ਕੁਲਦੀਪ ਕੌਰ ਭੁੱਲਰ
‘‘ਸਰਕਾਰ ਨਵੇਂ ਨਵੇਂ ਕਾਨੂੰਨ ਬਣਾਉਂਦੀ ਐ, ਪਰ ਅਮਲ ਵਿੱਚ ਲਿਆਉਣ ਲਈ ਕਰਦੀ ਕਤਰਦੀ ਕੁਝ ਨਹੀਂ! ਅਖੇ ਨਾੜ ਨੂੰ ਨਾ ਸਾੜੋ, ਖੇਤਾਂ ’ਚ ਅੱਗ ਨਾ ਲਾਓ! ਜੇ ਭਲਾ ਅੱਗ ਨਾ ਲਾਈਏ ਤਾਂ ਐਨਾ ਨਾੜ ਇਨ੍ਹਾਂ ਦੇ ਸਹੁਰੀਂ ਭੇਜ ਦੇਈਏ? … ਕਮਲੇ ਲੋਕ।’’
‘‘ਤੇ ਹੋਰ ਕੀ ਭਾਪੇ! ਇਨ੍ਹਾਂ ਨੂੰ ਕੋਈ ਪੁੱਛੇ ਬਈ ਜੱਟ ਦੀ ਜਮੀਨ ’ਤੇ ਗੇੜਾ ਤਾਂ ਮਾਰ ਕੇ ਵੇਖੋ। ਓਥੇ ਦਫ਼ਤਰਾਂ ’ਚ ਬੈਠੇ ਕਾਗਜ਼ ਕਾਲ਼ੇ ਕਰੀ ਜਾਂਦੇ ਨੇ। ਓਏ ਲਾਭਿਆ! ਚਾਰੇ ਪਾਸੇ ਕਰ ਕੇ ਚੰਗੀ ਤਰ੍ਹਾਂ ਲਾ ਦੇ ਅੱਗ। ਕਿਤੇ ਵਿੱਚ ਵਿਚਾਲਾ ਜਿਹਾ ਨਾ ਰਹਿ ਜੇ ਕੰਮ।’’ ਦੀਪਕ ਨੇ ਪਿਓ ਦੀ ਹਾਂ ’ਚ ਹਾਂ ਮਿਲਾਉਂਦਿਆਂ ਆਪਣੇ ਨੌਕਰ ਲਾਭੇ ਨੂੰ ਤਾਕੀਦ ਕੀਤੀ। ਦੀਪਕ ਅਤੇ ਉਹਦੇ ਪਿਓ ਨੰਬਰਦਾਰ ਮਹਿਲ ਸਿੰਘ ਨੇ ਕਣਕ ਵੱਢਣ ਤੋਂ ਬਾਅਦ ਨਾੜ ਨੂੰ ਅੱਗ ਲਾਈ ਸੀ। ਸਰਕਾਰ ਦੇ ਸਖ਼ਤ ਕਾਨੂੰਨ ਬਣਾਉਣ ਦੇ ਬਾਵਜੂਦ ਜੱਟ ਜ਼ਿਮੀਂਦਾਰ ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਬਚੇ ਨਾੜ ਨੂੰ ਸਾੜ ਰਹੇ ਸਨ। ਕੁਝ ਸਿਆਣੇ ਕਿਸਾਨ ਵੀ ਸਨ ਜੋ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਣੇ ਨਾੜ ਪੈਲੀਆਂ ਵਾਹ ਰਹੇ ਸਨ। ਪਰ ਕੁਝ ਨੰਬਰਦਾਰ ਮਹਿਲ ਸਿਹੁੰ ਵਰਗੇ ਵੀ ਸਨ ਜਿਨ੍ਹਾਂ ਨੂੰ ਆਪਣੀ ਲੰਬੜਦਾਰੀ ਦਾ ਮਾਣ ਸੀ ਕਿ ਸਰਕਾਰ ਕੀ ਕਰ ਲਵੇਗੀ। ਪੰਝੀ ਕਿੱਲਿਆਂ ਦਾ ਮਾਲਕ ਨੰਬਰਦਾਰ ਪਿੰਡ ਦੇ ਮੋਹਰੀ ਬੰਦਿਆਂ ’ਚੋਂ ਸੀ। ਸਰਪੰਚ ਅਤੇ ਹੋਰ ਪਤਵੰਤੇ ਸੱਜਣਾਂ ਦੇ ਸਮਝਾਉਣ ਦੇ ਬਾਵਜੂਦ ਉਹਨੇ ਆਪਣੇ ਖੇਤਾਂ ਵਿੱਚ ਅੱਗ ਲਾਈ ਸੀ।
‘‘ਲਾ ਦੇ! ਲਾ ਦੇ ਲਾਭਿਆ! ਬਚੇ ਨਾ ਕੋਈ ਕੋਨਾ ਖਾਲੀ। ਕੱਖ ’ਕੱਠੇ ਕਰ ਦੇ ਸਾਰੇ ਤਰੰਗਲੀ ਨਾਲ।’’ ਨੰਬਰਦਾਰ ਮਹਿਲ ਸਿੰਘ ਨੇ ਉੱਚੀ ਆਵਾਜ਼ ਵਿੱਚ ਲਾਭੇ ਨੂੰ ਸਮਝਾਇਆ।
ਨੰਬਰਦਾਰ ਮਹਿਲ ਸਿੰਘ ਹੁਰੀਂ ਤਿੰਨ ਭਰਾ ਸਨ। ਉਹਦੇ ਪਿਉ ਦੀ ਸੌ ਕਿੱਲਾ ਜ਼ਮੀਨ ਉਨ੍ਹਾਂ ਚਾਰ ਭੈਣ-ਭਰਾਵਾਂ ਵਿੱਚ ਵੰਡੀ ਗਈ ਸੀ। ਭੈਣ ਦੇ ਜ਼ਮੀਨ ਵੰਡਾਉਣ ਤੋਂ ਦੁਖੀ ਮਹਿਲ ਸਿੰਘ ਨੇ ਭੈਣ ਨਾਲੋਂ ਰਿਸ਼ਤਾ ਤੋੜ ਲਿਆ ਸੀ ਤੇ ਪਿਛਲੇ ਪੰਦਰਾਂ ਸਾਲਾਂ ਤੋਂ ਉਸ ਦਾ ਮੂੰਹ ਵੀ ਨਹੀਂ ਸੀ ਵੇਖਿਆ। ਬਾਕੀ ਦੋ ਭਰਾਵਾਂ ਕੋਲ ਦੋ ਦੋ ਬੱਚੇ ਸਨ। ਮਹਿਲ ਸਿੰਘ ਕੋਲ ਦੀਪਕਪਾਲ ਇਕੱਲੀ ਔਲਾਦ ਸੀ। ਦੀਪਕ ਦਾ ਵਿਆਹ ਰੱਜਵੇਂ ਘਰ ਹੋਇਆ ਤੇ ਅੱਗੋਂ ਉਹਦੇ ਕੋਲ ਵੀ ’ਕੱਲਾ ਹੀ ਮੁੰਡਾ ਸੀ। ਮੁੰਡਾ ਸੱਤ ਸਾਲ ਦਾ ਹੋ ਗਿਆ ਸੀ, ਪਰ ਦੂਸਰੀ ਔਲਾਦ ਦੀ ਚਾਹ ਅਜੇ ਤਕ ਪੂਰੀ ਨਹੀਂ ਹੋਈ ਸੀ। ਮੁੰਡੇ ਨੂੰ ਉਹਨੇ ਸ਼ਹਿਰ ਦੇ ਕਾਨਵੈਂਟ ਸਕੂਲ ਵਿੱਚ ਪੜ੍ਹਨੇ ਪਾਇਆ ਸੀ। ਰੋਜ਼ ਸਵੇਰੇ ਬੱਚਾ ਸਕੂਲ ਜਾ ਕੇ ਸ਼ਾਮ ਨੂੰ ਮੁੜਦਾ। ਕਦੇ ਬਾਹਰ ਜਾਣ ਦਾ ਉਹਨੂੰ ਹੁਕਮ ਨਹੀਂ ਸੀ। ਜੇਕਰ ਉਹ ਥੋੜ੍ਹਾ ਬਹੁਤ ਕੰਮ ਕਰਨ ਦਾ ਯਤਨ ਕਰਦਾ ਤਾਂ ਮਹਿਲ ਸਿੰਘ ਅੱਗੋਂ ਕਹਿੰਦਾ, ‘‘ਅਸੀਂ ਆਪੇ ਮਾਰਲਾਂਗੇ ਮਿੱਟੀ ਨਾਲ ਮੱਥਾ। ਤੂੰ ਪੜ੍ਹ ਲਿਖ ਕੇ ਅਫ਼ਸਰ ਬਣ ਜਾ ਮੇਰਾ ਪੁੱਤਰ।’’ ਨੰਬਰਦਾਰ ਉਹਨੂੰ ਕਲਾਵੇ ਵਿੱਚ ਲੈਂਦਾ।
ਪਿੰਡ ਦੇ ਬਾਹਰਵਾਰ ਉਹਦੀਆਂ ਤੇ ਭਰਾਵਾਂ ਦੀਆਂ ਇੱਕ ਕਤਾਰ ਵਿੱਚ ਤਿੰਨ ਮਹਿਲਨੁਮਾ ਕੋਠੀਆਂ ਸਨ। ਅਖੀਰਲੀ ਕੋਠੀ ਮਹਿਲ ਸਿੰਘ ਦੀ ਸੀ। ਉਸ ਤੋਂ ਬਾਅਦ ਖਾਲੀ ਜਗ੍ਹਾ ’ਤੇ ਬਹੁਤ ਖੁੱਲ੍ਹੀ ਹਵੇਲੀ ਸੀ ਜਿਸ ਵਿੱਚ ਚੜ੍ਹਦੇ ਪਾਸੇ ਮੱਝਾਂ ਦਾ ਵਾੜਾ ਅਤੇ ਲਹਿੰਦੇ ਪਾਸੇ ਕੁਝ ਕਮਰੇ ਬਣੇ ਹੋਏ ਸਨ। ਇਨ੍ਹਾਂ ਕਮਰਿਆਂ ਨੂੰ ਨੌਕਰਾਂ ਲਈ ਵਰਤਿਆ ਜਾਂਦਾ ਸੀ। ਲਾਭਾ ਇੱਥੇ ਹੀ ਰਹਿੰਦਾ ਸੀ। ਉਹਦਾ ਜੱਦੀ ਪਿੰਡ ਘੱਗਰ ਦਰਿਆ ਤੋਂ ਪਰਲੇ ਪਾਸੇ ਸੀ। ਲਾਭੇ ਕੋਲ ਬੱਸ ਆਪਣਾ ਘਰ ਸੀ ਜਿਸ ਵਿੱਚ ਉਸ ਦੀ ਘਰਵਾਲੀ ਤੇ ਚਾਰ ਬੱਚੇ ਰਹਿੰਦੇ ਸਨ। ਵੱਡੀਆਂ ਦੋ ਕੁੜੀਆਂ ਤੇ ਛੋਟੇ ਦੋ ਮੁੰਡੇ। ਦੋ ਬੱਕਰੀਆਂ ਤੇ ਕੁਝ ਮੁਰਗੀਆਂ ਪਾਲੀਆਂ ਹੋਈਆਂ ਸਨ। ਬੱਕਰੀਆਂ ਦਾ ਦੁੱਧ ਅਤੇ ਮੁਰਗੀਆਂ ਦੇ ਅੰਡੇ ਵੇਚ ਕੇ ਰਾਸ਼ਨ ਪਾਣੀ ਜੋਗਾ ਖ਼ਰਚ ਨਿਕਲ ਆਉਂਦਾ ਸੀ। ਵੱਡੀ ਕੁੜੀ ਹੁਣ ਜਵਾਨ ਸੀ ਤੇ ਮਾਂ ਨਾਲ ਵੱਡੇ ਘਰਾਂ ਦਾ ਗੋਹਾ ਕੂੜਾ ਕਰਦੀ ਸੀ। ਛੋਟੀ ਕੁੜੀ ਘਰ ਦਾ ਕੰਮਕਾਰ ਸਾਂਭਦੀ। ਦੋਵੇਂ ਮੁੰਡੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ। ਇਉਂ ਲਾਭੇ ਦਾ ਟੱਬਰ ਮਿਹਨਤ ਕਰ ਕੇ ਵਧੀਆ ਗੁਜ਼ਾਰਾ ਰਿਹਾ ਸੀ।
‘‘ਸਰਦਾਰ ਸਾਹਿਬ ਨਾੜ ਤਾਂ ਸੜ ਗਏ ਨੇ ਚੰਗੀ ਤਰ੍ਹਾਂ! ਫੇਰ ਪਰਸੋਂ ਤੋਂ ਪਾਣੀ ਲਾਵਾਂਗੇ ਪੈਲ਼ੀ ’ਚ। ਮੈਂ ਸੋਚਦਾ ਹਾਂ ਅੱਜ ਘਰ ਗੇੜਾ ਮਾਰ ਆਵਾਂ। ਫੇਰ ਹਫ਼ਤਾ ਨਿਕਲਿਆ ਨਹੀਂ ਜਾਣਾ।’’ ਰਾਤ ਨੂੰ ਹਵੇਲੀ ਗੇੜਾ ਮਾਰਨ ਆਏ ਮਹਿਲ ਸਿੰਘ ਨੂੰ ਲਾਭੇ ਨੇ ਹੱਥ ਜੋੜਦਿਆਂ ਪੁੱਛਿਆ।
‘‘ਲਾਭਿਆ! ਤੂੰ ਕੀ ਘਰ ਗੇੜੇ ਮਾਰਦਾ ਰਹਿੰਨਾ ਓਏ! ਹੁਣ ਤਾਂ ਤੇਰੀ ਲਾਦ ਜਵਾਨ ਹੋਗੀ। ਕੰਮ ਵਿਚ ਧਿਆਨ ਦੇ ਪਤੰਦਰਾ।’’ ਮਹਿਲ ਸਿੰਘ ਨੇ ਉਹਨੂੰ ਝਿੜਕਿਆ।
‘‘ਸਰਦਾਰ ਜੀ, ਬੱਚਿਆਂ ਦਾ ਮੋਹ ਜਿਹਾ ਆ ਜਾਂਦੈ। ਲੋੜ ਤਾਂ ਬਾਹਲੀ ਹੈ ਨੀ ਘਰ ਜਾਣ ਦੀ। ਐਵੇਂ ਮਨ ਜਿਹਾ ਨਹੀਂ ਲੱਗਦਾ ਕਈ ਵਾਰ।’’
‘‘ਮਨ ਲਾ ਦੇਈਏ ਤੇਰਾ ਫੇਰ।’’ ਮਹਿਲ ਸਿੰਘ ਅੱਜ ਵਧੀਆ ਮੂਡ ’ਚ ਸੀ।
‘‘ਭਲਾ ਹੋਵੇ ਸਰਦਾਰ ਜੀ।’’ ਲਾਭੇ ਨੇ ਸਵਾਲੀਆ ਨਜ਼ਰਾਂ ਨਾਲ ਮਹਿਲ ਸਿੰਘ ਵੱਲ ਵੇਖਦਿਆਂ ਕਿਹਾ।
‘‘ਉਹ! ਮੈਂ ਸੋਚਦਾਂ ਬਈ ਤੂੰ ਐਵੇਂ ਹਫ਼ਤੇ ਪਿੱਛੋਂ ਘਰ ਨੂੰ ਭੱਜਦੈਂ ਸਾਈਕਲ ’ਤੇ। ਸਾਰਾ ਦਿਨ ਲੱਤਾਂ ਮਾਰ ਕੇ ਆਥਣੇ ਘਰ ਵੜਦੈਂ। ਆਹ ਕਮਰੇ ਖ਼ਾਲੀ ਪਏ ਨੇ ਏਥੇ ਈ ਲੈ ਆ ਟੱਬਰ ਨੂੰ।’’
‘‘ਏਥੇ ਜੀ?’’ ਲਾਭੇ ਨੂੰ ਜਿਵੇਂ ਯਕੀਨ ਨਹੀਂ ਆਇਆ।
‘‘ਹੋਰ ਕੀ! ਤੇਰੀ ਸਰਦਾਰਨੀ ਤੋਂ ਕੰਮ ਨਹੀਂ ਹੁੰਦਾ। ਨੂੰਹ ਰਾਣੀ ’ਕੱਲੀ ਸਾਰਾ ਘਰ ਸਾਂਭ ਨਹੀਂ ਸਕਦੀ। ਤੇਰੀ ਜਨਾਨੀ ਘਰ ਦਾ ਕੰਮ ਸਾਂਭ ਲਊ ਤੇ ਤੂੰ ਖੇਤ ਦਾ।’’ ਮਹਿਲ ਸਿੰਘ ਨੇ ਫੇਰ ਆਖਿਆ।
‘‘ਜੋ ਹੁਕਮ ਸਰਦਾਰ ਜੀ! ਮੈਂ ਸਲਾਹ ਕਰ ਆਵਾਂਗਾ ਘਰ।’’ ਲਾਭਾ ਖੁਸ਼ ਹੁੰਦਾ ਬੋਲਿਆ।
‘‘ਲੈ ਸਲਾਹ ਕੀ ਕਰਨੀ ਐਂ। ਤੂੰ ਟਰੈਕਟਰ ਲੈ ਜਾ ਟਰਾਲੀ ਪਾ ਕੇ ਅੱਜ। ਸਮਾਨ ਲੱਦ ਲਿਆ ਸਾਰਾ ਇਕੋ ਵਾਰੀ।’’ ਮਹਿਲ ਸਿੰਘ ਨੇ ਫ਼ੈਸਲਾ ਸੁਣਾਇਆ।
ਅਗਲੇ ਦਿਨ ਤੜਕਸਾਰ ਲਾਭਾ ਟਰੈਕਟਰ ਲੈ ਕੇ ਚਲਾ ਗਿਆ। ਪਹਿਲਾਂ ਤਾਂ ਉਹਦੀ ਘਰਵਾਲੀ ਧੰਨ ਕੌਰ ਨੇ ਨਾਂਹ ਨੁੱਕਰ ਕੀਤੀ, ਪਰ ਲਾਭੇ ਦੇ ਸਮਝਾਉਣ ’ਤੇ ਮੰਨ ਗਈ। ਬੱਚੇ ਵੀ ਘਰ ਛੱਡਣ ਨੂੰ ਤਿਆਰ ਨਹੀਂ ਸਨ, ਪਰ ਪਿਉ ਦੇ ਮਨਾਉਣ ’ਤੇ ਮੰਨ ਗਏ। ਘਰ ’ਚੋਂ ਗੁਜ਼ਾਰੇ ਦਾ ਸਾਰਾ ਜ਼ਰੂਰੀ ਸਾਮਾਨ ਟਰਾਲੀ ਵਿੱਚ ਲੱਦ ਲਿਆ। ਬਾਕੀ ਫ਼ਾਲਤੂ ਸਮਾਨ ਅੰਦਰੇ ਰੱਖ ਕੇ ਜਿੰਦਰਾ ਮਾਰ ਦਿੱਤਾ। ਉਹ ਦੋ ਘੰਟਿਆਂ ’ਚ ਮਹਿਲ ਸਿੰਘ ਦੀ ਹਵੇਲੀ ਪਹੁੰਚ ਗਏ। ਪਹਿਲੇ ਤਿੰਨ ਕਮਰੇ ਨੰਬਰਦਾਰ ਨੇ ਉਨ੍ਹਾਂ ਨੂੰ ਦੇ ਦਿੱਤੇ। ਧੰਨ ਕੌਰ ਨੇ ਸਾਰੇ ਦਿਨ ਵਿੱਚ ਲੱਗ ਕੇ ਘਰ ਸੋਹਣਾ ਲਿੱਪ ਪੋਚ ਕੇ ਬੈਠਣ ਲਾਇਕ ਬਣਾ ਲਿਆ। ਪਹਿਲੇ ਕਮਰੇ ਦੇ ਬਾਹਰ ਗੋਡੇ ਜਿੰਨੀ ਉੱਚੀ ਕੰਧ ਕੱਢ ਕੇ ਚੌਂਤਰਾ ਬਣਾ ਲਿਆ। ਚਾਵਾਂ ਚੁੱਲ੍ਹਾ, ਤੰਦੂਰ ਤੇ ਇੱਕ ਸਟੋਵ ਉਨ੍ਹਾਂ ਕੋਲ ਪਹਿਲਾਂ ਹੀ ਸੀ। ਸੋ ਰਾਤ ਤੱਕ ਇਹ ਇੱਕ ਛੋਟਾ ਜਿਹਾ ਆਪਣਾ ਘਰ ਲਾਭੇ ਨੂੰ ਸੁਖਦ ਅਹਿਸਾਸ ਦੇ ਰਿਹਾ ਸੀ।
‘‘ਚਲੋ ਨਾਲੇ ਗੋਹਿਆਂ ਨਾਲ ਚੁੱਲ੍ਹਾ ਬਾਲ ਲਿਆ ਕਰਾਂਗੇ। ਸਟੋਵ ਤੇ ਤੇਲ ਦਾ ਖਰਚਾ ਬਚੂ।’’ ਚੁੱਲ੍ਹੇ ਵਿੱਚ ਪਾਥੀਆਂ ਟਿਕਾਉਂਦੀ ਧੰਨ ਕੌਰ ਨੇ ਲਾਭੇ ਨੂੰ ਕਿਹਾ।
‘‘ਆਹੋ ਤੂੰ ਪੱਥ ਲਿਆ ਕਰੀਂ। ਹੁਣ ਸਾਰਾ ਕੰਮ ਤੈਨੂੰ ਹੀ ਸਾਂਭਣਾ ਪੈਣਾ। ਸਰਦਾਰ ਹੁਰਾਂ ਦਾ ਘਰ ਤੇ ਆਹ ਹਵੇਲੀ ਦਾ ਡੰਗਰ ਵੱਛਾ ਵੀ।’’ ਲਾਭੇ ਨੇ ਸਮਝਾਉਂਦਿਆਂ ਕਿਹਾ।
ਅਗਲੇ ਹੀ ਦਿਨ ਤੋਂ ਧੰਨ ਕੌਰ ਆਪਣੀਆਂ ਦੋਹਾਂ ਕੁੜੀਆਂ ਨਾਲ ਨੰਬਰਦਾਰ ਦੀ ਕੋਠੀ ਪਹੁੰਚ ਗਈ। ਕੋਠੀ ਦੀ ਸਾਰੀ ਸਫ਼ਾਈ, ਫੇਰ ਹਵੇਲੀ ਵਿੱਚ ਡੰਗਰਾਂ ਦਾ ਗੋਹਾ-ਕੂੜਾ ਕਰਦਿਆਂ ਤਿੰਨਾਂ ਮਾਵਾਂ ਧੀਆਂ ਨੂੰ ਦੁਪਹਿਰਾਂ ਚੜ੍ਹ ਗਈਆਂ। ਮੁੰਡਿਆਂ ਨੂੰ ਲਾਭੇ ਨੇ ਲਾਗਲੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਲਾ ਦਿੱਤਾ। ਆਪ ਉਹ ਸਾਰਾ ਦਿਨ ਖੇਤਾਂ ਵਿੱਚ ਰਹਿੰਦਾ। ਪਾਣੀ ਲਾਉਂਦਾ। ਨੱਕੇ ਮੋੜਦਾ। ਝੋਨੇ ਦੀ ਫ਼ਸਲ ਦੀ ਤਿਆਰੀ ਹੋ ਰਹੀ ਸੀ। ਇੱਕ ਕਿੱਲਾ ਪਨੀਰੀ ਬੀਜ ਦਿੱਤੀ ਸੀ। ਪਨੀਰੀ ਦੀ ਪੰਛੀਆਂ ਤੋਂ ਰਾਖੀ ਲਈ ਉਹ ਸਾਰਾ ਦਿਨ ਵੱਟ ’ਤੇ ਅੰਬ ਹੇਠਾਂ ਬੈਠਾ ਰਹਿੰਦਾ। ਕਦੇ ਪੈਲੀਆਂ ਵਿੱਚ ਗੇੜਾ ਮਾਰ ਕੇ ਵੇਖਦਾ ਜਿੱਥੇ ਵੀ ਅੱਗ ਲਾਈ ਸੀ, ਨਾੜ ਚੰਗੀ ਤਰ੍ਹਾਂ ਸੜ ਗਿਆ ਸੀ ਕਿ ਨਹੀਂ। ਤਿੱਖੀ ਧੁੱਪ ਨਾਲ ਸਰੀਰ ਤੋਂ ਚਮੜੀ ਉੱਚੜਦੀ ਜਾਪਦੀ। ਝੋਨਾ ਲਾਉਣਾ ਸ਼ੁਰੂ ਹੋ ਗਿਆ ਸੀ। ਜਿੱਥੇ ਵੀ ਲਾਵੇ ਘੱਟ ਪੈਂਦੇ ਤਾਂ ਉਹ ਆਪ ਨਾਲ ਲੱਗ ਜਾਂਦਾ ਤਾਂ ਜੋ ਛੇਤੀ ਕੰਮ ਨਿੱਬੜੇ। ਰੋਟੀ-ਪਾਣੀ ਦਾ ਉਹਨੂੰ ਖਿਆਲ ਨਾ ਰਹਿੰਦਾ। ਮਾਲਕ ਨਾਲ ਵਫ਼ਾਦਾਰੀ ਸ਼ਾਇਦ ਏਸ ਟੱਬਰ ਦੇ ਖ਼ੂਨ ਵਿੱਚ ਰਚੀ ਹੋਈ ਸੀ। ਉਹ ਰਾਤ ਪਈ ਤੋਂ ਘਰ ਮੁੜਦਾ। ਪਹਿਲਾਂ ਤਾਂ ਉਹ ਨੰਬਰਦਾਰ ਦੇ ਘਰੋਂ ਰੋਟੀ ਖਾਂਦਾ ਸੀ, ਪਰ ਹੁਣ ਉਹਦੀ ਛੋਟੀ ਕੁੜੀ ਸਵੇਰੇ ਸ਼ਾਮ ਉਹਨੂੰ ਚਾਹ ਤੇ ਰੋਟੀ ਪੈਲੀ ’ਚ ਫੜਾ ਜਾਂਦੀ।
ਇੱਕ ਕਿੱਲੇ ਤੋਂ ਦੂਜੇ ਕਿੱਲੇ ਵਿੱਚ ਪਾਣੀ ਲਾਉਂਦਿਆਂ ਉਹ ਦੂਹਰਾ ਤੀਹਰਾ ਹੋ ਜਾਂਦਾ, ਪਰ ਕਦੇ ਸੀਅ ਤੱਕ ਨਾ ਕਰਦਾ। ਨੰਬਰਦਾਰ ਦੀ ਸੇਵਾ ਵਿੱਚ ਉਹ ਕੋਈ ਕਸਰ ਨਹੀਂ ਸੀ ਰਹਿਣ ਦੇਣਾ ਚਾਹੁੰਦਾ।
ਅੰਤਾਂ ਦੇ ਚੌਮਾਸੇ ’ਚ ਵੀ ਲਾਭਾ ਸਿਖਰ ਦੁਪਹਿਰੇ ਖੇਤਾਂ ’ਚ ਕੰਮ ਕਰਦਾ ਅਤੇ ਧੰਨ ਕੌਰ ਕੋਠੀ ਸਾਂਭਦੀ ਰਹਿੰਦੀ। ਸਵੇਰੇ ਸ਼ਾਮ ਚੁੱਲ੍ਹਾ ਬਾਲ ਕੇ ਟੱਬਰ ਦੀ ਰੋਟੀ ਪਕਾਉਂਦੀ। ਚੁੱਲ੍ਹੇ ਦਾ ਧੂੰਆਂ ਨੰਬਰਦਾਰ ਦੀ ਕੋਠੀ ਵੱਲ ਜਾਂਦਾ ਸੀ। ਧੰਨ ਕੌਰ ਬਥੇਰਾ ਕਦੇ ਚੁੱਲ੍ਹਾ ਐਧਰ ਉੱਧਰ ਰੱਖਦੀ, ਪਰ ਧੂੰਆਂ ਵੀ ਕੋਠੀ ਵੱਲ ਹੀ ਜਾਂਦਾ। ਇੱਕ ਦਿਨ ਸਵੇਰੇ-ਸਵੇਰੇ ਲਾਭੇ ਦਾ ਸਾਰਾ ਟੱਬਰ ਚੁੱਲ੍ਹੇ ਅੱਗੇ ਬੈਠਾ ਰੋਟੀ ਖਾ ਰਿਹਾ ਸੀ। ਨੰਬਰਦਾਰ ਲੜਨ ਆ ਗਿਆ। ਹਵੇਲੀ ਵੜਦਿਆਂ ਹੀ ਉਹ ਲਾਭੇ ’ਤੇ ਵਰ੍ਹ ਪਿਆ, ‘‘ਅਕਲ ਦੇ ਅੰਨ੍ਹਿਆ! ਤੈਨੂੰ ਪਤਾ ਨ੍ਹੀਂ ਲੱਗਦਾ? ਮੇਰੇ ਘਰ ਵੱਲ ਭੇਜੀ ਜਾਨਾ ਏਂ ਧੂੰਆਂ ਸਾਰਾ। ਰੋਟੀ ਅੱਗੋਂ ਪਿੱਛੋਂ ਖਾ ਲਿਆ ਕਰੋ। ਖਬਰਦਾਰ ਜੇ ਤੇਰੇ ਚੁੱਲ੍ਹੇ ਦਾ ਧੂੰਆਂ ਕੰਧ ਵੀ ਟੱਪਿਆ। ਚੱਕ ਕੇ ਮਾਰੂ ਬਾਹਰ … ਨੂੰ। ਗੰਦ ਪਾਇਐ ਇਨ੍ਹਾਂ ਨੇ। ਤੈਨੂੰ ਪਤਾ ਨ੍ਹੀਂ ਲੰਬੜਦਾਰਨੀ ਨੂੰ ਸਾਹ ਦੀ ਬਿਮਾਰੀ ਏ! … … ਕਮੀਨ ਜਾਤ।’’ ਆਖ ਕੇ ਲੰਬੜਦਾਰ ਥੁੱਕਦਾ ਬਾਹਰ ਨੂੰ ਚਲਾ ਗਿਆ।
ਧੰਨ ਕੌਰ ਪੇੜਾ ਹੱਥ ’ਚ ਫੜੀ ਸੁੰਨ ਹੋਈ ਸਭ ਕੁਝ ਸੁਣ ਰਹੀ ਸੀ। ਉਹਨੇ ਨਜ਼ਰ ਉਤਾਂਹ ਚੁੱਕ ਕੇ ਨੰਬਰਦਾਰ ਵੱਲ ਝਾਕਣ ਦੀ ਹਿੰਮਤ ਨਾ ਕੀਤੀ। ਪੇੜਾ ਪਰਾਤ ਵਿੱਚ ਵਾਪਸ ਰੱਖ ਦਿੱਤਾ ਅਤੇ ਚੁੱਲ੍ਹੇ ਵਿੱਚੋਂ ਪਾਥੀਆਂ ਬਾਹਰ ਖਿੱਚ ਕੇ ਉੱਤੇ ਪਾਣੀ ਪਾ ਦਿੱਤਾ। ਬੱਚਿਆਂ ਨੇ ਰੋਟੀ ਥਾਲੀਆਂ ਵਿੱਚ ਹੀ ਰੱਖ ਦਿੱਤੀ। ਡਰ ਨਾਲ ਬੁਰਕੀ ਉਨ੍ਹਾਂ ਦੇ ਸੰਘ ’ਚੋਂ ਹੇਠਾਂ ਨਹੀਂ ਉੱਤਰੀ। ਘੁੱਟ ਘੁੱਟ ਪਾਣੀ ਪੀ ਕੇ ਉਹ ਉੱਠ ਖੜ੍ਹੇ ਹੋਏ। ਲਾਭੇ ਨੇ ਸਾਰਾ ਦਿਨ ਰੋਟੀ ਨਾ ਖਾਧੀ। ਭੁੱਖਣ ਭਾਣਾ ਉਹ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਰਿਹਾ। ਉਹਦੇ ਦਿਲ ਨੂੰ ਸੱਟ ਲੱਗੀ ਸੀ, ਦਿਮਾਗ਼ ਗੁੱਸੇ ਨਾਲ ਭਰ ਆਇਆ ਸੀ, ਪਰ ਮਾਲਕ ਬਾਰੇ ਬੁਰਾ ਸੋਚਣ ਨੂੰ ਉਹਦਾ ਦਿਲ ਨਾ ਮੰਨਦਾ। ਘੁੱਟਿਆ ਵੱਟਿਆ ਉਹ ਵੱਟਾਂ ਤੋਂ ਘਾਹ ਖੋਤਦਾ ਰਿਹਾ। ਧੰਨ ਕੌਰ ਨੇ ਜ਼ਿਆਦਾਤਰ ਸਟੋਵ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪਸ ਵਿੱਚ ਸਲਾਹ ਕਰ ਕੇ ਉਨ੍ਹਾਂ ਨੇ ਛੋਟੀ ਕੁੜੀ ਨੂੰ ਵੀ ਮੁੰਡਿਆਂ ਨਾਲ ਪੜ੍ਹਨ ਦਾ ਦਿੱਤਾ।
ਝੋਨੇ ਤੋਂ ਬਾਅਦ ਪੈਲੀਆਂ ਵਾਹ ਕੇ ਕਣਕ ਦੀ ਬਿਜਾਈ ਸ਼ੁਰੂ ਹੋਈ। ਪੰਜ ਟਰੈਕਟਰ ਝੂੰ ਝੂੰ ਕਰਦੇ ਸਾਰਾ ਦਿਨ ਖੇਤ ਵਾਹੁੰਦੇ। ਹਲ਼ ਮਾਰਿਆ, ਸੁਹਾਗਾ ਫੇਰਿਆ ਤੇ ਮਸ਼ੀਨ ਨਾਲ ਬੀ ਕੇਰ ਦਿੱਤਾ ਗਿਆ। ਦੋ ਕੁ ਹਫ਼ਤਿਆਂ ਬਾਅਦ ਹੀ ਕਣਕ ਦੇ ਕੂਲ਼ੇ ਕੂਲ਼ੇ ਪੱਤੇ ਮਿੱਟੀ ’ਚੋਂ ਝਾਤੀਆਂ ਮਾਰਨ ਲੱਗ ਪਏ। ਸਵੇਰੇ ਤੜਕੇ ਹੀ ਲਾਭਾ ਪੈਲੀਆਂ ਨੂੰ ਚਲਾ ਜਾਂਦਾ। ਉਹ ਪੱਤਿਆਂ ਤੋਂ ਉਂਗਲਾਂ ਨਾਲ ਤ੍ਰੇਲ ਸਾਫ਼ ਕਰਦਾ। ਉਨ੍ਹਾਂ ਨੂੰ ਫੜ੍ਹ-ਫੜ੍ਹ ਕੇ ਵੇਖਦਾ। ਉਹਦਾ ਜੀਅ ਕਰਦਾ ਇਨ੍ਹਾਂ ਛੋਟੇ ਛੋਟੇ ਕੁਦਰਤ ਦੇ ਬੱਚਿਆਂ ਨੂੰ ਚੁੰਮ ਚੁੰਮ ਕੇ ਗਲੇ ਨਾਲ ਲਾਵੇ। ਬਿਨਾਂ ਕੰਮ ਤੋਂ ਉਹ ਘੰਟਿਆਂ ਤੱਕ ਸੁੱਚੇ ਮੂੰਹ ਪੈਲੀਆਂ ਵਿੱਚ ਬੈਠਾ ਪੁੰਗਰਦੀ ਕਣਕ ਨੂੰ ਨਿਹਾਰਦਾ ਰਹਿੰਦਾ। ‘ਇਹੀ ਸਾਡੀ ਜ਼ਿੰਦਗੀ ਹੈ। ਇਹ ਨਹੀਂ ਤਾਂ ਅਸੀਂ ਵੀ ਖਤਮ।’ ਉਹ ਸੋਚਦਾ। ਉਹਦਾ ਜੀਅ ਕਰਦਾ ਕਿ ਨੰਬਰਦਾਰ ਨੂੰ ਸਲਾਹ ਦੇਵੇ ਬਈ ਇਸ ਵਾਰ ਆਪਾਂ ਕਣਕ ਨੂੰ ਸਪਰੇਅ ਘੱਟ ਕਰੀਏ, ਇਹ ਸਾਡੇ ਆਪਣਿਆਂ ਦੇ ਢਿੱਡ ’ਚ ਜਾਣੀ ਐ। ਪਰ ਉਹਨੂੰ ਪਤਾ ਸੀ ਲੰਬੜਦਾਰ ਨੇ ਨਹੀਂ ਮੰਨਣਾ।
ਸਾਉਣ ਦਾ ਸਿੱਲ੍ਹਣ ਵਾਲਾ ਮੌਸਮ ਲੰਘਣ ਕਾਰਨ ਹੁਣ ਪਾਥੀਆਂ ਚੰਗੀ ਤਰ੍ਹਾਂ ਸੁੱਕਣ ਲੱਗ ਪਈਆਂ ਸਨ। ਬਰਸਾਤਾਂ ਬੰਦ ਹੋਣ ਕਾਰਨ ਕੰਮ ਸਮੇਂ ਸਿਰ ਹੋਣ ਲੱਗ ਪਿਆ ਸੀ। ਰਾਤਾਂ ਠੰਢੀਆਂ ਤੇ ਦਿਨੇ ਧੁੱਪ ਨਿਕਲਣ ਲੱਗੀ ਸੀ। ਧੰਨ ਕੌਰ ਦਿਨ ਵਿੱਚ ਪਾਥੀਆਂ ਚੰਗੀ ਤਰ੍ਹਾਂ ਸੁਕਾ ਲੈਂਦੀ ਤੇ ਰਾਤ ਨੂੰ ਬਾਲ਼ ਲੈਂਦੀ। ਬਿਸਤਰੇ ਦੀ ਕਮੀ ਦੇ ਬਾਵਜੂਦ ਟੱਬਰ ਸੋਹਣਾ ਗੁਜ਼ਾਰਾ ਕਰ ਰਿਹਾ ਸੀ। ਸਾਰਾ ਸਿਆਲ ਠੀਕ ਲੰਘ ਗਿਆ। ਕਣਕਾਂ ਦੀ ਵਾਢੀ ਸ਼ੁਰੂ ਹੋ ਚੁੱਕੀ ਸੀ। ਹਰ ਵਾਰ ਦੀ ਤਰ੍ਹਾਂ ਐਤਕੀਂ ਫੇਰ ਸਰਪੰਚ ਨੇ ਨੰਬਰਦਾਰ ਮਹਿਲ ਸਿੰਘ ਨੂੰ ਨਾੜ ਸਾੜਨ ਤੋਂ ਵਰਜਿਆ, ਪਰ ਉਹ ਅੱਗੋਂ ਟਕੇ ਵਰਗਾ ਜਵਾਬ ਦੇਂਦਾ ਹੱਸ ਕੇ ਬੋਲਿਆ, ‘‘ਇੰਝ ਕਰ ਸਰਪੰਚਾ! ਤੈਨੂੰ ਸਾਰਾ ਨਾੜ ਦਿੱਤਾ। ਤੂੰ ਆਪਣੀਆਂ ਮੱਝਾਂ ਨੂੰ ਚਾਰ ਲੈ।’’ ਸਰਪੰਚ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਸ ਨੇ ਬੇਵਕੂਫ਼ ਆਦਮੀ ਨਾਲ ਜ਼ਬਾਨ ਲੜਾਉਣਾ ਠੀਕ ਨਾ ਸਮਝਿਆ। ਉਹੀ ਗੱਲ ਹੋਈ, ਫੇਰ ਨਾੜ ਨੂੰ ਅੱਗ ਲਾ ਦਿੱਤੀ ਗਈ।
‘‘ਕੋਨੇ-ਕੋਨੇ ਤੋਂ ਤਰੰਗਲੀ ਨਾਲ ’ਕੱਠਾ ਕਰ ਲੈ ਲਾਭਿਆ। ਛੱਡੀਂ ਨਾ ਕੋਈ ਕੱਖ।’’ ਨੰਬਰਦਾਰ ਦੂਰ ਖੜ੍ਹਾ ਲਾਭੇ ਨੂੰ ਸਮਝਾ ਰਿਹਾ ਸੀ। ਅੱਗ ਦੀਆਂ ਲਪਟਾਂ ਉੱਲਰ ਉੱਲਰ ਕੇ ਪੈਲੀ ਤੋਂ ਬਾਹਰ ਨੂੰ ਆ ਰਹੀਆਂ ਸਨ। ਲੰਬੜਦਾਰ ਤੇ ਦੀਪਕ ਤੋਂ ਹੋਰ ਸੇਕ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਹ ਲਾਭੇ ਨੂੰ ਹਦਾਇਤਾਂ ਦੇ ਕੇ ਘਰ ਨੂੰ ਵਾਪਸ ਆ ਗਏ। ਰਾਹ ਵਿੱਚ ਪਿੰਡ ਦੇ ਹੋਰ ਕਿਸਾਨਾਂ ਨੇ ਵੀ ਨਾੜ ਸਾੜਿਆ ਹੋਣ ਕਾਰਨ ਬਹੁਤ ਧੂੰਆਂ ਆਸਮਾਨ ਨੂੰ ਉੱਡ ਰਿਹਾ ਸੀ। ਨੰਬਰਦਾਰ ਤੇ ਦੀਪਕਪਾਲ ਕਿਸੇ ਤਰ੍ਹਾਂ ਨੱਕ ਮੂੰਹ ਵਲ੍ਹੇਟਦੇ ਮਸਾਂ ਘਰ ਪਹੁੰਚੇ। ਧੂੰਆਂ ਉਨ੍ਹਾਂ ਦੇ ਸੰਘ ਨੂੰ ਚੜ੍ਹ ਗਿਆ ਸੀ। ਨੰਬਰਦਾਰ ਨੇ ਖੰਘੂਰੇ ਮਾਰ ਮਾਰ ਕੇ ਗ਼ਲਾ ਪਾਟਣ ਵਰਗਾ ਕਰ ਲਿਆ ਸੀ। ਹੱਥ ਮੂੰਹ ਚੰਗੀ ਤਰ੍ਹਾਂ ਧੋ ਕੇ ਲਾਬੀ ਵਿੱਚ ਬੈਠਦਿਆਂ ਉਹ ਨੰਬਰਦਾਰਨੀ ਨੂੰ ਆਵਾਜ਼ ਮਾਰਦਾ ਹੈ, ‘‘ਸੁਣਦੀ ਏਂ! ਦੇਸੀ ਘਿਉ ਲਿਆ ਥੋੜ੍ਹਾ ਗਲੇ ਨੂੰ ਮਲ ਦੇ ਮੇਰੇ।’’
ਲੰਬੜਦਾਰਨੀ ਘਿਉ ਲਿਆ ਕੇ ਮਲਣ ਲੱਗ ਪਈ। ਮਹਿਲ ਸਿੰਘ ਦੀ ਕਰੜ ਬਰੜੀ ਚਿੱਟੀ ਦਾੜ੍ਹੀ ਵਿੱਚ ਧੂੰਏਂ ਦੇ ਕਾਲੇ ਕਣ ਫਸੇ ਪਏ ਸਨ।
‘‘ਨਹਾ ਲਓ ਚੰਗੀ ਤਰ੍ਹਾਂ। ਪਾਣੀ ਕੋਸਾ ਕਰ ਦੇਨੀ ਆਂ। ਕਿੰਨਾ ਬੁਰਾ ਹਾਲ ਹੋ ਗਿਆ।’’
‘‘ਕੋਈ ਨਾ ਥੋੜ੍ਹੀ ਦੇਰ ਤੱਕ ਨਹਾਉਣਾ! … ਧੂੰਆਂ ਕਾਲਜਾ ਸੇਕ ਗਿਆ। ਉਹ! ਆਪਣਾ ਅੰਗਰੇਜ ਨਹੀਂ ਦੀਂਹਦਾ ਕਿਤੇ?’’ ਨੰਬਰਦਾਰ ਆਪਣੇ ਗੋਰੇ ਚਿੱਟੇ ਪੋਤੇ ਨੂੰ ਅੰਗਰੇਜ਼ ਕਹਿ ਕੇ ਬੁਲਾਉਂਦਾ ਸੀ।
‘‘ਉਹ ਤਾਂ ਥੋਡੇ ਮਗਰ ਗਿਆ ਸੀ। ਮੈਂ ਤਾਂ ਭੁੱਲ ਹੀ ਗਈ ਦੱਸਣਾ ਸਗੋਂ ਕਹਿੰਦਾ ਸੀ ਮੈਂ ਕਦੇ ਬਹੁਤ ਸਾਰਾ ਧੂੰਆਂ ਨ੍ਹੀਂ ਵੇਖਿਆ। ਮੈਂ ਤਾਂ ਰੋਕਿਆ ਸੀ, ਪਰ ਝੱਟ ਦੇਣੇ ਗੇਟ ਟੱਪ ਗਿਆ।’’
‘‘ਓਥੇ ਤਾਂ ਏਨਾ ਧੂੰਆਂ ਚੜ੍ਹਿਆ ਪਿਆ ਕਮਲੀਏ। ਕਾਹਨੂੰ ਭੇਜ ’ਤਾ ਜਵਾਕ।’’ ਆਖ ਲੰਬੜਦਾਰ ਕਾਹਲੀ ਨਾਲ ਖੜ੍ਹਾ ਹੋ ਗਿਆ ਤੇ ਆਪਣੀ ਠਿੱਬੀ ਜਿਹੀ ਜੁੱਤੀ ਪਾ ਕੇ ਗੇਟ ਤੋਂ ਬਾਹਰ ਹੋ ਗਿਆ। ਦੋ ਕੁ ਕਿੱਲਿਆਂ ਦੀ ਵਿੱਥ ’ਤੇ ਉਹਨੂੰ ਸੰਘਣੇ ਧੂੰਏਂ ’ਚੋਂ ਲੰਘਣਾ ਔਖਾ ਹੋ ਗਿਆ। ਉਹ ਉੱਥੇ ਹੀ ਖਲੋ ਗਿਆ। ਚਿੰਤਾ ਨਾਲ ਉਹਦਾ ਦਿਲ ਡੁੱਬ ਰਿਹਾ ਸੀ। ‘‘ਓਏ ਅੰਗਰੇਜ਼! ਵੇ ਪੁੱਤਰਾ!’’ ਦੀਆਂ ਆਵਾਜ਼ਾਂ ਮਾਰਦਾ ਉਹ ਕਮਲ਼ਿਆਂ ਵਾਂਗ ਇਧਰ-ਉਧਰ ਲੱਭ ਰਿਹਾ ਸੀ। ਆਖਰ ਸੰਘ ਨੇ ਜਵਾਬ ਦੇ ਦਿੱਤਾ। ਅੱਧਮਰਿਆ ਜਿਹਾ ਨਿਢਾਲ ਨੰਬਰਦਾਰ ਘਰ ਨੂੰ ਵਾਪਸ ਆ ਗਿਆ, ਪਰ ਅੰਗਰੇਜ਼ ਅਜੇ ਤੱਕ ਨਹੀਂ ਮੁੜਿਆ ਸੀ। ਸਾਰੇ ਘਰ ਵਿੱਚ ਚਿੰਤਾ ਪਸਰ ਗਈ। ਅੰਗਰੇਜ਼ ਕਦੇ ਘਰੋਂ ਬਾਹਰ ਘੱਟ ਹੀ ਨਿਕਲਦਾ ਸੀ। ਦੀਪਕਪਾਲ ਆਸ-ਪਾਸ ਦੇ ਘਰਾਂ ਵਿੱਚ ਸਾਰੇ ਲੱਭ ਆਇਆ। ਪਿੰਡ ਵਿੱਚ ਰੌਲਾ ਪੈ ਗਿਆ। ਰਾਤ ਹੋ ਗਈ ਸੀ, ਪਰ ਅੰਗਰੇਜ਼ ਦਾ ਕਿਤੇ ਕੋਈ ਅਤਾ ਪਤਾ ਨਹੀਂ ਸੀ। ਕਿਸੇ ਦੇ ਸੰਘ ’ਚੋਂ ਅੱਜ ਬੁਰਕੀ ਨਾ ਲੰਘੀ। ਸਾਰਿਆਂ ਨੇ ਰਾਤ ਤੜਫ਼ਦਿਆਂ ਕੱਢੀ। ਅਗਲੀ ਸਵੇਰ ਨੂੰ ਪਹੁ-ਫੁਟਾਲੇ ਹੀ ਸਾਰਾ ਟੱਬਰ ਖੇਤਾਂ ਵੱਲ ਨੂੰ ਭੱਜ ਗਿਆ। ਕੁਝ ਹੋਰ ਵੀ ਪਤਵੰਤੇ ਸੱਜਣ ਨਾਲ ਰਲ਼ ਗਏ। ਧੂੰਆਂ ਬੈਠ ਚੁੱਕਿਆ ਸੀ। ਸੜੇ ਹੋਏ ਨਾੜ ਨੂੰ ਮਿੱਧਦਾ ਲੰਬੜਦਾਰ ਵਾਹੋਦਾਹੀ ਭੱਜਿਆ ਜਾ ਰਿਹਾ ਸੀ। ਕਿੱਲੇ ਕੁ ਦੀ ਵਿੱਥ ਤੋਂ ਬਾਅਦ ਇੱਕ ਵੱਟ ਦੇ ਕੋਲ ਅੰਗਰੇਜ਼ ਡਿੱਗਿਆ ਪਿਆ ਸੀ। ਸਾਹ ਘੁਟਣ ਕਾਰਨ ਸ਼ਾਇਦ ਉਹ ਇਸ ਤੋਂ ਅੱਗੇ ਨਹੀਂ ਤੁਰ ਸਕਿਆ ਸੀ।
ਸੰਪਰਕ: 99151-67003