ਰਵਿੰਦਰ ਰੁਪਾਲ ਕੌਲਗੜ੍ਹ
ਗੱਲ ਦੂਜੀ ਜਮਾਤ ’ਚ ਪੜ੍ਹਦੇ ਸਮੇਂ ਦੀ ਹੈ। ਉਦੋਂ ਮੈਨੂੰ ਅੱਖਰਾਂ ਦਾ ਸ਼ਬਦ-ਜੋੜ ਕਰਨ ਦਾ ਬਹੁਤ ਸ਼ੌਕ ਹੋ ਗਿਆ ਸੀ। ਜਿੱਥੇ ਵੀ ਕੁਝ ਲਿਖਿਆ ਹੋਇਆ ਦੇਖਦਾ, ਉੱਥੇ ਹੀ ਖੜ੍ਹ ਕੇ ਉਨ੍ਹਾਂ ਅੱਖਰਾਂ ਨੂੰ ਜੋੜ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ। ਕਈ ਵੱਡੇ ਵੱਡੇ ਸ਼ਬਦ ਬੋਲੇ ਵੀ ਨਹੀਂ ਸੀ ਜਾਂਦੇ, ਫੇਰ ਵੀ ਉਨ੍ਹਾਂ ਨੂੰ ਜੋੜਨ ਲੱਗ ਜਾਣਾ। ਜਦੋਂ ਅੱਖਰ ਪੂਰਾ ਪੜ੍ਹਿਆ ਜਾਂਦਾ ਤਾਂ ਐਨੀ ਖ਼ੁਸ਼ੀ ਹੁੰਦੀ ਜਿਵੇਂ ਅੱਜ ਹੀ ਦੂਜੀ ਜਮਾਤ ਵਿੱਚੋਂ ਪਾਸ ਹੋ ਗਏ ਹੋਈਏ। ਜਦੋਂ ਕਈ ਸਿਹਾਰੀਆਂ, ਬਿਹਾਰੀਆਂ, ਔਂਕੜਾਂ ਤੇ ਦੁਲੈਂਕੜਾਂ ਵਾਲੇ ਅੱਖਰ ਜੁੜਨੋਂ ਰਹਿ ਜਾਂਦੇ ਤਾਂ ਮਨ ਮਸੋਸਿਆ ਵੀ ਜਾਂਦਾ, ਪਰ ਉਨ੍ਹਾਂ ਅੱਖਰਾਂ ਨੂੰ ਜ਼ੁਬਾਨੀ ਯਾਦ ਕਰਕੇ ਘਰੇ ਪਹੁੰਚ ਕੇ ਆਪਣੀਆਂ ਭੈਣਾਂ ਤੋਂ ਪੁੱਛ ਲੈਣਾ। ਉਨ੍ਹਾਂ ਨੇ ਅੱਖਰ ਜ਼ੁਬਾਨੀ ਯਾਦ ਕਰਨ ਕਰਕੇ ਮੈਨੂੰ ਸ਼ਾਬਾਸ਼ੇ ਜ਼ਰੂਰ ਦੇਣੀ।
ਇੱਕ ਦਿਨ ਦਿੱਲੀ ਤੋਂ ਸਾਡੇ ਮਾਮਾ ਜੀ ਹੋਰੀਂ ਪਿੰਡ ਆਏ ਹੋਏ ਸਨ। ਸ਼ਾਮ ਦੇ ਵਕਤ ਸਾਡੇ ਚਾਚਾ ਜੀ ਉਨ੍ਹਾਂ ਖ਼ਾਤਰ ਦੇਸੀ ਦਾਰੂ ਦੀ ਬੋਤਲ ਲੈ ਆਏ। ਰਾਤੀਂ ਰੋਟੀ ਖਾਣ ਤੋਂ ਪਹਿਲਾਂ ਉਹ ਸਾਡੀ ਬਾਹਰਲੀ ਬੈਠਕ ਵਿੱਚ ਬੈਠ ਗਏ ਸਨ। ਜਿੰਨੀ ਦਾਰੂ ਉਨ੍ਹਾਂ ਨੇ ਪੀਣੀ ਸੀ ਪੀ ਲਈ ਅਤੇ ਬਾਕੀ ਬਚੀ ਦਾਰੂ ਉਨ੍ਹਾਂ ਬੋਤਲ ਵਿੱਚ ਛੱਡ ਕੇ ਬੋਤਲ ਅਲਮਾਰੀ ਵਿੱਚ ਧਰ ਦਿੱਤੀ। ਉਹ ਸਾਡੀ ਬਾਹਰਲੀ ਬੈਠਕ ਹੋਣ ਕਰਕੇ ਸ਼ਾਇਦ ਰਾਤ ਭਰ ਕਿਸੇ ਨੇ ਉਸ ਅਲਮਾਰੀ ਵਿੱਚ ਪਈ ਦੇਖੀ ਨਹੀਂ ਸੀ।
ਅਗਲੀ ਸਵੇਰ ਮੈਂ ਰਾਤ ਵਾਲੇ ਭਾਂਡੇ ਚੁੱਕਣ ਲਈ ਬੈਠਕ ਵਿੱਚ ਗਿਆ। ਅੰਦਰ ਡਹੇ ਪਏ ਮੰਜੇ ਉੱਪਰ ਕੁਝ ਪਕੌੜੀਆਂ ਡਿੱਗੀਆਂ ਪਈਆਂ ਸਨ। ਉਨ੍ਹਾਂ ਪਕੌੜੀਆਂ ਦੇ ਲਾਲਚ ਨੂੰ ਮੈਂ ਮੰਜੇ ’ਤੇ ਚੜ੍ਹ ਕੇ ਅਲਮਾਰੀ ਖੋਲ੍ਹ ਲਈ, ਸ਼ਾਇਦ ਖਾਣ ਲਈ ਮੈਨੂੰ ਹੋਰ ਪਕੌੜੀਆਂ ਮਿਲ ਜਾਣ। ਜਦੋਂ ਅਲਮਾਰੀ ਖੋਲ੍ਹੀ ਤਾਂ ਪਕੌੜੀਆਂ ਲੱਭਦੇ ਨੂੰ ਇੱਕ ਖੂੰਜੇ ਵਿੱਚ ਬੋਤਲ ਪਈ ਮਿਲੀ। ਉਸ ਵਿੱਚ ਕੁਝ ਲਾਲ ਲਾਲ ਜਿਹਾ ਪਾਣੀ ਸੀ। ਜਦੋਂ ਮੈਂ ਬੋਤਲ ਚੁੱਕ ਕੇ ਘੁਮਾਈ ਤਾਂ ਉਸ ਉਪਰ ਲਿਖੇ ਅੱਖਰਾਂ ਨੂੰ ਜੋੜ ਜੋੜ ਕੇ ਪੜ੍ਹਨ ਲੱਗਿਆ, ਸੱਸੇ ਟਿੱਪੀ, ਤੱਤਾ, ਰਾਰੇ ਕੰਨਾਂ ਰਾਅ ਭਾਵ ‘ਸੰਤਰਾ’, ਰਾਰਾ, ਸੱਸਾ, ਭੱਭਾ, ਰਾਰੇ ਬਿਹਾਰੀ ਭਾਵ ‘ਰਸ ਭਰੀ’ ਜਿਸ ਦਾ ਪੂਰਾ ਨਾਂ ਬਣ ਗਿਆ ‘ਸੰਤਰਾ ਰਸ ਭਰੀ’। ਉਦੋਂ ਆਪਣੀ ਬੁੱਧੀ ਮੁਤਾਬਿਕ ਮੈਂ ਇਨ੍ਹਾਂ ਅੱਖਰਾਂ ਦੇ ਅਰਥ ਕੱਢ ਲਏ ਕਿ ਇਹ ਤਾਂ ਕੋਈ ਸੰਤਰੇ ਦਾ ਰਸ ਹੈ। ਢੱਕਣ ਖੋਲ੍ਹ ਕੇ ਘੁੱਟ ਭਰੀ ਤਾਂ ਦੇਖਿਆ ਕਿ ਇਹ ਕੌੜਾ ਵੀ ਬਹੁਤ ਹੈ। ਮੈਂ ਸੋਚਿਆ, ਕੋਈ ਵਧੀਆ ਕਿਸਮ ਦਾ ਰਸ ਹੋਵੇਗਾ, ਤਾਹੀਓਂ ਚਾਚਾ ਜੀ ਨੇ ਲੁਕੋ ਕੇ ਰੱਖਿਆ ਹੋਇਆ ਹੈ। ਫਿਰ ਮੈਂ ਉਸ ਦੀ ਦੂਜੀ ਘੁੱਟ ਵੀ ਭਰ ਲਈ ਅਤੇ ਫਿਰ ਤੀਜੀ ਘੁੱਟ ਨਾਲ ਮੈਂ ਉਹ ਸਾਰਾ ਰਸ ਖ਼ਤਮ ਕਰ ਦਿੱਤਾ ਤੇ ਬੋਤਲ ਮੰਜੇ ਉੱਤੇ ਹੀ ਸੁੱਟ ਦਿੱਤੀ। ਮੈਂ ਏਥੇ ਕੀ ਕਰਨ ਆਇਆ ਸੀ, ਸਭ ਕੁਝ ਭੁੱਲ ਗਿਆ। ਖੁੱਲ੍ਹੀ ਅਲਮਾਰੀ ਘੁੰਮਦੀ ਹੋਈ ਨਜ਼ਰ ਆਉਣ ਲੱਗੀ, ਅੱਖਾਂ ਮੂਹਰੇ ਭੰਬੂਤਾਰੇ ਨੱਚਣ ਲੱਗੇ।
ਪਲ ਕੁ ਬਾਅਦ ਚੱਕਰ ਆਉਣੇ ਸ਼ੁਰੂ ਹੋ ਗਏ। ਮੈਂ ਜਿਵੇਂ ਕਿਵੇਂ ਕਰ ਕੇ ਮੰਜੇ ਤੋਂ ਉਤਰਿਆ। ਬੈਠਕ ਦੇ ਬਾਹਰਲੇ ਲੋਹੇ ਦੇ ਗੇਟ ਤੱਕ ਮਸਾਂ ਅੱਪੜਿਆ ਹੋਵਾਂਗਾ ਕਿ ਧੜੰਮ ਕਰ ਕੇ ਜ਼ਮੀਨ ’ਤੇ ਡਿੱਗ ਪਿਆ। ਡਿੱਗਦੇ ਸਾਰ ਬੇਹੋਸ਼ ਹੋ ਗਿਆ। ਫੇਰ ਕੁਝ ਪਤਾ ਨਹੀਂ ਲੱਗਿਆ ਕਿ ਕੀ ਬਣਿਆ, ਪਰ ਜਦੋਂ ਮੈਨੂੰ ਹੋਸ਼ ਆਇਆ, ਉਦੋਂ ਮੇਰੇ ਸਿਰ ਵਿੱਚ ਲਗਾਤਾਰ ਪਾਣੀ ਪੈ ਰਿਹਾ ਸੀ ਅਤੇ ਉਲਟੀ ਆਉਣ ਨਾਲ ਸਾਰੇ ਕੱਪੜੇ ਖ਼ਰਾਬ ਹੋਏ ਪਏ ਸਨ। ਮੇਰੇ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹਣ ਦੀ ਦੇਰ ਸੀ ਕਿ ਮੇਰੇ ਉਪਰ ਸੁਆਲਾਂ ਦੀ ਝੜੀ ਲੱਗ ਗਈ। ਕਈ ਜਣੇ ਮੇਰੇ ਦੁਆਲੇ ’ਕੱਠੇ ਹੋਏ ਖੜ੍ਹੇ ਪੁੱਛ ਰਹੇ ਸਨ: ‘‘ਤੂੰ ਸ਼ਰਾਬ ਪੀਤੀ ਐ ਨਾ?’’ ਮੈਂ ਨਾ ਨਾ ਕਰ ਰਿਹਾ ਸੀ।
‘‘ਸ਼ਰਾਬ ਪੀ ਕੇ ਉਪਰੋਂ ਝੂਠ ਵੀ ਬੋਲਦੈ,’’ ਚਾਚਾ ਜੀ ਗੁੱਸੇ ਵਿੱਚ ਬਹੁਤ ਉੱਚੀ ਆਵਾਜ਼ ਵਿੱਚ ਭੁੜਕ ਰਹੇ ਸਨ। ‘‘ਨਹੀਂ, ਮੈਂ ਸ਼ਰਾਬ ਨਹੀਂ ਪੀਤੀ,’’ ਮੇਰੀ ਆਵਾਜ਼ ਮਸਾਂ ਨਿਕਲ ਰਹੀ ਸੀ। ਸਿਰ ਵਿੱਚ ਬਹੁਤ ਜ਼ਿਆਦਾ ਪਾਣੀ ਪੈਣ ਕਰਕੇ ਮੈਂ ਨਾਲ-ਨਾਲ ਕੰਬ ਵੀ ਰਿਹਾ ਸੀ। ਮੇਰੇ ਥੱਲੇ ਇਉਂ ਚਿੱਕੜ ਹੋਇਆ ਪਿਆ ਸੀ ਜਿਵੇਂ ਕੋਈ ਝੋਟਾ ਗਾਰੇ ਵਿਚ ਬੈਠਾ ਹੋਵੇ।
‘‘ਦੱਸ ਬੋਲਦਾ ਕਿਉਂ ਨਹੀਂ…?’’ ਮੇਰੀ ਬੀਬੀ ਗੁਆਂਢੀ ਤਾਏ ਤੋਂ ਘੁੰਡ ਕੱਢੀ ਖੜ੍ਹੀ ਮੈਥੋਂ ਪੁੱਛ ਰਹੀ ਸੀ।
‘‘ਨਹੀਂ ਬੀਬੀ, ਮੈਂ ਤਾਂ ਸੰਤਰੇ ਦਾ ਰਸ ਪੀਤੈ। ਭਾਵੇਂ ਅੰਦਰ ਜਾ ਕੇ ਦੇਖ ਲਓ।’’ ਮੈਂ ਪਾਣੀ ਨਾਲ ਨੁੱਚੜਦੀ ਹੋਈ ਆਪਣੀ ਬਾਂਹ ਅੰਦਰ ਵੱਲ ਨੂੰ ਕੀਤੀ।
‘‘ਤੈਨੂੰ ਕਿਵੇਂ ਪਤੈ ਬਈ ਉਹ ਸੰਤਰੇ ਦਾ ਰਸ ਸੀ…?’’ ਚਾਚਾ ਜੀ ਉੱਚੀ ਆਵਾਜ਼ ਵਿੱਚ ਬੋਲਦਿਆਂ ਮੇਰੇ ’ਤੇ ਥੱਪੜ ਉਗਰੀ ਖੜ੍ਹੇ ਸਨ, ‘‘ਬਕਵਾਸ ਕਰਦੈ, ਉਪਰੋਂ ਝੂਠ ਵੀ ਬੋਲਦੈ।’’ ਸ਼ਾਇਦ ਉਹ ਰਾਤੀਂ ਬੋਤਲ ’ਚ ਦਾਰੂ ਛੱਡਣ ਵਾਲੀ ਆਪਣੀ ਗ਼ਲਤੀ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।
‘‘ਮੈਂ ਝੂਠ ਨਹੀਂ ਬੋਲਦਾ। ਮੈਂ ਉਸ ਉਪਰ ਲਿਖਿਆ ਹੋਇਆ ਪੜ੍ਹਿਐ,’’ ਮੈਂ ਰੋਣਹਾਕੀ ਆਵਾਜ਼ ਵਿੱਚ, ਪਰ ਸ਼ਬਦ ਜੋੜ ਸਹੀ ਪੜ੍ਹਨ ਕਰਕੇ ਪੂਰੀ ਦ੍ਰਿੜ੍ਹਤਾ ਨਾਲ ਕਹਿ ਰਿਹਾ ਸੀ।
ਮੇਰੀ ਬੀਬੀ ਕੋਰੀ ਅਨਪੜ੍ਹ ਸੀ। ਉਸ ਵਕਤ ਮੇਰੀ ਇਸ ਗੱਲ ਦੇ ਉਸ ਨੇ ਕੀ ਅਰਥ ਲਏ, ਉਹ ਤਾਂ ਉਹੀਓ ਜਾਣੇ, ਪਰ ਉਸ ਨੇ ਆਪਣੀ ਸਮਝ ਮੁਤਾਬਿਕ ਸਾਰੇ ਲੋਕਾਂ ਵਿੱਚ ਖੜ੍ਹੇ ਹੀ ਕਹਿ ਦਿੱਤਾ, ‘‘ਜੇ ਪੜ੍ਹਨ ਲਿਖਣ ਨਾਲ ‘ਇਹ’ ਹਾਲਤ ਹੁੰਦੀ ਐ ਤਾਂ ਕੱਲ੍ਹ ਤੋਂ ਤੇਰਾ ਸਕੂਲ ਜਾਣਾ ਬੰਦ। ਮੈਂ ਆਪਣੇ ਜੁਆਕਾਂ ਨੂੰ ਮਰਵਾਉਣਾ ਨਹੀਂ ਇਹੋ ਜਿਹੀ ਚੰਦਰੀ ਪੜ੍ਹਾਈ ਨਾਲ। ਦੇਖੋ ਤਾਂ ਸਹੀ ਨਿਆਣੇ ਦੀ ਹਾਲਤ ਕੀ ਹੋਈ ਪਈ ਐ। ਅੱਗ ਲੱਗੇ ਇਹੋ ਜਿਹੀ ਪੜ੍ਹਾਈ ਨੂੰ।’’ ਉਹ ਮੇਰੇ ਜੂੜੇ ਨੂੰ ਬੰਨ੍ਹਦੀ ਹੋਈ ਰੋਣਹਾਕੀ ਹੋਈ ਪਈ ਸੀ। ਬੀਬੀ ਸਮਝਦੀ ਸੀ ਕਿ ਪੜ੍ਹਨ ਲਿਖਣ ਨਾਲ ਹਾਲਤ ਵਿਗੜਦੀ ਹੁੰਦੀ ਹੈ।
ਮੈਂ ਕਹਿ ਰਿਹਾ ਸੀ, ‘‘ਹਾੜੇ ਬੀਬੀ ਬਣ ਕੇ ਮੈਨੂੰ ਸਕੂਲੋਂ ਨਾ ਹਟਾਇਉ। ਮੈਂ ਤਾਂ ਪੜ੍ਹਨੈ।’’
‘‘ਨਾ ਤੈਨੂੰ ਆਪਣਾ ਆਪ ਨ੍ਹੀਂ ਦਿਸਦਾ? ਪੜ੍ਹਨੈ ਇਹਨੇ…। ਆਹ ਦੋ ਅੱਖਰ ਪੜ੍ਹੇ ਤਾਂ ਹੈਗੇ, ਚੁਫਾਲ ਡਿੱਗਿਆ ਪਿਐਂ। ਚੱਲ ਸਿੱਧਾ ਹੋ ਕੇ ਘਰ ਨੂੰ।’’
ਪਰ ਮੇਰੀ ਉਸ ਭੋਲੀ ਅਨਪੜ੍ਹ ਮਾਂ ਨੂੰ ਕੀ ਪਤਾ ਸੀ ਕਿ ਪੜ੍ਹਨ ਲਿਖਣ ਨਾਲ ਇਨਸਾਨ ਵਿਗੜਦਾ ਨਹੀਂ ਸਗੋਂ ਗਿਆਨ ਪ੍ਰਾਪਤ ਕਰਕੇ ਉਨ੍ਹਾਂ ਲੋਕਾਂ ਦਾ ਮਾਰਗ ਦਰਸ਼ਕ ਬਣਦਾ ਹੈ ਜੋ ਰਾਹਾਂ ਤੋਂ ਭਟਕੇ ਹੁੰਦੇ ਹਨ। ਜੇ ਕਿਤੇ ਮੇਰੀ ਮਾਂ ਮੈਨੂੰ ਸਕੂਲੋਂ ਪੜ੍ਹਨ ਤੋਂ ਹਟਾ ਲੈਂਦੀ ਤਾਂ ਅੱਜ ਨੂੰ ਪਤਾ ਨਹੀਂ ਕੀ ਹੁੰਦਾ। ਅੱਜ ਮੈਂ ਸੋਚਦਾ ਹਾਂ, ਜੇ ਮੈਂ ਅਨਪੜ੍ਹ ਰਹਿ ਜਾਂਦਾ ਤਾਂ ਮੈਂ ਇਨ੍ਹਾਂ ਅੱਖਰਾਂ ਨੂੰ ਕਿਵੇਂ ਜੋੜ ਕੇ ਪੜ੍ਹਦਾ ਜਿਹੜੇ ਬੋਤਲ ਦੇ ਲੇਬਲ ਉਪ, ਹੇਠਾਂ ਜਿਹੇ ਨੂੰ ਬਹੁਤ ਬਰੀਕ ਕਰਕੇ ਲਿਖੇ ਹੁੰਦੇ ਹਨ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।
ਸੰਪਰਕ: 93162-88955