ਮਾਂ-ਬੋਲੀ ਮਨੁੱਖ ਲਈ ਸਭ ਤੋਂ ਵੱਧ ਮਹੱਤਵਪੂਰਨ ਸ਼ੈਅ ਹੁੰਦੀ ਹੈ ਜਿਸ ਨੂੰ ਸਿੱਖਣ ਲਈ ਕੋਈ ਉਚੇਚ ਨਹੀਂ ਕਰਨੀ ਪੈਂਦੀ। ਮਾਂ-ਬੋਲੀ ਜਿੱਥੇ ਸਾਨੂੰ ਤੁਰਨ ਦੀ ਤਾਕਤ ਦਿੰਦੀ ਹੈ, ਸੰਘਰਸ਼ ਕਰਨ ਦੀ ਹਿੰਮਤ ਦਿੰਦੀ ਹੈ, ਉੱਥੇ ਸੰਕਟਾਂ ਨਾਲ ਨਜਿੱਠਣ ਦਾ ਵੀ ਬਲ ਬਖ਼ਸ਼ਦੀ ਹੈ। ਮਾਂ-ਬੋਲੀ ਦੀ ਮਹੱਤਤਾ ਬਾਰੇ ਸਦੀਆਂ ਤੋਂ ਪੀਰ-ਫ਼ਕੀਰ, ਭਗਤ-ਔਲੀਏ, ਬੁੱਧੀਜੀਵੀ ਅਤੇ ਅਦੀਬ ਲਿਖਦੇ ਆ ਰਹੇ ਹਨ। ਸਭ ਨੇ ਮਾਂ-ਬੋਲੀ ਨੂੰ ਉੱਚਾ-ਸੁੱਚਾ ਦਰਜਾ ਦਿੱਤਾ ਹੈ। ਕੌਮਾਂਤਰੀ ਮਾਤ ਭਾਸ਼ਾ ਦਿਵਸ ’ਤੇ ਭਾਰਤੀ ਭਾਸ਼ਾਵਾਂ ਦੀਆਂ ਮਾਂ-ਬੋਲੀ ਨਾਲ ਸੰਬੰਧਿਤ ਕਵਿਤਾਵਾਂ।
ਪੰਜਾਬੀ ਕਵਿਤਾ
ਬੋਲੀ ਹੈ ਪੰਜਾਬੀ ਸਾਡੀ
ਧਨੀ ਰਾਮ ਚਾਤ੍ਰਿਕ
ਅਸੀਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ।
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ।
ਤ੍ਰਿੰਞਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ।
ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ।
ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,
ਭੁੱਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ।
* * * * * * * * * *
ਆਪਣੀ ਬੋਲੀ ਨਾਲ ਪਿਆਰ
ਫ਼ਿਰੋਜ਼ਦੀਨ ਸ਼ਰਫ਼
ਬੋਲੀ ਆਪਣੀ ਨਾਲ ਪਿਆਰ ਰੱਖਾਂ
ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ
ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਰਵ੍ਹਾਂ ਏਥੇ ਤੇ ਯੂ.ਪੀ. ਵਿਚ ਕਰਾਂ ਗੱਲਾਂ
ਐਸੀ ਨਕਲ ਨੂੰ ਛਿੱਕੇ ’ਤੇ ਟੰਗਦਾ ਹਾਂ
ਮੈਂ ਪੰਜਾਬੀ, ਪੰਜਾਬੀ ਦਾ ‘ਸ਼ਰਫ਼’ ਸੇਵਕ
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
* * * * * * * * * *
ਦਿਲ ਦੀ ਬੋਲੀ
ਉਸਤਾਦ ਚਿਰਾਗ ਦੀਨ ‘ਦਾਮਨ’
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ
ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।
ਏਹਦਾ ਪੁੱਤਰ ਹਾਂ ਏਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਏਹੀ ਛਾਤੀ ਤਣਦੀ ਰਹੇਗੀ
ਏਹਦੇ ਲੱਖ ਹਰੀਫ਼ ਪਏ ਹੋਣ ਪੈਦਾ
ਦਿਨ-ਬ-ਦਿਨ ਏਹਦੀ ਸ਼ਕਲ ਬਣਦੀ ਰਹੇਗੀ
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ
ਮੈਨੂੰ ਕਈਆਂ ਨੇ ਆਖਿਆ ਕਈ ਵਾਰ
ਤੂੰ ਲੈਣਾ ਪੰਜਾਬ ਦਾ ਨਾਂ ਛੱਡਦੇ।
ਗੋਦੀ ਜਿਸਦੀ ਪਲਕੇ ਜਵਾਨ ਹੋਇਉਂ
ਉਹ ਮਾਂ ਛੱਡ ਦੇ ਤੇ ਗਰਾਂ ਛੱਡਦੇ
ਜੇ ਪੰਜਾਬੀ-ਪੰਜਾਬੀ ਹੀ ਕੂਕਣਾ ਏ,
ਜਿੱਥੇ ਖਲੋਤਾ ਏਂ ਉਹ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ ਲੋਕੀ ਆਖਦੇ ਨੇ
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ
ਉਰਦੂ ਦਾ ਮੈਂ ਦੋਖੀ ਨਾਹੀਂ ਤੇ
ਦੁਸ਼ਮਣ ਨਹੀਂ ਅੰਗਰੇਜ਼ੀ ਦਾ
ਪੁੱਛਦੇ ਓ ਮੇਰੇ ਦਿਲ ਦੀ ਬੋਲੀ
ਹਾਂ ਜੀ ਹਾਂ, ਪੰਜਾਬੀ ਏ।
ਬੁੱਲ੍ਹਾ ਮਿਲਿਆ ਏਸੇ ਵਿਚ,
ਏਸੇ ਵਿਚ ਵਾਰਿਸ ਵੀ।
ਵਾਰਾਂ ਮਿਲੀਆਂ ਏਸੇ ਵਿਚ
ਮੇਰੀ ਮਾਂ ਪੰਜਾਬੀ ਏ
ਏਹਦੇ ਬੋਲ ਕੰਨਾਂ ਵਿਚ ਪੈਂਦੇ
ਦਿਲ ਮੇਰੇ ਦੇ ਵਿਚ ਰਹਿੰਦੇ
ਤਪਦੀਆਂ ਹੋਈਆਂ ਰੇਤਾਂ ਉੱਤੇ
ਇਕ ਠੰਢੀ ਛਾਂ ਪੰਜਾਬੀ ਏ
ਪੁੱਛਦੇ ਓ ਮੇਰੇ ਦਿਲ ਦੀ ਬੋਲੀ
ਹਾਂ ਜੀ ਹਾਂ, ਪੰਜਾਬੀ ਏ।
* * * * * * * * * *
ਮਰ ਰਹੀ ਹੈ ਮੇਰੀ ਭਾਸ਼ਾ- ਇੱਕ ਸੰਵਾਦ
ਸੁਰਜੀਤ ਪਾਤਰ
ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜੀਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਜੀਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ
ਕੀ ਬੰਦੇ ਦਾ ਜਿਉਂਦੇ ਰਹਿਣਾ
ਜ਼ਿਆਦਾ ਜ਼ਰੂਰੀ ਹੈ
ਕਿ ਭਾਸ਼ਾ ਦਾ?
ਹਾਂ ਜਾਣਦਾ ਹਾਂ
ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ?
ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪ ਹੀ ਦੱਸੋ
ਹੁਣ ਜਦੋਂ
ਦਾਣੇ ਦਾਣੇ ਉੱਪਰ
ਖਾਣ ਵਾਲੇ ਦਾ ਨਾਮ ਵੀ
ਤੁਹਾਡਾ ਰੱਬ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ-ਬਾਪ ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ?
ਜੀਉਂਦਾ ਰਹੇ ਮੇਰਾ ਬੱਚਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ
* * * * * * * * * *
ਹੁੰਦੀ ਹੈ ਇੱਕ ਭਾਸ਼ਾ
ਤਰਸੇਮ
ਡਿੱਗਣ ਨਾ ਦੇਵੇ
ਪੁੱਠਾ ਲਟਕਦੀ ਕਿਰਲੀ ਨੂੰ
ਛੱਤ ਬੋਚ-ਬੋਚ ਰੱਖੇ…
ਮੀਂਹਾਂ-ਬਰਸਾਤਾਂ ’ਚ
ਖੁੱਡ ਪਨਾਹ ਦੇਵੇ
ਕੀੜੀਆਂ ਨੂੰ…
ਰੁੰਡ-ਮਰੁੰਡ ਰੁੱਖ ’ਤੇ
ਕੋਈ-ਕੋਈ ਪੰਛੀ ਬੈਠੇ
ਕੀ ਚਿੰਤਨ ਕਰੇ!
ਛੱਤ ਕਿਰਲੀ ਨੂੰ
ਖੁੱਡ ਕੀੜੀਆਂ ਨੂੰ
ਰੁੱਖ ਪੰਛੀਆਂ ਨੂੰ
ਜਾਣਨ… ਸਮਝਣ
ਇੱਕ ਦੂਜੇ ਦੀ ਭਾਸ਼ਾ
ਹੁੰਦੀ ਹੈ ਇੱਕ ਭਾਸ਼ਾ
ਜੋ ਬਚਾਉਂਦੀ ਹੈ ਸੰਕਟਾਂ ’ਚੋਂ…
* * * * * * * * * *
ਵਾਹਗਿਉਂ-ਪਾਰ
ਮਾਂ-ਬੋਲੀ
ਬਾਬਾ ਨਜ਼ਮੀ (ਪਾਕਿਸਤਾਨ)
ਵਾਰਸ ਬੁੱਲ੍ਹੇ ਵਰਗੀ ਮੈਨੂੰ ਸ਼ਾਇਰੀ ਦੇ ਦੇ ਥੋਹੜੀ ਜਹੀ।
ਮੇਰੇ ਸਹਿਕਦੇ ਅੱਖਰਾਂ ਨੂੰ ਵੀ ਜ਼ਿੰਦਗੀ ਦੇ ਦੇ ਥੋਹੜੀ ਜਹੀ।
ਹੀਣੇ ਸਮਝ ਕੇ ਜਿਹੜੇ ਅੱਖਰ ‘ਮੀਏਂ ਮੁਹੰਮਦ’ ਵਰਤੇ ਨਈਂ,
ਕੱਠੇ ਕਰਨ ਲਈ ਮੋਤੀ ਮੈਨੂੰ ਛੁੱਟੀ ਦੇ ਦੇ ਥੋਹੜੀ ਜਿਹੀ।
ਨਾਨਕ ਵਰਗਾ ਹੇਜਲਾ ਪੁੱਤਰ ਮਾਂ ਬੋਲੀ ਦਾ ਕੋਈ ਵੀ ਨਹੀਂ,
ਉਹਦੀ ਵਿਚ ਦਵਾਤੋਂ ਗੂੜ੍ਹੀ ਸ਼ਾਹੀ ਦੇ ਦੇ ਥੋਹੜੀ ਜਿਹੀ।
ਜਦ ਤੱਕ ਸਾਹ ਨੇ ਬਾਕੀ ਕਹਿੰਦਾ ‘ਐਨਲਹਕ’ ਫਿਰਾਂ,
ਸ਼ਾਹ ਹੁਸੈਨ ਦੀ ਮਸਤੀ ਵਿਚੋਂ ਮਸਤੀ ਦੇ ਦੇ ਥੋਹੜੀ ਜਿਹੀ।
ਮਿੱਠੇ ਦੇ ਪੱਜ ਦੁਨੀਆਂ ਆਖੇ, ਕੌੜ ਵੀ ਖਾਧੀ ਜਾਂਦੀ ਏ,
ਡਿੱਗੀ ਢੱਠੀ ‘ਬਾਹੂ’ ਵਾਲੀ ਮਿਸ਼ਰੀ ਦੇ ਦੇ ਥੋਹੜੀ ਜਿਹੀ।
ਮੇਰੇ ਵਰਗਾ, ਘੋਗੜ ਕਾਂ ਵੀ ਖੌਰੇ ਸੁਰ ਵਿਚ ਬੋਲ ਪਵੇ,
‘ਪੀਰ ਫਰੀਦਾ’ ਆਪਣੀ ਸੁੱਚੀ ਗੜਵੀ ਦੇ ਦੇ ਥੋਹੜੀ ਜਿਹੀ।
ਖ਼ੈਰ ਖਿਆਲਾਂ ਵਾਲਾ ਮੈਨੂੰ ‘ਖਵਾਜਾ ਫਰੀਦ’ ਤੋਂ ਮੰਗਣ ਦੇ,
‘ਸ਼ਿਵ-ਕੁਮਾਰਾ’ ਆ ਕੇ ਮੇਰੀ ਗਵਾਹੀ ਦੇ ਦੇ ਥੋਹੜੀ ਜਿਹੀ।
* * * * * * * * * *
ਉੜੀਆ ਕਵਿਤਾ
ਮੇਰੀ ਭਾਸ਼ਾ
ਡਾ. ਸੀਤਾਕਾਂਤ ਮਹਾਂਪਾਤਰ
ਸਿਖਰ ਦੁਪਹਿਰੇ
ਮੰਤਰੀ ਨੂੰ ਫੁੱਲਾਂ ਦਾ ਹਾਰ ਪਵਾ ਕੇ
ਢੋਲ ਵਜਾ ਕੇ ਸੁਆਗਤ ਕਰਨ ਵਾਲੇ
ਚਾਪਲੂਸਾਂ ਦੇ ਪਿੱਛੇ-ਪਿੱਛੇ
ਧੂੜ ਅਤੇ ਮੁੜ੍ਹਕੇ ਨਾਲ ਲਬਿੜੇ
ਇੱਕ-ਇੱਕ ਪੈਰ ਪੁੱਟਣ ਵਾਲੇ
ਸੁੱਕੇ-ਕਮਜ਼ੋਰ ਅਧਨੰਗੇ ਲੋਕਾਂ ਦੇ ਨਾਲ-ਨਾਲ
ਪਰੇਡ ਕਰਦੀ ਹੈ, ਮੇਰੀ ਭਾਸ਼ਾ, ਕਾਲੇ ਸੁਰਗ ਦੇ ਵੱਲ
ਦਿਲ ’ਚ ਲੁਕਾਈ ਬੇਅੰਤ ਲਾਲਸਾਵਾਂ
ਗੁਣਗੁਣਾਉਂਦੀ ਹੈ ਭਾਸ਼ਾ
ਸੰਨਿਆਸੀ ਦੀਆਂ ਬੰਦ ਪਲਕਾਂ ਦੇ ਕੋਇਆਂ ’ਚ
ਰਹਿਮ ਦੀ ਪਤਲੀ ਜਿਹੀ ਨਦੀ ਵਗ ਰਹੀ ਹੁੰਦੀ ਹੈ
ਪਲਕਾਂ ਦੇ ਹੇਠ
ਲੱਭਦੀ ਰਹਿੰਦੀ ਹੈ ਭਾਸ਼ਾ, ਕੁਝ ਪਹਿਲਾਂ ਦੀ ਤਰ੍ਹਾਂ
ਸ੍ਵਰ ਅਤੇ ਵਿਅੰਜਨ ਦੀਆਂ ਛਾਤੀਆਂ ਦੇ ਵਿਚਕਾਰ
ਬਿੰਬਾਂ, ਪ੍ਰਤੀਕਾਂ ਦੀ ਖਿੰਡੀ-ਪੁੰਡੀ ਸੇਜ ਪਲਟ ਕੇ
ਮਾਮੂਲੀ ਹੰਕਾਰ ਅਤੇ ਆਵੇਗ ਭਰੇ ਮੋਗਰੇ ਦਾ ਹਾਰ ਸੁੱਟ
ਮੋਹ ਅਤੇ ਆਰਤੀ ਨਾਲ ਬੰਨ੍ਹਿਆ ਜੂੜਾ ਖੋਲ੍ਹ
ਲੱਭਦੀ ਰਹਿੰਦੀ ਹੈ ਕਿਤੇ ਧੁਰ ਹੇਠਾਂ
ਆਤਮਾ ਦੀ ਸੰਧੀ ’ਚ ਲੁਕੀ
ਵਾਕਮਈ ਚੁੱਪ
ਲਿਖਦੀ ਰਹਿੰਦੀ ਹੈ ਭਾਸ਼ਾ ਖੁਦ ਨੂੰ ਪਹਿਲਾਂ ਵਾਂਗ
ਲਾਲਟੈਣ ਦੀ ਰੋਸ਼ਨੀ ’ਚ ਝੁਕੀ
ਪੁਰਾਣੇ ਤਾੜਪੱਤਰਾਂ ’ਚ, ਪੱਥਰਾਂ ’ਚ, ਆਕਾਸ਼ ’ਚ:
ਸਮਾਉਂਦੀ ਚਲੀ ਜਾਂਦੀ ਹੈ ਭਾਸ਼ਾ ਬਾਸਮਤੀ ਦੀ ਮਹਿਕ ’ਚ
ਹਨੇਰੀ ਰਾਤ ’ਚ ਬਾਂਸ ਦੇ ਜੰਗਲ ਦੀਆਂ ਚਿੜੀਆਂ ਦੇ ਗੀਤਾਂ ’ਚ
ਤੋਰੀ ਦੀ ਵੇਲ, ਕੰਡਿਆਲੀਆਂ ਝਾੜੀਆਂ ’ਤੇ
ਆਪਣਾ ਭਾਰ ਲੱਦਣ ਦੀ ਤਰ੍ਹਾਂ
ਆਸਰਾ ਲੈ ਕੇ ਉੱਠਦੀ ਹੈ ਭਾਸ਼ਾ ਚਿੱਤਰਕਲਪ ’ਤੇ
ਬੇਚੈਨ ਪਿਆਸ ਨਾਲ
* * * * * * * * * *
ਰਾਜਸਥਾਨੀ ਕਵਿਤਾ
ਸਤਾਏ ਹੋਏ ਲੋਕਾਂ ਦੀ ਭਾਸ਼ਾ
ਚੰਦਰਪ੍ਰਕਾਸ਼ ਦੇਵਲ
ਚੀਕ ਭਾਰੀ ਪੈਂਦੀ ਹੈ ਸਦਾ
ਸਾਰੀਆਂ ਇਬਾਰਤਾਂ
ਅਤੇ ਸਾਰੀਆਂ ਭਾਸ਼ਾਵਾਂ ਦੀ ਵਰਣਮਾਲਾ ’ਤੇ
ਇਸ ਵਿਚ ਨਹੀਂ ਹੁੰਦਾ ਭਾਵ-ਅਰਥ
ਨਾ ਲੈਅ, ਨਾ ਉਚਾਰਣ ਦੀ ਤਰਜ਼
ਭਰਿਆ ਹੁੰਦਾ ਹੈ ਖਰਾ ਅਤੇ ਠੋਸ ਸੱਚ
ਜੋ ਅਣ-ਅਰਥਾਇਆ ਵੀ ਪਹੁੰਚ ਜਾਇਆ ਕਰਦਾ ਹੈ
ਅਗਲੇ ਸੁਣਨ ਵਾਲੇ ਤੱਕ
ਪੂਰੇ ਦਾ ਪੂਰਾ
ਜਿਉਂ ਦਾ ਤਿਉਂ
ਆਪਣੀ ਚੀਕ ਨੂੰ ਸੰਭਾਲ ਕੇ ਰੱਖੋ
ਸਤਾਏ ਹੋਏ ਲੋਕਾਂ ਦੀ ਭਾਸ਼ਾ ਹੈ, ਇਹ
* * * * * * * * * *
ਤੇਲਗੂ ਕਵਿਤਾ
ਮਾਂ ਬੋਲੀ
ਐੱਨ. ਗੋਪੀ
ਸਵੇਰ ਹੋ ਗਈ ਤਾਂ ਕੀ
ਧੁੰਦ ’ਚ ਮੋੜ ਮੁੜਨਾ ਖ਼ਤਰਨਾਕ ਹੀ ਹੁੰਦੈ
ਜੇ ਉਹ ਸੂਰਜ ਹੋਇਆ ਤਾਂ ਕੀ
ਜੇਕਰ ਉਹ ਬਾਰਿਸ਼ ਨਹੀਂ ਕਰਾਉਂਦਾ।
ਵਾਰ-ਵਾਰ ਮਿੱਟੀ ਦਾ ਨਾਂ ਲੈਂਦੇ ਹੋ
ਧਸ ਰਿਹਾ ਏ ਮਿੱਟੀ ’ਚ ਤੁਹਾਡਾ ਅਨੁਭਵ
ਜੀਵਨ ‘ਚ ਪ੍ਰਾਣ ਬਣ ਖਿੜੇ ਜਾਂ ਨਾ
ਬੁੱਲ੍ਹਾਂ ਤੋਂ ਡਿੱਗਦੇ ਨੇ ਮੁਰਦੇ
ਤੇ ਫ਼ੈਲ ਜਾਂਦੀ ਚਾਰੇ ਪਾਸੇ ਚੁੱਪ ਦੀ ਬੋਅ।
ਜਦ ਮੈਂ ਹੀ ਹਾਂ ਪਰਜਾ
ਤਾਂ ਤੁਸੀਂ ਮੇਰੇ ਬਾਰੇ ’ਚ ਮੈਨੂੰ ਹੀ ਕਹਿੰਦੇ ਹੋ
ਸਭ ਭਾਸ਼ਾਵਾਂ ਤੁਸੀਂ ਬੋਲਦੇ ਹੋ
ਇੱਥੋਂ ਤੱਕ ਕਿ ਮੇਰੀ ਮਾਂ ਬੋਲੀ ਵੀ
ਤੁਹਾਡੇ ਅੱਖਰ
ਜੰਗਲ ’ਚ ਜੰਮੇ ਲਹੂ ਵਾਂਗ
ਸਰਕਣ ਵਾਲੀਆਂ ਕੀੜੀਆਂਹਾਰ ਦਿਸਦੇ ਨੇ
ਤੁਹਾਡਾ ਅਹੰਕਾਰ
ਮੇਰੇ ਸਬਰ ’ਤੇ ਬੋਝ ਬਣਦਾ ਹੈ
ਤੁਸੀਂ ਨਹੀਂ ਜਾਣਦੇ
ਕਿ ਅੰਨ੍ਹਾ ਕਿਸਨੂੰ ਵੇਖਕੇ ਹੱਸਦਾ ਹੈ
ਉਦਾਸੀ ਦੀ ਹਵਾ ’ਚ ਸਿਰ ਸੁੱਟੀ
ਗਿੱਲੀਆਂ ਉਂਗਲਾਂ ਦੀ ਆਪ ਕਹੀ
ਤੁਹਾਡੀ ਸਮਝ ’ਚ ਨਹੀਂ ਆਉਣੀ
ਅੱਧੀ ਰਾਤੀ
ਦਸਤਕ ਦੇਣ ਵਾਲੀ ਬਰਸਾਤ ਦਾ ਵਿਰਲਾਪ
ਤੁਹਾਨੂੰ ਸੁਣਾਈ ਨਹੀਂ ਦੇਣਾ
ਤੁਹਾਡੇ ਹੁਕਮਾਂ ਦਾ ਸੌੜਾਪਣ ਹੀ
ਤੁਹਾਡੇ ਲਈ ਸੱਚ ਏ
ਤੁਸੀਂ ਜਿੱਥੇ ਖੜ੍ਹੇ ਹੋ
ਉੱਥੋਂ ਹੀ ਸਾਨੂੰ ਵੇਖਣਾ ਚਾਹੁੰਦੇ ਹੋ।
ਅਸਮਾਨ ਨੂੰ ਦੇਖਦਾ ਹਾਂ ਮੈਂ
ਜਿਨੇ ਪੱਤੀਆਂ ਦੀਆਂ ਅੱਖਾਂ ਖੋਲ੍ਹੀਆਂ
ਬ੍ਰਹਿਮੰਡ ਦੇ ਗਰਭ ’ਚ ਨਿਕਲਣ ਵਾਲੀਆਂ
ਵਚਿੱਤਰ ਆਵਾਜ਼ਾਂ ਨੂੰ
ਰਿਕਾਰਡ ਕਰਦਾ ਹਾਂ ਮੈਂ।
ਜੇ ਮੈਂ ਹੀ ਪਰਜਾ ਹਾਂ
ਤਾਂ ਮੇਰੇ ਬਾਬਤ ਮੈਨੂੰ ਹੀ ਪ੍ਰਵਚਨ ਦਿੰਦੇ ਹੋ
ਮੇਰੀ ਮਾਂ ਬੋਲੀ ਨੂੰ
ਤੁਸੀਂ ਆਪਣੀ ਜੀਭੋਂ ਹੀ ਕੱਢਦੇ ਹੋ
ਕੋਈ ਗੱਲ ਨਹੀਂ
ਮੈਂ ਜ਼ਖ਼ਮੀ ਹੋ ਕੇ ਮਰਨ ਲੱਗਾਂਗਾ
ਤਾਂ ਮੇਰੀ ਆਖਰੀ ਧੜਕਣ
ਤੁਹਾਡੀ ਪਕੜ ਤੋਂ ਬਾਹਰੀ ਹੋਵੇਗੀ
ਇਹ ਜਾਣ ਕੇ ਹੱਸ ਪਵਾਂਗਾ ਮੈਂ
ਤੁਹਾਡੇ ਆਖ਼ਰੀ ਸਾਹ ਦੀ ਗਵਾਹੀ ਲਈ
ਫੇਰ ਤੋਂ ਜਨਮ ਲਵਾਂਗਾ ਮੈਂ।
* * * * * * * * * *
ਗੁਜਰਾਤੀ ਕਵਿਤਾ
ਜਨਮ ਦੇ ਨਾਲ
ਰਾਜੇਂਦਰ ਸ਼ਾਹ
ਧਰਤੀ ਦੀ ਹਵਾ ਨਾਲ
ਜੀਵੰਤ ਬੱਚੇ ਦੀ
ਸਾਡੀ ਸਭ ਦੀ ਬੋਲੀ –
ਆਪਣੇ ਆਪ ਦਾ ਵੀ ਜਿਸ ਨੂੰ ਨਹੀਂ ਸਹਾਰਾ
ਓਪਰੇ ਦਾਇਰੇ ’ਚ
ਸਿਰਫ਼
ਇਕੱਲੇਪਣ ਦਾ, ਹੋਂਦ ਦਾ ਆਦਿਮ ਉਚਾਰ
ਨਾਸ਼ ਬਰਾਬਰ ਜਿੱਥੇ
ਮਾਂ ਦੇ ਹੱਥ ਦੀ ਛੋਹ ਨਾਲ ਨਵੀਂ ਪਛਾਣ
ਦੀ ਨਾਪੀ ਜਾਂਦੀ ਧਰਤੀ
ਅੱਖਾਂ ਦੀ ਬੋਲੀ
ਫੜਦੀਆਂ ਅਬੋਧ ਅੱਖਾਂ
ਏਥੇ ਹੀ ਉਹ
ਗਲ੍ਹਾਂ ’ਤੇ ਤਣੀ ਮਿੱਠੀ ਮੁਸਕਾਨ
ਬਾਣੀ ਧਰਤੀ ਭਿੰਨ-ਭਿੰਨ ਸਰੂਪ
* * * * * * * * * *
ਅੰਗਰੇਜ਼ੀ ਕਵਿਤਾ
ਭਾਸ਼ਾ
ਕਾਰਲ ਸੈਡੰਬਰਗ
ਕਿਸੇ ਭਾਸ਼ਾ ’ਤੇ ਕੋਈ ਲਗਾਮ ਨਹੀਂ ਹੁੰਦੀ
ਜਿੱਥੇ ਕਿਤੇ ਬੰਦੇ ਨੇ
ਇਸ ’ਤੇ ਲਗਾਮ ਪਾਈ
ਇਸਨੂੰ ਯਾਦ ਅਤੇ ਚਿਹਨਿਤ ਕੀਤਾ ਗਿਆ
ਇਹ ਭਾਸ਼ਾ ਇੱਕ ਦਰਿਆ ਹੈ
ਹਜ਼ਾਰਾਂ ਸਾਲ ਲਗਦੇ ਨੇ
ਨਵਾਂ ਵਹਾਅ ਬਣਨ ਦੇ ਲਈ
ਜਾਂ ਸਮੁੰਦਰ ਵੱਲ ਨੂੰ ਨਵਾਂ ਰਸਤਾ ਕੱਢਣ ਦੇ ਲਈ
ਇਹ ਇੱਕ ਖਿੜਦਾ ਪਹਾੜ
ਘਾਟੀਆਂ ਵੱਲ ਨੂੰ ਤੁਰਦਾ
ਕੌਮਾਂ ਤੋਂ ਕੌਮਾਂ ਵੱਲ ਨੂੰ ਜਾਂਦਾ
ਹੱਦਾਂ ਨੂੰ ਪਾਰ ਕਰਦਾ
ਅਤੇ ਹੋਰਾਂ ਨਾਲ ਜਾ ਮਿਲਦਾ
ਭਾਸ਼ਾ ਦਰਿਆਵਾਂ ਵਾਂਗ ਮਰਦੀ ਹੈ
ਅੱਜ ਦੇ ਸਮੇਂ ਸ਼ਬਦ ਸਾਡੀ ਜ਼ਬਾਨ ’ਚ ਲਪੇਟੇ ਜਾਂਦੇ ਨੇ
ਵਿਚਾਰਾਂ ਦੀ ਸ਼ਕਲ ਟੁੱਟਦੀ ਹੈ
ਤੁਹਾਡੇ ਦੰਦਾਂ ਅਤੇ ਬੁੱਲ੍ਹਾਂ ਦੇ ਵਿਚਕਾਰ ਬੋਲਣ ਦੇ ਨਾਲ
ਹੁਣ ਤੇ ਅੱਜ ਵਿਚ ਮੁਰਝਾ ਜਾਵੇਗੀ ਬੋਲੀ ਦੀ ਤਰਜ਼
ਹੁਣ ਤੋਂ ਦਸ ਹਜ਼ਾਰ ਸਾਲ ਬਾਦ
ਗੀਤ ਤੇ ਗਾਉਣਾ ਯਾਦ ਰਹੇਗਾ
ਤੁਹਾਡੇ ਗੀਤ ਤੇ ਨਾਚ ਬਦਲ ਜਾਣਗੇ
ਇਹ ਆਉਣ ਵਾਲੇ ਕੱਲ੍ਹ ਨੂੰ ਹੋਣ ਵਾਲਾ ਹੈ
ਕੋਈ ਹਵਾ ਜਿਹੜੀ ਦਸ ਹਜ਼ਾਰ ਵਰ੍ਹੇ ਪਹਿਲਾਂ ਵਗਦੀ ਸੀ
ਹੁਣ ਉਹ ਵੀ ਬਦਲ ਗਈ ਹੈ…
* * * * * * * * * *
ਬੰਗਲਾ ਕਵਿਤਾ
ਭਾਸ਼ਾ
ਸੁਬੋਧ ਸਰਕਾਰ
ਹੇ ਭਾਸ਼ਾ
ਤੂੰ ਮੇਰੀ ਚਮੜੀ ਹੈਂ
ਤੂੰ ਮੇਰੀ ਸਲੇਸ਼ਮਾ ਹੈਂ
ਤੂੰ ਮੇਰਾ ਵੀਰਜ ਹੈਂ
ਮੇਰੀ ਭੁੱਖ ਹੈਂ
ਮੇਰੀ ਚੀਕ ਹੈਂ
ਮੇਰਾ ਦਰਦ ਹੈਂ
ਭਾਸ਼ਾ ਤੂੰ ਮੇਰੀ ਰਾਤ ਹੈਂ
ਮੇਰਾ ਆਖ਼ਰੀ ਤਾਰਾ ਹੈਂ
ਤੂੰ ਮੇਰੀ ਮਾਂ ਹੈਂ
ਜੋ ਤੀਹ ਸਾਲ ਦੀ ਉਮਰ ’ਚ ਵਿਧਵਾ ਹੋਈ
ਤੂੰ ਹੀ ਮੇਰਾ ਹੱਥ ਹੈਂ
ਜਦ ਮੈਂ ਹੱਥ-ਰਸੀ ਕਰਦਾ ਹਾਂ
ਤੂੰ ਮੇਰੀ ਭੈਣ ਹੈਂ
ਜਿਹੜੀ ਇੱਕ ਸੜੀ ਹੋਈ ਕਿਤਾਬ ਸੀ
ਤੂੰ ਮੇਰੀ ਜਿੱਤ
ਮੇਰਾ ਗੁੱਸਾ
ਮੇਰੀ ਹਾਰ ਹੈਂ
ਮੈਂ ਕਦੇ ਕਵੀ ਨਹੀਂ ਬਣਨਾ ਚਾਹੁੰਦਾ ਸੀ
ਤੂੰ ਲਾਲਚ ਦੇ ਦੇ ਪਾਗ਼ਲ ਬਣਾਇਆ
ਮੈਂ ਤੇਰੇ ਨਾਲ ਸੰਭੋਗ ਨਹੀਂ ਚਾਹੁੰਦਾ ਸੀ
ਪਰ ਤੂੰ ਮੇਰੀ ਜ਼ਿੰਦਗੀ ਨੂੰ ਭੋਗਿਆ
ਦਿਨ ਆਏ ਤੇ ਗਏ
ਮੈਂ ਭਾਸ਼ਾ ਦੀ ਬਣਤਰ ਲਿਖਦਾ ਰਿਹਾ
ਮੈਂ ਤੈਨੂੰ ਹਰ ਰੋਜ਼ ਲਿਖਿਆ
ਪਰ ਅਜੀਬ ਗੱਲ
ਤੂੰ ਮੈਨੂੰ ਹਰ ਰਾਤ ਚੰਗਾ ਲਿਖਿਆ
* * * * * * * * * *
ਮਲਿਆਲਮ ਕਵਿਤਾ
ਭਾਸ਼ਾਵਾਂ-1
ਕੇ. ਸੱਚਿਦਾਨੰਦਨ
ਭਾਸ਼ਾਵਾਂ ਦਾ ਆਪਣਾ ਕੋਈ ਘਰ ਨਹੀਂ ਹੈ
ਕਸ਼ਮੀਰੀ
ਇੱਕ ਉਨੀਂਦੀ ਸ਼ਰਨਾਰਥਣ
ਗਰੀਨ ਪਾਰਕ ’ਚ ਇੱਕ ਸੜਕ ਕੰਢੇ
ਝੋਲੇ ’ਚ ਭਰੀ ਵਾਦੀ ਦੇ ਹਰੇ ਸੁਪਨੇ
ਗੁਰਮੁਖ ਜਿਹੀ ਪੰਜਾਬੀ
ਬਿਨ-ਅੱਖਰ
ਲਹੂ-ਲੁਹਾਣ ਆਪਣੀਆਂ ਯਾਦਾਂ ’ਚ ਪੀਲੀ ਪਈ
ਟਿਕਿਆ ਹੈ ਮੱਥਾ ਸਟੇਅਰਿੰਗ ਵ੍ਹੀਲ ’ਤੇ
ਥੱਕਿਆ-ਹਾਰਿਆ
ਤਮਿਲ
ਮੁੜ੍ਹਕੇ ’ਚ ਤਰ
ਚਿਥੜਿਆ ਵਿਹੜਾ ਸੁੰਬਦਰੀ
ਭਾਂਡੇ ਲਿਸ਼ਕਾਉਂਦੀ
ਮਲਿਆਲਮ
ਵੱਡੀ ਇੱਕ ਦੁਨੀਆ ਦੇ ਛੱਡ ਸੁਪਨੇ
ਰਬੜ ਦੀ ਚੱਪਲ ਚਟਕਾਉਂਦੀ
ਓਪਰੀ ਠੰਢ ’ਚ ਸੁੰਗੜਦੀ
ਚਲੀ ਆਉਂਦੀ
ਪਾਈ ਕਾਲਸ ਕਾਰਖਾਨਿਆਂ ਦੀ
ਤੇਲਗੂ
ਵਾਲ਼ਾਂ ’ਚ ਫੁੱਲ ਲੈ ਟੰਗਦੀ
ਇੱਕ ਰਾਤ ਦਾ ਪ੍ਰੇਮੀ
ਉੱਚੇ ਪੁਲ ਦੇ ਥੱਲੇ
ਭਾਸ਼ਾਵਾਂ ਦਾ ਆਪਣਾ ਕੋਈ ਘਰ ਨਹੀਂ ਹੈ
ਹਰਿਆਣਵੀ
ਖੜ੍ਹੀ ਖੇਤਾਂ ’ਚ
ਬਾਹਾਂ ’ਚ ਸਿਰ ਪਾਈ
ਦਿੰਦੀ ਦੁਹਾਈ
ਡਰੀ ਹੋਈ ਉਹ ਆਪਣੇ ਮਾਲਕ ਤੋਂ
ਮੈਥਿਲੀ
ਅਜੇ ਤਾਈਂ
ਕਰਦੀ ਬਨਵਾਸ
ਡਰੇ ਹੋਏ ਚੂਚਿਆਂ ਵਰਗੀ ਬ੍ਰਜੀ ਅਤੇ ਛੱਤੀਸਗੜ੍ਹੀ
ਜੁੜਕੇ ਖੜ੍ਹੀਆਂ ਕੋਲ-ਕੋਲ
ਟੀ.ਵੀ. ਦੇ ਪਰਦੇ ਤੋਂ ਉੱਡਦੇ ਆਕਾਸ਼ੀ ਪੰਛੀ ਦੀ
ਛਾਂ ’ਚ ਥਰ-ਥਰ
ਲਟ ਖੋਲ੍ਹੀ ਕੱਪੜਿਆਂ ਤੋਂ ਬਗ਼ੈਰ
ਵੈਸ਼ਣਵੀ ਬਣਾਉਂਦੀ ਹੈ
ਟਿੱਲੇ ਦਾ ਸਿੰਘਾਸਨ
ਇਸ਼ਤਿਹਾਰ ਦੇ ਥੱਲੇ ਖੜ੍ਹੀ-ਖੜ੍ਹੀ
ਉਰਦੂ ਗਾਉਂਦੀ ਆਪਣੀ ਆਖ਼ਰੀ ਗ਼ਜ਼ਲ
ਇਹਨਾਂ ਸ਼ਰਣਾਰਥੀਆਂ ਲਈ
ਮੈਂ ਚਾਹੁੰਦਾਂ ਇੱਕ ਮਹਿਲ ਬਣਾ ਦੇਵਾਂ
ਮੈਂ ਜੋ ਬਣਾ ਨਹੀਂ ਸਕਿਆ
ਆਪਣਾ ਕੋਈ ਵੀ ਘਰ
ਹਕਲਾਉਂਦਾ ਰਹਿੰਦਾ ਹਾਂ ਟੁੱਟੇ ਜਿਹੇ ਸ਼ਬਦਾਂ ’ਚ
ਇਸ ਕੋਝੇ ਸਰੀਰ ’ਚੋਂ ਉਭਰਦੀਆਂ ਕਿਤੋਂ
ਅਟਪਟੀਆਂ ਆਵਾਜ਼ਾਂ
ਕਿਹੜੀ ਹੈ ਮੇਰੀ ਭਾਸ਼ਾ
ਉਹਨਾਂ ਤਿੰਨਾਂ ’ਚੋਂ ਜਿਨ੍ਹਾਂ ਨੂੰ
ਬੋਲਦਾ ਰਹਿੰਦਾ ਹਾਂ ਸਾਰਾ ਦਿਨ?
ਜਾਂ ਕਿ ਇਹ ਪਵਿੱਤਰ ਰਹੱਸਮਈ ਭਾਸ਼ਾ ਹੀ –
ਜਿਸਨੂੰ ਬੋਲਦਾ ਮੈਂ ਸੁਪਨਿਆਂ ’ਚ ਰਾਤਾਂ ਨੂੰ
ਹੈ ਮੇਰੀ ਆਪਣੀ?
ਮੇਰੀ ਭਾਸ਼ਾ ਆਉਂਦੀ ਹੈ ਸੜਕ ਤੋਂ –
ਇੱਕ ਬੱਚੇ ਦੀ ਯਤੀਮ ਹੋਈ ਚੀਕ –
ਮਾਲਕੋ, ਲਉ ਆ ਗਈ ਮੇਰੀ ਭਾਸ਼ਾ,
ਇਹ ਚੜ੍ਹ ਰਹੀ ਪੌੜੀਆਂ
ਇਸ ਦੀਆਂ ਲੱਤਾਂ ’ਤੇ ਚਿੱਕੜ ਹੈ ਨਾਲਿਆਂ ਦਾ
ਇਹ ਚੜ੍ਹ ਰਹੀ ਰਾਜ ਨੂੰ ਚਲਾਉਣ
ਬਣਨ ਨੂੰ ਰਹਿਨੁਮਾ
ਇਹ ਚੜ੍ਹ ਰਹੀ ਹੈ ਸੰਸਦ ਦੀਆਂ ਪੌੜੀਆਂ
ਇਹ ਚੜ੍ਹ ਰਹੀ ਹੈ ਫਾਂਸੀ ਦੀਆਂ ਪੌੜੀਆਂ
ਚੜ੍ਹ ਰਹੀ ਹੈ ਕਾਲਵਰੀ ਦੀਆਂ ਪੌੜੀਆਂ
ਚੋਣ ਅਤੇ ਅਨੁਵਾਦ: ਤਰਸੇਮ (ਸੰਪਰਕ: 98159-73485)