ਪ੍ਰੀਤਮਾ ਦੋਮੇਲ
ਮਿਸ ਸ਼ਿਵਾਨੀ ਵਰਮਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਨਵੀਂ-ਨਵੀਂ ਪ੍ਰਿੰਸੀਪਲ ਬਣ ਕੇ ਆਈ ਸੀ। ਸ਼ਹਿਰ ਦੇ ਐਨ ਵਿਚਕਾਰ ਬਹੁਤ ਸਾਰੀ ਜਗ੍ਹਾ ਵਿਚ ਬਹੁਤ ਸਾਰੇ ਕਮਰਿਆਂ ਵਿਚ ਇਹ ਸਕੂਲ ਫੈਲਿਆ ਹੋਇਆ ਸੀ। ਇਹ ਸ਼ਹਿਰ ਦਾ ਸਭ ਤੋਂ ਵੱਡਾ ਸਕੂਲ ਸੀ। ਸ਼ਿਵਾਨੀ ਪਹਿਲਾਂ ਪ੍ਰਮੋਟ ਹੋ ਕੇ ਸ਼ਹਿਰ ਦੇ ਕਿਸੇ ਨੇੜੇ ਦੇ ਪਿੰਡ ਵਿਚ ਪ੍ਰਿੰਸੀਪਲ ਲੱਗੀ ਸੀ। ਉੱਥੇ ਉਹ ਸਿਰਫ਼ ਤਿੰਨ-ਚਾਰ ਮਹੀਨੇ ਹੀ ਰਹੀ ਸੀ। ਜਦ ਇਸ ਸਕੂਲ ਦੀ ਪ੍ਰਿੰਸੀਪਲ ਸੇਵਾਮੁਕਤ ਹੋ ਗਈ ਤਾਂ ਉਸ ਦੇ ਪਿਤਾ ਜੀ ਨੇ ਕਹਿ-ਕੁਹਾ ਕੇ ਉਸ ਦੀ ਇੱਥੋਂ ਦੀ ਬਦਲੀ ਕਰਵਾ ਦਿੱਤੀ। ਸ਼ਿਵਾਨੀ ਤਾਂ ਬਹੁਤ ਖ਼ੁਸ਼ ਸੀ ਪਰ ਜਦ ਉਸ ਨੇ ਸਕੂਲ ਵਿਚ ਆ ਕੇ ਇੱਥੋਂ ਦਾ ਰੰਗ-ਢੰਗ ਦੇਖਿਆ ਤਾਂ ਉਸ ਦੀ ਸਾਰੀ ਖ਼ੁਸ਼ੀ ਪ੍ਰੇਸ਼ਾਨੀ ਵਿਚ ਬਦਲ ਗਈ।
ਸਕੂਲ ਦੇ ਬਹੁਤ ਸਾਰੇ ਕਮਰੇ ਹੋਣ ਕਰਕੇ ਬੱਚੇ ਆਪਣੀਆਂ ਕਲਾਸਾਂ ਬੰਕ ਕਰ ਕੇ ਉਨ੍ਹਾਂ ਵਿਚ ਜਾ ਕੇ ਲੁਕ ਕੇ ਬੈਠ ਜਾਂਦੇ। ਅਧਿਆਪਕਾਂ ਨੇ ਆਪਣੀ ਮਰਜ਼ੀ ਨਾਲ ਟਾਈਮ ਟੇਬਲ ਵਿਚ ਆਪਣੇ ਤਿੰਨ-ਤਿੰਨ ਪੀਰੀਅਡ ’ਕੱਠੇ ਹੀ ਖਾਲੀ ਰੱਖੇ ਹੋਏ ਸਨ ਜਿਨ੍ਹਾਂ ਵਿਚ ਉਹ ਆਪਣੇ ਘਰਾਂ ਵਿਚ ਜਾ ਕੇ ਟਿਊਸ਼ਨ ਪੜ੍ਹਾ ਆਉਂਦੇ। ਬਾਜ਼ਾਰ ਵਿਚ ਸਕੂਲ ਹੋਣ ਕਰਕੇ ਅਧਿਆਪਕਾਵਾਂ ਖ਼ਰੀਦਦਾਰੀ ਕਰਨ ਲਈ ਗਈਆਂ ਰਹਿੰਦੀਆਂ। ਗੇਟ ’ਤੇ ਕੋਈ ਰੋਕਣ ਟੋਕਣ ਵਾਲਾ ਨਾ ਹੋਣ ਕਰਕੇ ਬੱਚੇ ਵੀ ਜਦ ਜੀਅ ਕਰਦਾ ਅਧਿਆਪਕਾਂ ਤੋਂ ਅੱਖ ਬਚਾ ਕੇ ਬਾਹਰ ਨਿਕਲ ਜਾਂਦੇ। ਸ਼ਿਵਾਨੀ ਨੂੰ ਇਸ ਸਭ ਨੂੰ ਠੀਕ ਕਰਦਿਆਂ-ਕਰਦਿਆਂ ਕਈ ਮਹੀਨੇ ਲੰਘ ਗਏ। ਸਭ ਤੋਂ ਪਹਿਲਾਂ ਉਸ ਨੇ ਨਵਾਂ ਟਾਈਮ ਟੇਬਲ ਬਣਾਇਆ ਤੇ ਫਿਰ ਸਕੂਲ ਦੇ ਮਾਲੀ ਨੂੰ ਪੱਕੇ ਤੌਰ ’ਤੇ ਰਜਿਸਟਰ ਦੇ ਕੇ ਗੇਟ ’ਤੇ ਬਿਠਾ ਦਿੱਤਾ ਜੋ ਸਭ ਦੇ ਬਾਹਰ ਜਾਣ ਤੇ ਬਾਹਰੋਂ ਆਉਣ ਵਾਲਿਆਂ ਦਾ ਨਾਉਂ ਤੇ ਟਾਈਮ ਨੋਟ ਕਰਦਾ ਤੇ ਉਨ੍ਹਾਂ ਖਾਲੀ ਪਏ ਕਮਰਿਆਂ ਨੂੰ ਤਾਲੇ ਲਗਾ ਦਿੱਤੇ। ਕੁਝ ਸਮੇਂ ਬਾਅਦ ਸਕੂਲ ਤਾਂ ਭਾਵੇਂ ਠੀਕ ਲੀਹ ’ਤੇ ਆ ਗਿਆ ਪਰ ਉਸ ਦੇ ਸਕੂਲ ਦਾ ਸਟਾਫ ਆਪਣੀਆਂ ਸਾਰੀਆਂ ਸਹੂਲਤਾਂ ਖੁੱਸ ਜਾਣ ਕਰਕੇ ਖ਼ੁਸ਼ ਨਹੀਂ ਸੀ। ਉਹ ਗੱਲ-ਗੱਲ ’ਤੇ ਉਸ ਦਾ ਵਿਰੋਧ ਕਰਦੇ। ਜੇ ਕਿਸੇ ਨੂੰ ਕਿਸੇ ਕੰਮ ਲਈ ਬੁੁਲਾਉਂਦੀ ਤਾਂ ਉਹ ਦੇਰ ਨਾਲ ਆਉਂਦੇ। ਸ਼ਿਵਾਨੀ ਦੁਖੀ ਹੋ ਗਈ ਸੀ ਕਿ ਕਿਸ ਕਿਸ ਨੂੰ ਠੀਕ ਕਰੇ। ਸਕੂਲ ਦਾ ਕੰਮ ਠੀਕ ਹੋਇਆ ਤਾਂ ਸਕੂਲ ਵਾਲੇ ਵਿਗੜ ਗਏ। ਉਹ ਉਸ ਨੂੰ ਤੰਗ ਕਰਨ ਦੇ ਰੋਜ਼ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ।
ਇਕ ਦਿਨ ਸਵੇਰੇ-ਸਵੇਰੇ ਹੀ ਚਾਰ ਦੇਖਣ ਤੋਂ ਅਸਮਰੱਥ ਲੜਕੇ ਇਕ ਦੂਜੇ ਦਾ ਹੱਥ ਫੜੀ ਉਸ ਦੇ ਸਾਹਮਣੇ ਆ ਕੇ ਖੜ੍ਹ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ਹਿਰ ਦੇ ਸਕੂਲਾਂ ’ਚੋਂ ਆਏ ਸਨ ਤੇ ਇਸ ਸਕੂਲ ਵਿਚ ਦਸਵੀਂ ਜਮਾਤ ਵਿਚ ਦਾਖ਼ਲ ਹੋਣਾ ਚਾਹੁੰਦੇ ਸਨ। ਸ਼ਿਵਾਨੀ ਨੇ ਉਨ੍ਹਾਂ ਕੋਲੋਂ ਕੁਝ ਜ਼ਰੂਰੀ ਪੁੱਛ-ਪੜਤਾਲ ਕਰਨ ਤੋਂ ਬਾਅਦ ਅਗਲੇ ਦਿਨ ਆਪਣੇ ਸਰਟੀਫਿਕੇਟ ਤੇ ਹੋਰ ਜ਼ਰੂਰੀ ਕਾਗਜ਼ ਪੱਤਰ ਲੈ ਕੇ ਆਉਣ ਲਈ ਕਿਹਾ। ਚਪੜਾਸੀ ਨੂੰ ਉਨ੍ਹਾਂ ਨੂੰ ਗੇਟ ਤੋਂ ਬਾਹਰ ਤੱਕ ਛੱਡ ਆਉਣ ਲਈ ਕਿਹਾ। ਉਨ੍ਹਾਂ ਦੇ ਜਾਣ ਤੋਂ ਤੁਰੰਤ ਬਾਅਦ ਸਾਰੇ ਅਧਿਆਪਕ ਉਸ ਦੇ ਸਾਹਮਣੇ ਆ ਕੇ ਖੜ੍ਹ ਗਏ। ਉਹ ਹੈਰਾਨ ਹੋ ਗਈ। ‘‘ਅੱਧੀ ਛੁੱਟੀ ਤੋਂ ਪਹਿਲਾਂ ਤੁਸੀਂ ਸਾਰੇ ਕਲਾਸਾਂ ਛੱਡ ਕੇ ਇੱਥੇ ਕਿਵੇਂ ਆ ਗਏ?’’ ਉਸ ਨੇ ਥੋੜ੍ਹੀ ਸਖ਼ਤੀ ਨਾਲ ਕਿਹਾ।
ਦੋ ਵੱਡੀ ਉਮਰ ਦੇ ਸੀਨੀਅਰ ਅਧਿਆਪਕ ਉਸ ਦੇ ਸਾਹਮਣੇ ਆ ਕੇ ਬੋਲੇ, ‘‘ਮੁਆਫ਼ ਕਰਨਾ ਮੈਡਮ ਜੀ, ਤੁਸੀਂ ਜਿਹੜੀ ਸਕੂਲ ਲਈ ਇਕ ਨਵੀਂ ਸਮੱਸਿਆ ਪੈਦਾ ਕਰਨ ਲੱਗੇ ਹੋ ਅਸੀਂ ਤੁਹਾਨੂੰ ਉਸ ਦੀ ਬਾਬਤ ਆਗਾਹ ਕਰਨ ਲਈ ਆਏ ਹਾਂ।’’
‘‘ਸਮੱਸਿਆ, ਉਹ ਕਿਹੜੀ?’’ ਉਹ ਹੈਰਾਨ ਹੋ ਗਈ।
‘‘ਇਹ ਜਿਹੜਾ ਤੁਸੀਂ ਇਨ੍ਹਾਂ ਦਿਵਿਆਂਗ ਲੜਕਿਆਂ ਨੂੰ ਦਾਖ਼ਲੇ ਲਈ ਹਾਮੀ ਭਰ ਦਿੱਤੀ ਹੈ। ਜੇਕਰ ਇਹ ਸਕੂਲ ਵਿਚ ਆ ਗਏ ਤਾਂ ਸਾਡਾ ਸਭ ਦਾ ਇੱਥੇ ਰਹਿਣਾ ਮੁਸ਼ਕਿਲ ਹੋ ਜਾਵੇਗਾ।’’ ‘‘ਇਹ ਤੁਸੀਂ ਕੀ ਕਹਿ ਰਹੇ ਹੋ, ਇਹ ਤਾਂ ਵਿਚਾਰੇ ਪਹਿਲਾਂ ਹੀ ਅੱਧੇ ਅਧੂਰੇ ਹਨ। ਇਨ੍ਹਾਂ ਨੇ ਕਿਸੇ ਦਾ ਕੀ ਵਿਗਾੜਨਾ ਹੈ।’’ ‘‘ਬਸ ਇਹੀ ਇਨ੍ਹਾਂ ਦਾ ਅਧੂਰਾਪਣ ਹੀ ਤਾਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਹੈ।’’ ‘‘ਪਰ…’’ ਉਹ ਸੋਚਣ ਲੱਗ ਪਈ- ‘‘ਠੀਕ ਹੈ ਮੈਂ ਸੋਚਾਂਗੀ, ਤੁਸੀਂ ਆਪਣੀਆਂ ਆਪਣੀਆਂ ਕਲਾਸਾਂ ਵਿਚ ਜਾਓ।’’ ਅੱਧੀ ਛੁੱਟੀ ਵੇਲੇ ਉਸ ਦਾ ਕੁਝ ਖਾਣ ਨੂੰ ਜੀਅ ਨਾ ਕੀਤਾ। ਉਸ ਦੀਆਂ ਅੱਖਾਂ ਅੱਗੇ ਉਨ੍ਹਾਂ ਮਾਸੂਮ ਜਿਹੇ ਬੱਚਿਆਂ ਦੇ ਚਿਹਰੇ ਆਉਣ ਲੱਗ ਪਏ- ਆਮ ਬੱਚਿਆਂ ਵਰਗੇ ਬੱਚੇ ਸਨ। ਸਿਰਫ਼ ਉਹ ਦੇਖ ਨਹੀਂ ਸੀ ਸਕਦੇ। ਬਾਕੀ ਅੰਗ ਤਾਂ ਆਮ ਬੱਚਿਆਂ ਵਰਗੇ ਹੀ ਸਨ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕਿਸੇ ਦਾ ਕੀ ਵਿਗਾੜਨਗੇ- ਪਰ ਇਹ ਸਾਰਾ ਸਟਾਫ ਹੀ ਉਨ੍ਹਾਂ ਦੇ ਖ਼ਿਲਾਫ਼ ਸੀ। ਅਸੀਂ ਇੱਥੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਹੀ ਬੈਠੇ ਹਾਂ, ਬੱਚਾ ਕੋਈ ਵੀ ਹੋਵੇ, ਅਮੀਰ-ਗ਼ਰੀਬ, ਕਿਸੇ ਵੀ ਜਾਤ ਦਾ, ਕਿਹੋ ਜਿਹਾ ਵੀ। ਜੇ ਅਸੀਂ ਇਨ੍ਹਾਂ ਨਾਲ ਇਸ ਤਰ੍ਹਾਂ ਵਿਤਕਰਾ ਕਰਾਂਗੇ ਤਾਂ ਫਿਰ ਅਸੀਂ ਅਧਿਆਪਕ ਕਾਹਦੇ ਹੋਏ! ਅਸੀਂ ਸਮਾਜ ਨੂੰ ਕੀ ਸਿੱਖਿਆ ਦੇਵਾਂਗੇ। ਉਹ ਅਗਲੇ ਦਿਨ ਸਕੂਲ ਨਾ ਗਈ। ਉਸ ਨੂੰ ਪਤਾ ਸੀ ਕਿ ਬੱਚਿਆਂ ਨੇ ਤਾਂ ਦਾਖ਼ਲ ਹੋਣ ਲਈ ਆ ਜਾਣਾ ਹੈ ਤੇ ਸਟਾਫ ਉਨ੍ਹਾਂ ਨੂੰ ਦਾਖ਼ਲ ਕਰਨ ਲਈ ਤਿਆਰ ਨਹੀਂ। ਅਚਾਨਕ ਕੁਝ ਸੋਚ ਕੇ ਉਹ ਇਕ ਲੋਕਲ ਹਾਈ ਸਕੂਲ ਵਿਚ ਚਲੀ ਗਈ ਤੇ ਉੱਥੋਂ ਦੇ ਹੈੱਡਮਾਸਟਰ ਨਾਲ ਜੋ ਕਾਫ਼ੀ ਵਡੇਰੀ ਉਮਰ ਦਾ ਸੀ, ਆਪਣੀ ਸਮੱਸਿਆ ਸਾਂਝੀ ਕੀਤੀ ਤੇ ਉਸ ਕੋਲੋਂ ਇਨ੍ਹਾਂ ਬੱਚਿਆਂ ਦੇ ਰੰਗ-ਢੰਗ ਤੇ ਰੋਜ਼ਮਰ੍ਹਾ ਦੇ ਵਤੀਰੇ ਬਾਬਤ ਪੁੱਛਿਆ। ਉਸ ਨੇ ਕਿਹਾ, ‘‘ਦੇਖੋ ਮੈਡਮ ਬੱਚੇ ਤਾਂ ਆਖ਼ਰ ਬੱਚੇ ਹੀ ਹੁੰਦੇ ਹਨ ਉਹ ਚਾਹੇ ਦਿਵਿਆਂਗ ਹੋਣ ਜਾਂ ਚੰਗੇ ਭਲੇ। ਸ਼ਰਾਰਤ ਤਾਂ ਕੋਈ ਵੀ ਕਰ ਸਕਦਾ ਹੈ। ਜੇ ਕਿਸੇ ਦਿਵਿਆਂਗ ਬੱਚੇ ਨੇ ਕੋਈ ਗ਼ਲਤੀ ਜਾਂ ਸ਼ਰਾਰਤ ਕੀਤੀ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਰੇ ਹੀ ਖ਼ਰਾਬ ਹਨ। ਮੇਰੇ ਪਾਸ ਵੀ ਕਈ ਅਜਿਹੇ ਬੱਚੇ ਹਨ ਜਿਹੜੇ ਲੜਦੇ-ਝਗੜਦੇ ਵੀ ਹਨ, ਮਾਰ-ਕੁੱਟ ਵੀ ਕਰਦੇ ਹਨ ਪਰ ਅਸੀਂ ਤਾਂ ਕਦੇ ਉਨ੍ਹਾਂ ਨੂੰ ਸਕੂਲੋਂ ਨਹੀਂ ਕੱਢਿਆ, ਆਮ ਬੱਚਿਆਂ ਵਾਂਗੂੰ ਹੀ ਉਨ੍ਹਾਂ ਨੂੰ ਸਜ਼ਾਵਾਂ ਦਿੰਦੇ ਹਾਂ। ਬਾਕੀ ਇਹ ਗੱਲ ਸਹੀ ਹੈ ਕਿ ਇਹ ਬੱਚੇ ਆਮ ਬੱਚਿਆਂ ਨਾਲੋਂ ਜ਼ਿਆਦਾ ਤੇਜ਼ ਹੁੰਦੇ ਹਨ। ਰੱਬ ਨੇ ਸ਼ਾਇਦ ਇਨ੍ਹਾਂ ਨੂੰ ਅੱਖਾਂ ਦੇ ਬਦਲੇ ਕੋਈ ਹੋਰ ਸ਼ਕਤੀ ਦਿੱਤੀ ਹੁੰਦੀ ਹੈ।’’ ਸ਼ਿਵਾਨੀ ਦਾ ਮਨ ਸ਼ਾਂਤ ਹੋ ਗਿਆ। ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਜ਼ਰੂਰ ਉਨ੍ਹਾਂ ਬੱਚਿਆਂ ਨੂੰ ਆਪਣੇ ਸਕੂਲ ਵਿਚ ਦਾਖ਼ਲ ਕਰੇਗੀ।
ਅਗਲੇ ਦਿਨ ਸ਼ਿਵਾਨੀ ਦੇ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਉਹ ਲੜਕੇ ਆਪਣੇ ਬੈਗ ਲੈ ਕੇ ਸ਼ਿਵਾਨੀ ਦੇ ਦਫ਼ਤਰ ਸਾਹਮਣੇ ਖੜ੍ਹੇ ਸਨ।
ਪ੍ਰਾਰਥਨਾ ਖ਼ਤਮ ਹੋਣ ਤੋਂ ਬਾਅਦ ਪੰਜ-ਛੇ ਸੀਨੀਅਰ ਟੀਚਰ ਸ਼ਿਵਾਨੀ ਦੇ ਦਫ਼ਤਰ ਵਿਚ ਆ ਕੇ ਬੋਲੇ, ‘‘ਮੈਡਮ ਜੀ, ਅਸੀਂ ਚਾਰਾਂ ਬੱਚਿਆਂ ਦੇ ਸਕੂਲਾਂ ਵਿਚ ਜਾ ਕੇ ਪਤਾ ਕੀਤਾ ਹੈ, ਇਹ ਉੱਥੋਂ ਆਪਣੀਆਂ ਗਲਤ ਹਰਕਤਾਂ ਕਰਕੇ ਕੱਢੇ ਹੋਏ ਹੀ ਇੱਥੇ ਆਏ ਹਨ। ਹੁਣ ਤੁਸੀਂ ਸੋਚ ਲਓ ਕਿ ਇਨ੍ਹਾਂ ਨੂੰ ਦਾਖ਼ਲ ਕਰਨਾ ਚਾਹੀਦਾ ਹੈ ਜਾਂ ਨਹੀਂ।’’ ਸ਼ਿਵਾਨੀ ਨੇ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਬੱਚਿਆਂ ਨੂੰ ਬੁਲਾ ਕੇ ਪੁੱਛਿਆ ਕਿ ਉਹ ਆਪਣੇ ਪੁਰਾਣੇ ਸਕੂਲ ਛੱਡ ਕੇ ਇਸ ਸਕੂਲ ਵਿਚ ਦਾਖ਼ਲਾ ਕਿਉਂ ਲੈਣਾ ਚਾਹੁੰਦੇ ਹਨ। ਉਨ੍ਹਾਂ ਵਿਚੋਂ ਸਭ ਤੋਂ ਵੱਡਾ ਮੁੰਡਾ ਬੋਲਿਆ, ‘‘ਮੈਡਮ ਜੀ ਇਸ ਦੇ ਦੋ-ਤਿੰਨ ਕਾਰਨ ਹਨ। ਇਕ ਤਾਂ ਇਹ ਕਿ ਜਦੋਂ ਦੇ ਆਪ ਇਸ ਸਕੂਲ ਵਿਚ ਆਏ ਹੋ ਇੱਥੋਂ ਦਾ ਅਨੁਸ਼ਾਸਨ, ਪੜ੍ਹਾਈ ਤੇ ਖੇਡਾਂ ਸਭ ਕੁਝ ਬਹੁਤ ਠੀਕ ਤਰ੍ਹਾਂ ਹੋਣ ਲੱਗ ਪਿਆ ਹੈ। ਬਾਕੀ ਅਸੀਂ ਸਾਰੇ ਇਕੋ ਸ਼ਹਿਰ ਦੇ ਹਾਂ ਤੇ ਇਕੋ ਹੋਸਟਲ ਵਿਚ ਰਹਿੰਦੇ ਹਾਂ। ਅਗਰ ਇਕੋ ਸਕੂਲ ਵਿਚ ਪੜ੍ਹਾਂਗੇ ਤਾਂ ਸਾਡੇ ਲਈ ਆਉਣਾ-ਜਾਣਾ ਆਸਾਨ ਹੋ ਜਾਵੇਗਾ ਤੇ ਪੜ੍ਹਨਾ-ਲਿਖਣਾ ਵੀ। ਇਸ ਤੋਂ ਇਲਾਵਾ ਅਸੀਂ ਅਗਲੇ ਸਾਲ +1 ਵਿਚ ਵੀ ਤਾਂ ਇੱਥੇ ਹੀ ਆਉਣਾ ਹੈ। ਅਸੀਂ ਹੁਣੇ ਹੀ ਇੱਥੇ ਆ ਗਏ ਹਾਂ, ਸੋ ਕਿਉਂ ਨਾ ਨਵੇਂ ਸਕੂਲ ਵਿਚ ਹੁਣੇ ਤੋਂ ਆਪਣੇ ਆਪ ਨੂੰ ਸੈੱਟ ਕਰ ਲਈਏ।’’ ਸ਼ਿਵਾਨੀ ਉਨ੍ਹਾਂ ਦੀਆਂ ਗੱਲਾਂ ਤੋਂ ਕਾਇਲ ਹੋ ਗਈ ਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਸਕੂਲ ਵਿਚ ਦਾਖ਼ਲ ਕਰ ਲਿਆ। ਸਟਾਫ ਵਾਲੇ ਤਾਂ ਨਾਰਾਜ਼ ਹੀ ਸਨ ਪਰ ਉਹ ਖੁੱਲ੍ਹ ਕੇ ਵਿਰੋਧ ਵੀ ਨਹੀਂ ਸੀ ਕਰ ਸਕਦੇ ਕਿਉਂਕਿ ਹੈੱਡ ਤਾਂ ਹੈੱਡ ਹੀ ਹੁੰਦਾ ਹੈ।
ਸਕੂਲ ਦਾ ਕੰਮ-ਕਾਜ ਠੀਕ ਤਰ੍ਹਾਂ ਚੱਲ ਰਿਹਾ ਸੀ। ਸਕੂਲ ਵਿਚ ਸ਼ਿਵਾਨੀ ਨੇ ਕਈ ਸੁਧਾਰ ਕੀਤੇ। ਲੇਡੀਜ਼ ਤੇ ਜੈਂਟਸ ਲਈ ਅਲੱਗ-ਅਲੱਗ ਪਖਾਨੇ ਬਣਵਾ ਦਿੱਤੇ। ਬੱਚਿਆਂ ਦੇ ਸ਼ਾਮ ਨੂੰ ਖੇਡਣ ਲਈ ਡੀ.ਪੀ.ਈ. ਤੇ ਪੀ.ਟੀ.ਆਈ. ਦੀਆਂ ਡਿਊਟੀਆਂ ਲਗਾ ਦਿੱਤੀਆ। ਦਿਵਿਆਂਗ ਬੱਚੇ ਠੀਕ-ਠਾਕ ਪੜ੍ਹ ਰਹੇ ਸਨ। ਇਕ ਦਿਨ ਰਾਜਬੀਰ ਨਾਂ ਦਾ ਲੜਕਾ ਜਿਹੜਾ ਬਾਕੀ ਬੱਚਿਆਂ ’ਚੋਂ ਸਿਆਣਾ ਤੇ ਤਕੜਾ ਸੀ, ਸ਼ਿਵਾਨੀ ਕੋਲ ਆ ਕੇ ਬੋਲਿਆ, ‘‘ਮੈਡਮ ਜੀ, ਆਪ ਇਸ ਸਕੂਲ ਵਿਚ ਲੜਕੀਆਂ ਕਿਉਂ ਨਹੀਂ ਦਾਖ਼ਲ ਕਰਦੇ?’’ ‘‘ਕਿਉਂਕਿ ਇਹ ਮੁੰਡਿਆਂ ਦਾ ਸਕੂਲ ਹੈ।’’ ਉਸ ਨੇ ਕਿਹਾ, ‘‘ਇਹ ਦੱਸੋ ਕਿ ਕਿੱਥੇ ਲਿਖਿਆ ਹੈ ਇਹ ਸਕੂਲ ਸਿਰਫ਼ ਲੜਕਿਆਂ ਲਈ ਹੀ ਹੈ।’’ ਉਹ ਸੋਚਣ ਲੱਗ ਪਈ, ਬਈ, ਗੱਲ ਤਾਂ ਠੀਕ ਹੈ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ। ਇਕ ਹੋਰ ਦਿਨ ਉਹੀ ਮੁੰਡਾ ਜਿਸ ਦਾ ਨਾਉਂ ਰਾਜਬੀਰ ਸੀ, ਤਿੰਨ-ਚਾਰ ਮੁੰਡਿਆਂ ਨੂੰ ਲੈ ਕੇ ਉਸ ਕੋਲ ਆਇਆ ਤੇ ਸਕੂਲ ਵਿਚ ਬ੍ਰੇਲ ਟੀਚਰ ਦੀ ਮੰਗ ਕੀਤੀ, ਕੋਲ ਖੜ੍ਹੇ ਟੀਚਰ ਹੱਸ ਪਏ, ‘‘ਕਿਉਂ ਮੈਡਮ ਜੀ ਦੇਖ ਲਏ ਇਨ੍ਹਾਂ ਦੇ ਲੱਛਣ? ਅਸੀਂ ਇਸੇ ਲਈ ਤੁਹਾਨੂੰ ਇਨ੍ਹਾਂ ਨੂੰ ਦਾਖ਼ਲ ਕਰਨ ਤੋਂ ਰੋਕਦੇ ਸੀ। ਅੱਗੋਂ ਦੇਖਣਾ ਹੋਰ ਕੀ ਕੀ ਡਿਮਾਂਡਾਂ ਰੱਖਦੇ ਨੇ।’’
ਅਗਲਾ ਸਾਲ ਆ ਗਿਆ। ਸਾਲਾਨਾ ਇਮਤਿਹਾਨ ਨੇੜੇ ਆ ਗਏ ਕਿ ਇਕ ਦਿਨ ਦਸਵੀਂ ਦੇ ਬੱਚਿਆਂ ਨੇ ਹੜਤਾਲ ਕਰ ਦਿੱਤੀ। ਉਹ ਸਾਰੇ ਆਪਣੇ ਬਸਤੇ ਲੈ ਕੇ ਬਾਹਰ ਗਾਰਡਨ ਵਿਚ ਜਾ ਕੇ ਬੈਠ ਗਏ। ਅਧਿਆਪਕਾਂ ਨੇ ਉਨ੍ਹਾਂ ਨੂੰ ਕਲਾਸਾਂ ਵਿਚ ਜਾ ਕੇ ਪੜ੍ਹਨ ਲਈ ਬਹੁਤ ਕਿਹਾ, ਪਿਆਰ ਨਾਲ ਤੇ ਡਰਾਇਆ ਧਮਕਾਇਆ ਵੀ ਪਰ ਉਹ ਟੱਸ ਤੋਂ ਮੱਸ ਨਾ ਹੋਏ। ਸ਼ਿਵਾਨੀ ਉਸ ਦਿਨ ਕਿਸੇ ਮੀਟਿੰਗ ਵਿਚ ਗਈ ਹੋਈ ਸੀ। ਅਗਲੇ ਦਿਨ ਸਗੋਂ ਹੋਰ ਬੱਚੇ ਵੀ ਉਨ੍ਹਾਂ ਨਾਲ ਰਲ ਗਏ। ਇਹ ਇਕ ਬਹੁਤ ਵੱਡੀ ਗੱਲ ਸੀ ਜੋ ਤੁਰੰਤ ਸਾਰੇ ਸ਼ਹਿਰ ਵਿਚ ਫੈਲ ਗਈ। ਹੋਰ ਸਕੂਲਾਂ ਵਾਲੇ ਵੀ ਡਰ ਗਏ ਬਈ ਇਹ ਬਿਮਾਰੀ ਕਿਤੇ ਉਨ੍ਹਾਂ ਦੇ ਸਕੂਲ ਵਿਚ ਵੀ ਨਾ ਆ ਵੜੇ। ਗੱਲ ਡੀ.ਈ.ਓ. ਸਾਹਿਬ ਤੱਕ ਵੀ ਪੁੱਜ ਗਈ। ਉਹ ਅਗਲੇ ਦਿਨ ਸਵੇਰੇ ਹੀ ਆਪਣੇ ਅਮਲੇ ਫੈਲੇ ਨਾਲ ਸਕੂਲ ਵਿਚ ਪੁੱਜ ਗਏ। ਉਨ੍ਹਾਂ ਨੇ ਫਟਾਫਟ ਸਟਾਫ ਮੀਟਿੰਗ ਕੀਤੀ ਤੇ ਇਸ ਸਭ ਦੀ ਪੁੱਛ-ਪੜਤਾਲ ਕੀਤੀ। ਸ਼ਿਵਾਨੀ ਨੇ ਕਿਹਾ, ‘‘ਸਰ ਸਾਡੇ ਸਕੂਲ ਵਿਚ ਤਾਂ ਅਜਿਹੀ ਕੋਈ ਘਟਨਾ ਨਹੀਂ ਹੋਈ। ਇਹ ਸਭ ਕੁਝ ਅਚਾਨਕ ਹੀ ਹੋ ਗਿਆ।’’ ਸਟਾਫ ਤਾਂ ਪਹਿਲਾਂ ਹੀ ਸ਼ਿਵਾਨੀ ਦੇ ਖ਼ਿਲਾਫ਼ ਸੀ, ਉਨ੍ਹਾਂ ਨੂੰ ਤਾਂ ਮਸਾਂ ਹੀ ਮੌਕਾ ਮਿਲਿਆ ਸੀ। ਸੈਕੰਡ ਮਾਸਟਰ ਝੱਟ ਉੱਠ ਕੇ ਬੋਲਿਆ, ‘‘ਸਰ, ਇਹ ਸਭ ਕੁਝ ਅਚਾਨਕ ਹੀ ਨਹੀਂ ਹੋਇਆ, ਇਸ ਵਿਚ ਮੈਡਮ ਦੀ ਗ਼ਲਤੀ ਹੈ।’’ ‘‘ਕਿਉਂ ਮੈਡਮ ਨੇ ਅਜਿਹਾ ਕੀ ਕਰ ਦਿੱਤਾ ਜੋ ਬੱਚੇ ਹੜਤਾਲ ’ਤੇ ਉੱਤਰ ਆਏ?’’ ਡੀ.ਈ.ਓ. ਸਾਹਿਬ ਨੇ ਗੁੱਸੇ ਨਾਲ ਕਿਹਾ। ‘‘ਸਰ, ਇਨ੍ਹਾਂ ਨੇ ਕੁਝ ਅਜਿਹੇ ਸ਼ਰਾਰਤੀ ਬੱਚਿਆਂ ਨੂੰ ਆਪਣੇ ਸਕੂਲ ਵਿਚ ਦਾਖ਼ਲ ਕਰ ਲਿਆ ਸੀ ਜਿਹੜੇ ਦੂਜੇ ਸਕੂਲ ਵਾਲਿਆਂ ਨੇ ਉਨ੍ਹਾਂ ਦੀਆਂ ਬਦਮਾਸ਼ੀਆਂ ਕਰਕੇ ਆਪਣੇ ਸਕੂਲਾਂ ਵਿਚੋਂ ਕੱਢ ਦਿੱਤੇ ਸੀ। ਜ਼ਰੂਰ ਇਸ ਦੇ ਪਿੱਛੇ ਇਨ੍ਹਾਂ ਦਾ ਕੋਈ ਮਕਸਦ ਜਾਂ ਲਾਲਚ ਹੋਵੇਗਾ, ਅਸੀਂ ਤਾਂ ਇਨ੍ਹਾਂ ਨੂੰ ਬਹੁਤ ਰੋਕਿਆ ਸੀ ਪਰ…।’’ ‘‘ਬਸ…’’ ਸ਼ਿਵਾਨੀ ਨੇ ਬਹੁਤ ਗੁੱਸੇ ਨਾਲ ਕਿਹਾ, ‘‘ਸਰ, ਬਿਹਤਰ ਹੋਵੇਗਾ ਕਿ ਤੁਸੀਂ ਖ਼ੁਦ ਉਨ੍ਹਾਂ ਬੱਚਿਆਂ ਕੋਲੋਂ ਪੁੱਛ ਲਵੋ ਕਿ ਉਨ੍ਹਾਂ ਦੀ ਇਸ ਹੜਤਾਲ ਦਾ ਕੀ ਮਕਸਦ ਹੈ।’’ ਡੀ.ਈ.ਓ. ਸਾਹਿਬ ਨੇ ਬਾਕੀ ਸਾਰੇ ਸਟਾਫ ਨੂੰ ਆਪਣੀ-ਆਪਣੀ ਕਲਾਸ ਵਿਚ ਭੇਜ ਦਿੱਤਾ ਤੇ ਖ਼ੁਦ ਉਹ ਸ਼ਿਵਾਨੀ ਨੂੰ ਲੈ ਕੇ ਗਾਰਡਨ ਵਿਚ ਆ ਗਏ। ਛੋਟਾ ਜਿਹਾ ਭਾਸ਼ਣ ਦੇਣ ਤੋਂ ਬਾਅਦ ਉਨ੍ਹਾਂ ਨੇ ਪੁੱਛਿਆ, ‘‘ਬੱਚਿਓ ਤੁਹਾਡਾ ਲੀਡਰ ਕੌਣ ਹੈ?’’ ਦਿਵਿਆਂਗ ਲੜਕਾ ਰਾਜਬੀਰ ਖੜ੍ਹਾ ਹੋ ਗਿਆ ਤੇ ਡੀ.ਈ.ਓ. ਸਾਹਿਬ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਬੋਲ ਪਿਆ, ‘‘ਸਰ, ਮੇਰਾ ਨਾਉਂ ਰਾਜਬੀਰ ਹੈ, ਮੈਂ ਦਸਵੀਂ ਦਾ ਵਿਦਿਆਰਥੀ ਹਾਂ। ਅਸੀਂ ਸਭ ਨੇ ਆਪਣੀਆਂ ਕੁਝ ਜ਼ਰੂਰੀ ਮੰਗਾਂ ਮਨਵਾਉਣ ਲਈ ਇਹ ਹੜਤਾਲ ਕੀਤੀ ਹੈ।’’ ‘‘ਉਹ ਕਿਹੜੀਆਂ ਮੰਗਾਂ ਹਨ!’’ ਡੀ.ਈ.ਓ. ਸਾਹਿਬ ਨੇ ਪੁੱਛਿਆ। ‘‘ਸਰ, ਅਸੀਂ ਚਾਹੁੰਦੇ ਹਾਂ ਕਿ ਸਕੂਲ ਵਿਚ ਕ੍ਰਿਕਟ ਦੀ ਟੀਮ ਬਣਾਈ ਜਾਵੇ ਤੇ ਖਿਡਾਉਣ ਲਈ ਬਾਕਾਇਦਾ ਕਿਸੇ ਕੋਚ ਨੂੰ ਰੱਖਿਆ ਜਾਵੇ। ਨਾਲੇ ਸਾਡੇ ਵਰਗੇ ਬੱਚਿਆਂ ਲਈ ਇਕ ਬ੍ਰੇਲ ਟੀਚਰ ਸਕੂਲ ਵਿਚ ਹੋਣਾ ਚਾਹੀਦਾ ਹੈ। ਸਾਡੇ ਲਈ ਇਕ ਅਲੱਗ ਮਿਊਜ਼ਿਕ ਰੂਮ ਤੇ ਅਧਿਆਪਕ ਮਿਊਜ਼ਿਕ ਸਿਖਾਉਣ ਲਈ ਹੋਣਾ ਚਾਹੀਦਾ ਹੈ।’’ ‘‘ਅੱਛਾ ਕੋਈ ਹੋਰ ਵੀ ਮੰਗ ਹੈ?’’ ਡੀ.ਈ.ਓ. ਸਾਹਿਬ ਨੇ ਪੁੱਛਿਆ। ‘‘ਹਾਂ ਸਰ, ਉਹ ਸਾਡੀ ਨਹੀਂ ਇਸ ਸ਼ਹਿਰ ਦੀ ਮੰਗ ਹੈ ਕਿ ਇਸ ਸਕੂਲ ਵਿਚ ਲੜਕੀਆਂ ਨੂੰ ਵੀ ਦਾਖ਼ਲ ਕੀਤਾ ਜਾਵੇ। ਮੈਡਮ ਕਹਿੰਦੇ ਨੇ ਇਹ ਸਕੂਲ ਲੜਕਿਆਂ ਲਈ ਹੀ ਹੈ। ਸਰ, ਅਸੀਂ ਤਾਂ ਕੁਝ ਦੇਖ ਨਹੀਂ ਸਕਦੇ, ਤੁਸੀਂ ਦੇਖਣ ਵਾਲੇ ਦੱਸੋ ਕਿ ਇਹ ਕਿੱਥੇ ਲਿਖਿਆ ਹੋਇਆ ਕਿ ਸਕੂਲ ਸਿਰਫ਼ ਲੜਕਿਆਂ ਲਈ ਹੈ।’’ ਡੀ.ਈ.ਓ. ਸਾਹਿਬ ਨੇ ਕਿਹਾ, ‘‘ਦੇਖੋ ਬੱਚਿਓ, ਮੰਗਾਂ ਤੁਹਾਡੀਆਂ ਕਿੰਨੀਆਂ ਕੁ ਜਾਇਜ਼ ਹਨ ਤੇ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਇਹ ਤਾਂ ਬਾਅਦ ਵਿਚ ਦੇਖਿਆ ਜਾਵੇਗਾ ਪਰ ਮੰਗਾਂ ਮਨਵਾਉਣ ਦਾ ਤਰੀਕਾ ਤੁਹਾਡਾ ਗ਼ਲਤ ਹੈ। ਕੀ ਤੁਸੀਂ ਆਪਣੀਆਂ ਇਹ ਮੰਗਾਂ ਮੈਡਮ ਅੱਗੇ ਨਹੀਂ ਰੱਖ ਸਕਦੇ? ਇਸ ਤਰ੍ਹਾਂ ਆਪਣੀਆਂ ਜ਼ਰੂਰਤਾਂ ਦਾ ਸਾਰੇ ਸ਼ਹਿਰ ਵਿਚ ਢਿੰਡੋਰਾ ਪਿੱਟ ਕੇ ਸਕੂਲ ਨੂੰ ਬਦਨਾਮ ਕਰਨਾ ਕਿੱਥੋਂ ਤੱਕ ਜਾਇਜ਼ ਹੈ! ਇਸ ਲਈ ਤਾਂ ਤੁਹਾਨੂੰ ਸਖ਼ਤ ਸਜ਼ਾ ਵੀ ਦਿੱਤੀ ਜਾ ਸਕਦੀ ਹੈ।’’ ਰਾਜਬੀਰ ਫੇਰ ਖੜ੍ਹਾ ਹੋ ਗਿਆ ਤੇ ਬੋਲਿਆ, ‘‘ਸਰ, ਤੁਸੀਂ ਠੀਕ ਕਹਿੰਦੇ ਹੋ, ਤਰੀਕਾ ਬੇਸ਼ੱਕ ਗ਼ਲਤ ਹੈ ਪਰ ਮਕਸਦ ਗ਼ਲਤ ਨਹੀਂ। ਅਸੀਂ ਮੈਡਮ ਜੀ ਅੱਗੇ ਕਈ ਵਾਰੀ ਇੱਕਾ-ਦੁੱਕਾ ਕਰਕੇ ਇਹ ਮੰਗਾਂ ਰੱਖੀਆਂ ਪਰ ਉਨ੍ਹਾਂ ਨੇ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਵੈਸੇ ਉਹ ਬੜੇ ਅੱਛੇ ਨੇ। ਉਨ੍ਹਾਂ ਨੇ ਸਕੂਲ ਨੂੰ ਬਹੁਤ ਅੱਛੀ ਤਰ੍ਹਾਂ ਚਲਾਇਆ ਹੈ ਤੇ ਬੜਾ ਕੁਝ ਸੁਧਾਰਿਆ ਵੀ ਹੈ। ਹੋ ਸਕਦਾ ਹੈ ਸਾਡੇ ਮਾਮਲੇ ਵਿਚ ਉਨ੍ਹਾਂ ਦੀਆਂ ਕੋਈ ਮਜਬੂਰੀਆਂ ਹੋਣ। ਬਾਕੀ ਸਾਡਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਸਕੂਲ ਨੂੰ ਬਦਨਾਮ ਕਰਨ ਦਾ ਨਹੀਂ ਸੀ। ਅਸੀਂ ਤਾਂ ਸਰਦਾਰ ਭਗਤ ਸਿੰਘ ਵਾਂਗੂ ਸੁੱਤਿਆਂ ਨੂੰ ਜਗਾਉਣਾ ਚਾਹੁੰਦੇ ਸੀ ਜਿਵੇਂ ਉਹ ਬੰਬ ਸੁੱਟ ਕੇ ਕਿਸੇ ਨੂੰ ਮਾਰਨਾ ਥੋੜ੍ਹੇ ਚਾਹੁੰਦੇ ਸੀ, ਸਿਰਫ਼ ਲੋਕਾਂ ਦੇ ਬੰਦ ਕੰਨਾਂ ਨੂੰ ਖੋਲ੍ਹਣਾ ਚਾਹੁੰਦੇ ਸੀ। ਇਸੇ ਤਰ੍ਹਾਂ ਅਸੀਂ ਵੀ ਨਿਚਲੇ ਤਬਕੇ ਵੱਲੋਂ ਸੁਣਵਾਈ ਨਾ ਹੋਣ ਕਰਕੇ ਆਪਣੀ ਆਵਾਜ਼ ਉਪਰਲੇ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਇਹ ਕਦਮ ਚੁੱਕਿਆ ਹੈ। ਇਸ ਸ਼ਹਿਰ ਦੇ ਲੋਕ, ਜਿਨ੍ਹਾਂ ਦੀਆਂ ਕੁੜੀਆਂ 10ਵੀਂ ਤੋਂ ਬਾਅਦ ਦੂਜੇ ਸ਼ਹਿਰਾਂ ਵਿਚ ਪੜ੍ਹਨ ਜਾਂਦੀਆਂ ਹਨ ਸੋ ਉਨ੍ਹਾਂ ਨੂੰ ਵੀ ਇਸ ਸਕੂਲ ਵਿਚ ਦਾਖ਼ਲ ਕੀਤਾ ਜਾਵੇ।’’ ਡੀ.ਈ.ਓ. ਸਾਹਿਬ ਉੱਠ ਖੜ੍ਹੇ ਹੋਏ ਤੇ ਬੋਲੇ, ‘‘ਤੁਸੀਂ ਜਾਓ ਆਪਣੀਆਂ ਕਲਾਸਾਂ ਵਿਚ। ਅਗਲਾ ਕੰਮ ਸਾਡਾ ਹੈ, ਸਾਨੂੰ ਕਰਨ ਦਿਓ।’’ ਸ਼ਿਵਾਨੀ ਦੇ ਦਫ਼ਤਰ ਵਿਚ ਆ ਕੇ ਉਨ੍ਹਾਂ ਨੇ ਸ਼ਿਵਾਨੀ ਨੂੰ ਕਿਹਾ, ‘‘ਮੈਡਮ, ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਤੁਸੀਂ ਇਨ੍ਹਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ।’’ ‘‘ਸਰ, ਇਹ ਮੇਰੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਹਨ। ਮੈਨੂੰ ਵੀ ਪਤਾ ਸੀ ਕਿ ਸਕੂਲ ’ਕੱਲੇ ਮੁੰਡਿਆਂ ਲਈ ਹੀ ਨਹੀਂ ਹੈ, ਪਰ ਮੈਂ ਉਪਰਲੇ ਹੁਕਮ ਤੋਂ ਬਿਨਾਂ ਕੁੜੀਆਂ ਨੂੰ ਕਿਵੇਂ ਦਾਖ਼ਲ ਕਰ ਲੈਂਦੀ। ਇਸ ਸਟਾਫ ਨੇ ਮੈਨੂੰ ਟਿਕਣ ਦੇਣਾ ਸੀ? ਇਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਹੋਵੇਗਾ। ਇਸੇ ਕਰਕੇ ਮੈਂ ਕਿਸੇ ਗੱਲ ਦੀ ਹਾਮੀ ਨਹੀਂ ਭਰੀ।’’ ਡੀ.ਈ.ਓ. ਸਾਹਿਬ ਗੰਭੀਰਤਾ ਨਾਲ ਬੋਲੇ, ‘‘ਬੱਚਿਆਂ ਨੇ ਤਾਂ ਸੱਚਮੁੱਚ ਹੀ ਸੁੱਤਿਆਂ ਨੂੰ ਜਗਾ ਦਿੱਤਾ ਹੈ। ਤੁਸੀਂ ਇਨ੍ਹਾਂ ਦੀਆਂ ਮੰਗਾਂ ਬਾਬਤ ਅਰਜ਼ੀ ਲਿਖ ਕੇ ਮੇਰੇ ਦਫ਼ਤਰ ਵਿਚ ਭੇਜੋ, ਮੈਂ ਅੱਗੇ ਪਹੁੰਚਾ ਦੇਵਾਂਗਾ। ਬ੍ਰੇਲ ਟੀਚਰ ਤੇ ਮਿਊਜ਼ਿਕ ਟੀਚਰ ਦੀ ਮੰਗ ਦੀ ਮੈਂ ਜ਼ੋਰਦਾਰ ਸਿਫ਼ਾਰਿਸ਼ ਕਰਾਂਗਾ। ਤੁਸੀਂ ਅਗਲੇ ਸਾਲ ਤੋਂ ਸਗੋਂ ਅਗਲੇ ਸੈਸ਼ਨ ਤੋਂ ਕੁੜੀਆਂ ਨੂੰ ਵੀ ਦਾਖ਼ਲ ਕਰ ਲੈਣਾ। ਅੱਗੇ ਜੋ ਵੀ ਹੋਵੇਗਾ ਮੈਂ ਦੇਖ ਲਵਾਂਗਾ ਤੇ ਨਾਲੇ ਬੱਚਿਆਂ ਦੇ ਇਸ ਲੀਡਰ ਮੁੰਡੇ ਨੂੰ ਸਜ਼ਾ ਦੇਣ ਦੀ ਬਜਾਇ ਇਸ ਦੀ ਪਿੱਠ ਥਾਪੜਿਆ ਜੇ, ਜੋ ਇਸ ਨੇ ਸੱਚਮੁੱਚ ਹੀ ਸੁੱਤੇ ਹੋਏ ਅਧਿਕਾਰੀਆਂ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ।’’
ਹੁਣ ਇਸ ਘਟਨਾ ਨੂੰ ਕਈ ਸਾਲ ਹੋ ਚੁੱਕੇ ਹਨ ਤੇ ਅੱਜ ਉਸ ਸਕੂਲ ਦੀ ਹਰ ਕਲਾਸ ਵਿਚ ਕੁੜੀਆਂ ਪੜ੍ਹਦੀਆਂ ਹਨ ਜਿਨ੍ਹਾਂ ਦੀ ਗਿਣਤੀ ਮੁੰਡਿਆਂ ਤੋਂ ਜ਼ਿਆਦਾ ਹੈ। ਵੱਖਰੇ ਤੌਰ ’ਤੇ ਸੰਗੀਤ ਦਾ ਵਿਸ਼ਾ ਵੀ ਹੈ ਤੇ ਮਿਊਜ਼ਿਕ ਰੂਮ ਵੀ ਤੇ ਮਿਊਜ਼ਿਕ ਟੀਚਰ ਪਤਾ ਹੈ ਕੌਣ ਹੈ? ਉਹੀ ਦਿਵਿਆਂਗ ਲੜਕਾ ਰਾਜਬੀਰ।
ਸੰਪਰਕ: 62841-55025