ਗੁਰਬਚਨ ਸਿੰਘ ਭੁੱਲਰ
ਮਨੁੱਖੀ ਸਭਿਅਤਾ ਦੇ ਵਿਕਾਸ ਦੀ ਅਮਰੀਕੀ ਖੋਜੀ ਤੇ ਜਾਣਕਾਰ ਮਾਰਗਰੇਟ ਮੀਡ (16 ਦਸੰਬਰ 1901-15 ਨਵੰਬਰ 1978) ਨੂੰ ਇਕ ਵਾਰ ਇਕ ਵਿਦਿਆਰਥੀ ਨੇ ਪੁੱਛਿਆ ਕਿ ਉਹਦੇ ਵਿਚਾਰ ਅਨੁਸਾਰ ਮਨੁੱਖੀ ਸਭਿਅਤਾ ਦੇ ਆਰੰਭ ਦਾ ਮੁੱਢਲਾ ਸੰਕੇਤ ਕੀ ਹੋਵੇਗਾ। ਉਹਨੂੰ ਆਸ ਸੀ ਕਿ ਮਾਰਗਰੇਟ ਮੀਡ ਵੀ ਪੱਥਰਾਂ ਨੂੰ ਛਿੱਲ ਕੇ ਹਥਿਆਰ ਬਣਾਏ ਜਾਣ, ਕਿਸੇ ਗੁਫ਼ਾ ਵਿਚ ਬਾਲ਼ੀ ਗਈ ਅੱਗ ਦੀ ਨਿਸ਼ਾਨੀ ਵਜੋਂ ਧੂੰਆਂ ਲਗਿਆ ਹੋਣ, ਮਿੱਟੀ ਦੇ ਭਾਂਡੇ ਦੀਆਂ ਠੀਕਰੀਆਂ ਮਿਲੀਆਂ ਹੋਣ ਵਰਗੀਆਂ ਗੱਲਾਂ ਕਰੇਗੀ। ਪਰ ਉਹਦਾ ਕਹਿਣਾ ਸੀ, ਇਕ ਥੇਹ ਵਿਚੋਂ ਮਿਲੀ 15,000 ਸਾਲ ਪੁਰਾਣੀ ਟੁੱਟ ਕੇ ਸੰਢੀ ਹੋਈ ਮਨੁੱਖੀ ਪੱਟ ਦੀ ਹੱਡੀ! ਇਲਾਜ ਤੋਂ ਸੱਖਣੇ ਉਸ ਸਮੇਂ ਵਿਚ ਹੱਡੀ ਦੀ ਤੇੜ ਦੇ ਭਰਨ ਵਾਸਤੇ ਉਸ ਬੰਦੇ ਨੂੰ ਡੇਢ ਮਹੀਨੇ ਦੇ ਕਰੀਬ ਪਏ ਰਹਿਣ ਦੀ ਲੋੜ ਪਈ ਹੋਵੇਗੀ। ਪੱਟ ਦੀ ਹੱਡੀ ਟੁੱਟੀ ਵਾਲੇ ਹੋਰ ਜਾਨਵਰਾਂ ਵਾਂਗ ਮਨੁੱਖ ਵੀ ਨਾ ਤਾਂ ਤੁਰ-ਫਿਰ ਕੇ ਭੋਜਨ ਲੱਭ ਸਕਦਾ ਸੀ ਤੇ ਨਾ ਹੀ ਭੱਜ ਕੇ ਮਾਸਖੋਰੇ ਜਾਨਵਰਾਂ ਤੋਂ ਬਚ ਸਕਦਾ ਸੀ ਜਿਸ ਕਰਕੇ ਉਹਦੀ ਮੌਤ ਵੀ, ਜਾਨਵਰਾਂ ਵਾਂਗ ਹੀ, ਸੌ ਫ਼ੀਸਦੀ ਯਕੀਨੀ ਹੁੰਦੀ ਸੀ।
ਮੀਡ ਕਹਿੰਦੀ ਹੈ, ‘‘ਟੁੱਟੀ ਹੱਡੀ ਦਾ ਸੰਢ ਦਸਦਾ ਹੈ ਕਿ ਉਸ ਜ਼ਮਾਨੇ ਦੀ ਮਜਬੂਰੀ ਅਨੁਸਾਰ ਉਹਨੂੰ ਮਰਨ ਲਈ ਛੱਡ ਜਾਣ ਦੀ ਥਾਂ ਕਿਸੇ ਹੋਰ ਨੇ ਉਹਦੀ ਪਰਵਾਹ ਕੀਤੀ, ਬੁਰੇ ਵੇਲੇ ਉਹਦਾ ਸਾਥ ਦਿੱਤਾ, ਉਹਦੀ ਸੰਭਾਲ ਕਰਨ ਤੇ ਉਹਦੇ ਖਾਣ-ਪੀਣ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਉਹਨੂੰ ਰਾਖੀ ਦਾ ਧਰਵਾਸ ਦਿੱਤਾ, ਉਹਨੂੰ ਬੇਫ਼ਿਕਰ ਰਹਿਣ ਦਾ ਦਿਲਾਸਾ ਦਿੱਤਾ, ਅਰਥਾਤ ਉਹਦੇ ਮਨ ਵਿਚ ਫੱਟੜ ਨੂੰ ਆਪਣੇ ਵਰਗਾ ਸਮਝਣ ਦੇ ਰੂਪ ਵਿਚ ਮਨੁੱਖਤਾ ਦਾ ਉਦੈ ਹੋਇਆ! … ਇਸ ਘਟਨਾ ਨੇ ‘ਮੈਂ’ ਦੀ ਥਾਂ ‘ਅਸੀਂ’ ਦੀ ਭਾਵਨਾ ਪੈਦਾ ਕੀਤੀ ਤੇ ਇਸ ‘ਅਸੀਂ’ ਦੀ ਨੀਂਹ ਉੱਤੇ ਸਭਿਅਤਾ ਦੀ ਉਸਾਰੀ ਹੋਈ। ਦੂਜੇ ਲਈ ਅਪਣੱਤ ਪੈਦਾ ਹੋਈ ਜਿਸ ਸਦਕਾ ਮੁਸ਼ਕਲਾਂ ਨੂੰ ਰਲ਼-ਮਿਲ ਕੇ ਦੂਰ ਕਰਨ ਦੀ ਸੋਝੀ ਜਾਗੀ। ਇਕ ਦੀ ਮੁਸੀਬਤ ਵਿਚ ਦੂਜੇ ਦੇ ਸਾਥ ਦਾ ਭਰੋਸਾ ਬਣਿਆ।’’
ਜਦੋਂ ਮੈਂ ਇਹ ਸਾਰਾ ਮਾਜਰਾ ਪੜ੍ਹਿਆ, ਲੇਖਕ ਦੇ ਨਾਤੇ ਮੈਨੂੰ ਮੀਡ ਦੇ ਸ਼ਬਦਾਂ ਵਿਚੋਂ ਕੁਝ ਹੋਰ, ਕੁਝ ਵੱਖਰਾ, ਕੁਝ ਵੱਧ ਸੁਣਾਈ ਦਿੱਤਾ। ਉਸ ਮੁੱਢਲੇ ਨਿਸ਼ਬਦੇ ਸਮੇਂ ਦੀ ਘਟਨਾ ਦੀ ਮਾਨਵੀ ਸੂਖ਼ਮਤਾ ਸਾਨੂੰ ਸਮਝਾਉਣ ਵਾਸਤੇ ਮੀਡ ਦੇ ਵਰਤੇ ਹੋਏ ਪਰਵਾਹ, ਬੁਰੇ ਵੇਲੇ ਦਾ ਸਾਥ, ਧਰਵਾਸ, ਬੇਫ਼ਿਕਰੀ, ਅਪਣੱਤ, ਦਿਲਾਸਾ, ਤੇ, ਸਭ ਤੋਂ ਵਧ ਕੇ, ‘ਅਸੀਂ’ ਜਿਹੇ ਬਹੁਤ ਮਗਰੋਂ ਹੋਂਦ ਵਿਚ ਆਏ ਸ਼ਬਦ ਬਹੁਤ ਧਿਆਨ ਲੋੜਦੇ ਹਨ। ਇਹਨਾਂ ਸ਼ਬਦਾਂ ਦਾ ਸਾਫ਼ ਮਤਲਬ ਹੈ ਕਿ ਫੱਟੜ ਦਾ ਖ਼ਿਆਲ ਰਖਦਿਆਂ ਉਹਦਾ ਸੰਭਾਲੂ ਨਿਰੋਲ ਦਿਲ ਦੀ, ਅਰਥਾਤ ਜਜ਼ਬੇ ਦੀ ਉਂਗਲ ਫੜ ਕੇ ਚੱਲ ਰਿਹਾ ਸੀ। ਇਹ ਕਿਆਸ ਲਾਉਣਾ ਸੱਚ-ਤੱਥ ਦੇ ਕਲਾਵੇ ਤੋਂ ਬਾਹਰ ਦੀ ਗੱਲ ਨਹੀਂ ਕਿ ਫੱਟੜ ਦੀ ਪਰਵਾਹ ਤੇ ਸੰਭਾਲ ਕਰਦਿਆਂ, ਉਹਨੂੰ ਧਰਵਾਸ ਤੇ ਦਿਲਾਸਾ ਦਿੰਦਿਆਂ, ਅਪਣੱਤ ਦਿਖਾ ਕੇ ‘ਅਸੀਂ’ ਬਣਦਿਆਂ ਉਹਨੇ, ਪਹਿਲੀ ਵਾਰ, ਓਦੋਂ ਤੱਕ ਦੇ ਰੋਜ਼ਾਨਾ ਜੀਵਨ ਦਾ ਕੰਮ ਸਾਰਦੀਆਂ ਰਹੀਆਂ ਜਾਨਵਰੀ ਆਵਾਜ਼ਾਂ ਨਾਲੋਂ ਵੱਖਰੀਆਂ ਕੁਝ ਨਵੀਆਂ ਆਵਾਜ਼ਾਂ ਜ਼ਰੂਰ ਕੱਢੀਆਂ ਹੋਣਗੀਆਂ- ਸੂਖ਼ਮ, ਕੂਲ਼ੀਆਂ, ਮੋਹ-ਭਿੱਜੀਆਂ! ਮੇਰਾ ਕਵੀ-ਦਿਲ ਕਹਿੰਦਾ ਹੈ, ਉਹ ਯਕੀਨਨ ਉਸ ਸੰਭਾਲੂ ਦੀ ਉਸ ਫੱਟੜ ਵਾਸਤੇ ਰਚੀ ਗਈ ਸੰਸਾਰ ਦੀ ਪਹਿਲੀ ਨਿਸ਼ਬਦੀ, ਆਦਿ-ਧੁਨੀਆਂ ਉੱਤੇ ਆਧਾਰਿਤ ਕਵਿਤਾ ਸੀ!
ਮਾਨਵ-ਵਿਕਾਸ-ਵਿਗਿਆਨ ਦਾ ਇਕ ਸਿਧਾਂਤ ਇਹ ਵੀ ਹੈ ਕਿ ਹੁਣ ਵੀ ਮਨੁੱਖ ਆਪਣੇ ਜੀਵਨ ਦੇ ਪੜਾਵਾਂ ਵਿਚ ਮਨੁੱਖੀ ਸਭਿਅਤਾ ਦੇ ਸਮੁੱਚੇ ਇਤਿਹਾਸ ਨੂੰ ਦੁਹਰਾਉਂਦਾ ਹੈ। ਬਾਲ ਸ਼ੁਰੂ ਵਿਚ ਆਦਿ-ਮਾਨਵ ਵਾਂਗ ਧੁਨੀਆਂ ਹੀ ਕਢਦਾ ਹੈ ਤੇ ਕੁਝ ਵੱਡਾ ਹੋ ਕੇ ਉਹਦੀ ਰਚਨਾਤਮਿਕਤਾ ਪਹਿਲਾਂ-ਪਹਿਲ ਆਮ ਕਰ ਕੇ ਕਵਿਤਾ ਦੇ ਰੂਪ ਵਿਚ ਹੀ ਅਵਤਾਰ ਧਾਰਦੀ ਹੈ। ਕਿੱਸਾਕਾਰਾਂ-ਕਵੀਸ਼ਰਾਂ ਵਿਚੋਂ ਬਹੁਤ ਸਾਰੇ ਮਸਾਂ ਅੱਖਰ ਉਠਾਲਣ-ਝਰੀਟਣ ਜੋਗੇ ‘ਪੜ੍ਹੇ ਹੋਏ’ ਹੁੰਦੇ ਸਨ। ਉਹਨਾਂ ਦੀ ਕਵਿਤਾ ਚਸ਼ਮੇ ਵਾਂਗ ਅੰਦਰੋਂ ਹੀ ਫੁਟਦੀ ਸੀ। 996 ਕਲੀਆਂ ਵਿਚ ‘ਹੀਰ’ ਦੇ ਕਿੱਸੇ ਦੇ ਰਚਨਾਕਾਰ ਵਜੋਂ ਪ੍ਰਸਿੱਧ ਕਿੱਸਾਕਾਰ ਹਜ਼ੂਰਾ ਸਿੰਘ ਬੁਟਾਹਰੀ ਤਾਂ ਅੱਖਰਾਂ ਦਾ ਏਨਾ ਸੂਹਾਂ ਵੀ ਨਹੀਂ ਸੀ। ਉਹ ਕਲੀ ਜੋੜ ਕੇ ਜ਼ਬਾਨੀ ਕੰਠ ਕਰ ਲੈਂਦਾ ਤੇ ਕਿਸੇ ਨੂੰ ਲੋੜ ਪਈ ਤੋਂ ਜ਼ਬਾਨੀ ਲਿਖਾ ਦਿੰਦਾ। ਇਹ ਤਾਂ ਮੇਰੇ ਪੜ੍ਹਨ-ਸੁਣਨ ਦੀ ਗੱਲ ਹੈ, ਤੁਹਾਨੂੰ ਨਿੱਜੀ ਅਨੁਭਵ ਦਸਦਾ ਹਾਂ।
ਦਿੱਲੀ ਦਾ ਇਕ ਕਵੀ ਮੇਰਾ ਚੰਗਾ ਮਿੱਤਰ ਹੁੰਦਾ ਸੀ, ਇਲਮਦੀਨ ਬਾਗ਼ਬਾਂ। ਕੁਲਬੀਰ ਸਿੰਘ ਕਾਂਗ ਤੋਂ ਲੈ ਕੇ ਪਿਆਰਾ ਸਿੰਘ ਸਹਿਰਾਈ ਤੱਕ ਜ਼ੋਰ ਲਾ ਚੁੱਕੇ, ਪੈਂਤੀ ਤਾਂ ਕੀ, ਉਹਨੂੰ ‘ਇਲਮਦੀਨ’ ਲਿਖਣਾ ਵੀ ਰਟਾ ਨਾ ਸਕੇ। ਮਨੋ-ਵਿਗਿਆਨੀਆਂ ਦਾ ਕਹਿਣਾ ਸੀ ਕਿ ਇਹਦੀ ਦਿਮਾਗ਼ੀ ਬਣਤਰ ਅਜਿਹੀ ਹੈ, ਇਹ ਲਿਪੀ ਨਹੀਂ ਸਿੱਖੇਗਾ। ਉਹ ਵਧੀਆ ਸਾਹਿਤਕ ਕਵਿਤਾ ਰਚਦਾ ਸੀ। ਉਹ ਮਨ ਵਿਚ ਕਵਿਤਾ ਦਾ ਬੰਦ ਸਿਰਜਦਾ ਤੇ ਜੇਬ ਵਿਚ ਇਸੇ ਮੰਤਵ ਲਈ ਰੱਖੇ ਹੋਏ ਕਲਮ-ਕਾਗ਼ਜ਼ ਕੱਢ ਕੇ ਕਿਸੇ ਜਾਣੇ-ਅਣਜਾਣੇ ਨੂੰ ਲਿਖ ਦੇਣ ਦੀ ਬੇਨਤੀ ਕਰਦਾ। ਸਾਹਿਤ ਤਾਂ ਉਹਨੇ ਪੜ੍ਹਨਾ ਹੀ ਕਿਥੋਂ ਸੀ! ਪਰ ਉਹਦੀ ਕਵਿਤਾ ਦੇ ਮਿਆਰ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਹ ਪ੍ਰਮੁੱਖ ਰਸਾਲਿਆਂ ਵਿਚ ਛਪਦਾ ਸੀ ਅਤੇ ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਜੀ ਨੇ ਉਹਦੇ ਦੋ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਅਮਰੀਕੀ ਕਵੀ ਰੌਬਰਟ ਫ਼ਰਾਸਟ ਦਾ ਇਹ ਕਥਨ ਗੱਲ ਨੂੰ ਸਪੱਸ਼ਟ ਕਰ ਦਿੰਦਾ ਹੈ, ‘‘ਜਜ਼ਬਾ ਜਦੋਂ ਵਿਚਾਰ ਬਣ ਜਾਵੇ ਤੇ ਉਸ ਵਿਚਾਰ ਨੂੰ ਸ਼ਬਦ ਮਿਲ ਜਾਣ, ਉਹ ਕਵਿਤਾ ਹੁੰਦੀ ਹੈ।’’ ਬਾਗ਼ਬਾਂ ਜਜ਼ਬੇ ਤੋਂ ਸ਼ਬਦ ਤੱਕ ਦੀ ਇਹ ਸਿਰਜਣ-ਯਾਤਰਾ ਤਾਂ ਸੰਪੂਰਨ ਕਰ ਹੀ ਲੈਂਦਾ ਸੀ, ਬੱਸ ਆਪਣੇ ਇਹ ਸ਼ਬਦ ਆਪ ਲਿਖਣ ਤੋਂ ਅਸਮਰੱਥ ਹੋਣ ਸਦਕਾ ਕਿਸੇ ਤੋਂ ਲਿਖਵਾ ਲੈਂਦਾ ਸੀ।
ਮੇਰਾ ਮਤਲਬ ਹੈ, ਕਵਿਤਾ ਹੋਰ ਸਾਰੇ ਸਾਹਿਤਕ ਰੂਪਾਂ ਤੋਂ ਵਧੀਕ ਬੰਦੇ ਦੇ ਦਿਲ ਦੇ ਨਜ਼ਦੀਕ ਹੁੰਦੀ ਹੈ। ਜਜ਼ਬੇ ਨੂੰ ਪਰਗਟਾਵਾ ਦੇਣ ਦੀ ਇੱਛਾ ਜਾਗੀ ਤੇ ਕਵਿਤਾ ਨੇ ਲਗਰਾਂ ਛੱਡੀਆਂ ਸਮਝੋ। ਇਸੇ ਕਰਕੇ ਇਹ ਸੱਚ-ਕਥਨ ਬਣਿਆ ਹੈ ਕਿ ਜਵਾਨੀ ਵਿਚ ਹਰ ਕੋਈ ਕਵੀ ਹੁੰਦਾ ਹੈ। ਅੰਗਰੇਜ਼ ਲੇਖਕ ਜਾਨ ਫ਼ੌਲਜ਼ ਅਨੁਸਾਰ ‘‘ਕਵਿਤਾ ਰਚਦਾ ਤਾਂ ਹਰ ਕੋਈ ਹੈ, ਬੱਸ ਜਿਹੜੇ ਉਹਨੂੰ ਸ਼ਬਦਾਂ ਦਾ ਜਾਮਾ ਪੁਆ ਦਿੰਦੇ ਹਨ, ਉਹਨਾਂ ਨੂੰ ਕਵੀ ਕਹਿ ਦਿੱਤਾ ਜਾਂਦਾ ਹੈ।’’ ਤੇ ਇਉਂ ਹੀ 1950ਵਿਆਂ ਦੇ ਅੱਧ ਵਿਚ ਮੈਂ ਕਵਿਤਾ ਲਿਖਣ ਲਗਿਆ ਤੇ ਮੇਰੀਆਂ ਕਵਿਤਾਵਾਂ ਮੋਹਨ ਸਿੰਘ ਦੇ ‘ਪੰਜ ਦਰਿਆ’ ਸਮੇਤ ਪ੍ਰਮੁੱਖ ਰਸਾਲਿਆਂ ਵਿਚ ਛਪਦੀਆਂ ਰਹੀਆਂ। ਨਵੀਆਂ ਬਣੀਆਂ ਸਾਹਿਤ ਸਭਾਵਾਂ ਦੇ ਉਸ ਦੌਰ ਵਿਚ ਨਵੇਂ ਕਵੀਆਂ ਦੀ ਭਰਪੂਰ ਫਸਲ ਲਹਿੰਬਰ ਪਈ। ਸਮੇਂ ਨਾਲ ਬਹੁਤ ਸਾਰਿਆਂ ਨੇ ਕਵੀਆਂ ਵਜੋਂ ਚੰਗਾ ਨਾਂ ਕਮਾਇਆ ਤੇ ਬਹੁਤ ਸਾਰੇ ਮੇਰੇ ਵਰਗੇ, ਗੱਡੀ ਦੇ ਲੀਹ ਬਦਲਣ ਵਾਂਗ, ਹੋਰ ਕਿਸੇ ਵਿਧਾ ਜਾਂ ਵਿਧਾਵਾਂ ਨਾਲ ਜੁੜ ਗਏ। ਹੋਰ ਬਹੁਤ ਸਾਲ, ਸਗੋਂ ਕਈ ਦਹਾਕੇ ਬੀਤ ਗਏ, ਇਕ ਦਿਨ ਕਵਿਤਾ ‘ਬੂਹਾ ਬੰਦ ਨਾ ਰੱਖਿਆ ਕਰ’ ਆਪਣੇ ਆਪ ਆ ਪਰਗਟ ਹੋਈ। ਕਾਗ਼ਜ਼ ਉੱਤੇ ਸਾਕਾਰ ਹੋਈ ਦੇਖ ਕੇ ਮੇਰੀ ਹੈਰਾਨੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮੈਂ ਅਚੰਭੇ ਨਾਲ ਕਿਹਾ, ‘‘ਕਵਿਤਾ, ਤੂੰ ਕਿਧਰੋਂ? ਮੁੱਦਤਾਂ ਹੋ ਗਈਆਂ ਤੈਨੂੰ ਗਈ ਨੂੰ, ਹੁਣ ਅਚਾਨਕ ਕਿਥੋਂ?’’ ਉਹ ਮੁਸਕਰਾਈ, ‘‘ਮੈਂ ਗਈ ਹੀ ਕਦੋਂ ਸੀ!’’
ਇਉਂ ਕਵਿਤਾ ਦੀ ਤੇ ਮੇਰੀ ਦੋਸਤੀ ਦੀ ਵੇਲ ਨੇ ਫੇਰ ਲਗਰਾਂ ਛੱਡ ਦਿੱਤੀਆਂ। ਮੈਨੂੰ ਉਰਦੂ ਦਾ ਇਕ ਮਸ਼ਹੂਰ ਸ਼ਿਅਰ ਯਾਦ ਆ ਗਿਆ, ‘‘ਦਿਲ ਕੇ ਆਈਨੇ ਮੇਂ ਹੈ ਤਸਵੀਰ-ਏ-ਯਾਰ, ਬਸ ਜ਼ਰਾ ਗਰਦਨ ਝੁਕਾਈ, ਦੇਖ ਲੀ!’’ ਪਹਿਲਾਂ ਕਿਸੇ ਸਮੇਂ ਮਨ ਵਿਚ ਮੌਲਦੀ ਰਹੀ ਤੇ ਫੇਰ ਕਿਸੇ ਸਬੱਬ ਨਾਲ ਨਿੱਖੜ ਗਈ ਕੋਈ ਵਿਧਾ ਕਿਧਰੇ ਜਾਂਦੀ ਨਹੀਂ, ਅੰਦਰੇ ਸੁੱਤੀ ਰਹਿੰਦੀ ਹੈ। ਦੁਬਾਰਾ ਕੋਈ ਸਬੱਬ ਬਣਿਆਂ ਬਸ ਉਹਨੂੰ ਪੋਲਾ ਜਿਹਾ ਛੋਹ ਕੇ ਜਗਾਉਣ ਦੀ ਲੋੜ ਹੁੰਦੀ ਹੈ ਤੇ ਉਹ ਅੰਗੜਾਈ ਲੈ ਕੇ ਮੁਸਕਰਾਉਂਦੀ ਹੋਈ ਜਾਗ ਪੈਂਦੀ ਹੈ। … ਨਤੀਜਾ ਤੁਹਾਡੇ ਸਾਹਮਣੇ ਹੈ। ਪਰ ਪਾਠਕ ਦੇਖਣਗੇ, ਹੁਣ ਮੇਰੀ ਉਮਰ ਦਾ ਉਹ ਪੜਾਅ ਆ ਗਿਆ ਸੀ ਜਦੋਂ ਮੈਂ ਸਾਹਿਤਕ ਰਚਨਾਤਮਿਕਤਾ ਦੇ ਪੱਖੋਂ ਨਿਰੋਲ ਜਾਂ ਵੱਡੀ ਹੱਦ ਤੱਕ ਵੀ ਦਿਲ ਨਹੀਂ ਸੀ ਰਹਿ ਗਿਆ, ਦਿਮਾਗ਼ ਨੇ ਬਹੁਤਾ ਅੰਬਰ ਮੱਲ ਲਿਆ ਹੋਇਆ ਸੀ। ਇਸੇ ਸਦਕਾ ਇਸ ਭਾਗ ਨੂੰ ਮੈਂ ‘ਕੁਝ ਦਿਲ ਦੀ ਤੇ ਕੁਝ ਦੁਨੀਆ ਦੀ’ ਨਾਂ ਦੇਣਾ ਵਾਜਬ ਸਮਝਿਆ।
ਕੁਝ ਹੋਰ ਭਾਸ਼ਾਵਾਂ ਦੇ ਕਵੀਆਂ ਦੀਆਂ ਕਵਿਤਾਵਾਂ ਮੈਂ, ਜੇ ਆਮ ਵਰਤੇ ਜਾਂਦੇ ਸ਼ਬਦ ਅਨੁਸਾਰ ਹੀ ਕਹਿਣਾ ਹੋਵੇ, ਅਨੁਵਾਦੀਆਂ ਵੀ ਹਨ। ਉਹਨਾਂ ਦਾ ਵੱਖਰਾ ਖਾਨਾ ਬਣਾ ਦਿੱਤਾ ਹੈ। ਇਹਨਾਂ ਕਵਿਤਾਵਾਂ ਦੇ ਸੰਬੰਧ ਵਿਚ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਹਾਂ। ਇਕ ਤਾਂ ਇਹ ਆਮ ਅਨੁਵਾਦਾਂ ਵਾਂਗ ਕੁਝ ‘ਚੰਗੀਆਂ ਲਗੀਆਂ’ ਕਵਿਤਾਵਾਂ ਨਹੀਂ। ਇਹ ਆਪਣੇ ਆਪ ਵਿਚ ਵਿਸ਼ੇਸ਼ ਹਨ ਤੇ ਵਿਸ਼ੇਸ਼ ਹੋਣ ਸਦਕਾ ਹੀ ਪੰਜਾਬੀ ਵਿਚ ਢਾਲ਼ੀਆਂ ਗਈਆਂ ਹਨ। ਇਥੇ ਇਸ ਗੱਲ ਦੀ ਵਿਆਖਿਆ ਬੇਲੋੜੀ ਹੋਵੇਗੀ, ਪਾਠਕ ਇਹ ਤੱਥ ਉਹ ਕਵਿਤਾਵਾਂ ਦੇਖ-ਪੜ੍ਹ ਕੇ ਆਪ ਹੀ ਮਹਿਸੂਸ ਕਰ ਲੈਣਗੇ। ਦੂਜੇ, ਮੈਂ ਇਹਨਾਂ ਦੀਆਂ ਪਾਠ-ਆਧਾਰਿਤ ਸੀਮਾਵਾਂ ਤੱਕ, ਜੋ ਪੰਜਾਬੀ ਨੈਣ-ਨਕਸ਼ਾਂ ਦੇ ਉੱਭਰਨ ਵਿਚ ਰੋਕ ਬਣਦੀਆਂ, ਨਾ ਰਹਿੰਦਿਆਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਵਿਚ ਮੌਲਿਕਤਾ ਦਾ ਰੰਗ ਆਵੇ, ਉਹ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ ਵਾਂਗ ਦਿੱਸਣ। ਇਸੇ ਸਦਕਾ ਮੈਂ ਪੁਸਤਕ ਦੇ ਇਸ ਭਾਗ ਨੂੰ ‘ਪੁਨਰ-ਸਿਰਜਣਾ: ਆਧਾਰ ਮੰਗਵਾਂ, ਉਸਾਰ ਆਪਣਾ’ ਨਾਂ ਦਿੱਤਾ ਹੈ।
ਇਕ ਦਿਨ ਕੈਨੇਡਾ ਤੋਂ ਗੱਲਾਂ ਕਰਦਿਆਂ ਮੇਰੇ ਪਿਆਰੇ ਮਿੱਤਰ ਸਵਰਗੀ ਗੁਰਚਰਨ ਰਾਮਪੁਰੀ ਨੇ ਦੱਸਿਆ ਕਿ ਉਹ ਕਵੀ ਬਣਨ ਦੇ ਸ਼ੁਰੂ ਦੇ ਦਿਨੀਂ ਕਾਗ਼ਜ਼ ਤੇ ਪੈੱਨ ਜੇਬ ਵਿਚ ਰਖਦਾ ਸੀ ਤੇ ਜਿਥੇ ਵੀ ਜਦੋਂ ਵੀ ਨਵੀਆਂ ਸਤਰਾਂ ਸੁਝਦੀਆਂ, ਉਹ ਉਥੇ ਹੀ ਕਾਗ਼ਜ਼ ਉੱਤੇ ਉਤਾਰ ਲੈਂਦਾ ਸੀ। ਲਿਖਣ ਲੱਗਣ ਤੋਂ ਅੱਠ ਸਾਲ ਮਗਰੋਂ, 1952 ਵਿਚ ਮਨ ਵਿਚ ਪੁਸਤਕ ਛਪਵਾਉਣ ਦਾ ਖ਼ਿਆਲ ਆਇਆ ਤਾਂ ਕਾਪੀਆਂ ਵਿਚੋਂ 800 ਤੋਂ ਵੱਧ ਰਚਨਾਵਾਂ ਨਿੱਕਲ ਆਈਆਂ। ਭਾਵ, ਸਾਲ ਦੀਆਂ ਸੌ, ਸਾਢੇ ਤਿੰਨ ਦਿਨਾਂ ਵਿਚ ਇਕ ਰਚਨਾ। ਉਹਨੇ ਦੱਸਿਆ, ‘‘ਮੈਂ ਪੁਸਤਕ ‘ਕਣਕਾਂ ਦੀ ਖ਼ੁਸ਼ਬੋ’ ਵਾਸਤੇ ਉਹਨਾਂ ਵਿਚੋਂ ਵਧੀਆ 35 ਛਾਂਟ ਲਈਆਂ। ਊਂ ਮੈਂ ਉਹਨਾਂ ਬਾਕੀ ਦੀਆਂ ਦਾ ਵੀ ਦੇਣਦਾਰ ਹਾਂ। ਉਹਨਾਂ ਨੇ ਮੇਰਾ ਅਭਿਆਸ ਕਰਾਇਆ।’’ ਗੁਰਚਰਨ ਰਾਮਪੁਰੀ ਦੀ 35 ਕਵਿਤਾਵਾਂ ਪੁਸਤਕ ਲਈ ਛਾਂਟਣ ਵਾਲੀ ਇਹ ਗੱਲ ਚੇਤੇ ਕਰ ਕੇ ਮੈਂ ਸੋਚਿਆ, ਮੈਨੂੰ ਵੀ ਇਸ ਪੁਸਤਕ ਵਿਚ ਉਸ ਦੌਰ ਦੀਆਂ ਕੁਝ ਕਵਿਤਾਵਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਉਂ 26 ਕਵਿਤਾਵਾਂ ਦਾ ਤੀਜਾ ਭਾਗ ‘ਸਾਹਿਤਕ ਸਫ਼ਰ ਦੀਆਂ ਪਹਿਲੀਆਂ ਉਡਾਣਾਂ’ ਸ਼ਾਮਲ ਹੋ ਗਿਆ।
‘‘ਕਵਿਤਾ ਅਜਿਹੇ ਅਹਿਸਾਸ ਦਾ ਅਵਤਾਰ ਹੁੰਦੀ ਹੈ ਜਿਸ ਨੂੰ ਕਵੀ ਆਪਣਾ ਨਿੱਜੀ ਤੇ ਮਨ-ਵਸਿਆ ਸਮਝਦਾ ਹੈ, ਪਰ ਪਾਠਕ ਉਸ ਨੂੰ ਆਪਣੇ ਅਹਿਸਾਸ ਵਜੋਂ ਪਛਾਣ ਲੈਂਦਾ ਹੈ’’ – ਇਤਾਲਵੀ ਕਵੀ ਸਲਵਾਤੋਰੇ ਕੁਆਸੀਮੋਡੋ ਦੇ ਇਸ ਸੱਚ-ਕਥਨ ਦੇ ਸਹਾਰੇ ਮੈਨੂੰ ਪੂਰੀ ਆਸ ਹੈ, ਤੇ ਕੁਝ ਵਿਸ਼ਵਾਸ ਵੀ ਹੈ, ਕਿ ਪਾਠਕ ਮੇਰੇ ਅਹਿਸਾਸ ਵਿਚੋਂ ਆਪਣਾ ਅਹਿਸਾਸ ਪਛਾਣ ਲਵੇਗਾ ਅਤੇ ਮੇਰੀ ਕਵਿਤਾ ਦੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਮੈਂ ਗਈ ਹੀ ਕਦੋਂ ਸੀ! (ਪੁਸਤਕ ਨਵਯੁਗ ਪਬਲਿਸ਼ਰਜ਼, ਫੋਨ 98912-20358 ਨੇ ਛਾਪੀ ਹੈ)
ਸੰਪਰਕ: 80763-63058