ਉਰਦੂ ਗ਼ਜ਼ਲ
ਜਾਨ ਏਲੀਆ
ਹਮ ਤੋ ਜੈਸੇ, ਯਹਾਂ ਕੇ ਥੇ ਹੀ ਨਹੀਂ
ਬੇ-ਅਮਾਂ ਥੇ ਅਮਾਂ ਕੇ ਥੇ ਹੀ ਨਹੀਂ
ਰਾਸਤੇ ਕਾਰਵਾਂ ਕੇ ਸਾਥ ਰਹੇ
ਮਰਹਲੇ1 ਕਾਰਵਾਂ ਕੇ ਥੇ ਹੀ ਨਹੀਂ
ਅਬ ਹਮਾਰਾ ਮਕਾਨ ਕਿਸਕਾ ਹੈ
ਹਮ ਤੋ ਅਪਨੇ ਮਕਾਂ ਕੇ ਥੇ ਹੀ ਨਹੀਂ
ਉਨਕੋ ਆਂਧੀ ਮੇਂ ਹੀ ਬਿਖਰਨਾ ਥਾ
ਬਾਲੋਂ ਪਰ ਆਸ਼ਿਆਂ ਕੇ ਥੇ ਹੀ ਨਹੀਂ
ਉਸ ਗਲੀ ਨੇ ਯੇ ਸੁਨ ਕੇ ਸਬਰ ਕੀਆ
ਜਾਨੇ ਵਾਲੇ ਯਹਾਂ ਕੇ ਥੇ ਹੀ ਨਹੀਂ
ਹੋ ਤੇਰੀ ਖ਼ਾਕੇ-ਆਸਤਾਂ2 ਪੇ ਸਲਾਮ
ਹਮ ਤੇਰੇ ਆਸਤਾਂ ਕੇ ਥੇ ਹੀ ਨਹੀਂ
* 1. ਪੜਾਅ, 2. ਦਹਿਲੀਜ਼ ਦੀ ਮਿੱਟੀ
ਰਾਜ ਕਸ਼ਮੀਰੀ
ਨਕਸ਼ ਤੋ ਕਾਰਵਾਂ ਕੇ ਥੇ ਹੀ ਨਹੀਂ।
ਬਰਹਨਾਂ-ਪਾ1 ਨਿਸ਼ਾਂ ਕੇ ਥੇ ਹੀ ਨਹੀਂ।
ਘਰ ਜੋ ਛੂਟਾ ਕਹੀਂ ਕੇ ਹੋ ਨਾ ਸਕੇ
ਸਿਲਸਿਲੇ ਦਰਮਿਆਂ ਕੇ ਥੇ ਹੀ ਨਹੀਂ।
ਅਸ਼ਕ2 ਮੀਨੇ ਪੇ ਜਮ ਕੇ ਬੈਠ ਗਏ
ਹਰਫ਼ ਜੈਸੇ ਜ਼ੁਬਾਂ ਕੇ ਥੇ ਹੀ ਨਹੀਂ।
ਗੁਮਸ਼ੁਦੀ3 ਦਰਜਾ ਥੀ ਜਹਾਂ ਅਪਨੀ
ਵਰਕ ਵੋ ਦਾਸਤਾਂ ਕੇ ਥੇ ਹੀ ਨਹੀਂ।
ਚਾਂਦ, ਸੂਰਜ ਥੇ ਔਰ ਸਿਤਾਰੇ ਭੀ
ਰੰਗ ਵੋ ਆਸਮਾਂ ਕੇ ਥੇ ਹੀ ਨਹੀਂ।
ਬਾਤ ਕਰਨੀ ਹਮੇਂ ਭੀ ਆਤੀ ਥੀ
ਹਾਦਸੇ ਵੋ ਬਿਆਂ ਕੇ ਥੇ ਹੀ ਨਹੀਂ।
ਕੋਈ ਉਜੜਾ ਹੂਆ ਮਿਲੇ ਤੋ ਕਹੇਂ
ਤੁਮ ਯਹਾਂ, ਹਮ ਵਹਾਂ ਕੇ ਥੇ ਹੀ ਨਹੀਂ।
* 1.ਨੰਗੇ ਪੈਰ 2. ਹੰਝੂ 3. ਗਵਾਚਨਾ
ਮੋਹਨ ਸਿੰਘ
ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ
ਕਿ ਕੁਫ਼ਰ ਤੋਂ ਵੀ ਹੌਲ਼ਾ ਹੈ ਈਮਾਨ ਹੋ ਗਿਆ
ਰਤਨ ਸਿੰਘ
ਇਕ ਕੂੰਜ ਆਈ ਵਰ੍ਹਿਆਂ ਬਾਅਦ ਏਥੇ
ਕੂਕ ਕੂਕ ਕੇ ਆਲ੍ਹਣਾ ਟੋਲਦੀ ਏ
ਜਿਸ ਅੱਗੇ ਨੇ ਰਾਵੀ ਨੂੰ ਅੱਗ ਲਾਈ
ਉਹਦੀ ਭੁੱਬਲ ਨੂੰ ਚੁੰਝ ਨਾਲ ਫੋਲਦੀ ਏ
ਬੀਤੇ ਪਲਾਂ ਨੂੰ ਲੱਭਦੀ ਭਾਲ਼ਦੀ ਏ
ਗੁਟਰ ਗੁਟਰ ਕਰਦੀ ਗੂੰ ਗੂੰ ਬੋਲਦੀ ਏ
ਜੋਗੀ ਵਾਂਗਰਾਂ ਹੀਰ ਦੇ ਕੋਲ ਬਹਿ ਕੇ
ਗਠੜੀ ਦਰਦ ਫ਼ਿਰਾਕ ਦੀ ਫ਼ੋਲਦੀ ਏ
ਸ. ਸ. ਮੀਸ਼ਾ
ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ
ਗ਼ੈਰ ਨੂੰ ਦੱਸੀਏ ਤਾਂ ਹੋੋ ਜਾਏ ਹੈਰਾਨ
ਮੇਰੀਆਂ ਫ਼ੌਜਾਂ ਦੇ ਅੱਗੇ
ਤੇਰੀਆਂ ਫ਼ੌਜਾਂ ਨੇ ਜਦ ਹਥਿਆਰ ਸੁੱਟੇ
ਗਿਲੇ ਵਰਗੀ ਗੱਲ ਸੀ…
ਤੂੰ ਤਾਂ ਰੋਇਆ ਹੋਏਂਗਾ
ਰੋਣਾ ਹੀ ਸੀ
ਮੇਰੇ ਕਿਉਂ ਅੱਥਰੂ ਸੀ ਵਗੇ…
ਅਮੀਨ ਮਲਕ
ਚਿੱਟੇ ਕਾਗਜ਼ ਤੇ ਕਲਮ ਨੇ ਜ਼ੁਲਮ ਕੀਤਾ
ਦੋਹਾਂ ਦੇਸਾਂ ਦੀ ਖ਼ੂਨੀ ਤਸਵੀਰ ਕਿਉਂ ਹੈ
ਅੱਡੀ ਚੁੱਕੀਆਂ ਦਿਸਿਆ ਨਾ ਪਿੰਡ ਮੇਰਾ
ਸਿਆਸੀ ਸੰਗਲ ਦੀ ਪੈਰੀਂ ਜ਼ੰਜੀਰ ਕਿਉਂ ਹੈ…
ਮੇਰੇ ਅੱਥਰੂ ਵਾਹਗੇ ਤੇ ਵਗਦੇ ਰਹੇ
ਮੈਨੂੰ ਰੋਕਦੀ ਇਕ ਲਕੀਰ ਕਿਉਂ ਹੈ
ਮੇਰੀ ਰੂਹ ਨਾ ਮੈਥੋਂ ਤਕਸੀਮ ਹੋਈ
ਮੇਰਾ ਵੰਡਿਆ ਕਿਸੇ ਸਰੀਰ ਕਿਉਂ ਹੈ
ਅਫ਼ਜ਼ਲ ਸਾਹਿਰ
ਚੰਗਾ ਈ ਸੀ ਪੁੱਤਰਾ ਜੇ ਦੇਸ ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲਿਆ ਸਾਡੇ ਬਾਬੇ ਕਹਿੰਦੇ
ਸਾਨੂੰ ਸੱਜਾ ਹੱਥ ਵਖਾ ਕੇ ਮਾਰੀ ਸੂ ਖੱਬੀ
ਅਸੀਂ ਜੱਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ਼ ਲੱਭੀ
ਤੁਫ਼ੈਲ ਖ਼ਲਿਸ਼
ਸਾਡੇ ਵਿਹੜੇ ਕਿਸ ਨੇ ਕੰਧ ਕੀਤੀ
ਸਾਡੀ ਧਰਤੀ ਨੂੰ ਕਿਸ ਨੇ ਪਾੜ ਦਿੱਤਾ
ਸਾਡੇ ਹੱਥ ਵੱਢੇ, ਸਾਡੀ ਕਲਮ ਤੋੜੀ
ਸਾਡੀ ਸਾਰੀ ਤਾਰੀਖ਼ ਨੂੰ ਸਾੜ ਦਿੱਤਾ
ਤਾਰਿਕ ਗੁੱਜਰ
ਮੈਨੂੰ ਜੰਮਣ ਲੱਗਿਆਂ
ਧਰਤੀ ਮਾਂ ਦੇ ਦੋ ਟੋਟੇ ਹੋ ਗਏ
ਮੇਰੇ ਬੋਲਾਂ ਦੀ ਕੁੜੱਤਣ ਚੱਖ ਕੇ ਵੇਖ ਲਓ
ਤੁਹਾਨੂੰ ਯਕੀਨ ਆ ਜਾਵੇਗਾ
ਕਿ ਮੈਨੂੰ
ਰੱਤ ਰਲੇ ਪਾਣੀਆਂ ਦੀ ਗੁੜਤੀ ਮਿਲੀ ਸੀ
ਟੁੱਟੇ ਸਾਜ਼ਾਂ ਉੱਤੇ ਸਬੂਤੇ ਨਗਮੇ ਨਹੀਂ ਗਾਏ ਜਾ ਸਕਦੇ
ਦਰਿਆ ਪਾਰ ਕਰਨ ਲੱਗਿਆਂ
ਮੇਰੀ ਅੱਧੀ ਵੰਝਲੀ ਓਧਰ ਰਹਿ ਗਈ ਸੀ
ਸਲੀਮ ਪਾਸ਼ਾ
ਇਕ ਲਹੂ ਦੀ ਭਰੀ ਚਨਾਬ ਸੀ
ਜਿਹਨੂੰ ਤੱਕਣਾ ਅੱਤ ਅਜ਼ਾਬ ਸੀ
ਇਕ ਧਰਤੀ ਵਰਗੀ ਮਾਂ ਸੀ
ਜਿਹਦੀ ਪੁੱਤਰਾਂ ਵੱਢੀ ਛਾਂ ਸੀ
ਇਕ ਰੱਬ ਸੀ ਅਰਸ਼ੀਂ ਤੱਕਦਾ
ਜਿਹਨੂੰ ਮੈਂ ਕੁਝ ਆਖ ਨਈਂ ਸਕਦਾ।
ਅਮਿਤੋਜ
ਬਸ਼ੀਰ ਚਾਚਾ
ਉਹ ਪੱਗ ਜੋ ਤੂੰ ਆਪਣੇ ਦੋਸਤ ਨਾਲ ਬਦਲੀ ਸੀ
ਹੁਣ ਕਿਸੇ ਦਿਨ ਵੀ ਮੇਰੇ ਸਿਰ ਬੱਝ ਸਕਦੀ ਹੈ
(ਬਾਪੂ ਦੀ ਹਾਲਤ ਖ਼ਰਾਬ ਹੈ)
ਤੇ ਮੈਂ ਨਹੀਂ ਚਾਹੁੰਦਾ
ਕਿ ਖ਼ੂਨ ਦੇ ਦਾਗ਼ ਮੇਰੇ ਸਿਰ ਸਜਣ।
ਮੁਸ਼ਤਾਕ ਸੂਫ਼ੀ
ਬਾਸ ਆਂਵਦੀ ਏ
ਉਹਦੀ ਗ਼ੈਰਹਾਜ਼ਰ ਜਿਹੀ ਹਾਜ਼ਰੀ ਦੀ
ਮਤੇ ਮੁੜ ਆਇਆ
ਮਤੇ ਗਿਆ ਈ ਨਹੀਂ
ਅਮਰਜੀਤ ਚੰਦਨ
ਇਹ ਗੱਲ ਓਦੋਂ ਦੀ ਹੈ
ਜਦ ਨਾਨਕ ਦੇ ਮੱਥੇ ਦੇ ਉੱਤੇ
ਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆ
ਪੰਜ ਨਦੀਆਂ ਦੀ ਰੱਤ ਉੱਛਲੀ
ਹੱਥ ਦੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਹੋਈਆਂ
ਲੋਕੀਂ ਘਰ ਬੈਠੇ ਪਰਦੇਸੀ ਹੋਏ
ਸੁਰਜੀਤ ਪਾਤਰ
ਸਤਲੁਜ ਨੂੰ ਕੁਝ ਸਮਝ ਨ ਆਵੇ ਜਸ਼ਨਾਂ ਵਿਚ ਕਿੰਜ ਰੋਵੇ
ਨਾ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇ
ਸੁਣਿਆ ਸੀ ਪਾਣੀ ਨੂੰ ਕੋਈ ਖ਼ੰਜਰ ਚੀਰ ਨ ਸਕਿਆ
ਪਰ ਰਾਵੀ ਦੋ ਟੁਕੜੇ ਹੋਈ ਅਸੀਂ ਤਾਂ ਅੱਖੀਂ ਤੱਕਿਆ
ਨਾਲ ਨਮੋਸ਼ੀ ਪਾਣੀ ਪਾਣੀ ਹੋਏ ਝਨਾਂ ਦੇ ਪਾਣੀ
ਨਫ਼ਰਤ ਦੇ ਵਿਚ ਡੁੱਬ ਕੇ ਮਰ ਗਈ ਹਰ ਇਕ ਪ੍ਰੀਤ-ਕਹਾਣੀ
ਕਹੇ ਬਿਆਸਾ ਮੈਂ ਬੇਆਸਾ, ਮੈਂ ਕੀ ਧੀਰ ਧਰਾਵਾਂ
ਇਹ ਰੱਤ ਰੰਗੇ ਅਪਣੇ ਪਾਣੀ ਕਿੱਥੇ ਧੋਵਣ ਜਾਵਾਂ
ਜਿਹਲਮ ਆਖੇ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ
ਕਿਸ ਤੱਕਣਾ ਪਾਣੀ ਦਾ ਹੰਝੂ, ਪਾਣੀ ਵਿਚ ਸਮੋਣਾ
ਅਨੂਪ ਵਿਰਕ
ਜਿਸ ਮਿੱਟੀਓਂ ਦੇਹ ਨੇ ਜਨਮ ਲਿਆ
ਇਹ ਕੈਸੀ ਪਹਿਚਾਣ ਬਣੀ
ਰੂਹ ਰੱਤ ਦੀ ਪਾਕਿਸਤਾਨ ਬਣੀ
ਦੇਹ ਦਰਦ ਦਾ ਹਿੰਦੁਸਤਾਨ ਬਣੀ
ਜੋਗਾ ਸਿੰਘ
ਹੁਣ ਲੋਕ ਮੁਨਸ਼ੀ ਖ਼ਾਂ ਨੂੰ
ਸੱਜਣ ਸਿਆਂ ਕਹਿ ਕੇ ਬੁਲਾਉਣ ਲੱਗ ਪਏ ਸਨ…
ਮੈਂ ਜਦੋਂ ਵੀ ਕਦੀ ਪਿੰਡ ਜਾਂਦਾ ਹਾਂ
ਤਾਂ ਓਦਰਿਆ ਜਿਹਾ ਮੈਨੂੰ ਅੱਡ ਬੁਲਾ ਕੇ ਆਖਦੈ:
ਜੋਗੇ ਸਿਐਂ, ਤੂੰ ਸਿਆਣੈਂ, ਪੜ੍ਹਿਆ ਲਿਖਿਐਂ
ਤੇਰੀ ਗੱਲ ਕਿਸੇ ਮੋੜਨੀ ਬੀ ਨਹੀਂ
ਸਾਡੀ ਮੁਸਾਫ਼ਰੀ ਤਾਂ ਹੁਣ ਢਾਈ ਦਿਨਾਂ ਦੀ ਰਹਿ ਗਈ
ਤੂੰ ਜੀਊਂਦੇ-ਜੀਅ ਮੇਰੀ ਇਕ ਦੇਣਦਾਰੀ ਲਾਹ ਜੀਂ
ਇਉਂ ਕਰੀਂ, ਮੈਨੂੰ ਫੂਕਣ ਨਾ ਦੇਈਂ
ਹਾਅ ਆਪਣੀ ਬੇਰੀ ਥੱਲੇ ਦੱਬ ਦੇਈਂ
ਤੇ ਉਹ ਕਟਾਮਾਂ ਵਾਲਾ ਮੁਸੱਲਾ…
ਉਸਦੀ ਗੱਲ ਪੂਰੀ ਵੀ ਨਾ ਹੋਈ ਹੁੰਦੀ
ਕਿ ਉਸ ਦੀ ਭੁੱਬ ਨਿਕਲ ਜਾਂਦੀ।
ਜ਼ੁਬੈਰ ਅਹਿਮਦ
ਉੱਚਾ ਟਿੱਬਾ
ਭਾਈ ਦਾ ਵਿਹੜਾ
ਘਰ ਬਾਊ ਖ਼ੁਦਾਦਾਦ ਦਾ
ਨੁਕੜੇ ਬਿੱਲਾ ਦੁੱਧ ਆਲ਼ਾ
ਕਦੀ ਆਇਆ ਤਾਂ ਨਹੀਂ ਏਥੇ
ਪਰ ਰਹਿਆ ਸਦਾ ਆਂ
ਮਹਿਮੂਦ ਅਞਾਣ
ਮੈਂਡੀਏ ਲਿੱਸੀਏ ਮਾਏਂ
ਤੇਰੇ ਮਰਨ ਨਾਲ ਉਹ ਗੰਢ ਟੁੱਟ ਗਈ ਏ
ਜਿਹੜੀ ਵੰਡਿਆਂ ਸਾਹਵਾਂ ਨੂੰ ਬੰਨ੍ਹ ਰੱਖਦੀ ਸੀ
ਤੇ ਹੁਣ ਅਸਾਡੀਆਂ ਅੱਖਾਂ ਵਿਚ ਵਸਦਾ ਬਟਾਲਾ
ਗੁਰਦਾਸਪੁਰ ਦੇ ਪੀਰਾਂ ਵਾਲਾ ਬਾਗ਼
ਕ੍ਰਿਸ਼ਨ ਨਗਰ ਨਾਲ ਆ ਕੇ ਜੁੜਨਾ ਕੋਈ ਨਹੀਂ
ਸਵਾਮੀ ਅੰਤਰ ਨੀਰਵ
ਅਮਨ ਜ਼ਮਾਨਾ ਛੋੜਿਆ
ਚਾਚਾ ਰਮਜ਼ਾਨਾ ਛੋੜਿਆ
ਸੰਗ ਫੱਤੂ ਕਾਣਾ ਛੋੜਿਆ
ਮੈਂ ਆਣਾ ਜਾਣਾ ਛੋੜਿਆ
ਰੁਕਨੇ ਕਾ ਭਾਣਾ ਛੋੜਿਆ
ਸਭ ਹਿਕ ਇਹ ਬਾਨਾ ਛੋੜਿਆ
ਫਿਰ ਦਿਲ ਮਰਜਾਣਾ ਛੋੜਿਆ
ਅਸ ਨਿਕਲੀ ਆਇਆਂ
ਨਿਰੁਪਮਾ ਦੱਤ
ਕਿੱਥੋਂ ਆਈਆਂ ਬੇੜੀਆਂ ਸੌਦਾਗਰ ਰਾਂਝਾ
ਕਿੱਥੋਂ ਆਏ ਮੱਲਾਹ ਓ ਰਾਂਝਿਆ
ਮੇਰੀ ਮਾਂ ਪੋਠੋਹਾਰ ਦਾ ਇਹ ਲੋਕ ਗੀਤ
ਅਕਸਰ ਸੀ ਗਾਉਂਦੀ…
ਮਾਂ ਹੀ ਨਹੀਂ ਕਿਹਨੂੰ ਪੁੱਛਾਂ
ਹਾਂ, ਪੁੱਛ ਲਵਾਂਗੀ ਜੇ ਮਿਲ ਗਿਆ ਸੌਦਾਗਰ ਰਾਂਝਾ
ਕਿੱਥੇ ਗਈਆਂ ਬੇੜੀਆਂ ਸੌਦਾਗਰ ਰਾਂਝਾ
ਕਿੱਥੇ ਗਏ ਮੱਲਾਹ ਓ ਰਾਂਝਿਆ
– ਪੰਜਾਬ ਦੀ ਵੰਡ ਨਾਲ ਸਬੰਧਿਤ ਇਹ ਪੰਜਾਬੀ ਕਵਿਤਾਵਾਂ ਸੁਰਜੀਤ ਪਾਤਰ ਨੇ ਸੰਕਲਿਤ ਕੀਤੀਆਂ ਹਨ।