ਡਾ. ਰਵੇਲ ਸਿੰਘ
ਪੁਸਤਕ ‘ਕਵਣੁ ਦੇਸ ਹੈ ਮੇਰਾ’ ਸੁਤੰਤਰ ਨਾਵਲ ਹੋਣ ਦੇ ਨਾਲ ਨਾਲ ਨਛੱਤਰ ਵੱਲੋਂ ਪਹਿਲਾਂ ਰਚਿਤ ਨਾਵਲਾਂ ‘ਬਾਕੀ ਦਾ ਸੱਚ’, ‘ਸਲੋਅ ਡਾਊਨ’ ਅਤੇ ‘ਕੈਂਸਰ ਟਰੇਨ’ ਦੀ ਨਿਰੰਤਰਤਾ ਵਿਚ ਚੌਥੀ ਰਚਨਾ ਕਹੀ ਜਾ ਸਕਦੀ ਹੈ। ਇਨ੍ਹਾਂ ਨਾਵਲਾਂ ਦੀ ਇਕੱਠੀ ਪੜ੍ਹਤ ਨਾਲ ਪੰਜਾਬ ਦੇ ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਇਤਿਹਾਸ ਦੇ ਦਰਸ਼ਨ ਕਰਵਾਉਂਦੀ ਹੈ।
ਹਥਲਾ ਨਾਵਲ ‘ਕਵਣੁ ਦੇਸ ਹੈ ਮੇਰਾ’ ਪੰਜਾਬ ਵਿਚੋਂ ਨੌਜਵਾਨਾਂ ਦੀ ਅੰਨ੍ਹੇਵਾਹ ਹਿਜਰਤ ਦੀਆਂ ਦੁਸ਼ਵਾਰੀਆਂ ਦੀ ਗਾਥਾ ਜਾਪਦਾ ਹੈ, ਪਰ ਇਸ ਟੈਕਸਟ ਨੂੰ ਡੀਕੋਡ ਕਰਦਿਆਂ ਵਰਤਮਾਨ ਪੰਜਾਬ ਅਤੇ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਸੁਫ਼ਨਿਆਂ ਦੇ ਟੁੱਟਣ ਤੱਕ ਅਨੇਕਾਂ ਮਸਲਿਆਂ ਨੂੰ ਆਪਣੇ ਕਲੇਵਰ ਵਿਚ ਲੈਂਦਾ ਜਾਪਦਾ ਹੈ।
ਇਤਿਹਾਸ ਗਵਾਹ ਹੈ ਕਿ ਹਰ 15-20 ਸਾਲ ਬਾਅਦ ਪੰਜਾਬ ਵਿਚ ਕੋਈ ਨਾ ਕੋਈ ਨਵੀਂ ਲਹਿਰ ਉਭਰਦੀ ਹੈ ਜਾਂ ਕੋਈ ਆਫ਼ਤ ਇਸ ਧਰਤੀ ਨੂੰ ਆ ਘੇਰਦੀ ਹੈ। ਸਾਡੇ ਸਾਹਿਤਕਾਰਾਂ ਨੇ ਇਸ ਰੇਖਕੀ ਇਤਿਹਾਸ ਦੇ ਬਹੁਤ ਰੋਣੇ ਰੋਏ, ਪਰ ਘਟਨਾਵਾਂ ਜਾਂ ਲਹਿਰਾਂ ਦੇ ਪਿਛੋਕੜ ਵਿਚ ਪਏ ਰਾਜਸੀ, ਆਰਥਿਕ, ਸੰਸਕ੍ਰਿਤਕ ਤੇ ਹੋਰਨਾਂ ਕਾਰਨਾਂ ਨੂੰ ਜਾਂ ਤਾਂ ਡੀਕੋਡ ਹੀ ਨਹੀਂ ਕੀਤਾ ਗਿਆ ਤੇ ਜਾਂ ਇਹ ਯਤਨ ਬੇਹੱਦ ਪੇਤਲੇ ਹਨ। ਮੇਰੀ ਜਾਚੇ ਨਛੱਤਰ ਦਾ ਨਾਵਲ ‘ਕਵਣੁ ਦੇਸ ਹੈ ਮੇਰਾ’ ਆਪਣੇ ਸਮਕਾਲ ਦੇ ਰਾਜਨੀਤਕ, ਸਭਿਆਚਾਰਕ, ਆਰਥਿਕ , ਸਮਾਜਿਕ ਇਤਿਹਾਸ ਦਾ ਦਸਤਾਵੇਜ਼ ਬਣ ਕੇ ਪਾਠਕ ਨੂੰ ਟੁੰਬਦਾ ਹੈ।
ਨਾਵਲ ‘ਕਵਣੁ ਦੇਸ ਹੈ ਮੇਰਾ’ ਇਕਹਿਰੀ ਬਿਰਤਾਂਤਕ ਰਚਨਾ ਨਹੀਂ। ਇਸ ਦੀਆਂ ਕਈ ਪਰਤਾਂ ਹਨ ਅਤੇ ਨਾ ਹੀ ਇਸ ਦਾ ਕੋਈ ਕੇਂਦਰੀ ਪਾਤਰ ਜਾਂ ਨਾਇਕ ਹੈ। ਨਾਵਲ ਪੰਜਾਬ ਤੋਂ ਲੈ ਕੇ ਉੱਤਰੀ ਅਮਰੀਕਾ ਤੱਕ ਫੈਲਿਆ ਹੋਇਆ ਹੈ। ਨਾਵਲੀ ਘਟਨਾ ਚੱਕਰ ਉਨ੍ਹਾਂ ਸਾਰੀਆਂ ਧਰਤੀਆਂ ਤੱਕ ਫੈਲਦਾ ਹੈ ਜਿੱਥੇ ਕਿਤੇ ਪੰਜਾਬੀ ਜਾ ਵਸੇ ਹਨ। ਇਉਂ ਦੁਨੀਆਂ ਭਰ ਦੇ ਡੇਢ ਸੌ ਮੁਲਕਾਂ ਵਿਚ ਵਸਦੇ ਪੰਜਾਬੀ ਇਸਦੇ ਨਾਇਕ ਹਨ ਅਤੇ ਉਨ੍ਹਾਂ ਦੀ ਕਰਮ ਭੂਮੀ ਇਸ ਰਚਨਾ ਦਾ ਧਰਾਤਲ। ਸਾਡੀਆਂ ਤ੍ਰਾਸਦਿਕ ਪ੍ਰਸਥਿਤੀਆਂ ਕਥਾ-ਵਸਤੂ ਦਾ ਕੇਂਦਰੀ ਧੁਰਾ ਹਨ। ਨਾਵਲਕਾਰ ਇਨ੍ਹਾਂ ਸਥਿਤੀਆਂ ਨੂੰ ਫੜਨ ਦਾ ਸਫ਼ਲ ਯਤਨ ਕਰਦਾ ਹੈ ਕਿ ਪੰਜਾਬੀਆਂ ਦੇ ਸੁਭਾਅ ਵਿਚ ਕੁਝ ਬੁਨਿਆਦੀ ਤਬਦੀਲੀਆਂ ਵਰਤ ਰਹੀਆਂ ਹਨ। ਪੰਜਾਬ ਤੋਂ ਉੱਚ ਸਿੱਖਿਆ ਦੇ ਨਾਮ ’ਤੇ ਪਲਾਇਨ ਕਰਨ ਵਾਲੇ ਨੌਜਵਾਨ ਹੁਣ ਖੱਟਣ ਕਮਾਉਣ ਲਈ ਦੂਜੀਆਂ ਧਰਤੀਆਂ ’ਤੇ ਨਹੀਂ ਜਾ ਰਹੇ ਅਤੇ ਉਨ੍ਹਾਂ ਨੂੰ ਪੰਜਾਬ ਦੀ ਧਰਤੀ ਲਈ ਕੋਈ ਹੇਰਵਾ ਵੀ ਨਹੀਂ। ਬਹੁਗਿਣਤੀ ਮਾਪੇ ਵੀ ਉਨ੍ਹਾਂ ਨੂੰ ਪੰਜਾਬ ਵਿਚ ਨਸ਼ਿਆਂ, ਕੁਸੰਗਤ ਤੇ ਨਿਰਾਸ਼ਾਜਨਕ ਮਾਹੌਲ ਵਿਚੋਂ ਕੱਢਣਾ ਚਾਹੁੰਦੇ ਹਨ। ਪਰ ਨਛੱਤਰ ਅਜਿਹੇ ਮਾਪਿਆਂ ਦੇ ਭੁਲੇਖੇ ਦੂਰ ਕਰਨ ਦਾ ਯਤਨ ਕਰਦਾ ਹੈ। ਉਸ ਦੇ ਪਾਤਰ ਕਰਨ ਤੇ ਦਮਨ ਪਰਾਈ ਧਰਤੀ ’ਤੇ ਪੈਰ ਜਮਾਉਣ ਲਈ ਲਗਾਤਾਰ ਸੰਘਰਸ਼ ਕਰਦੇ ਹਨ। ਦੋਵਾਂ ਦੇ ਮਾਪਿਆਂ ਨੂੰ ਉਨ੍ਹਾਂ ਉੱਪਰ ਵੱਡੀਆਂ ਉਮੀਦਾਂ ਹਨ। ਵੱਡੇ ਕਰਜ਼ੇ ਲੈ ਕੇ ਉਨ੍ਹਾਂ ਨੇ ਬੱਚਿਆਂ ਨੂੰ ਕੈਨੇਡਾ ਦੀ ਧਰਤੀ ’ਤੇ ਇਸ ਆਸ ਨਾਲ ਭੇਜਿਆ ਹੈ ਕਿ ਸਾਰਾ ਪਰਿਵਾਰ ਸੁਫ਼ਨਿਆਂ ਦੀ ਧਰਤੀ ’ਤੇ ਪੁੱਜ ਸਕੇ। ਉਹ ਅਤੇ ਉਨ੍ਹਾਂ ਵਰਗੇ ਹਜ਼ਾਰਾਂ ਲੱਖਾਂ ਪਾੜ੍ਹੇ ਕਦੇ ਰਹਿਣ ਲਈ ਬੇਸਮੈਂਟਾਂ ਲੱਭਦੇ ਹਨ ਤੇ ਕਦੇ ਹਫ਼ਤੇ ਵਿਚ ਵੀਹ ਘੰਟੇ ਜੌਬ ਲੱਭਣ ਦੇ ਚੱਕਰ ਵਿਚ ਖੱਜਲ ਖੁਆਰ ਹੋ ਰਹੇ ਹਨ। ਪੰਜਾਬ ਦੇ ਪਿੰਡਾਂ ਵਿਚ ਸਰਦਾਰ ਕਹਾਉਣ ਵਾਲੇ ਮਾਪਿਆਂ ਦੇ ਇਹ ਬੱਚੇ ਬੇਸਮੈਂਟਾਂ ਵਿਚ ਇੰਜ ਰਹਿੰਦੇ ਹਨ ਜਿਵੇਂ ਪੂਰਬ ਤੋਂ ਲੇਬਰ ਕਰਨ ਆਏ ਲੋਕ ਪੰਜਾਬ ਦੇ ਛੋਟੇ ਵੱਡੇ ਸ਼ਹਿਰਾਂ ਦੇ ਰੈਣ ਬਸੇਰਿਆਂ ਵਿਚ। ਕੰਮ ਲੱਭਣਾ ਇੱਕ ਹੋਰ ਵੱਡੀ ਮੁਸ਼ਕਿਲ ਹੈ। ਵੀਹ ਘੰਟੇ ਦੀ ਜੌਬ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ ਤੇ ਹਰ ਸਿਮੈਸਟਰ ਬਾਅਦ ਲੱਖਾਂ ਰੁਪਏ ਦੀ ਫੀਸ ਤਾਰਨ ਦਾ ਡਰ ਇਨ੍ਹਾਂ ਬੱਚਿਆਂ ਨੂੰ ਰਹਿੰਦਾ ਹੈ। ਘਰਾਂ ਤੋਂ ਫੀਸ ਲਈ ਪੈਸੇ ਮੰਗਵਾ ਨਹੀਂ ਸਕਦੇ ਕਿਉਂਕਿ ਘਰ ਦੀ ਹਾਲਤ ਉਨ੍ਹਾਂ ਤੋਂ ਛੁਪੀ ਨਹੀਂ ਹੁੰਦੀ। ਇਸ ਲਈ ਮੁੰਡੇ ਵਿਚਾਰੇ ਦੇਸੀ ਬਿਜ਼ਨਸਮੈਨਾਂ ਦੇ ਧੱਕੇ ਚੜ੍ਹਦੇ ਹਨ ਜਿੱਥੇ ਕੈਸ਼ ਲੇਬਰ ਲਈ ਉਨ੍ਹਾਂ ਨਾਲ ਵਾਅਦੇ ਕੁਝ ਹੋਰ ਹੁੰਦੇ ਹਨ ਅਤੇ ਮਿਹਨਤਾਨਾ ਦੇਣ ਲੱਗਿਆਂ ਦੇਸੀ ਵਪਾਰੀ ਆਪਣੀ ਮਰਜ਼ੀ ਨਾਲ ਅੱਧੇ ਪਚੱਧੇ ਡਾਲਰ ਦਿੰਦਿਆਂ ਸ਼ਰਮਿੰਦਾ ਹੋਣ ਦੀ ਬਜਾਏ ਅਹਿਸਾਨ ਜਤਾਉਂਦੇ ਹਨ। ਬੱਚੀਆਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੈ ਕਿਉਂਕਿ ਉਹ ਆਰਥਿਕ ਸੋਸ਼ਣ ਦੇ ਨਾਲ ਨਾਲ ਸਰੀਰਕ ਸੋਸ਼ਣ ਦਾ ਵੀ ਸ਼ਿਕਾਰ ਹੋ ਰਹੀਆਂ ਹਨ। ਇਸ ਤਰ੍ਹਾਂ ਨਛੱਤਰ ਆਪਣੇ ਇਸ ਨਾਵਲ ਵਿਚ ਪੰਜਾਬ ਵਸਦੇ ਮਾਪਿਆਂ ਦੀਆਂ ਅੱਖਾਂ ਉੱਤੇ ਬੱਝੀ ਪੱਟੀ ਵੀ ਖੋਲ੍ਹਣ ਦਾ ਯਤਨ ਕਰਦਾ ਹੈ। ਨਾਵਲ ਬ੍ਰੇਨ ਡ੍ਰੇਨ ਦੇ ਮਸਲਿਆਂ ਨੂੰ ਵੀ ਛੋਂਹਦਾ ਹੈ। ਸਰਕਾਰਾਂ ਦੀ ਨਾਸਮਝੀ ਅਤੇ ਅਸਮਰੱਥਾ ਕਾਰਨ ਸਾਡਾ ਉਹ ਸਾਰਾ ਟੇਲੈਂਟ ਬਾਹਰ ਜਾ ਰਿਹਾ ਹੈ ਜਿਸ ਨੇ ਇਸ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਸੀ। ਪੱਛਮ ਦੀਆਂ ਸਰਕਾਰਾਂ ਨੂੰ ਇਹ ਸਾਧੇ ਹੋਏ ਦਿਮਾਗ਼ ਮੁਫ਼ਤ ਵਿਚ ਉਪਲੱਬਧ ਹੋ ਰਹੇ ਹਨ। ਨਾਲ ਹੀ ਵੱਡਾ ਸਰਮਾਇਆ ਵੀ ਉਨ੍ਹਾਂ ਮੁਲਕਾਂ ਵਿਚ ਪਹੁੰਚ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਿਆ ਹੈ। ਕਈ ਥਾਈਂ ਪੰਜਾਬ ਦੇ ਬਹੁ-ਆਯਾਮੀ ਦੁੱਖ ਜਾਂ ਸਮੱਸਿਆਵਾਂ ਮੂਕ ਧੁਨੀਆਂ ਦੇ ਰੂਪ ਵਿਚ ਟੈਕਸਟ ਅੰਦਰ ਸਮਾਏ ਹੋਏ ਹਨ, ਸੰਵੇਦਨਸ਼ੀਲ ਪਾਤਰ ਹੀ ਇਨ੍ਹਾਂ ਧੁਨੀਆਂ ਦੀ ਪਛਾਣ ਕਰ ਸਕਦਾ ਹੈ।
ਨਾਵਲ ਵਿਚ ਰਿਸ਼ਤਿਆਂ ਦੀ ਟੁੱਟ ਭੱਜ ਦੀ ਕਹਾਣੀ ਵੀ ਵੱਖਰੀ ਭ੍ਰਾਂਤੀ ਵਾਲੀ ਹੈ। ਇਸ ਦੀ ਪਾਤਰ ਮੀਤਾਂ ਨੂੰ ਉਸ ਦੀ ਭੂਆ ਦਾ ਪੁੱਤਰ ਗੋਗੀ ਅਤੇ ਉਸ ਦੀ ਪਤਨੀ ਰੇਸ਼ਮਾ ਕੈਨੇਡਾ ਲਿਜਾਣ ਦਾ ਲਾਲਚ ਦਿੰਦੇ ਹਨ, ਪਰ ਮੀਤਾਂ ਆਪਣੇ ਪਿਆਰ ਏਕਮ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ। ਗੋਗੀ ਅਤੇ ਰੇਸ਼ਮਾ ਨੂੰ ਆਪਣੇ ਬੱਚੇ ਲਈ ਅਜਿਹੀ ਨੈਨੀ ਦੀ ਲੋੜ ਹੈ ਜਿਹੜੀ ਨੌਕਰਾਣੀ ਬਣ ਕੇ ਨਹੀਂ ਸਗੋਂ ਆਪਣਿਆਂ ਵਾਂਗ ਬੱਚਿਆਂ ਦੀ ਦੇਖਭਾਲ ਕਰੇ। ਮੀਤਾਂ ਦੇ ਪਰਿਵਾਰ ਨੂੰ ਲਾਲਚ ਹੈ ਕਿ ਕੁੜੀ ਚਲੀ ਗਈ ਤਾਂ ਸਾਰੇ ਪਰਿਵਾਰ ਦਾ ਵਿਦੇਸ਼ ਜਾਣ ਦਾ ਰਾਹ ਖੁੱਲ੍ਹ ਜਾਏਗਾ। ਉਸ ਦੇ ਮਾਪਿਲਾਂ ਨਾਲ ਹੁੰਦੇ ਵਾਰਤਾਲਾਪ ਵਿੱਚ ਪੰਜਾਬ ਦੇ ਕਿੰਨੇ ਸਾਰੇ ਦੁੱਖਾਂ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ। ਵਾਹੀਯੋਗ ਜ਼ਮੀਨ ਦੀ ਵੰਡ ਦਰ ਵੰਡ ਨਾਲ ਖੇਤੀ ਦੇ ਧੰਦੇ ਦਾ ਲਾਹੇਵੰਦ ਨਾ ਰਹਿਣਾ, ਪੰਜਾਬ ਦੇ ਬਾਸ਼ਿੰਦਿਆਂ ਕੋਲ ਵਿਕਲਪਾਂ ਦੀ ਘਾਟ, ਮਾਪਿਆਂ ਵੱਲੋਂ ਵਿਦੇਸ਼ ਜਾਣ ਦੇ ਲਾਲਚ ਵਿਚ ਧੀਆਂ ਦੀ ਸੁਰੱਖਿਆ ਨਾਲ ਸਮਝੌਤਾ ਅਤੇ ਧੀਆਂ ਨੂੰ ਪੂਰੇ ਪਰਿਵਾਰ ਦੀ ਬੇੜੀ ਬੰਨੇ ਲਾਉਣ ਦਾ ਜ਼ਰੀਆ ਸਮਝਣਾ ਆਦਿ ਅਨੇਕਾਂ ਮਸਲੇ ਇੱਕੋ ਵੇਰ ਪਾਠਕ ਦੇ ਮਨ ਅੰਦਰ ਖਲਬਲੀ ਪੈਦਾ ਕਰਦੇ ਹਨ। ਮੀਤਾਂ ਦਾ ਕੈਨੇਡਾ ਪੁੱਜਣਾ ਅਤੇ ਉਸ ਦੇ ਮੇਜ਼ਬਾਨਾਂ ਦਾ ਉਸ ਨਾਲ ਵਤੀਰਾ ਮੀਤਾਂ ਨੂੰ ਹੋਰ ਭਿਆਨਕ ਸਮੱਸਿਆਵਾਂ ਦੇ ਰੂਬਰੂ ਕਰਵਾਉਂਦਾ ਹੈ। ਆਪਣੀ ਭੂਆ ਦੇ ਪੁੱਤਰ ਦੀ ਮੈਲੀ ਅੱਖ ਦਾ ਅਹਿਸਾਸ ਉਸ ਨੂੰ ਛੇਤੀ ਹੀ ਹੋ ਜਾਂਦਾ ਹੈ। ਰੇਸ਼ਮਾ ਦੇ ਪ੍ਰਸੂਤੀ ਲਈ ਹਸਪਤਾਲ ਜਾਣ ਮਗਰੋਂ ਉਸ ਨਾਲ ਉਹ ਭਾਣਾ ਵਰਤ ਜਾਂਦਾ ਹੈ ਜਿਸ ਦੇ ਡਰ ਨਾਲ ਉਹ ਪਹਿਲੇ ਦਿਨ ਤੋਂ ਹੀ ਸਹਿਮੀ ਹੋਈ ਸੀ, ਪਰ ਉਹ ਮੂੰਹ ਖੋਲ੍ਹਣ ਤੋਂ ਵੀ ਡਰਦੀ ਹੈ। ਉਹ ਇਕੱਲੀ ਜਾਨ ਅਜਿਹੀ ਘੁੰਮਣਘੇਰੀ ਵਿਚ ਫਸ ਜਾਂਦੀ ਹੈ ਜਿੱਥੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਗੋਗੀ ਦੀਆਂ ਧਮਕੀਆਂ ਅਤੇ ਵਿਦੇਸ਼ ਵਿਚ ਰੁਲ ਜਾਣ ਦੇ ਡਰੋਂ ਉਹ ਮੂੰਹ ਬੰਦ ਰੱਖਣ ਲਈ ਮਜਬੂਰ ਹੈ। ਉਸ ਦੀ ਇਹ ਸੋਚ ਵਿਦੇਸ਼ਾਂ ਵਿਚ ਰੁਲਦੀਆਂ ਮੀਤਾਂ ਵਰਗੀਆਂ ਅਨੇਕਾਂ ਕੁੜੀਆਂ ਦੀ ਜ਼ੁਬਾਨ ਬਣਦੀ ਹੈ। ਇੰਜ ਨਛੱਤਰ ਇਸ ਘਟਨਾ ਰਾਹੀਂ ਪਰਵਾਸ ਦੇ ਦੁੱਖਾਂ ਦੀ ਇਕ ਹੋਰ ਪਰਤ ਖੋਲ੍ਹਦਾ ਹੈ।
ਨਛੱਤਰ ਪਰਵਾਸ ਨਾਲ ਸਬੰਧਤ ਪੁਰਾਣੀਆਂ ਹੋ ਚੁੱਕੀਆਂ ਧਾਰਨਾਵਾਂ ਨੂੰ ਮੁੜ ਘੋਖ ਕੇ ਨਵੇਂ ਉੱਭਰ ਰਹੇ ਪਰਿਪੇਖਾਂ ਨੂੰ ਸੋਚਦਾ ਵਿਚਾਰਦਾ ਅਤੇ ਨਾਵਲੀ ਬਿਰਤਾਂਤ ਦਾ ਹਿੱਸਾ ਬਣਾਉਂਦਾ ਹੈ। ਓਪਰੀ ਨਜ਼ਰੇ ਦੇਖਿਆਂ ਜਾਪਦਾ ਹੈ ਕਿ ਉੱਚ ਸਿੱਖਿਆ ਦੇ ਬਹਾਨੇ ਪਰਵਾਸ ਧਾਰ ਰਿਹਾ ਨੌਜਵਾਨ ਵਰਗ ‘ਮਾਤ ਭੂਮੀ’ ਨਾਲੋਂ ਮੋਹ ਭੰਗ ਕਰ ਚੁੱਕਾ ਹੈ। ਪਰ ਅਸਲ ਵਿਚ ਉਹ ‘ਮਾਤ ਭੂਮੀ’ ਨੂੰ ਮਨੋਂ ਵਿਸਾਰ ਸਕਣ ਤੋਂ ਅਸਮਰੱਥ ਹੈ ਕਿਉਂਕਿ ਪਿੱਛਲਝਾਤ ਉਸ ਦੇ ਵਿਹਾਰ ਦਾ ਹਿੱਸਾ ਬਣੀ ਰਹਿੰਦੀ ਹੈ। ਵਾਪਸ ਮੁੜਨ ਦੀ ਚਾਹਤ ਖ਼ਤਮ ਨਹੀਂ ਹੋਈ। ਵਤਨ ਤੋਂ ਦੂਰੀ ਦਾ ਸ਼ਿੱਦਤ ਭਰਿਆ ਅਹਿਸਾਸ, ਪੰਛੀ ਬਣ ਉੱਡ ਜਾਣ ਦੀ ਖ਼ੁਆਹਿਸ਼, ਪਰਵਾਸ ’ਚ ਰਹਿਣ ਦੀ ਮਜਬੂਰੀ ਅਤੇ ਪਛਤਾਵਾ, ਹੇਰਵਾ, ਤਰਸੇਵਾਂ, ਅਤੀਤ ਨਾਲ ਗਹਿਰਾ ਰਿਸ਼ਤਾ, ਯਾਦਾਂ ਆਦਿ ਦੇ ਚਿਹਨ ਬਰਕਰਾਰ ਹਨ ਭਾਵੇਂ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਪਰਵਾਸੀਆਂ ਨਾਲੋਂ ਸ਼ਿੱਦਤ ਤੇ ਅਹਿਸਾਸ ਦਾ ਰੰਗ ਵੱਖਰਾ ਹੈ। ਨਵ-ਪਰਵਾਸੀ ਦਾ ਮਕਸਦ ਉੱਚ ਸਿੱਖਿਆ ਗ੍ਰਹਿਣ ਕਰਨਾ ਨਹੀਂ ਸਗੋਂ ਪੀ.ਆਰ. ਲੈਣਾ ਹੈ। ਇਸ ਮਕਸਦ ਦੀ ਪੂਰਤੀ ਲਈ ਉਹ ਹਰ ਸਮਝੌਤਾ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਇੱਥੇ ਉਹ ਆਪਣੇ ਪੂਰਵਵਰਤੀ ਪੰਜਾਬੀ ਡਾਇਸਪੋਰਾ ਤੋਂ ਵਿੱਥ ਸਿਰਜ ਰਿਹਾ ਪ੍ਰਤੀਤ ਹੁੰਦਾ ਹੈ। ਉਹ ਆਪਣੀ ਜ਼ਿੰਦਗੀ ਦੀ ਟੋਰ ਨੂੰ ਰੁਕਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਹਰ ਠਹਿਰਾ ਨੂੰ ਤੋੜਨ ਦੇ ਵਸੀਲੇ ਤਲਾਸ਼ਦਾ ਹੈ। ਉਸ ਨੇ ਹੋਮ ਲੈਂਡ ਦੀ ਬੇਕਦਰੀ ਦੇਖੀ ਹੋਈ ਹੈ। ਇਸ ਲਈ ਉਹ ਪਰਵਾਸ ਦੇ ਪਿੰਜਰੇ ਨੂੰ ਤਰਜੀਹ ਦੇਣ ਲਈ ਮਜਬੂਰ ਹੈ। ਇਸ ਨੂੰ ਹਾਸਿਲ ਕਰਨ ਲਈ ਉਹ ਸਭਿਆਚਾਰਕ ਕਦਰਾਂ ਕੀਮਤਾਂ ਅਤੇ ਸਮਾਜਿਕ ਰੀਤੀ ਰਿਵਾਜਾਂ ਦੇ ਅਖੌਤੀ ਬੰਧਨਾਂ ਤੋਂ ਮੁਨਕਰ ਹੋ ਰਿਹਾ ਹੈ। ਨਾਵਲ ਦੀ ਪਾਤਰ ਦਮਨ ਦਾ ਪਰਿਵਾਰ ਗ਼ਰੀਬੀ ਕਾਰਨ ਉਸ ਲਈ ਕੈਨੇਡਾ ਦੀ ਯੂਨਿਵਰਸਿਟੀ ਦੀ ਫੀਸ ਅਤੇ ਉੱਥੇ ਜਾ ਕੇ ਪੜ੍ਹਾਈ ਕਰਨ ਦੇ ਖ਼ਰਚ ਉਠਾਉਣ ਦੇ ਅਸਮਰੱਥ ਹੈ। ਪਹਿਲੀ ਵਾਰ ਹੀ ਆਈਲਟਸ ਦਾ ਟੈਸਟ ਪਾਸ ਕਰਨ ਮਗਰੋਂ ਉਸ ਨੂੰ ਅਮੀਰ ਪਰਿਵਾਰ ਦੇ ਨਾਲਾਇਕ ਮੁੰਡਿਆਂ ਦੇ ਰਿਸ਼ਤੇ ਆਉਂਦੇ ਹਨ ਜਿਹੜੇ ਪਰਿਵਾਰ ਨੂੰ ਕੈਨੇਡਾ ਸੈਟਲ ਕਰਨ ਦੇ ਲਾਲਚਵੱਸ ਉਸ ਦੀ ਪੜ੍ਹਾਈ ਦਾ ਸਾਰਾ ਖ਼ਰਚ ਉਠਾਉਣ ਦਾ ਵਚਨ ਵੀ ਦਿੰਦੇ ਹਨ। ਦਮਨ ਦਾ ਆਤਮ ਗੌਰਵ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਉਸ ਦਾ ਪਰਿਵਾਰ ਉਸ ਨੂੰ ਗਹਿਣੇ ਗੱਟੇ ਵੇਚ ਬਾਹਰ ਭੇਜਣ ਵਿਚ ਕਾਮਯਾਬ ਹੋ ਜਾਂਦਾ ਹੈ। ਕੈਨੇਡਾ ਪੁੱਜਦਿਆਂ ਹੀ ਉਸ ਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਇਸ ਧਰਤੀ ’ਤੇ ਪੱਕੇ ਤੌਰ ’ਤੇ ਪੈਰ ਜਮਾਉਣੇ ਸੌਖਾ ਕੰਮ ਨਹੀਂ। ਬੇਸਮੈਂਟਾਂ ਦੇ ਕਿਰਾਏ, ਅਣਜਾਣ ਲੋਕਾਂ ਨਾਲ ਰੂਮ ਸ਼ੇਅਰ ਕਰਨੇ, ਕਾਲਜ ਜਾਣ ਦੀਆਂ ਦੁਸ਼ਵਾਰੀਆਂ, ਕੰਮ ਦੀ ਭਾਲ, ਵੀਹ ਘੰਟੇ ਦੀ ਜੌਬ ਵਿਚ ਅਗਲੇ ਸਿਮੈਸਟਰ ਦੀ ਫੀਸ ਭਰਨ ਦੇ ਨਾਲ ਨਾਲ ਰੋਜ਼ਮੱਰਾ ਦੇ ਖ਼ਰਚੇ ਨਾ ਭਰ ਸਕਣਾ, ਕੈਸ਼ ਕੰਮ ਕਰਨ ਲਈ ਦੇਸੀ ਬਿਜ਼ਨਸਮੈਨਾਂ ਕੋਲ ਚੱਕਰ ਕੱਢਣੇ ਤੇ ਕੰਮ ਮਿਲਣ ਦੀ ਸੂਰਤ ਵਿਚ ਆਰਥਿਕ ਤੇ ਸਰੀਰਕ ਸੋਸ਼ਣ ਵਰਗੇ ਮਸਲੇ ਬਘਿਆੜ ਵਾਂਗ ਉਸ ਨੂੰ ਡਰਾਉਂਦੇ ਹਨ। ਜਿਸ ਆਤਮ ਗੌਰਵ ਲਈ ਉਹ ਲੁਧਿਆਣੇ ਬੈਠੀ ਇਨਕਾਰ ਕਰਦੀ ਰਹੀ ਸੀ, ਉਸ ਨਾਲ ਸਮਝੌਤਾ ਕਰਨ ਲਈ ਤਿਆਰ ਹੁੰਦੀ ਹੈ। ਉਸ ਨੂੰ ਅਹਿਸਾਸ ਹੈ ਕਿ ਇਕ ਸਾਲ ਦੀ ਪੜ੍ਹਾਈ ਮਗਰੋਂ ਮਿਲਣ ਵਾਲੇ ਇਕ ਸਾਲ ਦੇ ਵਰਕ ਪਰਮਿਟ ਵਿਚ ਜੇਕਰ ਪੀ.ਆਰ. ਨਾ ਮਿਲੀ ਤਾਂ ਫਿਰ ਪੰਜਾਬ ਪਰਤਣਾ ਪੈ ਸਕਦਾ ਹੈ ਜਿਸ ਵਾਸਤੇ ਨਾ ਤਾਂ ਉਹ ਖ਼ੁਦ ਤਿਆਰ ਹੈ ਅਤੇ ਨਾ ਹੀ ਉਸ ਦੇ ਪਰਿਵਾਰਕ, ਸਮਾਜਿਕ ਅਤੇ ਆਰਥਿਕ ਹਾਲਾਤ ਇਜਾਜ਼ਤ ਦਿੰਦੇ ਹਨ। ਇਸ ਲਈ ਉਹ ਕਰਨ ਵਰਗੇ ਸ਼ਰੀਫ਼ ਮੁੰਡੇ ਦੀ ਚੋਣ ਕਰਦੀ ਹੈ। ਨਾਵਲਕਾਰ ਪੰਜਾਬੀ ਕਿਰਦਾਰ ਵਿਚ ਆ ਰਹੇ ਵੱਡੇ ਸ਼ਿਫਟ ਨੂੰ ਦਮਨ ਵਰਗੇ ਪਾਤਰਾਂ ਰਾਹੀਂ ਅੰਕਿਤ ਕਰਦਾ ਹੈ। ਵਿਸ਼ਵ ਭਰ ਵਿਚ ਰਹਿ ਰਹੇ ਅਜੋਕੇ ਪੰਜਾਬੀ ਭਾਈਚਾਰੇ ਨੂੰ ਨਿੱਤ ਨਵੇਂ ਪਰਿਵਰਤਨ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਯੁਵਾ ਵਰਗ ਆਪਣੇ ਪੂਰਬਲੇ ਪਰਵਾਸੀਆਂ ਵਾਂਗ ਪ੍ਰਤੀਕਿਰਿਆਵੀ (Reactive) ਹੋਣ ਦੀ ਬਜਾਏ ਪਹਿਲ-ਕਿਰਿਆਵੀ (Proactive) ਹੋ ਰਿਹਾ ਹੈ। ਇਹ ਉਸ ਦੀ ਮਜਬੂਰੀ ਵੀ ਹੈ। ਇੱਥੇ ਤੱਕ ਪੁੱਜਦਿਆਂ ਉਹ ਪਹਿਲਾਂ ਤੋਂ ਉੱਥੇ ਵਸਦੇ ਪੰਜਾਬੀਆਂ ਨਾਲੋਂ ਵੱਖਰੀ ਸੋਚ ਅਪਣਾ ਲੈਂਦਾ ਹੈ। ਉਹ ਨਸਲਵਾਦ ਦੇ ਡਰ ਤੋਂ ਸਥਾਨਕ ਸਭਿਆਚਾਰ ਵਿਚ ਸੰਮਿਲਤ ਹੋਣ ਦੀ ਲਾਲਸਾ ਵੀ ਨਹੀਂ ਰੱਖਦਾ ਸਗੋਂ ਬਹੁ-ਸਭਿਆਚਾਰਕ ਪ੍ਰਸਥਿਤੀਆਂ ਵਿਚ ਆਪਣੀ ਪਛਾਣ ਬਣਾਈ ਰੱਖਣ ਵੱਲ ਸੁਚੇਤ ਹੈ।
ਨਾਵਲ ‘ਕਵਣੁ ਦੇਸ ਹੈ ਮੇਰਾ’ ਦਾ ਬਿਰਤਾਂਤਕ ਸਪੇਸ ਪੰਜਾਬ ਤੋਂ ਕੈਨੇਡਾ ਤੱਕ ਫੈਲਿਆ ਹੋਇਆ ਹੈ, ਪਰ ਪਰਵਾਸ ਬਾਰੇ ਲਿਖੇ ਗਏ ਹੋਰਨਾਂ ਨਾਵਲਾਂ ਤੋਂ ਵੱਖਰੀ ਪਹੁੰਚ ਦਾ ਧਾਰਨੀ ਹੈ। ਇਸ ਨਾਵਲ ਦੇ ਘਟਨਾਕ੍ਰਮ ਵਿਚ ਆਵਾਸੀ ਤੇ ਮੂਲਵਾਸੀ ਦੇ ਟਕਰਾਓ ਨਾਲੋਂ ਆਵਾਸੀਆਂ ਦੇ ਆਪਸੀ ਟਕਰਾਓ ਨੂੰ ਪੇਸ਼ ਕੀਤਾ ਗਿਆ ਹੈ ਹਾਲਾਂਕਿ ਅੰਤਰ-ਧੁਨੀਆਂ ਵਿਚ ਆਵਾਸੀ ਤੇ ਮੂਲਵਾਸੀ ਦਾ ਟਕਰਾਓ ਵੀ ਵਿਦਮਾਨ ਹੈ। ਨਾਵਲ ਦੀ ਸ਼ੁਰੂਆਤ ਹੀ ਇਸ ਸਮੱਸਿਆ ਨਾਲ ਹੁੰਦੀ ਹੈ।
ਯੁਵਾ ਪਰਵਾਸੀਆਂ ਵਿਚ ਕੁਝ ਅਜਿਹੇ ਪਰਿਵਾਰਾਂ ਤੋਂ ਵੀ ਆਏ ਹਨ ਜਿਨ੍ਹਾਂ ਦਾ ਪਿੱਛਾ ਤਕੜਾ ਹੋਣ ਕਾਰਨ ਉਹ ਸਿਸਟਮ ਵਿਚ ਬੱਝਣ ਦੀ ਬਜਾਏ ਇਸ ਨੂੰ ਤੋੜਨ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੀ ਹੁੱਲੜਬਾਜ਼ੀ ਸਾਡੇ ਨੌਜਵਾਨਾਂ ਦਾ ਹੀ ਨਹੀਂ ਸਮੁੱਚੇ ਪੰਜਾਬ ਦਾ ਅਕਸ ਖ਼ਰਾਬ ਕਰਦੀ ਹੈ। ਪੁਰਾਣੇ ਪਰਵਾਸੀ ਮੇਜ਼ਬਾਨ ਲੋਕਾਂ ਤੋਂ ਬੇਗਾਨਗੀ ਹੰਢਾ ਰਹੇ ਸਨ, ਹੁਣ ਪਰਵਾਸ ਧਾਰ ਰਹੇ ਨਵੇਂ ਯੁਵਕਾਂ ਪ੍ਰਤੀ ਉਨ੍ਹਾਂ ਦਾ ਵਤੀਰਾ ਮੂਲਵਾਸੀਆਂ ਵਾਲਾ ਹੈ। ਉਨ੍ਹਾਂ ਨੇ ਹੌਲੀ ਹੌਲੀ ਮੇਜ਼ਬਾਨ ਲੋਕਾਂ ਵਿਚਕਾਰ ਆਪਣੀ ਇਕ ਸਾਖ਼ ਕਾਇਮ ਕਰ ਲਈ ਸੀ ਜੋ ਇਕ ਸਭਿਅਕ ਸਮਾਜ ਵਾਲੀ ਸੀ। ਸਭਿਅਕ ਹੋਣ ਦਾ ਆਪਣਾ ਬਿੰਬ ਉਹ ਟੁੱਟਣ ਨਹੀਂ ਦੇਣਾ ਚਾਹੁੰਦੇ। ਸੋ ਯੁਵਕ ਦੂਹਰੀ ਤੀਹਰੀ ਬੇਗਾਨਗੀ ਦਾ ਸ਼ਿਕਾਰ ਹੋ ਰਹੇ ਹਨ। ਨਛੱਤਰ ਆਪਣੇ ਹਰ ਨਾਵਲ ਵਿਚ ਕੋਈ ਨਾ ਕੋਈ ਆਦਰਸ਼ਕ ਪਾਤਰ ਸਿਰਜ ਕੇ ਸਮੱਸਿਆ ਦਾ ਹੱਲ ਲੱਭਣ ਲਈ ਆਸਵੰਦ ਰਹਿੰਦਾ ਹੈ। ਉਸ ਦੇ ਪਾਤਰ ਕਿਤੇ ਸੰਗਠਨਾਤਮਕ ਸੰਘਰਸ਼ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਆਦਰਸ਼ਕ ਸਰਗਰਮੀਆਂ ਵੱਲ ਰੁਚਿਤ ਰਹਿੰਦੇ ਹਨ। ਹਥਲੇ ਨਾਵਲ ਵਿਚ ਵੀ ਦਲੇਰ ਸਿੰਘ ਪੰਜਾਬ ਤੋਂ ਹਿਜਰਤ ਕਰ ਕੇ ਆਏ ਯੁਵਕਾਂ ਅਤੇ ਕੈਨੇਡਾ ਦੀ ਧਰਤੀ ’ਤੇ ਸਥਾਪਤ ਪੰਜਾਬੀਆਂ ਵਿਚਕਾਰ ਪੁਲ ਦਾ ਕੰਮ ਕਰਦਾ ਹੈ। ਨਾਵਲ ਦਾ ਪਹਿਲਾ ਅਤੇ ਅੰਤਿਮ ਅਧਿਆਏ ਦਲੇਰ ਸਿੰਘ ਦੁਆਰਾ ਸੈਮੀਨਾਰਾਂ ਜ਼ਰੀਏ ਜਾਗਰੂਕਤਾ ਲਿਆਉਣ ਦੇ ਯਤਨਾਂ ਨਾਲ ਸਬੰਧਤ ਹੈ। ਵਿਸ਼ੇਸ਼ ਕਰਕੇ ਅੰਤਿਮ ਅਧਿਆਇ ਵਿਚ ਵੱਖ ਵੱਖ ਬੁਲਾਰਿਆਂ ਦੇ ਭਾਸ਼ਣ ਨਾਵਲੀ ਬਿਰਤਾਂਤ ਨੂੰ ਕਮਜ਼ੋਰ ਕਰਦੇ ਜਾਪਦੇ ਹਨ। ਸਾਹਿਤ ਰਚਨਾਂ ਵਿਚ ਸਿਰਜਕ ਨੇ ਕੋਈ ਫ਼ੈਸਲੇ ਨਹੀਂ ਦੇਣੇ ਹੁੰਦੇ ਸਗੋਂ ਖੁੱਲ੍ਹੀ ਕਿਤਾਬ ਵਾਂਗ ਸਮੱਸਿਆ ਦਾ ਉਲੇਖ ਕਰਨਾ ਹੁੰਦਾ ਹੈ। ਅੰਤਿਮ ਅਧਿਆਏ ਵਿਚ ਦਲੇਰ ਸਿੰਘ ਅਤੇ ਹੋਰਨਾਂ ਬੁਲਾਰਿਆਂ ਦੀਆਂ ਤਕਰੀਰਾਂ ਵਿਚ ਨਾਵਲਕਾਰ ਖ਼ੁਦ ਬੋਲਦਾ ਪ੍ਰਤੀਤ ਹੁੰਦਾ ਹੈ। ਉਂਜ ਇੰਨੇ ਵੱਡੇ ਸਮੱਸਿਆਕਾਰ ਨੂੰ ਲਗਭਗ ਪੌਣੇ ਦੋ ਸੌ ਪੰਨਿਆਂ ਵਿਚ ਸਮੇਟ ਕੇ ਨਛੱਤਰ ਨੇ ਪਰਪੱਕ ਬਿਰਤਾਂਤਕਾਰ ਹੋਣ ਦਾ ਸਬੂਤ ਦਿੱਤਾ ਹੈ। ਪੰਜਾਬ ਦੀ ਸਭਿਆਚਾਰਕ ਇਤਿਹਾਸਕਾਰੀ ਨਾਲ ਜੁੜੇ ਵਿਦਵਾਨਾਂ ਲਈ ਇਹ ਸ੍ਰੋਤ ਟੈਕਸਟ ਦਾ ਕੰਮ ਕਰੇਗੀ।
ਸੰਪਰਕ: 92120-21195