ਜਤਿੰਦਰ ਸਿੰਘ
ਇਕ ਪੁਸਤਕ – ਇਕ ਨਜ਼ਰ
ਪੁਸਤਕ ‘ਪੰਜਾਬ: ਦ੍ਰਿਸ਼ ਤੇ ਦ੍ਰਿਸ਼ਟੀ’ ਦੀ ਸੰਪਾਦਨਾ ਡਾ. ਸਰਬਜੀਤ ਸਿੰਘ ਨੇ ਕੀਤੀ। ਇਸ ਕਿਤਾਬ ਵਿਚ ਸ਼ਾਮਲ ਲੇਖ 15, 16, 17 ਫਰਵਰੀ 2019 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਕਰਵਾਈ ਗਈ ਦੂਜੀ ਆਲਮੀ ਪੰਜਾਬੀ ਕਾਨਫਰੰਸ ਵਿਚ ਵਿਦਵਾਨਾਂ, ਸਮਾਜਿਕ, ਰਾਜਨੀਤਿਕ ਕਾਰਕੁਨਾਂ ਅਤੇ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਵੱਲੋਂ ਪੜ੍ਹੇ ਗਏ ਸਨ। ਕਿਤਾਬ ਦੇ ਤਤਕਰੇ ਤੋਂ ਹੀ ਪਾਠਕ ਵਾਕਿਫ਼ ਹੋ ਜਾਂਦਾ ਹੈ ਕਿ ਇਸ ਆਲਮੀ ਕਾਨਫਰੰਸ ਦਾ ਮਿਆਰ ਕੀ ਹੋਵੇਗਾ?
‘ਪੰਜਾਬ: ਦ੍ਰਿਸ਼ ਤੇ ਦ੍ਰਿਸ਼ਟੀ’ ਕਿਤਾਬ ਵਿਚ ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਚੀਮਾ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਪੂਰਵਾਨੰਦ, ਨਿਰਮਲ ਢਿੱਲੋਂ, ਪ੍ਰੋ. ਹਰੀਸ਼ ਪੁਰੀ, ਰਣਜੀਤ ਸਿੰਘ ਘੁੰਮਣ, ਸੁੱਚਾ ਸਿੰਘ ਗਿੱਲ, ਤੇਜਵੰਤ ਸਿੰਘ ਗਿੱਲ, ਸੁਖਦੇਵ ਸਿੰਘ, ਸਾਧੂ ਸਿੰਘ ਕੈਨੇਡਾ, ਇੰਦਰਾ ਜੈ ਸਿੰਘ,
ਜਯਾਸ਼ੰਕਰਾਤਇਨ, ਕਨੂਪ੍ਰਿਆ, ਕਨ੍ਹੱਈਆ ਕੁਮਾਰ ਦੇ ਨਾਂ ਖ਼ਾਸ ਤੌਰ ’ਤੇ ਜ਼ਿਕਰਯੋਗ ਹਨ। ਇਸ ਕਿਤਾਬ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਰਾਸ਼ਟਰ ਤੇ ਰਾਸ਼ਟਰਵਾਦ ਨਾਲ ਸਬੰਧਤ ਲੇਖ ਹਨ। ਹਿੰਦੋਸਤਾਨ ਦੀ ਆਜ਼ਾਦੀ ਵੇਲੇ ਰਾਸ਼ਟਰ ਤੇ ਰਾਸ਼ਟਰਵਾਦ ਦਾ ਸਰੂਪ ਸਮਕਾਲੀ ਸਥਿਤੀਆਂ ਵਾਲੇ ਰਾਸ਼ਟਰਵਾਦ ਤੋਂ ਵਿਪਰੀਤ ਸੀ। ਸੁਤੰਤਰਤਾ ਤੋਂ ਪਹਿਲਾਂ ਰਾਸ਼ਟਰਵਾਦ ਅੰਗਰੇਜ਼ਾਂ ਖ਼ਿਲਾਫ਼ ਸਾਰੇ ਧਰਮਾਂ ਤੇ ਵਰਗਾਂ ਦੀ ਇਕਜੁੱਟਤਾ ਤੋਂ ਪੈਦਾ ਹੋਇਆ। ਉਸ ਸਮੇਂ ਚੱਲੀ ਲਹਿਰ ਇਕ ਲੋਕ ਰਾਸ਼ਟਰ ਤੇ ਲੋਕ ਰਾਸ਼ਟਰਵਾਦ ਦੀ ਸੀ, ਪਰ ਸਮਕਾਲੀ ਦੌਰ ਵਿਚ ਰਾਸ਼ਟਰਵਾਦ ਸੀਮਿਤ ਤੇ ਸੌੜੀ ਵਿਚਾਰਧਾਰਾ ਦਾ ਬਣ ਕੇ ਰਹਿ ਗਿਆ ਹੈ।
ਰਜਿੰਦਰ ਸਿੰਘ ਚੀਮਾ ਦਾ ਲੇਖ ‘ਸੰਵੇਦਨਾ, ਸੰਕਟ, ਭੈਅ ਤੇ ਨਿਰਪੱਖ ਸੋਚ’ ਹੈ ਜਿਸ ਵਿਚ ਉਸ ਨੇ ਅਸੰਵੇਦਨਸ਼ੀਲਤਾ ਦੇ ਇਸ ਦੌਰ ਨੂੰ ਸਮਝਣ ਲਈ ਇਤਿਹਾਸ ਦੀਆਂ ਪਰਤਾਂ ਫਰੋਲਣ ’ਤੇ ਜ਼ੋਰ ਦਿੱਤਾ। ਸਮਾਜਵਾਦ ਦਾ ਸੁਪਨਾ ਟੁੱਟਣਾ, ਆਰਥਿਕ ਜਾਗ੍ਰਿਤੀ (1992), ਨਵ-ਉਦਾਰਵਾਦ, ਸਿੱਖਿਆ ਦਾ ਨਿੱਜੀਕਰਨ ਤੇ ਬਾਜ਼ਾਰੀਕਰਨ ਨੂੰ ਸਮਝਣ ਤੇ ਪਰਖਣ ਨਾਲ ਮੌਜੂਦਾ ਹਾਲਾਤ ਬਾਰੇ ਰਾਇ ਬਣਾਈ ਜਾ ਸਕਦੀ ਹੈ। ਸਮਾਜ ਤੇ ਦੇਸ਼ ਵਿਚ ਬਣੇ ਡਰ, ਭੈਅ ਦੇ ਮਾਹੌਲ ਤੋਂ ਮੁਕਤ ਹੋਣ ਲਈ ਲੇਖਕਾਂ ਤੇ ਕਲਾਕਾਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ।
ਪ੍ਰੋ. ਅਪੂਰਵਾਨੰਦ ਦਾ ਲੇਖ ‘ਰਾਸ਼ਟਰ ਤੇ ਰਾਸ਼ਟਰੀਅਤਾ’ ਵੀ ਰਜਿੰਦਰ ਸਿੰਘ ਦੇ ਵਿਚਾਰਾਂ ਦੀ ਰੋਸ਼ਨੀ ਵਿਚ ਹੈ। ਪ੍ਰੋ. ਅਪੂਰਵਾਨੰਦ ਨੇ ਰਾਸ਼ਟਰ ਨੂੰ ਇਉਂ ਪਰਿਭਾਸ਼ਤ ਕੀਤਾ ਹੈ, ‘‘ਰਾਸ਼ਟਰ ਬਹੁਤ ਸਾਰੇ ਅਜਿਹੇ ਲੋਕਾਂ ਦੀ ਅਜਿਹੀ ਇੱਛਾ ਨਾਲ ਪੈਦਾ ਹੁੰਦਾ ਹੈ ਜੋ ਇਕ ਦੂਜੇ ਨੂੰ ਬਿਲਕੁਲ ਨਹੀਂ ਜਾਣਦੇ ਅਤੇ ਸ਼ਾਇਦ ਜ਼ਿੰਦਗੀ ’ਚ ਕਦੇ ਇਕ ਦੂਜੇ ਨਾਲ ਨਹੀਂ ਮਿਲਣਗੇ, ਪਰ ਊਹ ਕਿਸੇ ਨਾ ਕਿਸੇ ਤਰ੍ਹਾਂ ਇਕ ਦੂਜੇ ਪ੍ਰਤੀ ਖ਼ੁਦ ਨੂੰ ਜ਼ਿੰਮੇਵਾਰ ਮਹਿਸੂਸ ਕਰਦੇ ਅਤੇ ਉਨ੍ਹਾਂ ਨਾਲ ਇਕ ਰਿਸ਼ਤਾ ਮਹਿਸੂਸ ਕਰਦੇ ਹਨ ਅਤੇ ਉਸ ਰਿਸ਼ਤੇ ਦੀ ਚਾਹਤ ਰੱਖਦੇ ਹਨ।’’ ਰਾਸ਼ਟਰ ਅਜਿਹੇ ਲੋਕਾਂ ਦਾ ਸਮੁਦਾਇ ਹੈ ਜੋ ਲੋਕ ਤਰ੍ਹਾਂ-ਤਰ੍ਹਾਂ ਦੇ ਹਨ। ਇਨ੍ਹਾਂ ਦੀਆਂ ਜ਼ੁਬਾਨਾਂ ਇਕ ਨਹੀਂ ਹਨ, ਇਨ੍ਹਾਂ ਦਾ ਮਜ਼ਹਬ ਇਕ ਨਹੀਂ, ਪਰ ਸਾਂਝ ਦੇ ਬਿੰਦੂ ਉਹ ਇਕ ਦੂਜੇ ਵਿਚ ਖੋਜਦੇ ਹਨ।
ਪ੍ਰੋ. ਅਪੂਰਵਾਨੰਦ ਨੇ ਇਸ ਲੇਖ ਵਿਚ ਰਾਸ਼ਟਰ ਤੇ ਰਾਜ ਵਿਚਲਾ ਫ਼ਰਕ ਉਘਾੜਿਆ। ਉਨ੍ਹਾਂ ਨੇ ਜਵਾਹਰਲਾਲ ਨਹਿਰੂ ਦੀ ਕਿਤਾਬ ‘ਡਿਸਕਵਰੀ ਆਫ ਇੰਡੀਆ’ ਦੇ ਹਵਾਲੇ ਨਾਲ ਆਪਣੇ ਲੇਖ ਨੂੰ ਵਿਸਤਾਰ ਦਿੱਤਾ। ਪ੍ਰੋ. ਸਾਹਿਬ ਨੇ ਦੇਸ਼ ਵਿਚ ਪੈਦਾ ਹੋਏ ਨਾਗਰਿਕਤਾ ਦੇ ਮਸਲੇ ਬਾਰੇ ਵੀ ਨਿੱਠ ਕੇ ਚਰਚਾ ਕੀਤੀ। ਰਾਸ਼ਟਰ ਦੀ ਕਲਪਨਾ ਐੱਨਆਰਸੀ (NRC) ਤੋਂ ਬਾਅਦ ਕਿਵੇਂ ਦੀ ਹੋਵੇਗੀ? ਇਨ੍ਹਾਂ ਮਸਲਿਆਂ ਨੂੰ ਉਹ 1984 ਦੇ ਸਿੱਖ ਕਤਲੇਆਮ ਦੇ ਹਵਾਲੇ ਨਾਲ ਜੋੜ ਕੇ ਸਮਝਣ ਦਾ ਯਤਨ ਕਰਦੇ ਹਨ।
ਨਿਰਮਲ ਸਿੰਘ ਢਿੱਲੋਂ ਦਾ ਲੇਖ ‘ਅਸੀਂ ਡਰ ’ਚ ਘਿਰੇ ਹਾਂ’ ਭਾਵੇਂ ਆਕਾਰ ਪੱਖੋਂ ਚਾਰ ਸਫ਼ਿਆਂ ਦਾ ਹੈ, ਪਰ ਉਹ ਹਿੰਦ-ਪਾਕਿ ਦੀ ਵੰਡ ਦੇ ਚਸ਼ਮਦੀਦ ਗਵਾਹ ਹਨ। ਉਨ੍ਹਾਂ ਦਾ ਲੇਖ ਹਿੰਦ-ਪਾਕਿ ਵੰਡ ਦੀ ਘਟਨਾ ’ਤੇ ਆਧਾਰਿਤ ਹੈ ਜਿਸ ਵੇਲੇ ਲੋਕਾਂ ਦੇ ਮਨਾਂ ਅੰਦਰ ਡਰ, ਸਹਿਮ ਤੇ ਭੈਅ ਘਰ ਕਰ ਗਿਆ ਸੀ। ਉਸ ਦਾ ਅਸਰ ਪੰਜਾਬੀਆਂ ਦੇ ਮਨਾਂ ’ਤੇ ਅਜੇ ਤੱਕ ਵੀ ਵੇਖਿਆ ਜਾ ਸਕਦਾ ਹੈ। ਇਹ ਹੀ ਨਹੀਂ, ਨਿਰਮਲ ਢਿੱਲੋਂ ਨੇ ਵੰਡ ਵੇਲੇ ਦੋਹਾਂ ਪਾਸੇ ਦੇ ਲੋਕਾਂ ਦੇ ਬਜ਼ੁਰਗਾਂ ਵੱਲੋਂ ਹੋਈਆਂ ਭੁੱਲਾਂ ਨੂੰ ਆਪਸ ਵਿਚ ਬੈਠ ਕੇ ਸੁਲਝਾਉਣ ਦਾ ਵਾਜਬ ਢੰਗ ਦੱਸਿਆ। ਭਾਵੇਂ ਇਹ ਵੰਡ ਦੀ ਲਕੀਰ ਸਦਾ ਲਈ ਮਿਟ ਨਹੀਂ ਸਕਦੀ, ਪਰ ਦਿਲਾਂ ਦੀਆਂ ਦੂਰੀਆਂ ਨੂੰ ਘਟਾਇਆ ਜਾ ਸਕਦਾ ਹੈ।
ਪ੍ਰੋ. ਹਰੀਸ਼ ਪੁਰੀ ਆਪਣੇ ਲੇਖ ‘ਕੀ ਕਰਨਾ ਲੋੜੀਏ’ ਨੂੰ 1947, 1984 ਤੇ ਡਾ. ਅੰਬੇਦਕਰ ਦੇ ਹਵਾਲੇ ਨਾਲ ਸ਼ੁਰੂ ਕਰਦੇ ਹਨ। ਡਾ. ਅੰਬੇਦਕਰ ਨੇ 26 ਜਨਵਰੀ 1950 ਨੂੰ ਸੰਸਦ ਵਿਚ ਭਾਸ਼ਣ ਦਿੱਤਾ, ‘‘ਸੋਸ਼ਲ ਡੈਮੋਕਰੇਸੀ ਜਦੋਂ ਤਕ ਨਹੀਂ ਹੁੰਦੀ, ਉਦੋਂ ਤਕ ਪੋਲੀਟੀਕਲ ਡੈਮੋਕਰੇਸੀ ਕਾਮਯਾਬ ਨਹੀਂ ਹੋ ਸਕਦੀ।’’ ਸੋਸ਼ਲ ਡੈਮੋਕਰੇਸੀ ਤੋਂ ਭਾਵ, ਜਿਸ ਵਿਚ ਪ੍ਰੀਐਂਬਲ (ਸੰਵਿਧਾਨ ਦੀ ਪ੍ਰਸਤਾਵਨਾ) ਦੇ ਸ਼ੁਰੂ ’ਚ ਹੀ ਅਲਫ਼ਾਜ਼ ਹਨ ਕਿ ਅਸੀਂ ਭਾਰਤ ਦੇ ਲੋਕ…। ਸਾਡੇ ਸੰਵਿਧਾਨ ਦਾ ਉਦੇਸ਼ ਹੈ ਕਿ ਇਹੋ ਜਿਹਾ ਵਤਨ ਹੋਵੇ ਜਿਸ ਵਿਚ ਸਭਨਾਂ ਲੋਕਾਂ ਦੀ ਆਜ਼ਾਦੀ, ਸਭਨਾਂ ਦੀ ਸਮਾਨਤਾ ਹੋਵੇ। ਇਸ ਨਾਲੋਂ ਵੀ ਕਿਤੇ ਜ਼ਿਆਦਾ ਅੰਬੇਦਕਰ ਨੇ ਜਿਸ ਗੱਲ ’ਤੇ ਵੀ ਕਾਫ਼ੀ ਜ਼ੋਰ ਦਿੱਤਾ, ਉਹ ਹੈ ਭਾਈਚਾਰਾ।
ਭਾਈਚਾਰਕ ਸਾਂਝ ਨਾਲ ਹੀ ਇਕ ਰਾਸ਼ਟਰ ਦਾ ਤਸੱਵਰ ਕੀਤਾ ਜਾ ਸਕਦਾ ਹੈ। ਮੁਲਕ ਵਿਚ ਕਈ ਤਰ੍ਹਾਂ ਦੇ ਭੇਦ-ਭਾਵ ਹਨ- ਜਾਤ, ਜਮਾਤ, ਰੰਗ, ਨਸਲ ਤੇ ਧਰਮ ਨੂੰ ਲੈ ਕੇ। ਇਨ੍ਹਾਂ ਭੇਦ-ਭਾਵਾਂ ਨੂੰ ਘਟਾਉਣ ’ਤੇ ਹੀ ਇਕ ਰਾਸ਼ਟਰ ਦੀ ਕਾਮਨਾ ਹੋ ਸਕਦੀ ਹੈ। ਇਕ ਪਾਸੇ ਤਾਂ ਹਿੰਦੋਸਤਾਨ ਵਿਸ਼ਵ ਗੁਰੂ ਬਣਨ ਦੀ ਗੱਲ ਕਰਦਾ ਹੈ, ਦੂਜੇ ਪਾਸੇ ਹਰ ਵੇਲੇ ਇਕ-ਦੂਜੇ ’ਤੇ ਹਾਵੀ ਹੋ ਜਾਣ ਦਾ ਡਰ ਸਤਾ ਰਿਹਾ ਹੈ। ਇਹ ਡਰ ਦਾ ਅਹਿਸਾਸ ਹੈ ਅਤੇ ਸਵਾਲ ਨਾ ਕਰਨਾ, ਸੋਚਹੀਣਤਾ ਇਸ ਪੈਰਾਸਟੇਟ ਦੀ ਵਿਸ਼ੇਸ਼ਤਾ ਹੈ, ‘‘ਜਿਸ ਵਿਚ ਦੂਜਿਆਂ ਬਾਰੇ ਸੋਚ ਹੈ ਕਿ ਦੂਜੇ ਮਾੜੇ ਹਨ, ਉਨ੍ਹਾਂ ਕੋਲੋਂ ਸਾਨੂੰ ਖ਼ਤਰਾ ਹੈ, ਇਸ ਲਈ ਇਸ ਤੋਂ ਪਹਿਲਾਂ ਕਿ ਉਹ ਕੁਝ ਕਰਨ, ਅਸੀਂ ਇਨ੍ਹਾਂ ਨੂੰ ਸਾਂਭ ਲਈਏ।’’
ਕਿਤਾਬ ਦਾ ਦੂਸਰਾ ਭਾਗ ‘ਪੰਜਾਬ ਦੀ ਆਰਥਿਕਤਾ’ ’ਤੇ ਕੇਂਦਰਿਤ ਹੈ ਜਿਸ ਵਿਚ ਅਹਿਮ ਲੇਖ ‘ਸੰਕਟ ਦੇ ਹੱਲ ਦੀ ਤਲਾਸ਼’ ਸੁੱਚਾ ਸਿੰਘ ਗਿੱਲ ਅਤੇ ‘ਪੰਜਾਬ ਦਾ ਉਦਯੋਗਿਕ ਖੇਤਰ ਤੇ ਸੇਵਾਵਾਂ’ ਡਾ. ਰਣਜੀਤ ਸਿੰਘ ਘੁੰਮਣ ਦੇ ਹਨ। ਇਨ੍ਹਾਂ ਲੇਖਾਂ ਵਿਚ ਪੰਜਾਬ ਸੰਕਟ ਦੇ ਸਮੇਂ ਤੋਂ ਲੈ ਕੇ ਹੁਣ ਤਕ ਲੀਹਾਂ ਤੋਂ ਲੱਥੀ ਪੰਜਾਬ ਦੀ ਆਰਥਿਕਤਾ ਬਾਰੇ ਵਿਸਥਾਰਪੂਰਵਕ ਵਿਚਾਰ ਪੇਸ਼ ਕੀਤੇ ਗਏ ਹਨ। ਉਦਯੋਗਿਕ, ਸਿੱਖਿਆ ਤੇ ਸਿਹਤ ਖੇਤਰ ਵਿਚ ਸਰਕਾਰਾਂ ਦੀ ਭਾਈਵਾਲੀ ਵਾਲੀਆਂ ਸੰਸਥਾਵਾਂ ਦੀ ਭਾਗੀਦਾਰੀ ਵਧੇਰੇ ਹੋਣ ਨਾਲ ਆਰਥਿਕ ਸੰਕਟਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਇਸ ਆਰਥਿਕ ਸੰਕਟ ਸਮੇਂ ਨੌਜਵਾਨ ਪੀੜ੍ਹੀ ਭਵਿੱਖਹੀਣ ਤੇ ਦਿਸ਼ਾਹੀਣ ਹੋ ਕੇ ਨਿਰਾਸ਼ਾ ਵੱਸ, ਪਰਵਾਸ ਵੱਲ ਰੁਖ਼ ਕਰ ਰਹੀ ਹੈ। ਤਰਸੇਮ ਬਾਹੀਆ ਨੇ ਆਪਣੇ ਲੇਖ ‘ਪੰਜਾਬ ਅਤੇ ਸਿੱਖਿਆ ਖੇਤਰ’ ਵਿਚ ਸਿੱਖਿਆ ਦੇ ਦਿਨੋ-ਦਿਨ ਡਿੱਗ ਰਹੇ ਮਿਆਰ ਨੂੰ ਸੁਧਾਰਨ ਲਈ ਅਹਿਮ ਨੁਕਤਿਆਂ ਬਾਰੇ ਵਿਚਾਰ ਪੇਸ਼ ਕੀਤੇ।
‘ਪੰਜਾਬ: ਦ੍ਰਿਸ਼ ਤੇ ਦ੍ਰਿਸ਼ਟੀ’ ਕਿਤਾਬ ਦੇ ਅਗਲੇ ਭਾਗ ‘ਪੰਜਾਬ ਪਰਵਾਸ ਤੇ ਪਛਾਣ’, ‘ਔਰਤ: ਪਛਾਣ ਅਤੇ ਸ਼ਕਤੀ’, ‘ਸਿੱਖਿਆ, ਰੁਜ਼ਗਾਰ ਹਿਜਰਤ ਤੇ ਬਦਲ ਦੀ ਰਾਜਨੀਤੀ’ ਹਨ। ਪਰਵਾਸ ਨਾਲ ਸਬੰਧਿਤ ਲੇਖਾਂ ਵਿਚ ਪਰਦੇਸਾਂ ਵਿਚ ਪੰਜਾਬੀਆਂ ਦੇ ਮਸਾਲਿਆਂ ਬਾਰੇ ਵਿਸਥਾਰਪੂਰਕ ਚਰਚਾ ਹੈ, ਖ਼ਾਸ ਤੌਰ ’ਤੇ ਕੈਨੇਡਾ ਦੇ ਸਕੂਲ ਤੇ ਚੌਗਿਰਦੇ ਵਿਚ ਪੰਜਾਬੀ ਬੋਲੀ ਦਾ ਮੁਹਾਂਦਰਾ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਅਤੇ ਨਾਲ ਹੀ ਉੱਥੋਂ ਦੇ ਬਹੁ-ਸੱਭਿਆਚਾਰ ਦਾ ਅਸਰ ਪੰਜਾਬੀ ਸੱਭਿਆਚਾਰ, ਬੋਲੀ ਤੇ ਸਾਹਿਤ ਕਿਵੇਂ ਦਾ ਕਬੂਲ ਕਰ ਰਹੇ ਹਨ। ਸਾਧੂ ਸਿੰਘ (ਕੈਨੇਡਾ) ਦਾ ਲੇਖ ‘ਕੈਨੇਡਾ ਅਤੇ ਭਾਰਤ: ਅੰਤਰ ਅਤੇ ਪਛਾਣ’ ਵਿਚ ਜ਼ਿਕਰ ਹੈ ਕਿ ਅਗਾਂਹਵਧੂ ਲੋਕ ਤੇ ਵਿਦਵਾਨ ਵੀ ਫ਼ਿਰਕਾਪ੍ਰਸਤੀ ਦੇ ਸ਼ਿਕਾਰ ਹੋ ਜਾਂਦੇ ਹਨ। ਮਤਲਬ ਜਾਤਾਂ-ਪਾਤਾਂ ਨਾ ਮਨ ’ਚੋਂ ਨਿਕਲੀਆਂ, ਨਾ ਧਾਰਮਿਕ ਸੰਕੀਰਨਤਾ ਮਨ ’ਚੋਂ ਨਿਕਲੀ ਹੈ। ਉਹ ਭਾਵੇਂ ਹਿੰਦੋਸਤਾਨੀ ਪੰਜਾਬ ਦੇ ਲੋਕ ਹੋਣ ਜਾਂ ਫਿਰ ਕੈਨੇਡਾ ਵਿਚ ਰਹਿੰਦੇ ਪੰਜਾਬੀ।
‘ਔਰਤ: ਪਛਾਣ ਤੇ ਸ਼ਕਤੀ’ ਭਾਗ ਵਿਚ ਨਰੇਗਾ ਸਕੀਮ ਵਿਚ ਔਰਤਾਂ ਦੀ ਹਿੱਸੇਦਾਰੀ, ਖੁਰਾਕ, ਸੁਰੱਖਿਆ ਐਕਟ, ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਜਾਣ ਦੀ ਇਜਾਜ਼ਤ, ਸੰਵਿਧਾਨ ਦਾ ਆਰਟੀਕਲ 17 ਜੋ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ, ਨੂੰ ਸਖ਼ਤੀ ਨਾਲ ਲਾਗੂ ਕਰਨ ਬਾਰੇ ਵਿਚਾਰ ਕੀਤਾ ਗਿਆ। ਇੰਦਰਾ ਜੈ ਸਿੰਘ ਦਾ ਲੇਖ ‘ਔਰਤ ਅਤੇ ਭਾਰਤੀ ਕਾਨੂੰਨ’ ਅਤੇ ਦੀਪਿਕਾ ਸਿੰਘ ਰਜਾਵਤ ਦਾ ‘ਸੱਭਿਆ ਸਮਾਜ ਸਿਰਜਣ ਦੀ ਲੋੜ’ ਵਿਚ ਔਰਤ ਦੀ ਹੋਂਦ ਤੇ ਹੋਣੀ ਬਾਰੇ ਗੰਭੀਰ ਨੁਕਤਿਆਂ ਨੂੰ ਉਭਾਰਿਆ। ਦੀਪਿਕਾ ਸਿੰਘ ਰਜਾਵਤ ਨੇ ਫਰਵਰੀ 2018 ’ਚ ਆਸਿਫ਼ਾ ਦਾ ਕੇਸ ਲੜਿਆ। ਉਸ ਨੇ ਵਕੀਲ ਤੇ ਸਮਾਜਿਕ ਕਾਰਕੁਨ ਹੋਣ ਨਾਤੇ ਆਈਆਂ ਮੁਸ਼ਕਲਾਂ ਦਾ ਬੇਬਾਕੀ ਨਾਲ ਜ਼ਿਕਰ ਕੀਤਾ। ਇਸ ਕਿਤਾਬ ਵਿਚ ਕਨੂਪ੍ਰਿਆ ਦਾ ਲੇਖ ‘ਪਿੱਤਰ ਸੱਤਾ ਖ਼ਿਲਾਫ਼ ਲੜਾਈ’ ਦੱਸਦਾ ਹੈ ਕਿ ਸਮਾਜਿਕ ਤੇ ਸੱਭਿਆਚਾਰਕ ਤੌਰ ’ਤੇ ਇਕ ਲਕੀਰ ਖਿੱਚੀ ਗਈ ਹੈ ਜਿਸ ’ਚ ਔਰਤਾਂ ਇਕ ਪਾਸੇ ਅਤੇ ਦੂਜੇ ਪਾਸੇ ਮਰਦ ਹਨ। ਨੌਜਵਾਨ ਪੀੜ੍ਹੀ ਨੂੰ ਇਹ ਬਣੀਆਂ-ਬਣਾਈਆਂ ਕਦਰਾਂ-ਕੀਮਤਾਂ ਨੂੰ ਤੋੜਨਾ ਪਵੇਗਾ ਤਾਂ ਹੀ ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੀ ਹਿੱਸੇਦਾਰੀ ਮਿਲ ਸਕਦੀ ਹੈ। ਕਿਤਾਬ ਦਾ ਆਖ਼ਰੀ ਲੇਖ ‘ਬਦਲ ਦੀ ਰਾਜਨੀਤੀ’ ਕਨ੍ਹੱਈਆ ਕੁਮਾਰ ਦਾ ਹੈ। ਉਸ ਨੇ ਮਾਰਕਸ ਦੀ ਕਿਤਾਬ ‘ਕੈਪੀਟਲ’ ਦਾ ਜ਼ਿਕਰ ਖ਼ਾਸ ਤੌਰ ’ਤੇ ਕੀਤਾ। ਮਾਰਕਸ ਡਾਇਲੈਕਟੀਕਲ ਦੇ ਤਰੀਕੇ ਨਾਲ ਸੋਚੀਏ ਤਾਂ ਜੋ ਆਸਾਨ ਹੈ, ਉਹ ਗੁੰਝਲਦਾਰ ਵੀ ਹੈ। ਉਸ ਦਾ ਇਕ ਪੱਖ ਜੀਵਨ ਨੂੰ ਜੇਕਰ ਆਸਾਨ ਬਣਾ ਰਿਹਾ ਹੈ ਤਾਂ ਦੂਜਾ ਪੱਖ ਉਸ ਦੀ ਜਟਿਲਤਾ ਨੂੰ ਸਾਹਮਣੇ ਲਿਆਉਂਦਾ ਹੈ। ਕਨ੍ਹੱਈਆ ਮੁਤਾਬਿਕ ਉਦਯੋਗਿਕ ਕ੍ਰਾਂਤੀ ਦੀ ਇਤਿਹਾਸਕ ਘਟਨਾ ਕਾਰਨ ਹੀ ਬਸਤੀਵਾਦ, ਆਲਮੀ ਜੰਗਾਂ ਤੇ ਨਵੇਂ ਰਾਸ਼ਟਰ ਦਾ ਬਿਰਤਾਂਤ ਉਪਜਦਾ ਹੈ। ਬਾਜ਼ਾਰ ਹੀ ਸਭ ਕੁਝ ਨਿਰਧਾਰਤ ਕਰਦਾ ਹੈ, ਬਾਜ਼ਾਰ ਸੱਭਿਆਚਾਰ ਤੇ ਧਰਮ ਨੂੰ ਆਪਣੇ ਮੁਤਾਬਿਕ ਮੋੜ ਲੈਂਦਾ ਹੈ। ਮਾਰਕਸ ਦੀ ਵਿਚਾਰਧਾਰਾ ਨੂੰ ਉਹ ਇਕ ਸੰਦ ਵਜੋਂ ਸਮਝਦਾ ਹੈ ਜਿਸ ਨਾਲ ਵਰਤਾਰਿਆਂ ਨੂੰ ਸਮਝਿਆ ਜਾ ਸਕਦਾ ਹੈ।
ਕਿਤਾਬ ਦੇ ਸਾਰੇ ਲੇਖ ਪੰਜਾਬ ਤੇ ਦੇਸ਼ ਦੇ ਅਜੋਕੇ ਦ੍ਰਿਸ਼ ਨੂੰ ਸਮਝਣ-ਸਮਝਾਉਣ ਦਾ ਉਪਰਾਲਾ ਕਰਦੇ ਹਨ। ਖੇਤੀ, ਸਿੱਖਿਆ, ਸਿਹਤ, ਆਵਾਜਾਈ ਦੇ ਮਾਡਲਾਂ ਦਾ ਫੇਲ੍ਹ ਹੋ ਜਾਣਾ ਅਤੇ ਇਨ੍ਹਾਂ ਨੂੰ ਫੇਲ੍ਹ ਕਰ ਦੇਣ ਦੇ ਹਾਲਾਤ ਪੈਦਾ ਕਰ ਦੇਣੇ ਮੌਜੂਦਾ ਸਰਮਾਏਦਾਰੀ ਸਿਆਸਤ ਦੀ ਸੋਚੀ-ਸਮਝੀ ਰਣਨੀਤੀ ਹੈ। ਨਿੱਜੀ ਖੇਤਰ ਦੀ ਚੜ੍ਹਤ ਨਾਲ ਟਰੇਡ ਯੂਨੀਅਨਾਂ ਦਾ ਲਗਪਗ ਖ਼ਤਮ ਹੋ ਜਾਣਾ ਤੈਅ ਹੈ। ਜੇਕਰ ਕਿਧਰੇ ਮਾੜਾ-ਮੋਟਾ ਰੋਸ ਜਾਂ ਪ੍ਰਤਿਰੋਧ ਹੈ, ਉਹ ਉਨ੍ਹਾਂ ਥਾਵਾਂ ਉਪਰ ਹੈ ਜਿੱਥੇ ਕੁਝ ਹਿੱਸਾ ਜਨਤਕ ਖੇਤਰ ਦਾ ਹੈ। ਇਸ ਕਰਕੇ ਪੰਜਾਬ ਅਤੇ ਸਮੁੱਚਾ ਦੇਸ਼ ਗੰਭੀਰ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਦੌਰ ਵਿਚੋਂ ਨਿਕਲਣ ਲਈ ਲੇਖਕਾਂ, ਬੁੱਧੀਜੀਵੀਆਂ, ਰੰਗਕਰਮੀਆਂ ਤੇ ਵਿਦਿਆਰਥੀਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਪਾਸ਼ ਦੀਆਂ ਸਤਰਾਂ ਹਨ:
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ…।