ਸੁਮਨ ਓਬਰਾਏ
ਮੈਂ ਚੌਥੀ ਮੰਜ਼ਿਲ ’ਤੇ ਰਹਿੰਦੀ ਹਾਂ, ਯਾਨੀ ਸਭ ਤੋਂ ਉੱਤੇ ਅਤੇ ਸਭ ਤੋਂ ਵੱਖਰੀ। ਇਹ ਸ਼ਿਕਾਇਤ ਮੈਂ ਆਪਣੇ ਪਤੀ ਨੂੰ ਅਕਸਰ ਕਰਦੀ। ਨਾਲ ਵਾਲਾ ਫਲੈਟ ਖਾਲੀ ਪਿਆ ਸੀ। ਮੈਂ ਉਡੀਕ ਰਹੀ ਸਾਂ ਕਿ ਕਦੋਂ ਇਹ ਵੱਸੇਗਾ ਅਤੇ ਕਦੋਂ ਗੁਆਂਢ ਵਿਚ ਰੌਣਕ ਹੋਵੇਗੀ! ਪਰ ਜਦੋਂ ਇੱਕ ਸ਼ਾਮ ਮੇਰੇ ਪਤੀ ਨੇ ਦਫ਼ਤਰ ਤੋਂ ਆਉਂਦਿਆਂ ਹੀ ਇਹ ਖ਼ਬਰ ਦਿੱਤੀ ਕਿ ਸਾਡੇ ਨਵੇਂ ਗੁਆਂਢੀ ਆ ਗਏ ਹਨ ਤਾਂ ਮੈਂ ਹੈਰਾਨ ਰਹਿ ਗਈ। ਨਾ ਕੋਈ ਆਵਾਜ਼, ਨਾ ਕੋਈ ਸ਼ੋਰ-ਸ਼ਰਾਬਾ! ਕਦੋਂ ਆਏ, ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਹੈਰਾਨ ਅਤੇ ਉਤਸੁਕ ਹੋ ਉੱਠੀ।
ਅਗਲੀ ਸਵੇਰ ਮੈਂ ਦਰਵਾਜ਼ੇ ਤੱਕ ਆਪਣੇ ਪਤੀ ਨੂੰ ਛੱਡਣ ਗਈ ਤਾਂ ਵੇਖਿਆ ਕਿ ਗੁਆਂਢ ਵਾਲੀ ਔਰਤ ਖਟ-ਖਟ ਕਰਦੀ ਹੋਈ ਪੌੜੀਆਂ ਉਤਰ ਰਹੀ ਹੈ। ਉਹ ਪੌੜੀਆਂ ਉਤਰ ਰਹੀ ਸੀ, ਇਸ ਲਈ ਮੈਂ ਉਹਦੇ ਚਿਹਰੇ ਨੂੰ ਨਾ ਵੇਖ ਸਕੀ ਅਤੇ ਪਿੱਠ ਪਿੱਛੋਂ ਹੀ ਉਹਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਾ ਰਹੀ ਸਾਂ। ਉਹ ਇਕ ਸਮਾਰਟ ਅਤੇ ਫੈਸ਼ਨੇਬਲ ਔਰਤ ਲੱਗ ਰਹੀ ਸੀ। ਪਤੀ ਤਾਂ ਇੱਕ ਪਿਆਰੀ ਜਿਹੀ ਮੁਸਕਾਨ ਦੇ ਕੇ ਹੇਠਾਂ ਉਤਰ ਗਏ ਅਤੇ ਮੈਂ ਘਰ ਦੀਆਂ ਖਿੱਲਰੀਆਂ ਚੀਜ਼ਾਂ ਸਮੇਟਣ ਵਿੱਚ ਲੱਗ ਗਈ।
ਸਾਰਾ ਦਿਨ ਉਹਦੇ ਘਰ ਵਿੱਚ ਛਾਈ ਸ਼ਾਂਤੀ ਤੋਂ ਇਹ ਅੰਦਾਜ਼ਾ ਤਾਂ ਲੱਗ ਗਿਆ ਸੀ ਕਿ ਉਹ ਇਕੱਲੀ ਹੈ ਅਤੇ ਸ਼ਾਇਦ ਨੌਕਰੀ ਕਰਦੀ ਹੈ। ਪਰ ਮੇਰੇ ਅੰਦਰਲੀ ਨਾਰੀ ਦੀ ਜਗਿਆਸਾ ਠਾਠਾਂ ਮਾਰ ਰਹੀ ਸੀ। ਗੁਆਂਢਣ ਦਾ ਇਤਿਹਾਸ-ਭੂਗੋਲ ਜਾਣਨ ਦੀ ਇੱਛਾ ਆਪਣੀ ਸਿਖਰ ’ਤੇ ਆ ਰਹੀ ਸੀ ਅਤੇ ਇਹਦਾ ਹੱਲ ਵੀ ਛੇਤੀ ਹੀ ਹੋ ਗਿਆ।
ਹੋਇਆ ਇਉਂ ਕਿ ਜਦੋਂ ਦੁਪਹਿਰ ਨੂੰ ਮੈਂ ਪਿਛਲੀ ਬਾਲਕੋਨੀ ਵਿੱਚ ਗਈ ਤਾਂ ਉਹ ਸਾਹਮਣੇ ਹੀ ਨਜ਼ਰ ਆ ਗਈ। ਸਾਡੀਆਂ ਪਿੱਛੇ ਦੀਆਂ ਬਾਲਕੋਨੀਆਂ ਬਿਲਕੁਲ ਆਹਮੋ-ਸਾਹਮਣੇ ਹਨ। ਉਹਨੇ ਗੁਲਾਬੀ ਨਾਈਟੀ ਪਹਿਨੀ ਹੋਈ ਸੀ। ਕਣਕਵੰਨਾ ਰੰਗ, ਚਮਕਦਾਰ ਅੱਖਾਂ- ਜਿਨ੍ਹਾਂ ਨੂੰ ਵੱਡੀਆਂ ਤਾਂ ਨਹੀਂ ਕਿਹਾ ਜਾ ਸਕਦਾ, ਪਰ ਉਨ੍ਹਾਂ ਵਿਚ ਸਾਗਰ ਜਿਹੀ ਡੂੰਘਾਈ ਅਤੇ ਬਚਪਨ ਦਾ ਜੋ ਮਿਲਿਆ-ਜੁਲਿਆ ਭਾਵ ਸੀ, ਉਹ ਉਹਦੇ ਛੋਟੇ ਨੱਕ ਅਤੇ ਭਰੇ ਹੋਏ ਗੁਲਾਬੀ ਬੁੱਲ੍ਹਾਂ ਨਾਲ ਕਾਫ਼ੀ ਮੇਲ ਖਾ ਰਿਹਾ ਸੀ। ਛੱਲੇਦਾਰ ਵਾਲ ਉਹਦੇ ਮੂੰਹ ’ਤੇ ਬਚਪਨਾ ਲਿਆ ਰਹੇ ਸਨ। ਕੁੱਲ ਮਿਲਾ ਕੇ ਉਹ ਤੀਹ ਸਾਲ ਤੋਂ ਉੱਤੇ ਹੁੰਦਿਆਂ ਵੀ ਆਕਰਸ਼ਕ ਲੱਗ ਰਹੀ ਸੀ। ਨਜ਼ਰਾਂ ਮਿਲਦੇ ਹੀ ਟੁਣਕਦੀ ਜਿਹੀ ਆਵਾਜ਼ ਆਈ- ‘‘ਨਮਸਤੇ ਭਾਬੀ ਜੀ।’’ ਮੈਂ ਵੀ ‘‘ਨਮਸਤੇ’’ ਕਹਿ ਕੇ ਝੱਟ ਪੁੱਛ ਲਿਆ- ‘‘ਉਂਜ ਤੁਸੀਂ ਆਏ ਕਿੱਥੋਂ ਹੋ?’’ ਉਹ ਬੋਲੀ- ‘‘ਜੀ, ਮੈਂ ਮੁੰਬਈ ਤੋਂ ਆਈ ਹਾਂ। ਮੇਰਾ ਨਾਂ ਨਮਰਤਾ ਹੈ।’’ ਉਹਨੂੰ ਸ਼ਾਇਦ ਮੇਰੇ ਚਿਹਰੇ ਦੇ ਭਾਵ ਤੋਂ ਪਤਾ ਲੱਗ ਗਿਆ ਸੀ ਕਿ ਗੁਆਂਢਣ ਟਲਣ ਵਾਲੀ ਨਹੀਂ। ਇਸ ਲਈ ਆਪ ਹੀ ਬੋਲੀ- ‘‘ਮੈਂ ਉੱਥੇ ਟੈਲੀਫੋਨ ਵਿਭਾਗ ਵਿੱਚ ਆਪ੍ਰੇਟਰ ਸਾਂ। ਉੱਥੋਂ ਨੌਕਰੀ ਛੱਡ ਕੇ ਇੱਥੇ ਏਅਰਟੈੱਲ ਵਿਚ ਪਬਲਿਕ ਰਿਲੇਸ਼ਨਜ਼ ਆਫ਼ੀਸਰ ਬਣ ਗਈ ਹਾਂ।’’ ਇਸ ’ਤੇ ਮੈਨੂੰ ਹੈਰਾਨੀ ਹੋਈ- ‘‘ਬਈ ਵਾਹ! ਮੁੰਬਈ ਛੱਡ ਕੇ ਭੋਪਾਲ? ਤੁਹਾਡਾ ਮਨ ਕਿਵੇਂ ਕੀਤਾ ਆਉਣ ਨੂੰ?’’ ਉਹ ਹੱਸ ਕੇ ਬੋਲੀ- ‘‘ਬਸ ਐਵੇਂ ਹੀ। ਇੱਕੋ ਜੌਬ ਕਰਦਿਆਂ-ਕਰਦਿਆਂ ਬੋਰ ਹੋ ਗਈ ਸਾਂ।’’ ਜਵਾਬ ਤੋਂ ਮੈਂ ਸੰਤੁਸ਼ਟ ਤਾਂ ਨਾ ਹੋਈ, ਪਰ ਵਧੇਰੇ ਕੁਝ ਪੁੱਛ ਨਾ ਸਕੀ।
ਇਉਂ ਹੀ ਤਿੰਨ-ਚਾਰ ਦਿਨ ਬੀਤ ਗਏ। ਕੋਈ ਗੱਲ ਨਹੀਂ ਹੋਈ, ਪਰ ਜਗਿਆਸਾ ਬਰਕਰਾਰ ਸੀ। ਇੱਕ ਦਿਨ ਮੈਂ ਉਹਦੇ ਘਰ ਜਾ ਪਹੁੰਚੀ। ਨਮਰਤਾ ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਕਿਚਨ ’ਚ ਚਾਹ ਬਣਾਉਣ ਚਲੀ ਗਈ। ਸ਼ਾਇਦ ਹੁਣੇ-ਹੁਣੇ ਦਫ਼ਤਰ ਤੋਂ ਪਰਤ ਕੇ ਚਾਹ ਬਣਾ ਹੀ ਰਹੀ ਸੀ। ਉਹਦੇ ਖਾਲੀ ਪਏ ਡਰਾਇੰਗ ਰੂਮ ਦਾ ਮੁਆਇਨਾ ਕਰਦਿਆਂ ਮੈਂ ਬੋਲੀ, ‘‘ਨਮਰਤਾ ਜੀ, ਤੁਹਾਡਾ ਸਾਮਾਨ ਅਜੇ ਆਇਆ ਨਹੀਂ?’’ ਜਵਾਬ ਵਿੱਚ ਉਹ ਬੋਲੀ, ‘‘ਨਹੀਂ ਭਾਬੀ ਜੀ, ਮੇਰਾ ਜ਼ਿਆਦਾ ਸਾਮਾਨ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਬਸ ਜ਼ਰੂਰਤ ਦਾ ਹੀ ਲੈ ਕੇ ਆਈ ਹਾਂ।’’ ਸੁਣਦਿਆਂ ਹੀ ਮੇਰੇ ਮਨ ਵਿੱਚ ਕਈ ਸਵਾਲ ਉੱਭਰ ਆਏ। ਮੈਂ ਵੀ ਝੱਟ ਪੁੱਛਿਆ- ‘‘ਕੀ ਤੁਸੀਂ ਸ਼ਾਦੀਸ਼ੁਦਾ ਹੋ?’’ ਉਹ ਨਿਸ਼ਚਿੰਤ ਹੋ ਕੇ ਬੋਲੀ- ‘‘ਹਾਂ ਜੀ, ਪਰ ਮੇਰੇ ਪਤੀ ਪਿਛਲੇ ਪੰਜ ਸਾਲਾਂ ਤੋਂ ਦੁਬਈ ਵਿਚ ਹਨ, ਦੋ ਬੱਚੇ ਨੇ- ਸ਼ਸ਼ਾਂਕ ਗਿਆਰਾਂ ਸਾਲ ਦਾ ਅਤੇ ਪੁਨੀਤਾ ਅੱਠ ਦੀ। ਦੋਵੇਂ ਮੁੰਬਈ ਹੋਸਟਲ ਵਿੱਚ ਰਹਿੰਦੇ ਨੇ। ਉਂਜ ਮੇਰੀ ਮਾਂ ਵੀ ਪੁੱਤ-ਨੂੰਹ ਨਾਲ ਮੁੰਬਈ ਵਿੱਚ ਰਹਿੰਦੀ ਹੈ। ਪਰ ਮੇਰੇ ਪਤੀ ਦਾ ਕਹਿਣਾ ਸੀ ਕਿ ਜਦੋਂ ਆਪਾਂ ਅਫੋਰਡ ਕਰ ਸਕਦੇ ਹਾਂ ਤਾਂ ਬੱਚਿਆਂ ਨੂੰ ਹੋਸਟਲ ’ਚ ਕਿਉਂ ਨਾ ਰੱਖੀਏ! ਮੈਂ ਵੀ ਝੱਟ ਹਾਂ ਵਿੱਚ ਹਾਂ ਮਿਲਾ ਦਿੱਤੀ।’’ ‘‘ਬਿਲਕੁਲ ਸਹੀ ਹੈ। ਉਂਜ ਵੀ ਹੋਸਟਲ ਵਿੱਚ ਰਹਿ ਕੇ ਬੱਚੇ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਜਾਂਦੇ ਹਨ।’’ ਜਗਿਆਸਾ ਨੂੰ ਦਬਾਉਂਦਿਆਂ ਦੋ-ਚਾਰ ਇਧਰ-ਉਧਰ ਦੀਆਂ ਗੱਲਾਂ ਕਰ ਕੇ ਮੈਂ ਵਾਪਸ ਆ ਗਈ।
ਰਾਤ ਨੂੰ ਮੰਜੇ ਝਾੜਦਿਆਂ-ਵਿਛਾਉਂਦਿਆਂ ਮੈਂ ਆਪਣੇ ਪਤੀ ਨੂੰ ਸਾਰੀਆਂ ਸੂਚਨਾਵਾਂ ਦਿੰਦੀ ਜਾ ਰਹੀ ਸਾਂ- ‘‘ਅੱਜਕੱਲ੍ਹ ਤਾਂ ਬਈ ਔਰਤਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ। ਪਤੀ ਦੁਬਈ ਵਿੱਚ, ਬੱਚੇ ਹੋਸਟਲ ਵਿੱਚ ਅਤੇ ਇਹ ਮਹਾਰਾਣੀ ਇੱਥੇ। ਵਾਹ ਬਈ! ਇਹ ਕੀ ਗੱਲ ਬਣੀ? ਮੈਨੂੰ ਤਾਂ ਇਹ ਨਮਰਤਾ ਕੁਝ ਜਚੀ ਨਹੀਂ।’’ ਇਸ ’ਤੇ ਵਿਅੰਗ ਕਰਦਿਆਂ ਉਹ ਬੋਲੇ- ‘‘ਚਲੋ ਠੀਕ ਹੈ। ਵਿਚਾਰੀ ਇਕੱਲਿਆਂ ਬੋਰ ਹੋ ਜਾਂਦੀ ਹੋਵੇਗੀ, ਕਦੇ-ਕਦੇ ਆਪਾਂ ਵੀ ਹੋ ਆਇਆ ਕਰਾਂਗੇ।’’ ਅਤੇ ਮੈਂ ਇਨ੍ਹਾਂ ਨੂੰ ਘੂਰ ਕੇ ਰਹਿ ਗਈ।
ਅਗਲੇ ਦੋ-ਚਾਰ ਦਿਨ ਮੇਰਾ ਮਨ ਹੀ ਨਹੀਂ ਕੀਤਾ ਉਸ ਨਾਲ ਗੱਲ ਕਰਨ ਦਾ। ਉਂਜ ਮੈਨੂੰ ਇਹ ਵੀ ਲੱਗਿਆ ਕਿ ਮੇਰਾ ਇਸ ਤਰ੍ਹਾਂ ਕੁਰੇਦ ਕੇ ਪੁੱਛਣਾ ਨਮਰਤਾ ਨੂੰ ਕੁਝ ਖ਼ਾਸ ਚੰਗਾ ਵੀ ਨਹੀਂ ਲੱਗਿਆ ਸੀ।
ਇੱਕ ਦਿਨ ਬਾਰਾਂ ਵਜੇ ਦੇ ਕਰੀਬ ਘੰਟੀ ਵੱਜੀ। ਦਰਵਾਜ਼ਾ ਖੋਲ੍ਹਿਆ, ਸਾਹਮਣੇ ਨਮਰਤਾ ਖੜ੍ਹੀ ਸੀ। ਲੱਗਦਾ ਸੀ ਸਿੱਧੀ ਦਫ਼ਤਰ ਤੋਂ ਆ ਰਹੀ ਹੈ। ਜੀਅ ਤਾਂ ਨਹੀਂ ਸੀ ਉਹਨੂੰ ਅੰਦਰ ਬੁਲਾਉਣ ਦਾ, ਪਰ ਉਹਦਾ ਮਾਸੂਮ ਜਿਹਾ ਚਿਹਰਾ ਵੇਖ ਕੇ ਮੈਂ ਪਿਘਲ ਗਈ। ਮੈਨੂੰ ਦੁਬਿਧਾ ਵਿੱਚ ਵੇਖ ਕੇ ਉਹ ਖ਼ੁਦ ਹੀ ਬੋਲੀ- ‘‘ਭਾਬੀ ਜੀ, ਅੱਜ ਸਾਡੇ ਇਕ ਕੁਲੀਗ ਦੀ ਮੌਤ ਹੋ ਗਈ, ਇਸ ਲਈ ਦਫ਼ਤਰ ਬੰਦ ਹੋ ਗਿਆ। ਮੈਂ ਬੜੀ ਅਪਸੈੱਟ ਹੋ ਗਈ, ਇਸ ਲਈ ਦੁੱਖ ਸਾਂਝਾ ਕਰਨ ਵੀ ਨਹੀਂ ਗਈ। ਤੁਸੀਂ ਕੋਈ ਕੰਮ ਤਾਂ ਨਹੀਂ ਕਰ ਰਹੇ? ਕੀ ਮੈਂ ਇੱਥੇ ਬੈਠ ਜਾਵਾਂ?’’ ਉਹਦਾ ਉੱਡਿਆ ਚਿਹਰਾ ਵੇਖ ਕੇ ਮੈਨੂੰ ਤਰਸ ਜਿਹਾ ਆ ਗਿਆ। ਪਿਆਰ ਨਾਲ ਉਹਦਾ ਹੱਥ ਫੜ ਕੇ ਮੈਂ ਅੰਦਰ ਲੈ ਆਈ। ਉਹ ਬਰਫ਼ ਵਾਂਗ ਠੰਢੀ ਲੱਗਦੀ ਸੀ। ਮੈਂ ਫਟਾਫਟ ਉਹਦੇ ਲਈ ਗਰਮਾ-ਗਰਮ ਕੌਫ਼ੀ ਦਾ ਪਿਆਲਾ ਬਣਾਇਆ ਅਤੇ ਸਮਝਾਇਆ- ‘‘ਜਿਊਣਾ-ਮਰਨਾ ਤਾਂ ਚਲਦਾ ਹੀ ਰਹਿੰਦਾ ਹੈ। ਤੂੰ ਕਿਉਂ ਪ੍ਰੇਸ਼ਾਨ ਹੁੰਦੀ ਹੈਂ? ਮੇਰੀ ਮੰਨ ਤੇ ਬੱਚਿਆਂ ਨੂੰ ਇੱਥੇ ਬੁਲਾ ਲੈ। ਬੱਚਿਆਂ ਨਾਲ ਮਨ ਲੱਗਿਆ ਰਹਿੰਦਾ ਹੈ, ਇਕੱਲਾਪਣ ਮਹਿਸੂਸ ਨਹੀਂ ਹੁੰਦਾ।’’ ਪਰ ਜਦੋਂ ਉਹ ਉਦਾਸੀਨਤਾ ਨਾਲ ਬੋਲੀ- ‘‘ਭਾਬੀ ਜੀ, ਬੱਚਿਆਂ ਦੇ ਭਲੇ ਵਾਸਤੇ ਹੀ ਸੋਚ ਕੇ ਅਜਿਹਾ ਫ਼ੈਸਲਾ ਕੀਤਾ ਹੈ।’’ ਤਾਂ ਮੇਰੇ ਮਨ ਵਿੱਚ ਸ਼ੱਕ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋ ਗਈਆਂ ਕਿ ਹੋਵੇ ਨਾ ਹੋਵੇ, ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ। ਉਹਦੀ ਹਾਲਤ ਦੇਖ ਕੇ ਮੈਂ ਵਧੇਰੇ ਪੁੱਛਣਾ ਠੀਕ ਨਹੀਂ ਸਮਝਿਆ। ਅੱਧੇ ਘੰਟੇ ਪਿੱਛੋਂ ਉਹ ਚਲੀ ਗਈ। ਸ਼ਾਮ ਨੂੰ ਮੈਂ ਉਹਦਾ ਹਾਲ ਪੁੱਛਣ ਗਈ ਤਾਂ ਉਹ ਤਾਜ਼ਾਦਮ ਨਜ਼ਰ ਆ ਰਹੀ ਸੀ। ਉਹਦੇ ਬੈੱਡਰੂਮ ਦਾ ਮੁਆਇਨਾ ਕਰਦਿਆਂ ਮੈਂ ਪੁੱਛਿਆ- ‘‘ਬਈ ਤੂੰ ਆਪਣੇ ਪਤੀ ਅਤੇ ਬੱਚਿਆਂ ਦੀ ਕੋਈ ਫੋਟੋ ਵਗੈਰਾ ਨਹੀਂ ਰੱਖੀ? ਸਾਨੂੰ ਵੀ ਦਿਖਾ ਜ਼ਰਾ!’’ ਉਹ ਉਦਾਸ ਜਿਹੀ ਹੋ ਗਈ ਅਤੇ ਬੋਲੀ- ‘‘ਮੈਂ ਬੜੀ ਜਲਦੀ ਵਿੱਚ ਆਈ, ਨਾਲ ਲਿਆਉਣਾ ਭੁੱਲ ਗਈ।’’ ਮੈਂ ਇਸ ਅਜੀਬ ਜਿਹੇ ਜਵਾਬ ’ਤੇ ਵਿਸ਼ਵਾਸ ਨਾ ਕਰ ਸਕੀ। ਮੈਂ ਮਨ ਵਿੱਚ ਧਾਰ ਲਿਆ ਕਿ ਇਸ ਨਾਲ ਮੇਲਜੋਲ ਵਧਾਉਣਾ ਠੀਕ ਨਹੀਂ। ਪਤੀ ਦੀ ਹਾਜ਼ਰੀ ਵਿੱਚ ਤਾਂ ਬਿਲਕੁਲ ਨਹੀਂ। ਉਹ ਮੇਰੇ ਮਨ ਵਿੱਚ ‘ਖ਼ਰਾਬ ਔਰਤ’ ਦਾ ਰੂਪ ਲੈਂਦੀ ਜਾ ਰਹੀ ਸੀ।
ਅਗਲੇ ਦਿਨ ਉਸ ਨਾਲ ਪੌੜੀਆਂ ਵਿੱਚ ਮੁਲਾਕਾਤ ਹੋ ਗਈ। ਉਹਦੇ ਹੱਥ ਵਿੱਚ ਦੋ-ਤਿੰਨ ਲਿਫ਼ਾਫ਼ੇ ਸਨ। ਬੜੀ ਖ਼ੁਸ਼ ਨਜ਼ਰ ਆ ਰਹੀ ਸੀ। ਮੈਂ ਐਵੇਂ ਹੀ ਪੁੱਛ ਲਿਆ- ‘‘ਵਾਹ ਬਈ, ਲੱਗਦਾ ਹੈ ਅੱਜ ਕੋਈ ਖ਼ਾਸ ਹੀ ਚਿੱਠੀ ਆਈ ਹੈ!’’ ਉਹ ਖ਼ੁਸ਼ ਹੋ ਕੇ ਬੋਲੀ- ‘‘ਹਾਂ, ਪਤੀ ਅਤੇ ਬੱਚਿਆਂ ਦੋਵਾਂ ਦੀ ਹੀ ਆਈ ਹੈ।’’ ਸੁਣਦਿਆਂ ਹੀ ਮੇਰੇ ਮਨ ਵਿੱਚ ਘੰਟੀ ਜਿਹੀ ਵੱਜੀ- ‘‘ਝੂਠੀ ਕਿਤੋਂ ਦੀ! ਪਤਾ ਨਹੀਂ ਕਿਸ … ਦਾ ਖ਼ਤ ਆਇਆ ਹੈ ਅਤੇ ਕਹਿੰਦੀ ਹੈ… ਖ਼ੈਰ, ਮੈਂ ਕੀ ਲੈਣਾ-ਦੇਣਾ!’’ ਅਤੇ ਮੈਂ ਪੌੜੀਆਂ ਉਤਰਨ ਲੱਗੀ।
ਇਸੇ ਤਰ੍ਹਾਂ ਦੋ ਮਹੀਨੇ ਲੰਘ ਗਏ। ਮੇਰੇ ਪਤੀ ਉਹਦੇ ਬਾਰੇ ਕਈ ਵਾਰ ਮਜ਼ਾਕ ਕਰਦੇ, ਪਰ ਮੈਂ ਉਨ੍ਹਾਂ ਨੂੰ ਸ਼ਹਿ ਨਾ ਦਿੰਦੀ। ਮੈਨੂੰ ਉਹਦਾ ਇਕੱਲਿਆਂ ਰਹਿਣਾ ਬਿਲਕੁਲ ਪਸੰਦ ਨਹੀਂ ਸੀ। ਮੇਰੀਆਂ ਮੱਧ-ਵਰਗੀ ਮਾਨਤਾਵਾਂ ਇਸ ਨੂੰ ਸਵੀਕਾਰ ਨਾ ਕਰਦੀਆਂ।
ਇੱਕ ਦਿਨ ਸ਼ਾਮ ਨੂੰ ਉਹ ਘਬਰਾਹਟ ਵਿੱਚ ਆਈ ਅਤੇ ਬੋਲੀ- ‘‘ਮੈਂ ਅੱਜ ਹੀ ਪੰਜਾਬ ਮੇਲ ਰਾਹੀਂ ਮੁੰਬਈ ਜਾ ਰਹੀ ਹਾਂ। ਬੱਚਿਆਂ ਲਈ ਮਨ ਉਦਾਸ ਹੈ।’’ ਸੁਣਦਿਆਂ ਹੀ ਮੇਰੇ ਮਨ ਵਿੱਚ ਸਾਰੀ ਮਮਤਾ ਉਮੜ ਆਈ। ਮੈਂ ਵੀ ਖ਼ੁਸ਼ ਹੋ ਕੇ ਬੋਲੀ- ‘‘ਬਿਲਕੁਲ ਠੀਕ ਸੋਚਿਆ ਤੂੰ। ਬੱਚਿਆਂ ਨੂੰ ਮਿਲ ਕੇ ਜੀਅ ਹਲਕਾ ਹੋ ਜਾਵੇਗਾ… ਪਰ ਨਮਰਤਾ ਤੂੰ ਬੜੀ ਨਰਵਸ ਲੱਗ ਰਹੀ ਹੈਂ, ਇਕੱਲੀ ਕਿਵੇਂ ਜਾਵੇਂਗੀ? ਤੈਨੂੰ ਸਟੇਸ਼ਨ ਤਕ ਇਹ ਛੱਡ ਆਉਣਗੇ…’’ ਪਰ ਉਹ ਨਾ ਮੰਨੀ। ਉਸ ਨੂੰ ਵਿਦਾ ਕਰਕੇ ਮੇਰਾ ਮਨ ਬੜਾ ਭਾਰੀ ਹੋ ਗਿਆ ਸੀ। ਅੱਜ ਉਹ ਬੜੀ ਉਦਾਸ ਅਤੇ ਬੇਸਹਾਰਾ ਜਿਹੀ ਲੱਗ ਰਹੀ ਸੀ। ਉਸ ਨੇ ਵਾਅਦਾ ਵੀ ਕੀਤਾ ਸੀ, ਪਰ ਮੁੰਬਈ ਪਹੁੰਚ ਕੇ ਉਸ ਨੇ ਕੋਈ ਖ਼ਬਰ ਤੱਕ ਨਹੀਂ ਦਿੱਤੀ। ਮੈਂ ਵੀ ਘਰ-ਬਾਰ ਦੇ ਕੰਮਾਂ ਵਿੱਚ ਉਲਝ ਗਈ।
ਤਿੰਨ ਦਿਨਾਂ ਪਿੱਛੋਂ ਇੱਕ ਔਰਤ, ਜਿਸ ਦੇ ਹੱਥ ਵਿੱਚ ਸੂਟਕੇਸ ਸੀ, ਮੇਰੇ ਘਰ ਆਈ ਅਤੇ ਬੜੀ ਸ਼ਾਂਤੀ ਨਾਲ ਪੁੱਛਣ ਲੱਗੀ ਕਿ ਨਮਰਤਾ ਕਿੱਥੇ ਹੈ? ਮੇਰੇ ਇਹ ਦੱਸਣ ’ਤੇ ਕਿ ਉਹ ਤਿੰਨ ਦਿਨ ਹੋਏ ਮੁੰਬਈ ਚਲੀ ਗਈ ਹੈ, ਬੱਚਿਆਂ ਨੂੰ ਮਿਲਣ ਤਾਂ ਉਹ ਹੈਰਾਨ ਰਹਿ ਗਈ। ਤਿੰਨ-ਚਾਰ ਮਿੰਟ ਤੱਕ ਧੌਣ ਸੁੱਟੀ ਐਵੇਂ ਹੀ ਬੈਠੀ ਰਹੀ, ਫਿਰ ਹੌਲੀ ਜਿਹੀ ਬੋਲੀ, ‘‘ਮੈਂ ਨਮਰਤਾ ਦੀ ਮਾਂ ਹਾਂ, ਮੁੰਬਈ ਤੋਂ ਆਈ ਹਾਂ।’’ ਹੁਣ ਹੈਰਾਨ ਹੋਣ ਦੀ ਵਾਰੀ ਮੇਰੀ ਸੀ। ‘‘ਹੈਰਾਨੀ ਦੀ ਗੱਲ ਹੈ, ਤੁਹਾਨੂੰ ਮਿਲੀ ਨਹੀਂ? ਕੀ ਬੱਚਿਆਂ ਨਾਲ ਹੋਸਟਲ ਵਿੱਚ ਠਹਿਰੀ ਹੋਵੇਗੀ?’’
‘‘ਕਿਹੜਾ ਹੋਸਟਲ ਅਤੇ ਕਿਹੜੇ ਬੱਚੇ ਧੀਏ!’’ ਠੰਢਾ ਹਉਕਾ ਭਰ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਘਬਰਾ ਗਈ। ਕੁਝ ਸਮਝ ਵਿੱਚ ਨਹੀਂ ਸੀ ਆ ਰਿਹਾ। ਥੋੜ੍ਹਾ ਸੰਭਲ ਕੇ ਉਹ ਬੋਲੀ- ‘‘ਹੁਣ ਤੈਥੋਂ ਕੀ ਛੁਪਾਉਣਾ ਧੀਏ! ਇਸ ਵਿਚਾਰੀ ਦੀ ਤਾਂ ਸ਼ਾਦੀ ਵੀ ਨਹੀਂ ਹੋਈ, ਬਸ ਹਰੇਕ ਨੂੰ ਇਹੋ ਕਹਾਣੀ ਸੁਣਾਉਂਦੀ ਹੈ- ਪਤੀ ਦੁਬਈ ਵਿੱਚ ਹੈ, ਦੋ ਬੱਚੇ ਹਨ, ਸਸ਼ਾਂਕ ਅਤੇ ਪੁਨੀਤਾ ਨਾਮ ਦੱਸੇ ਹੋਣਗੇ! ਇਹ ਨਾਂ ਸ਼ਾਇਦ ਅਨਿਲ ਅਤੇ ਇਸ ਨੇ ਮਿਲ ਕੇ ਸ਼ਾਦੀ ਤੋਂ ਪਹਿਲਾਂ ਹੀ ਸੋਚੇ ਹੋਣਗੇ, ਪਰ ਇਸ ਬਦਨਸੀਬ ਦੀ ਕਿਸਮਤ ਵਿੱਚ ਉਹ ਦਿਨ ਆਇਆ ਹੀ ਨਹੀਂ। ਅਨਿਲ ਅਤੇ ਇਹ ਸਕੂਲ ਤੋਂ ਕਾਲਜ ਤਕ ਅੱਠ ਸਾਲ ਇਕੱਠੇ ਪੜ੍ਹੇ ਸਨ। ਦੋਵਾਂ ਵਿੱਚ ਬੜਾ ਪਿਆਰ ਸੀ। ਮੈਂ ਵੀ ਜਾਣਦੀ ਸਾਂ ਕਿ ਇਹ ਦੋਵੇਂ ਇੱਕ-ਦੂਜੇ ਤੋਂ ਅੱਡ ਨਹੀਂ ਹੋ ਸਕਦੇ। ਇਸ ਲਈ ਆਪਣੇ ਮਨ ਵਿੱਚ ਉਹਨੂੰ ਜਵਾਈ ਮੰਨ ਚੁੱਕੀ ਸਾਂ। ਪਰ ਪਰਮਾਤਮਾ ਦੀ ਤਾਂ ਆਪਣੀ ਹੀ ਡਾਇਰੀ ਹੁੰਦੀ ਹੈ ਜਿਸ ਵਿੱਚ ਉਹ ਸਾਰੇ ਲੇਖ-ਸੰਜੋਗ ਲਿਖ ਰੱਖਦਾ ਹੈ। ਅਨਿਲ ਨੂੰ ਉਹਦੇ ਅਮੀਰ ਪਿਉ ਨੇ ਅਮਰੀਕਾ ਵਿੱਚ ਅਗਲੇਰੀ ਪੜ੍ਹਾਈ ਅਤੇ ਪਿੱਛੋਂ ਲੱਗੀ-ਲਗਾਈ ਫੈਕਟਰੀ ਸੌਂਪਣ ਦਾ ਲਾਲਚ ਦਿੱਤਾ। ਉਹ ਨਾਮੁਰਾਦ ਇਹਨੂੰ ਧੋਖੇ ਵਿੱਚ ਰੱਖ ਕੇ ਇੱਥੋਂ ਨਿਕਲ ਗਿਆ। ਬਸ ਇਹ ਅਜਿਹੀ ਟੁੱਟੀ ਕਿ ਇਸ ਨੇ ਸ਼ਾਦੀ ਨਾ ਕਰਨ ਦੀ ਸਹੁੰ ਹੀ ਖਾ ਲਈ। ਉਸ ਵੇਲੇ ਇਹ ਇੱਕੀ ਵਰ੍ਹਿਆਂ ਦੀ ਸੀ। ਹੋਣੀ ਨੇ ਤਾਂ ਇਸ ’ਤੇ ਅਜੇ ਹੋਰ ਜ਼ੁਲਮ ਕਰਨੇ ਸਨ, ਤੇਈ ਸਾਲ ਦੀ ਹੋਈ ਤਾਂ ਕੈਂਸਰ ਨੇ ਆ ਦਬੋਚਿਆ। ਮੁੰਬਈ ਦੇ ਟਾਟਾ ਮੈਮੋਰੀਅਲ ਤੋਂ ਇਲਾਜ ਸ਼ੁਰੂ ਹੋਇਆ। ਇੱਕ ਦਿਨ ਆਪਣੀ ਭਾਬੀ ਵੱਲੋਂ ਭਰਾ ਨੂੰ ਕਹਿੰਦਿਆਂ ਸੁਣ ਲਿਆ ਕਿ ਹੁਣ ਤਾਂ ਸਾਰੀ ਉਮਰ ਦਾ ਭਾਰ ਹੋ ਗਈ ਹੈ ਇਹ! ਸ਼ਾਦੀ ਵੀ ਨਹੀਂ ਕੀਤੀ, ਉੱਤੋਂ ਇਹ ਜਾਨਲੇਵਾ ਬਿਮਾਰੀ। ਬੱਸ ਅਨਿਲ ਦੇ ਧੋਖੇ ਨੂੰ ਇਹ ਸਹਾਰ ਗਈ, ਕੈਂਸਰ ਦੀ ਮਾਰ ਨੂੰ ਵੀ ਸਹਾਰ ਗਈ, ਪਰ ਭਾਬੀ ਦੇ ਤਾਅਨਿਆਂ ਨੂੰ ਸਹਾਰ ਨਹੀਂ ਸਕੀ। ਉਹਨੇ ਇਹਦਾ ਜਿਊਣਾ ਹਰਾਮ ਕਰ ਦਿੱਤਾ ਸੀ। ਨਾਲ ਹੀ ਇਹਦੇ ਪੈਸਿਆਂ ’ਤੇ ਉਨ੍ਹਾਂ ਦੀ ਪੂਰੀ ਨਜ਼ਰ ਆ ਗਈ। ਇਨ੍ਹਾਂ ਸਾਰੀਆਂ ਗੱਲਾਂ ਨਾਲ ਇਹਦਾ ਦਿਲ ਟੁੱਟ ਗਿਆ। ਇਹਨੇ ਮੈਨੂੰ ਵੀ ਨਹੀਂ ਦੱਸਿਆ ਅਤੇ ਇੱਥੇ ਏਨੀ ਦੂਰ ਨੌਕਰੀ ਕਰਨ ਆ ਗਈ। ਮੈਂ ਤਾਂ ਬੜਾ ਰੋਕਿਆ ਪਰ ਇਹ ਨਹੀਂ ਮੰਨੀ।’’ ਲਗਾਤਾਰ ਬੋਲਣ ਨਾਲ ਉਨ੍ਹਾਂ ਦਾ ਸਾਹ ਫੁੱਲ ਗਿਆ ਸੀ। ਮੈਂ ਪਾਣੀ ਪਿਆਇਆ ਤਾਂ ਉਹ ਸਹਿਜ ਹੋ ਗਏ।
ਉਨ੍ਹਾਂ ਦੇ ਸਹਿਜ ਹੋਣ ’ਤੇ ਜਦੋਂ ਮੈਂ ਪੁੱਛਿਆ, ‘‘ਅਤੇ ਉਹ ਪਤੀ ਤੇ ਬੱਚੇ?’’ ਉਹ ਠੰਢਾ ਸਾਹ ਭਰਦਿਆਂ ਬੋਲੀ, ‘‘ਹੁਣ ਕੀ ਦੱਸਾਂ ਧੀਏ ਤੈਨੂੰ, ਜਦੋਂ ਉਸ ਮਰ-ਜਾਣੇ ਅਨਿਲ ਨੇ ਸ਼ਾਦੀ ਕਰ ਲਈ, ਉਸੇ ਦਿਨ ਤੋਂ ਇਹ ਵਿਆਹੁਤਾ ਬਣ ਬੈਠੀ, ਕਲਪਿਤ ਪਤੀ ਅਤੇ ਬੱਚਿਆਂ ਨਾਲ ਖ਼ੁਸ਼ ਰਹਿੰਦੀ ਹੈ। ਉਸ ਦੀ ਤਾਂ ਆਪਣੀ ਹੀ ਦੁਨੀਆਂ ਹੈ। ਕਿਸੇ ਨੂੰ ਆਪਣੀ ਬਿਮਾਰੀ ਦੀ ਭਿਣਕ ਤੱਕ ਨਹੀਂ ਲੱਗਣ ਦਿੰਦੀ। ਬਸ ਖ਼ਿਆਲਾਂ ਦੀ ਦੁਨੀਆਂ ਵਿੱਚ ਰਹਿ ਕੇ ਉਹ ਆਪਣੇ ਆਖ਼ਰੀ ਦਿਨ ਕੱਟ ਰਹੀ ਹੈ।’’ ਇੰਨਾ ਕਹਿ ਕੇ ਉਹ ਇਸ ਤਰ੍ਹਾਂ ਫੁੱਟ-ਫੁੱਟ ਕੇ ਰੋਈ ਕਿ ਮੈਂ ਵੀ ਆਪਣੇ ਹੰਝੂ ਰੋਕ ਨਾ ਸਕੀ।
ਅਚਾਨਕ ਮੈਨੂੰ ਝਟਕਾ ਜਿਹਾ ਲੱਗਿਆ, ‘‘ਪਰ ਮਾਤਾ ਜੀ, ਉਹ ਤਿੰਨ ਦਿਨ ਤੋਂ ਹੈ ਕਿੱਥੇ? ਕਿਤੇ ਰਾਹ ਵਿੱਚ…?’’ ਉਹ ਸਿਰ ਹਿਲਾਉਂਦਿਆਂ ਸਥਿਰ ਭਾਵ ਨਾਲ ਬੋਲੀ, ‘‘ਨਾ ਧੀਏ ਨਾ, ਮੈਨੂੰ ਪਤਾ ਹੈ, ਉਹ ਸਿੱਧੀ ਟਾਟਾ ਮੈਮੋਰੀਅਲ ਗਈ ਹੋਵੇਗੀ।’’ ਪਰ ਅਗਲੇ ਹੀ ਪਲ ਰੁਕ ਕੇ ਬੋਲੇ, ‘‘ਕੀ ਉਹ ਬਿਮਾਰ ਲੱਗ ਰਹੀ ਸੀ?’’ ਜਵਾਬ ਵਿੱਚ ਮੈਂ ਕਿਹਾ, ‘‘ਹਾਂ, ਕੁਝ ਟੁੱਟੀ ਹੋਈ ਅਤੇ ਪੀਲੀ ਜਿਹੀ ਨਜ਼ਰ ਆ ਰਹੀ ਸੀ। ਹੁਣ ਬਿਮਾਰੀ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ, ਨਹੀਂ ਤਾਂ ਮੈਂ ਉਹਨੂੰ ਇਕੱਲਿਆਂ ਜਾਣ ਹੀ ਨਾ ਦਿੰਦੀ।’’ ਇਹ ਸਭ ਸੁਣ ਕੇ ਉਹ ਬੁਰੀ ਤਰ੍ਹਾਂ ਫ਼ਿਕਰਮੰਦ ਹੋ ਗਏ।
ਰਾਤ ਨੂੰ ਮੈਂ ਮਾਤਾ ਜੀ ਨੂੰ ਆਪਣੇ ਘਰ ਹੀ ਰੋਕ ਲਿਆ। ਅਗਲੇ ਦਿਨ ਉਹ ਮੁੰਬਈ ਇਸ ਵਾਅਦੇ ਨਾਲ ਮੁੜ ਗਏ ਕਿ ਉਹ ਜਾਂਦਿਆਂ ਹੀ ਮੈਨੂੰ ਨਮਰਤਾ ਦੀ ਖ਼ਬਰ ਜ਼ਰੂਰ ਦੇਣਗੇ।
ਇਸ ਤੋਂ ਬਾਅਦ ਵੀਹ ਦਿਨ ਬੀਤ ਗਏ, ਪਰ ਮਾਤਾ ਜੀ ਵੱਲੋਂ ਕੋਈ ਖ਼ਬਰ ਨਹੀਂ ਆਈ। ਮੈਨੂੰ ਸੋਚ-ਸੋਚ ਕੇ ਪ੍ਰੇਸ਼ਾਨੀ ਹੋ ਰਹੀ ਸੀ। ਇੱਕ ਐਤਵਾਰ ਨੂੰ ਨਮਰਤਾ ਦਾ ਭਰਾ ਆਇਆ ਅਤੇ ਆਉਂਦਿਆਂ ਹੀ ਜਦੋਂ ਉਸ ਨੇ ਇਹ ਖ਼ਬਰ ਦਿੱਤੀ ਕਿ ਨਮਰਤਾ ਇਸ ਦੁਨੀਆ ਵਿਚ ਨਹੀਂ ਰਹੀ ਤਾਂ ਅਸੀਂ ਸਾਰੇ ਜੜ੍ਹ ਹੋ ਗਏ। ਹਮਦਰਦੀ ਦੇ ਕੋਈ ਸ਼ਬਦ ਹੀ ਨਹੀਂ ਸਨ ਸੁੱਝ ਰਹੇ। ਜਦੋਂ ਕਿਸੇ ਦੀ ਮੌਤ ਦਿਲ ਨੂੰ ਛੂਹ ਲੈਂਦੀ ਹੈ ਤਾਂ ਸ਼ਾਇਦ ਅਜਿਹਾ ਹੀ ਹੁੰਦਾ ਹੈ। ਨਮਰਤਾ ਦੇ ਸੁੰਨੇ ਘਰ ਨੂੰ ਵੇਖ ਕੇ ਮੈਂ ਫੁੱਟ-ਫੁੱਟ ਕੇ ਰੋਣ ਲੱਗੀ। ਮੇਰੇ ਪਤੀ ਅਤੇ ਬੱਚੇ ਮੈਨੂੰ ਹੌਸਲਾ ਦੇ ਰਹੇ ਸਨ ਅਤੇ ਮੈਂ ਪਰਮਾਤਮਾ ਨੂੰ ਅਰਦਾਸ ਕਰ ਰਹੀ ਸਾਂ ਕਿ ‘‘ਹੇ ਪਰਮਾਤਮਾ! ਉਹਨੂੰ ਅਗਲੇ ਜਨਮ ਵਿੱਚ ਇੰਨਾ ਸੁੱਖ ਦੇਵੀਂ, ਸਿਹਤ ਦੇਵੀਂ, ਪਿਆਰਾ ਜਿਹਾ ਪਤੀ ਅਤੇ ਪਿਆਰੇ-ਪਿਆਰੇ ਬੱਚੇ ਦੇਵੀਂ ਤਾਂ ਕਿ ਉਹਨੂੰ ਕਲਪਿਤ ਪਰਛਾਵਿਆਂ ਨਾਲ ਬੱਝ ਕੇ ਨਾ ਜੀਣਾ ਪਵੇ!
ਸੰਪਰਕ: 62680-77933
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015