ਗੁਰਸੇਵਕ ਸਿੰਘ ਪ੍ਰੀਤ
ਗੁਰਦੇਵ ਸਿੰਘ ਰੁਪਾਣਾ ਦਿੱਲੀ ਛੱਡ ਕੇ ਨਵੇਂ-ਨਵੇਂ ਪਿੰਡ ਰੁਪਾਣਾ ਆਏ ਸਨ। (ਮਰਹੂਮ) ਬਲਦੇਵ ਸਿੰਘ ਆਜ਼ਾਦ ਨੇ ਸਾਹਿਤ ਸਭਾ ਲੱਖੇਵਾਲੀ ਵੱਲੋਂ ਉਨ੍ਹਾਂ ਦਾ ਰੂਬਰੂ ਕਰਾਉਣ ਦਾ ਮਨ ਬਣਾਇਆ। ਆਪਣੇ ਅੰਦਾਜ਼ ’ਚ ਆਜ਼ਾਦ ਨੇ ਰੁਪਾਣਾ ਹੋਰਾਂ ਨੂੰ ਫੋਨ ਕੀਤਾ, ‘‘ਮੈਂ ਆਜ਼ਾਦ ਬੋਲਦਾਂ।’’ ‘‘ਬੋਲੋ’’, ਅੱਗੋਂ ਰੁਪਾਣਾ ਦਾ ਟੁਣਕਵੀਂ ਮਸ਼ਕਰੀ ਭਰਿਆ ਲਹਿਜਾ ਸੀ। ‘‘ਅਸੀਂ ਸਾਹਿਤ ਸਭਾ ਲੱਖੇਵਾਲੀ ਵੱਲੋਂ ਤੁਹਾਡਾ ਰੂਬਰੂ ਕਰਾਉਣਾ ਚਾਹੁੰਦੇ ਹਾਂ।’’ ਆਜ਼ਾਦ ਨੇ ਮਕਸਦ ਦੱਸਿਆ। ‘‘ਫੇਰ’’, ਉਨ੍ਹਾਂ ਦੀ ਇਹ ਦੂਜਾ ਟੁਣਕਵੀਂ ਮਸ਼ਕਰੀ ਭਰਿਆ ਲਹਿਜਾ ਆਜ਼ਾਦ ਬਰਦਾਸ਼ਤ ਨਹੀਂ ਕਰ ਸਕੇ। ਉਨ੍ਹਾਂ ਇਸ ਫੇਰ ਦਾ ਜਵਾਬ ਦਿੱਤੇ ਬਿਨਾ ਫੋਨ ਬੰਦ ਕਰ ਦਿੱਤਾ। ਇਹੋ ਜਿਹੇ ਅਨੇਕਾਂ ਕਿੱਸੇ ਰੁਪਾਣਾ ਨਾਲ ਜੁੜੇ ਹਨ। ਉਨ੍ਹਾਂ ਦੀਆਂ ਰਚਨਾਵਾਂ ’ਤੇ ਐਮ.ਫਿਲ. ਕਰਨ ਵਾਲੇ ਵਿਦਿਆਰਥੀ ਆਪਣੇ ਖ਼ਤਾਂ ਦੀ ਉਡੀਕ ਕਰਦੇ ਰਹਿੰਦੇ ਸਨ। ਰੁਪਾਣਾ ਦੱਸਦੇ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਬਹੁਤੇ ਖ਼ਤਾਂ ਦੇ ਜਵਾਬ ਗੁਰਬਚਨ ਭੁੱਲਰ ਦਿੰਦੇ ਸਨ। ਗੁਰਦੇਵ ਰੁਪਾਣਾ ਇਨਾਮਾਂ-ਸਨਮਾਨਾਂ ਤੇ ਸਮਾਗਮਾਂ ਤੋਂ ਟਾਲਾ ਹੀ ਵੱਟਦੇ ਸਨ। ਜਦੋਂ ਢਾਹਾਂ ਸਨਮਾਨ ਮਿਲਿਆ ਤਾਂ ਮੈਂ ਕਿਹਾ: ‘‘ਗੁਰੂ ਜੀ, ਪਾਸਪੋਰਟ ਬਣਾ ਲਓ। ਨਾਲ ਪ੍ਰੀਤਪਾਲ ਵੀ ਜਾ ਆਊ। ਇਕ ਤਾਂ ਕੈਨੇਡਾ ਦਾ ਗੇੜਾ ਲੱਗ ਜੂ ਮੁਫ਼ਤ ’ਚ ਤੇ ਦੂਜਾ ਪੱਕਾ ਵੀਜ਼ਾ।’’ ਪਰ ਉਨ੍ਹਾਂ ਕੋਈ ਰੁਚੀ ਨਹੀਂ ਵਿਖਾਈ। ‘ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ’ ਨੇ ਸਨਮਾਨ ਦਾ ਐਲਾਨ ਕੀਤਾ ਜੋ ਚੰਡੀਗੜ੍ਹ ਜਾਂ ਦਿੱਲੀ ਕਰਨਾ ਸੀ। ਗੁਰਦੇਵ ਰੁਪਾਣਾ ਕਹਿੰਦੇ, ‘‘ਯਾਰ, ਐਡੀ ਦੂਰ ਕਿਹੜਾ ਜਾਊ!’’ ਅਖੀਰ ਉਹ ਦਸ਼ਮੇਸ਼ ਖਾਲਸਾ ਕਾਲਜ, ਮੁਕਤਸਰ ਆ ਕੇ ਸਨਮਾਨਿਤ ਕਰ ਗਏ। ਕਹਾਣੀ ਪੜ੍ਹਣ ਤਾਂ ਕਿਤੇ ਜਾਂਦੇ ਹੀ ਨਹੀਂ ਸਨ। ਕਹਿੰਦੇ, ਕਹਾਣੀ ਪੜ੍ਹਣ ਵਾਸਤੇ ਜਾਣਾ ਤਾਂ ਕੋਈ ਸਮਝ ਨਹੀਂ ਆਉਂਦਾ। ਕਹਾਣੀ ਸੁਣਨ ਵਾਲੀ ਨਹੀਂ, ਖ਼ੁਦ ਪੜ੍ਹਨ ਵਾਲੀ ਚੀਜ਼ ਹੈ। ਫੇਰ ਮਸ਼ਕਰੀ ਕਰਨੀ, ‘‘ਹਾਂ, ਨਾਲ ਇਹ ਦੱਸਣ ਕਿੰਨੇ ਪੈਸੇ ਦੇਣੇ ਆ। ਫੇਰ ਤਾਂ ਗੱਲ ਹੈ।’’
ਮੈਂ ਕਹਾਣੀ ਸ਼ੀਸ਼ਾ ਪੜ੍ਹ ਕੇ ਜਾਣਿਆ ਕਿ ਇਸ ਦਾ ਲੇਖਕ ਗੁਰਦੇਵ ਸਿੰਘ ਰੁਪਾਣਾ ਦਿੱਲੀ ਰਹਿੰਦਾ ਹੈ। ਮੇਰੇ ਮਨ ’ਚ ਚਾਹ ਸੀ, ਜੇ ਕਿਤੇ ਇਹ ਬੰਦਾ ਨੇੜੇ ਹੋਵੇ ਤਾਂ ਮੈਂ ਜ਼ਰੂਰ ਮਿਲਾਂ। ਕੁਝ ਸਮੇਂ ਬਾਅਦ ਮੈਨੂੰ ਕਿਤੋਂ ਪਤਾ ਲੱਗਿਆ ਕਿ ਉਹ ਤਾਂ ਹੁਣ ਪਿੰਡ ਰੁਪਾਣਾ ਆ ਗਏ ਨੇ। ਹੁਣ ਮੈਂ ਉਨ੍ਹਾਂ ਨੂੰ ਮਿਲਣ ਦਾ ਬਹਾਨਾ ਤੇ ਮਿਲਾਉਣ ਵਾਲਾ ਸੱਜਣ ਭਾਲਣ ਲੱਗਿਆ। ਕੁਦਰਤੀ ਉਨ੍ਹਾਂ ਸਬੰਧੀ ਕੋਈ ਵਿਸ਼ੇਸ਼ ਰਿਪੋਰਟ ਤਿਆਰ ਕਰਨ ਵਾਲੇ ‘ਪੰਜਾਬੀ ਟ੍ਰਿਬਿਊਨ’ ਵੱਲੋਂ ਤਾਜ਼ਾ ਫੋਟੋ ਤੇ ਖ਼ਬਰ ਭੇਜਣ ਦੀ ਮੇਰੀ ਡਿਊਟੀ ਲੱਗ ਗਈ। ਅੰਨ੍ਹਾ ਕੀ ਭਾਲੇ, ਦੋ ਅੱਖਾਂ। ਮੈਂ ਤੁਰੰਤ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਨਾਲ ਗੱਲ ਕੀਤੀ। ਉਨ੍ਹਾਂ ਦੀ ਬੁਟੀਕ ਜਿਸ ਨੂੰ ਰੁਪਾਣਾ ‘ਚੁੰਨੀਆਂ ਵਾਲੀ ਹੱਟੀ’ ਕਹਿੰਦੇ ਸੀ, ’ਤੇ ਉਹ ਅਕਸਰ ਆਉਂਦੇ ਸਨ। ਉਹ ਲਾਡ ਵਿਚ ਮੈਡਮ ਪ੍ਰੀਤ ਨੂੰ ਆਪਣੇ ਜੁਆਕਾਂ ਦੀ ਮਾਸੀ ਕਹਿੰਦੇ ਸਨ। ਪ੍ਰੀਤ ਹੋਰੀਂ ਅਤੇ ਮੈਂ ਅਗਲੀ ਸਵੇਰ 7 ਕੁ ਵਜੇ ਹੀ ਰੁਪਾਣੇ ਚਲੇ ਗਏ। ਹਸੂੰ-ਹਸੂੰ ਕਰਦੇ ਰੁਪਾਣਾ ਹੋਰੀਂ ਮੱਥੇ ਲੱਗੇ ਤਾਂ ਰੂਹ ਖ਼ੁਸ਼ ਹੋ ਗਈ। ਮੈਂ ਕਿਹਾ, ‘‘ਸਰ, ਮੈਂ ਤੁਹਾਡੀ ਫੋਟੋ ਲੈਣੀ ਹੈ, ਪੱਗ ਬੰਨ੍ਹ ਲਓ।’’ ਉਨ੍ਹਾਂ ਸਿਰਹਾਣੇ ਪਈ ਪੱਗ ਦੇ ਲੜ ਨੂੰ ਛੰਡਦਿਆਂ ਕਿਹਾ, ‘‘ਲੈ ਗਿੱਠ ਕੁ ਦਾ ਸਿਰ ਇਆ, ਸਾਰੀ ਉਮਰ ਪੱਗ ਬੰਨ੍ਹਦਿਆਂ ਲੰਘ ਗਈ, ਆਪਾਂ ਕਿਹੜਾ ਸ਼ੀਸ਼ੇ ਮੂਹਰੇ ਖੜ੍ਹਨੈ।’’ ਤੇ ਉਨ੍ਹਾਂ ਡਬਲ ਬੈੱਡ ’ਤੇ ਚੌਕੜੀ ਮਾਰਿਆਂ ਹੀ ਛੇ ਲੜੀ ਪੱਗ ਬੰਨ੍ਹ ਕੇ ਦੋਹਾਂ ਹੱਥਾਂ ਨਾਲ ਠੱਪਦਿਆਂ ਫੋਟੋ ਵਾਸਤੇ ਪੋਜ਼ ਬਣਾ ਲਿਆ। ਮੈਂ ਫੋਟੋ ਖਿੱਚੀ, ਕੁਝ ਗੱਲਾਂ ਕੀਤੀਆਂ ਤੇ ਵਾਪਸ ਆ ਗਏ। ਫਿਰ ਇਹ ਫੋਟੋ ਫਰੇਮ ਕਰ ਕੇ ਦਿੱਤੀ ਜਿਹੜੀ ਹੁਣ ਵੀ ਉਨ੍ਹਾਂ ਦੀ ਬੈਠਕ ’ਚ ਲੱਗੀ ਹੈ। ਉਨ੍ਹਾਂ ਨਾਲ ਮਾਤਾ ਜਸਮੇਲ ਕੌਰ ਦੀ ਵੀ ਮੈਂ ਇਕ ਫੋਟੋ ਖਿੱਚੀ ਜੋ ਸ਼ਾਇਦ ਗੈਰ ਰਸਮੀ ਤੌਰ ’ਤੇ ਖਿੱਚੀ ਇਕੋ ਇਕ ਤਸਵੀਰ ਹੈ। ਰੁਪਾਣਾ ਸਾਹਿਬ ਨੂੰ ਕੋਟਕਪੂਰਾ ਵਾਲੇ ਸੁਭਾਸ਼ ਪਰਿਹਾਰ ਵੱਲੋਂ ਖਿੱਚੀ ਤੇ ਫਰੇਮ ਕੀਤੀ ਤਸਵੀਰ ਵੀ ਡਾਢੀ ਪਸੰਦ ਸੀ।
ਖ਼ੈਰ, ਇਸ ਤੋਂ ਬਾਅਦ ਉਹ ਮੇਰੇ ਗੁਰੂ ਬਣ ਗਏ। ਬਿਨਾਂ ਪੱਗ ਅਤੇ ਸਵਾ ਰੁਪਿਆ ਲਿਆਂ ਉਨ੍ਹਾਂ ਗੁਰੂ ਪਦ ਸਵੀਕਾਰ ਕਰ ਲਿਆ ਤੇ ਮੈਂ ਉਨ੍ਹਾਂ ਦਾ ਸ਼ਿਸ਼ ਬਣ ਗਿਆ।
ਉਨ੍ਹਾਂ ਦੀ ਆਪਣੇ ਪੁੱਤਰ ਪ੍ਰੀਤਪਾਲ ਨਾਲ ਸਮਝ ਤੇ ਆਦਤਾਂ ਬਹੁਤ ਰਲਦੀਆਂ ਸਨ। ਪ੍ਰੀਤਪਾਲ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਸੀ। ਉਹ ਘੰਟਿਆਂਬੱਧੀ ਗੂੜ੍ਹ ਗਿਆਨ ਚਰਚਾ ਕਰਦੇ ਰਹਿੰਦੇ। ਉਹ ਸੁਖਜੀਤ ਦੀ ਪੁਸਤਕ ‘ਮੈਂ ਰੇਪ ਨੂੰ ਇੰਜੁਆਈ ਕਰਦੀ ਹਾਂ’ ਤੋਂ ਲੈ ਕੇ ਫਿਲਮਾਂ ਅਤੇ ਮੰਟੋ ਦੀਆਂ ਕਹਾਣੀਆਂ ਵਿਚਲੀ ਵੇਸਵਾਗਮਨੀ ’ਤੇ ਬੜੇ ਸਹਿਜ ਰੂਪ ’ਚ ਗੱਲਾਂ ਕਰਦੇ। ਪ੍ਰੀਤ ਨੂੰ ਨਾਟਕਾਂ ਦੇ ਨਾਲ ਪਾਕ ਕਲਾ ਦਾ ਵੀ ਬਹੁਤ ਸ਼ੌਕ ਹੈ। ਆਖ਼ਰੀ ਦਿਨਾਂ ’ਚ ਬਾਪੂ ਨੂੰ ਸਾਂਭਦਾ ਪ੍ਰੀਤ ਖ਼ੁਦ ਬੁੱਢਾ ਹੋ ਗਿਆ ਲੱਗਦਾ ਸੀ।
ਰੁਪਾਣਾ ਸਾਹਿਬ ਪਿੰਡ ਦੇ ਸੁਧਾਰ ਲਈ ਬੜੇ ਉਤਸ਼ਾਹਿਤ ਸੀ। ਕੁੜੀਆਂ ਦੇ ਸਕੂਲ ਮੂਹਰਲੀਆਂ ਰੂੜੀਆਂ ਮੈਨੂੰ ਨਾਲ ਲਿਜਾ ਕੇ ਵਿਖਾਈਆਂ। ਇਕ ਵਾਰ ਪਿੰਡ ’ਚ ਟੀਕੇ ਲਾਉਣ ਬਦਲੇ ਪੈਸੇ ਲੈਣ ਵਾਲਿਆਂ ਦੀ ਠੱਗੀ ਦਾ ਸ਼ਰੇਆਮ ਪਰਦਾਫਾਸ਼ ਕੀਤਾ। ਖ਼ਬਰਾਂ ਲੱਗੀਆਂ। ਕਾਰਵਾਈ ਹੋਈ। ਡੱਟ ਕੇ ਖੜ੍ਹੇ। ਇਕ ਵਾਰ ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਹੋਈ ਤਾਂ ਆਦੇਸ਼ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਸਟੰਟ ਪਵੇਗਾ। ਐਮਰਜੈਂਸੀ ’ਚ ਡੀ.ਐਮ.ਸੀ. ਰੈਫਰ ਕਰ ਦਿੱਤਾ। ਜਿਹੜੀ ਐਂਬੂਲੈਂਸ ਮਿਲੀ ਉਸ ਦਾ ਡਰਾਇਵਰ ਕਹਿੰਦਾ ਮੈਨੂੰ ਉਨੀਂਦਾ ਹਾਂ, ਮੈਂ ਜਾ ਨਹੀਂ ਸਕਦਾ। ਮੈਂ ਕਿਹਾ ਕਿ ਕੋਈ ਨਾ ਐਂਬੂਲੈਂਸ ਮੈਂ ਚਲਾ ਲਊਂ, ਤੂੰ ਸੁੱਤਾ ਰਹੀਂ। ਅੱਧੀ ਰਾਤ ਨੂੰ ਮੈਂ ਐਂਬੂਲੈਂਸ ਲੈ ਕੇ ਡੀ.ਐਮ.ਸੀ. ਪੁੱਜਾ, ਨਾਲ ਪ੍ਰੀਤਪਾਲ ਸੀ। ਡਾਕਟਰਾਂ ਨੇ ਆਪ੍ਰੇਸ਼ਨ ਕਰ ਦਿੱਤਾ। ਹਫ਼ਤੇ ਕੁ ਬਾਅਦ ਚੈੱਕਅਪ ਲਈ ਸੱਦ ਲਿਆ। ਸਵੇਰੇ ਸੱਤ ਵਜੇ ਦੇ ਪੁੱਜੇ ਦੁਪਹਿਰ ਤੱਕ ਕਿਸੇ ਆਵਾਜ਼ ਨਾ ਮਾਰੀ। ਭੁੱਖਣ ਭਾਣੇ ਧੌਣਾਂ ਮੋੜ-ਮੋੜ ਵੇਖੀਏ, ਪਰ ਕੋਈ ਕੁਝ ਨਾ ਦੱਸੇ। ਅਖੀਰ ਅਸੀਂ ਕੁਝ ਹੋਰ ਮਰੀਜ਼ਾਂ ਨੂੰ ਨਾਲ ਲਿਆ ਤੇ ਮੈਨੇਜਰ ਕੋਲ ਜਾ ਕੇ ਸਮੱਸਿਆ ਦੱਸੀ। ਉਹ ਅੱਗੋਂ ਭੱਜ-ਭੱਜ ਪਵੇ। ਅਸੀਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੁਪਾਣਾ ਨੇ ਹੱਥੀਂ ਲਿਖ ਕੇ ਸ਼ਿਕਾਇਤ ਦਿੱਤੀ। ਫਿਰ ਮਿੰਟੋ-ਮਿੰਟੀ ਸਾਰੇ ਮਰੀਜ਼ ਚੈੱਕ ਕੀਤੇ ਤੇ ਵੱਡੇ ਡਾਕਟਰ ਨੇ ਰੁਪਾਣਾ ਹੋਰਾਂ ਨਾਲ ਅੱਧਾ ਘੰਟਾ ਮਿੱਠੀਆਂ ਗੱਲਾਂ ਮਾਰੀਆਂ।
ਸਾਡੇ ਵਿਚ ਉਮਰ ਦਾ ਤਿੰਨ ਦਹਾਕਿਆਂ ਤੋਂ ਵੱਧ ਦਾ ਪਾੜਾ ਸੀ, ਪਰ ਗੁਰਦੇਵ ਰੁਪਾਣਾ ਨਾਲ ਮਿਲ ਕੇ ਉਹ ਖਰਮਸਤੀਆਂ ਕੀਤੀਆਂ ਜੋ ਹਾਣਦਿਆਂ ਨਾਲ ਵੀ ਨਹੀਂ ਕੀਤੀਆਂ ਹੋਣੀਆਂ। ਉਨ੍ਹਾਂ ਨਾਲ ਛੁੱਟੀ ਤੋਂ ਬਾਅਦ ਚੁੱਪ ਚੁਪੀਤੇੇ ਖਾਲਸਾ ਸਕੂਲ ਦੇ ਕਈ ਗੇੜੇ ਕੱਢੇ। ਇੱਥੇ ਉਹ ਪੜ੍ਹਦੇ ਰਹੇ ਸਨ। ਅਬੋਹਰ ਲਾਗਲੇ ਪਿੰਡ ਮੌਜਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵੀ ਫੇਰਾ ਲਾਇਆ ਜਿੱਥੇ ਉਹ ਪੜ੍ਹਾਉਂਦੇ ਰਹੇ ਸਨ।
ਇਕ ਵਾਰ ਵੋਟਾਂ ਦੇ ਦਿਨ ਸਨ। ਮੇਰੇ ਕੋਲ ਕੰਮ ਦਾ ਬੜਾ ਭਾਰ ਸੀ। ਰੁਪਾਣਾ ਹੋਰੀਂ ਆਪਣੇ ਰੰਗਾਂ ਵਿਚ ਸਨ। ਉੱਤੋਂ ਹਰਜਿੰਦਰ ਸੂਰੇਵਾਲੀਆ ਆ ਗਿਆ। ਉਹ ਵੀ ਰੰਗ ਵਿਚ ਰੰਗਿਆ ਗਿਆ ਤੇ ਜਾਂਦਿਆਂ ਹੀ ਸ਼ਬਦ ਚਿੱਤਰ ਲਿਖ ਦਿੱਤਾ ‘ਰੋਗ ਤਾਂ ਇਕ ਮਾੜਾ ਵੇ ਤੂੰ ਦੋ ਦੋ ਲਾਈ ਫਿਰਦੈਂ’। ਰੁਪਾਣਾ ਹੋਰੀਂ ਤੜਿੰਗ ਹੋ ਗਏ। ਇਸੇ ਤਰ੍ਹਾਂ ਇਕ ਵਾਰ ਨਿੰਦਰ ਘੁਗਿਆਣਵੀ ਨੇ ਲਿਖ ਦਿੱਤਾ ‘ਤਾਇਆ ਰੁਪਾਣਾ’ ਤੇ ਉਸ ਨਾਲ ਤੜਿੰਗ ਹੋ ਗਏ। ਅਸਲ ਵਿਚ ਰੁਪਾਣਾ ਹੋਰੀਂ ਕਹਿੰਦੇ ਸਨ ਕਿ ਲੇਖਕ ਦੇ ਨਿੱਜ ਦੀ ਨਹੀਂ ਉਸ ਦੇ ਕੰਮ ਦੀ ਗੱਲ ਕਰੋ। ਉਹ ਇਹ ਵੀ ਕਹਿੰਦੇ: ਜੇ ਗਿੱਦੜ ਦਾ ਸ਼ਿਕਾਰ ਕਰਨਾ ਹੋਵੇ ਤਾਂ ਸ਼ੇਰ ਦੇ ਸ਼ਿਕਾਰ ਦੀ ਤਿਆਰੀ ਰੱਖੋ। ਉਹ ਕਹਿੰਦੇ ਸਨ: ਜੇ ਕਿਸੇ ਮਿਸਤਰੀ ਦੀ ਕਹਾਣੀ ਲਿਖਣੀ ਆ ਤਾਂ ਉਸਦੇ ਇਕ-ਇਕ ਸੰਦ ਦਾ ਪਤਾ ਹੋਣਾ ਚਾਹੀਦਾ। ਇਹ ਵੀ ਕਹਿੰਦੇ: ਔਰਤਾਂ ਕੋਲ ਬਹੁਤ ਸਮਝ ਹੁੰਦੀ ਆ ਕਿਸੇ ਵੀ ਵਿਸ਼ੇ ’ਤੇ ਘੰਟਿਆਂਬੱਧੀ ਗੱਲਾਂ ਕਰ ਸਕਦੀਆਂ ਨੇ ਤੇ ਆਦਮੀ ਚਾਰ ਮਿੰਟਾਂ ’ਚ ਖਾਲੀ ਹੋ ਜਾਂਦੇ ਨੇ।
ਗੁਰਦੇਵ ਸਿੰਘ ਰੁਪਾਣਾ ਦੀ ਹਾਜ਼ਰਜਵਾਬੀ ਤੇ ਤਨਜ਼ ਮਜ਼ਾਜੀ ਬਾਕਮਾਲ ਸੀ। ਇਕ ਵਾਰ ਅਸੀਂ ਕਈ ਦੋਸਤ ਇਕੱਠੇ ਹੋ ਗਏ ਉਨ੍ਹਾਂ ਦੇ ਘਰ। ਉਹ ਆਪਣੇ ਰੌਂਅ ਤੇ ਰੰਗਾਂ ਵਿਚ ਆਪਣੇ ਪੱਕੇ ਟਿਕਾਣੇ ‘ਡਬਲ ਬੈੱਡ’ ਉਪਰ ਬੈਠੇ ਸਨ। ਮਨ ਬਣਿਆ ਕਿ ਫੋਟੋ ਖਿੱਚੀ ਜਾਵੇ। ਉਨ੍ਹਾਂ ਆਪਣੇ ਵੱਡੇ ਬੇਟੇ ਨੂੰ ਆਵਾਜ਼ ਮਾਰੀ, ‘‘ਓ ਮਿੱਠੂ ਤੂੰ ਵੀ ਆ ਜਾ, ਫੋਟੋ ਖਿਚਾ ਲਾ।’’ ਅੱਗੋਂ ਮਿੱਠੂ ਭੋਲਾ ਜਿਹਾ ਮੂੰਹ ਬਣਾ ਕੇ ਬੋਲਿਆ, ‘‘ਨਹੀਂ ਤੁਸੀਂ ਖਿਚਾਓ, ਬੁੱਧੀਜੀਵੀ, ਸਿਆਣੇ ਬੰਦੇ।’’ ਰੁਪਾਣਾ ਸਾਹਿਬ ਨੇ ਆਪਣੇ ਵਿਸ਼ੇਸ਼ ਅੰਦਾਜ਼ ’ਚ ਮੂੰਹ ਗੋਲ ਕਰਦਿਆਂ ਕਿਹਾ, ‘‘ਓ ਫੋਟੋ ’ਚ ਅਕਲ ਨੀਂ ਆਉਂਦੀ ਸ਼ਕਲ ਹੀ ਆਉਂਦੀ ਆ, ਆ ਜਾ।’’
ਗੁਰਦੇਵ ਸਿੰਘ ਰੁਪਾਣਾ ਦੀ ਮਹਿਫ਼ਿਲ ਦਾ ਅੱਸੀ ਫ਼ੀਸਦੀ ਹਿੱਸਾ ਹਾਸਿਆਂ ਭਰਿਆ ਹੁੰਦਾ ਸੀ। ਉਹ ਗੱਲਾਂ ਸੁਣਾਉਣ ਦੇ ਬਹੁਤ ਸ਼ੌਕੀਨ ਸਨ। ਉਨ੍ਹਾਂ ਨੂੰ ਗੱਲ ਦਿਲਕਸ਼ ਅੰਦਾਜ਼ ’ਚ ਸੁਣਾਉਣੀ ਆਉਂਦੀ ਵੀ ਸੀ। ਇਕ ਵਾਰ ਮੈਂ ਮਾਹੌਲ ਨੂੰ ਵਧੇਰੇ ਸਾਹਿਤਕ ਕਰਨ ਦੀ ਨੀਅਤ ਨਾਲ ਉਨ੍ਹਾਂ ਨੂੰ ਅਤੇ ਪ੍ਰੋ. ਸ਼ਿੰਦਰਪਾਲ ਨੂੰ ਘਰ ਸੱਦ ਲਿਆ। ਨਾ ਰੁਪਾਣਾ ਹੋਰੀਂ ਮਾਈਕ ਛੱਡਣ ਤੇ ਨਾ ਪ੍ਰੋ. ਸ਼ਿੰਦਰਪਾਲ। ਅੱਧੇ ਘੰਟੇ ਬਾਅਦ ਦੋਵੇਂ ਦੂਰੋ-ਦੂਰੀ। ਮੈਂ ਵਿਚਾਰਾ, ਬਿੱਚ ਬਿੱਚ ਕਰਾਂ ਤੇ ਬੜੀ ਮੁਸ਼ਕਲ ਨਾਲ ਪ੍ਰੋ. ਸ਼ਿੰਦਰਪਾਲ ਨੂੰ ਘਰ ਭੇਜ ਕੇ ਰੁਪਾਣਾ ਨੂੰ ਪਿੰਡ ਛੱਡਣ ਗਿਆ।
ਉਹ ਆਪਣੇ ਦਿੱਲੀ, ਉੱਤਰ ਪ੍ਰਦੇਸ਼, ਮੁੰਬਈ ਅਤੇ ਹੋਰ ਦੂਰ-ਦੁਰਾਡੇ ਦੇ ਦੋਸਤਾਂ ਦੇ ਕਿੱਸੇ ਸੁਣਾਉਂਦੇ ਤੇ ਵਾਰ-ਵਾਰ ਸੁਣਾਉਂਦੇ, ਪਰ ਅਸੀਂ ਸੁਣਦੇ ਅੱਕਦੇ ਨਹੀਂ ਸੀ। ਉਹ ਰਾਤ ਨੂੰ ਲਿਖਦੇ ਸਨ ਤੇ ਜਦੋਂ ਬਾਬਾ ਬੋਲਣ ਲੱਗਦਾ ਉਦੋਂ ਸੌਂ ਜਾਂਦੇ। ਉਹ ਕਹਿੰਦੇ, ‘‘ਸ਼ੀਸ਼ਾ, ਹਵਾ ਵਰਗੀਆਂ ਕਹਾਣੀਆਂ ਈ ਬਹੁਤੀਆਂ ਚੁੱਕੀਆਂ ਗਈਆਂ ਜਦੋਂਕਿ ਕਣਕ ਦਾ ਦਾਣਾ ਤੇ ਹੋਰ ਕਈ ਕਹਾਣੀਆਂ ਇਸ ਤੋਂ ਵੀ ਬਿਹਤਰ ਨੇ।’’ ਦਿੱਲੀ ਪਰਵਾਸ ਦੀਆਂ ਯਾਦਾਂ ਦਾ ਉਨ੍ਹਾਂ ਕੋਲ ਵਿਸ਼ਾਲ ਜ਼ਖੀਰਾ ਸੀ। ਅੰਮ੍ਰਿਤਾ ਪ੍ਰੀਤਮ ਦੀ ਬਹੁਤ ਇੱਜ਼ਤ ਕਰਦੇ ਸਨ। ਰੁਪਾਣਾ ਸਾਹਿਬ ਨੇ ਬਾਵਰੀਆਂ ਉਪਰ ਇਕ ਨਾਵਲ ਤੇ ਕਹਾਣੀਆਂ ਲਿਖੀਆਂ। ਉਨ੍ਹਾਂ ਜੋ ਵੇਖਿਆ ਉਸ ਨੂੰ ਅੰਦਰ ਹੰਢਾ ਕੇ ਲਿਖਿਆ, ਐਵੇਂ ਸੁਣਿਆ ਸੁਣਾਇਆ ਨਹੀਂ। ਉਹ ਪ੍ਰੇਮ ਪ੍ਰਕਾਸ਼ ਨਾਲ ਬੜੀਆਂ ਲੰਬੀਆਂ ਗੱਲਾਂ ਕਰਦੇ। ਤ੍ਰਿਪਤਾ ਕੇ. ਸਿੰਘ ਦੇ ਪ੍ਰਸ਼ੰਸਕ ਸਨ। ਜਸਵੰਤ ਸਿੰਘ ਕੰਵਲ ਨੂੰ ਬਾਈ ਕਹਿ ਕੇ ਸੱਦਦੇ ਸਨ। ਉਨ੍ਹਾਂ ਨੇ ਅੰਗਰੇਜ਼ੀ ਵਿਚ ਲਿਖਿਆ ਸਾਹਿਤ ਬਹੁਤ ਪੜ੍ਹਿਆ। ਅੰਗਰੇਜ਼ੀ ਦੇ ਪੱਤਰਕਾਰ ਪ੍ਰਭਜੀਤ ਸਿੰਘ ਪਾਸੋਂ ਕਈ ਭਾਗਾਂ ਵਾਲੀ ਡਿਕਸ਼ਨਰੀ ਦਿੱਲੀ ਤੋਂ ਖ਼ਾਸ ਤੌਰ ’ਤੇ ਮੰਗਵਾਈ ਸੀ। ਉਹ ਕਹਿੰਦੇ ਸਨ ਕਿ ਅਨੁਵਾਦ ਹੋਣ ਤੋਂ ਬਾਅਦ ਤਾਂ ਅਸਲ ਗਾਇਬ ਹੀ ਹੋ ਜਾਂਦਾ। ਜਿਵੇਂ ਫਿਲਮਾਂ, ਰੰਗਾਂ ਤੇ ਕੱਪੜਿਆਂ ਬਾਰੇ ਉਨ੍ਹਾਂ ਕੋਲ ‘ਗੂਗਲ’ ਤੋਂ ਵੀ ਵੱਧ ਜਾਣਕਾਰੀ ਸੀ। ਨਿਰੂਪਮਾ ਦੱਤ ਨੇ ਅੰਗਰੇਜ਼ੀ ਵਿਚ ਰੁਪਾਣਾ ਬਾਰੇ ਬਹੁਤ ਲਿਖਿਆ। ਸ਼ੀਸ਼ਾ ਤੇ ਹਵਾ ਕਹਾਣੀ ਵਿਚਲਾ ਰਾਹ ਅਤੇ ਕੱਸੀ ਵੇਖਣ ਵਾਸਤੇ ਜਿੰਦਰ ਪਿੰਡ ਰੁਪਾਣੇ ਆਇਆ ਤੇ ਉਸ ਸਾਰੇ ਰਾਹ ’ਤੇ ਤੁਰ ਕੇ ਵੇਖਿਆ। ਉਹ ਕੱਸੀ ਵੇਖੀ ਜਿੱਥੇ ‘ਸ਼ੀਸ਼ਾ’ ਕਹਾਣੀ ਦਾ ‘ਬੂੜਾ’ ਨਵਜੰਮਿਆਂ ਦੀਆਂ ਗਰਦਨਾਂ ’ਤੇ ਟੱਕ ਲਾ ਕੇ ਨਹਿਰ ਵਿਚ ਸੁੱਟਦਾ ਸੀ। ਕੱਸੀ ਲਾਗਲਾ ਸ਼ਮਸ਼ਾਨਘਾਟ ਵੇਖਿਆ ਜਿੱਥੇ ਬੂੜੇ ਦਾ ਅੰਤਿਮ ਸੰਸਕਾਰ ਹੋਇਆ ਸੀ। …ਤੇ ਹੁਣ ਇਸੇ ਸ਼ਮਸ਼ਾਨਘਾਟ ’ਚ ਸ਼ੀਸ਼ਾ ਦੇ ਸਿਰਜਕ ਗੁਰਦੇਵ ਸਿੰਘ ਰੁਪਾਣਾ ਦਾ ਅੰਤਿਮ ਸੰਸਕਾਰ ਹੋਇਆ। ਗੁਰਦੇਵ ਸਿੰਘ ਰੁਪਾਣ ਦੇ ਤੁਰ ਜਾਣ ’ਤੇ ਬਲਦੇਵ ਸਿੰਘ ਸੜਕਨਾਮਾ ਨੇ ਲਿਖਿਆ ਕਿ ‘ਨਿੱਕੀ ਕਹਾਣੀ ਦਾ ਵੱਡਾ ਬੰਦਾ ਚਲਾ ਗਿਆ’। ਬਲਦੇਵ ਸਿੰਘ ਧਾਲੀਵਾਲ ਨੇ ਲਿਖਿਆ ਕਿ ‘ਤੁਰ ਗਏ ਮਹਿਕ ਲੁਟਾਏ’।
ਉਨ੍ਹਾਂ ਭਲੇ ਦਿਨਾਂ ’ਚ ਮੈਂ ਰੁਪਾਣਾ ਸਾਹਿਬ ਦਾ ਮੈਨੇਜਰ ਸੀ। ਘਰ, ਬਾਹਰ, ਸਾਹਿਤ, ਖਾਣ-ਪੀਣ ਦਾ। ਜਿਸ ਤਰ੍ਹਾਂ ਅੱਜਕੱਲ੍ਹ ਸਾਡਾ ਦੋਸਤ ਐਡਵੋਕੇਟ ਗੁਰਲਾਲ ਸਿੰਘ ਸੀ, ਪਰ ਇਹ ਮੈਨੇਜਰੀ ਐਵੇਂ ਹੀ ਖੁੱਸ ਗਈ। ਗੱਲ ਕੁਝ ਇਸ ਤਰ੍ਹਾਂ ਸੀ, ਮੈਂ ਨਿੰਦਰ ਘੁਗਿਆਣਵੀ ਨੂੰ ਕਿਹਾ, ‘‘ਬਾਈ ਜੀ, ਰੁਪਾਣਾ ਸਾਹਿਬ ਦੀਆਂ ਪੁਸਤਕਾਂ ਆਊਟ ਆਫ ਸਟਾਕ ਹਨ। ਨਵੇਂ ਪਾਠਕਾਂ ਨੂੰ ਮਿਲਦੀਆਂ ਨਹੀਂ। ਆਪਾਂ ਸਾਰੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਕਢਾਈਏ।’’ ਉਨ੍ਹਾਂ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨਾਲ ਗੱਲ ਕੀਤੀ। ਬਾਕਾਇਦਾ ਮਸੌਦਾ ਤੈਅ ਹੋਇਆ, ਖਰੜਾ ਬਣਿਆ। ਕਿਤਾਬਾਂ ਛਪੀਆਂ, ਪਰ ਗੱਲ ਖੱਟਾਸ ’ਚ ਪੈ ਗਈ। ਰੁਪਾਣਾ ਹੋਰਾਂ ਨੇ ਕੇਸ ਕਰ ਦਿੱਤਾ। ਤੇ ਮੈਂ ਮੈਨੇਜਰ, ਰੁਪਾਣਾ ਅਤੇ ਗੁਲਾਟੀ ਹੋਰਾਂ ’ਚ ਫਸ ਕੇ ਵਿਚਾਰਾ ਬਣ ਗਿਆ। ਰੁਪਾਣਾ ਹੋਰਾਂ ਨੇ ਗੁਰਲਾਲ ਸਿੰਘ ਵਕੀਲ ਕਰ ਲਿਆ ਤੇ ਮੈਂ ਗੁਲਾਟੀ ਨੂੰ ਅਸ਼ੋਕ ਗਿਰਧਰ ਵਕੀਲ ਕਰਾ ਦਿੱਤਾ, ਇਹ ਉਹੀ ਵਕੀਲ ਸੀ ਜਿਹੜਾ ਇਕ ਵਾਰ ਮੈਂ ਰੁਪਾਣਾ ਹੋਰਾਂ ਨੂੰ ਕਰਵਾ ਕੇ ਦਿੱਤਾ ਸੀ ਜਦੋਂ ਇਕ ਪਰਵਾਸੀ ਅਖ਼ਬਾਰ ਨੇ ਬਿਨਾਂ ਇਜਾਜ਼ਤ ਉਨ੍ਹਾਂ ਦੀ ਕਹਾਣੀ ਛਾਪੀ ਸੀ। ਵਕੀਲਾਂ ਦੀ ਇਸ ਕਰਾ ਕਰਾਈ ’ਚ ਮੇਰੀ, ਨਿੰਦਰ ਘੁਗਿਆਣਵੀ, ਬਲਜੀਤ ਸਿੱਧੂ ਤੇ ਹੋਰ ਕਈਆਂ ਦੀ ਤਾਣੀ ਉਲਝ ਗਈ ਜਿਸ ਨੂੰ ਸੁਲਝਾਉਂਦੇ ਹੋਏ ਗੁਰਦੇਵ ਸਿੰਘ ਰੁਪਾਣਾ ਤਾਂ ਤੁਰ ਗਏ ਤੇ ਕਿਸੇ ਦਿਨ ਅਸੀਂ ਵੀ ਤੁਰ ਜਾਵਾਂਗੇ। ਇਸ ਲਈ ਤਾਣੀ ਉਲਝਣ ਤੋਂ ਬਚਾਅ ਰੱਖਣਾ ਚਾਹੀਦਾ ਹੈ।
ਮੌਤ ਤੋਂ ਮਹੀਨਾ ਕੁ ਪਹਿਲਾਂ ਜਦੋਂ ਉਹ ਮੁਕਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਸਨ ਤੇ ਕੋਮਾ ਵਰਗੀ ਹਾਲਤ ਤੋਂ ਬਾਅਦ ਕੁਝ ਰਵਾਂ ਹੋਏ ਸਨ, ਮੈਂ ਆਪਣੇ ਪੱਤਰਕਾਰ ਦੋਸਤ ਜਸਕਰਨ ਬਰਾੜ ਨਾਲ ਮਿਲਣ ਗਿਆ ਤਾਂ ਪ੍ਰੀਤਪਾਲ ਕਹਿੰਦਾ, ‘‘ਡੈਡ, ਪਛਾਣ ਲਿਆ? ਜਸਕਰਨ ਭਾਜੀ ਆ।’’ ਤਾਂ ਰੁਪਾਣਾ ਹੋਰੀਂ ਵਿਸ਼ੇਸ਼ ਅੰਦਾਜ਼ ’ਚ ਮੂੰਹ ਗੋਲ ਕਰ ਕੇ ਬੋਲੇ, ‘‘ਹਾਂਅਅ… ਕਈ ਦਿਨਾਂ ਬਾਅਦ ਦਿਸੇ ਆ।’’
ਪਰ … ਹੁਣ ਗੁਰਦੇਵ ਸਿੰਘ ਰੁਪਾਣਾ ਨਹੀਂ ਦਿਸਣਾ।