ਡਾ. ਮੇਘਾ ਸਿੰਘ
ਕੇਂਦਰ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਹੋਏ ਕਿਸਾਨ ਅੰਦੋਲਨ ਨੇ ਕਿਸਾਨਾਂ-ਮਜ਼ਦੂਰਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਟੁੰਬਿਆ। ਇਸ ਨੇ ਕਲਮਕਾਰਾਂ ਨੂੰ ਕਿਸਾਨ ਸੰਕਟ ਬਾਰੇ ਸੋਚਣ-ਸਮਝਣ ਅਤੇ ਲਿਖਣ ਲਈ ਮਜਬੂਰ ਕੀਤਾ। ਸਿੱਟੇ ਵਜੋਂ ਕਿਸਾਨੀ ਸੰਕਟ ਸਬੰਧੀ ਸੈਂਕੜੇ ਕਵਿਤਾਵਾਂ, ਗੀਤ, ਨਾਟਕ ਅਤੇ ਨਬਿੰਧ ਪਾਠਕਾਂ ਦੇ ਸਨਮੁੱਖ ਹੋਏ। ਅਜਿਹੇ ਨਬਿੰਧਾਂ ਦਾ ਇੱਕ ਕਿਤਾਬਚਾ ‘ਕਿਸਾਨੀ ਸੰਕਟ ਤੇ ਵਿਗਿਆਨਕ ਪਹੁੰਚ’ (ਤਰਕਸ਼ੀਲ ਪ੍ਰਕਾਸ਼ਨ, ਬਰਨਾਲਾ) ਤਰਕਸ਼ੀਲ ਲੇਖਕ ਰਾਜਪਾਲ ਸਿੰਘ ਨੇ ਲਿਖਿਆ ਹੈ। ਕੁੱਲ 64 ਪੰਨਿਆਂ ਦੇ ਇਸ ਕਿਤਾਬਚੇ ਵਿੱਚ ਕਿਸਾਨੀ ਸਮੱਸਿਆਵਾਂ ਸਬੰਧੀ ਵਿਗਿਆਨਕ ਜਾਣਕਾਰੀ ਅਤੇ ਹੱਲ ਸੁਝਾਉਣ ਦੇ ਨਾਲ-ਨਾਲ ਕੁਝ ਮਿੱਥਾਂ ਤੇ ਭਰਮ-ਭੁਲੇਖੇ ਦੂਰ ਕਰਨ ਦੀ ਬਾਦਲੀਲ ਕੋਸ਼ਿਸ਼ ਕੀਤੀ ਗਈ ਹੈ।
ਇਸ ਵਿੱਚ ਤਰਕਸ਼ੀਲ ਸੁਸਾਇਟੀ, ਪੰਜਾਬ ਦੇ ਸਾਹਿਤ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਦੀ ਭੂਮਿਕਾ ‘ਚੇਤਨਾ ਦੀ ਜਾਗ’ ਤੋਂ ਇਲਾਵਾ ਰਾਜਪਾਲ ਸਿੰਘ ਰਚਿਤ ਨੌਂ ਨਬਿੰਧ ਹਨ। ਪਹਿਲੇ ਨਬਿੰਧ ‘ਖੇਤੀ ਵਿੱਚ ਵੀ ਜ਼ਰੂਰੀ ਹੈ ਵਿਗਿਆਨਕ ਜਾਣਕਾਰੀ ਅਤੇ ਤਰਕਸ਼ੀਲ ਨਜ਼ਰੀਆ’ ਵਿੱਚ ਲੇਖਕ ਨੇ ਖੇਤੀ ਸਮੱਸਿਆਵਾਂ ਅਤੇ ਕਿਸਾਨੀ ਸੰਕਟ ਸਬੰਧੀ ਕਿਸਾਨਾਂ ਨੂੰ ਵਿਗਿਆਨਕ ਅਤੇ ਤਰਕਸ਼ੀਲ ਨਜ਼ਰੀਆ ਅਪਣਾਉਣ ਦੀ ਸਲਾਹ ਦਿੱਤੀ ਹੈ। ਲੇਖਕ ਮੁਤਾਬਿਕ ਖੇਤੀ ਵਿੱਚ ਆਧੁਨਿਕ ਤਕਨੀਕਾਂ ਅਪਣਾਉਣੀਆਂ ਤਾਂ ਦਰੁਸਤ ਹਨ, ਪਰ ਇਨ੍ਹਾਂ ਦੀ ਕਾਰਪੋਰੇਟ ਨਜ਼ਰੀਏ ਤੋਂ ਵਰਤੋਂ ਕਰਨੀ ਗ਼ਲਤ ਹੋਵੇਗੀ, ਕਿਉਂਕਿ ਇਨ੍ਹਾਂ ਦਾ ਮੰਤਵ ਆਮ ਲੋਕਾਂ ਦੀਆਂ ਖ਼ੁਰਾਕੀ ਲੋੜਾਂ ਪੂਰੀਆਂ ਕਰਨ ਅਤੇ ਕੁਦਰਤੀ ਸੋਮਿਆਂ ਤੇ ਵਾਤਾਵਰਨ ਨੂੰ ਬਚਾਉਣਾ ਨਹੀਂ ਹੁੰਦਾ ਸਗੋਂ ਆਪਣੀਆਂ ਤਿਜੌਰੀਆਂ ਭਰਨਾ ਹੁੰਦਾ ਹੈ। ਇਹ ਪਹੁੰਚ ਖੇਤੀ ਤੇ ਕਿਸਾਨੀ ਸੰਕਟ ਨੂੰ ਵਧਾਉਣ ਦੇ ਨਾਲ-ਨਾਲ ਵਾਤਾਵਰਨ ਅਤੇ ਬੇਰੁਜ਼ਗਾਰੀ ਸਮੇਤ ਹੋਰ ਵੀ ਕਈ ਸਮੱਸਿਆਵਾਂ ਵਧਾਉਂਦੀ ਹੈ। ਦੂਜੇ ਨਬਿੰਧ ‘ਜ਼ਮੀਨ ਦੀ ਉਪਜਾਊ ਸ਼ਕਤੀ ਲਈ ਰੇਹਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ’ ਬਾਰੇ ਇਹ ਦੱਸਿਆ ਗਿਆ ਹੈ ਕਿ ਜ਼ਮੀਨਾਂ ਵਿੱਚੋਂ ਇੱਕ ਤੋਂ ਵੱਧ ਫ਼ਸਲਾਂ ਅਤੇ ਵਧੇਰੇ ਝਾੜ ਲੈਣ ਲਈ ਰਸਾਇਣਕ ਖਾਦਾਂ ਦੀ ਵਰਤੋਂ ਜ਼ਰੂਰੀ ਹੈ, ਪਰ ਇਹ ਲੋੜ ਅਨੁਸਾਰ ਹੋਵੇ। ਰਸਾਇਣਕ ਖਾਦਾਂ ਪਾਉਣ ਨਾਲ ਜ਼ਮੀਨ ਅਤੇ ਫ਼ਸਲ/ਅਨਾਜ ਦੀ ਗੁਣਵੱਤਾ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ, ਹਾਲਾਂਕਿ ਆਮ ਲੋਕਾਂ ਵਿੱਚ ਅਜਿਹਾ ਭਰਮ-ਭੁਲੇਖਾ ਵੀ ਹੈ। ਇਨ੍ਹਾਂ ਦੀ ਵਰਤੋਂ ਬਾਰੇ ਕੁਝ ਠੋਸ ਸੁਝਾਅ ਵੀ ਦਿੱਤੇ ਹਨ।
ਤੀਜੇ ਨਬਿੰਧ ‘ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਬਾਰੇ’ ਵਿੱਚ ਲੇਖਕ ਨੇ ਇਨ੍ਹਾਂ ਦੀ ਵਰਤੋਂ ਦੀ ਜ਼ਰੂਰਤ, ਦੁਰਵਰਤੋਂ ਦੇ ਨੁਕਸਾਨ, ਇਨ੍ਹਾਂ ਦੇ ਗ਼ੈਰ-ਵਿਗਿਆਨਕ ਅਤੇ ਵਿਗਿਆਨਕ ਬਦਲ, ਕੀਟਾਂ ਦਾ ਨਾਸ਼ ਅਤੇ ਕੰਟਰੋਲ ਕਰਨ ਸਬੰਧੀ ਸੰਤੁਲਿਤ ਅਤੇ ਦਰੁਸਤ ਨਜ਼ਰੀਆ ਪੇਸ਼ ਕੀਤਾ ਹੈ। ਅਗਲੇ ਨਬਿੰਧ ‘ਪਾਣੀ ਅਤੇ ਪਰਾਲੀ- ਝੋਨੇ ਨਾਲ ਜੁੜੇ ਦੋ ਮੁੱਦੇ’ ਵਿੱਚ ਲੇਖਕ ਨੇ ਕਿਸਾਨੀ ਨੂੰ ਦਰਪੇਸ਼ ਇਸ ਅਹਿਮ ਸਮੱਸਿਆ ਦੀ ਗੰਭੀਰਤਾ ਅਤੇ ਬਾਰੀਕੀ ਨਾਲ ਪੁਣ-ਛਾਣ ਕਰਦਿਆਂ ਲਾਭ-ਨੁਕਸਾਨ ਅਤੇ ਹੱਲ ਦੀ ਗੱਲ ਕੀਤੀ ਹੈ। ਲੇਖਕ ਨੇ ਕਿਹਾ ਹੈ ਕਿ ਇਸ ਸਮੱਸਿਆ ਦਾ ਅਸਲ ਹੱਲ ਤਾਂ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾਉਣਾ ਹੈ। ਅਜਿਹਾ ਉਦੋਂ ਤੱਕ ਸੰਭਵ ਨਹੀਂ ਹੋ ਸਕਦਾ ਜਿੰਨਾ ਚਿਰ ਇੰਨੀ ਆਮਦਨ ਵਾਲੀ ਕੋਈ ਹੋਰ ਫ਼ਸਲ ਸਾਹਮਣੇ ਨਹੀਂ ਆਉਂਦੀ ਜਾਂ ਸਰਕਾਰ ਇਸ ਦੇ ਬਦਲ ਲਈ ਹੋਰ ਫ਼ਸਲਾਂ ਦਾ ਨਿਸ਼ਚਿਤ ਮੰਡੀਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਨਹੀਂ ਬਣਾਉਂਦੀ। ਇਸ ਤੋਂ ਇਲਾਵਾ ਸਰਕਾਰ ਝੋਨਾ ਨਾ ਬੀਜਣ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਵਾਜਬ ਮੁਆਵਜ਼ਾ ਵੀ ਦੇਵੇ। ਲੇਖਕ ਨੇ ਬਾਦਲੀਲ ਇਹ ਸਿੱਧ ਕੀਤਾ ਹੈ ਕਿ ਅਜਿਹਾ ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋਵੇਗਾ ਅਤੇ ਸਰਕਾਰ ਤੇ ਕਿਸਾਨਾਂ ਨੂੰ ਫ਼ਾਇਦਾ ਵੀ ਹੋਵੇਗਾ ਅਤੇ ਵਾਤਾਵਰਨ ਤੇ ਪਾਣੀ ਵੀ ਬਚਣਗੇ। ਲੇਖਕ ਨੇ ਇਸ ਮੁੱਦੇ ਨਾਲ ਜੁੜੇ ਹੋਰ ਹੱਲ ਪੇਸ਼ ਕੀਤੇ ਹਨ।
‘ਫ਼ਸਲੀ ਚੱਕਰ ਅਤੇ ਖੇਤੀ ਵਿਭਿੰਨਤਾ’ ਵਾਲੇ ਨਬਿੰਧ ਵਿੱਚ ਲੇਖਕ ਨੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਬਦਲਣ ਦੀ ਮਹੱਤਤਾ ਉੱਪਰ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਸ ਮੰਤਵ ਲਈ ਸਰਕਾਰ ਨੂੰ ਪਹਿਲਕਦਮੀ ਕਰਦਿਆਂ ਇਨ੍ਹਾਂ ਫ਼ਸਲਾਂ ਦਾ ਬਦਲ ਪੇਸ਼ ਕਰਦੀਆਂ ਹੋਰ ਫ਼ਸਲਾਂ ਦਾ ਢੁਕਵਾਂ ਮੰਡੀਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਦੇਣਾ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਨਬਿੰਧ ‘ਖੇਤੀ ਆਰਥਿਕਤਾ’ ਵਿੱਚ ਰਾਜਪਾਲ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ। ਮਾੜੀ ਆਰਥਿਕਤਾ ਕਿਸਾਨਾਂ ਦੇ ਸਮਾਜਿਕ ਜੀਵਨ ਉੱਤੇ ਵੀ ਬੁਰੇ ਪ੍ਰਭਾਵ ਪਾ ਰਹੀ ਹੈ। ਅਜਿਹਾ ਇਸ ਸਥਿਤੀ ਵਿੱਚ ਵਾਪਰ ਰਿਹਾ ਹੈ, ਜਦੋਂ ਫ਼ਸਲਾਂ ਦਾ ਝਾੜ ਵਧ ਰਿਹਾ ਹੈ ਜਾਂ ਓਨਾ ਹੀ ਹੈ, ਪਰ ਕਿਸਾਨਾਂ ਦੀ ਆਮਦਨ ਘਟ ਰਹੀ ਹੈ। ਲੇਖਕ ਅਨੁਸਾਰ ਇਸ ਹੈਰਾਨੀਜਨਕ ਸਥਿਤੀ ਦਾ ਕਾਰਨ ਇਹ ਹੈ ਕਿ ਮੌਜੂਦਾ ਖੇਤੀ ਮਾਡਲ ਤਹਿਤ ਖੇਤੀ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਜਿਵੇਂ ਖਾਦਾਂ, ਬੀਜ, ਕੀਟ ਨਾਸ਼ਕ ਅਤੇ ਮਸ਼ੀਨਰੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਹਿਸਾਬ ਨਾਲ ਖੇਤੀ ਜਿਣਸਾਂ ਦੀਆਂ ਕੀਮਤਾਂ ਨਹੀਂ ਵਧ ਰਹੀਆਂ। ਜ਼ਮੀਨ ਦੇ ਠੇਕੇ ਦੇ ਰੇਟ ਵਧ ਰਹੇ ਹਨ। ਖੇਤੀ ਨਾਲ ਸਬੰਧਿਤ ਸਹਾਇਕ ਧੰਦਿਆਂ ਜਿਵੇਂ ਪਸ਼ੂ ਪਾਲਣ, ਮੁਰਗੀ ਪਾਲਣ, ਸ਼ਹਿਦ, ਖੁੰਭਾਂ, ਸੂਰ ਪਾਲਣ ਆਦਿ ਦਾ ਬਾਕਾਇਦਾ ਨਿਸ਼ਚਿਤ ਮੰਡੀਕਰਨ ਨਹੀਂ ਅਤੇ ਨਾ ਹੀ ਘੱਟੋ-ਘੱਟ ਸਮਰਥਨ ਮੁੱਲ ਹੈ। ਇਸ ਕਰਕੇ ਇਹ ਵੀ ਘਾਟੇ ਦਾ ਸੌਦਾ ਹੋ ਗਏ ਹਨ। ਲੇਖਕ ਨੇ ਕਿਸਾਨਾਂ ਦੀ ਮਾੜੀ ਆਰਥਿਕਤਾ ਦਾ ਇੱਕ ਗੌਣ ਕਾਰਨ ਬਾਜ਼ਾਰ ਅਤੇ ਇਸ਼ਤਿਹਾਰਬਾਜ਼ੀ ਦੇ ਜਾਲ ਵਿੱਚ ਫਸ ਕੇ ਬੇਲੋੜੀਆਂ ਵਸਤਾਂ ਖ਼ਰੀਦਣ ਅਤੇ ਵਿਖਾਵੇਬਾਜ਼ੀ ਦਾ ਸ਼ਿਕਾਰ ਹੋਣ ਨੂੰ ਵੀ ਮੰਨਿਆ ਹੈ। ਲੇਖਕ ਦਾ ਸੁਝਾਅ ਹੈ ਕਿ ਸਰਕਾਰਾਂ ਨੂੰ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਖੇਤੀ ਜਿਣਸਾਂ ਦੇ ਭਾਅ ਵਿੱਚ ਤਵਾਜ਼ਨ ਕਾਇਮ ਕਰਨਾ ਚਾਹੀਦਾ ਹੈ। ਜ਼ਮੀਨਾਂ ਦੇ ਠੇਕੇ ਦੇ ਰੇਟ ਨਿਰਧਾਰਤ ਕਰਨੇ ਚਾਹੀਦੇ ਹਨ। ਖੇਤੀ ਆਧਾਰਿਤ ਸਹਾਇਕ ਧੰਦਿਆਂ ਦਾ ਨਿਸ਼ਚਿਤ ਮੰਡੀਕਰਨ ਅਤੇ ਮੁੱਲ ਯਕੀਨੀ ਬਣਾਉਣਾ ਚਾਹੀਦਾ ਹੈ। ਕਿਸਾਨਾਂ ਨੂੰ ਖਪਤਵਾਦੀ ਸੱਭਿਆਚਾਰ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਨਾਲ ਖੇਤੀ ਖ਼ਰਚੇ ਘਟਾਉਣ ਲਈ ਰਸਾਇਣਕ ਖਾਦਾਂ ਤੇ ਹੋਰ ਸਮੱਗਰੀ ਦੀ ਬੇਲੋੜੀ ਵਰਤੋਂ ਘਟਾਉਣੀ ਚਾਹੀਦੀ ਹੈ। ਅਗਲੇ ਨਬਿੰਧ ‘ਖੇਤੀ ਵਿੱਚ ਸਹਿਯੋਗ ਅਤੇ ਸਾਂਝੀਵਾਲਤਾ’ ਵਿੱਚ ਖੇਤੀ ਆਰਥਿਕਤਾ ਵਿੱਚ ਸੁਧਾਰ ਲਈ ਕਿਸਾਨਾਂ ਨੂੰ ‘ਸਾਂਝੀ ਖੇਤੀ’ ਦਾ ਮਾਡਲ ਅਪਣਾਉਣ ਦੀ ਸਲਾਹ ਦਿੱਤੀ ਹੈ।
‘ਫ਼ਸਲ ਬੀਮਾ ਯੋਜਨਾ’ ਨਾਲ ਸਬੰਧਿਤ ਨਬਿੰਧ ਵਿੱਚ ਕਿਹਾ ਹੈ ਕਿ ਖੇਤੀ ਆਰਥਿਕਤਾ ਨੂੰ ਬਚਾਉਣ ਲਈ ਕਿਸਾਨ-ਪੱਖੀ ਫ਼ਸਲ ਬੀਮਾ ਯੋਜਨਾ ਦੀ ਜ਼ਰੂਰਤ ਹੈ। ਇਸ ਕਿਤਾਬਚੇ ਦੇ ਅਖੀਰਲੇ ਨਬਿੰਧ ਵਿੱਚ ਰਾਜਪਾਲ ਸਿੰਘ ਨੇ ਹਰੀ ਕ੍ਰਾਂਤੀ ਦਾ ਤਰਕਸ਼ੀਲ ਨਜ਼ਰੀਏ ਤੋਂ ਮੁਲਾਂਕਣ ਕਰਦਿਆਂ ਮੌਜੂਦਾ ਸਮੇਂ ਚੱਲ ਰਹੇ ਇਸ ਭਰਮ-ਭੁਲੇਖੇ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਕਿਸਾਨੀ ਸਮੱਸਿਆਵਾਂ ਦਾ ਮੂਲ ਕਾਰਨ ਹਰੀ ਕ੍ਰਾਂਤੀ ਹੈ।
ਕੁੱਲ ਮਿਲਾ ਕੇ ਇਹ ਕਿਤਾਬਚਾ ਕਿਸਾਨੀ ਸਮੱਸਿਆਵਾਂ ਸਬੰਧੀ ਤੱਥਾਂ, ਵੇਰਵਿਆਂ ਅਤੇ ਦਲੀਲਾਂ ਨਾਲ ਭਰਪੂਰ ਜਾਣਕਾਰੀ ਦਿੰਦਾ ਹੈ ਅਤੇ ਇਨ੍ਹਾਂ ਸਮੱਸਿਆਵਾਂ ਦੇ ਤਰਕਸ਼ੀਲ ਹੱਲ ਵੀ ਪੇਸ਼ ਕਰਦਾ ਹੈ। ਕਿਸਾਨਾਂ ਨੂੰ ਇਸ ਵਿੱਚ ਪੇਸ਼ ਸੁਝਾਵਾਂ ’ਤੇ ਅਮਲ ਕਰਨਾ ਜ਼ਰੂਰੀ ਹੈ ਅਤੇ ਸਰਕਾਰੀ ਅਧਿਕਾਰੀਆਂ ਤੇ ਸਿਆਸੀ ਨੇਤਾਵਾਂ ਨੂੰ ਵੀ ਇਸ ਨੂੰ ਪੜ੍ਹ ਸਮਝ ਕੇ ਖੇਤੀ ਖੇਤਰ ਨੂੰ ਤਰੱਕੀ ਦੇ ਰਾਹ ਉੱਤੇ ਲੈ ਕੇ ਜਾਣ ਲਈ ਕਿਸਾਨ ਪੱਖੀ ਨੀਤੀਆਂ ਲਾਗੂ ਕਰਨ ਦੀ ਜ਼ਰੂਰਤ ਹੈ।
ਸੰਪਰਕ: 97800-36137