ਅਰਸ਼ਦੀਪ ਸਿੰਘ
ਸਕੂਲ ਵਿੱਚ ਛੇਵੀਂ ਜਮਾਤ ਦਾ ਇੱਕ ਵਿਦਿਆਰਥੀ ਮਿਠਿਆਈ ਲੈ ਕੇ ਆਇਆ ਤੇ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀ। ਮੈਂ ਇੱਕ ਟੁਕੜਾ ਚੁੱਕ ਕੇ ਪੁੱਛਿਆ, ‘‘ਤੂੰ ਬਾਕੀ ਬੱਚਿਆਂ ਦੀ ਤਰ੍ਹਾਂ ਜਨਮਦਿਨ ’ਤੇ ਟਾਫੀਆਂ ਕਿਉਂ ਨਹੀਂ ਲਿਆਇਆ?’’
ਉਸ ਨੇ ਕਿਹਾ, ‘‘ਸਰ ਜੀ, ਅੱਜ ਮੇਰਾ ਜਨਮਦਿਨ ਨਹੀਂ, ਇਹ ਮਿਠਿਆਈ ਮੈਂ ਇਸ ਲਈ ਲੈ ਕੇ ਆਇਆ ਹਾਂ ਕਿਉਂਕਿ ਅੱਜ ਮੇਰੀ ਬੱਕਰੀ ਸੂਈ ਹੈ। ਮੇਰੇ ਡੈਡੀ ਨੇ ਮਿਠਿਆਈ ਲਿਆ ਕੇ ਦਿੱਤੀ ਸੀ ਜੋ ਮੈਂ ਅਧਿਆਪਕਾਂ ਨੂੰ ਵੰਡਣ ਲਈ ਲੈ ਕੇ ਆਇਆ ਹਾਂ।’’ ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਪਰ ਅਸਲ ਖ਼ੁਸ਼ੀ ਕੀ ਹੁੰਦੀ ਹੈ ਉਸ ਦੇ ਚਿਹਰੇ ’ਤੇ ਸਾਫ਼ ਦਿਸ ਰਿਹਾ ਸੀ।
ਸੰਪਰਕ: 95929-01164
* * *
ਵਿਮੈੱਨ ਹੈਲਪ ਸੈਂਟਰ
ਗੁਰਦਿੱਤ ਸਿੰਘ ਸੇਖੋਂ
ਮੈਂ ਅਚਾਨਕ ਰੌਲੇ ਦੀਆਂ ਆਵਾਜ਼ਾਂ ਕਚਹਿਰੀ ਕੋਲ ਸੁਣ ਰਿਹਾ ਸੀ। ਔਰਤਾਂ ਅਤੇ ਆਦਮੀਆਂ ਦੀਆਂ ਇਹ ਆਵਾਜ਼ਾਂ ਉੱਚੀਆਂ ਹੋ ਰਹੀਆਂ ਸਨ ਪਰ ਸਾਫ਼ ਸੁਣਾਈ ਕੁਝ ਨਹੀਂ ਸੀ ਦੇ ਰਿਹਾ।
ਮੈਨੂੰ ਨੇੜੇ ਜਾਣ ਦੀ ਉਤਸੁਕਤਾ ਜਾਗੀ।
ਕੁੜੀ ਵਾਰ ਵਾਰ ਕਹਿ ਰਹੀ ਸੀ, ‘‘ਜੀ ਇਹ ਮੈਨੂੰ ਕੁੱਟਦਾ ਮਾਰਦੈ। ਮੇਰੇ ਜੀ ਇਹਨੇ ਸ਼ਰਾਬ ਪੀ ਕੇ ਲੱਤਾਂ ਮਾਰੀਆਂ।’’ ਅੱਗੋਂ ਉੱਥੇ ਬੈਠੇ ਅਫ਼ਸਰ ਦਿਸਦੇ ਨੇ ਕਿਹਾ, ‘‘ਕੀ ਹੋ ਗਿਆ ਜੇ ਤੈਨੂੰ ਕੁੱਟਦੈ ਤੇਰਾ ਘਰਵਾਲਾ ਹੈ। ਆਪਣੇ ਬੱਚਿਆਂ ਵੱਲ ਦੇਖ। ਜੇ ਇਸ ’ਤੇ ਕੋਈ ਕਾਰਵਾਈ ਕਰੇਂਗੀ ਤਾਂ ਤੈਨੂੰ ਹੀ ਔਖਾ ਹੋਊ।’’ ਕੁੜੀ ਨੇ ਨੀਵੀਂ ਪਾ ਲਈ।
ਬਿਲਡਿੰਗ ਦੇ ਉੱਪਰ ਲਿਖਿਆ ਹੋਇਆ ਸੀ ਵਿਮੈੱਨ ਹੈਲਪ ਸੈਂਟਰ।
ਸੰਪਰਕ: 97811-72781
* * *
ਬਾਈ ਤਰੀਕ
ਮਨਮੋਹਨ ਸਿੰਘ ਬਾਸਰਕੇ
ਜੱਸ ਇਸੇ ਉਧੇੜ-ਬੁਣ ਵਿੱਚ ਉਲਝਿਆ ਪਿਆ ਸੀ ਕਿ ਉਸ ਲਈ ਬਾਈ ਤਰੀਕ ਖੁਸ਼ਨਸੀਬੀ ਵਾਲੀ ਹੈ ਜਾਂ ਮਨਹੂਸ। ਇਸ ਤਰੀਕ ਨੂੰ ਭਾਗਾਂ ਵਾਲੀ ਮੰਨਾਂ ਜਾਂ ਅਭਾਗੀ। ਅੱਜ ਵੀ ਬਾਈ ਤਰੀਕ ਹੈ, ਮੈਂ ਖ਼ੁਸ਼ ਹੋਵਾਂ ਜਾਂ ਉਦਾਸ? ਜੱਸ ਦੇ ਮਨ ਵਿੱਚ ਕਈ ਵਿਚਾਰ ਘੁੰਮ ਰਹੇ ਸਨ। ਉਸ ਨੇ ਬੀਤੇ ਹੁਸੀਨ ਪਲਾਂ ਨੂੰ ਯਾਦ ਕੀਤਾ ਤੇ ਮਨ ਖਿੜ ਉੱਠਿਆ। ਉਹਦੇ ਚਿਹਰੇ ’ਤੇ ਜਿਵੇਂ ਨੂਰ ਆ ਗਿਆ ਹੋਵੇ। ਉਸ ਦਿਨ ਵੀ ਬਾਈ ਅਪਰੈਲ ਸੀ ਜਿਸ ਦਿਨ ਉਸ ਦਾ ਜੱਸੀ ਨਾਲ ਵਿਆਹ ਹੋਇਆ ਸੀ। ਚਾਚੀ ਨੇ ਮੇਰੀ ਮਾਂ ਨੂੰ ਵਧਾਈ ਦਿੰਦਿਆਂ ਕਿਹਾ ਸੀ, ‘‘ਜੋੜੀ ਵੀ ਇੱਕ ਨੰਬਰ ਦੀ ਬਣੀ ਏ ਤੇ ਦੋਹਾਂ ਜੀਆਂ ਦੀ ਰਾਸ਼ੀ ਵੀ ਇਕੋ ਹੈ।’’
ਉਸ ਸਮੇਂ ਮੁੰਡਾ ਕੁੜੀ ਵਿਆਹ ਤੋਂ ਪਹਿਲਾਂ ਕਿੱਥੇ ਮਿਲਦੇ ਸਨ ਪਰ ਮੇਰੀ ਵਿਚੋਲਣ ਚਾਚੀ ਨੇ ਭਾਬੀ ਨਾਲ ਮੱਸਿਆ ਨਹਾਉਣ ਆਈ ਜੱਸੀ ਨੂੰ ਮੇਰੀ ਮੁਨਿਆਰੀ ਦੀ ਦੁਕਾਨ ’ਤੇ ਚੂੜੀਆਂ ਚੜਾਉਣ ਬਹਾਨੇ ਲਿਆ ਵਿਖਾਈ ਸੀ। ਮੈਂ ਜੱਸੀ ਨੂੰ ਵੇਖ ਬਾਗੋਬਾਗ ਹੋ ਗਿਆ। ਇੱਕ ਵਾਰ ਤਾਂ ਜੱਸੀ ਨੂੰ ਵੇਖ ਆਪਣਾ ਹੋਸ਼ ਗੁਆ ਬੈਠਾ ਸੀ। ਸੁਰਾਹੀ ਵਾਂਗ ਲੰਮੀ ਧੌਣ, ਗੋਲ ਚਿਹਰਾ, ਸੂਹੀ ਸੂਹੀ ਭਾਹ ਮਾਰਦੀਆਂ ਗੱਲਾਂ, ਕਿਸੇ ਪਰੀ ਦਾ ਭੁਲੇਖਾ ਪਾਉਂਦੀਆਂ ਸਨ।
ਤੇ ਬਾਈ ਅਪਰੈਲ ਨੂੰ ਮੇਰੀ ਸ਼ਾਦੀ ਜੱਸੀ ਨਾਲ ਹੋਈ ਸੀ। ਜੱਸੀ ਨੂੰ ਪਾ ਕੇ ਜਿਵੇਂ ਮੈਨੂੰ ਕਾਰੂ ਦਾ ਖ਼ਜ਼ਾਨਾ ਮਿਲ ਗਿਆ ਹੋਵੇ। ਜੱਸ ਯਾਦਾਂ ਦੀ ਖ਼ੁਸ਼ਬੂ ਨੂੰ ਮਾਣਨ ਲੱਗਾ।
ਅਗਲੇ ਪਲ਼ ਹੀ ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸ ਦੀ ਹਿੱਕ ਵਿੱਚ ਨਸ਼ਤਰ ਆਣ ਚੁਭਿਆ ਹੋਵੇ, ਜਦੋਂ ਉਸ ਨੂੰ ਯਾਦ ਆਇਆ ਕਿ ਵਿਆਹ ਤੋਂ ਚਾਲੀ ਬਾਅਦ ਜੱਸੀ ਹੱਸਦਾ ਵੱਸਦਾ ਪਰਿਵਾਰ ਛੱਡ, ਬਿਮਾਰੀ ਨਾਲ ਘੁਲਦੀ ਉਸ ਦੇ ਹੱਥਾਂ ਵਿੱਚੋਂ ਰੇਤ ਵਾਂਗ ਕਿਰ ਗਈ ਸੀ। ਉਸ ਦਿਨ ਵੀ ਬਾਈ ਤਰੀਕ ਸੀ।
ਹੁਣ ਭਾਵੇਂ ਉਸ ਦੀ ਪਰਿਵਾਰਕ ਬਗੀਚੀ ਵਿਚ ਭਾਂਤ-ਭਾਂਤ ਦੇ ਫੁੱਲ ਖਿੜੇ ਹਨ ਪਰ ਜੱਸੀ ਇਨ੍ਹਾਂ ਫੁੱਲਾਂ ਦੀ ਖੁਸ਼ਬੂ ਮਾਨਣ ਰੁੱਤੇ ਪਤਾ ਨਹੀਂ ਕਿਹੜੇ ਜਹਾਨ ਜਾ ਬੈਠੀ ਸੀ। ਇਹ ਯਾਦ ਕਰ ਕੇ ਉਸ ਦੀਆਂ ਅੱਖਾਂ ਛਲਕ ਆਈਆਂ ਸਨ।
ਜੱਸ ਨੇ ਆਪਣੇ ਆਪ ਨੂੰ ਸੰਭਾਲਿਆ ਪਰ ਉਹਦੇ ਅੰਦਰੋਂ ਹੂਕ ਨਿਕਲੀ। ਜੀਵਨ ਸਾਥਣ ਤਾਂ ਤੁਰ ਗਈ, ਹੁਣ ਵੇਲੇ ਕੁਵੇਲੇ ਕੰਮ ਆਉਣ ਵਾਲਾ ਸਾਥੀ ਵੀ ਗਿਆ। ਜਦੋਂ ਉਸ ਦੀ ਜੀਵਨ ਸਾਥਣ ਜੱਸੀ ਤੁਰ ਗਈ, ਉਸ ਸਮੇਂ ਕੰਮ ਧੰਦੇ ਵਿੱਚ ਲੱਗਿਆ ਹੋਣ ਕਾਰਨ ਉਸ ਦਾ ਦਿਨ ਤਾਂ ਗੁਜ਼ਰ ਜਾਂਦਾ, ਪਰ ਕਈ ਵਾਰ ਰਾਤ ਤਾਰੇ ਗਿਣਦਿਆਂ ਬਤੀਤ ਹੁੰਦੀ। ਇਸੇ ਕਰਕੇ ਉਹ ਸ਼ਾਮ ਸਵੇਰੇ ਮੋਟਰਸਾਈਕਲ ਦਾ ਸਾਥ ਮਾਣਦਾ ਹਰ ਰੋਜ਼ ਮਨ ਦੀ ਸ਼ਾਂਤੀ ਲਈ ਦਰਬਾਰ ਸਾਹਿਬ ਚਲੇ ਜਾਂਦਾ ਪਰ ਜੱਸੀ ਦੇ ਤੁਰ ਜਾਣ ਉਪਰੰਤ ਲਗਭਗ ਦੋ ਸਾਲ ਬਾਅਦ ਹੀ ਬਾਈ ਮਾਰਚ ਨੂੰ ਉਸ ਦਾ ਮੋਟਰਸਾਈਕਲ ਵੀ ਸਾਥ ਛੱਡ ਗਿਆ ਜੋ ਉਸਦੀ ਪਤਨੀ ਨੇ ਆਪ ਨਾਲ ਜਾ ਕੇ ਉਚੇਚੇ ਤੌਰ ’ਤੇ ਖਰੀਦਿਆ ਸੀ ਪਰ ਉਸ ਦੀਆਂ ਯਾਦਾਂ ਨਾਲ ਜੁੜਿਆ ਮੋਟਰਸਾਈਕਲ ਵੀ ਚੋਰੀ ਹੋ ਗਿਆ। ਉਹਦੇ ਜ਼ਿਹਨ ਵਿਚ ਮੁੜ ਮੁੜ ਇਹ ਸਵਾਲ ਘੁੰਮਦਾ ਕਿ ਉਸ ਲਈ ਬਾਈ ਤਰੀਕ ਖ਼ੁਸ਼ੀਆਂ ਦੇਣ ਵਾਲੀ ਹੈ ਜਾਂ ਮਨਹੂਸ?
ਸੰਪਰਕ: 99147-16616
* * *
ਬਦਸ਼ਗਨੀ
ਮਨਜੀਤ ਮਾਨ
ਰੋਟੀ ਖਾਣ ਲਈ ਅਜੇ ਉਸ ਨੇ ਪਹਿਲੀ ਬੁਰਕੀ ਹੀ ਤੋੜੀ ਸੀ ਕਿ ਛੱਤ ’ਤੇ ਬਿੱਲੀਆਂ ਦੇ ਲੜਨ ਦੀ ਆਵਾਜ਼ ਨੇ ਟਿਕੀ ਰਾਤ ਦੀ ਸ਼ਾਂਤੀ ਭੰਗ ਕਰ ਦਿੱਤੀ। ਕੋਲ ਬੈਠੀ ਉਸ ਦੀ ਮਾਂ ਨੇ ਕਿਹਾ, ‘‘ਜਾ ਪੁੱਤ, ਇਨ੍ਹਾਂ ਕੁਲਹਿਣੀਆਂ ਨੂੰ ਪਰ੍ਹਾਂ ਭਜਾ ਕੇ ਆ। ਬਿੱਲੀਆਂ ਲੜਦੀਆਂ ਤਾਂ ਬਦਸ਼ਗਨ ਮੰਨਿਆ ਜਾਂਦਾ ਹੈ ਰੱਬ ਸੁੱਖ ਰੱਖੇ।’’ ਉਹ ਸੋਟੀ ਚੁੱਕ ਕੇ ਕਾਹਲ਼ੀ ਨਾਲ ਛੱਤ ਉੱਤੇ ਗਿਆ ਤੇ ਬਿੱਲੀਆਂ ਨੂੰ ਭਜਾ ਕੇ ਵਾਪਸ ਆ ਗਿਆ। ਰੋਟੀ ਖਾ ਕੇ ਉਹ ਭਾਂਡੇ ਭੁੰਜੇ ਰੱਖਣ ਲੱਗਾ ਤਾਂ ਗੁਆਂਢੀਆਂ ਦੇ ਘਰ ਚੀਕ ਚਿਹਾੜਾ ਪੈ ਗਿਆ। ਸ਼ਰਾਬ ਦੇ ਰੱਜੇ ਉਸ ਦੇ ਗਵਾਂਢੀ ਨੇ ਆਪਣੀ ਪਤਨੀ ਅਤੇ ਜਵਾਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਉਹ ਮੰਜੇ ਤੋਂ ਉੱਠ ਕੇ ਛੁਡਾਉਣ ਲਈ ਗੁਆਂਢੀਆਂ ਦੇ ਘਰ ਵੱਲ ਜਾਣ ਲੱਗਾ ਤਾਂ ਉਸ ਦੀ ਮਾਂ ਨੇ ਕਿਹਾ, ‘‘ਵੇ ਪੁੱਤ, ਬਹਿਜਾ ਬਹਿਜਾ। ਇਨ੍ਹਾਂ ਦਾ ਤਾਂ ਨਿੱਤ ਦਾ ਇਹੀ ਕਲੇਸ਼ ਨਹੀਂ ਮੁੱਕਦਾ। ਤੂੰ ਥੱਕਿਆ ਹੋਇਆ ਖੇਤੋਂ ਆਇਆ ਹੈ ਕਿਉਂ ਬੇਗਾਨੀ ਲੜਾਈ ਵਿੱਚ ਅੜ ਕੇ ਮਾੜਾ ਵੱਜਦਾ ਏਂ। ਇਨ੍ਹਾਂ ਨੇ ਤਾਂ ਫਿਰ ਘੰਟੇ ਬਾਅਦ ਇੱਕੋ ਜਿਹੇ ਹੋ ਜਾਣਾ ਹੈ।’’
ਮਾਂ ਦੀ ਗੱਲ ਸੁਣ ਕੇ ਉਸ ਦੇ ਪੈਰ ਧਰਤੀ ਵਿੱਚ
ਗੱਡੇ ਗਏ ਤੇ ਉਹ ਮੁੜ ਮੰਜੇ ’ਤੇ ਬੈਠ ਗਿਆ।
ਸੰਪਰਕ: 70098-98044
* * *
ਰੋਟੀ ਦੀ ਕੀਮਤ
ਬਿੰਦਰ ਸਿੰਘ ਖੁੱਡੀ ਕਲਾਂ
ਮੇਰੀ ਪਤਨੀ ਦਾ ਇੰਦੌਰ ਸ਼ਹਿਰ ਦਾ ਪੇਸ਼ੇਵਰ ਟੂਰ ਸੀ। ਕੰਪਨੀ ਵੱਲੋਂ ਜੀਵਨ ਸਾਥੀ ਨੂੰ ਨਾਲ ਜਾਣ ਦੀ ਇਜਾਜ਼ਤ ਦਾ ਲਾਹਾ ਲੈਂਦਿਆਂ ਆਪਾਂ ਵੀ ਤਿਆਰੀ ਖਿੱਚ ਲਈ। ਟੂਰ ਲਈ ਆਉਣ ਜਾਣ ਤੋਂ ਲੈ ਕੇ ਪੰਜ ਤਾਰਾ ਹੋਟਲ ਵਿੱਚ ਠਹਿਰਨ ਅਤੇ ਉੱਥੇ ਖਾਣ ਪੀਣ ਦਾ ਸਾਰਾ ਖਰਚਾ ਕੰਪਨੀ ਵੱਲੋਂ ਹੀ ਕੀਤਾ ਜਾਣਾ ਸੀ। ਦੋ ਰਾਤਾਂ ਅਤੇ ਤਿੰਨ ਦਿਨ ਦੇ ਟੂਰ ਦੌਰਾਨ ਜਿੱਥੇ ਦਿਨ ਭਰ ਵਪਾਰਕ ਵਿਚਾਰਾਂ ਹੋਣੀਆਂ ਸਨ ਉੱਥੇ ਹੀ ਰਾਤ ਨੂੰ ਸਥਾਨਕ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਸਨ। ਇਹ ਸ਼ਾਇਦ ਕੰਪਨੀ ਦੀ ਹੀ ਮਿਹਰਬਾਨੀ ਸੀ ਕਿ ਦੋ ਰਾਤਾਂ ਅਤੇ ਤਿੰਨ ਦਿਨਾਂ ਲਈ ਪੰਜ ਤਾਰਾ ਹੋਟਲ ਵਿੱਚ ਠਹਿਰਨ ਦਾ ਸਬੱਬ ਬਣਿਆ, ਨਹੀਂ ਤਾਂ ਮੇਰੇ ਵਰਗੇ ਲਈ ਅਜਿਹੇ ਟੂਰ ਬਾਰੇ ਸੋਚਣਾ ਵੀ ਨਾਮੁਮਕਿਨ ਹੈ।
‘‘ਨਾਲ ਲਿਜਾਣ ਨੂੰ ਪਰੌਂਠੇ ਬਣਾ ਲਵਾਂ?’’ ਪਤਨੀ ਨੇ ਆਦਤ ਅਨੁਸਾਰ ਟੂਰ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ।
‘‘ਪਰੌਂਠਿਆਂ ਨੂੰ ਕੀ ਆ! ਰਸਤੇ ’ਚ ਜਿੱਥੇ ਭੁੱਖ ਲੱਗੂ ਕੁਝ ਖਾ ਲਵਾਂਗੇ।’’
‘‘ਨਹੀਂ, ਉਹ ਪਤਾ ਨੀ ਕਿਹੋ ਜਿਹਾ ਸਾਮਾਨ ਵਰਤਦੇ ਨੇ। ਮੇਰਾ ਨੀ ਜੀਅ ਕਰਦਾ ਉਨ੍ਹਾਂ ਤੋਂ ਲੈ ਕੇ ਖਾਣ ਨੂੰ। ਮੈਂ ਹੁਣੇ ਬਣਾ ਲੈਨੀ ਆਂ ਪੰਜ ਸੱਤ ਪਰੌਂਠੇ। ਨਾਲ ਦੱਸੋ ਸਬਜ਼ੀ ਪਾਵਾਂ ਕਿ ਅਚਾਰ ਲੈ ਲਵਾਂ?’’
‘‘ਜੋ ਮਰਜ਼ੀ ਲੈ ਲਾ। ਠੰਢੇ ਪਰੌਂਠੇ ਖਾਣ ਨੂੰ ਜੀਅ ਤਾਂ ਕਰਨਾ ਨੀ।’’
‘‘ਮੈਨੂੰ ਲੱਗਦੈ ਥੋਨੂੰ ਊਈਂ ਬਾਹਰ ਦਾ ਖਾਣਾ ਖਾਣ ਦਾ ਝੱਲ ਚੜ੍ਹਿਆ ਅੱਜ। ਨਾਲ ਲੈ ਲੈਨੀ ਆਂ ਓਥੇ ਵੇਖ ਲਵਾਂਗੇ ਜੇ ਖਾਣੇ ਹੋਏ ਖਾ ਲਵਾਂਗੇ, ਜੇ ਕੁਝ ਹੋਰ ਲੈ ਕੇ ਖਾਣਾ ਹੋਇਆ ਤਾਂ ਉਹ ਖਾ ਲਵਾਂਗੇ।’’
‘‘ਚੱਲ ਇਹ ਠੀਕ ਆ।’’
ਇੰਦੌਰ ਪਹੁੰਚਣ ਲਈ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਜਾਣਾ ਸੀ ਅਤੇ ਦਿੱਲੀ ਤੱਕ ਅਸੀਂ ਰੇਲਗੱਡੀ ਰਾਹੀਂ ਜਾਣ ਦਾ ਫ਼ੈਸਲਾ ਕੀਤਾ। ਬਰਨਾਲਾ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਲੈ ਕੇ ਅਸੀਂ ਦਿੱਲੀ ਵੱਲ ਚਾਲੇ ਪਾ ਦਿੱਤੇ। ਦਿੱਲੀ ਰੇਲਵੇ ਸਟੇਸ਼ਨ ਤੋਂ ਹਵਾਈ ਅੱਡੇ ਪਹੁੰਚਣਾ ਸਾਡੇ ਲਈ ਨਵਾਂ ਤਜਰਬਾ ਸੀ ਪਰ ਹਵਾਈ ਅੱਡੇ ’ਤੇ ਸਕਿਉਰਿਟੀ ’ਚ ਕੰਮ ਕਰਦੇ ਪਤਨੀ ਦੇ ਮਾਮੇ ਦੇ ਪੁੱਤਰ ਨੇ ਇਹ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਸਾਨੂੰ ਚਿੰਤਾਮੁਕਤ ਕਰ ਦਿੱਤਾ।
ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਈ ਰੇਲਗੱਡੀ ਪੜਾਅ ਤੈਅ ਕਰਦੀ ਸਮੇਂ ਸਿਰ ਦਿੱਲੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ। ਰਸਤੇ ਵਿੱਚ ਖਾਣੇ ਦੀ ਭੁੱਖ ਤਾਂ ਬਹੁਤੀ ਨਹੀਂ ਲੱਗੀ ਪਰ ਹਲਕੇ ਫੁਲਕੇ ਨਮਕੀਨ ਨਾਲ ਇੱਕ ਦੋ ਵਾਰ ਚਾਹ ਜ਼ਰੂਰ ਪੀ ਲਈ ਸੀ।
ਸ਼ਾਮ ਤਕਰੀਬਨ ਛੇ ਕੁ ਵਜੇ ਦਿੱਲੀ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਅਸੀਂ ਪਤਨੀ ਦੇ ਭਰਾ ਨੂੰ ਫੋਨ ਕਰ ਦਿੱਤਾ ਅਤੇ ਉਸ ਨੇ ਘੰਟੇ ਕੁ ’ਚ ਸਾਡੇ ਕੋਲ ਪਹੁੰਚ ਕੇ ਸਾਨੂੰ ਹਵਾਈ ਅੱਡੇ ਲਿਜਾਣ ਲਈ ਕਿਹਾ।
ਦਿੱਲੀ ਰੇਲਵੇ ਸਟੇਸ਼ਨ ’ਤੇ ਗਹਿਮਾ ਗਹਿਮੀ ਬਹੁਤ ਜ਼ਿਆਦਾ ਸੀ। ਰੇਲਾਂ ਦਾ ਘੜਮੱਸ ਪੈ ਰਿਹਾ ਸੀ। ਸਵਾਰੀਆਂ ਇੱਧਰ ਉਧਰ ਭੱਜ ਰਹੀਆਂ ਸਨ। ਇਉਂ ਲੱਗਦਾ ਸੀ ਜਿਵੇਂ ਸਾਰਾ ਮੁਲਕ ਈ ਇੱਥੇ ਆ ਉਤਰਿਆ ਹੋਵੇ। ਸਪੀਕਰ ਤੋਂ ਰੇਲਾਂ ਦੀ ਆਮਦ ਅਤੇ ਰਵਾਨਗੀ ਬਾਰੇ ਲਗਾਤਾਰ ਸੂਚਨਾ ਦਿੱਤੀ ਜਾ ਰਹੀ ਸੀ।
ਹੁਣ ਸਾਡੀ ਭੁੱਖ ਵੀ ਜਾਗ ਪਈ ਸੀ। ਕੁਝ ਖਾਣ ਨੂੰ ਜੀਅ ਕਰਦਾ ਸੀ। ਰੇਹੜੀਆਂ ’ਤੇ ਬਣ ਰਹੇ ਤਾਜ਼ੇ ਪਕਵਾਨਾਂ ਦੀ ਖੁਸ਼ਬੂ ਭੁੱਖ ਵਿੱਚ ਹੋਰ ਇਜ਼ਾਫ਼ਾ ਕਰ ਰਹੀ ਸੀ। ਮਨ ’ਚ ਇਨ੍ਹਾਂ ਰੇਹੜੀਆਂ ਤੋਂ ਹੀ ਕੁਝ ਖਾਣ ਦੀ ਲਾਲਸਾ ਪੈਦਾ ਹੋ ਰਹੀ ਸੀ ਪਰ ਪਤਨੀ ਘਰੋਂ ਲਿਆਂਦੇ ਪਰੌਂਠਿਆਂ ਨੂੰ ਤਰਜੀਹ ਦੇ ਰਹੀ ਸੀ।
ਮੈਂ ਵੀ ਅਣਮੰਨੇ ਜਿਹੇ ਮਨ ਨਾਲ ਪਰੌਂਠੇ ਖਾਣ ਦੀ ਸਹਿਮਤੀ ਇਹ ਸੋਚਦਿਆਂ ਦੇ ਦਿੱਤੀ ਕਿ ਆਦਤਨ ਪਤਨੀ ਨੇ ਥੋੜ੍ਹੀ ਜਿਹੀ ਬਹਿਸ ਉਪਰੰਤ ਰੇਹੜੀ ਤੋਂ ਤਾਜ਼ੇ ਪਕਵਾਨ ਖਾਣ ਦੀ ਮੇਰੀ ਗੱਲ ਨਾਲ ਸਹਿਮਤੀ ਪ੍ਰਗਟਾਅ ਹੀ ਦੇਣੀ ਹੈ।
ਰੇਲਵੇ ਸਟੇਸ਼ਨ ’ਤੇ ਮੰਗਤਿਆਂ ਦੀ ਭਰਮਾਰ ਸੀ। ਅਸੀਂ ਖਾਲੀ ਜਿਹਾ ਬੈਂਚ ਵੇਖ ਉਸ ਉੱਪਰ ਜਾ ਬੈਠੇ। ਪਤਨੀ ਨੇ ਬੜੇ ਚਾਅ ਨਾਲ ਪਰੌਂਠਿਆਂ ਵਾਲਾ ਡੱਬਾ ਖੋਲ੍ਹਿਆ। ਸੱਤ ਅੱਠ ਘੰਟੇ ਪਹਿਲਾਂ ਬਣੇ ਪਰੌਂਠੇ ਠੰਢੇ ਹੋ ਚੁੱਕੇ ਸਨ।
ਅਸੀਂ ਦੋਵਾਂ ਨੇ ਇੱਕ ਇੱਕ ਪਰੌਂਠਾ ਹੱਥ ਉੱਪਰ ਹੀ ਰੱਖ ਕੇ ਖਾਣਾ ਸ਼ੁਰੂ ਕੀਤਾ। ਅਚਾਨਕ ਮੇਰੀ ਨਿਗ੍ਹਾ ਸਾਹਮਣੇ ਬੈਠੇ ਭਿਖਾਰੀ ’ਤੇ ਪਈ। ਉਹ ਭਿਖਾਰੀ ਸਾਨੂੰ ਰੋਟੀ ਖਾਂਦਿਆਂ ਨੂੰ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਸ ਨੇ ਸਦੀਆਂ ਤੋਂ ਰੋਟੀ ਨਾ ਖਾਧੀ ਹੋਵੇ।
ਮੇਰੀ ਨਜ਼ਰ ਭਿਖਾਰੀ ਦੀ ਨਜ਼ਰ ਨਾਲ ਮਿਲੀ ਤਾਂ ਉਹ ਮੂੰਹ ਵੱਲ ਬੁਰਕੀ ਦਾ ਇਸ਼ਾਰਾ ਕਰਦਿਆਂ ਰੋਟੀ ਲੈਣ ਦੇ ਤਰਲੇ ਕਰ ਰਿਹਾ ਸੀ।
‘‘ਓਧਰ ਵੇਖ ਵਿਚਾਰਾ ਭੁੱਖਾ ਲੱਗਦੈ।’’
‘‘ਹਾਂ ਜੀ, ਇਹ ਤਾਂ ਵਿਚਾਰਾ ਕਈ ਦਿਨਾਂ ਦਾ ਭੁੱਖਾ ਲੱਗਦੈ।’’
‘‘ਤੁਸੀਂ ਇਉਂ ਕਰੋ ਆਹ ਸਾਰੇ ਪਰੌਂਠੇ ਈ ਉਸ ਭਿਖਾਰੀ ਨੂੰ ਦੇ ਦਿਓ ਅਤੇ ਆਪਣੇ ਲਈ ਰੇਹੜੀ ਤੋਂ ਕੁਝ ਹੋਰ ਲੈ ਆਓ ਖਾਣ ਨੂੰ।’’
ਸੰਪਰਕ: 98786-05965
* * *
ਹਲੂਣਾ
ਜਗਦੇਵ ਸ਼ਰਮਾ ਬੁਗਰਾ
‘‘ਪੰਮੀ ਦੇ ਬਾਪੂ! ਉੱਠ, ਕੀ ਗੱਲ ਹੋ ਗਈ? ਬੜਾ ਤਰੇਲੀਓ ਤ੍ਰੇਲੀ ਹੋਇਆ ਪਿਐਂ? ਨਾਲੇ ਆਹ ਤੌਬਾ ਤੌਬਾ ਕੀ ਬਰੜਾਈ ਜਾਨੈ?’’ ਪੰਮੀ ਦੀ ਮਾਂ ਰਾਮਵਤੀ ਨੇ ਆਪਣੇ ਘਰ ਵਾਲੇ ਨੂੰ ਜਗਾਉਣ ਲਈ ਹਲੂਣਦਿਆਂ ਪੁੱਛਿਆ।
‘‘ਭਾਗਵਾਨੇ! ਬੱਸ ਪੁੱਛ ਨਾ। ਅੱਜ ਤਾਂ ਮੈਨੂੰ ਸੁਪਨੇ ਵਿੱਚ ਧਰਮ ਰਾਜ ਦਿਖਾਈ ਦਿੱਤੇ।’’ ‘‘ਫਿਰ? ਕੀ ਕਹਿ ਰਹੇ ਸੀ ਧਰਮ ਰਾਜ?’’ ‘‘ਧਰਮ ਰਾਜ ਮੈਨੂੰ ਪੁੱਛ ਰਹੇ ਸੀ ਕਿ ਕੀ ਗੱਲ, ਇਨਸਾਨੀ ਜੂਨ ਪਸੰਦ ਨਹੀਂ ਆਈ?’’
‘‘ਕਿਉਂ? ਉਹ ਅਜਿਹਾ ਕਿਉਂ ਕਹਿ ਰਹੇ ਸਨ?’’
‘‘ਪੂਰੀ ਗੱਲ ਤਾਂ ਸੁਣ। ਉਹ ਕਹਿ ਰਹੇ ਸਨ ਕਿ ਰੱਬ ਨੇ ਸਾਨੂੰ ਇਨਸਾਨਾਂ ਨੂੰ ਸਾਰੇ ਜੀਵ ਜੰਤੂਆਂ ਦਾ ਸਰਦਾਰ ਬਣਾਇਆ। ਉਸ ਨੇ ਸਾਨੂੰ ਬੁੱਧੀ ਬਖ਼ਸ਼ੀ, ਪੜ੍ਹਨ ਲਿਖਣ ਦੇ ਕਾਬਲ ਬਣਾਇਆ, ਸਾਰੀਆਂ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ, ਜ਼ਮੀਰ ਬਖਸ਼ੀ, ਸਾਰੇ ਜੀਵ ਜੰਤੂਆਂ ਤੋਂ ਹਟ ਕੇ ਸੰਵੇਦਨਸ਼ੀਲਤਾ ਬਖ਼ਸ਼ੀ। ਪਰ ਅਸੀਂ, ਯਾਨੀਕਿ ਇਨਸਾਨਾਂ ਨੇ ਕੀ ਕੀਤਾ? ਆਪਣੇ ਆਪ ਨੂੰ ਹਿੰਦੂਆਂ ਮੁਸਲਮਾਨਾਂ ਵਿੱਚ ਵੰਡ ਲਿਆ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਇਨਸਾਨੀਅਤ ਦੇ ਦੋਖੀਆਂ ਨੇ ਇਨਸਾਨਾਂ ਨੂੰ ਵੱਖ ਵੱਖ ਧਰਮਾਂ ਜਾਤਾਂ ਵਿੱਚ ਵੰਡ ਕੇ ਊਚ-ਨੀਚ ਵਿੱਚ ਵੀ ਵੰਡ ਲਿਆ। ਉਹ ਪੁੱਛ ਰਿਹਾ ਸੀ ਕਿ ਤੁਹਾਨੂੰ ਇਨਸਾਨ ਬਣਾ ਕੇ ਰੱਬ ਨੇ ਕੀ ਗਲਤੀ ਕਰ ਲਈ? ਰੱਬ ਨੇ ਤਾਂ ਅਜਿਹੀ ਕੋਈ ਪ੍ਰਜਾਤੀ ਨਹੀਂ ਬਣਾਈ ਜਿਸ ਦੇ ਹੱਥਾਂ ਵਿੱਚ ਭਾਂਤ ਭਾਂਤ ਦੇ ਹਥਿਆਰ ਹੋਣ ਅਤੇ ਸਭ ਤੋਂ ਖ਼ਤਰਨਾਕ ਹਥਿਆਰ ‘ਜ਼ੁਬਾਨ ਸਸ਼ਤਰ’ ਹੋਵੇ। ਤੁਹਾਡੇ ਨਾਲੋਂ ਤਾਂ ਬਾਂਦਰ ਗਧੇ ਘੋੜੇ ਕਈ ਦਰਜ਼ੇ ਚੰਗੇ ਹਨ, ਉਹ ਘੱਟੋ ਘੱਟ ਮੇਰੇ ਲਈ ਰੋਜ਼ ਰੋਜ਼ ਬੇਹੂਦਾ ਹਰਕਤਾਂ ਕਰ ਕੇ ਸਿਰਦਰਦੀ ਤਾਂ ਖੜ੍ਹੀ ਨਹੀਂ ਕਰਦੇ। ਮੇਰੇ ਦੋਵੇਂ ਗੁਪਤਚਰ ਹਰ ਰੋਜ਼ ਮੈਨੂੰ ਤੁਹਾਡਾ ਕੋਈ ਨਾ ਕੋਈ ਉਲਾਂਭਾ ਦਿੰਦੇ ਰਹਿੰਦੇ ਹਨ। ਧਰਮ ਰਾਜ ਕਹਿ ਰਿਹਾ ਸੀ ਕਿ ਖ਼ੈਰ! ਜੋ ਹੋ ਗਿਆ, ਸੋ ਹੋ ਗਿਆ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਮੈਂ ਇੱਕ ਤਰਕੀਬ ਬਣਾਈ ਹੈ। ਮੈਂ ਆਪਣੇ ਕਰਿੰਦਿਆਂ ਦੀ ਡਿਊਟੀ ਲਗਾ ਦਿੱਤੀ ਹੈ ਕਿ ਅਜਿਹੇ ਸਾਰੇ ਇਨਸਾਨ, ਜਿਹੜੇ ਇਨਸਾਨੀਅਤ ਨੂੰ ਭੁਲਾ ਕੇ ਮਨੁੱਖਾਂ ਨੂੰ ਹਿੰਦੂ ਮੁਸਲਿਮ ਦੱਸ ਕੇ ਵੰਡੀਆਂ ਪਾਉਣ ਲਈ ਜ਼ਿੰਮੇਵਾਰ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉਨ੍ਹਾਂ ਲਈ ਸਵਰਗ ਨਰਕ ਦੇ ਦੁਆਰ ਤੋਂ ਇਲਾਵਾ ਇੱਕ ਹੋਰ ਤੀਜਾ ਦੁਆਰ ‘ਗਰਕ ਦੁਆਰ’ ਤਿਆਰ ਕਰਵਾ ਲਿਆ ਜਾਵੇ। ਇਹ ਤੀਜਾ ਦੁਆਰ ਦਲਦਲ ਨਾਲ ਭਰਿਆ ਹੋਇਆ ਹੋਵੇਗਾ। ਜਦੋਂ ਵੀ ਕੋਈ ਅਜਿਹਾ ਬੰਦਾ ਮਾਤਲੋਕ ਵਿੱਚੋਂ ਆਪਣੀ
ਜੂਨੀ ਪੂਰੀ ਕਰਕੇ ਇੱਥੇ ਆਇਆ ਕਰੇਗਾ, ਉਸ ਨੂੰ ਇਸ ਗਰਕ ਦੁਆਰ ਵਿੱਚ ਸੁੱਟ ਦਿੱਤਾ ਜਾਇਆ ਕਰੇਗਾ
ਅਤੇ ਇਹ ਸਦਾ ਹੀ ਇਸ ਦਲਦਲ ਵਿੱਚ ਰਹਿਆ ਕਰੇਗਾ ਤਾਂ ਕਿ ਕਿਸੇ ਹੋਰ ਜੂਨੀ ਵਿੱਚ ਜਾ ਕੇ ਅਜਿਹਾ ਬਖੇੜਾ ਖੜ੍ਹਾ ਨਾ ਕਰ ਸਕੇ।’’ ‘‘ਫਿਰ?’’ ਰਾਮਵਤੀ ਨੇ ਪੁੱਛਿਆ। ‘‘ਫਿਰ ਕੀ? ਯਮ ਮੈਨੂੰ ਗਰਕ ਦੁਆਰ ਵਿੱਚ ਸੁੱਟਣ ਜਾ ਹੀ ਰਹੇ ਸਨ ਕਿ ਤੂੁੰ ਮੈਨੂੰ ਜਗਾ ਦਿੱਤਾ।’’
ਸੰਪਰਕ: 98727-87243