ਦੱਖਣੀ ਅਫ਼ਰੀਕਾ ਦੇ ਮੂਲ ਨਿਵਾਸੀ ਸਿਆਹਫ਼ਾਮ ਲੋਕਾਂ (ਹੁਣ 80.7 ਫ਼ੀਸਦ) ਨੇ ਆਪਣੀ ਧਰਤੀ, ਆਪਣੀ ਪਛਾਣ ਤੇ ਆਜ਼ਾਦੀ ਮੁੜ ਹਾਸਿਲ ਕਰਨ ਲਈ ਗੋਰਾਸ਼ਾਹੀ ਹਕੂਮਤ ਖ਼ਿਲਾਫ਼ ਲੰਮਾ ਸੰਘਰਸ਼ ਕੀਤਾ। ਹੋਰਾਂ ਜੁਗਤਾਂ ਸਣੇ ਕਵਿਤਾ ਉਸ ਅੰਦੋਲਨ ਦੀ ਵਿਆਪਕ ਚੇਤਨਤਾ ਦਾ ਹਥਿਆਰ ਬਣੀ। ਰੰਗ ਦੀ ਵਜ੍ਹਾ ਨਾਲ ਨਫ਼ਰਤ, ਹੱਦ ਦਰਜੇ ਦਾ ਤਸ਼ੱਦਦ ਤੇ ਗ਼ੁਲਾਮੀ ਦੇ ਨਾਲ-ਨਾਲ ਨਵਾਂ ਧਰਮ, ਨਵਾਂ ਸਭਿਆਚਾਰ, ਨਵੀਂ ਭਾਸ਼ਾ ਦਾ ਥੋਪਣਾ- ਉਨ੍ਹਾਂ ਨੂੰ ਜ਼ਬਰਦਸਤੀ ਨਵੇਂ ਰੰਗ ਵਿਚ ਰੰਗਣ ਦਾ ਨਸਲਵਾਦੀ ਵਤੀਰਾ ਕਿਸੇ ਤੋਂ ਗੁੱਝਾ ਨਹੀਂ। … ਖ਼ੈਰ, ਇੱਥੇ ਸਿਰਫ਼ ਆਜ਼ਾਦੀ ਤਾਂਘਦੇ ਕਵੀਆਂ ਦੀਆਂ ਰੋਹ-ਵਿਦਰੋਹ ਤੇ ਸ਼ਬਦ-ਵਾਰ ਕਵਿਤਾਵਾਂ ਪੇਸ਼ ਹਨ। ਕਵੀਆਂ ਨੇ ਇਹ ਕਵਿਤਾਵਾਂ ਜੇਲ੍ਹਾਂ ’ਚ ਕੈਦ਼ਾਂ ਕੱਟਦਿਆਂ ਲਿਖੀਆਂ। ਇਨ੍ਹਾਂ ਦੀ ਚੋਣ ਅਤੇ ਅਨੁਵਾਦ ਬਲਬੀਰ ਮਾਧੋਪੁਰੀ ਨੇ ਕੀਤਾ ਹੈ।
ਡੈਨਿਸ ਬਰੂਟਸ
ਇਕ ਮਰੇ ਹੋਏ ਅਫ਼ਰੀਕੀ ਦੇ ਨਾਂ
ਨਾ ਕੋਈ ਯੁੱਧ
ਨਾ ਕੋਈ ਯੋਧਾ
ਬਲੀ ਦੇ ਪਸ਼ੂਆਂ ਦੀ ਕਤਾਰ
ਜਿਸ ਨੂੰ ਦੇਖ ਕੇ
ਜੀਅ ਘਬਰਾਏ
ਜਿਵੇਂ
ਨਫ਼ਰਤ ਦੀ ਵਹਛੜ ਨਾਲ ਭਿੱਜ ਗਏ ਹੋਣ
ਤਾਜ਼ਾ ਖਿੜੇ ਫੁੱਲ
ਨਹੀਂ
ਅਸੀਂ ਨਹੀਂ ਲੜਨੀ ਕੋਈ ਲੜਾਈ
ਬੇਹੀਆਂ ਖ਼ਾਸੀਅਤਾਂ ਨੂੰ ਸਮਰਪਿਤ
ਇਤਿਹਾਸ ਲਈ
ਨ੍ਹੇਰੀਆਂ ਰਾਤਾਂ ਵਿਚ
ਲਗਾਤਾਰ ਦਬੋਚ ਲੈਂਦੀ ਹੈ ਮੌਤ
ਸਿਰਫ਼ ਕੈਦੀਆਂ ਨੂੰ
ਯੋਧਿਆਂ ਦੀ ਸੂਚੀ ਵਿਚ
ਜ਼ਰੂਰ ਖੜ੍ਹੇ ਮਿਲਣਗੇ
ਕੁਝ ਨਿਹੱਥੇ ਬੇਨਾਮ ਚਿਹਰੇ
ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਕਤਾਰ ਵਿਚ।
ਕੇਯੋਰੇਪੇਤਸੇ ਗੋਸਿਤਸਾਇਲ
ਹੋਵੇਗੀ ਚੜ੍ਹਤ ਅਸਾਡੀ
ਯਾਦ ਕਰੋ
ਤਸੀਹਿਆਂ ਦੇ ਸਾਲ
ਕੀ ਕਦੀ ਵਿਸਾਰੇ ਜਾ ਸਕਦੇ ਨੇ
ਖ਼ੂਨ ਦੇ ਹੰਝੂਆਂ ਦੀ ਬਰਸਾਤ ਭਰੇ ਸਾਲ?
ਹੁਣ ਵੀ ਤਾਂ
ਜ਼ਖ਼ਮੀ ਹਾਂ ਅਸੀਂ?
ਹਾਰੇ ਸਨ ਸਾਡੇ ਪਿਤਾ ਉਸ ਸੈਲਾਬ ਤੋਂ
ਫਿੱਕਾ ਹੋ ਗਿਆ ਸੀ ਸਾਡੀ ਮਾਂ ਦਾ ਦੁੱਧ
ਸੁਸਤ-ਢਿੱਲਾ ਕਰਦਾ ਹੋਇਆ
ਜੁਆਨ ਪੁੱਤਾਂ ਦਾ ਜੋਸ਼
ਇਸ ਜ਼ਮੀਨ ਉੱਤੇ ਜਾਰੀ ਸੀ ਲੁੱਟ-ਖਸੁੱਟ
ਬਾਣੀਆਂ ਨੇ ਕੱਟੀ ਸੀ ਸਾਰੀ ਫ਼ਸਲ
ਇਕ ਚੋਰ ਦੇ ਰਾਜ ਵਿਚ
ਤੋੜ-ਮਰੋੜ ਦਿੱਤੀਆਂ ਗਈਆਂ ਸਨ
ਬੇੜੀਆਂ ਵਿਚ ਜਕੜੇ ਆਦਮੀ ਦੀਆਂ ਹੱਡੀਆਂ
ਬਿਖੇਰ ਦਿੱਤੀਆਂ ਗਈਆਂ ਸਨ ਉਹ
ਸੜਕਾਂ ਉੱਤੇ ਇੱਟਾਂ-ਪੱਥਰਾਂ ਵਾਂਗ
ਸਾਡੀ ਮੱਜਾ ਨਾਲ ਬਣਾਈਆਂ ਗਈਆਂ ਸਨ
ਬਾਰੂਦੀ ਗੋਲੀਆਂ
ਉੱਗ ਰਿਹਾ ਸੀ ਸਾਡਾ ਹੀ ਪਸੀਨਾ
ਪੱਥਰਾਂ ਦੇ ਮੀਨਾਰ
ਮਾਲਸ਼ਾਂ ਕਰਦੀਆਂ ਸਨ ਸਾਡੀਆਂ ਮਾਸਪੇਸ਼ੀਆਂ
ਬਾਣੀਆਂ ਦੀਆਂ ਜੰਘਾਂ
ਜਦੋਂ ਪਿੱਛੇ ਪਰਤ ਚੁੱਪਚਾਪ
ਦੇਖਦਾ ਹਾਂ
ਆਪਣੀਆਂ ਤਿੱਖੀਆਂ ਕਾਲੀਆਂ ਅੱਖਾਂ ਵਿਚ
ਆਪਣੀ ਹੀ ਜ਼ਮੀਨ ਉੱਤੇ
ਹਥਿਆਰਾਂ ਦੇ ਸਹਾਰੇ ਟਿਕੇ ਲੋਹ-ਪੈਰਾਂ ਨੂੰ
ਹੁਣ ਸਮਝ ਸਕਦੇ ਹਾਂ
ਜਾਂਚਦੇ ਹੋਏ
ਘਟਨਾਵਾਂ ਦੇ ਕਾਰਨ ਤੇ ਪਰਿਣਾਮ
ਮੌਤ ਤੋਂ ਆਜ਼ਾਦੀ ਵੱਲ ਪਹੁੰਚਾਉਂਦੇ
ਪਵਿੱਤਰ ਮਾਰਗ ਦਾ ਮੁੱਲ
ਸਾਡੀ ਹੀ ਜ਼ਿੰਮੇਵਾਰੀ ਹੈ ਇਹ
ਸਾਡੀ ਹੀ ਇੱਛਾ ਹੈ ਇਹ
ਹੋ ਕੇ ਰਹੇਗਾ ਪਰਿਵਰਤਨ
ਸਹੰਦੇ ਰਹੇ ਅਸੀਂ
ਭੁੱਖ ਦੇ ਤਣਾਅ ਤੇ ਇਕੱਲਤਾ
ਚੌਧਿਆਉਂਦੇ ਰਹੇ ਸਦੀਆਂ ਤਕ
ਭਟਕਦੇ ਰਹੇ
ਬਸਤੀਵਾਦੀ ਝੂਠ ਦੀਆਂ ਭੁੱਲ-ਭੁਲੱਈਆਂ ਵਿਚ
ਤਰਦੇ ਰਹੇ ਤ੍ਰਾਸਦੀ ਦੀ ਝੀਲ ਵਿਚ
ਹਫ਼-ਹਫ਼ ਕੇ
ਉਠਦੀਆਂ-ਡਿੱਗਦੀਆਂ ਨਿਰਲੇਪ ਲਹਿਰਾਂ ਨਾਲ
ਅਸੀਂ ਨਹੀਂ ਚੁਣੀ ਸੀ
ਕਰੂਰ ਕਠੋਰ ਰਾਹਾਂ ਉੱਤੇ
ਜ਼ਿੰਦਗੀ ਦੀ ਇਹ ਤਕਦੀਰ
ਕਿੱਥੇ ਸੀ ਤੁਸੀਂ!
ਜਦੋਂ ਝੁਲਾ ਰਹੇ ਸਨ ਉਹ
ਸਾਡੇ ਸ਼ਹੀਦਾਂ ਨੂੰ ਫ਼ਾਂਸੀ ਦੇ ਤਖ਼ਤੇ ’ਤੇ
ਕਿੱਥੇ ਸੀ ਤੁਸੀਂ
ਜਦ ਹੱਤਿਆ ਕੀਤੀ ਸੀ ਉਨ੍ਹਾਂ ਲੁਮੁੰਬਾ ਦੀ
ਤੇ ਵੇਚ ਦਿੱਤੀ ਸੀ ਸਾਡੀ ਜ਼ਮੀਨ
ਬੋਨ ਤੋਂ ਆਏ ਗਿੱਧਾਂ ਦੇ ਹੱਥ?
ਕੀ ਉੱਥੇ ਸੀ ਤੁਸੀਂ
ਜਦ ਕਤਲ ਹੋਇਆ ਲੁਥੁਲੀ ਮਾਲਕੋਮ ਦਾ?
ਤੇ ਮਾਰਿਆ ਗਿਆ ਹਾਰਲੇਮ
ਕੀ ‘ਕਮਿਊਨਿਸਟ ਕਾਊਂਸਿਲ ਮੈਨ’?
ਹਾਂ ਮੰਡੇਲਾ!
ਚੱਲਾਂਗੇ ਅਸੀਂ
ਜ਼ਰੂਰ ਅੱਗੇ ਵਧਾਂਗੇ ਅਸੀਂ
ਅਮਰ ਕਰ ਦੇਵਾਂਗੇ ਅਸੀਂ
ਤੁਹਾਡੇ ਗੀਤਾਂ ਨੂੰ
ਜੜ੍ਹ ਤੋਂ ਪੁੱਟ ਸੁੱਟਾਂਗੇ ਉਨ੍ਹਾਂ ਲੁਟੇਰਿਆਂ ਨੂੰ
ਜਿਨ੍ਹਾਂ ਸੌਦਾ ਕੀਤਾ ਆਦਮੀ ਦੀ ਰੂਹ ਦਾ
ਜਹਾਜ਼ੀ ਮਾਲ ਦੇ ਬਦਲੇ
ਵਧੇਰੇ ਮੁਨਾਫ਼ੇ ਵਾਸਤੇ
ਤੁਰ ਪਏ ਹਾਂ ਅਸੀਂ
ਗਾਉਣ ਆਜ਼ਾਦੀ ਦੇ ਗੀਤ
ਤੁਰ ਪਏ ਹਾਂ ਅਸੀਂ
ਸਾਬਤ ਕਰਨ ਖਾਤਰ
ਕਿ
ਜ਼ਿੰਦਗੀ ਨੂੰ ਨਹੀਂ ਬਣਾਇਆ ਜਾ ਸਕਦਾ ਗ਼ੁਲਾਮ
ਜੰਜ਼ੀਰਾਂ ਵਿਚ ਜਕੜ ਕੇ
ਕਿ
ਕੈਦ ਨਹੀਂ ਕੀਤੀ ਜਾ ਸਕਦੀ ਜ਼ਿੰਦਗੀ
ਕਿਸੇ ਜੇਲ੍ਹ ਵਿਚ
ਤੁਰ ਪਏ ਹਾਂ ਅਸੀਂ ਨਰਕੀ ਟਾਪੂਆਂ ਤੋਂ
ਇਕ ਵਾਰ ਫਿਰ ਸਾਬਤ ਕਰਨ
ਕਿ
ਧਰਤੀ ਦੇ ਚਿਹਰੇ ਦੇ ਸਾਹਮਣੇ
ਜ਼ਿੰਦਗੀ ਹੋ ਸਕਦੀ ਹੈ ਫਿਰ ਜ਼ਿੰਦਗੀ
ਆਪਣੇ ਬੇਸ਼ੁਮਾਰ ਪੈਰਾਂ ਦੇ ਨਾਲ
ਕਹਿ ਦਿਉ ਉਨ੍ਹਾਂ ਨੀਚ ਪਾਖੰਡੀਆਂ ਨੂੰ
ਹੁਣ ਨਾ ਆਉਣ ਉਹ ਸਾਨੂੰ ਸਮਝਾਉਣ
ਕਹਿ ਦਿਉ
ਸਭ ਇਕਜੁੱਟ ਹੋ ਕੇ ਅਸੀਂ
ਦੁਹਰਾ ਰਹੇ ਹਾਂ ਫ਼ਖਰ ਨਾਲ
ਆਪਣੇ ਕਵੀ ਦੀ ਆਵਾਜ਼
ਚੜ੍ਹਤ ਹੋਵੇਗੀ ਅਸਾਡੀ
ਖੁੱਲ੍ਹੀ ਚਿੱਠੀ
ਪੁੱਛਦੇ ਹਾਂ ਅਸੀਂ
ਕੀ ਗੁੰਮ ਗਿਆ
ਇਸ ਡੂੰਘੇ ਅੰਨ੍ਹੇ ਖੂਹ ਵਿਚ
ਜਿੱਥੇ ਪਹੁੰਚ ਨਹੀਂ ਸਕਦੇ ਅਸੀਂ
ਰੱਸਿਆਂ ਦੇ ਸਹਾਰੇ
ਸਿਰਫ਼ ਇਕ ਜ਼ਿੱਦੀ ਹੰਕਾਰ
ਚਾਹੇਗਾ
ਪਿੱਛਾ ਕਰਨਾ
ਕਦੇ ਅਸੀਂ ਭਾਈ ਭਾਈ ਸਾਂ
ਪਰ ਹੁਣ?
ਦੱਸਿਆ ਜਾਂਦਾ ਹੈ
ਐਸੀ ਪ੍ਰਤਬਿੱਧਤਾ ਨਹੀਂ ਹੁੰਦੀ ਸਬੰਧਾਂ ਦੀ
ਹਥਿਆਰ ਨਹੀਂ ਹੋ ਸਕਦੇ ਸਬੰਧ
ਤੁਹਾਡੀ ਇੱਛਾ ਉੱਤੇ ਨਹੀਂ ਹੈ ਨਿਰਭਰ
ਕਿ
ਤੁਸੀਂ ਜਨਮ ਨਾ ਲਉ ਉਨ੍ਹਾਂ ਦੇ ਨਾਲ
ਉਹ ਜਿਨ੍ਹਾਂ ਦੀਆਂ ਅੱਖਾਂ ਹਨ
ਪਰ ਦੇਖਣ ਦੀ ਆਦਤ ਨਹੀਂ
ਜੋ ਬੀਤਿਆ
ਸੋ ਗਿਆ
ਯਾਦ ਕਰੋ ਕਿਵੇਂ ਸ਼ੁਰੂ ਹੋਇਆ ਸੀ ਇਹ ਸਭ ?
ਚੀਕ ਪਏ ਸੀ ਤੁਸੀਂ
ਦੁਖਦ ਸੁਪਨਿਆਂ ਵਿਚ
ਗਿਆਨ ਤੇ ਸਹਿੰਤਾ ਦੀਆਂ ਗੱਲਾਂ ਲਈ
ਜਿਵੇਂ
ਨਾ ਕੋਈ ਬੁੱਧੀ ਸਾਡੀ
ਨਾ ਕੋਈ ਸਾਡੀ ਹਾਲਤ
ਹੁਣ ਵੀ ਚੀਕਦੇ ਹੋ ਤੁਸੀਂ
ਆਪਣੇ ਦੁਖਦ ਸੁਪਨਿਆਂ ਵਿਚ
ਸ਼ਰਾਬ ’ਚ ਮਾਰ ਸਕਦੇ ਹੋ ਛਾਲ
ਪਰ
ਡੁੱਬ ਨਹੀਂ ਸਕਦੇ!
ਸਿਰ ਘੁਮਾਓ ਤੁਸੀਂ
ਚਾਹੇ ਜਿਸ ਕਿਸੇ ਰੌਸ਼ਨੀ ਵਲ
ਦੇਖੋਗੇ ਤੁਸੀਂ
ਹੰਝੂਆਂ ਨਾਲ ਹੈਰਾਨ ਇਕ ਚਿਹਰਾ
ਘਰ ਸ਼ਾਇਦ ਜਗਹ ਹੈ ਉਹ
ਜਿੱਥੇ
ਹੰਝੂ ਵਹਾਉਂਦੇ ਹਾਂ ਅਸੀਂ!
ਅਗਲੀ ਵਾਰ
ਜੇ ਤੁਸੀਂ ਫਿਰ ਕਿਹਾ ਸਾਨੂੰ
ਹੋਛਾ
ਜਾਂ
ਕਮਿਊਨਿਸਟ
ਬਸ ਯਾਦ ਰੱਖਣਾ ਏਨਾ
ਕਿ
ਬਲਾਤਕਾਰ ਹੋਇਆ ਸੀ
ਤੁਹਾਡੀ ਵੀ ਮਾਂ ਦੇ ਨਾਲ
ਤੇ ਇਕ ਹੋਰ ਤਰੀਕਾ ਹੈ
ਰਿਸ਼ਤਿਆਂ ਨੂੰ ਪਰਿਭਾਸ਼ਤ ਕਰਨ ਦਾ
ਏ.ਐਨ.ਸੀ. ਕੁਮਾਲੋ
ਲਾਲ ਰੰਗ ਅਸਾਡਾ
ਚਲੋ ਲਿਖੀਏ ਇਕ ਕਵਿਤਾ
ਜਿਸ ਦਾ ਰੰਗ ਹੋਵੇ
ਲਾਲ ਲਾਲ
ਵੱਜਦੀ ਰਹੇ ਜੋ
ਮੌਤ ਦੀਆਂ ਘੰਟੀਆਂ ਵਾਂਗ।
ਕਵਿਤਾ
ਜੋ ਨੋਚ ਲਵੇ ਹਤਿਆਰਿਆਂ ਦੇ ਚਿਹਰੇ
ਚੂਰ-ਚੂਰ ਕਰ ਦੇਵੇ… ਲੋਹ-ਜੰਜ਼ੀਰ
ਕਵਿਤਾ
ਜੋ ਜਗਾਵੇ ਆਦਮੀ ਨੂੰ
ਜੋ ਅਗਵਾਈ ਕਰੇ
ਮੌਤ ਦੀ ਨਹੀਂ, ਜ਼ਿੰਦਗੀ ਦੀ
ਸ਼ਾਮ ਦੀ ਨਹੀਂ, ਉਮੀਦ ਦੀ
ਰਾਤ ਦੀ ਨਹੀਂ, ਸਵੇਰ ਦੀ
ਪੁਰਾਣੇ ਦੀ ਨਹੀਂ, ਨਵੇਂ ਦੀ
ਸਮਰਪਣ ਦੀ ਨਹੀਂ, ਯੁੱਧ ਦੀ
ਇਸ ਤੋਂ ਪਹਿਲਾਂ ਕਿ
ਅਗਲੇ ਦਹਾਕੇ ਖਾ ਜਾਣ ਇਹ ਦਹਾਕਾ
ਲਿਲੀਅਨ ਨਗੋਈ
ਲਿਲੀਅਨ,
ਮੈਂ ਸੁਣਿਆ ਹੈ
ਤੂੰ ਉਣੱਤਰ ਸਾਲ ਦੀ ਏਂ
ਕਦੀ ਮਿਲ ਨਹੀਂ ਸਕਿਆ ਤੈਨੂੰ
ਸਿਰਫ਼ ਦੇਖੀ ਤੇਰੀ ਤਸਵੀਰ
ਤੇਰੇ ਬਾਰੇ ਲੋਕਾਂ ਤੋਂ ਸੁਣੀਆਂ ਗੱਲਾਂ
ਮੈਂ ਜਾਣਦਾ ਹਾਂ
ਹੁਣ ਵੀ ਹੋਵੇਂਗੀ ਤੂੰ
ਓਨੀ ਹੀ ਜਵਾਨ
ਓਨੀ ਹੀ ਖ਼ੂਬਸੂਰਤ
ਇਕ ਪੱਤਰਕਾਰ ਮੈਨੂੰ ਦਿੱਤੀ ਖ਼ਬਰ
ਸਰਕਾਰ ਦੇ ਹੁਕਮ ਉੱਤੇ
ਤੈਨੂੰ ਮਿਲੀ ਹੈ
ਪੰਦਰਾਂ ਸਾਲ ਆਦਮੀ ਨਾਲ ਸੰਪਰਕ ਤੋਂ ਦੂਰ
ਇਕੱਲੀ ਰਹਿਣ ਦੀ ਕੈਦ
ਪਰ ਚੱਟਾਨ ਵਾਂਗ
ਅਡਿੱਗ ਅਡੋਲ ਤੇਰੀ ਰੂਹ
ਆਪਣੇ ਹੀ ਘਰ ਵਿਚ ਕੈਦੀ ਤੂੁੰ
ਘਰ ਦੀਆਂ ਕੰਧਾਂ ਬਣੀਆਂ
ਜੇਲ੍ਹ-ਦੀਵਾਰਾਂ
ਘਰ ਦੇ ਤਾਲੇ ਹੀ ਬਣ ਗਏ
ਜੇਲ੍ਹ ਦੇ ਤਾਲੇ
ਵਰਜਿਤ ਸੀ
ਲੋਕਾਂ ਦਾ ਤੁਹਾਡੇ ਕੋਲ ਆਉਣਾ
ਘਰ ਦੀ ਉਮਰ ਜੇਲ੍ਹ ਵਿਚ
ਤਾਲੇ-ਚਾਬੀਆਂ ਦੇ ਪਿੱਛੇ
ਕੈਦ ਸੀ ਤੇਰਾ ਦਿਮਾਗ਼
ਲਗਾਤਾਰ ਪੰਦਰਾਂ ਸਾਲ
ਤੇਰੀ ਜ਼ਿੰਦਗੀ ਦੇ ਪਲ-ਪਲ ਦਾ
ਨਿਗਰਾਨੀ ਕਰਦੀ ਸੀ ਪੁਲੀਸ
ਇਕੱਲਤਾ ਵਿਚ ਤੈਨੂੰ
ਚੂਰ-ਚੂਰ ਕਰਨ ਲਈ
ਅਲਗ ਕਰਨ ਲਈ ਤੈਨੂੰ
ਤੇਰੀ ਹੀ ਜ਼ਿੰਦਗੀ ਦੀ ਮਿਆਦ ਨਾਲ
ਤੇਰੇ ਦਿਲ ਨੂੰ ਚੀਰ ਦੇਣ ਦੀ ਇੱਛਾ ਨਾਲ
ਲਗਾਤਾਰ ਜਾਂਦੀ ਰਹੀ ਪੁਲੀਸ
ਤੇਰੀ ਜ਼ਿੰਦਗੀ ਦੇ ਸਾਹਾਂ ਦੀ
ਨਿਗਰਾਨੀ ਕਰਨ
ਦੱਸ ਰਿਹਾ ਸੀ ਉਹ ਪੱਤਰਕਾਰ
ਨਿਡਰ ਸ਼ੇਰੀ ਵਾਂਗ
ਗੁੱਸੇ ਨਾਲ ਦਹਾੜਦੀ ਰਹੀ ਤੂੰ
ਤੈਨੂੰ ਸਭ ਤੋਂ ਵੱਧ ਅਫ਼ਸੋਸ ਸੀ
ਲੋਕਾਂ ਦੇ ਕਿਸੇ ਕੰਮ ਨਾ ਸਕਣ ਦਾ
ਤੂੰ ਰੋਈ
ਤੂੰ ਹੱਸੀ
ਤੂੰ ਗੁੱਸੇ ’ਚ ਪਥਰਾਈ
ਮੱਠੀ ਹੋਈ
ਤੇਰੀ ਆਵਾਜ਼
ਜਦੋਂ ਸਮਝਣ ਲੱਗੀ ਤੂੰ
‘‘ਕਿੰਨੇ ਦੁਖੀ ਹੈਨ
ਮੇਰੇ ਆਪਣੇ ਤਮਾਮ ਪੀੜਤ ਲੋਕ’’
ਸੁਣੋ ਲਿਲੀਅਨ ?
ਤੇਰੇ ਵਰਗੀ ਹੀ ਖ਼ੂਬਸੂਰਤ ਹੋਵੇ
ਉਣੱਤਰ ਸਾਲ ਵਿਚ ਹਰ ਔਰਤ
(ਲਿਲੀਅਨ 1911-1980 ਅਫ਼ਰੀਕਨ ਨੈਸ਼ਨਲ ਕਾਂਗਰਸ ਦੀ ਮੋਹਰੀ ਨੇਤਾ ਸੀ। ਪੂਰੇ ਪੰਦਰਾਂ ਸਾਲ ਆਪਣੇ ਹੀ ਘਰ ਵਿਚ ਕੈਦ ਤੋਂ ਉਹਦੇ ਮੁਕਤ ਹੋਣ ਮਗਰੋਂ ਇਕ ਪੱਤਰਕਾਰ ਨਾਲ ਹੋਈ ਉਹਦੀ ਗੱਲਬਾਤ ਦੇ ਆਧਾਰ ’ਤੇ ਇਹ ਕਵਿਤਾ ਲਿਖੀ ਗਈ।)
ਡੰਕਨ ਮਾਟਲਹੋ
ਮੈਂ ਇਕ ਸੁਤੰਤਰ ਯੋਧਾ
ਡਰੇ ਹੋਏ ਹੋ ਤੁਸੀਂ
ਤੁਹਾਡੇ ਗਲ਼ੇ ਵਿਚ
ਬੇਬੱਸ ਹੋ ਤੁਸੀਂ
ਵਿਸਫੋਟ ਦੀ ਗੈਸ ਨਾਲ ਭਰੀ ਹਵਾ
ਸਾਹਾਂ ’ਚ ਭਰਨ ਲਈ
ਧੁੱਪ ਦਾ ਸੁੱਖ ਲੈਂਦੇ ਹੋਏ
ਚਾਹੁੰਦਾ ਹਾਂ ਮੈਂ
ਜ਼ੋਰ ਨਾਲ ਮਾਰ ਲੱਤ
ਤੁਹਾਡੀ ਵਿਸਕੀ ਦੇ ਗਲਾਸ ਉੱਤੇ
ਅਤੇ ਮੂੰਹ ਲੱਗੀ ਤਮਾਖੂ-ਸੁਲਫ਼ੀ ਨੂੰ
ਮੈਂ ਹਾਂ
ਸਦੀਆਂ ਤੋਂ ਆਪਣੀ ਹੋਂਦ ਦਾ ਹੱਕ ਤਲਾਸ਼ਦਾ ਹੋਇਆ
ਉਹ ਕਾਲਾ ਜੁੱਤਾ
ਉਧੇੜ ਕੇ ਰੱਖ ਦੇਵੇਗਾ ਜੋ
ਬਗੀਚੇ ਦੀ ਕੁਰਸੀ ਚਿਪਕੀ
ਤੁਹਾਡੇ ਪੁੜਿਆਂ ਦੀ ਚਮੜੀ
ਮੈਂ ਹਾਂ
ਤੁਹਾਡੀ ਗਰਦਨ ਦਾ ਝੁਲਸਦਾ ਦਰਦ
ਤੋੜਦਾ ਹੋਇਆ
ਤੁਹਾਡੀਆਂ ਉਂਗਲੀਆਂ
ਤਾਂ ਕਿ
ਢਿੱਲੀ ਪੈ ਜਾਵੇ ਤੁਹਾਡੀ ਪਕੜ
ਚੁਰਾਈ ਹੋਈ ਜ਼ਮੀਨ ’ਤੇ
ਉਜਾੜਦਾ ਹਾਂ ਮੈਂ
ਤੇਰੇ ਪਨਾਹਗਾਹ
ਤਲਾਸ਼ਦਾ ਹਾਂ ਮੈਂ
ਚਾਬੁਕ ਦਾ ਉਹ ਹੱਥਾ
ਟੁੱਟ ਗਿਆ ਜੋ ਗੋਡਿਆਂ ਤੱਕ
ਮਾਰਦਾ ਹੋਇਆ ਲਗਾਤਾਰ ਚੋਟਾਂ
ਤਲਾਸ਼ਦਾ ਹਾਂ ਮੈਂ ਤੁਹਾਡਾ ਜਬਾੜਾ
ਜਿਸ ਨੂੰ ਜ਼ਮੀਨੇ ’ਤੇ ਰਗੜਦੇ ਹੋ ਤੁਸੀਂ
ਪੀਣ ਲਈ ਮੇਰਾ ਖ਼ੂਨ
ਆਪਣੀ ਖੁਰਾਕ ਬਣਾ ਲੈਣਾ ਚਾਹੁੰਦੇ ਹੋ ਤੁਸੀਂ
ਹਾਂ, ਲਗਾਤਾਰ ਦੌੜਦਾ ਹੋਇਆ
ਘ੍ਰਿਣਤ ਚੂਹਾ ਹਾਂ ਮੈਂ
ਲੈ ਸਕਣ ਲਈ ਤੁਹਾਡਾ ਧਨ
ਕਰਦਾ ਹੋਇਆ ਤੁਹਾਨੂੰ ਆਤੰਕਿਤ
ਹਾਂ, ਹੂੰ-ਹੂੰ ਹਾਂ ਮੈਂ ਬੁਖਰਾ (ਕੋਠੀ ਅਨਾਜ ਲਈ) ਦੀ
ਬੇਸ਼ਗਨ ਛਾਯਾ ਵਾਂਗ ਤੇਰੇ ਰਾਹਾਂ ’ਤੇ
ਚਾਹੇ ਕਰਾ ਲਓ ਤੁਸੀਂ
ਆਪਣੀ ਹਿਫ਼ਾਜ਼ਤ ਲਈ
ਲੱਖਾਂ ਦਾ ਬੀਮਾ
ਤੁਹਾਡੀ ਨੀਂਦ ਵਿਚ
ਤੁਹਾਡੇ ਕੰਨਾਂ ਵਿਚ
ਬੋਲਦਾ ਰਹਾਂਗਾ ਮੈਂ
ਤੁਹਾਡੇ ਨੜੋਏ ਦਾ ਮਾਤਮੀ ਗੀਤ
ਰੀਂਗਦਾ ਹੋਇਆ
ਨੌਕਰਾਂ ਦੇ ਟੋਲੇ ਸਹਾਰੇ
ਤੁਹਾਡੀ ਨੱਕ ਉੱਚੀ ਰੱਖਣ ਦਾ ਸੁਪਨਾ
ਨਹੀਂ ਦਫ਼ਨਾਈ ਜਾਵੇਗੀ ਤੁਹਾਡੀ ਲਾਸ਼
ਸ਼ਾਹੀ ਸ਼ਾਨ ਦੇ ਨਾਲ
ਭੁੱਲ ਜਾਓ ਐਸੇ ਸੁਪਨੇ
ਤੁਹਾਨੂੰ ਡੂੰਘੇ ਖੱਡੇ ਵਿਚ
ਲਾਵਾਰਿਸ ਜੇਹੇ ਸੁੱਟਾਂਗੇ ਅਸੀਂ
ਰੋਬੇਕਾ ਮਾਟਲੋ
ਇਹ ਰਸਤੇ
ਇਸ ਧਰਤੀ ਦੇ ਬੱਚਿਓ!
ਸਾਡੀ ਆਪਣੀ ਕਿਸਮਤ ਦੇ ਬੱਚਿਓ!
ਇਨ੍ਹਾਂ ਰਾਹਾਂ ਨੂੰ ਪਾਰ ਕਰੋ
ਇਨ੍ਹਾਂ ਤਲਵਾਰਾਂ ਨੂੰ ਆਰ-ਪਾਰ ਕਰੋ
ਸ਼ੇਰ ਦੀ ਸਵਾਰੀ ਕਰੋ
ਤੇ ਖਿੱਚੋ ਧੌਣ ਦੇ ਵਾਲ
ਮੋਢਾ ਉੱਚਾ ਕਰ ਮਾਰੋ ਛਾਲ
ਤੁਹਾਡੇ ਰਾਹਾਂ ਦੀ ਰੌਸ਼ਨੀ ਬਣੇਗਾ
ਆਕਾਸ਼ ਦਾ ਸਵਰਗ
ਤੁਹਾਨੂੰ ਰਸਤਾ ਦਿਖਾਉਣਗੀਆਂ
ਕੰਡੇਦਾਰ ਝਾੜੀਆਂ ਦੀਆਂ ਗੁੰਬਦੀ ਆਵਾਜ਼ਾਂ
ਏਸੇ ਰਾਹ ਊੱਤੇ ਤੁਰੇ ਸਨ
ਸਾਡੇ ਅਮਰ ਸ਼ਹੀਦ
ਖਿੱਚੋ ਜ਼ਰਾ ਜ਼ੋਰ ਨਾਲ ਲਗਾਮ
ਮਧੋਲ ਸੁੱਟੋ ਕੰਡੇਦਾਰ ਝਾੜੀਆਂ ਨੂੰ
ਤੁਹਾਡੀ ਪਰੇਸ਼ਾਨੀ ਉੱਤੇ ਉਭਰਦੀਆਂ ਨੇ
ਪਸੀਨੇ ਦੀਆਂ ਬੂੰਦਾਂ
ਤੁਹਾਡੀ ਪਿੱਠ ’ਤੇ ਰੱਖਿਆ ਪਵਿੱਤਰ ਜੂਆ
ਲੋਕਾਂ ਦੇ ਜ਼ਖ਼ਮੀ ਦਿਲਾਂ ’ਤੇ ਲਾਵੇਗਾ ਮੱਲ੍ਹਮ
ਅਤੇ ਦੇਵੇਗਾ ਸੱਦਾ
ਸੁਤੰਤਰਤਾ ਦੇ ਬੀਜਾਂ ਨੂੰ
ਮਾਤ ਭੂਮੀ ਲਈ
ਸੋਲੋਮਨ ਮਾਹਲੇਗੂ
(ਇਕ ਬਿਆਨ)
ਕਿਸੇ ਉਲਝਣ ’ਚ ਨਾ ਪਵੋ ਤੁਸੀਂ
ਦੇਖ ਕੇ ਮੇਰੀਆਂ ਮੁਸਕਾਨਾਂ
ਚਿੜ੍ਹੋ ਨਾ ਕਿ
ਸੰਤਾਪ ਦੇ ਇਨ੍ਹਾਂ ਪਲਾਂ ਵਿਚ ਵੀ
ਮੈਂ ਰੱਖ ਸਕਦਾ ਹਾਂ
ਇਸ ਨ੍ਹੇਰੇ ਤਹਿਖਾਨੇ ਵਿਚ ਵੀ ਆਪਣੀ ਪਿੱਠ
ਮੌਤ ਦੇ ਖੂਹ ਵਿਚ ਵੀ
ਇਕ ਆਜ਼ਾਦ ਆਦਮੀ ਹਾਂ ਮੈਂ
ਤੁਹਾਡੇ ਇਸ ਕੋਹੜਾ ਖੇਮੇ ਵਿਚ
ਇਕ ਪੂਰਾ ਆਦਮੀ ਹਾਂ ਮੈਂ
ਪੁੱਛੋ ਨਾ ਕਿ
ਕਿਉਂ ਘੂਰ ਰਿਹਾ ਹਾਂ
ਏਨੀ ਚੁਭਣ ਦੇ ਨਾਲ?
ਜ਼ਿੰਦਗੀ ਦੇ ਯਥਾਰਥ ਤੋਂ ਜਨਮੀ ਹੈ
ਮੇਰੀ ਖ਼ੂਨੀ ਨਜ਼ਰ
ਫੁੱਟੀ ਹੈ ਇਹ ਧਾਰ
ਜ਼ਿੰਦਗੀ ਦੇ ਸਰੋਤਾਂ ਨਾਲ
ਕੰਡੇ ਵਾਂਗ ਚੁੱਭਦੀ ਹੈ ਰੂਹ ਵਿਚ
ਇਹ ਮਨ ਪਰੇਸ਼ਾਨ ਕਰਨ ਵਾਲੀ ਹਾਲਤ
ਜਕੜ ਲੈਂਦੀ ਹੈ ਮੇਰੀ ਹੋਂਦ ਨੂੰ
ਠੰਢੀ ਪ੍ਰਣਾਲੀ
ਅਧਿਕਾਰਾਂ ਦੀ ਬਰਫ਼ੀਲੀ ਮੋਹਲਤ ਤੋਂ ਕਾਹਲੀਆਂ
ਮੇਰੇ ਮਨ-ਮਸਤਕ ਦੀਆਂ ਨਸਾਂ
ਤੁਹਾਡੇ ਨਾਜਾਇਜ਼ ਪੰਜੇ
ਘੁੱਟ ਦਿੰਦੇ ਨੇ ਗਲਾ
ਅਜਨਮੇ ਬੱਚਿਆਂ ਦਾ
ਸਾਨੂੰ ਹੀਣਤਾ ਦੀਆਂ ਹੱਦਾਂ ਤਕ ਝੁਕਾ ਕੇ
ਇਕ ਜਾਨਵਰ ਦੀ ਮੌਤੇ ਮਾਰਿਦਆਂ
ਖ਼ੁਸ਼ ਹੁੰਦੇ ਹੋ ਤੁਸੀਂ
ਮਜ਼ਾ ਆਉਂਦਾ ਹੈ ਤੁਹਾਨੂੰ
ਅਰਪਿਤ ਕਰਦਾ ਹਾਂ ਮੈਂ ਲੋਕਾਂ ਨੂੰ
ਖ਼ੁਸ਼ੀਆਂ ਦੀਆਂ ਗੁੰਬਦੀ ਆਵਾਜ਼ਾਂ
ਤੁਸੀਂ
ਜੋ ਘਬਰਾਉਂਦੇ ਹੋ
ਹਰ ਗੁੱਝੇ ਭੇਤ ਨਾਲ
ਤੁਸੀਂ
ਜੋ ਕਰਫਿਊ ਲਾ ਦਿੰਦੇ ਹੋ
ਹਰ ਦਿਮਾਗ਼ ਉੱਤੇ
ਖੜ੍ਹੇ ਹੋ
ਜੇਲ੍ਹ ਦੀਆਂ ਦੀਵਾਰਾਂ ਵੱਲ ਪਿੱਛ ਕਰ ਕੇ
ਲੈ ਸਕਦੇ ਹੋ ਉਸੇ ਵਕਤ ਤਕ ਸਹਾਰਾ
ਜਦ ਤਕ
ਕੁਚਲ ਨਾ ਦੇਵੇ ਇਹ ਦੀਵਾਰ ਹੀ ਤੁਹਾਨੂੰ
ਕੁਚਲ ਨਾ ਦੇਵੇ
ਤੁਹਾਡੀਆਂ ਛਾਤੀਆਂ
ਜਦੋਂ ਤਕ
ਪਿਘਲ ਨਾ ਜਾਓ ਤੁਸੀਂ
ਬਿਖਰ ਨਾ ਜਾਣ
ਤੁਹਾਡੀਆਂ ਉਮੀਦਾਂ ਦੇ ਟੁਕੜੇ
ਚਿਪਕੇ ਰਹੋ ਉਦੋਂ ਤਕ
ਆਪਣੀ ਕਿਸਮਤ ਨਾਲ
ਫੜੀ ਰੱਖੋ
ਇਸ ਦੀ ਹਿੱਲਦੀ ਪੂਛ
ਇਸ ਹਨੇਰੇ ਨੂੰ
ਇਕ ਨਵਾਂ ਅਰਥ ਦਿਆਂਗਾ ਮੈਂ
ਆਪਣੀ ਲਿਖਤ ਨਾਲ
(ਸੋਲੋਮਨ ਮਾਹਲੇਗੂ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਇਕ ਗੁਰੀਲਾ ਜੋਧਾ ਸੀ ਜਿਸ ਨੂੰ ਅਪਰੈਲ 1979 ਵਿਚ ਫਾਂਸੀ ਦਿੱਤੀ ਗਈ)
ਵਿਕਟਰ ਮਾਟਲੋ
ਸਾਡੀ ਅੱਜ ਦੀ ਪੀੜ੍ਹੀ ਨੂੰ
ਸ਼ਬਦ…
ਅਸਰਦਾਰ ਤੇ ਢਕੌਂਸਲੇ ਨਾਲ ਭਰੇ
ਸਾਡੇ ਕਾਲੇ ਬੁੱਲ੍ਹਾਂ ਨੂੰ ਜੂਠਾ ਕਰ ਗਏ
ਉਨ੍ਹਾਂ ਧੂੜ ਭਰੇ ਤਹਿਖ਼ਾਨਿਆਂ ਵਿਚ
ਇਨ੍ਹਾਂ ਸ਼ਬਦਾਂ ਨੇ ਪੈਦਾ ਕੀਤੇ
ਪਤਾ ਨਹੀਂ ਕਿੰਨੇ ਵਿਅਰਥ ਸ਼ਹੀਦ
ਟੋਂਹਦੇ-ਟੋਲਦੇ ਹੋਏ
ਨਿਰਾਸ਼ ਸ਼ਤਾਬਦੀਆਂ ਦੇ ਝੂਠੇ ਭਰੋਸੇ
ਆਲੇ-ਦੁਆਲੇ ਡੰਗ ਮਾਰਦੇ ਡੂਮਣੇ ਦੇ ਬਾਵਜੂਦ
ਕਦੀ-ਕਦੀ ਟਪਕਣੇ ਵਾਲੇ ਬੂੰਦ-ਬੂੰਦ ਸ਼ਹਿਦ ਨੂੰ
ਸਾਂਝਾ ਕੀਤਾ ਅਸੀਂ
ਦੰਦਹੀਣ ਜਬਾੜਿਆਂ ਅੰਦਰ
ਮੁਸਕਰਾਉਂਦਿਆਂ ਹੋਇਆ
ਪਰਿਵਰਤਿਤ ਹੋ ਗਏ ਅਸੀਂ
ਲਗਾਤਾਰ ਸਖ਼ਤ ਕਿਰਤ ਕਰਦਿਆਂ
ਇਕ ਮਿਹਨਤਕਸ਼ ਦੀ ਤਾਕਤ ਵਿਚ
ਸਿਰਫ਼ ਆਪਣੇ ਵਾਸਤੇ ਹੜੱਪ ਲਿਆ
ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ’ਚ ਟਪਕਦਾ ਸ਼ਹਿਦ
ਅਸੀਂ ਭੋਗ ਰਹੇ ਹਾਂ
ਬਸਤੀਵਾਦੀ ਝੰਡਿਆਂ ਦੀ ਪਤੰਗ ਉਡਾਨ ਹੇਠਾਂ
ਸਵੈ-ਪ੍ਰਸੰਨਤਾ ਦੇ ਤੇਜ਼ ਨਸ਼ੇ ਦੀ ਸ਼ਿਕਾਰ
ਇਹ ਹਾਸੋਹੀਣੀ ਜ਼ਿੰਦਗੀ।
ਇਕ ਗ਼ੁਲਾਮ ਆਦਮੀ
ਕੀ ਮੈਂ ਪਿਆਰ ਕਰਾਂ
ਉਸ ਗ਼ੁਲਾਮ ਆਦਮੀ ਨੂੰ
ਜੋ ਤਰਾਸ਼ਦਾ ਹੈ ਚੀਜ਼ਾਂ ਨੂੰ
ਹਥੌੜੀਆਂ ਦੀ ਤਾਲ ਉੱਤੇ
ਸੰਨਾਟੇ ਨੂੰ ਤੋੜਦਾ ਹੋਇਆ
ਸੰਕਲਪਾਂ ਦੇ ਹੋਂਠਾਂ ਨਾਲ?
ਕੀ ਮੈਂ
ਚੁੱਲ੍ਹੇ ਉੱਤੇ ਸੇਕਾਂ
ਮਿੱਠੇ ਗੀਤਾਂ ਨੂੰ
ਅਤੇ ਕੁਰਲਾਉਂਦੇ ਦੇਖਾਂ
ਵਿਚਾਰਾਂ ਨੂੰ ਢਲਦਿਆਂ ਹੋਇਆਂ
ਸੁੰਦਰਤਾ ਦੇ ਸਾਂਚੇ ਵਿਚ?
ਕੀ ਸਿਰਫ਼ ਦੇਖਦਾ ਰਹਾਂ ਮੈਂ
ਦੁਨੀਆਂ ਉੱਤੇ ਕਬਜ਼ੇ ਲਈ
ਹੁੰਦੀਆਂ ਝੜਪਾਂ?
ਸੂਰਜ ਦੇ ਨਾਲ
ਤੁਰ ਰਿਹਾ ਹੈ ਸੜਕ ਉੱਤੇ
ਵਕਤ ਦੀ ਅਹਿਰਨ ਉੱਤੇ
ਲਾਲ ਲੋਹੇ ਜੇਹਾ
ਇਕ ਗ਼ੁਲਾਮ ਆਦਮੀ
ਕੀ ਮੈਂ ਦੱਸ ਦਿਆਂ
ਉਡੀਕ ਕਰਦੀ ਉਸ ਔਰਤ ਨੂੰ
ਕਿ
ਕਦੀ ਮੈਂ ਵੀ ਸੀ ਭਰਿਆ ਜਵਾਨ
ਫਿਲਹਾਲ ਤਾਂ ਸਾਡੇ ਹਿੱਸੇ ਪਿਆ ਹੈ
ਨੀਚਤਾ ਅਤੇ ਦਲਿੱਦਰ
ਅਤੇ ਚਮਕ ਰਹੀ ਹੈ ਖ਼ੁਸਹਾਲੀ
ਠੰਢੀ ‘ਨਵੀਂ ਰੌਸ਼ਨੀ’ ਦੀਆਂ ਅੱਖਾਂ ਵਿਚ
ਪਰਤ ਜਾਵਾਂ ਮੈਂ
ਗ਼ੁਲਾਮ ਆਦਮੀ ਦੀ
ਜ਼ਿੰਦਗੀ ਦੇ ਟੁਕੜਿਆਂ ਉੱਤੇ ਨੱਚਦੀ
ਮੈਡਮ-ਦੂ-ਤਾਇਤ ਦੀ
ਗਹਿਣਿਆਂ ਨਾਲ ਚਮਕਦੀ ਧੌਣ ਮਰੋੜਨ ਲਈ?
ਮੈਡਮ-ਦੂ-ਤਾਇਤ ਇਕ ਨਾਮ
ਜੋ ਚੂਸ ਲੈਂਦਾ ਹੈ
ਆਮ ਆਦਮੀ ਦੇ ਤਮਾਮ ਮੁਢਲੇ-ਹੱਕ
ਮੈਡਮ-ਦੂ-ਤਾਇਤ
ਬਿਨ-ਮੋਢੇ ਇਕ ਨਾਮ
ਜੋ ਚੁਰਾ ਲੈਂਦਾ ਹੈ
ਆਪਣੇ ਡਾਇਣ-ਡੰਗ ਨਾਲ
ਖੇਤਾਂ ਦੀ ਸਾਰੀ ਉਪਜ
ਮੈਡਮ-ਦੂ-ਤਾਇਤ
ਸੁੰਦਰ ਪੁਸਤਕ ਦਾ ਇਕ ਸ਼ਬਦ
ਮੈਂ ਇਕ ਗ਼ੁਲਾਮ ਆਦਮੀ
ਆਪਣੀਆਂ ਉਂਗਲਾਂ ਨਾਲ
ਕੀ ਟੋਹ ਸਕਦਾ ਹਾਂ ਉਸ ਨੂੰ?
ਠੰਢੇ ਸਾਹਾਂ ਤੇ ਕਮਰ-ਦਰਦ ਦੇ ਬਗੈਰ
ਕੀ ਮੈਂ ਕਰ ਸਕਦਾ ਹਾਂ
ਉਸ ਦਾ ਸਹੀ ਉਚਾਰਣ?
ਕੀ ਮੈਂ ਕਰ ਸਕਦਾ ਹਾਂ ਸੰਬੋਧਿਤ ਬੇਝਿਜਕ
ਮਾਣਯੋਗ ਮੈਡਮ-ਦੂ-ਤਾਇਤ ਨੂੰ?
ਮੈਡਮ ਤਾਂ ਕਹਿ ਦਿੰਦੀ ਹੈ ਸਾਨੂੰ
ਨਰਕ ’ਚ ਜਾਓ
ਉਸ ਦਾ ਜਵਾਬ ਦੇਵੇਗਾ
ਪਸੀਨੇ ਭਿੱਜਾ ਇਕ ਮਿਹਨਤਕਸ਼
ਕਹੇਗਾ ਇਕ ਕਵੀ
‘‘ਮੈਂ ਭੁੱਲ ਗਿਆ ਹਾਂ
ਮੈਡਮ-ਦੂ-ਤਾਇਤ ਵਰਗਾ ਇਕ ਨਾਂ’’
ਬੱਦਲਾਂ ਦੀ ਗੜਗੱਜ
ਅਤੇ
ਖ਼ੂਬਸੂਰਤੀ ਦੀ ਡਿੱਗੀ ਬਿਜਲੀ
ਅੰਨ੍ਹਾ ਕਰ ਦਿੰਦੀ ਹੈ
ਉਤਪਾਦਨ ਵਿਚ ਲੱਗੇ
ਗ਼ੁਲਾਮ ਆਦਮੀ ਨੂੰ
ਨਹੀਂ ਨਾਪ ਸਕਦਾ ਉਹ
ਆਪਣੀ ਲੰਮਾਈ-ਚੌੜਾਈ
ਕੀ ਬੋਲਾਂ ਮੈਂ
ਮਾਰਕਸ ਕਹਿ ਕੇ
ਉਸ ਦੇ ਬੋਲੇ ਕੰਨਾਂ ਵਿਚ?
ਡਰ ਨਾਲ ਦੌੜਾ ਆਵੇਗਾ ਉਹ
ਦੁਨੀਆਂ ਨੂੰ ਹੋਸ਼ ਵਿਚ ਲਿਆਉਣ ਲਈ
ਅਤੇ ਮੈਡਮ-ਦੂ-ਤਾਇਤ?
ਆਹ!
ਥਕਾਊ ਲਹਿਰਾਂ ਦੀ ਸ਼ਰਣ ਦੀ ਮੁਹਤਾਜ
ਮੈਡਮ-ਦੂ-ਤਾਇਤ!
ਇਕ ਦਿਨ ਝੂਲੇਗੀ
ਇਤਿਹਾਸ ਦੀ
ਨਿਗਲ ਜਾਣ ਵਾਲੀਆਂ ਲਹਿਰਾਂ ਦੀ ਖੂੰਟੀ ਉੱਤੇ
ਆਪਣੇ ਉਜਲੇ ਦੰਦਾਂ ਤੇ ਚਮਕਦੀਆਂ ਅੱਖਾਂ ਨਾਲ
ਦੇਖੇਗਾ ਇਕ ਗ਼ੁਲਾਮ ਆਦਮੀ।
ਜਿਵੇਂ ਹਵਾ ਦਾ ਮਸਤੂਲ ਬਣ ਜਾਵੇਗੀ
ਮ…ਮ…ਮੈਡਮ…ਦੂ…ਤਾਇਤ
ਇਸ ਧੂੜ ਭਰੇ ਭੂਚਾਲ ਤੋਂ ਬਾਅਦ
ਹਵਾ ਦੀ ਆਵਾਜ਼ ਨਾਲ ਮੰਡਰਾਉਂਦੇ ਹੋਏ
ਜਦ ਹਥੌੜਿਆਂ ਤੇ ਪਸੀਨੇ ਦੀ ਕਵਿਤਾ
ਖ਼ਤਮ ਕਰ ਦੇਵੇਗੀ
ਉਸ ਦੀ ਹੋਂਦ ਦੇ ਸਾਰੇ ਵਾਕਿਆ
ਰੂਪਾਂਤ੍ਰਣ ਹੋ ਜਾਵੇਗੀ
ਉਹਦੀ ਉਮੀਦ
ਬੇਉਮੀਦੀ ਦੀ ਸ਼ਕਲ ਵਿਚ
ਦੁਨੀਆਂ ਦੇ ਮਹਿਰਾਬ-ਦਰਵਾਜ਼ੇ ਉੱਤੇ ਬੁਣੀ ਜਾ ਰਹੀ
ਇਕ ਜ਼ਰੂਰੀ ਸਾਜਿਸ਼
ਸਮੁੰਦਰੀ ਰਾਹਾਂ ਦੇ ਅੰਦਰ-ਅੰਦਰ
ਮੈਡਮ-ਦੂ-ਤਾਇਤ ਦੇ ਮਰਨ ਦਾ ਨਜ਼ਾਰਾ
ਸਹਿਜ ਹੈ ਇਸ ਵਿਚ
ਮੈਂ ਜਵਾਬ ਨਹੀਂ ਦਿਆਂਗਾ ਸਾਜ਼ਿਸ਼ ਦਾ
ਦੱਸਾਗਾ ਮੈਂ ਮੈਡਮ-ਦੂ-ਤਾਇਤ ਬਾਰੇ
ਫਿਰ
ਕਿਰਕਿਰਾ ਹੁੰਦਾ ਹੈ ਸੋਹਣੇ ਦੰਦਾਂ ਦਾ ਹਾਸਾ
ਕਾਹਲੀ ਨਾਲ਼ ਚੁੰਮ ਲੈਣਾ
ਭਰਵੱਟਿਆਂ ਦਾ ਟੇਢਾਪਨ
ਮੁਸਕਾਨ ਨਾਲ ਕਰਨਾ ਸੰਬੋਧਨ
ਆਪਣੀ ਹੀ ਆਤਮਾ ਨੂੰ
ਕਹਿੰਦੀ ਹੈ ਮਰਦੇ ਹੋਏ ਦਿਨ ਦੀ
ਗੁੰਮਸ਼ੁਦਾ ਸ਼ਹਮ
‘‘ਪਹਿਲੀ ਵਾਰ ਦੇਖੇਗਾ ਜੋਹਨਾਸਬਰਗ
ਸੋਫੀਆਂ ਸ਼ਹਿਰ ਦਾ ਮਲੀਆਮੇਟ
ਅਤੇ ਰੋਣਗੀਆਂ ਟਿਮੋਲ ਦੀਆਂ ਉਚਾਈਆਂ
ਹਾਂ ਰੋਣਗੀਆਂ
ਟਿਮੋਲ ਦੀਆਂ ਉਚਾਈਆਂ’’
ਕੌਣ ਫੜੇਗਾ ਹੱਥਾਂ ਵਿਚ
ਬਦਲੇ ਹੋਏ ਅੰਗਾਰੇ
ਕੀ ਡੱਬੇ ਵਿਚ ਬੰਦ ਕਰ ਸਕਦਾ ਹੈ ਇਸ ਨੂੰ ਥੇਂਬਾ
ਆਪਣੀ ਖ਼ੂਨੀ ਕਲਮ ਨਾਲ
ਪਰ
ਉਡੀਕ ਕਰੋ
ਸਮਝਦਾਰੀ ਦੀ
(ਸੋਫੀਆਂ ਸ਼ਹਿਰ ਜੋਹਨਾਸਬਰਗ ਤੋਂ ਬਾਹਰ ਕਾਲੇ ਲੋਕਾਂ ਦਾ ਛੋਟਾ ਜਿਹਾ ਸ਼ਹਿਰ ਸੀ, ਜਿਸ ਨੂੰ 1950 ਵਿਚ ਜ਼ਬਰਦਸਤੀ ਖ਼ਾਲੀ ਕਰਵਾਇਆ ਗਿਆ। ਅਹਿਮਦ ਟਿਮੋਲ ਨੂੰ ਦੱਖਣੀ ਅਫ਼ਰੀਕੀ ਪੁਲੀਸ ਵੱਲੋਂ ਉੱਚੀ ਇਮਾਰਤ ਤੋਂ ਸੁੱਟ ਦਿੱਤਾ ਗਿਆ ਸੀ। ਕੈਨ ਥੇਂਬਾ ਇਕ ਲੇਖਕ ਸੀ ਜਿਸ ਦੀ ਮੌਤ ਪਰਵਾਸ ਵਿਚ ਹੋਈ।)
– ਪੇਸ਼ਕਸ਼: ਬਲਬੀਰ ਮਾਧੋਪੁਰੀ
ਸੰਪਰਕ: 93505-48100