ਮੁਹੱਬਤ
ਅਮਰਜੀਤ ਸਿੰਘ ਸਿੱਧੂ
ਮੈਂ ਤੇਰੇ ਨਾਲ ਮੁਹੱਬਤ ਕਰ ਬੈਠਾ ਹਾਂ
ਦਿਲ ਤੇਰੇ ਕਦਮਾਂ ਵਿੱਚ ਧਰ ਬੈਠਾ ਹਾਂ
ਮੈਂ ਕਿਸੇ ਤੋਂ ਡਰਾਇਆ ਡਰਦਾ ਨਹੀਂ
ਤੇਰੀ ਅੱਖ ਦੀ ਘੂਰ ਤੋਂ ਡਰ ਬੈਠਾ ਹਾਂ
ਤੇਰਾ ਤਾਂ ਮੈਨੂੰ ਸੱਜਣਾ ਪਤਾ ਨਹੀਂ
ਮੈਂ ਜ਼ਖ਼ਮ ਜਿਗਰ ’ਤੇ ਜਰ ਬੈਠਾ ਹਾਂ
ਜਿੱਤਣਾ ਚਾਹੁੰਦਾ ਸੀ ਮੈਂ ਤੈਨੂੰ ਤੇਰੇ ਤੋਂ
ਮੈਂ ਖ਼ੁਦ ਹੀ ਖ਼ੁਦ ਕੋਲੋਂ ਹਰ ਬੈਠਾ ਹਾਂ
ਬੁੱਲ੍ਹਾਂ ਵਿੱਚ ਲੁਕੋ ਹਾਸਿਆਂ ਨੂੰ
ਅੱਖਾਂ ਵਿੱਚ ਹੰਝੂ ਭਰ ਬੈਠਾ ਹਾਂ
ਇੱਕ ਦਿਨ ਤਾਂ ਤੂੰ ਏਥੇ ਹੀ ਆਵੇਂਗੀ
ਮੈਂ ਵੀ ਓਸੇ ਹੀ ਘਰ ਬੈਠਾ ਹਾਂ
ਤੇਰੇ ਤੋਂ ਖ਼ੈਰ ਪਿਆਰ ਦੀ ਮੰਗਣ ਲਈ
ਮੈਂ ਆ ਸਿੱਧੂ ਤੇਰੇ ਦਰ ਬੈਠਾ ਹਾਂ
ਤੂੰ ਮੰਨੇ ਜਾਂ ਨਾ ਮੰਨੇ ਮਰਜ਼ੀ ਤੇਰੀ ਏ
ਮੈਂ ਤਨ ਮਨ ਤੇਰੇ ਨਾਂ ਕਰ ਬੈਠਾ ਹਾਂ
ਇਸ਼ਕ ਦੀ ਬੇੜੀ ਬੰਨੇ ਲੱਗੂ ਪਤਾ ਨਹੀਂ
ਮੈਂ ਇਸ਼ਕ ਸਮੁੰਦਰ ਤਰ ਬੈਠਾ ਹਾਂ
ਮੈਂ ਤੈਨੂੰ ਯਾਰ ਵਿਆਹਵਣ ਦੇ ਲਈ
ਮੀਤੇ ਜਿਉਂਦੇ ਜੀ ਹੀ ਮਰ ਬੈਠਾ ਹਾਂ।
ਸੰਪਰਕ: 94640-73505
* * *
ਹਥਿਆਰ
ਅਮਨਦੀਪ ਕੌਰ ਹਾਕਮ ਸਿੰਘ ਵਾਲਾ
ਗੋਲ਼ੀ ਚੱਲਦੀ ਕਿਤੇ ਤਾੜ ਤਾੜ ਬੇਲੀ
ਕਿਤੇ ਬੰਬਾਂ ਦੀ ਹੋਵੇ ਬੁਛਾੜ ਬੇਲੀ
ਲੋਕਾਂ ਜਾਨ ਨੂੰ ਖਿਡੌਣਾ ਸਮਝਿਆ ਏ
ਚੱਲਦੀ ਸ਼ਰ੍ਹੇਆਮ ਤਲਵਾਰ ਬੇਲੀ
ਬੇਰਹਿਮੀ ਨਾਲ ਬੰਦਾ ਵੱਢ ਦਿੰਦੇ
ਬੁੱਧੀ ਤੋਂ ਜਾਪਣ ਬਿਮਾਰ ਬੇਲੀ
ਕੈਸਾ ਵੱਢ-ਟੁੱਕ ਦਾ ਦੌਰ ਆਇਆ
ਡਰ ਜਾਪੇ ਸੱਥ ਵਿਚਕਾਰ ਬੇਲੀ
ਯਾਰ ਹੀ ਮਾਰ ਹੁਣ ਕਰਨ ਲੱਗੇ
ਕੀਤਾ ਦੋਸਤੀ ਨੂੰ ਦਾਗ਼ਦਾਰ ਬੇਲੀ
ਐਵੇਂ ਸਿਆਸੀ ਚਾਪਲੂਸ ਨਾ ਬਣੋ ਲੋਕੋ
ਮਾੜਾ ਕੁਰਸੀ ਨਾਲ ਬਹੁਤਾ ਪਿਆਰ ਬੇਲੀ
ਕਿਉਂ ਰੱਜਿਆਂ ਤਾਈਂ ਵੰਡਦਾ ਏ
ਹਾਏ ਭੁੱਖਿਆਂ ਦੀ ਕਦੇ ਲੈ ਸਾਰ ਬੇਲੀ
ਭਾਂਬੜ ਉੱਚੀ ਉੱਚੀ ਮੱਚ ਰਹੇ
ਕਿਵੇਂ ਕਲਮ ਲਵੇ ਦੀਪ ਠਾਰ ਬੇਲੀ
ਸੰਪਰਕ: 98776-54596
* * *
ਦਰਦ
ਦੀਪਿਕਾ ਅਰੋੜਾ
ਕੁਝ ਦਰਦ ਅਜਿਹੇ ਹੁੰਦੇ ਨੇ,
ਜਿਹੜੇ ਹੱਡਾਂ ਵਿੱਚ ਰਚ ਜਾਂਦੇ ਨੇ।
ਖ਼ੁਆਬਾਂ ਦੇ ਤਿੜਕੇ ਸ਼ੀਸ਼ੇ ਬਣ,
ਇਹ ਅਕਸ ਕਈ ਦਿਖਲਾਂਦੇ ਨੇ
ਮਿੱਠੜੇ ਇਹ ਜ਼ਹਿਰ ਨੇ ਹਲਕਾਂ ਦੇ,
ਤੁਪਕਾ-ਤੁਪਕਾ ਚਿੱਤ ਟੁੰਗਦੇ ਨੇ,
ਇਹ ਪਾਰਖੂ ਮੇਰੇ ਸਬਰਾਂ ਦੇ,
ਹਰ ਪਲ ਮੈਨੂੰ ਅਜ਼ਮਾਉਂਦੇ ਨੇ
ਜਿਗਰਾਂ ਦੇ ਸਿੱਲੇ ਬਾਲਣ ਨੇ,
ਜੋ ਅੰਦਰੋ-ਅੰਦਰੀ ਧੁਖ਼ਦੇ ਨੇ।
ਇਹ ਸਾੜ ਸਵਾਹ ਸੱਧਰਾਂ ਕਰਦੇ,
ਸੁਪਨੇ ਨਿੱਤ ਹੀ ਕੁਰਲਾਉਂਦੇ ਨੇ
ਲੁਕੇ ਨਕਾਬਾਂ ਦੇ ਅੰਦਰ,
ਇਹ ਕੌੜੇ ਸੱਚ ਨੇ ਜਿੰਦੜੀ ਦੇ,
ਅਮਲਾਂ ਦੇ ਬੇਲੀ ਇਹ ਮੇਰੇ,
ਸਿਵਿਆਂ ਤੀਕ ਸਾਥ ਨਿਭਾਉਂਦੇ ਨੇ
ਸੰਪਰਕ: 90411-60739
* * *
ਮਾਤ ਭਾਸ਼ਾ ਪੰਜਾਬੀ
ਸੁਖਦੇਵ ਸਿੰਘ ਭੁੱਲੜ
ਹੈਲੋ ਹਾਇ ਗੁੱਡ ਬਾਏ ਓਕੇ ਰਾਈਟ ਬੋਲਦਾ,
ਠੀਕ ਠਾਕ, ਕਿਵੇਂ ਆਂ ਇਹ ਸ਼ਬਦਾਂ ਨੂੰ ਭੁੱਲਿਆ!
ਪਿੰਡ ਦਾ ਸਕੂਲ ਛੱਡ, ਪੜ੍ਹੇ ਕੌਨਵੈਟਾਂ ’ਚ,
ਊੜਾ ਐੜਾ ਭੁੱਲ ਏ ਬੀ ਸੀ ’ਤੇ ਡੁੱਲ੍ਹਿਆ!
ਕੱਪੜੇ ਜਾਂ ਬੋਰੀ ਦੇ ਬਣਾਏ ਝੋਲੇ ਛੱਡ ਦਿੱਤੇ,
ਰੈਡੀਮੇਡ ਬੈਗ ਗਲ ਪਾ ਕੇ ਫਿਰੇ ਫੁੱਲਿਆ!
ਕੀ ਹੁੰਦੀ ਨਿੱਕਰ ਜਾਂ ਕੱਛਾ ਕਿਹਨੂੰ ਆਖਦੇ ਨੇ,
ਐਸਾ ਹੜ੍ਹ ਫੈਸ਼ਨਪ੍ਰਸਤੀ ਦਾ ਝੁੱਲਿਆ!
ਪੰਜਾਬੀ ਵਿੱਚ ਹੇਠਾਂ ਥੱਲੇ ਠਾਂਹ ਕਈ ਸ਼ਬਦ ਨੇ,
ਫੇਰ ਵੀ ਪਤਾ ਨਹੀਂ ਕਿਉਂ ਨੀਚੇ ਨੀਚੇ ਬੋਲਦਾ।
ਮਾਤ ਭਾਸ਼ਾ ਛੱਡ ਕੇ ਹਿੰਦੀ ’ਤੇ ਸ਼ੁਦਾਈ ਹੋਇਆ,
ਚੁੱਲੇ ਅੱਗੇ ਬੈਠਾ ਵੀ ਅੰਗਰੇਜ਼ੀ ਪਿਆ ਬੋਲਦਾ।
ਸੰਪਰਕ: 94170-46117
* * *
ਤੂੰ ਤੇ ਮੈਂ
ਜਗਵੀਰ ਕੌਰ
ਚੱਲ ਬੁੱਲਿਆ ਕਿਤੋਂ ਲੱਭਣ ਚੱਲੀਏ ਨਿੱਕੇ-ਨਿੱਕੇ ਹਾਸੇ,
ਹਿਜਰਾਂ ਦੀ ਪੰਡ ਲਾਹ ਕੇ ਸੁੱਟੀਏ ਜਿੰਦ ਤੋਂ ਕਿਧਰੇ ਪਾਸੇ,
ਤੂੰ ਤੇ ਮੈਂ ਬੱਸ ਮੈਂ ਤੇ ਤੂੰ ਆ ਰਹੀਏ ਆਸੇ-ਪਾਸੇ,
ਦੁਨੀਆਂ ਦੀ ਬੱਸ ਫਿਤਰਤ ਇਹੀ, ਨਾ ਬਦਲਣ ਇਹਦੇ ਖਾਸੇ,
ਅੰਦਰੋਂ-ਅੰਦਰੀ ਜੜ੍ਹਾਂ ਇਹ ਵੱਢਣ, ਉੱਤੋਂ ਵਾਂਗ ਪਤਾਸੇ,
ਚੱਲ ਜੱਗਿਆ ਕਿਤੋਂ ਲੱਭਣ ਚੱਲੀਏ ਨਿੱਕੇ-ਨਿੱਕੇ ਹਾਸੇ।
ਸੰਪਰਕ: 76963-00539
* * *
ਜ਼ਿੰਦਗੀ ਜੀਓ…
ਮੁਨੀਸ਼ ਭਾਟੀਆ
ਹਰ ਇਨਸਾਨ ਇਸ ਤਰ੍ਹਾਂ ਜਿਉਂਦਾ ਹੈ
ਦੂਜਿਆਂ ਦੀ ਖ਼ਾਤਰ,
ਛੁਪਾਉਂਦਾ ਹਰ ਕੋਈ ਇੱਥੇ ਦੁੱਖ ਹੈ
ਕਹੇ ਥੋੜ੍ਹੇ ਛੁਪਾਏ ਬਹੁਤ ਕੁਝ,
ਕੁਝ ਅਣਕਿਹਾ ਦਿਲ ਵਿੱਚ ਰਹਿ ਜਾਂਦਾ ਹੈ!
ਜਦੋਂਕਿ ਇਹ ਜੀਵਨ ਸੁੰਦਰ ਹੈ
ਮਿਲਿਆ ਇਹ ਸਿਰਫ਼ ਇੱਕ ਵਾਰ,
ਇਸ ਜ਼ਿੰਦਗੀ ਨੂੰ
ਖੁੱਲ੍ਹ ਕੇ ਕਿਉਂ ਨਾ
ਪੂਰੀ ਤਰ੍ਹਾਂ ਜਿਉਂ ਲਿਆ ਜਾਵੇ!
ਮੁੜ ਮੁੜ ਨਾ ਮਿਲਣਾ ਕਦੇ,
ਨੈਣਾਂ ਵਿੱਚ ਸੁਪਨੇ ਨੂੰ
ਸਜਾ ਰੱਖਿਆ ਜਾਵੇ।
ਸੰਪਰਕ: 70271-20349
* * *
ਸਿੱਖ ਲਿਆ ਹੈ ਮੈਂ
ਡਾ. ਰਜਿੰਦਰ ਕੌਰ
ਸਿੱਖ ਲਿਆ ਹੈ ਮੈਂ
ਚੁੱਪਚਾਪ
ਆਪਣੇ ਆਪ ਨਾਲ ਜਿਉਣਾ
ਸਮੇਟ ਕੇ ਉਹਦੇ ਕਹੇ ਅਣਕਹੇ ਸ਼ਬਦਾਂ ਨੂੰ
ਆਪਣੀ ਬੁੱਕਲ ਦੇ ਨਿੱਘ ਵਿੱਚ।
ਜਾਣਦੀ ਹਾਂ ਮੈਂ
ਉਹ ਅੱਖਾਂ ਰਾਹੀਂ ਮੇਰੇ ਕਹੇ ਸ਼ਬਦਾਂ ਨੂੰ
ਸਮਝਣ ਦੇ ਯੋਗ ਨਹੀਂ।
ਮੈਨੂੰ ਪਤੈ
ਜੇ ਅੱਖਾਂ ਦੀ ਭਾਸ਼ਾ ਨਹੀਂ ਜਾਣ ਸਕਦਾ,
ਕਿਵੇਂ ਸਮਝੇਗਾ
ਮੇਰੇ ਹੋਠਾਂ ਦੀ ਚੁੱਪ ਨੂੰ।
ਜੋ ਸ਼ਖ਼ਸ ਅੱਖਾਂ ਤੇ ਹੋਠਾਂ ਦੀ ਭਾਸ਼ਾ
ਸਮਝਦਾ ਨਾ ਹੋਵੇ
ਉਹਨੂੰ ਬੋਲੇ ਸ਼ਬਦਾਂ ਦੇ ਅਰਥਾਂ ਦੀ
ਸਮਝ ਵੀ ਨਹੀਂ ਆਉਣੀ।
ਤਾਹੀਉਂ ਤਾਂ ਸਿੱਖ ਲਿਆ ਹੈ ਮੈਂ
ਚੁੱਪਚਾਪ
ਆਪਣੇ ਆਪ ਨਾਲ ਜੀਣਾ।
ਸੰਪਰਕ: 95306-97511
* * *
ਜਵਾਬ
ਹਰਦੀਪ ਬਿਰਦੀ
ਤੈਨੂੰ ਸਾਰੇ ਜਵਾਬ ਦਿਆਂਗਾ।
ਜਦ ਮੈਂ ਤੈਨੂੰ ਗੁਲਾਬ ਦਿਆਂਗਾ।
ਨੀਂਦ ਕਦ ਕਦ ਉਡਾਈ ਮੇਰੀ ਤੂੰ
ਤੈਨੂੰ ਸਾਰੇ ਹਿਸਾਬ ਦਿਆਂਗਾ।
ਦਿਲ ਦਾ ਤੋਹਫ਼ਾ ਕਬੂਲ ਕਰਨਾ ਜਦ
ਕਹਿ ਕੇ ਲੈ ਲਉ ਜਨਾਬ ਦਿਆਂਗਾ।
ਹਰਫ਼ ਸਾਰੇ ਹੀ ਦਿਲ ਤੋਂ ਪੜ੍ਹਿਓ ਜੀ
ਤੁਹਾਨੂੰ ਦਿਲ ਦੀ ਕਿਤਾਬ ਦਿਆਂਗਾ।
ਤੈਨੂੰ ਲੱਗੀ ਜੇ ਪਿਆਸ ਕਿਧਰੇ ਤਾਂ
ਆਪਣੇ ਹੱਥੀਂ ਮੈਂ ਆਬ ਦਿਆਂਗਾ।
ਪਹਿਲਾਂ ਮਿਲਿਆ ਨਾ ਹੋਣਾ ਕਿਧਰੇ ਹੈ
ਤੈਨੂੰ ਐਸਾ ਖ਼ਿਤਾਬ ਦਿਆਂਗਾ।
ਗੀਤ ਬਸ ਪਿਆਰ ਦੇ ਹੀ ਗਾਵੀਂ ਤੂੰ,
ਇਸ਼ਕ ਦੀ ਮੈਂ ਰਬਾਬ ਦਿਆਂਗਾ।
ਸੰਪਰਕ: 90416-00900
* * *
ਰੁੜ੍ਹ ਪੁੜ੍ਹ ਜਾਣੀ
ਅਨੰਤ ਗਿੱਲ
ਰੁੜ੍ਹ ਪੁੜ੍ਹ ਜਾਣੀ
ਮੱਥਾ ਫੜ ਕੇ
ਬੈਠੀ ਵਿੱਚ ਉਜਾੜਾਂ
ਵਾਜਾਂ ਮਾਰਾਂ
ਏਦਾਂ ਨਾ ਕਰ
ਪਿੱਛੇ ਮੁੜ ਆ
ਲੈ ਲਾ ਆਪਣੀਆਂ ਸਾਰਾਂ
ਮੰਨ ਨਾ ਹਾਰਾਂ
ਚਾਅ ਅੱਥਰੇ
ਤੈਨੂੰ ਲੱਭਦੇ ਫਿਰਦੇ
ਜਿੱਥੋਂ ਤੀਕ ਨਿਹਾਰਾਂ
ਦਿਸਦੀਆਂ ਡਾਰਾਂ
ਆ ਨੀ ਨੀਂਦੇ
ਚੁੱਕ ਨੀ ਗੋਦੀ
ਲੋਰੀ ਕੋਈ ਉਚਾਰਾਂ
ਵਾਲ ਸੰਵਾਰਾਂ
ਹਾਲੇ ਤਾਂ
ਅੱਧਵਾਟੇ ਰੁਲਦੇ
ਸੁਪਨੇ ਕਈ ਹਜ਼ਾਰਾਂ
ਲੱਭਦੇ ਠਾਹਰਾਂ
ਇੰਝ ਕਿਵੇਂ
ਮੁੱਖ ਮੋੜ ਲਵੇਂਗੀ
ਦੋਜ਼ਖ ਪੈਣੀਆਂ ਮਾਰਾਂ
ਉੱਠ ਪਿਆਰਾਂ
ਆ ਮੈਂ ਤੈਨੂੰ
ਗਲ਼ ਨਾਲ ਲਾਵਾਂ
ਮੁੱਕ ਜਾਵਣ ਤਕਰਾਰਾਂ
ਆਪਾ ਵਾਰਾਂ
ਝੱਲੀਏ ਐਵੇਂ
ਝੱਲੀ ਨਾ ਹੋ
ਰਾਹੀਂ ਲੱਖ ਘੁਮਾਰਾਂ
ਬੇੜਾ ਤਾਰਾਂ
ਆਜਾ ਅੜੀਏ
ਮੱਥਾ ਚੁੰਮ ਕੇ
ਤੇਰੀ ਨਜ਼ਰ ਉਤਾਰਾਂ
ਸੀਨਾ ਠਾਰਾਂ
ਸਾਹਾਂ ਵਾਲੀਆਂ
ਤੰਦਾਂ ਅੜੀਏ
ਟੁੱਟ ਜਾਵਣ ਇੱਕ ਵਾਰਾਂ
ਖ਼ਤਮ ਬਹਾਰਾਂ
ਰੁੜ੍ਹ ਪੁੜ੍ਹ ਜਾਣੀ
ਮੱਥਾ ਫੜ੍ਹ ਕੇ
ਬੈਠੀ ਵਿੱਚ ਉਜਾੜਾਂ
ਵਾਜਾਂ ਮਾਰਾਂ
* * *
ਗ਼ਜ਼ਲ
ਜਗਤਾਰ ਪੱਖੋ
ਚੁੱਪ ਦਾ ਨਾ ਮੁੱਲ ਹੈ।
ਸ਼ਾਇਦ ਤੇਰੀ ਭੁੱਲ ਹੈ।
ਬੁਲਬਲਾਂ ’ਤੇ ਰੋਕ ਹੈ,
ਤੋਤਿਆਂ ਨੂੰ ਖੁੱਲ੍ਹ ਹੈ।
ਰਿਸ਼ਤਿਆਂ ਦੇ ਮੇਜ਼ ’ਤੇ,
ਕਾਗਜ਼ਾਂ ਦੇ ਫੁੱਲ ਹੈ।
ਜੁਗਨੂੰਆਂ ਦੇ ਸ਼ਹਿਰ ਵਿੱਚ,
ਵੇਖ ਬੱਤੀ ਗੁੱਲ ਹੈ।
ਢੌਂਗ ਵਾਲਾ ਅੱਥਰੂ,
ਹੀਰਿਆਂ ਦੇ ਤੁੱਲ ਹੈ।
ਕੋਰਟਾਂ ਵਿੱਚ ਲਟਕਦਾ,
ਊਠ ਵਾਲਾ ਬੁੱਲ੍ਹ ਹੈ।
ਜ਼ਿੰਦਗੀ ਦੀ ਬੇਰੁਖ਼ੀ,
ਮਾਣਦਾ ਹੁਣ ਕੁੱਲ ਹੈ।
ਸੰਪਰਕ: 94651-96946
* * *
ਗ਼ਜ਼ਲ
ਗੁਰਵਿੰਦਰ ‘ਗੋਸਲ’
ਹੋਰਾਂ ਦਾ ਦੁੱਖ ਵੇਖ ਕੇ, ਲੱਗੇ ਹਮੇਸ਼ਾ ਘੱਟ।
ਪੀੜ ਉਦੋਂ ਹੀ ਲੱਗਦੀ, ਜਦ ਆਪਣੇ ਲੱਗੇ ਸੱਟ।
ਮੈਂ ਦੇਖੇ ਜੋ ਆਖਦੇ, ਮਰਾਂਗੇ ਤੇਰੇ ਨਾਲ,
ਪਰ ਮੁਸੀਬਤ ਬਣੀ ਤੋਂ, ਪਾਸਾ ਲੈਂਦੇ ਵੱਟ।
ਅਣਖੀ ਬੰਦੇ ਅਣਖ਼ ਨੂੰ, ਲੱਗਣ ਨਾ ਦਿੰਦੇ ਦਾਗ਼,
ਬੇਜ਼ਮੀਰੇ ਜੋ ਹੁੰਦੇ, ਥੁੱਕ ਕੇ ਲੈਂਦੇ ਚੱਟ।
ਸੇਵਾ ਦੇ ਵਿੱਚ ਹਰ ਸਮੇਂ, ਰਹਿੰਦੇ ਜੋ ਮਸਰੂਫ਼,
ਓਹੀ ਬੰਦੇ ਜੱਗ ਤੋਂ, ਨੇਕੀ ਜਾਂਦੇ ਖੱਟ।
ਗ਼ੈਰਾਂ ਦੀ ਸੱਟ ‘ਗੋਸਲਾ’, ਬੰਦਾ ਜਾਵੇ ਝੱਲ,
ਹਰ ਪਲ ਰਹਿੰਦੇ ਰਿੱਝਦੇ, ਖ਼ੁਦ ਆਪਣਿਆਂ ਦੇ ਫੱਟ।
ਸੰਪਰਕ: 97796-96042
* * *
ਬਾਕੀ ਹੈ
ਨਿਰਮਲ ਸਿੰਘ
ਅਜੇ ਵੀ ਜਾਪਦਾ ਮੈਨੂੰ ਦਿਲਾਂ ਵਿੱਚ ਨਾਮ ਬਾਕੀ ਹੈ
ਕਿਸੇ ਕਿੱਸੇ ਕਹਾਣੀ ਦਾ ਕੋਈ ਅੰਜਾਮ ਬਾਕੀ ਹੈ
ਡਰ ਕੇ ਰਾਤ ਕਾਲੀ ਤੋਂ ਨਾ ਛੇੜੀਂ ਗੱਲ ਵਿਛੋੜੇ ਦੀ
ਬਥੇਰਾ ਦਿਨ ਅਜੇ ਬਾਕੀ ਅਜੇ ਤਾਂ ਸ਼ਾਮ ਬਾਕੀ ਹੈ
ਗਲੇ ਉਨ੍ਹਾਂ ਨੂੰ ਮਿਲਣਾ ਹੈ ਜੋ ਵੱਟੀ ਮੂੰਹ ਬੈਠੇ ਨੇ
ਹਜ਼ਾਰਾਂ ਹੀ ਸ਼ਿਕਾਇਤਾਂ ਦਾ ਸਿਰ ਇਲਜ਼ਾਮ ਬਾਕੀ ਹੈ
ਹਸਾਉਣਾ ਰੋਂਦਿਆਂ ਤਾਈਂ ਨਿਸ਼ਾਨਾ ਜ਼ਿੰਦਗੀ ਦਾ ਹੈ
ਹੈ ਮੇਰੀ ਭਗਤੀ ਇਹੋ ਧਿਆਉਣਾ ਰਾਮ ਬਾਕੀ ਹੈ
ਮਿਲੀ ਹੈ ਦੋਸਤੋ ਇੱਜ਼ਤ ਤੇ ਅੰਤਾਂ ਦੀ ਮੁਹੱਬਤ ਜੋ
ਪਾਉਣਾ ਮੁੱਲ ਅਜੇ ਬਾਕੀ ਤੇ ਦੇਣਾ ਦਾਮ ਬਾਕੀ ਹੈ
ਸਿਖਾਈ ਜਾਚ ਜੀਵਨ ਦੀ ਹੈ ਜਿਨ੍ਹਾਂ ਨੇਕ ਰੂਹਾਂ ਨੇ
ਉਨ੍ਹਾਂ ਰੂਹਾਂ ਨੂੰ ਸਿਜਦਾ ਤੇ ਮੇਰਾ ਪ੍ਰਣਾਮ ਬਾਕੀ ਹੈ
ਨਫ਼ਰਤਾਂ ਪਾਲ ਬੈਠੇ ਨੇ ਹਾਲਤਾਂ ਦੇ ਸਤਾਏ ਜੋ
ਉਨ੍ਹਾਂ ਨੂੰ ਪਿਆਰ ਦਾ ਦੇਣਾ ਅਜੇ ਪੈਗਾਮ ਬਾਕੀ ਹੈ
ਸੰਪਰਕ: 84270-07623
* * *
ਹਥਕੰਡੇ
ਗੁਰਜੰਟ ਬੀਂਬੜ
ਰਾਤੀਂ
‘ਕਵਿਤਾ’ ਆਈ ਸੀ
ਕਹਿੰਦੀ
‘‘ਵੱਡਿਆ ਕਵੀਆ
ਸੁੱਤਾ ਨਹੀਂ ਅਜੇ ਤੀਕ?
… … …
ਆ ਤੇਰਾ ਸਿਰ ਘੁੱਟਾਂ
ਥੋੜ੍ਹਾ ਆਰਾਮ ਕਰ ਲੈ
ਥੱਕ ਗਿਆ ਹੋਵੇਂਗਾ
‘ਐਵਾਰਡਾਂ’ ਲਈ
ਅਪਣਾਉਂਦਾ
‘ਹਥਕੰਡੇ’
ਸੰਪਰਕ: 99147-34797
* * *
ਔਰਤ
ਗੁਰਸ਼ਰਨ ਕੌਰ ਦੇਵਗੁਣ
ਹਾਂ ਹਾਂ …ਹਾਂ!
ਹਾਂ …ਮੈਂ ਔਰਤ!
ਅਰਧਾਂਗਣੀ ਹਾਂ ਮੈਂ
ਤੇ ਤੂੰ …?
ਸੰਪੂਰਨ ਤਾਂ ਤੂੰ ਵੀ ਨਹੀਂ
ਫਿਰ ਕਾਹਦਾ ਮਾਣ?
ਦੱਸ ਕਾਹਦਾ ਤਾਣ?
ਚੱਲ ਆ…!
ਸੰਪੂਰਨ ਹੋ ਜਾਈਏ
ਹਥਿਆਉਣਾ ਨਹੀਂ
ਅਪਨਾਉਣਾ ਸਿੱਖ
ਦਬਕਾਉਣਾ ਨਹੀਂ
ਸਮਝਾਉਣਾ ਸਿੱਖ
ਉੱਭੜ-ਖਾਭੜ ਰਾਹਾਂ ’ਤੇ
ਕਦਮ ਮਿਲਾ ਕੇ ਧਰੀਏ
ਮੰਜ਼ਿਲਾਂ ਨੂੰ ਸਰ ਕਰੀਏ
ਜ਼ਿੰਦਗੀ ਦਾ ਮਕਸਦ
ਜਿਸਮਾਂ ਨੂੰ ਮਾਨਣਾ ਨਹੀਂ
ਰੂਹਾਂ ਨੂੰ ਵੀ ਜਾਨਣਾ ਹੁੰਦਾ
ਆ ਇੱਕ ਦੂਜੇ ਨੂੰ ਸੁਣੀਏ
ਆਪਣੀ ਆਪਣੀ ਕਹੀਏ
ਕਦਮ ਨਾਲ ਕਦਮ ਮਿਲਾ
ਅੱਗੇ ਅੱਗੇ ਧਰੀਏ
ਇੱਕ ਦੂਜੇ ਦਾ ਸਹਾਰਾ ਬਣ
ਜ਼ਿੰਦਗੀ ਨੂੰ ਮਾਣੀਏ
ਆਪੇ ਨੂੰ ਪਛਾਣੀਏ
ਤੈਨੂੰ ਪਤੈ …?
ਅਕਲਾਂ ਬਾਝੋਂ
ਦਿਸਣ ਖੂਹ ਖ਼ਾਲੀ
ਮੁਹੱਬਤਾਂ ਦੇ ਬਾਝੋਂ
ਇਹ ਰੂਹ ਖ਼ਾਲੀ
ਤੇਰੇ ਬਾਝੋਂ ਮੈਂ ਖ਼ਾਲੀ
ਮੇਰੇ ਬਾਝੋਂ ਤੂੰ ਖ਼ਾਲੀ
ਮੈਂ ਔਰਤ…!
ਬਿਸਤਰ ਹੀ ਨਹੀਂ
ਮਮਤਾ ਵੀ ਹਾਂ ਮੈਂ
ਲਾਡ ਵੀ ਹਾਂ ਮੈਂ
ਦੁਲਾਰ ਹਾਂ ਮੈਂ
ਹਰ ਰੂਪ ਵਿੱਚ
ਪਿਆਰ ਹੀ ਪਿਆਰ
ਬੱਸ ਪਿਆਰ ਹਾਂ ਮੈਂ…
ਸੰਪਰਕ: 76964-01390
* * *
ਸੱਚ ਦਾ ਚਾਨਣ
ਰਜਵੰਤ ਕੌਰ ਚਨਾਰਥਲ
ਬਾਬਾ ਤੇਰੇ ਸ਼ਹਿਰ ਵਿੱਚ ਅੰਧਘੋਰ ਹੋ ਗਿਆ।
ਖ਼ੁਸ਼ੀਆਂ ਦੇ ਵਾਜੇ ਜਿੱਥੇ ਰਹੇ ਵੱਜਦੇ,
ਉੱਥੇ ਹੁਣ ਗ਼ਮਾਂ ਵਾਲਾ ਸ਼ੋਰ ਹੋ ਗਿਆ।
ਬੋਲੇ ਤੋਂ ਕੋਈ ਨਾ ਬੁਲਾਇਆ ਬੋਲਦਾ,
ਚਾਰੇ ਪਾਸੇ ਸ਼ੱਕ ਵਾਲਾ ਜ਼ੋਰ ਹੋ ਗਿਆ।
ਸਵਾਰਥ ਦੀਆਂ ਕੰਧਾਂ ਹੁਣ ਲਈਆਂ ਕੱਢ ਨੇ,
ਜਾਪਦਾ ਹਨੇਰਾ ਘਣਘੋਰ ਹੋ ਗਿਆ।
ਸੁੱਖਾਂ ਨੇ ਉੱਚੀ ਉਡਾਰੀ ਮਾਰ ਲਈ,
ਦੁੱਖਾਂ ਨਾਲ ਸਰੀਰ ਕਮਜ਼ੋਰ ਹੋ ਗਿਆ।
‘ਰਜਵੰਤ’ ਆਇਆ ਹਨੇਰਿਆਂ ਦਾ ਫੇਰ ਜੁਗਨੂੰ
ਜੀਹਦੇ ਨਾਲ ਚਾਨਣ ਚਕੋਰ ਹੋ ਗਿਆ।
ਸੰਪਰਕ: 81465-51328
* * *
ਅਰਦਾਸ
ਕੁਲਵਿੰਦਰ ਕੌਰ
ਛੱਤੀ ਸੌ ਪਕਵਾਨ ਮੈਂ ਖਾਵਾਂ,
ਵੰਨ ਸੁਵੰਨੀਆਂ ਪੁਸ਼ਾਕਾਂ ਪਾਵਾਂ,
ਪਰ ਚੂਰੀ ਨਾ ਭੁੱਲਾਂ ਮੈਂ..
ਕਦੀ ਕਦੀ ਕਾਵਾਂ ਚਿੜੀਆਂ ਨੂੰ ਚੋਗਾ ਵੀ ਪਾਵਾਂ ਮੈਂ,
ਇਹੋ ਹੈ ਅਰਦਾਸ ਦਾਤਿਆ ਸ਼ੁਕਰ ਮਨਾਵਾਂ ਮੈਂ,
ਤੇਰੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਮਨਾਵਾਂ ਮੈਂ।
ਉੱਚੇ ਪੱਕੇ ਮਹਿਲ ਉਸਾਰਾਂ, ਪਰ ਕੱਚੇ ਨਾ ਭੁਲਾਵਾਂ ਮੈਂ
ਵਿਹੜੇ ਵਿੱਚ ਇੱਕ ਰੁੱਖ ਲਗਾ ਕੇ,
ਇਸ ਦੀ ਸ਼ਾਨ ਵਧਾਵਾਂ ਮੈਂ
ਘਰ ਦੇ ਅੰਦਰ ਕੁਦਰਤੀ ਰੌਸ਼ਨੀ ਦਾ,
ਵਰਦਾਨ ਨਾ ਗਵਾਵਾਂ ਮੈਂ
ਇਹੋ ਹੈ ਅਰਦਾਸ ਦਾਤਿਆ…
ਉੱਚੇ ਵੱਲ ਵੇਖ ਤਰਸਾ ਨਾ ਮੈਂ,
ਨੀਵੇਂ ’ਤੇ ਹੱਸਾਂ ਨਾ ਮੈਂ
ਮਿਹਨਤ ਕੀਤੀ ਤਰੱਕੀ ਪਾਈ,
ਹੋਰਾਂ ਨੂੰ ਵੀ ਦੱਸਾਂ ਮੈਂ
ਫਿਰ ਕਦੇ ਕਦੇ ਕਿਸੇ ਮਾਸੂਮ ਦੀ ਝੋਲੀ
ਵੀ ਕੁਝ ਪਾਵਾ ਮੈਂ
ਇਹੋ ਹੈ ਅਰਦਾਸ ਦਾਤਿਆ…
ਈ-ਮੇਲ: bhangukulwinderkaur@gmail.com
* * *
ਇਉਂ ਕਰੀਏ ਨਾ
ਸੁਖਜੀਤ ਸਿੰਘ
ਗੁਣ ਤੇ ਗਿਆਨ ਦੀ ਕਦਰ ਜਿੱਥੇ ਪੈਂਦੀ ਨਹੀਓਂ,
ਓਸ ਜਗ੍ਹਾ ਸਾਕ ਤੇ ਸਬੰਧ ਨੂੰ ਬਣਾਈਏ ਨਾ।
ਬੁਰੇ ਤੇ ਬੇਗੈਰਤ ਦਾ ਅੰਗ-ਸੰਗ ਮਾੜਾ ਹੁੰਦਾ,
ਅੱਲੜ ਫਰੇਬੀਆਂ ਦੇ ਨਾਲ ਯਾਰੀ ਲਾਈਏ ਨਾ।
ਸੋਹਣੇ ਤੇ ਸੁਨੱਖੇ ਵੱਲ ਦੇਖ ਕਦੇ ਝੂਰੀਏ ਨਾ,
ਲੋਕਾਂ ਦੇ ਮਗਰ ਲੱਗ ਝੱਗਾ ਪੜਵਾਈਏ ਨਾ।
ਦੌਲਤਾਂ ਦੀ ਚਕਾਚੌਂਧ ਡੋਬ ਜਾਂਦੀ ਲੋਭੀਆਂ ਨੂੰ,
ਮਹਿਰਮ ਗ਼ਰੀਬ ਕੋਲੋਂ ਹੱਥ ਛੁਡਵਾਈਏ ਨਾ।
ਪੈਸਿਆਂ ਦੇ ਪੀਰ ਬਣ ਭੁੱਲੀਏ ਨਾ ਫਾਕਿਆਂ ਨੂੰ,
ਫੋਟੋਆਂ ਖਿਚਾਉਣ ਲਈ ਲੰਗਰ ਲਗਾਈਏ ਨਾ।
ਯਾਰੀਆਂ ਨਿਭਾਉਣ ਪਿੱਛੇ ਕਰੀਏ ਨਾ ਖਰਚੇ ਨੂੰ,
ਸਹੁੰਆਂ ਪੁਆ ਕੇ ਯਾਰ ਨਸ਼ਿਆਂ ’ਤੇ ਲਾਈਏ ਨਾ।
ਸੱਜਾ-ਖੱਬਾ ਕਰ ਕੇ ਇਕੱਠੇ ਕੀਤੇ ਪੈਸਿਆਂ ਨੂੰ,
ਵਿਆਹ ਵਿੱਚ ਜਾ ਕੇ ਨੱਚ ਨੱਚ ਕੇ ਉਡਾਈਏ ਨਾ।
ਕਰਜ਼ੇ ਚੁੱਕ ਕੇ ਨਾ ਛੱਤੀਏ ਮੁਨਾਰਿਆਂ ਨੂੰ,
ਭੁੱਲ ਕੇ ਨੀਹਾਂ ’ਚ ਇੱਟ ਪਿੱਲੀ ਚਿਣਵਾਈਏ ਨਾ।
ਦੁੱਧ-ਪੁੱਤ ਚੱਤੋ-ਪਹਿਰ ਮੰਗਦੇ ਨੇ ਨਿਗ੍ਹਾ ਭਾਈ,
ਦੁੱਧ ਨੰਗਾ ਛੱਡੀਏ ਨਾ, ਪੁੱਤ ਚੰਭਲਾਈਏ ਨਾ।
ਮੰਗੀ-ਦੀ ਹੈ ਖ਼ੈਰ ਹਰ ਪੱਖੀ ਤੇ ਵਿਰੋਧੀ ਦੀ ਜੀ,
ਦਿਲਾਂ ਵਿੱਚ ਈਰਖਾ ਦਵੈਸ਼ ਨੂੰ ਵਧਾਈਏ ਨਾ।
ਸੰਗ ਤੇ ਸ਼ਰਮ ਗਹਿਣਾ ਹੋਂਵਦਾ ਤ੍ਰੀਮਤਾਂ ਦਾ,
ਰੱਖੋ ਸਦਾ ਸਾਂਭ-ਸਾਂਭ ਪੱਤ ਨੂੰ ਰੁਲਾਈਏ ਨਾ।
ਕੰਮ ਨੂੰ ਸਮੇਟ ਕੇ ਤੇ ਪਹਿਲੇ ਪਹਿਰ ਸੌਂਈਏ ਸਦਾ,
ਕਿਸੇ ਭਾਅ ’ਤੇ ਸਾਝਰੇ ਦੀ ਸੈਰ ਨੂੰ ਖੁੰਝਾਈਏ ਨਾ।
ਸੂਝ ਤੇ ਸਿਆਣਪ ਦੇ ਨਾਲ ਲਈਏ ਫ਼ੈਸਲੇ ਨੂੰ,
ਮੰਦੜੇ ਬੋਲਾਂ ਨੂੰ ਕਦੇ ਸੁਣੀਏ ਸੁਣਾਈਏ ਨਾ।
ਲੜਨਾ ਮੈਦਾਨੇ ਜੰਗ ਸੂਰਮੇ ਦਾ ਮਾਣ ਹੁੰਦਾ,
ਮੌਤ ਕੋਲੋਂ ਡਰ ਕੇ ਤੇ ਕੰਡ ਨੂੰ ਭੁਆਈਏ ਨਾ।
ਬਣ ਜਾਈਏ ਸ਼ਾਹ ਪਰ ਖਾਈਏ ਨਾ ਵਿਆਜ ਕਦੇ,
ਕਿਰਤੀ ਦੀ ਰੱਤ ਚੂਸ, ਗੋਗੜਾਂ ਵਧਾਈਏ ਨਾ।
ਕੁੱਲ ਜੀਆ-ਜੰਤ ਵਿੱਚ ਇੱਕੋ ਨੂਰੀ ਜੋਤ ਜਗੇ,
ਆਖਦਾ ‘ਮੁਸਾਫਿਰ’ ਮਨੁੱਖਤਾ ਭੁਲਾਈਏ ਨਾ।
ਈ-ਮੇਲ: iamsukhjitbawa@gmail.com
* * *
ਉਡੀਕ ਕਰ ਰਿਹਾ
ਕਰਨੈਲ ਅਟਵਾਲ
ਕਾਦਰ ਦੀ ਕੁਦਰਤ ਸਭ ਦਾ ਅਦਬ ਕਰਵਾਈਂ,
ਕੋਈ ਬਹੁਤੀ ਸੂਝ ਸਮਝ ਮੇਰੇ ਪਾਸ ਨਹੀਂ ਹੈ।
ਜ਼ਿੰਦਗੀ ਜਿਉਣ ਦੀ ਤਰਕੀਬ ਨਹੀਂ ਹੈ ਮੈਨੂੰ,
ਜਿਉਂਦੇ ਹੋਣ ਦਾ ਵੀ ਕੋਈ ਅਹਿਸਾਸ ਨਹੀਂ ਹੈ।
ਨਿੱਤ ਨਵੇਂ ਢੰਗ ਤਰੀਕੇ ਲੱਭ ਰਿਹਾ ਜਿਉਣ ਦੇ,
ਐਪਰ ਮੈਨੂੰ ਆਉਂਦਾ ਕੋਈ ਵੀ ਰਾਸ ਨਹੀਂ ਹੈ।
ਤੇਰੀ ਰਹਿਮਤ ਦੀ ਉਡੀਕ ਕਰ ਰਿਹਾ ਹਰ ਪਲ,
ਉਂਝ ਮੇਰਾ ਮਨ ਹੋਇਆ ਪੂਰਾ ਨਿਰਾਸ਼ ਨਹੀਂ ਹੈ।
ਸੁਣਿਆ ਉਮੀਦ ’ਤੇ ਕਾਇਮ ਇਹ ਦੁਨੀਆਂ ਸਾਰੀ,
ਰੱਖਾਂ ਸ਼ਿਕਵਾ ਤੇਰੇ ਨਾਲ ਇਹੋ ਜਿਹਾ ਦਾਸ ਨਹੀਂ ਹੈ।
‘ਅਟਵਾਲ’ ਨਿਮਾਣੇ ਦੀ ਸੁਣੀ ਅਰਜ਼ੋਈ ਤੂੰ ਕਾਦਰ,
ਸੁਣਿਆ ਇਹ ਗੱਲ ਤੇਰੇ ਲਈ ਕੋਈ ਖ਼ਾਸ ਨਹੀਂ ਹੈ।
ਸੰਪਰਕ: 75082-75052
* * *
ਚੰਗਾ ਗੁਣ
ਅਮਰਜੀਤ ਸਿੰਘ ਫ਼ੌਜੀ
ਹਰ ਪੱਖੋਂ ਭਾਵੇਂ ਹੋਵੇਂ ਪੂਰਾ ਸੂਰਾ ਤੂੰ
ਪਰ! ਅਦਬ ਇਬਾਦਤ ਕਰਨਾ ਵੀ
ਗੁਣ ਚੰਗਾ ਹੁੰਦਾ ਏ!
ਮੰਨਦੇ ਹਾਂ ਕਿ ਹਰ ਇੱਕ
ਬੰਦਾ ਜਿੱਤ ਹੀ ਚਾਹੁੰਦਾ ਹੈ
ਪਰ ਰਿਸ਼ਤਿਆਂ ਖ਼ਾਤਰ ਹਰਨਾ ਵੀ
ਗੁਣ ਚੰਗਾ ਹੁੰਦਾ ਏ!
ਬਿਨਾਂ ਕਸੂਰੋਂ ਵੱਡੇ ਭਾਵੇਂ
ਝਿੜਕਾਂ ਦੇ ਜਾਵਣ
ਪਰ! ਉਨ੍ਹਾਂ ਦੀ ਗੱਲ ਜਰਨਾ ਵੀ
ਗੁਣ ਚੰਗਾ ਹੁੰਦਾ ਏ!
ਕੱਲੀ ਕੂੰਜ ਕਿਤੇ ਜਦ
ਘੇਰੀ ਹੋਵੇ ਕਾਵਾਂ ਨੇ
ਉਸ ਦੀ ਇੱਜ਼ਤ ਦੇ ਲਈ ਮਰਨਾ ਵੀ
ਗੁਣ ਚੰਗਾ ਹੁੰਦਾ ਏ!
ਹੋਵੇ ਜਬਰ ਜ਼ੁਲਮ ਜਦ ਕਿਸੇ
ਦੁਖੀ ਗ਼ਰੀਬ ’ਤੇ
ਉਦੋਂ ਸ਼ਮਸ਼ੀਰ ਦਾ ਹੱਥ ਵਿੱਚ ਫੜਨਾ ਵੀ
ਗੁਣ ਚੰਗਾ ਹੁੰਦਾ ਏ!
ਵੈਰੀ ਅਣਖ ਵੰਗਾਰੇ ਜਦ ਵੀ
ਦੇਸ਼ ਤੇ ਕੌਮ ਦੀ
ਉਦੋਂ ਸੀਸ ਤਲੀ ’ਤੇ ਧਰਨਾ ਵੀ
ਗੁਣ ਚੰਗਾ ਹੁੰਦਾ ਏ!
ਹਰ ਪਾਸੇ ਹੋਵੇ ਬੋਲ ਬਾਲਾ
ਜਦ ਕੂੜ ਦਾ
‘ਫ਼ੌਜੀਆ’ ਸੱਚ ਦੀ ਹਾਮੀ ਭਰਨਾ ਵੀ
ਗੁਣ ਚੰਗਾ ਹੁੰਦਾ ਏ।
ਸੰਪਰਕ: 95011-27033
* * *
ਸੰਖੇਪ ਹੋ ਗਿਆ ਹਾਂ
ਲਖਵੀਰ ਸਿੰਘ ਜੱਟਪੁਰਾ
ਸੰਖੇਪ ਹੋ ਗਿਆ ਹਾਂ
ਸੰਖੇਪ ਹੋ ਗਿਆ ਹਾਂ,
ਹੈ ਇਹ ਵੀ ਮੁਹੱਬਤ ਦਾ ਹੀ ਰੂਪ,
ਕਿ ਲੇਖ ਤੋਂ ਕਵਿਤਾ, ਕਵਿਤਾ ਤੋਂ…
ਸਿਰਲੇਖ ਹੋ ਗਿਆ ਹਾਂ।
ਸੰਖੇਪ ਹੋ ਗਿਆ ਹਾਂ…
ਹੈ ਇਹ ਵੀ ਹਕੀਕਤ ਦਾ ਹੀ ਹਿੱਸਾ,
ਸਭਿਅਤਾ ਤੋਂ ਖੰਡਰ, ਖੰਡਰਾਂ ਤੋਂ…
ਅਵਸ਼ੇਸ਼ ਹੋ ਗਿਆ ਹਾਂ।
ਸੰਖੇਪ ਹੋ ਗਿਆ ਹਾਂ…
ਮਾਇਨੇ ਨੇ ਮਹੀਨ ਏਸ ਵਿਸਥਾਰ ਦੇ,
ਮੈਂ ਸਮੁੰਦਰ ਤੋਂ ਨਦੀ ਤੇ ਨਦੀਓਂ…
ਰੇਤ ਹੋ ਗਿਆ ਹਾਂ।
ਸੰਖੇਪ ਹੋ ਗਿਆ ਹਾਂ…
ਪਿੰਡੇ ਤੇ ਪੈਂਡੇ ’ਚ ਫ਼ਰਕ ਨਹੀਂ ਲੱਗਦਾ,
ਮੈਂ ਪਿੰਡੇ ਤੋਂ ਪੈਂਡਾ ਤੇ ਪੈਂਡੇ ਤੋਂ…
ਸੰਕੇਤ ਹੋ ਗਿਆ ਹਾਂ।
ਸੰਖੇਪ ਹੋ ਗਿਆ ਹਾਂ…
ਝੂਠ ਨਹੀਂ, ਸੱਚ ਵੀ ਪੈਂਦੈ ਛੁਪਾਉਣਾ ਕਈ ਵਾਰ,
ਸ਼ਰ੍ਹੇਆਮ ਤੋਂ ਗੁੰਮਨਾਮ ਤੇ ਗੁੰਮਨਾਮ ਤੋਂ ਮੈਂ…
ਭੇਤ ਹੋ ਗਿਆ ਹਾਂ…
ਸੰਖੇਪ ਹੋ ਗਿਆ ਹਾਂ।
ਸੰਪਰਕ: 99110-03559