ਮਨਮੋਹਨ
ਇਕ ਪੁਸਤਕ – ਇਕ ਨਜ਼ਰ
‘ਰਾਹਕ’ ਗੁਰਪ੍ਰੀਤ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ। ਗੁਰਪ੍ਰੀਤ ਦਾ ਕਵਿਤਾ ਕਹਿਣ ਦਾ ਆਪਣਾ ਨਿਵੇਕਲਾ ਢੰਗ ਅਤੇ ਮੁਹਾਵਰਾ ਹੈ ਜੋ ਉਸ ਦੀ ਕਵਿਤਾ ਦੀ ਵੱਖਰੀ ਪਹਿਚਾਣ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤੀਜੇ ਪਾਤਸ਼ਾਹ ਦਾ ਫ਼ਰਮਾਨ ਹੈ:
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ॥
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ॥
ਭਾਵ ਪ੍ਰਭੂ ਆਪ ਹੀ ਭੋਇੰ ਹੈ, ਆਪ ਹੀ ਉਸ ਨੂੰ ਵਾਹੁਣ ਵਾਲਾ (ਰਾਹਕ) ਹੈ, ਆਪ ਹੀ ਅੰਨ ਉਗਾਉਂਦਾ ਹੈ, ਆਪ ਹੀ ਪਿਹਾਉਂਦਾ ਹੈ, ਆਪ ਹੀ ਪਕਾਉਂਦਾ ਹੈ ਅਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਅਤੇ ਆਪ ਹੀ ਬਹਿ ਕੇ ਖਾਂਦਾ ਹੈ। ਮਹਾਨਕੋਸ਼ ਅਨੁਸਾਰ ‘ਰਾਹਕ, ਰਾਹਕੁ: ਸੰਗਯਾ- ਹਲ ਨਾਲ ਜ਼ਮੀਨ ਪੁਰ ਲੀਕ ਕੱਢਣ ਵਾਲਾ, ਕਿਰਸਾਣ. 2. ਚੱਕੀ ਦੇ ਪੁੜ ਉੱਤੇ ਟੱਕ ਲਾ ਕੇ ਖੁਰਦਰਾ (ਖਰ੍ਹਵਾ) ਕਰਨ ਵਾਲਾ ਕਾਰੀਗਰ।’
ਗੁਰਪ੍ਰੀਤ ਲਈ ਕਵੀ ਅਤੇ ਹਲਵਾਹਕ ਦੇ ਕਰਮ ’ਚ ਸਾਂਝ ਹੈ। ਦੋਵੇਂ ਆਪੋ ਆਪਣੇ ਢੰਗ ਨਾਲ ਆਪਣੀ ਸਿਰਜਣਾ ਦੇ ਸਿਰਜਕ ਹਨ। ਦਰਸ਼ਨ ਅਤੇ ਕਵਿਤਾ ਦੋ ਪਰਸਪਰ ਵਿਸ਼ੇ ਹਨ। ਕਵਿਤਾ ’ਚ ਅਮੂਰਤ ਰੂਪ ’ਚ ਦਰਸ਼ਨ ਸਮਾਇਆ ਹੋ ਸਕਦਾ ਹੈ, ਪਰ ਇਕੱਲਾ ਦਰਸ਼ਨ ਕਵਿਤਾ ਨਹੀਂ ਹੋ ਸਕਦਾ। ਕਵਿਤਾ ਕਿਸੇ ਵੀ ਸਮਾਜ ਦਾ ਸਿਮਰਤੀ ਕੋਸ਼ ਹੁੰਦੀ ਹੈ। ਕਵੀ ਲਈ ਦਰਸ਼ਨ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਜੀਵਨ ਦਰਸ਼ਨ। ਕਵਿਤਾ ਨੂੰ ਅਧਿਆਤਮਕ ਦਰਸ਼ਨ ਨਾਲ ਜੋੜ ਕੇ ਵੀ ਦੇਖਿਆ ਗਿਆ ਹੈ। ਅਧਿਆਤਮਕ ਅਨੁਭਵ ਕਿਸੇ ਜੜ੍ਹਭੂਤ ਧਾਰਮਿਕ ਵਿਆਕਰਣ ਦਾ ਮੁਹਤਾਜ ਨਹੀਂ। ਇਸੇੇ ਕਰਕੇ ਸ਼ਾਇਦ ਕਵਿਤਾ ਦੇ ਪ੍ਰਸੰਗ ’ਚ ਮਸ਼ਹੂਰ ਹੈ ਕਿ ਜਿਸ ਸ਼ਖ਼ਸ ਨੇ ਕਿਸੇ ਹੋਰ ਦੇ ਵਿਸ਼ੇਸ਼ ਵਿਚਾਰਾਂ ’ਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦਾ ਇਰਾਦਾ ਕਰ ਲਿਆ ਹੋਵੇ ਉਹ ਕਵਿਤਾ ਤੇ ਪ੍ਰੇਮ ਤੋਂ ਦੂਰ ਹੀ ਰਹੇ। ‘ਰਾਹਕ’ ਇਸ ਕਾਵਿ ਸੰਗ੍ਰਹਿ ਦੀ ਸਿਰਲੇਖ ਕਵਿਤਾ ਹੈ ਜਿਸ ਵਿਚੋਂ ਗੁਰਪ੍ਰੀਤ ਦਾ ਕਾਵਿ-ਦਰਸ਼ਨ ਝਲਕਦਾ ਹੈ।‘ਮੀਲਾਂ ਲੰਮੀ ਸਤਰ’ ਕਵਿਤਾ ਕਿਸਾਨੀ ਅੰਦੋਲਨ ਦੇ ਸੰਦਰਭ ਰਾਹੀਂ ‘ਰਾਹਕ’ ਦੀ ਵਰਤਮਾਨ ਸਥਿਤੀ ਸ਼ਾਇਦ ਕਣਕ ਦੇ ਦਾਣੇ ਉਪਰਲੀ ਲੀਕ ਦਾ ਹੀ ਇਕ ਹੋਰ ਪ੍ਰਗਟਾਅ ਹੈ:
ਕਣਕ ਦੇ ਦਾਣੇ ’ਤੇ/ ਪਈ ਲੀਕ/ ਉਹੀ ਤਾਂ ਨ੍ਹੀਂ/ ਜੋ ਵਾਹੁੰਦਾ ਹੈ ਵਾਹਕ/ ਧਰਤੀ ਦੇ ਪਿੰਡੇ ’ਤੇ
ਦਿਲ ਦੀ ਧਕ-ਧਕ/ ਚੱਕੀ ਦੇ ਪੁੜਾਂ ਦੇ ਰਾਹੇ ਜਾਣ ਤੋਂ
ਵੱਖਰੀ ਨਹੀਂ/ ਨਾ ਹੀ ਇੱਟਾਂ ਦੇ/ ਚਿਣੇ ਜਾਣ ਤੋਂ ਭਿੰਨ/ ਤੁਰੇ ਜਾਂਦੇ ਮਨੁੱਖ ਦੇ/ ਪੈਰਾਂ ਦੀ ਆਵਾਜ਼ ਵੀ/ ਇਹੋ ਹੁੰਦੀ॥
‘ਬੁਰਕੀ’ ਕਵਿਤਾ ਵਿਚ ਰਿਜ਼ਕ, ਰੋਟੀ ਤੇ ਰੱਜ ਬੰਦੇ ਦੀ ਹੋਂਦ ਕਾਇਮ ਰੱਖਣ ਦੇ ਹੇਤੂ ਹਨ, ਪਰ ਇਹ ਕਿਸੇ ਲਈ ਪਿੰਜਰਾ ਵੀ ਸਾਬਿਤ ਹੋ ਸਕਦੀ ਹੈ। ‘ਰਾਹਕ’ ਦੀਆਂ ਕਵਿਤਾਵਾਂ ਸਭਿਆਚਾਰਕ ਪੁੱਠ ਅਤੇ ਭਾਸ਼ਕ ਪਰਿਵੇਸ਼ ਨੂੰ ਆਪਣਾ ਉਚਾਰ ਬਣਾਉਂਦੀਆਂ ਹਨ। ‘ਪੰਜਾਬੋ’ ਨਾਮ ਦੀ ਕਵਿਤਾ ਵਿਚ ਗੁਰਪ੍ਰੀਤ ਪੰਜਾਬੀ ਭਾਸ਼ਾ ’ਚ ਭਿੰਨ ਭਿੰਨ ਭਾਸ਼ਾ ਸਰੋਤਾਂ ਤੋਂ ਆਏ ਸ਼ਬਦਾਂ ਨੂੰ ਸਭਿਆਚਾਰੀਕਰਣ ਦੀ ਪ੍ਰਕਿਰਿਆ ਰਾਹੀਂ ਆਤਮਸਾਤ ਕਰਨ ਦੇ ਭਾਵ ਨੂੰ ਕਾਵਿ-ਭਾਸ਼ਾ ਦਿੰਦਾ ਹੈ। ਰੱਬ ਅਰਬੀ ਤੋਂ, ਜ਼ਮੀਨ ਫ਼ਾਰਸੀ ਤੋਂ, ਕੈਂਚੀ ਤੁਰਕੀ ਤੋਂ, ਸਕੂਲ ਅੰਗਰੇਜ਼ੀ ਤੋਂ, ਸਾਰੰਗੀ ਯੂਨਾਨੀ ਤੋਂ ਅਤੇ ਅਲਮਾਰੀ ਪੁਰਤਗਾਲੀ ਤੋਂ ਆਏ ਸ਼ਬਦ ਹਨ, ਜਿਨ੍ਹਾਂ ਨੇ ਪੰਜਾਬੀ ਦੇ ਮੋਕਲੇ ਵਿਚ ਜੜ੍ਹ ਲਾ ਕੇ ਵੇਲ ਵਧਾਈ ਹੈ। ‘ਙ’ ਕਵਿਤਾ ’ਚ ਇਸ ਅੱਖਰ ਦੇ ਪੰਜਾਬੀ ਲੇਖਣੀ ’ਚ ਪੈਦਾ ਹੋ ਰਹੇ ਅਵਰਤੋਂ ਦੇ ਪ੍ਰਭਾਵ ਨੂੰ ‘ਹੇਰਵੇ’ ਨਾਲ ਕਾਵਿ-ਭਾਸ਼ਾ ਪ੍ਰਦਾਨ ਕੀਤੀ ਗਈ ਹੈ। ਇਸ ਅੱਖਰ ਦੀ ਵਰਤੋਂ ਭਾਵੇਂ ਪ੍ਰਚਲਿਤ ਨਹੀਂ ਰਹੀ, ਪਰ ਭਾਸ਼ਾ ’ਚ ਧੁਨੀ ਅਵੱਸ਼ ਮੌਜੂਦ ਹੈ ਜਿਵੇਂ ਙਿਆਨ, ਸੰਙ, ਵੰਙ ਅਤੇ ਰੰਙ। ‘ਦ੍ਰਿਸ਼’ ਕਵਿਤਾ ਪੰਜਾਬ ਦੇ ਜੀਵਨ ’ਚ ਸੁਬਹ-ਸਵੇਰੇ ਧਾਰਾਂ ਕੱਢਦੀ ਮੁਟਿਆਰ ਦੀਆਂ ਖਣਖਣ ਕਰਦੀਆਂ ਵੰਙਾਂ ਅਤੇ ਰੱਸਾ ਤੁੜਾਉਂਦੇ ਕੱਟੇ ਦੀ ਸਭਿਆਚਾਰਕ ਝਲਕ ਪੇਸ਼ ਕਰਦੀ ਹੈ। ‘ਬਾਬੇ ਨਾਨਕ ਦਾ ਘਰ’ ਕਵਿਤਾ ਗੁਰੂ ਨਾਨਕ ਦੇ ਸਭਿਆਚਾਰਕ ਬਿੰਬ ਨੂੰ ਕਾਵਿਕਤਾ ਪ੍ਰਦਾਨ ਕਰਦੀ ਹੈ। ‘ਡਰਨਾ’ ਕਵਿਤਾ ਵਿਚ ਪੰਜਾਬੀ ਪੇਂਡੂ ਜੀਵਨ ਡਰਨੇ ਨਾਲ ਜੁੜੀਆਂ ਕਈ ਬਹੁਅਰਥੀ ਜ਼ਾਹਰ-ਗੁੱਝੀਆਂ ਚਿਹਨਾਤਮਕਤਾਵਾਂ ਨੂੰ ਨਿਭਾਇਆ ਹੈ।
ਗੁਰਪ੍ਰੀਤ ਦੀਆਂ ਕਵਿਤਾਵਾਂ ਜਿਵੇਂ ‘ਸਹੀ ਵੇਲਾ’, ‘ਨਵੀਂ ਕਹਾਣੀ’, ‘ਤੋਹਫ਼ਾ’, ‘ਯਾਦਾਂ’, ‘ਸਹਾਰਾ’, ‘ਮਾਂ ਫੋਟੋ ’ਚ ਮੁਸਕਰਾਅ ਰਹੀ ਹੈ’ ਵਿਚ ਵਾਤਸਲ ਭਾਵ ਦੀਆਂ ਤਹਿਆਂ ਖੁੱਲ੍ਹਦਿਆਂ ਪਤਾ ਲੱਗਦਾ ਹੈ ਕਿ ਮਾਂ ਦੁਨੀਆਂ ਦੀ ਸਭ ਤੋਂ ਵੱਡੀ ਕਵਿਤਾ ਹੁੰਦੀ ਹੈ। ਮਾਂ ਦੇ ਤੁਰ ਜਾਣ ’ਤੇ ਭੌਤਿਕ ਸਪੇਸ ਤਾਂ ਖ਼ਾਲੀ ਹੋ ਜਾਂਦੀ ਹੈ, ਪਰ ਅਭੌਤਿਕ ’ਚ ਉਹ ਸਦਾ ਅਧਿਆਤਮ ਵਾਂਗ ਅਦਿੱਖ ਰੂਪ ’ਚ ਦ੍ਰਿਸ਼ਮਾਨ ਰਹਿੰਦੀ ਹੈ। ਇਸ ਕਰਕੇ ਉਹ ਕਵਿਤਾ ’ਚ ਸਦਾ ਜਿਉਂਦੀ ਜਾਗਦੀ ਮੁਸਕਰਾਉਂਦੀ ਦਿਸਦੀ ਹੈ। ‘ਸਹਾਰਾ’ ਕਵਿਤਾ ਵਿਚ ਮਾਂ ਦੀਆਂ ਵਸਤਾਂ ਘਰ ’ਚ ਕਿਸੇ ਨਾ ਕਿਸੇ ਬਹਾਨੇ ਉਸ ਦੀ ਹੋਂਦ ਜਤਾ ਜਾਂਦੀਆਂ ਨੇ:
ਕਹੇ ਕਹਾਏ ਚੁੱਕ ਲਈ/ ਖੂੰਡੀ ਮਾਂ ਨੇ ਮਨੋਂ ਹੀ
… … …
ਕੱਲ੍ਹ ਮੈਂ ਬਾਪੂ ਨੂੰ/ ਇਧਰ ਉਧਰ ਕੁਝ ਲਭਦੇ ਦੇਖਿਆ
ਤਾਂ ਪੁੱਛਿਆ-/ ਕੀ ਭਾਲਦੇ ਹੋ?
ਮੇਰੇ ਸਿਰਹਾਣੇ/ ਤੇਰੀ ਮਾਂ ਦੀ ਖੂੰਡੀ ਪਈ ਸੀ?
ਕਵਿਤਾ ਬਾਰੇ ਹਰ ਭਾਸ਼ਾ ਵਿਚ ਸਦਾ ਹੀ ਕਵਿਤਾਵਾਂ ਲਿਖੀਆਂ ਜਾਂਦੀਆਂ ਰਹੀਆਂ ਹਨ ਅਤੇ ਭਵਿੱਖ ਵਿਚ ਵੀ ਲਿਖੀਆਂ ਜਾਂਦੀਆਂ ਰਹਿਣਗੀਆਂ। ਕਵਿਤਾ ਦੀ ਸਿਰਜਣ ਪ੍ਰਕਿਰਿਆ ਕਵੀ ਲਈ ਓਨਾ ਹੀ ਸੰਮੋਹਨ ਰੱਖਦੀ ਹੈ ਜਿੰਨਾ ਕਵਿਤਾ। ਕਵਿਤਾ ਵਿਚੋਂ ਉਸ ਨੂੰ ਆਪਣੀ ਪ੍ਰੇਰਨਾ ਸਰੋਤ ਅਤੇ ਪ੍ਰੇਰਨਾ ਸਰੋਤ ਵਿਚੋਂ ਆਪਣੀ ਕਵਿਤਾ ਦੇ ਦਰਸ਼ਨ ਹੁੰਦੇ ਹਨ। ਇਸੇ ਲਈ ਕਵਿਤਾ ਅਤੇ ਪ੍ਰੇਮਿਕਾ ਸਮਰੂਪ ਹੋ ਜਾਂਦੀਆਂ ਹਨ। ਪਲੈਟੋ ਕਹਿੰਦਾ ਹੈ ਕਿ ਪ੍ਰੇਮ ਦੀ ਛੋਹ ਨਾਲ ਹਰ ਕੋਈ ਕਵੀ ਬਣ ਜਾਂਦਾ ਹੈ, ਪਰ ਇਹ ਵੀ ਸਹੀ ਹੈ ਕਿ ਹਰ ਪ੍ਰੇਮੀ ਕਵੀ ਨਹੀਂ ਹੁੰਦਾ। ਕਵੀ ਹੋਣ ਲਈ ਪ੍ਰੇਮ ਇਕ ਪ੍ਰੇਰਨਾ ਹੈ, ਇਕ ਨਿਸ਼ਬਦ ਪ੍ਰੋਤਸਾਹਨ ਜਿਸ ਰਾਹੀਂ ਕਵਿਤਾ ਆਪਣੀ ਸ਼ਾਬਦਿਕਤਾ ’ਚੋਂ ਉਗਮਦੀ ਹੈ। ਕਵਿਤਾ ਆਪਣੇ ਆਪੇ ’ਚੋਂ ਆਪਣਾ ਸਰੂਪ ਗ੍ਰਹਿਣ ਕਰਦੀ ਹੈ। ਗੁਰਪ੍ਰੀਤ ਦੀਆਂ ਕਵਿਤਾ ਬਾਰੇ ਕਵਿਤਾਵਾਂ ਜਿਵੇਂ ‘ਬਿਨ ਸਿਰ ਪੈਰ ਕਵਿਤਾ’, ‘ਆਵਾਜ਼’, ‘ਫ਼ਾਸਲਾ’, ‘ਰੋਜ਼ ਇਕ ਕਵਿਤਾ’, ‘ਕੋਈ ਹੋਰ’, ‘ਕਵੀ ਮਨ’, ‘ਹਮਕੀਨ’, ‘ਨਵੇਂ ਸਕੂਲ ’ਚ’ ਅਤੇ ‘ਦਰਅਸਲ ਮੁਸਾਫ਼ਰ’ ਆਦਿ ਅਜਿਹੀਆਂ ਕਵਿਤਾਵਾਂ ਹਨ ਜੋ ਆਪਣੀ ਸਟੀਕ ਕਾਵਿ-ਭਾਸ਼ਾ ਅਤੇ ਸਫ਼ੁਰਤ ਮੁਹਾਵਰੇ ਕਾਰਨ ਵੱਖਰੀ ਪਹਿਚਾਣ ਰੱਖਦੀਆਂ ਹਨ। ‘ਹਮਕੀਨ’ ਕਵਿਤਾ ਵਿਚ ਕਵੀ ਨੂੰ ਕੋਈ ਪੁੱਛਦੈ ਕਿ ਕਵਿਤਾ ਕਿੱਥੋਂ ਆਉਂਦੀ ਤੇ ਇਹਨੂੰ ਪੜ੍ਹਨ ਦਾ ਢੰਗ ਕੀ? ਕਵੀ ਸੱਜੇ ਝਾਕਿਆ ਫਿਰ ਖੱਬੇ। ਉਤਾਂਹ ਵੇਖਿਆ ਫਿਰ ਹੇਠਾਂ। ਤੇ ਫਿਰ ਕਵੀ ਮਾਮੂਲੀ ਜਿਹਾ ਮੁਸਕਰਾ ਦਿੰਦਾ ਹੈ ਕਿਉਂਕਿ ਕਵਿਤਾ ਬਾਰੇ ਕੁਝ ਕਹਿਣਾ ਅਕਹਿ ਹੈ। ਕਲਾ ਤੇ ਕਵਿਤਾ ਦਾ ਪਰਸਪਰ ਅਤੇ ਨਿਕਟ ਸਬੰਧ ਹੈ। ਕਵਿਤਾ ਵਿਚੋਂ ਕਲਾ ਪ੍ਰਗਟ ਹੁੰਦੀ ਹੈ ਅਤੇ ਕਲਾ ਵਿਚੋਂ ਕਵਿਤਾ। ਸਿਰਫ਼ ਮਾਧਿਅਮਾਂ ਦਾ ਅੰਤਰ ਹੈ। ਕਵੀ ਦੇ ਕਲਾਕ੍ਰਿਤ ਨੂੰ ਦੇਖਣ ਦੀ ਆਪਣੀ ਦ੍ਰਿਸ਼ਟੀ ਹੈ। ਗੁਰਪ੍ਰੀਤ ਦੀ ਕਵਿਤਾ ‘ਬੁੱਧ’ ਇਉਂ ਹੈ:
ਪੱਥਰ/ ਹੁਣ ਬੁੱਧ ਨਹੀਂ ਰਿਹਾ।/ ਕਿਸੇ ਕਲਾਕਾਰ ਨੇ ਉਹਨੂੰ/ ਬੁੱਧ ਦੀ ਮੂਰਤੀ ’ਚ/ ਘੜ੍ਹ ਦਿੱਤਾ॥
ਕਵੀ ਵਿਭਿੰਨ ਜੀਵਨ ਅਨੁਭਵਾਂ ਵਿਚੋਂ ਕਵਿਤਾ ਕਸ਼ੀਦ ਕਰਦਾ ਹੈ। ਕਵਿਤਾ ਤੇ ਜਿਉਣਾ ਦੋ ਅਲੱਗ ਵਿਸ਼ੇ ਨਹੀਂ। ਕਵੀ ਦਾ ਇਕੋ ਇਕ ਸੱਚ ਉਸ ਦੀ ਆਤਮ-ਪ੍ਰੇਰਣਾ ਹੁੰਦਾ ਹੈ। ਉਸ ਦੇ ਅੰਦਰਲਾ ਸੱਚਾ ਸੁੱਚਾ ਅਨੁਭਵ। ਇਸ ਸੱਚ ਦਾ ਸਾਹਮਣਾ ਇਕ ਖ਼ਤਰਨਾਕ ਪ੍ਰਕਿਰਿਆ ਹੈ। ਗੁਰਪ੍ਰੀਤ ਦੀਆਂ ਕਈ ਕਵਿਤਾਵਾਂ ਜਿਵੇਂ ਪੈਰ, ਕਣਕਵੰਨੀ, ਧਰਤੀ, ਸਾਥਣ, ਜਿੰਦੋ, ਘਾਹ, ਗਵਾਂਢੀਆਂ ਦੀ ਨੰਨ੍ਹੀ ਬੱਚੀ, ਕਮਾਲ ਅਤੇ ਖਿੜਕੀਆਂ ਵਿਚ ਜੀਵਨ ਅਨੁਭਵ ਸੁਤੇਸਿੱਧ ਕਾਵਿਕ ਪ੍ਰਗਟਾਅ ਹੰਢਾਉਂਦਾ ਸਾਧਾਰਨਤਾ ਵਿਚੋਂ ਅਦਭੁੱਤ ਦੇ ਦਰਸ਼ਨ ਕਰਵਾਉਂਦਾ ਹੈ। ਗੁਰਪ੍ਰੀਤ ‘ਸਾਥਣ’ ਕਵਿਤਾ ਵਿਚੋਂ ਇਕ ਵਾਰ ਜੀਵੀ ਸਥਿਤੀ ਨੂੰ ਪਹਿਲਾਂ ਵੀ ਕਿਤੇ ਜੀਵੀ ਅਵਸਥਾ ਨਾਲ ਜੋੜ ਕੇ ਦੇਖਦਾ ਹੈ:
ਅੱਜ ਫਿਰ ਜਾਂਦਾ/ ਉਸ ਪੱਥਰ ਕੋਲ
ਜਿਸ ’ਤੇ ਅਕਸਰ ਆ ਬੈਠਦੀ/ ਆਥਣ ਮੇਰੇ ਨਾਲ
ਹੈਰਾਨ ਮੈਂ/ ਅੱਜ ਤੀਕ ਵੀ/ ਉਡੀਕ ਰਹੀ ਮੈਨੂੰ/ ਉਹ ਸ਼ਾਮ॥
ਪ੍ਰੇਮ ਕਰਨਾ ਵੀ ਮਹਾਨ ਕਵਿਤਾ ਦੀ ਰਚਨਾ ਦੀ ਤਰ੍ਹਾਂ ਹੈ ਜਾਂ ਕਵਿਤਾ ਰਚਣਾ ਇਕ ਤਰ੍ਹਾਂ ਨਾਲ ਪ੍ਰੇਮ ਕਰਨਾ ਹੈ। ਇਹ ਦੋਵੇਂ ਰਚੇ ਜਾਣ ਲਈ ਵਕਤ ਲੈਂਦੇ ਹਨ। ਕਵਿਤਾ ਅਤੇ ਪ੍ਰੇਮ ਕਰਨਾ ਸਦਾ ਅਧੂਰੇ ਕਰਮ ਹੁੰਦੇ ਹਨ। ਕਵੀ ਹੋਣ ਲਈ ਪ੍ਰੇਮ ਇਕ ਪ੍ਰੇਰਨਾ ਹੈ। ਇਹ ਪ੍ਰੇਰਨਾ ਹੀ ਪ੍ਰੇਮ ਦੇ ਸੰਪੂਰਨ ਹੋਣ ਵਿਚ ਸਹਾਈ ਹੁੰਦੀ ਹੈ। ਇਸ ਪ੍ਰਕਿਰਿਆ ’ਚ ਪ੍ਰੇਮੀ ਅਤੇ ਪ੍ਰੇਮ ਇਕ ਹੀ ਹੋ ਜਾਂਦੇ ਹਨ ਜਿਵੇਂ ਬ੍ਰਹਮ ਨੂੰ ਜਾਨਣ ਵਾਲਾ ਆਪ ਬ੍ਰਹਮ ਹੋ ਜਾਂਦਾ ਹੈ।
ਕੁਝ ਵਿਚਾਰ, ਭਾਵਨਾਵਾਂ ਅਤੇ ਸੋਚਾਂ ਸਹਿਜੇ ਹੀ ਕਵੀ ਦੇ ਕਾਵਿ ਸਹਿਜ ਦਾ ਹਿੱਸਾ ਬਣ ਜਾਂਦੀਆਂ ਹਨ। ਕਵੀ ਨੂੰ ਉਹ ਵੀ ਦਿਸਦਾ ਹੈ ਜੋ ਦੂਜੇ ਨਹੀਂ ਦੇਖ ਸਕਦੇ ਜਾਂ ਅਦਿੱਖ ਹੈ। ਇਹ ਅਦਿੱਖ ਦੇਖਣਾ ਅਤੇ ਅਕਹਿ ਨੂੰ ਕਹਿਣਾ, ਦਿਸਦੇ ਨੂੰ ਲੁਕਾਉਣਾ ਅਤੇ ਓਹਲੇ ਨੂੰ ਉਜਾਗਰ ਕਰਨਾ ਹੀ ਕਵਿਤਾ ਹੈ। ਵਿਲੀਅਮ ਬਲੇਕ ਇਸ ਸੰਦਰਭ ਵਿਚ ਕਹਿੰਦਾ ਹੈ: ‘‘ਕਵਿਤਾ ਕੀ ਹੈ? ਰੇਤ ਦੇ ਕਿਣਕੇ ’ਚੋਂ ਦੁਨੀਆ ਡਿੱਠਣਾ…’’ ਗੁਰਪ੍ਰੀਤ ਦੀਆਂ ਕਵਿਤਾਵਾਂ ‘ਫੋਟੋ’, ‘ਹਾਸਾ ਰੋਣਾ’, ‘ਹਾਸਾ’ ਅਤੇ ‘ਦੂਜਾ ਸ਼ਨੀਵਾਰ’ ਇਸ ਪ੍ਰਸੰਗ ’ਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ‘ਭਾਰ’ ਕਵਿਤਾ ਵਰਤਮਾਨ ਦੀਆਂ ਵਿਡੰਬਨਾਵਾਂ ਨੂੰ ਸਟੀਕ ਕਾਵਿ ਭਾਸ਼ਾ ਵਿਚ ਪੇਸ਼ ਕਰਦੀ ਹੈ।
ਗੁਰਪ੍ਰੀਤ ਦੀ ਕਵਿਤਾ ਵਿਚ ਪ੍ਰਬਲ ਕਾਵਿ ਜੁਗਤ ਵਿਰੋਧਾਭਾਸ ਜਾਂ ਕਬੀਰ ਕਾਵਿ ਵਾਲੀ ਉਲਟਬਾਂਸੀ ਹੈ। ਇਸ ਵਿਚ ਕਵੀ ਅਜਿਹੀ ਕਾਵਿ ਭਾਸ਼ਾ ਸਿਰਜਦਾ ਹੈ ਜਿਸ ਵਿਚ ਸਿੱਧੀ ਸਥਿਤੀ ਨੂੰ ਉਲਟ ਸਥਿਤੀ ਵਿਚ ਰੂਪਾਂਤ੍ਰਿਤ ਕਰ ਦਿੱਤਾ ਜਾਂਦਾ ਹੈ। ‘ਰੰਗ’ ਕਵਿਤਾ ’ਚ ਗੁਰਪ੍ਰੀਤ ਇੰਝ ਹੀ ਕਰਦਾ ਹੈ:
ਕੂ-ਕੂ/ ਚੀਂ ਚੀਂ/ ਕਾਂ-ਕਾਂ/ ਮਿਆਊਂ-ਮਿਆਊਂ/ ਟ੍ਰੈਂਅ-ਟ੍ਰੈਂਅ
ਕਿੰਨੀ ਹੈਰਾਨੀ ਨਾਲ/ ਦੇਖ ਰਿਹਾ/ ਇਨ੍ਹਾਂ ਆਵਾਜ਼ਾਂ ਨੂੰ
ਇਕ ਸੱਜਣ ਸੁਪਨੇ’/ ਮੈਂ ਉਹਦੇ ਕੰਨਾਂ ਦੀ/ ਤਸਵੀਰ ਵਾਹੁਣ ਲਈ/ ਆਪਣੀਆਂ ਅੱਖਾਂ ਲੱਭਦਾ॥
ਗੁਰਪ੍ਰੀਤ ਨੂੰ ਸਭ ਤੋਂ ਸੋਹਣੀ ਆਵਾਜ਼ ਕਿਤਾਬ ਦੇ ਪੰਨੇ ਪਰਤਣ ਦੀ ਲੱਗਦੀ ਹੈ, ਪਰ ਉਸ ਦੀ ਕਵਿਤਾ ਕਿਤਾਬੀ ਨਹੀਂ। ਉਸ ਦੀ ਕਵਿਤਾ ਪ੍ਰਮਾਣਿਕ ਕਾਵਿ-ਅਨੁਭਵਾਂ ’ਚੋਂ ਪੈਦਾ ਹੋ ਆਪਣੀ ਪ੍ਰਮਾਣਿਕ ਕਾਵਿ-ਭਾਸ਼ਾ ’ਚ ਪ੍ਰਗਟ ਹੁੰਦੀ ਹੈ।
ਇਹ ਕਾਵਿ ਭਾਸ਼ਾ ਉਸ ਦੇ ਕਾਵਿ-ਅਭਿਆਸ ਅਤੇ ਕਾਵਿ-ਸ਼ਿਲਪ ’ਚੋਂ ਆਪਣਾ ਸਰੂਪ ਸਾਕਾਰ ਕਰਦੀ ਹੈ। ਇਸ ਕਾਰਨ ਪੰਜਾਬੀ ਕਾਵਿ-ਜਗਤ ਵਿਚ ਉਸ ਦਾ ਵਿਲੱਖਣ ਤੇ ਵੱਖਰਾ ਬਿੰਬ ਹੈ।
ਸੰਪਰਕ: 82839-48811