ਦਰਸ਼ਨ ਸਿੰਘ ਪ੍ਰੀਤੀਮਾਨ
ਇੱਕ ਕੰਮ ਵਿੱਚ ਪ੍ਰਸਿੱਧੀ ਖੱਟਣੀ ਬਹੁਤ ਵੱਡੀ ਗੱਲ ਹੈ ਪਰ ਇਕੱਠੇ ਕਈ ਕੰਮਾਂ ’ਚ ਮੁਹਾਰਤ ਸਦਕਾ ਪ੍ਰਸਿੱਧੀ ਖੱਟਣੀ ਮਹਾਨ ਵਿਅਕਤੀਆਂ ਦੇ ਹਿੱਸੇ ਆਉਂਦਾ ਹੈ। ਅਜਿਹੀ ਹੀ ਸ਼ਖ਼ਸੀਅਤ ਸਨ ਰਾਬਿੰਦਰਨਾਥ ਟੈਗੋਰ ਜਿਨ੍ਹਾਂ ਨੂੰ ਸਮਾਜ ਸੁਧਾਰਕ, ਮਹਾਨ ਅਧਿਆਪਕ, ਦਾਨਿਸ਼ਵਰ, ਚਿੱਤਰਕਾਰ, ਸੰਗੀਤਕਾਰ, ਨਬਿੰਧਕਾਰ, ਨਾਵਲਕਾਰ, ਨਾਟਕਕਾਰ, ਕਵੀ ਤੇ ਕਹਾਣੀਕਾਰ ਹੋਣ ਦਾ ਮਾਣ ਹਾਸਲ ਹੈ। ਜੋ ਸਥਾਨ ਰੋਮ ਦੇ ਵਰਜਿਲ, ਇਟਲੀ ਦੇ ਦਾਂਤੇ, ਯੂਨਾਨ ਦੇ ਹੋਮਰ ਅਤੇ ਰੂਸ ਦੇ ਟਾਲਸਟਾਏ ਨੂੰ ਨਸੀਬ ਹੋਇਆ ਸੀ, ਉਹੀ ਸਥਾਨ ਹਿੰਦੋਸਤਾਨ ਦੇ ਰਾਬਿੰਦਰਨਾਥ ਟੈਗੋਰ ਨੂੰ ਹਾਸਲ ਹੋਇਆ।
ਰਾਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਪਿਤਾ ਦਵਿੰਦਰ ਨਾਥ ਠਾਕੁਰ ਅਤੇ ਮਾਤਾ ਸ਼ਾਰਦਾ ਦੇਵੀ ਦੇ ਘਰ ‘ਜੋਗ ਸਾਂਕੋ’ (ਸ਼ਹਿਰ) ਠਾਕਰ ਬਾੜੀ, ਕੋਲਕਾਤਾ ਵਿਖੇ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਰਾਬਿੰਦਰਨਾਥ ਠਾਕੁਰ ਤੇ ਬਾਅਦ ਵਿੱਚ ਰਾਬਿੰਦਰਨਾਥ ਟੈਗੋਰ ਪਿਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਘਰ ਅਧਿਆਪਕ ਰੱਖ ਕੇ ਅਤੇ ਬਾਅਦ ਦੀ ਸਿੱਖਿਆ ਵੱਡੀ ਪ੍ਰਤਿਸ਼ਠਾ ਵਾਲੇ ਸੇਂਟ ਜ਼ੇਵੀਅਰ ਸਕੂਲ ਕਲਕੱਤਾ ਤੋਂ ਪ੍ਰਾਪਤ ਕੀਤੀ। ਟੈਗੋਰ ਨੇ ਲੰਡਨ ਵਿਖੇ ਵਿਸ਼ਵ ਵਿਦਿਆਲੇ ਦੇ ਕਾਲਜ ਵਿੱਚ ਕਾਨੂੰਨ ਦਾ ਅਧਿਐਨ ਕੀਤਾ। ਸੰਨ 1883 ਵਿੱਚ ਉਨ੍ਹਾਂ ਦਾ ਵਿਆਹ ਮ੍ਰਿਣਾਲਿਨੀ ਨਾਲ ਹੋਇਆ।
ਰਾਬਿੰਦਰਨਾਥ ਟੈਗੋਰ ਦੇ ਪਿਤਾ ਦਵਿੰਦਰਨਾਥ ਠਾਕੁਰ ਸਾਹਿਤਕ ਰੁਚੀਆਂ ਦੇ ਮਾਲਕ ਸਨ। ਇਸ ਕਰਕੇ ਟੈਗੋਰ ਨੂੰ ਸਾਹਿਤ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਹੀ ਮਿਲੀ। ਟੈਗੋਰ ਦਾ ਜਨਮ ਅਮੀਰ ਘਰਾਣੇ ’ਚ ਹੋਣ ਕਾਰਨ ਉਹ ਖੁੱਲ੍ਹੇ ਅਤੇ ਸਾਹਿਤਕ ਵਾਤਾਵਰਣ ਵਿੱਚ ਪਲੇ। ਉਹ ਖੁੱਲ੍ਹੇ ਵਿਚਾਰਾਂ ਦੇ ਮਾਲਕ ਸਨ ਤੇ ਘਰ ’ਚ ਹਮੇਸ਼ਾ ਪ੍ਰਾਰਥਨਾ ਤੇ ਭਜਨ-ਬੰਦਗੀ ਹੋਣ ਕਰਕੇ ਉਨ੍ਹਾਂ ’ਤੇ ਧਾਰਮਿਕ ਭਾਵਨਾਵਾਂ ਦਾ ਅਸਰ ਵੀ ਸੀ।
ਰਾਬਿੰਦਰਨਾਥ ਟੈਗੋਰ ਛੋਟਾ ਹੁੰਦਿਆਂ ਹੀ ਤੇਜ਼ ਬੁੱਧੀ ਦਾ ਮਾਲਕ ਸੀ। ਪਹਿਲੀ ਕਵਿਤਾ ਉਨ੍ਹਾਂ ਅੱਠ ਸਾਲ ਦੀ ਉਮਰ ’ਚ ਲਿਖੀ। 16 ਸਾਲ ਦੀ ਉਮਰ ’ਚ ਉਨ੍ਹਾਂ ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਸਮੇਂ ਸਾਰੇ ਵਿਸ਼ਵ ਵਿੱਚ ਪੜ੍ਹੀਆਂ ਜਾਂਦੀਆਂ ਸਨ। ਉਨ੍ਹਾਂ ਨੂੰ ਵੱਖਰੀ ਅਤੇ ਨਵੀਂ ਸੋਚ ਸਦਕਾ ਹੀ ਪ੍ਰਸਿੱਧੀ ਹਾਸਲ ਹੋਈ। ਉਨ੍ਹਾਂ ਨੇ ‘ਬੰਗਾ ਦਰਸ਼ਨ’, ‘ਭਾਰਤੀ ਅਤੇ ਸਾਧਨਾ’ ਰਸਾਲਿਆਂ ਦੀ ਸੰਪਾਦਨਾ ਵੀ ਕੀਤੀ।
1913 ਵਿੱਚ ਉਨ੍ਹਾਂ ਦੇ ਸ਼ਾਹਕਾਰ ਕਾਵਿ-ਸੰਗ੍ਰਹਿ ‘ਗੀਤਾਂਜਲੀ’ ਨੂੰ ਨੋਬੇਲ ਪੁਰਸਕਾਰ ਮਿਲਿਆ। ਨੋਬੇਲ ਪੁਰਸਕਾਰ ਮਿਲਣ ਨਾਲ ਟੈਗੋਰ ਦੀ ਪ੍ਰਸਿੱਧੀ ਸਾਰੇ ਸੰਸਾਰ ਵਿੱਚ ਫੈਲ ਗਈ। ਉਹ ਨੋਬੇਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਹਿੰਦੋਸਤਾਨੀ ਸਨ। 1914 ਵਿੱਚ ਉਨ੍ਹਾਂ ਨੂੰ ‘ਸਰ’ ਦਾ ਖਿਤਾਬ ਦਿੱਤਾ ਗਿਆ ਜੋ ਉਨ੍ਹਾਂ ਨੇ 1919 ਵਿੱਚ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ ਰੋਸ ਵਜੋਂ ਵਾਪਸ ਕਰ ਦਿੱਤਾ।
ਰਾਬਿੰਦਰਨਾਥ ਟੈਗੋਰ ਭਾਰਤ ਦੇ ਰਾਸ਼ਟਰੀ ਗੀਤ ‘ਜਨ ਗਣ ਮਨ’ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ‘ਅਮਰ ਸੋਨਾਰ ਬਾਂਗਲਾ’ ਦੇ ਰਚਣਹਾਰੇ ਹਨ। ਉਨ੍ਹਾਂ ਦੀ ਪ੍ਰਸਿੱਧ ਕਹਾਣੀ ‘ਕਾਬਲੀਵਾਲਾ’ ’ਤੇ ਫਿਲਮ ਵੀ ਬਣੀ ਜਿਸ ਵਿਚ ਬਲਰਾਜ ਸਾਹਨੀ ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਰਚਨਾਵਾਂ ‘ਗੋਰਾ’, ‘ਸੰਯੋਗ’, ‘ਅੱਖ ਦੀ ਰੜਕ’, ‘ਡਾਕਘਰ’, ‘ਟੈਗੋਰ’, ‘ਨਵਾਂ ਚੰਨ’, ‘ਭੁੱਖੇ ਪੱਥਰ’, ‘ਟੈਗੋਰ ਦਾ ਬਾਲ ਸਾਹਿਤ’, ‘ਇੱਕੀ ਕਹਾਣੀਆਂ’ ਅਤੇ ‘ਨੋਕਾ ਡੁੱਬੀ’ ਸੰਸਾਰ ਭਰ ਵਿੱਚ ਪ੍ਰਸਿੱਧ ਹੋਈਆਂ।
ਟੈਗੋਰ ਦੀਆਂ ਪੁਸਤਕਾਂ ਦੀ ਸੂਚੀ ਕਾਫ਼ੀ ਲੰਬੀ ਹੈ। ਉਨ੍ਹਾਂ ਨੇ 40 ਨਾਟਕ, 35 ਕਾਵਿ-ਸੰਗ੍ਰਹਿ, 50 ਲੇਖ ਸੰਗ੍ਰਹਿ, 11 ਕਹਾਣੀ ਸੰਗ੍ਰਹਿ, ਨਾਵਲ ਅਤੇ 3000 ਦੇ ਲਗਭਗ ਗੀਤਾਂ ਦੀ ਸਿਰਜਣਾ ਕੀਤੀ। ਬੰਗਾਲੀ ਸਾਹਿਤ ਵਿੱਚ ਉਨ੍ਹਾਂ ਨੇ ਹਰੇਕ ਵਿਸ਼ੇ ’ਤੇ ਕਲਮ ਅਜ਼ਮਾਈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤੀਆਂ ਜਾ ਚੁੱਕੀਆਂ ਹਨ।
ਰਾਬਿੰਦਰਨਾਥ ਟੈਗੋਰ ਨੇ ਬੇਸ਼ੁਮਾਰ ਚਿੱਤਰ ਬਣਾਏ ਅਤੇ ਚਿੱਤਰਕਲਾ ਵਿੱਚ ਅਹਿਮ ਸਥਾਨ ਪ੍ਰਾਪਤ ਕੀਤਾ। ਸੰਗੀਤ ਦੇ ਖੇਤਰ ਵਿੱਚ ਬਣਾਈਆਂ ਉਨ੍ਹਾਂ ਦੀਆਂ ਧੁਨਾਂ ‘ਰਵੀਂਦ੍ਰ ਸੰਗੀਤ’ ਵਜੋਂ ਪ੍ਰਸਿੱਧ ਹਨ। ਟੈਗੋਰ ਦਾ ਵਿਚਾਰ ਸੀ ਕਿ ਮਾਂ ਬੋਲੀ ਵਿੱਚ ਦਿੱਤੀ ਸਿੱਖਿਆ ਪ੍ਰਭਾਵਸ਼ਾਲੀ ਹੁੰਦੀ ਹੈ। ਉਨ੍ਹਾਂ ਨੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ, ਫਿਲਮ ਅਦਾਕਾਰ ਬਲਰਾਜ ਸਾਹਨੀ ਅਤੇ ਦੇਵਿੰਦਰ ਸਤਿਆਰਥੀ ਨੂੰ ਆਪਣੀ ਮਾਂ ਬੋਲੀ ਵਿੱਚ ਰਚਨਾਵਾਂ ਲਿਖਣ ਲਈ ਪ੍ਰੇਰਿਆ।
1901 ਵਿੱਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 ’ਚ ਇਸ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਰੂਪ ’ਚ ਸਥਾਪਤ ਕਰ ਦਿੱਤਾ ਗਿਆ। 1961 ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਸ਼ਾਂਤੀ ਨਿਕੇਤਨ ਵਿਖੇ ਰਾਬਿੰਦਰ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਸ ਵਿੱਚ ਟੈਗੋਰ ਦੇ ਹੱਥ ਲਿਖਤ ਖਰੜੇ, ਚਿੱਠੀਆਂ, ਚਿੱਤਰ ਅਤੇ ਉਨ੍ਹਾਂ ਨੂੰ ਮਿਲੇ ਸਨਮਾਨ ਰੱਖੇ ਹੋਏ ਹਨ ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ।
ਟੈਗੋਰ, ਗਾਂਧੀ ਨੂੰ ਮਹਾਤਮਾ ਆਖਦੇ ਸਨ ਅਤੇ ਗਾਂਧੀ ਜੀ ਟੈਗੋਰ ਨੂੰ ‘ਗੁਰੂਦੇਵ’ ਆਖਦੇ। ਉਨ੍ਹਾਂ ਵਿੱਚ ਵਿਚਾਰਕ ਮੱਤਭੇਦ ਤਾਂ ਸਨ। ਇਸ ਦੇ ਬਾਵਜੂਦ ਇੱਕ ਦੂਜੇ ਦਾ ਪੂਰਨ ਸਤਿਕਾਰ ਕਰਦੇ ਸਨ। ਟੈਗੋਰ ਨੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ।
ਡਾ. ਰਾਬਿੰਦਰਨਾਥ ਟੈਗੋਰ ਆਪਣੇ ਜੀਵਨ ਦੇ ਆਖ਼ਰੀ ਚਾਰ ਸਾਲ ਬਹੁਤ ਬਿਮਾਰ ਰਹੇ ਅਤੇ 1937 ਵਿੱਚ ਯਾਦਦਾਸ਼ਤ ਵੀ ਨਾ ਰਹੀ। ਸੱਤ ਅਗਸਤ 1941 ਨੂੰ 80 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਨਾਂ ਸਿੱਖਿਆ, ਸੰਗੀਤ ਅਤੇ ਸਾਹਿਤ ਦੇ ਖੇਤਰ ਵਿੱਚ ਸਦਾ ਅਮਰ ਰਹੇਗਾ।
ਸੰਪਰਕ: 98786-06963