ਡਾ. ਸੁਰਜੀਤ ਸਿੰਘ ਭਦੌੜ
ਮਨਦੀਪ ਕੁੰਦੀ ਤਖਤੂਪੁਰਾ ਦੀ ਪੁਸਤਕ ‘ਪਾਪਾ ਮੈਂ ਲੜਾਂਗੀ’ (ਕੀਮਤ: 140 ਰੁਪਏ; ਸੂਰਜਾਂ ਦੇ ਵਾਰਿਸ ਪਬਲੀਕੇਸ਼ਨ) ਕਿਸਾਨੀ ਸੰਘਰਸ਼ ’ਤੇ ਕੇਂਦਰਿਤ ਉਸ ਦੀਆਂ ਮੌਲਿਕ ਕਹਾਣੀਆਂ ਦੀ ਪੁਸਤਕ ਹੈ। ਕਿਸਾਨੀ ਸੰਘਰਸ਼ ਨੇ ਸਮਾਜਿਕ ਢਾਂਚੇ ਵਿਚ ਜ਼ਿਕਰਯੋਗ ਤਬਦੀਲੀ ਲਿਆਂਦੀ ਹੈ। ਇਸ ਵਿਚ ਕਿਸਾਨੀ ਸੰਘਰਸ਼ ਸਬੰਧੀ ਰਚੇ ਸਾਹਿਤ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਸ ਕਿਸਾਨੀ ਸੰਘਰਸ਼ ਵਿਚ ਬਹੁਤ ਸਾਰੇ ਉਸਾਰੂ ਸਾਹਿਤ ਦੀ ਸਿਰਜਣਾ ਹੋਈ ਹੈ। ਕਾਵਿ ਸਮੇਤ ਵੱਖ ਵੱਖ ਵਿਧਾਵਾਂ ਵਿਚ ਲਿਖੇ ਗਏ ਸਾਹਿਤ ਨੂੰ ਸਾਂਝੇ ਸੰਗ੍ਰਹਿਆਂ ਵਿਚ ਵੱਡੇ ਪੱਧਰ ’ਤੇ ਪ੍ਰਕਾਸ਼ਿਤ ਕਰ ਕੇ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਕਹਾਣੀਕਾਰ ਮਨਦੀਪ ਕੁੰਦੀ ਦਾ ਹਥਲਾ ਕਹਾਣੀ ਸੰਗ੍ਰਹਿ ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਸਮਰਪਿਤ ਹੈ। ਕਿਤਾਬ ਦੀ ਸ਼ੁਰੂਆਤੀ ਕਹਾਣੀ ‘ਜ਼ਿੰਦਗੀ ਜਿਊਣਾ ਮੰਗਦੀ ਹੈ’ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨ ਗੁਰੀ ਦੀ ਪਤਨੀ ਪਰਮਿੰਦਰ ਕੌਰ ਪਿੰਦਰ ਦੇ ਸਹੁਰੇ ਘਰ ਵਿਚ ਰਹਿਣ ਦੇ ਭਾਵਪੂਰਤ ਫ਼ੈਸਲੇ ਦੀ ਕਹਾਣੀ ਹੈ ਜਦੋਂਕਿ ਕਿਤਾਬ ਦੀ ਟਾਈਟਲ ਅਤੇ ਅੰਤਿਮ ਕਹਾਣੀ ‘ਪਾਪਾ ਮੈਂ ਲੜਾਂਗੀ’ ਉੱਚ ਸਿੱਖਿਆ ਪ੍ਰਾਪਤ ਕਰਦੀਆਂ ਗ਼ਰੀਬ ਕਿਸਾਨ ਦੀਆਂ ਧੀਆਂ ਦਾ ਬਾਪ ਦੇ ਕਿਸਾਨੀ ਸੰਘਰਸ਼ ਦੀ ਭੇਂਟ ਚੜ੍ਹ ਜਾਣ ਤੋਂ ਬਾਅਦ ਧੀਆਂ ਵੱਲੋਂ ਬਾਪ ਦੀ ਅਰਥੀ ਨੂੰ ਮੋਢਾ ਦੇਣ ਲਈ ਕਾਨ੍ਹੀ ਬਣਨ ਦਾ ਫ਼ੈਸਲਾ ਅਤੇ ਇਹ ਕਹਿਣਾ ‘ਤੁਹਾਡੀ ਬੇਟੀ ਇਸ ਸਿਸਟਮ ’ਚ ਰਹਿ ਕੇ ਕਿਰਤੀਆਂ ਤੇ ਕਿਸਾਨਾਂ ਦੀ ਲੜਾਈ ਲੜਦੀ ਰਹੇਗੀ ਸਾਰੀ ਉਮਰ’ ਇਸ ਪੁਸਤਕ ਦਾ ਭਾਵੁਕ ਸਿਖਰ ਹੈ। ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਕੁੱਲ 14 ਕਹਾਣੀਆਂ ’ਚੋਂ 8 ਕਹਾਣੀਆਂ ਦੇ ਵਿਸ਼ੇ ਨਿਰੋਲ ਕਿਸਾਨੀ ਸੰਘਰਸ਼ ਨਾਲ ਸਬੰਧਿਤ ਹਨ। ਮਨਦੀਪ ਨੇ ਕਹਾਣੀਆਂ ਦੇ ਪਲਾਟ ਅਤੇ ਪਾਤਰ ਮੌਜੂਦਾ ਕਿਸਾਨੀ ਅੰਦੋਲਨ ਵਿਚੋਂ ਲਏ ਹਨ। ਕਹਾਣੀ ‘ਹੰਝੂ ਜਦੋਂ ਬੋਲਦੇ ਨੇ’ ਕਿਸਾਨੀ ਸੰਘਰਸ਼ ਵਿਚ ਲਾਲ ਕਿਲੇ ਵਾਲੀ ਘਟਨਾ ਤੋਂ ਹੁੰਦਿਆਂ ਰਕੇਸ਼ ਟਿਕੈਤ ਦੇ ਹੰਝੂਆਂ ਵਿਚੋਂ ਮਘੀ ਲਹਿਰ ਦਾ ਵਰਣਨ ਕਰਦੀ ਹੈ। ਲੇਖਕ ਨੇ ਕਿਸਾਨੀ ਸੰਘਰਸ਼ ਦੌਰਾਨ ਸਾਹਮਣੇ ਆਏ ਪੱਖਾਂ ਅਤੇ ਘਟਨਾਵਾਂ ਨੂੰ ਵੱਖ ਵੱਖ ਕਹਾਣੀ ਸਿਰਲੇਖਾਂ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ‘ਲੰਗਰ’ ਕਿਸਾਨ ਮੋਰਚੇ ਵਿਚ ਲੱਗੇ ਲੰਗਰਾਂ ’ਚੋਂ ਨੋਟਬੰਦੀ ਅਤੇ ਲੌਕਡਾਊਨ ਦੇ ਝੰਬੇ ਲੋਕਾਂ ਨੂੰ ਰਾਹਤ, ‘ਫਰਿਸ਼ਤੇ’ ਕਿਸਾਨ ਮੋਰਚੇ ਦੇ ਲੰਗਰਾਂ ਕਾਰਨ ਹੋਟਲ ਦੇ ਕੰਮਕਾਜ ਠੱਪ ਹੋਣ ਕਾਰਨ ਸਤਾਏ ਵਪਾਰੀ ਦੀ ਮੱਦਦ, ‘ਦਾਨਵੀਰ’ ਕਹਾਣੀ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਸ਼ਹੀਦ ਹੋਣ ਵਾਲੇ ਫ਼ੌਜੀਆਂ ਦੇ ਕਿਸਾਨ ਮਾਪਿਆਂ ਦੇ ਸਿੰਘੂ ਬਾਰਡਰ ’ਤੇ ਡਟੇ ਹੋਣ ਦਾ ਵਰਣਨ ਕਰਦੀਆਂ ਹਨ। ਕਿਸਾਨੀ ਸੰਘਰਸ਼ ਦੀਆਂ ਇਨ੍ਹਾਂ ਕਹਾਣੀਆਂ ਦੇ ਨਾਲ ਨਾਲ ਮਨਦੀਪ ਦੀਆਂ ਇਸ ਕਿਤਾਬ ਵਿਚ ਸ਼ਾਮਿਲ ਦੂਜੀਆਂ ਕਹਾਣੀਆਂ ‘ਮੁਣਸ਼ੀ ਮਲੰਗ’, ‘ਮਾਂ’, ‘ਕਲਯੁਗੀ ਬਾਬਾ’, ‘ਪੋਚਾ’ ਅਤੇ ‘ਸੱਪ ਤੋਂ ਖਤਰਨਾਕ’ ਦੇਸ਼ ਵੰਡ ਦੇ ਦਰਦ, ਪਰਦੇਸੀ ਕੰਤ ਦੇ ਚੱਲਦਿਆਂ ਔਰਤ ਦੀ ਸਮਾਜਿਕ ਦੁਰਦਸ਼ਾ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ। ਕਹਾਣੀਆਂ ਵਿਚ ਕਹਾਣੀਕਾਰ ਸੰਵਾਦ ਰਾਹੀਂ ਸਪੱਸ਼ਟ ਸ਼ਬਦਾਂ ਵਿਚ ਕਾਰਨ ਨੂੰ ਸਮਝਾਉਣ ਦੀ ਕੋਸ਼ਿਸ ਕਰਦਾ ਹੈ। ਮਿਸਾਲ ਵਜੋਂ ‘ਮਦਰ ਇੰਡੀਆ’ ਕਹਾਣੀ ਦਾ ਪਾਤਰ ਪੁੱਤ ਆਪਣੀ ਬੇਬੇ ਨੂੰ ਕਹਿੰਦਾ ਹੈ “ਉਨ੍ਹਾਂ ਨੇ ਧੱਕੇ ਨਾਲ ਥੋੜ੍ਹਾ ਖੋਹਣੀਆਂ ਜ਼ਮੀਨਾਂ ਜਦੋਂ ਸਰਕਾਰੀ ਖਰੀਦ ਬੰਦ ਕਰਤੀ ਤੇ ਆਪਣੇ ਆਸੇ ਪਾਸੇ ਵਾਲੀਆਂ ਪੈਲੀਆਂ ’ਤੇ ਆਪਣੀ ਮਰਜ਼ੀ ਦੀਆਂ ਫਸਲਾਂ ਬੀਜੀਆਂ ਫਿਰ ਆਪਾਂ ਨੂੰ ਮਜਬੂਰਨ ਆਪਣੀ ਪੈਲੀ ਉਨ੍ਹਾਂ ਨੂੰ ਦੇਣੀ ਪਊ ਜਾਂ ਫਿਰ ਵੇਚਣੀ ਪੈਣੀ ਆ।’’ ਇਸੇ ਤਰ੍ਹਾਂ ਇਕ ਹੋਰ ਕਹਾਣੀ ‘ਸਰਦਾਰੀ’ ਦਾ ਪਾਤਰ ਜਦੋਂ ਕਹਿੰਦਾ ਹੈ “ਹੁਣ ਸਮਾਂ ਆ ਗਿਆ ਜੇਕਰ ਪੰਜਾਬ ਦੇ ਲੋਕਾਂ ਨੇ ਤਰੱਕੀ ਕਰਨੀ ਏ ਤਾਂ ਸਾਡੇ ਲੋਕਾਂ ਨੂੰ ਜਾਤ ਪਾਤਾਂ ਤੇ ਫੁੱਟ ਪਾਊ ਰਾਜਨੀਤੀ ਤੋਂ ਉੱਪਰ ਉੱਠ ਕੇ ਚੱਲਣਾ ਪਊਗਾ” ਤਾਂ ਸਮਾਜਿਕ ਸੁਨੇਹਾ ਸਪੱਸ਼ਟ ਰੂਪ ਵਿਚ ਦਿਖਾਈ ਦਿੰਦਾ ਹੈ। ਮਨਦੀਪ ਕੁੰਦੀ ਤਖਤੂਪੁਰਾ ਨੇ ਕਿਸਾਨੀ ਸੰਘਰਸ਼ ’ਚ ਆਪਣੇ ਵੱਲੋਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸ਼ਲਾਘਾਯੋਗ ਉੱਦਮ ਹੈ।
ਸੰਪਰਕ: 98884-88060