ਡਾ. ਸਾਹਿਬ ਸਿੰਘ
ਨਵੇਂ ਆਰਡੀਨੈਂਸ ਜਾਰੀ ਹੋ ਰਹੇ ਹਨ। ਦਮਾਮੇ ਮਾਰਦੇ ਜੱਟ ਨੂੰ ਘੇਰਨ ਲਈ ਨਵਾਂ ਜਾਲ ਬੁਣਿਆ ਜਾ ਰਿਹਾ ਹੈ। ਘੱਟੋ ਘੱਟ ਸਮਰਥਨ ਮੁੱਲ ਮਿਲਦਾ ਸੀ ਤਾਂ ਵੀ ਉਸਦੀ ਫ਼ਸਲ ਘੱਟੇ ਕੌਡੀਆਂ ਹੀ ਰੁਲਦੀ ਸੀ, ਹੁਣ ਉਸ ਨੂੰ ਵਪਾਰੀਆਂ ਦੇ ਅੱਗੇ ਨਿਹੱਥੇ ਕਰ ਸੁੱਟਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਉਹ ਦਲਦਲ ’ਚ ਫਸਿਆ ਹੈ, ਪਰ ਉਹ ਮਾਸੂਮ ਹੈ। ਐਨੀ ਛੇਤੀ ਚਾਲਾਂ ਉਸਦੇ ਸਮਝ ਨਹੀਂ ਆਉਂਦੀਆਂ। ਉਸਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਉਹ ਆਪਣੀ ਮਾਸੂਮੀਅਤ, ਭੋਲਾਪਣ ਤੇ ਪੱਟਾਂ ਦੇ ਜ਼ੋਰ ਨੂੰ ਹੀ ਆਪਣੀ ਅਸਲੀ ਤਾਕਤ ਸਮਝਣ ਦੇ ਭਰਮ ’ਚ ਜੀਵੇ ਤੇ ਡਾਢੇ ਬੜੀ ਸੌਖ ਨਾਲ ਆਪਣੀ ਖੇਡ ਖੇਡ ਸਕਣ। ਪੰਜਾਬੀ ਰੰਗਮੰਚ ਉਸਦੇ ਦਰਦ ਨੂੰ ਸਮਝਣ, ਬਿਆਨਣ, ਇਸਦਾ ਇਲਾਜ ਲੱਭਣ ਲਈ ਲੋੜੀਂਦੀ ਭੂਮਿਕਾ ਨਿਭਾਉਂਦਾ ਰਿਹਾ ਹੈ। ਵੀਹਵੀਂ ਸਦੀ ਦੇ ਆਖਰੀ ਦਹਾਕੇ ’ਚ ਨਵਾਂ ਸ਼ਹਿਰ ਦੇ ਸਮਰੱਥ ਨਾਟਕਕਾਰ ਡਾ. ਦਵਿੰਦਰ ਕੁਮਾਰ ਨੇ ਨਾਟਕ ‘ਦਲਦਲ’ ਲਿਖਿਆ ਸੀ।
ਅਜਮੇਰ ਔਲਖ ਦੇ ਨਾਟਕਾਂ ’ਚ ਦਰਸ਼ਕ ਮਾਲਵੇ ਦੇ ਕਿਸਾਨ ਦੀ ਦਰਦ ਕਹਾਣੀ ਅਨੇਕਾਂ ਵਾਰ ਦੇਖ ਚੁੱਕੇ ਹਨ, ਦਵਿੰਦਰ ਕੁਮਾਰ ਉਸੇ ਦਰਦ ਦਾ ਦੁਆਬੀਆ ਰੰਗ ਲੈ ਕੇ ਹਾਜ਼ਰ ਸੀ। ਦੁਆਬੇ ਦੀ ਕਿਸਾਨੀ ਦਾ ਸੰਕਟ ਵੱਖਰੇ ਪਾਸਾਰ ਸਮੋਈ ਬੈਠਾ ਹੈ। ਦੁਆਬੇ ਦੇ ਕਿਸਾਨ ਕੋਲ ਇਕ ਪਾਸੇ ਜ਼ਮੀਨ ਥੋੜ੍ਹੀ ਹੈ, ਦੂਜਾ ਉਹ ਅਜੇ ਸੀਰੀ ਬਣਨ ਦੇ ਅਭਿਆਸ ’ਚ ਨਹੀਂ ਸੀ ਪਿਆ,ਤੀਜਾ ਮਹੱਤਵਪੂਰਨ ਪੱਖ ਇਹ ਕਿ ਵਿਦੇਸ਼ਾਂ ’ਚ ਜਾ ਕੇ ਵੱਸਣ ਦਾ ਰੁਝਾਨ ਵੀ ਮਾਲਵੇ ਤੋਂ ਪਹਿਲਾਂ ਦੁਆਬੇ ’ਚ ਆਪਣੇ ਪੈਰ ਪਸਾਰਦਾ ਹੈ। ਜ਼ਿਮੀਂਦਾਰ ਤੇ ਜੱਟ ਵਿਚਲਾ ਪਾੜਾ ਦੁਆਬੇ ’ਚ ਬਹੁਤ ਘੱਟ ਹੈ। ਇੱਥੇ ਜ਼ਿਆਦਾ ‘ਜੱਟ’ ਹੀ ਹਨ। ਡਾ. ਦਵਿੰਦਰ ਕੁਮਾਰ ਉਨ੍ਹਾਂ ਜੱਟਾਂ ਦੀ ਹੋਣੀ ਬਿਆਨਦਾ ਹੈ। ਉਹ ਜੱਟ ਦਲਦਲ ਬਣੀ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਲਈ ਮਿਹਨਤ ਕਰਦਾ ਹੈ,ਦਲਦਲ ਸੰਗ ਘੁਲਦਾ ਹੈ। ਇਸ ਉੱਤੇ ਜਿੱਤ ਵੀ ਪਾਉਂਦਾ ਹੈ, ਪਰ ਇਸ ਸਭ ਕੁਝ ਦੌਰਾਨ ਉਸਦੀ ਆਪਣੀ ਜ਼ਿੰਦਗੀ ਦਲਦਲ ਬਣ ਜਾਂਦੀ ਹੈ। ਜ਼ਿੰਦਗੀ ਦੇ ਸੁਭਾਵਿਕ ਖ਼ੂਬਸੂਰਤ ਪਲ, ਖੁਸ਼ੀਆਂ, ਚਾਅ ਉਸ ਲਈ ਬੋਝ ਬਣ ਜਾਂਦੇ ਹਨ ਤੇ ਉਹ ਆਪਣੀਆਂ ਨਿੱਕੀਆਂ ਨਿੱਕੀਆਂ ਗਰਜ਼ਾਂ ਪੂਰੀਆਂ ਕਰਨ ਲਈ ਕਰਜ਼ੇ ਦੀ ਦਲਦਲ ’ਚ ਧੱਸਦਾ ਜਾਂਦਾ ਹੈ ਤੇ ਆਖਰ ਖ਼ੁਦ ਦਲਦਲ ਹੋ ਜਾਂਦਾ ਹੈ। ਡਾ. ਦਵਿੰਦਰ ਕੁਮਾਰ ਦਾ ਇਹ ਨਾਟਕ ਕਿਸਾਨੀ ਜ਼ਿੰਦਗੀ ਦਾ ਯਥਾਰਥਕ ਚਿਤਰਣ ਹੈ।
ਕਰਮਾ ਛੋਟੀ ਕਿਸਾਨੀ ਦਾ ਪ੍ਰਤੀਨਿਧ ਪਾਤਰ ਹੈ। ਉਸਦਾ ਮੁੰਡਾ ਗੇਜ ਮਿਹਨਤੀ ਹੈ, ਪਰ ਤੰਗੀਆਂ ਤੁਰਸ਼ੀਆਂ ਕਾਰਨ ਖਿਝਿਆ ਰਹਿੰਦਾ ਹੈ। ਗੇਜ ਦੀ ਪਤਨੀ ਦੇਬੋ ਜ਼ਿੰਮੇਵਾਰ ਲਾਣੇਦਾਰਨੀ ਹੈ, ਪਰ ਉਸਦੇ ਚਾਅ ਕਮਜ਼ੋਰ ਆਰਥਿਕਤਾ ਦੀ ਭੇਟ ਚੜ੍ਹ ਰਹੇ ਹਨ। ਜਵਾਨ ਮੁੰਡਾ ਤੇ ਕੁੜੀ ਨਾਟਕ ਦੇ ਪਾਤਰ ਹਨ, ਪਰ ਮੰਚ ਉੱਤੇ ਉਨ੍ਹਾਂ ਦਾ ਸਿਰਫ਼ ਜ਼ਿਕਰ ਹੁੰਦਾ ਹੈ। ਸ਼ਾਹ, ਹੌਲਦਾਰ, ਮੈਨੇਜਰ ਨਿੱਕੇ ਤੇ ਨਿਗੂਣੇ ਖ਼ਲਨਾਇਕਾਂ ਦੇ ਰੂਪ ’ਚ ਹਾਜ਼ਰ ਹਨ। ਨਾਟਕ ਦਾ ਆਰੰਭ ਬੜਾ ਦਿਲਚਸਪ ਹੈ। 1993 ਦੀ ਗੱਲ ਹੈ। ਕਲਾ ਸੰਪਰਕ ਨਵਾਂ ਸ਼ਹਿਰ ਦੀ ਟੀਮ ਟੈਗੋਰ ਥੀਏਟਰ ਚੰਡੀਗੜ੍ਹ ’ਚ ਇਹ ਨਾਟਕ ਖੇਡਣ ਆਈ ਸੀ। ਚੰਡੀਗੜ੍ਹੀਏ ਸੱਜ ਧੱਜ ਕੇ ਪਹੁੰਚੇ। ਧਨੀਰਾਮ ਚਾਤਰਿਕ ਦਾ ਗੀਤ ‘ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ’ ਚੱਲ ਰਿਹਾ ਹੈ। ਰਾਜਧਾਨੀ ’ਚ ਬੈਠਾ, ਪਿੰਡ ਦੇ ਸੰਕਟ ਤੋਂ ਨਿਰਲੇਪ ਦਰਸ਼ਕ ਸ਼ਾਇਦ ਪਿੰਡ ਦੀ ਇਹ ਤਸਵੀਰ ਮਨ ’ਚ ਵਸਾ ਕੇ ਬੈਠਾ ਹੈ। ਉਹ ਸੁਣ ਇਹੀ ਰਿਹਾ ਹੈ, ਪਰ ਜੋ ਦੇਖ ਰਿਹਾ ਹੈ ਉਹ ਇਨ੍ਹਾਂ ਬੋਲਾਂ ਨਾਲ ਇਕ ਸੁਰ ਨਹੀਂ ਹੋ ਪਾ ਰਿਹਾ। ਮੰਚ ਉੱਤੇ ਜੋ ਨੱਚ ਰਹੇ ਹਨ ਉਨ੍ਹਾਂ ਦੀਆਂ ਪੱਗਾਂ ਘਸੀਆਂ ਹੋਈਆਂ ਹਨ। ਝੱਗੇ ਫਿੱਕੇ ਪਏ ਹੋਏ ਹਨ, ਚਾਦਰੇ ਧਰਤੀ ਨਹੀਂ ਸੁੰਭਰ ਰਹੇ, ਸਗੋਂ ਨੰਗ ਢੱਕਣ ਦੀ ‘ਮਿੰਨਤ’ ਕਰ ਰਹੇ ਹਨ।
ਸੂਤਰਧਾਰ ਹਾਜ਼ਰ ਹੁੰਦਾ ਹੈ, ਖ਼ੁਦ ਨਾਟਕਕਾਰ ਡਾ. ਦਵਿੰਦਰ ਕੁਮਾਰ ਪਰੇਸ਼ਾਨੀ ਮੁਕਾਉਣ ਲਈ ਨਹੀਂ, ਵਧਾਉਣ ਲਈ ਆਇਆ ਹੈ। ਮੰਚ ਉੱਤੇ ਪਿੰਡ ਹਾਜ਼ਰ ਹੁੰਦਾ ਹੈ। ਪਿੰਡ ਦਾ ਇਕ ਘਰ ਸਾਹਮਣੇ ਆਉਂਦਾ ਹੈ। ਕਰਮਾਂ ਕਹੀ ਨਾਲ ਬੱਠਲ ’ਚ ਮਿੱਟੀ ਭਰ ਰਿਹਾ ਹੈ। ਉਸਦਾ ਪੁੱਤ ਗੇਜ ਬੱਠਲ ਸਿਰ ’ਤੇ ਚੁੱਕ ਚੁੱਕ ਮਿੱਟੀ ਇਕ ਪਾਸੇ ਲਿਜਾ ਰਿਹਾ ਹੈ। ਜੱਟ ਮਿੱਟੀ ਨਾਲ ਘੁਲ ਰਿਹਾ ਹੈ। ਮਿੱਟੀ ਉਸਦੀ ਜਾਨ ਹੈ, ਉਸਦੀ ਦੋਸਤ ਹੈ, ਉਸਦੀ ਹੋਂਦ ਦਾ ਚਿੰਨ੍ਹ ਹੈ। ਉਹ ਇਸੇ ਮਿੱਟੀ ਨੂੰ ਇਧਰੋਂ ਪੁੱਟ ਉੱਧਰ ਲਾਈ ਜਾ ਰਿਹਾ ਹੈ ਤਾਂ ਕਿ ਚੋਂਦੀਆਂ ਛੱਤਾਂ ਦੇ ਮਘੋਰੇ ਭਰੇ ਜਾ ਸਕਣ ਤੇ ਉਸਦੇ ਸਿਰ ’ਤੇ ਕੋਈ ਆਫ਼ਤ ਨਾ ਚੋਵੇ।
ਦੇਬੋ ਪੇਕੇ ਗਈ ਹੋਈ ਹੈ, ਗੇਜ ਦੇਬੋ ਦੀ ਚੁੰਨੀ ਸਿਰ ’ਤੇ ਲੈ ਕੇ ਮੱਝ ਚੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਮੱਝ ਲੱਤ ਮਾਰ ਗਈ। ਦੇਬੋ ਪਰਤ ਆਈ ਹੈ। ਉਸ ਕੋਲ ਖ਼ੁਸ਼ਖ਼ਬਰੀ ਹੈ। ਉਹ ਕੁੜੀ ਦੇ ਵਿਆਹ ਦਾ ਪੱਕ ਠੱਕ ਕਰਕੇ ਆਈ ਹੈ। ਨਾਟਕਕਾਰ ਕਿਉਂਕਿ ਨਿਰਦੇਸ਼ਕ ਵੀ ਹੈ, ਉਹ ਚਲਾਕੀ ਖੇਡ ਗਿਆ। ਇਕ ਹੋਰ ਅਦਾਕਾਰਾ ਲੱਭਣ ਦੇ ਕਠਨ ਕਾਰਜ ਦਾ ਹੱਲ ਲੱਭਦਾ ਹੈ ਤੇ ਕੁੜੀ ਨੂੰ ਮਾਮੇ ਕੋਲ ਛੱਡ ਆਉਣ ਦਾ ਸੰਵਾਦ ਲਿਖਦਾ ਹੈ। ਖ਼ੁਸ਼ਖ਼ਬਰੀ ਆਈ ਹੈ, ਪਰ ਫ਼ਿਕਰ ਵੀ ਨਾਲ ਲਿਆਈ ਹੈ। ਵਿਆਹ ਲਈ ਪੈਸੇ ਕਿੱਥੋਂ ਆਉਣ? ਇਹ ਫ਼ਿਕਰ ਨਾਟਕ ਦਰਸ਼ਕ ਦੇ ਲੜ ਲਾ ਦਿੰਦਾ ਹੈ।
ਬਾਕੀ ਦਾ ਨਾਟਕ ਇਸ ਫ਼ਿਕਰ ਦੀ ਪੰਡ ਨੂੰ ਖੋਲ੍ਹਦਾ ਹੈ। ਪਿੰਡ ਦੇ ਨਾਈਆਂ ਦਾ ਮੁੰਡਾ ਛਿੰਦਾ ਅਰਬ ਦੇਸ਼ ਤੋਂ ਆਇਆ ਹੈ। ਉਸਤੋਂ ਕਰਜ਼ਾ, ਸ਼ਾਹ ਤੋਂ ਕਰਜ਼ਾ, ਸੁਸਾਇਟੀ ਤੋਂ ਕਰਜ਼ਾ…. ਇਕ ਲੜੀ ਚੱਲਦੀ ਹੈ। ਇਹ ਲੜੀ ਗੇਜ ਦੀ ਉਲਝੀ ਮਾਨਸਿਕਤਾ ਨੂੰ ਸ਼ਿੰਦੇ ਦੇ ਕਤਲ ਦੀ ਕੋਸ਼ਿਸ਼ ਤਕ ਲੈ ਜਾਂਦੀ ਹੈ। ਗੇਜ ਹੁਣ ਹਵਾਲਾਤ ’ਚ ਹੈ। ਕਰਮਾਂ ਅਰਧ ਪਾਗਲ ਹੋਇਆ ਫਿਰ ਰਿਹਾ ਹੈ। ਉਸਨੂੰ ਖੁੱਸੀ ਜ਼ਮੀਨ ਦਾ ਹੇਰਵਾ ਸਤਾ ਰਿਹਾ ਹੈ। ਉਹ ਵਾਰ ਵਾਰ ਬੋਲ ਰਿਹਾ ਹੈ,‘ਖੂਹ ਪੂਰਨਾ ਤਾਂ ਪਾਪ ਹੁੰਦਾ ਹੈ ਨਾ!’ ਇਹ ਸੰਵਾਦ ਇਸ ਨਾਟਕ ਦਾ ਹਾਸਲ ਹੈ। ਲੋਕ ਮਨਾਂ ’ਚ ਚਿਰਾਂ ਤੋਂ ਵੱਸੀਆਂ ਘੁੰਡੀਆਂ ਜਦੋਂ ਬਾਹਰੀ ਸੰਕਟ ਨਾਲ ਟਕਰਾਓ ਦੀ ਸਥਿਤੀ ’ਚ ਆਉਂਦੀਆਂ ਹਨ ਤਾਂ ਅਵਚੇਤਨ ’ਚ ਪਈਆਂ ਰੂੜੀਆਂ ਜਾਗਦੀਆਂ ਹਨ। ਉਹ ਉਸ ਸੰਕਟ ਪਿੱਛੇ ਕਾਰਜਸ਼ੀਲ ਅਸਲ ਤਾਕਤਾਂ ਨਾਲ ਮੱਥਾ ਲਾਉਣ ਲਈ ਤਿਆਰ ਨਹੀਂ ਹੁੰਦਾ ਤੇ ਪੁੰਨ ਪਾਪ ਦੀ ਕੰਠ ਕੀਤੀ ਵਿਆਖਿਆ ਨੂੰ ਜੱਫ਼ੀ ਪਾ ਲੈਂਦਾ ਹੈ ਤੇ ਕਰਮੇ ਵਾਂਗ ਆਖਰ ਮੌਤ ਦੇ ਲੜ ਲੱਗਦਾ ਹੈ। ਨਾਟਕਕਾਰ ਦਾ ਇਹ ਇਸ਼ਾਰਾ ਪੰਜਾਬੀ ਨਾਟਕਕਾਰੀ ’ਚ ਇਨਕਲਾਬੀ ਪਹਿਲਕਦਮੀ ਹੈ। ਉਹ ਦਲਦਲ ਦਾ ਗਹਿਗੱਚ ਵਿਸ਼ਲੇਸ਼ਣ ਪੇਸ਼ ਕਰ ਰਿਹਾ ਹੈ। ਜਿੱਥੇ ਦਲਦਲ ’ਚ ਫਸੇ ਪਾਤਰ ਆਪਸ ਵਿਚ ਹੀ ਗੁੱਥਮ ਗੁੱਥਾ ਹੋ ਰਹੇ ਹਨ ਤੇ ਦਿਸ਼ਾਹੀਣ ਪੈਰ ਦਲਦਲ ਦੇ ਹੋਰ ਅੰਦਰ ਧੱਸਦੇ ਜਾ ਰਹੇ ਹਨ। 1993 ’ਚ ਲਿਖਿਆ ਨਾਟਕ 2020 ਵਿਚ ਇੰਨਬਿੰਨ ਖੇਡਿਆ ਜਾ ਸਕਦਾ ਹੈ। ਅੱਜ ਦੇ ਆਰਡੀਨੈਂਸ ਵੀ ਨਿਮਨ ਕਿਸਾਨੀ, ਛੋਟੇ ਵਪਾਰੀ, ਛੋਟੇ ਦੁਕਾਨਦਾਰ, ਜਰਾ ਕੁ ਸੁਖਾਲੇ ਦਿਸਦੇ ਵਿਦੇਸ਼ੋਂ ਪਰਤੇ ਲੋਕ ਤੇ ਸਮੁੱਚੇ ਪੇਂਡੂ ਭਾਈਚਾਰੇ ਲਈ ਮੁਸ਼ਕਿਲਾਂ ਦਾ ਪਹਾੜ ਲੈ ਕੇ ਹਾਜ਼ਰ ਹਨ।
ਸੰਪਰਕ: 98880-11096