰਲੀ ਬਾਗ਼ੀਆਨਾ ਬਿਰਤੀ ਦੀ ਖ਼ੂਬਸੂਰਤੀ ਨਾਲ ਨੁਮਾਇੰਦਗੀ ਕਰਦੀਆਂ ਹਨ। ਮਰੀਅਮ ਮਹਬਿੂਬ ਦੀ ਕਹਾਣੀ ‘ਹਮਦਮ’, ਜੋ ਇਸ ਸੰਗ੍ਰਹਿ ਦੀ ਪਹਿਲੀ ਰਚਨਾ ਹੈ, ਇਕ ਅਜਿਹੀ ਵਿਧਵਾ ਦੀ ਵਿਅਥਾ-ਕਥਾ ਹੈ, ਜਿਸ ਦੇ ਪਰਿਵਾਰ ਦੇ ਸਾਰੇ ਜੀਅ ਵਿਦੇਸ਼ੀ ਮੁਲਕਾਂ ਵਿਚ ਹਨ। ਉਨ੍ਹਾਂ ਨਾਲ ਉਸ ਦਾ ਰਾਬਤਾ ਸਿਰਫ਼ ਇੰਟਰਨੈੱਟ ਦੇ ਜ਼ਰੀਏ ਹੈ। ਪਰ ਜਦੋਂ ਇਕੱਲ ਉਸ ਉਪਰ ਹਾਵੀ ਹੋ ਜਾਂਦੀ ਹੈ ਤਾਂ ਉਹ ਡਿਪ੍ਰੈਸ਼ਨ ਅੱਗੇ ਗੋਡੇ ਨਹੀਂ ਟੇਕਦੀ। ਇਸ ਨੂੰ ਪਛਾੜਨ ਦਾ ਹੀਲਾ-ਵਸੀਲਾ ਖ਼ੁਦ ਹੀ ਲੱਭ ਲੈਂਦੀ ਹੈ, ਉਹ ਵੀ ਸਰਲ ਜਹੀ ਮਨੋਵਿਗਿਆਨਕ ਵਿਧੀ ਨਾਲ। ਸੰਗ੍ਰਹਿ ਦਾ ਖ਼ਸੂਸੀ ਪੱਖ ਇਹ ਹੈ ਕਿ ਕਿਸੇ ਵੀ ਕਹਾਣੀ ’ਚ ਉਲਾਰ ਨਹੀਂ; ਹਰ ਕਹਾਣੀ ਵਿਚ ਯਥਾਰਥ ਹੈ। ਨਿੱਤ ਦੀ ਜ਼ਿੰਦਗੀ ਵਾਲਾ ਯਥਾਰਥ।
ਇਹ ਸੰਗ੍ਰਹਿ ਉਤਪੀੜਿਤ ਸਮਾਜਾਂ ਦੀਆਂ ਲੇਖਿਕਾਵਾਂ ਨੂੰ ਮੰਚ ਬਖ਼ਸ਼ਣ ਦਾ ਕੰਮ ਕਰ ਰਹੀ ਸੰਸਥਾ ‘ਅਨਟੋਲਡ’ ਦੇ ਉੱਦਮ ਸਦਕਾ ਵਜੂਦ ਵਿਚ ਆਇਆ ਹੈ। ਇਸ ਨੂੰ ਪੜ੍ਹ ਕੇ ਇਹ ਹਕੀਕਤ ਸਮਝ ਆ ਜਾਂਦੀ ਹੈ ਕਿ ਤਾਲਿਬਾਨ ਹਕੂਮਤ ਵੱਲੋਂ ਲਾਈਆਂ ਬੰਦਸ਼ਾਂ ਤੇ ਸਖ਼ਤਾਈ ਦੀ ਅਵੱਗਿਆ ਕਰ ਕੇ ਜੇਕਰ ਕਾਬੁਲ, ਕੁੰਦੂਜ਼ ਤੇ ਕੰਧਾਰ ਵਿਚ ਔਰਤਾਂ ਵੱਲੋਂ ਆਪਣੇ ਘਰਾਂ ਦੇ ਅੰਦਰ ਔਰਤਾਂ ਲਈ ਉੱਚ ਸਿੱਖਿਆ ਦੇ ਸਕੂਲ ਚਲਾਏ ਜਾ ਰਹੇ ਹਨ ਤਾਂ ਉਹ ਕਿਸ ਜੁਝਾਰੂ ਬਿਰਤੀ ਦਾ ਨਤੀਜਾ ਹਨ। ਇਸ ਕਿਸਮ ਦੀ ਦਲੇਰੀ ਤੇ ਆਦਰਸ਼ਵਾਦ, ਸੱਚਮੁੱਚ ਹੀ, ਸਲਾਮ ਦੇ ਹੱਕਦਾਰ ਹਨ।
* * *
ਕਹਾਣੀ 2535 ਵਰ੍ਹੇ ਪੁਰਾਣੀ ਹੈ। ਸਾਲ 513 ਈਸਾ ਪੂਰਵ ਇਰਾਨੀ ਸ਼ਹਿਨਸ਼ਾਹ ਦਾਰੀਅਸ ਪ੍ਰਥਮ ਨੇ 7 ਲੱਖ ਫ਼ੌਜੀਆਂ ਦੇ ਲਸ਼ਕਰ ਨਾਲ ਸਿਥੀਅਨ ਸਾਮਰਾਜ ਉੱਪਰ ਧਾਵਾ ਬੋਲਿਆ। ਇਹ ਸਾਮਰਾਜ ਮੱਧ ਏਸ਼ੀਆ ਤੇ ਪੂਰਬੀ ਯੂਰੋਪ ਵਿਚ ਫੈਲਿਆ ਹੋਇਆ ਸੀ। ਖ਼ਾਨਬਦੋਸ਼ੀ ਬਿਰਤੀ ਵਾਲੇ ਇਸ ਸਾਮਰਾਜ ਦੇ ਮੁਖੀ ਇਦਾਨਥਾਇਰੀਸਿਸ ਨੇ ਨਾ ਕਿਸੇ ਲੜਾਈ ਵਾਸਤੇ ਮੋਰਚਾਬੰਦੀ ਕੀਤੀ ਅਤੇ ਨਾ ਹੀ ਇਰਾਨ ਦੀ ਈਨ ਮੰਨਣ ਦੀ ਗੱਲ ਕੀਤੀ। ਦਾਰੀਅਸ ਦੇ ਲਸ਼ਕਰ ਨੇ ਆਪਣੇ ਵੱਲੋਂ ਕਈ ਇਲਾਕੇ ਸਰ ਕੀਤੇ, ਪਰ ਇਨ੍ਹਾਂ ਵਿਚ ਨਾ ਕੋਈ ਸ਼ਹਿਰ ਸ਼ੁਮਾਰ ਸੀ ਤੇ ਨਾ ਹੀ ਕੋਈ ਕਿਲ੍ਹਾ। ਖ਼ਾਨਾਬਦੋਸ਼ ਸਿਥੀਅਨ ਗਰਮੀਆਂ ਵਿਚ ਕਿਤੇ ਰਹਿੰਦੇ ਸਨ, ਸਰਦੀਆਂ ਵਿਚ ਕਿਤੇ ਹੋਰ। ਉਨ੍ਹਾਂ ਦੇ ਕੁਨਬਿਆਂ-ਕਬੀਲਿਆਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ। ਮੌਸਮ ਦੀ ਅਨੁਕੂਲਤਾ ਤੇ ਪਾਣੀ ਦੀ ਉਪਲਬਧਤਾ ਦੇ ਆਧਾਰ ’ਤੇ ਉਹ ਰਿਹਾਇਸ਼ਾਂ ਵਸਾਉਂਦੇ ਸਨ, ਉੱਥੇ ਹੀ ਲੋੜ ਮੁਤਾਬਿਕ ਅਨਾਜ ਤੇ ਹੋਰ ਖਾਧ-ਖ਼ੁਰਾਕ ਪੈਦਾ ਕਰਦੇ ਸਨ ਅਤੇ ਰੁੱਤ ਬਦਲਦਿਆਂ ਹੀ ਹੋਰਨਾਂ ਸੁਖਾਵੇਂ ਇਲਾਕਿਆਂ ਵੱਲ ਚਾਲੇ ਪਾ ਦਿੰਦੇ ਸਨ। ਮਲਕੀਅਤ ਵਾਲਾ ਲੋਭ ਉਨ੍ਹਾਂ ਦੀ ਸੁਹਜ ਤੇ ਸੁਭਾਅ ਦਾ ਹਿੱਸਾ ਨਹੀਂ ਸੀ। ਦਾਰੀਅਸ ਦਾ ਲਸ਼ਕਰ ਕਹਿਣ ਨੂੰ ਤਾਂ ਪੱਛਮੀ ਯੂਰੋਪ ਦੀਆਂ ਬਰੂਹਾਂ ਤੱਕ ਜਾ ਪੁੱਜਾ, ਪਰ ਜੰਗੀ ਪ੍ਰਾਪਤੀਆਂ ਜਾਂ ਲੁੱਟੇ ਖ਼ਜ਼ਾਨੇ ਦੇ ਰੂਪ ਵਿਚ ਧੇਲਾ ਵੀ ਹਾਸਿਲ ਨਾ ਹੋਇਆ। ਲਸ਼ਕਰ ਵਿਚ ਬਦਅਮਨੀ ਫੈਲਣ ਲੱਗੀ। ਹਾਲਾਤ ਦੀ ਨਾਸਾਜ਼ਗੀ ਨੂੰ ਭਾਂਪਦਿਆਂ ਦਾਰੀਅਸ ਨੇ ਵਾਪਸ ਕੂਚ ਕਰਨਾ ਬਿਹਤਰ ਸਮਝਿਆ। ਇਸ ਵਾਪਸੀ ਤੋਂ ਤੁਰੰਤ ਮਗਰੋਂ ਸਿਥੀਅਨ ਉਨ੍ਹਾਂ ਇਲਾਕਿਆਂ ਵਿਚ ਪਰਤ ਆਏ ਜਿਹੜੇ ਦਾਰੀਅਸ ਨੇ ਕਥਿਤ ਤੌਰ ’ਤੇ ਹਥਿਆ ਲਏ ਸਨ।
ਖ਼ਾਨਾਬਦੋਸ਼ੀ ਬਿਰਤੀ ਦੇ ਬਾਵਜੂਦ ਸਿਥੀਅਨ ਅਸਭਿਅਤ ਨਹੀਂ ਸਨ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਜਗਤ ਦੀਆਂ ਕਲਾਵਾਂ, ਖੋਜਾਂ ਤੇ ਜੁਗਤਾਂ ਦਾ ਪੂਰਾ ਇਲਮ ਸੀ। ਇਸੇ ਇਲਮ ਦੀ ਬਦੌਲਤ ਹੀ ਉਹ ਅੱਧੇ ਤੋਂ ਵੱਧ ਏਸ਼ੀਆ ਤੇ ਅੱਧੇ ਤੋਂ ਵੱਧ ਯੂਰੋਪ ਵਿਚ ਫੈਲਿਆ ਸਾਂਝਾ ਸਾਮਰਾਜ ਸਥਾਪਿਤ ਕਰਨ ਅਤੇ ਉਸ ਵਿਚ ਅਮਨ-ਅਮਾਨ ਬਣਾਈ ਰੱਖਣ ਦੇ ਸਮਰੱਥ ਸਾਬਤ ਹੋਏ। ਹਾਂ, ਘੁਮੱਕੜੀ ਬਿਰਤੀ ਨੇ ਥੋੜ੍ਹੇ ’ਚ ਗੁਜ਼ਾਰਾ ਕਰਨ ਦੀ ਜੋ ਜੀਵਨ ਜਾਚ ਉਨ੍ਹਾਂ ਅੰਦਰ ਵਿਕਸਿਤ ਕੀਤੀ ਹੋਈ ਸੀ, ਉਸ ਨੇ ਉਨ੍ਹਾਂ ਨੂੰ ਹਰ ਨਵੇਂ ਇਲਾਕੇ ਦੇ ਮਾਹੌਲ ’ਚ ਛੇਤੀ ਢਲਣ ਦੇ ਕਾਬਲ ਬਣਾਈ ਰੱਖਿਆ। ਇਤਿਹਾਸ ਸਿਥੀਅਨ ਸਭਿਅਤਾ ਦੀ ਗੱਲ ਨਹੀਂ ਕਰਦਾ, ਪਰ ਇਹ ਮੰਨਦਾ ਹੈ ਕਿ ਹੋਰਨਾਂ ਸਭਿਅਤਾਵਾਂ ਦੇ ਪ੍ਰਚਾਰ-ਪਸਾਰ ਦਾ ਉਹ ਬਿਹਤਰੀਨ ਜ਼ਰੀਆ ਸਾਬਤ ਹੋਏ।
ਖ਼ਾਨਾਬਦੋਸ਼ ਕੌਮਾਂ ਦੇ ਅਜਿਹੇ ਯੋਗਦਾਨ ਨੂੰ ਸੁਚੱਜੇ ਤੇ ਨਿਵੇਕਲੇ ਅੰਦਾਜ਼ ਨਾਲ ਪ੍ਰਕਾਸ਼ਮਾਨ ਕਰਦੀ ਹੈ ਪੱਤਰਕਾਰ ਤੇ ਇਤਿਹਾਸਕਾਰ ਐਂਥਨੀ ਸੈਟਿਨ ਦੀ ਕਿਤਾਬ ‘ਨੋਮੈਡਜ਼: ਵਾਂਡਰਰਜ਼ ਹੂ ਸ਼ੇਪਡ ਅਵਰ ਵਲ਼ਡ’ (ਸਾਡੇ ਜਹਾਨ ਨੂੰ ਮੁਹਾਂਦਰਾ ਬਖ਼ਸ਼ਣ ਵਾਲੇ ਘੁਮੱਕੜ; ਹੈਚੇੱਟ; 357 ਪੰਨੇ; 799 ਰੁਪਏ)। ਸੈਟਿਨ ਦੀ ਦੋ-ਟੁੱਕ ਰਾਇ ਹੈ ਕਿ ਇਨਸਾਨੀ ਵਿਕਾਸ-ਵਿਗਾਸ ਅਤੇ ਵਿਗਿਆਨਕਤਾ ਦੇ ਪਾਸਾਰ ਵਿਚ ਘਾਟੀਆਂ (ਨੀਲ ਘਾਟੀ, ਸਿੰਧ ਘਾਟੀ, ਮੈਸੋਪੋਟੇਮੀਆ) ਆਦਿ ਨਾਲੋਂ ਖ਼ਾਨਾਬਦੋਸ਼ ਕੌਮਾਂ-ਕਬੀਲਿਆਂ ਦੀ ਭੂਮਿਕਾ ਵੱਧ ਵਿਆਪਕ ਤੇ ਵੱਧ ਨਿੱਗਰ ਸੀ। ਅਜਿਹੀ ਸੋਚ-ਸੁਹਜ ਵਾਲਾ ਉਹ ਪਹਿਲਾ ਇਤਿਹਾਸਕਾਰ ਨਹੀਂ; ਫ਼ਰਕ ਇਹ ਹੈ ਕਿ ਉਸ ਦੇ ਖੋਜ-ਅਧਿਐਨ ਦਾ ਦਾਇਰਾ ਵੱਧ ਵਸੀਹ ਹੈ। ਉਸ ਮੁਤਾਬਿਕ ਘੁਮੱਕੜੀ ਬਿਰਤੀ, ਆਦਿ ਮਨੁੱਖ ਨੂੰ ਆਧੁਨਿਕ ਮਨੁੱਖ ਤੋਂ ਵੀ ਅੱਗੇ ਭਵਿੱਖੀ ਮਨੁੱਖ ਤੱਕ ਲੈ ਗਈ ਹੈ। ਇਸ ਪ੍ਰਗਤੀ ਵਿਚ ਪੂਰਵ ਮੰੰਗੋਲਾਂ (ਅਮਰੀਕੀ ਮਹਾਂਦੀਪਾਂ ਦੇ ਮੂਲ ਵਾਸੀਆਂ ‘ਰੈੱਡ ਇੰਡੀਅਨਜ਼’ ਦੇ ਪੂਰਵਜਾਂ), ਦਰਾਵਿੜਾਂ ਜਾਂ ਹੋਰ ਦੱਖਣ ਪੂਰਬੀ ਮਾਨਵੀ ਪ੍ਰਜਾਤੀਆਂ (ਆਸਟਰੇਲੀਆ ਜਾਂ ਪ੍ਰਸ਼ਾਂਤ ਸਾਗਰੀ ਟਾਪੂਆਂ ਦੇ ਮੂਲ ਵਾਸੀਆਂ ਦੇ ਪੂਰਵਜਾਂ) ਦੀ ਘੁਮੱਕੜੀ ਵੀ ਅਹਿਮ ਰਹੀ ਅਤੇ ਸਿਥੀਅਨਾਂ, ਮੰਗੋਲਾਂ, ਤੁਰਕਾਂ, ਹੂਨਾਂ ਤੇ ਇੱਥੋਂ ਤੱਕ ਕਿ ਮੁਗ਼ਲਾਂ ਦੀ ਖ਼ਾਨਾਬਦੋਸ਼ੀ ਵੀ। ਇਹ ਸਾਰਾ ਕਥਾਕ੍ਰਮ, ਨਿਹਾਇਤ ਪੁਰਲੁਤਫ਼ ਅੰਦਾਜ਼ ਨਾਲ ਬਿਆਨ ਕਰਦੀ ਹੈ ਸੈਟਿਨ ਦੀ ਕਿਤਾਬ। ਉਹ ਵੀ ਵੀ.ਐੱਸ. ਨਾਇਪਾਲ ਵਰਗੀ ਭਾਸ਼ਾਈ ਖ਼ੂਬਸੂਰਤੀ ਨਾਲ।