ਅੰਜਿਲਾ ਪਾਗਹੀ
ਤਾਲਿਬਾਨੋ!
ਲੈ ਕੇ ਆਪਣੇ ਬੁੱਲ੍ਹਾਂ ’ਤੇ
ਅੱਲ੍ਹਾ ਅਕਬਰ ਦਾ ਨਾਂ
ਵਹਾਉਂਦੇ ਹੋ ਖ਼ੂਨ ਦੀ ਨਦੀ
ਤੁਹਾਡੇ ਹੱਥਾਂ ਵਿੱਚ ਨਰਕ ਦੀ ਬੋਅ ਹੈ
ਜਾਣਦੀ ਹਾਂ
ਤੁਸੀਂ ਹੋ ਸ਼ੈਤਾਨ ਦੇ ਤਰਫ਼ਦਾਰ
ਜ਼ਾਲਮ
ਤੁਸੀਂ ਪਵਿੱਤਰ ਕੁਰਾਨ ਨੂੰ
ਬਦਲ ਦਿੱਤਾ ਹੈ ਇੱਕ ਬੰਬ ਵਿੱਚ
ਵਰ੍ਹਾਇਆ ਹੈ ਦੁੱਖ!
* * *
ਰਹੇਲਾ ਯਾਰ
ਕੁਝ ਲੋਕ ਹਨ
ਜੋ ਲਿਆਉਂਦੇ ਹਨ ਵਿਸਫੋਟਕ
ਬਣ ਜਾਂਦੇ ਹਨ ਆਤਮਘਾਤੀ ਬੰਬ
ਕੁਝ ਲੋਕ ਵੱਢ ਦਿੰਦੇ ਹਨ ਉਂਗਲਾਂ
ਵੋਟ ਦੇਣ ’ਤੇ,
ਖ਼ੁਦਾ ਜ਼ਰੂਰ ਸੁਣੇਗਾ ਸਾਡੀ ਪੀੜ।
* * *
ਮੀਨਾ ਕਿਸ਼ਵਰ ਕਮਾਲ
ਕਿਵੇਂ ਕਹਾਂ ਤੁਹਾਨੂੰ
ਇਸ ਖ਼ੂਨੀ ਧਰਤੀ ਉੱਤੇ
ਜਿੱਥੇ ਗੂੰਜਦੀ ਹੈ
ਆਪਣੇ ਪਿਆਰਿਆਂ ਨੂੰ ਗੁਆ ਚੁੱਕੀਆਂ
ਮਾਵਾਂ ਅਤੇ ਵਿਧਵਾਵਾਂ ਦੀ ਚਿਤਕਾਰ
ਕਿਵੇਂ ਕਹਾ ਤੁਹਾਨੂੰ
ਕਿ ਨਵਾਂ ਸਾਲ ਮੁਬਾਰਕ ਹੋਵੇ।
ਵੇਖੇ ਹਨ ਮੈਂ ਬੇਘਰ ਹੋਏ ਬੱਚੇ
ਕੂੜੇ ਵਿੱਚੋਂ ਚੁਗਦੇ ਕੁਝ ਖਾਣ ਨੂੰ
ਮੈਂ ਉਜੜੇ ਪਿੰਡਾਂ ਵਿੱਚ
ਔਰਤਾਂ ਨੂੰ ਤੱਕਿਆ ਹੈ ਖ਼ਾਲੀ ਹੱਥ
ਮਾਤਮੀ ਲੀਰਾਂ ਵਿੱਚ।
ਮੈਂ ਸੁਣੀਆਂ ਹਨ
ਕੈਦਖਾਨਿਆਂ ਵਿੱਚੋਂ ਆਉਂਦੀਆਂ ਹਜ਼ਾਰਾਂ ਆਵਾਜ਼ਾਂ
ਉਨ੍ਹਾਂ ਦੀਆਂ, ਜਿਨ੍ਹਾਂ ਨੂੰ ਅਗਵਾ ਕਰ ਲਿਆ ਗਿਆ
ਸਤਾਇਆ ਗਿਆ ਤੇ ਵੱਢ ਦਿੱਤਾ ਗਿਆ
ਸਾਰੇ ਗੁਆਂਢੀ ਸਾਡੇ
ਜੋ ਗਾਇਬ ਹੋ ਗਏ ਸਾਡੀਆਂ ਅੱਖਾਂ ਸਾਹਮਣੇ
ਦਿਨ ਦੇ ਉਜਾਲੇ ਵਿੱਚ
ਸਾਨੂੰ ਚੁੱਪ ਕਰਾ ਦਿੱਤਾ ਗਿਆ
ਜ਼ਾਲਮ ਨਿਜ਼ਾਮ ਹੱਥੋਂ।
ਇੱਕ ਅਣਪਛਾਤਾ ਬੰਦੂਕਧਾਰੀ
ਘੁੰਮਦਾ ਹੈ ਸਾਡੇ ਆਲ਼ੇ-ਦੁਆਲ਼ੇ
ਤੁਹਾਡੇ ਉੱਤੇ ਮੇਰੇ ਉੱਤੇ
ਵਿਖਾਉਂਦਿਆਂ ਅਸ਼ਲੀਲ ਉਂਗਲ
ਇਸ ਖ਼ੂਨੀ ਧਰਤੀ ਉੱਤੇ
ਕਿਵੇਂ ਕਹਾਂ ਮੈਨੂੰ ਤੁਹਾਨੂੰ
ਨਵਾਂ ਸਾਲ ਮੁਬਾਰਕ ਹੋਵੇ।
* * *
ਮੈਂ ਕਦੇ ਨਹੀ ਮੁੜਾਂਗੀ
ਮੈਂ ਉਹ ਔਰਤ ਹਾਂ
ਜਿਸ ਨੂੰ ਜਗਾ ਦਿੱਤਾ ਗਿਆ ਹੈ
ਮੈਂ ਜਾਗੀ
ਤੇ ਆਪਣੇ ਜਲੇ ਹੋਏ ਬੱਚਿਆਂ ਵਿਚਕਾਰ
ਤੂਫ਼ਾਨ ਬਣ ਗਈ
ਮੈਂ ਜਾਗੀ
ਆਪਣੇ ਭਰਾ ਦੇ ਲਹੂ ਦੀ ਤਤੀਰੀ ਦੇ ਵਿੱਚ
ਮੇਰੇ ਮੁਲਕ ਦੀਆਂ ਔਖਿਆਈਆਂ ਨੇ
ਮੈਨੂੰ ਹਿੰਮਤ ਦਿੱਤੀ
ਮੇਰੇ ਉਜੜੇ ਤੇ ਸੜੇ-ਬਲੇ ਹੋਏ ਪਿੰਡਾਂ ਨੇ
ਭਰੀ ਮੇਰੇ ਅੰਦਰ ਦੁਸ਼ਮਣ ਲਈ ਨਫ਼ਰਤ
ਮੈਂ ਉਹ ਔਰਤ ਹਾਂ
ਜਿਸ ਨੂੰ ਜਗਾ ਦਿੱਤਾ ਗਿਆ
ਮੈਨੂੰ ਮਿਲ ਗਈ ਹੈ ਮੇਰੀ ਰਾਹ
ਤੇ ਹੁਣ ਕਦੇ ਨਹੀਂ ਮੁੜਾਂਗੀ ਮੈਂ।
ਮੈਂ ਖੋਲ੍ਹ ਦਿੱਤੇ ਹਨ
ਨਾਸਮਝੀ ਦੇ ਬੰਦ ਬੂਹੇ
ਮੈਂ ਸਾਰੇ ਜ਼ੇਵਰਾਂ ਨੂੰ ਕਹਿ
ਦਿੱਤਾ ਹੈ ਅਲਵਿਦਾ
ਓ ਮੇਰੇ ਹਮਵਤਨੋਂ!
ਉਹ ਨਹੀਂ ਮੈਂ ਹੁਣ, ਜੋ ਪਹਿਲਾਂ ਸਾਂ
ਮੈਂ ਉਹ ਔਰਤ ਹਾਂ ਜਿਸ ਨੂੰ ਜਗਾ ਦਿੱਤਾ ਗਿਆ
ਮੈਨੂੰ ਮਿਲ ਗਈ ਹੈ ਮੇਰੀ ਰਾਹ
ਹੁਣ ਕਦੇ ਨਹੀਂ ਮੁੜਾਂਗੀ ਮੈਂ।
ਮੈਂ ਨੰਗੇ ਪੈਰੀਂ ਭਟਕਦੇ ਯਤੀਮ ਬੱਚਿਆਂ ਨੂੰ ਤੱਕਿਆ ਹੈ।
ਮੈਂ ਮਹਿੰਦੀ ਰਚੇ ਹੱਥਾਂ ਵਾਲੀ ਵਹੁਟੀ ਨੂੰ
ਮਾਤਮੀ ਲਬਿਾਸ ਵਿੱਚ ਤੱਕਿਆ ਹੈ
ਮੈਂ ਡਰਾਉਣੀ ਕੰਧਾਂ ਵਾਲੀ ਜੇਲ੍ਹ ਨੂੰ ਤੱਕਿਆ ਹੈ
ਆਜ਼ਾਦੀ ਨੂੰ ਆਪਣੇ ਕਰੂਰ ਢਿੱਡ ਵਿੱਚ ਲੰਘਾਉਂਦਿਆਂ
ਮੈਂ ਵਿਰੋਧ ਅਤੇ ਹਿੰਮਤ ਦੇ ਮਹਾਂਕਾਵਿ ਦੇ ਵਿਚਕਾਰ ਜੰਮੀ ਹਾਂ ਮੁੜ ਤੋਂ
ਮੈਂ ਲਹੂ ਅਤੇ ਜਿੱਤ ਦੀਆਂ ਤਰੰਗਾਂ ਦੇ ਵਿਚਕਾਰ
ਅਖੀਰੀ ਸਾਹਾਂ ਵਿੱਚ ਆਜ਼ਾਦੀ ਦੇ ਗੀਤ ਲਿਖੇ ਹਨ।
ਓ ਮੇਰੇ ਹਮਵਤਨੋਂ, ਮੇਰੇ ਭਰਾਵੋ
ਹੁਣ ਮੈਨੂੰ ਕਮਜ਼ੋਰ ਅਤੇ ਨਾਕਾਬਲ ਨਾ ਸਮਝੋ
ਆਪਣੀ ਪੂਰੀ ਧਰਤੀ ਨਾਲ
ਮੈਂ ਆਪਣੇ ਵਤਨ ਦੀ ਆਜ਼ਾਦੀ ਦੇ
ਰਸਤੇ ਉੱਤੇ ਤੁਹਾਡੇ ਨਾਲ ਹਾਂ
ਮੇਰੀ ਆਵਾਜ਼ ਰਲ ਰਹੀ ਹੈ
ਹਜ਼ਾਰਾਂ ਝੰਬੀਆਂ ਹੋਈਆਂ ਔਰਤਾਂ ਦੀ ਆਵਾਜ਼ ਦੇ ਨਾਲ
ਮੇਰੀਆਂ ਮੁੱਠੀਆਂ ਭਿੱਚੀਆਂ ਹਨ ਹਜ਼ਾਰਾਂ ਹਮਵਤਨਾਂ ਦੀਆਂ ਮੁੱਠੀਆਂ ਦੇ ਨਾਲ
ਇਨ੍ਹਾਂ ਔਖਿਆਈਆਂ ਅਤੇ ਗ਼ੁਲਾਮੀ ਦੀਆਂ ਸਾਰੀਆਂ ਜ਼ੰਜੀਰਾਂ ਨੂੰ ਵੱਢਣ ਲਈ
ਤੁਹਾਡੇ ਨਾਲ ਮੈਂ ਨਿਕਲ ਤੁਰੀ ਹਾਂ ਆਪਣੇ ਵਤਨ ਦੀ ਰਾਹ ’ਤੇ।
ਓ ਮੇਰੇ ਹਮਵਤਨ, ਮੇਰੇ ਭਰਾਵੋ, ਉਹ ਨਹੀਂ ਮੈਂ ਹੁਣ
ਜੋ ਸੀ ਮੈਂ ਪਹਿਲਾਂ
ਮੈਂ ਉਹ ਔਰਤ ਹਾਂ
ਜਿਸ ਨੂੰ ਜਗਾ ਦਿੱਤਾ ਗਿਆ
ਮੈਨੂੰ ਮਿਲ ਗਈ ਹੈ ਹੁਣ ਰਾਹ
ਮੁੜਾਂਗੀ ਨਹੀਂ ਹੁਣ ਮੈਂ।
* * *
ਨੂਜ਼ਰ ਇਲਿਆਸ
ਸਾਡੇ ਅੰਦਰ ਇਕ ਤੇਹ ਹੈ
ਤੇਹ ਬਲਦੇ ਹੋਏ ਹਿੰਮਤੀ ਰੇਗਿਸਤਾਨ ਦੀ
ਤੇਹ ਸੁਰਖ਼ ਗੁਲਾਬੀ ਦਿਨਾਂ ਦੀ
ਤੇਹ ਜੰਗਲੀ ਤੂਫ਼ਾਨਾਂ ਦੀ
ਸਾਡੀਆਂ ਟਾਹਣਾਂ ਕਮਜ਼ੋਰ ਹੋ ਚੁੱਕੀਆਂ
ਸਾਡੀਆਂ ਜੜ੍ਹਾਂ ਸੁੱਕ ਚੁੱਕੀਆਂ
ਸਾਡੇ ਬਾਗ਼-ਬਗ਼ੀਚੇ ਗੁੰਮ ਹੋ ਗਏ
ਸਾਡੀਆਂ ਝਾੜੀਆਂ ਸੁੱਕ ਗਈਆਂ
ਸਾਡੇ ਅੰਦਰ ਇੱਕ ਤੇਹ ਹੈ
ਤੇਹ ਕਈ ਵਰ੍ਹਿਆਂ ਦੀ
ਗੂੰਗੇ ਲੰਮੇ ਕਈ ਵਰ੍ਹਿਆਂ ਦੀ
ਸਾਡੇ ਅੰਦਰ ਇੱਕ ਤੇਹ ਹੈ- ਤੀਬਰ ਤੇਹ!
– ਪੰਜਾਬੀ ਰੂਪ: ਭੁਪਿੰਦਰ ਕੌਰ ਪ੍ਰੀਤ
ਸੰਪਰਕ: 98141-77954