ਜੰਗ ਬਹਾਦੁਰ ਗੋਇਲ
ਅੱਜ ਤੋਂ ਵੀਹ-ਬਾਈ ਵਰ੍ਹੇ ਪਹਿਲਾਂ ਜਦੋਂ ਮੇਰੀ ਨਿਯੁਕਤੀ ਚੰਡੀਗੜ੍ਹ ਵਿਖੇ ਹੋਈ ਤਾਂ ਇੱਥੋਂ ਦੇ ਸਾਹਿਤ ਸੰਸਾਰ ਵਿਚ ਮੇਰੀ ਕੋਈ ਪਛਾਣ ਨਹੀਂ ਸੀ। ਗਰਮੀਆਂ ਦੀ ਰੁੱਤ ਸੀ। ਮੇਰਾ ਦੋਸਤ ਸੁਰਿੰਦਰ ਸ਼ਰਮਾ ਕਿਸੇ ਸਾਹਿਤਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਟਿਆਲੇ ਤੋਂ ਆਇਆ ਹੋਇਆ ਸੀ। ਉਹ ਮੈਨੂੰ ਵੀ ਆਪਣੇ ਨਾਲ ਲੈ ਗਿਆ। ਸਮਾਗਮ ਮੁਹਾਲੀ ’ਚ ਕਿਸੇ ਘਰ ਵਿਚ ਰੱਖਿਆ ਗਿਆ ਸੀ। ਉੱਥੇ ਪੰਜਾਬੀ ਦੇ ਬਹੁਤ ਸਾਰੇ ਨਾਮਵਰ ਲੇਖਕ ਮੌਜੂਦ ਸਨ। ਮੈਂ ਉਨ੍ਹਾਂ ਵਿਚਕਾਰ ਬੜਾ ਓਪਰਾ-ਓਪਰਾ ਮਹਿਸੂਸ ਕਰ ਰਿਹਾ ਸੀ। ਪਰ ਜਿਸ ਅਪਣੱਤ ਤੇ ਖਲੂਸ ਨਾਲ ਮੇਜ਼ਬਾਨ ਮੈਨੂੰ ਮਿਲੀ, ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਉਸ ਨੂੰ ਕਿੰਨੇ ਹੀ ਵਰ੍ਹਿਆਂ ਤੋਂ ਜਾਣਦਾ ਹੋਵਾਂ।
ਚੰਡੀਗੜ੍ਹ ਵਿਖੇ ਇਹ ਮੇਰੀ ਪਹਿਲੀ ਸਾਹਿਤਕ ਮਿਲਣੀ ਸੀ ਤੇ ਸੁਰਜੀਤ ਬੈਂਸ ਨਾਲ ਪਹਿਲੀ ਪ੍ਰੀਤ-ਮਿਲਣੀ।
ਸ਼ਾਲਾ! ਸੁਰਜੀਤ ਦੇ ਘਰੇ ਅਜਿਹੀਆਂ ਪ੍ਰੀਤ ਮਿਲਣੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਜਿਨ੍ਹਾਂ ਵਿਚ ਮੈਨੂੰ ਤੇ ਮੇਰੀ ਪਤਨੀ ਨੂੰ ਸ਼ਾਮਲ ਹੋ ਕੇ ਬੇਹੱਦ ਖ਼ੁਸ਼ੀ ਹਾਸਲ ਹੁੰਦੀ ਹੈ। ਅਜਿਹੀਆਂ ਮਹਿਫ਼ਲਾਂ ਦੇ ਬਹਾਨੇ ਉਹ ਆਪਣੀ ਜ਼ਿੰਦਗੀ ਦੇ ਹਨੇਰੇ ਕੋਨਿਆਂ ਨੂੰ ਰੁਸ਼ਨਾਉਣ ਦਾ ਹੁਨਰ ਜਾਣਦੀ ਹੈ। ਇਹ ਖ਼ੂਬੀ ਉਸ ਕੋਲੋਂ ਸਿੱਖਣ ਵਾਲੀ ਹੈ। ਸੁਰਜੀਤ ਦੀ ਬਹੁਪੱਖੀ ਸ਼ਖ਼ਸੀਅਤ ਦਾ ਸਭ ਤੋਂ ਪਿਆਰਾ ਪੱਖ ਇਹ ਹੈ ਕਿ ਉਹ ਬਹੁਤ ਵਧੀਆ ਮੇਜ਼ਬਾਨ ਹੈ। ਉਸ ਦੀ ਇਸ ਵਿਲੱਖਣ ਤਰਜ਼ੇ ਜ਼ਿੰਦਗੀ ਨੂੰ ਵੇਖ ਕੇ ਮੈਨੂੰ 19ਵੀਂ-20ਵੀਂ ਸਦੀ ਦੀਆਂ ਪੈਰਿਸ ਸ਼ਹਿਰ ਦੀਆਂ ਉਨ੍ਹਾਂ ਜ਼ਹੀਨ ਤੇ ਧਨਾਢ ਔਰਤਾਂ ਦੀ ਯਾਦ ਆਉਂਦੀ ਹੈ ਜੋ ਆਪਣੇ ਘਰਾਂ ਦੇ ਦੀਵਾਨਖਾਨਿਆਂ ਵਿਚ ਅਜਿਹੀਆਂ ਮਹਿਫ਼ਲਾਂ ਮੁਨੱਕਦ ਕਰਦੀਆਂ ਸਨ ਜਿਨ੍ਹਾਂ ਵਿਚ ਪੈਰਿਸ ਦੇ ਮੰਨੇ-ਪ੍ਰਮੰਨੇ ਲੇਖਕ, ਚਿੱਤਰਕਾਰ, ਬੁੱਤ-ਤਰਾਸ਼, ਕਵੀ, ਗਾਇਕ ਤੇ ਬੁੱਧੀਜੀਵੀ ਆਪਣੀ ਹਾਜ਼ਰੀ ਲਵਾਉਂਦੇ ਸਨ। ਚੰਡੀਗੜ੍ਹ ਵਿਚ ਸਾਹਿਤ ਸਭਾਵਾਂ ਤਾਂ ਬਹੁਤ ਹਨ ਪਰ ਸੁਰਜੀਤ ਬੈਂਸ ਦਾ ਇਕੋ-ਇਕ ਅਜਿਹਾ ਘਰ ਹੈ ਜਿਸ ਦੇ ਦੀਵਾਨਖਾਨੇ ਵਿਚ ਲਗਪਗ ਹਰ ਮਹੀਨੇ ਟ੍ਰਾਈਸਿਟੀ ਦੇ ਰੌਸ਼ਨ-ਦਿਮਾਗ਼ ਲੋਕ ਆ ਜੁੜਦੇ ਹਨ, ਭਖ਼ਦੇ ਮਸਲਿਆਂ ’ਤੇ ਚਰਚਾ ਕਰਦੇ ਹਨ ਤੇ ਗੀਤ-ਸੰਗੀਤ ਦਾ ਲੁਤਫ਼ ਲੈਂਦੇ ਹਨ; ਤੇ ਸ੍ਰੀਮਤੀ ਬੈਂਸ ਦੀ ਰਸੋਈ ’ਚ ਬਣੇ ਸੁਆਦਲੇ ਭੋਜਨ ਦਾ ਆਨੰਦ ਮਾਣਦੇ ਹਨ।
ਸੁਰਜੀਤ ਬੈਂਸ ਮੂਲ ਰੂਪ ਵਿਚ ਕਵੀ ਹੈ, ਉਹ ਕਹਾਣੀਆਂ ਵੀ ਲਿਖਦੀ ਹੈ। ਉਸ ਦੀਆਂ ਕਹਾਣੀਆਂ ਦੀ ਭਾਸ਼ਾ-ਸ਼ੈਲੀ ’ਚ ਕਵਿਤਾ ਵਰਗੀ ਹੀ ਰਵਾਨੀ ਹੁੰਦੀ ਹੈ। ਜਦੋਂ ਉਹ ਆਪਣਾ ਕੋਈ ਗੀਤ ਆਪਣੀ ਸੁਰੀਲੀ ਆਵਾਜ਼ ਵਿਚ ਗਾਉਂਦੀ ਹੈ ਤਾਂ ਵਜਦ ਦੀ ਸਥਿਤੀ ਵਿਚ ਖ਼ੁਦ ਹੀ ਗੀਤ ਬਣ ਜਾਂਦੀ ਹੈ। ਉਸ ਸਮੇਂ ਸੂਈ ਦੇ ਹੇਠਾਂ ਡਿੱਗਣ ਦੀ ਆਵਾਜ਼ ਵੀ ਉਸ ਨੂੰ ਪਰੇਸ਼ਾਨ ਕਰ ਸਕਦੀ ਹੈ।
‘ਇਕ ਰਾਤ ਜਾਗਦੀ ਏ’ ਅਤੇ ‘ਰੀਝਾਂ ਤੇ ਕੂੰਜਾਂ’ ਉਸ ਦੇ ਹੁਣ ਤੱਕ ਪ੍ਰਕਾਸ਼ਿਤ ਦੋ ਕਾਵਿ-ਸੰਗ੍ਰਹਿ ਹਨ। ‘ਸੁਨੈਣਾ’, ‘ਰੇਸ਼ਮੀ ਕੁੜੀ’ ਅਤੇ ‘ਸੁਣਾ ਸੁਰਜੀਤ’ ਉਸ ਦੀਆਂ ਕਹਾਣੀਆਂ ਦੇ ਸੰਗ੍ਰਹਿ ਹਨ। ਇੱਥੇ ਮੈਂ ਉਸ ਦੀ ਤਾਜ਼ਾ ਛਪੀ ਕਹਾਣੀਆਂ ਦੀ ਕਿਤਾਬ ‘ਸੁਣਾ ਸੁਰਜੀਤ’ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕਰਨਾ ਚਾਹਾਂਗਾ। ਕਿਤਾਬ ਦੇ ਆਰੰਭ ਵਿਚ ਲੇਖਿਕਾ ਦਾ ਸਵੈ-ਕਥਨ ਬਹੁਤ ਮਹੱਤਵਪੂਰਨ ਹੈ। ਇਹ ਉਸ ਦੀ ਜ਼ਿੰਦਗੀ ਦਾ ‘ਮੈਨੀਫੈਸਟੋ’ ਕਿਹਾ ਜਾ ਸਕਦਾ ਹੈ। ਉਸ ਦਾ ਕਥਨ ਹੈ:
‘ਜਦੋਂ ਮੈਨੂੰ ਲੱਗਦਾ ਹੈ ਕਿ ਮੈਂ ਹਰ ਮੁਹਾਜ਼ ਉਪਰ ਫੇਲ੍ਹ ਹਾਂ, ਤਾਂ ਮੇਰੇ ਅੰਦਰ ਇਕ ਚੀਸ ਉੱਠਦੀ ਹੈ ਕਿ ਜ਼ਿੰਦਾ ਰਹਿ ਕੇ ਹੀ ਜਿਊਣਾ ਹੈ।
ਮਰਨਾ ਕਿਸੇ ਵੀ ਮਰਜ਼ ਦਾ ਹੱਲ ਨਹੀਂ।
ਜਦੋਂ ਮੈਨੂੰ ਸਾਰੇ ਛੱਡ ਜਾਂਦੇ ਨੇ, ਤੇ ਸੋਚਦੇ ਨੇ ਕਿ ਇਹ ਇਕੱਲੀ ਕੀ ਕਰੇਗੀ, ਤਾਂ ਮੇਰੇ ਅੰਦਰ ਇਕ ਸ਼ਹਿਰ ਜਾਗ ਪੈਂਦਾ ਏ। ਕਮਲੇ ਕੀ ਜਾਨਣ… ਮੈਂ ਕਿਸੇ ਵੀ ਇਕੱਲ ਵਿਚ ਕੱਲੀ ਨਹੀਂ।
ਮੇਰੇ ਕੋਲ ਇਸ਼ਕ ਦਾ ਤਸੱਵਰ ਹੈ, ਜਿਹੜਾ ਮੈਨੂੰ ਸੰਦਲੀ ਬਾਗਾਂ ਵਿਚ ਲੈ ਤੁਰਦਾ ਹੈ।’
ਤੇ ਫੇਰ ਉਹ ਕਹਿੰਦੀ ਹੈ:
ਮੈਂ ਸੁਰਜੀਤ ਹਾਂ
ਸੁਰਜੀਤ ਹੀ ਰਹਾਂਗੀ
ਸੁਰਜੀਤ ਰਹਿਣਾ
ਸੁਰਜੀਤ ਕਰਨਾ ਹੀ
ਸੁਰਜੀਤ ਨੂੰ
ਭਾਉਂਦਾ ਹੈ!
ਜਦੋਂ ਮੈਂ ਸੁਰਜੀਤ ਦਾ ਇਹ ‘ਐਲਾਨਨਾਮਾ’ ਪੜ੍ਹ ਰਿਹਾ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਉਹ ਕੁਕਨੂਸ ਦੀ ਸਭ ਤੋਂ ਨੇੜਲੀ ਭੈਣ ਹੈ, ਉਸ ਕੁਕਨੂਸ ਦੀ ਜੋ ਆਪਣੇ ਆਪ ਨੂੰ ਭਸਮ ਕਰ ਲੈਂਦਾ ਹੈ ਤੇ ਫੇਰ ਆਪਣੀ ਹੀ ਸੁਆਹ ਵਿਚੋਂ ਪੁਨਰ-ਸੁਰਜੀਤ ਹੋ ਜਾਂਦਾ ਹੈ। ਸੱਚਮੁੱਚ, ਸੁਰਜੀਤ ਸਾਨੂੰ ਜਿਊਣ ਲਈ, ਕੁਝ ਨਵਾਂ ਸਿਰਜਣ ਲਈ, ਕੁਝ ਨਵਾਂ ਗੁਣਗੁਣਾਉਣ ਲਈ ਤੇ ਜ਼ਿੰਦਗੀ ਨੂੰ ਪਿਆਰ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਦੀ ਹੈ। ਉਸ ਦੀ ਸੋਹਬਤ ਵਿਚ ਜ਼ਿੰਦਗੀ ਨਾਲ ਇਸ਼ਕ ਕਰਨ ਦਾ ਸਬਕ ਸਹਿਜੇ ਹੀ ਸਿੱਖਿਆ ਜਾ ਸਕਦਾ ਹੈ।
‘ਸੁਣਾ ਸੁਰਜੀਤ’ ਸੰਗ੍ਰਹਿ ਦੀਆਂ ਕਹਾਣੀਆਂ/ ਸੰਸਮਰਣ ਲੇਖਿਕਾ ਦੇ ਖ਼ੁਦ ਵੇਖੇ ਤੇ ਭੋਗੇ ਯਥਾਰਥ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਉਹ ਕਹਾਣੀਆਂ ਘੜਦੀ ਨਹੀਂ, ਜਿਊਂਦੀ ਹੈ।
ਇਹ ਕਹਾਣੀਆਂ ਹਨ ਸਤਰੰਗੀ ਜ਼ਿੰਦਗੀ ਦੀਆਂ,
ਇਹ ਕਹਾਣੀਆਂ ਹਨ ਤਲਖ਼ ਹਕੀਕਤ ਦੀਆਂ,
ਇਹ ਕਹਾਣੀਆਂ ਹਨ ਨਗਨ ਸੱਚਾਈ ਦੀਆਂ,
ਇਹ ਕਹਾਣੀਆਂ ਹਨ ਮਨੁੱਖੀ ਮਨ ਅੰਦਰ ਕਬਰਿਸਤਾਨ ਦੀਆਂ
ਜਿਸ ਵਿਚ ਦਫ਼ਨ ਹੁੰਦੀਆਂ ਹਨ ਚਾਹਤਾਂ, ਉਮੀਦਾਂ ਅਤੇ ਨਿਸ਼ਬਦ ਪਿਆਰ ਦੀਆਂ ਟੀਸਾਂ।
ਇਹ ਕਹਾਣੀਆਂ ਹਨ ਪੇਂਡੂ ਭਾਈਚਾਰੇ, ਅਰਥਚਾਰੇ ਅਤੇ ਬਣਦੇ ਵਿਗੜਦੇ ਰਿਸ਼ਤਿਆਂ ਦੀਆਂ। ਸੁਰਜੀਤ ਦੇ ਕਥਾ-ਕਥਨ ਵਿਚ ਬੇਬਾਕੀ ਤੇ ਸਾਫ਼ਗੋਈ ਹੈ। ਉਸ ਦੀ ਭਾਸ਼ਾ, ਮੁਹਾਵਰੇ ਖਰੇ ਸਿੱਕੇ ਵਾਂਗ ਟਣਕਦੇ ਹਨ। ਸੁਰਜੀਤ ਬੈਂਸ ਦਾ ਵਿਅੰਗ ਗੁੱਝਾ ਹੋ ਕੇ ਵੀ ਬਹੁਤ ਤੀਖਣ ਹੈ। ਉਦਾਹਰਣ ਵਜੋਂ:
- ਅੰਗਰੇਜ਼ਾਂ ਦੀ ਇਕ ਗੱਲ ਸੀ ਕਿ ਉਹ ਸਾਡੇ ਲੋਕਾਂ ਵਾਂਗੂ ਕੋਈ ਜ਼ਬਰਦਸਤੀ ਨਹੀਂ ਸੀ ਕਰਦੇ।
- ਜੇ ਟੱਬਰ ਵਿਚ ਗੋਰਾ ਰੰਗ ਸ਼ਾਮਲ ਹੋ ਜਾਵੇ ਤਾਂ ਕੀ ਮਾੜਾ।
‘ਸੁਣਾ ਸੁਰਜੀਤ’ ਸੰਗ੍ਰਹਿ ਦੀ ਇਕ ਕਹਾਣੀ ‘ਤਿੰਨ ਖਸਮ’ ਦੀ ਵਿਸ਼ੇਸ਼ ਰੂਪ ਵਿਚ ਚਰਚਾ ਕਰਨੀ ਬਣਦੀ ਹੈ। ਇਹ ਸ਼ੋਖ ਤੇ ਚੁਲਬੁਲੀ ਕਰਤਾਰੋ ਦੀ ਕਹਾਣੀ ਹੈ ਜੋ ਜਵਾਨੀ ’ਚ ਪੈਰ ਧਰਦਿਆਂ ਹਵਾ ਵਾਂਗ ਉੱਡੀ ਫਿਰਦੀ ਹੈ ਤੇ ਫੁੱਲਾਂ ਨਾਲ ਹਾਸਾ ਵੰਡਦੀ ਹੈ। ਉਸ ਦੇ ਕਾਲੇ ਲੰਮੇ ਵਾਲ, ਹਿਰਨੀ ਵਰਗੀ ਚਾਲ, ਨੈਣ ਸ਼ਰਾਬੀ, ਸਰੂ ਵਰਗਾ ਕੱਦ ਤੇ ਨਾਜ਼ੁਕ ਲੱਕ- ਜੋ ਵੀ ਵੇਖਦਾ ਕੀਲਿਆ ਜਾਂਦਾ। ਸੁਪਨਿਆਂ ਦੀ ਉਮਰ ’ਚੋਂ ਲੰਘਦਿਆਂ ਉਹ ਆਪਣੀ ਕਲਪਨਾ ਵਿਚ ਆਪਣੇ ਆਦਰਸ਼ ਸਾਥੀ ਨੂੰ ਸਿਰਜਦੀ। ਕਰਤਾਰੀ ਦਾ ਵਿਆਹ ਹੋ ਗਿਆ ਸਰਦੂਲ ਨਾਲ। ਕਰਤਾਰੀ ਦੇ ਰਸ ਭਰੇ ਜਿਸਮ ਦਾ ਲੋਭੀ ਉਸ ਦਾ ਪਤੀ ਇਕ ਪਲ ਲਈ ਵੀ ਉਸ ਨੂੰ ਆਪਣੇ ਕੋਲੋਂ ਪਰ੍ਹਾਂ ਨਹੀਂ ਸੀ ਹੋਣ ਦਿੰਦਾ। ਸਰਦੂਲ ਦਾ ਕੰਮ ਕਰਨ ਨੂੰ ਭੋਰਾ ਦਿਲ ਨਹੀਂ ਸੀ ਕਰਦਾ। ਕਰਤਾਰੀ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਬੰਦਾ ਜੇ ਕਮਾਊ ਨਹੀਂ ਤਾਂ ਕੱਖ ਦਾ ਨਹੀਂ। ਔਰਤ ਦੇ ਦੋ ਖਸਮ ਹੁੰਦੇ ਹਨ- ਇਕ ਖਸਮ ਉਹ ਜੋ ਔਰਤ ਦੀਆਂ ਜਿਸਮਾਨੀ ਲੋੜਾਂ ਪੂਰੀਆਂ ਕਰੇ ਤੇ ਦੂਜਾ ਧਨ ਜੋ ਆਰਥਿਕ ਲੋੜਾਂ ਦੀ ਪੂਰਤੀ ਕਰੇ। ਜ਼ਿੰਦਗੀ ਦੀ ਅਧਵਾਟੇ ਪਹੁੰਚ ਕੇ ਜਦੋਂ ਕਰਤਾਰੀ ਦੇ ਦੋਵੇਂ ਬੱਚੇ ਜਵਾਨ ਹੋ ਗਏ, ਪਤੀ ਨਾਲ ਸਬੰਧ ਠੰਢੇ ਪੈ ਗਏ ਤਾਂ ਉਹ ਬਹੁਤ ਇਕੱਲੀ ਤੇ ਉਦਾਸ ਹੋ ਗਈ। ਅਜਿਹੀ ਢਹਿੰਦੀ ਕਲਾ ਵਿਚ ਉਸ ਦੇ ਸੁਫ਼ਨਿਆਂ ਦਾ ਸ਼ਹਿਜ਼ਾਦਾ ਉਸ ਦੀ ਬਾਂਹ ਫੜਦਾ ਹੈ ਤੇ ਉਸ ਅੰਦਰ ਜਿਊਣ ਦੀ ਲਾਲਸਾ ਪੈਦਾ ਕਰਦਾ ਹੈ। ਸੁਫ਼ਨਿਆਂ ਦਾ ਇਹ ਸ਼ਹਿਜ਼ਾਦਾ ਉਸ ਦੀ ਜਾਚੇ ਉਸ ਦਾ ਤੀਜਾ ਖਸਮ ਹੈ। ਉਹ ਹੈਰਾਨ ਹੋ ਕੇ ਸੋਚਦੀ ਹੈ ਕਿ ਮਾਂ ਨੇ ਤਾਂ ਕਦੇ ਏਸ ਤੀਸਰੇ ਖਸਮ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਸੁਰਜੀਤ ਬੈਂਸ ਦੀ ਇਹ ਕਹਾਣੀ ਪੰਜਾਬੀ ਦੀਆਂ ਸਰਵੋਤਮ ਕਹਾਣੀਆਂ ’ਚ ਸ਼ੁਮਾਰ ਹੋ ਸਕਦੀ ਹੈ।
ਸੁਰਜੀਤ ਬੈਂਸ ਜੀਵਨ ਊਰਜਾ ਨਾਲ ਭਰੀ ਹੋਈ ਲੇਖਿਕਾ ਹੈ। ਉਸ ਦੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਹਨ- ਬੇਬਾਕੀ, ਨਿਡਰਤਾ, ਬੁਲੰਦ ਹੌਸਲਾ, ਮੁਸੀਬਤਾਂ ਨੂੰ ਜਰਨ ਦੀ ਅਥਾਹ ਸਮਰੱਥਾ, ਮਾਨਵੀ ਰਿਸ਼ਤਿਆਂ ਪ੍ਰਤੀ ਸੰਵੇਦਨਾ ਅਤੇ ਸੱਚਾਈ, ਪੁਖ਼ਤਾ ਸੋਚ, ਇਮਾਨਦਾਰੀ, ਦਰਿਆਦਿਲੀ, ਸਿਆਣਪ ਅਤੇ ਸਹਿਜਤਾ। ਉਸ ਦੀਆਂ ਰਚਨਾਵਾਂ ਉਸ ਦੀ ਮਿਕਨਾਤੀਸੀ ਸ਼ਖ਼ਸੀਅਤ ਦੀਆਂ ਹੀ ਵਿਸਥਾਰਤ ਰੂਪ ਹਨ। ਉਸ ਨੇ ਆਪਣੇ ਨਿਵੇਕਲੇ ਜਿਹੇ ਸਮਰਪਣ ’ਚ ਖ਼ੁਦ ਹੀ ਇਹ ਤਸਲੀਮ ਕੀਤਾ ਹੈ, ‘ਇਹ ਸਾਰੀਆਂ ਕਹਾਣੀਆਂ ਮੇਰੀਆਂ ਨੇ। ਮੈਂ ਆਪਣੇ ਆਪ ਤੋਂ ਬਾਹਰ ਜਾ ਕੇ ਇਕ ਅੱਖਰ ਵੀ ਨਹੀਂ ਲਿਖ ਸਕਦੀ।’
ਸੰਪਰਕ: 98551-23499