ਓਕਟੇਵੀਓ ਪਾਜ਼ ਦੀ ਕਵਿਤਾ ਵਿੱਚ ਮੈਕਸਿਕੋ ਦੀ ਰੂਹ ਬੋਲਦੀ ਹੈ। ਦੁਨੀਆ ਭਰ ਵਿੱਚ ਉਸ ਦੀ ਸਭ ਤੋਂ ਵੱਧ ਪੜ੍ਹੀ ਗਈ ਕਿਤਾਬ ‘ਦਿ ਲੇਬੀਰੈਂਥ ਆਫ ਸੌਲੀਟਿਊਡ: ਲਾਈਫ ਐਂਡ ਥੌਟ ਇਨ ਮੈਕਸਿਕੋ’ ਵਿੱਚ ਆਪਣੇ ਮੁਲਕ ਬਾਰੇ ਲਿਖਦਿਆਂ ਪਾਜ਼ ਆਖਦਾ ਹੈ ਕਿ ਮੈਕਸਿਕਨਾਂ ਨੇ ਹਮੇਸ਼ਾਂ ਇੱਦਾਂ ਮਹਿਸੂਸ ਕੀਤਾ ਹੈ ਜਿਵੇਂ ਉਨ੍ਹਾਂ ਨੂੰ ਇੱਕ ਸਪੇਨੀ ਪਿਤਾ ਨੇ ਜਨਮ ਦੇ ਕੇ ਘਰੋਂ ਕੱਢ ਦਿੱਤਾ ਹੋਵੇ। ਸਾਰੇ ਮੁਲਕ ਵੱਲੋਂ ਸੁਚੇਤ-ਅਚੇਤ ਮਹਿਸੂਸ ਕੀਤੀ ਜਾਣ ਵਾਲੀ ਇਸ ਤਕਲੀਫ਼ ਨੂੰ ਪਾਜ਼ ਨੇ ਆਪਣੀਆਂ ਕਵਿਤਾਵਾਂ, ਵਾਰਤਕ ਅਤੇ ਇੰਟਰਵਿਊਆਂ ਰਾਹੀਂ ਵਾਰ-ਵਾਰ ਉਭਾਰਿਆ। ਉਸ ਅਨੁਸਾਰ ਮੈਕਸਿਕਨਾਂ ਦੀ ਹੋਂਦ ਦੇ ਇਸ ਦੂਹਰੇਪਣ ਦੇ ਦਵੰਦ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਸੱਭਿਆਚਾਰਕ ਅਤੇ ਸਮਾਜਿਕ ਤੌਰ ’ਤੇ ਬਹੁਤ ਸਾਰੀਆਂ ਮਨਸੂਈ ਰਵਾਇਤਾਂ ਅਤੇ ਆਪਣੀ ਪਛਾਣ ਨੂੰ ਇਕਾਂਤ ਦੇ ਮੋਮਜਾਮੇ ਵਿੱਚ ਕੈਦ ਕਰ ਲਿਆ ਹੈ ਜਿਸ ਕਾਰਨ ਉਨ੍ਹਾਂ ਦੀ ਸੱਭਿਅਕ ਪਛਾਣ ਧੁੰਦਲਾ ਗਈ ਹੈ।
ਪਾਜ਼ ਦੀ ਕਵਿਤਾ ਵਿੱਚ ਖ਼ੂਬਸੂਰਤ ਵਾਰਤਕ ਦੇ ਟੋਟੇ ਹਨ। ਉਸ ਦੀ ਭਾਰਤ ਬਾਰੇ ਲਿਖੀ ਇੱਕ ਲੰਬੀ ਕਵਿਤਾ ਨੂੰ ਆਲੋਚਕਾਂ ਅਤੇ ਕਵੀਆਂ ਨੇ ਕਵਿਤਾ, ਵਾਰਤਕ, ਕਹਾਣੀ, ਨਾਵਲ ਕਿਸੇ ਵੀ ਵੰਨਗੀ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲਿਖਤ ਇਨ੍ਹਾਂ ਸਾਰੀਆਂ ਵੰਨਗੀਆਂ ਦੇ ਆਰ-ਪਾਰ ਗੁਜ਼ਰਦੀ ਹੈ ਅਤੇ ਇਸ ਨੂੰ ਕਿਸੇ ਖ਼ਾਸ ਵਿਧਾ ਵਿੱਚ ਬੰਨ੍ਹਣਾ ਮੁਸ਼ਕਿਲ ਹੈ। ਪਾਜ਼ ਦੀ ਕਵਿਤਾ ਆਪਣੇ ਆਪ ਵਿੱਚ ਭਾਸ਼ਾ ਅਤੇ ਸ਼ਬਦਾਂ ਦੀ ਸ਼ਕਲ ਵਿੱਚ ਕੀਤੀ ਗਈ ਤਪੱਸਿਆ ਦੀ ਤਰ੍ਹਾਂ ਹੈ। ਵਰਲਡ ਲਿਟਰੇਚਰ ਟੂਡੇਅ ਵੱਲੋਂ ਸਨਮਾਨਿਤ ਕੀਤੇ ਜਾਣ ਸਮੇਂ ਉਸ ਨੇ ਕਿਹਾ, ‘‘ਬਹੁਲਤਾਵਾਦ ਹੀ ਸਰਬ-ਸਾਂਝੀਵਾਲਤਾ ਹੈ। ਸਰਬ-ਸਾਂਝੀਵਾਲਤਾ ਦਾ ਅਰਥ ਆਪਸੀ ਵਖਰੇਵੇਂ ਤੇ ਵਿਚਾਰਾਂ ਦੀ ਅਸਹਿਮਤੀ ਨੂੰ ਸਵੀਕਾਰ ਕਰਕੇ ਉਸ ਹਮਦਰਦੀ, ਇੱਕ-ਦੂਜੇ ਲਈ ਸਤਿਕਾਰ ਅਤੇ ਸਹਿ-ਹੋਂਦ ਨੂੰ ਬਚਾਈ ਰੱਖਣਾ ਹੈ ਜਿਸ ਕਾਰਨ ਜ਼ਿੰਦਗੀ ਦੀ ਅਮੀਰੀ ਤੇ ਇਸ ਵਿੱਚ ਨੱਕੋਂ-ਨੱਕ ਡੁੱਬਣ ਦਾ ਜਜ਼ਬਾ ਬਰਕਰਾਰ ਹੈ।’’
ਪਾਜ਼ ਦਾ ਜਨਮ 1914 ਵਿੱਚ ਮੈਕਸਿਕੋ ਵਿੱਚ ਹੋਇਆ। ਉਸ ਨੂੰ ਕਿਤਾਬਾਂ ਨਾਲ ਉਸ ਦੇ ਦਾਦੇ ਦੀ ਲਾਇਬਰੇਰੀ ਨੇ ਜੋੜਿਆ ਅਤੇ ਸਿਆਸਤ ਨਾਲ ਪਿਉ ਦੀ ਪੱਤਰਕਾਰੀ ਨੇ। ਕਵਿਤਾ ਉਸ ਨੇ ਜ਼ਿੰਦਗੀ ਦੇ ਤਜਰਬਿਆਂ ਅਤੇ ਇਸ ਵਿੱਚ ਡੂੰਘੀ ਦਿਲਚਸਪੀ ਦੇ ਰਸਤੇ ਸਿੱਖੀ। ਕਵਿਤਾ ਵਿੱਚ ਉਹ ਟੀ.ਐਸ. ਈਲੀਅਟ ਦੀ ਕਵਿਤਾ ‘ਦਿ ਵੇਸਟ ਲੈਂਡ’ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਇਆ। ਉਸ ਨੇ ਆਪਣੀ ਪਹਿਲੀ ਕਿਤਾਬ ਦਾ ਨਾਮ ਰੱਖਿਆ ‘ਪੱਥਰ ਤੇ ਫੁੱਲ ਦੇ ਵਿਚਕਾਰ’। 1937 ਵਿੱਚ ਉਹ ਸਪੇਨ ਦੀ ਸਿਵਲ ਵਾਰ ਵਿੱਚ ਸ਼ਾਮਿਲ ਹੋ ਗਿਆ। ਇੱਥੇ ਹੀ ਉਸ ਦੇ ਦੋਸਤਾਂ ਵਿੱਚ ਪਾਬਲੋ ਨਾਰੂਦਾ ਅਤੇ ਸਪੇਨ ਦੇ ਕ੍ਰਾਂਤੀਕਾਰੀ ਸ਼ਾਮਿਲ ਹੋਏ।
ਪਾਜ਼ ਦੀ ਕਵਿਤਾ ਦਾ ਰੰਗ ਗੂੜ੍ਹਾ ਸਰੋਦੀ ਅਤੇ ਪੁਰਾਤਨਤਾ ਵਿਰੋਧੀ ਹੈ। ਉਹ ਸ਼ਬਦਾਂ ਨੂੰ ਉਸ ਚੁੱਪ ਦੀ ਤਲਾਸ਼ ਕਰਨ ਲਈ ਵਰਤਦਾ ਹੈ ਜਿੱਥੇ ਸ਼ਬਦਾਂ ਦੀ ਜ਼ਰੂਰਤ ਹੀ ਖ਼ਤਮ ਹੋ ਜਾਂਦੀ ਹੈ ਅਤੇ ਸਭ ਕੁਝ ਪਿਆਰ ਵਾਂਗ ਸਹਿਜ ਤੇ ਜ਼ਿੰਦਗੀ ਵਾਂਗ ਸੌਖਾ ਹੋ ਜਾਂਦਾ ਹੈ। ਉਸ ਦੀਆਂ ਕਈ ਕਵਿਤਾਵਾਂ ਬਾਲਥਸ, ਜੌਨ ਮੀਰੋ, ਐਨਟੋਨੀ ਟੈਪਲਸ ਵਰਗੇ ਚਿੱਤਰਕਾਰਾਂ ਦੇ ਚਿੱਤਰਾਂ ਤੋਂ ਪ੍ਰੇਰਿਤ ਹਨ। ਉਹ ਬਿੰਬਾਂ, ਚਿੰਨ੍ਹਾਂ ਅਤੇ ਪ੍ਰਤੀਕਾਂ ਦੀ ਉਸਾਰੀ ਕਰਦਿਆਂ ਕਵਿਤਾ ਨੂੰ ਪਾਣੀ, ਮਿੱਟੀ ਅਤੇ ਅੱਗ ਦੀ ਸਾਣ ’ਤੇ ਲਗਾਉਂਦਾ ਹੈ। ਉਸ ਦੀ ਕਵਿਤਾ ਵਿੱਚ ਸ਼ਬਦ ਬਲਦੇ ਹਨ ਅਤੇ ਉਹ ਅਣਹੋਈਆਂ ਤੇ ਅਣਕਿਆਸੀਆਂ ਚੀਜ਼ਾਂ ਤੇ ਵਿਚਾਰਾਂ ਨੂੰ ਅਜਿਹੇ ਟਕਰਾਉ ਦੀ ਸਥਿਤੀ ਵਿੱਚ ਲੈ ਆਉਂਦਾ ਹੈ ਜਿਹੜੀ ਜਿਊਣ ਦੀ ਸਾਧਾਰਨਤਾ ਸਿਰੇ ਤੋਂ ਖਾਰਿਜ ਹੁੰਦਿਆਂ ਨਵੀਂ ਪਰਿਕਲਪਨਾ ਨੂੰ ਜਨਮ ਦਿੰਦੀ ਹੈ। ਉਹ ਸ਼ਬਦਾਂ ਰਾਹੀ ਇੱਕ ਤੈਅਸ਼ੁਦਾ ਯਥਾਰਥ ਨੂੰ ਨਵੇਂ ਵਿਯੂਅਲ ਆਯਾਮ ਵਿੱਚ ਬਦਲ ਦਿੰਦਾ ਹੈ ਅਤੇ ਨਾਲ ਦੀ ਨਾਲ ਕਿਸੇ ਸਥਿਤੀ ਦੀਆਂ ਸੱਚਾਈਆਂ ਨਾਲ ਜੁੜੀਆਂ ਧਾਰਨਾਵਾਂ, ਵਿਰੋਧਤਾਈਆਂ, ਮਿੱਥਾਂ ਅਤੇ ਸੰਭਾਵਿਤ ਨਤੀਜਿਆਂ ਨੂੰ ਨਵੇਂ ਫਰੇਮ ਵਿੱਚੋਂ ਦੇਖਣ ਲਈ ਉਕਸਾਉਂਦਾ ਹੈ।
ਪਾਜ਼ ਦੀ ਕਵਿਤਾ ਸਰੀਰਾਂ ਅਤੇ ਰੂਹਾਂ ਦੀਆਂ ਆਪਸੀ ਤੰਦਾਂ, ਗੁੰਝਲ਼ਾਂ ਅਤੇ ਖ਼ਾਹਿਸ਼ਾਂ ਦੀ ਕਵਿਤਾ ਹੈ। ਇਸ ਵਿੱਚ ਹੋਂਦ ਦਾ ਦਵੰਦ ਬੰਦੇ ਦੇ ਅੰਦਰਲੇ ਆਪੇ ਨਾਲ ਲਗਾਤਾਰ ਇੱਕ ਸੰਵਾਦ ਵਿੱਚ ਹੈ। ਇਸ ਸੰਵਾਦ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਬੰਦੇ ਦੀ ਅੰਦਰੂਨੀ ਟੁੱਟ-ਭੱਜ ਨੂੰ ਸਾਂਭਦਾ ਵੀ ਹੈ ਅਤੇ ਮੌਕਾ ਆਉਣ ’ਤੇ ਇਸ ਦੀ ਨਵ-ਉਸਾਰੀ ਲਈ ਵਿਉਂਤਬੰਦੀ ਵੀ ਕਰ ਸਕਦਾ ਹੈ।
ਉਸ ਨੇ ਹਰ ਤਰ੍ਹਾਂ ਦੇ ਤਾਨਸ਼ਾਹੀ ਫਤਵਿਆਂ ਅਤੇ ਫਰਮਾਨਾਂ ਖ਼ਿਲਾਫ਼ ਲਿਖਿਆ ਭਾਵੇਂ ਇਸ ਕਾਰਨ ਉਸ ਦੇ ਬਹੁਤ ਸਾਰੇ ਖੱਬੇ-ਪੱਖੀ ਦੋਸਤ ਉਸ ਦੇ ਵਿਰੋਧੀ ਹੋ ਗਏ। ਕਵਿਤਾ ਹੀ ਉਸ ਦੀ ਵਿਚਾਰਧਾਰਾ ਬਣ ਗਈ। 1990 ਵਿੱਚ ਉਸ ਨੂੰ ਸਾਹਿਤ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਆ ਗਿਆ।
ਆਪਣੀ ਇੱਕ ਕਵਿਤਾ ਵਿੱਚ ਉਹ ਆਖਦਾ ਹੈ:
‘ਤੂੰ ਗਲੀ ’ਚ ਵੜਦਿਆਂ ਹੀ ਮੇਰੇ ਜ਼ਿਹਨ ਵਿੱਚ ਸ਼ਾਮਿਲ
ਹੋ ਜਾਂਦਾ ਏਂ’
ਉਸ ਦੀਆਂ ਕਵਿਤਾਵਾਂ ਦੇ ਕੁਝ ਨਮੂਨੇ:
ਸੜਕ
ਇਹ ਲੰਮੀ, ਸੁੰਨਸਾਨ ਸੜਕ ਹੈ।
ਮੈਂ ਤੁਰਦਾ ਹਾਂ ਅੰਧਕਾਰ ’ਚ, ਤੇ ਥਿੜਕਦਾ ਹਾਂ ਤੇ ਡਿੱਗ ਜਾਂਦਾ ਹਾਂ।
ਤੇ ਉੱਠ ਖਲੋਂਦਾ ਹਾਂ ਤੇ ਤੁਰਦਾ ਹਾਂ ਅੰਨ੍ਹੇਵਾਹ,
ਮੇਰੇ ਪੈਰ ਦਰੜ ਸੁੱਟਦੇ ਨੇ: ਗੁੰਮ ਸੁੰਮ ਪੱਥਰ ਤੇ ਸੁੱਕੇ ਪੱਤੇ।
ਮੇਰੇ ਪਿੱਛੇ ਕੋਈ ਹੋਰ ਵੀ ਪੱਥਰਾਂ ਨੂੰ, ਪੱਤਿਆਂ ਨੂੰ ਦਰੜਦਾ ਹੈ।
ਮੇਰੇ ਹੌਲੀ ਹੁੰਦਿਆਂ ਉਹ ਹੌਲੀ ਹੋ ਜਾਂਦਾ ਹੈ
ਮੇਰੇ ਭੱਜਦਿਆਂ ਉਹ ਭੱਜਣ ਲੱਗਦਾ ਹੈ।
ਮੈਂ ਜਦ ਪਿੱਛੇ ਮੁੜਦਾ ਹਾਂ: ਕੋਈ ਨਹੀਂ।
ਸਭ ਕੁਝ ਧੁੰਦਲਾ ਹੈ, ਬੇ-ਦਰ ਹੈ।
ਬੱਸ ਮੇਰੇ ਕਦਮਾਂ ਨੂੰ ਮੇਰੀ ਪਛਾਣ ਹੈ।
ਮੈਂ ਵਾਰ-ਵਾਰ ਮੁੜਦਾ ਹਾਂ ਇਨ੍ਹਾਂ ਮੋੜਾਂ ਤੋਂ
ਜੋ ਹਰ ਵਾਰ ਇਸੇ ਸੜਕ ’ਤੇ ਆ ਮੁੱਕਦੇ ਨੇ ।
ਜਿੱਥੇ ਕੋਈ ਮੇਰੀ ਉਡੀਕ ਨਹੀਂ ਕਰਦਾ, ਕੋਈ ਮੇਰਾ ਪਿੱਛਾ ਨਹੀਂ ਕਰਦਾ।
ਜਿੱਥੇ ਮੈਂ ਇੱਕ ਆਦਮੀ ਦਾ ਪਿੱਛਾ ਕਰਦਾ ਹਾਂ
ਜੋ ਥਿੜਕਦਾ ਹੈ ਤੇ ਉੱਠ ਖਲੋਂਦਾ ਹੈ
ਤੇ ਮੈਨੂੰ ਦੇਖਕੇ ਕਹਿੰਦਾ ਹੈ: ਕੋਈ ਨਹੀਂ
ਛੋਹ
ਮੇਰੇ ਹੱਥ!
ਉਤਾਰ ਦਿੰਦੇ ਨੇ ਪਰਦੇ ਤੇਰੀ ਹੋਂਦ ਦੇ,
ਕੱਜ ਦਿੰਦੇ ਨੇ ਤੈਨੂੰ ਕਿਸੇ ਹੋਰ
ਨੰਗੇਜ਼ ’ਚ।
ਤੇਰੀਆਂ ਦੇਹਾਂ ਨੂੰ ਤੇਰੀ ਦੇਹ ਤੋਂ
ਲਾਹੁੰਦਿਆਂ,
ਮੇਰੇ ਹੱਥ!
ਲੱਭ ਲੈਂਦੇ ਨੇ ਤੇਰੀ ਦੇਹ ਦੀ
ਹੋਰ ਇੱਕ ਦੇਹ
ਧੁਰੀ
ਲਹੂ ਦੀਆਂ ਗਲੀਆਂ ਥਾਣੀਂ
ਤੇਰੀ ਦੇਹ ’ਚ ਮੇਰੀ ਦੇਹ
ਰਾਤ ਦੀ ਬਸੰਤ
ਤੇਰੇ ਜੰਗਲ ’ਚ ਸੂਰਜ ਦੀ ਜੀਭ ਮੇਰੀ
ਤੇਰੀ ਦੇਹ ਗੁੰਨ੍ਹੇ ਆਟੇ ਦੀ ਪਰਾਂਤ
ਮੈਂ ਲਾਲ ਕਣਕ
ਹੱਡਾਂ ਦੀਆਂ ਗਲੀਆਂ ਥਾਣੀਂ
ਮੈਂ ਰਾਤ ਮੈਂ ਪਾਣੀ
ਮੈਂ ਅੱਗੇ ਵੱਧਦਾ ਜੰਗਲ
ਮੈਂ ਜੀਭ
ਮੈਂ ਦੇਹ
ਮੈਂ ਸੂਰਜ ਦਾ ਹੱਡ
ਰਾਤ ਦੀਆਂ ਗਲੀਆਂ ਥਾਣੀਂ
ਦੇਹਾਂ ਦੀ ਬਸੰਤ
ਤੂੰ ਕਣਕ ਦੀ ਰਾਤ
ਤੂੰ ਸੂਰਜ ਵਿਚਲਾ ਜੰਗਲ
ਤੂੰ ਉਡੀਕਵਾਨ ਜਲ
ਤੂੰ ਹੱਡੀਆਂ ਭਰੀ ਪਰਾਂਤ
ਸੂਰਜ ਦੀਆਂ ਗਲੀਆਂ ਥਾਣੀਂ
ਤੇਰੀ ਰਾਤ ’ਚ ਮੇਰੀ ਰਾਤ
ਤੇਰੇ ਸੂਰਜ ’ਚ ਮੇਰਾ ਸੂਰਜ
ਤੇਰੀ ਪਰਾਂਤ ’ਚ ਮੇਰੀ ਕਣਕ
ਮੇਰੀ ਜੀਭ ’ਚ ਤੇਰਾ ਜੰਗਲ
ਦੇਹਾਂ ਦੀਆਂ ਗਲੀਆਂ ਥਾਣੀਂ
ਰਾਤ ’ਚ ਪਾਣੀ
ਮੇਰੀ ਦੇਹ ’ਚ ਤੇਰੀ ਦੇਹ
ਹੱਡਾਂ ਦੀ ਬਸੰਤ
ਸੂਰਜਾਂ ਦੀ ਬਸੰਤ।
ਆਰ-ਪਾਰ
ਦਿਨ ਦਾ ਵਰਕਾ ਪਲਟਦਿਆਂ ਹੀ
ਲਿਖ ਦਿੰਦਾ ਹਾਂ
ਤੇਰੀਆਂ ਝਿੰਮਣਾਂ ਦਾ ਬੋਲਿਆ ਸਭ ਕੁਝ, ਹਰਫ਼-ਦਰ-ਹਰਫ਼।
ਤੂੰ! ਘੁੱਪ-ਹਨੇਰੇ ਦੀ ਖਰਿਆਈ
ਮੈਂ ਤੇਰੇ ’ਚ ਦਾਖਲ ਹੁੰਦਾ ਹਾਂ।
ਮੈਂ ਅੰਧਕਾਰ ਦਾ ਸਿੱਧ ਹੋਣਾ ਚਾਹੁੰਨਾ ਤੇ ਪੀਣਾ ਚਾਹੁੰਨਾ ਕਾਲੀ ਸ਼ਰਾਬ।
ਆਹ ਲੈ ਫੜ! ਮੇਰੀਆਂ ਅੱਖਾਂ
ਤੇ ਫੇਹ ਸੁੱਟ!
ਤੇਰੇ ਸਤਨ ਦੀ ਨੋਕ ’ਤੇ ਚੋਂਦੀ ਹੈ ਤੁਪਕਾ-ਤੁਪਕਾ ਰਾਤ: ਗੁਲਨਾਰ ਦਾ ਹਰ ਭੇਤ ਖੁਲਦਾ ਹੈ
ਮੈਂ ਅੱੱਖਾਂ ਬੰਦ ਕਰਦਾ ਹਾਂ
ਤੇ ਤੇਰੀਆਂ ਅੱਖਾਂ ਅੰਦਰ
ਖੋਲ੍ਹ ਲੈਂਦਾ ਹਾਂ।
ਮੈਂ ਹਰ ਵਾਰ ਸੌਂ ਕੇ ਉੱਠਦਾ ਹਾਂ
ਤੇਰੀ ਸਿੱਲੀ-ਸਿੱਲੀ ਜੀਭ ਦੇ ਲਾਲ-ਲਾਲ ਪਲੰਘ ਤੋਂ।
ਤੇਰੀ ਨਸ-ਨਸ ਦੇ ਬਗੀਚੇ ’ਚ ਫੁਹਾਰੇ ਹੀ ਫੁਹਾਰੇ ਨੇ।
ਲਹੂ ਦਾ ਮਾਸਕ ਪਾ
ਮੈਂ ਗੁਜ਼ਰਦਾ ਹਾਂ ਤੇਰਿਆਂ ਖਿਆਲਾਂ ’ਚੋਂ
ਚੁੱਪ-ਚਾਪ।
‘ਕਮਜ਼ੋਰ-ਯਾਦਦਾਸ਼ਤ’ ਮੈਨੂੰ ਹੱਥ ਫੜ
ਜ਼ਿੰਦਗੀ ਦੇ ਕਿਸੇ ਹੋਰ ਪੜਾਅ ’ਤੇ ਲੈ ਜਾਂਦੀ ਹੈ।
ਚਲੇ ਜਾਣ ਤੇ ਠਹਿਰ ਜਾਣ ਦੇ ਵਿਚਕਾਰ
ਚਲੇ ਜਾਣ ਤੇ ਠਹਿਰ ਜਾਣ ਦੇ ਵਿਚਕਾਰ
ਲਰਜ਼ਦਾ ਹੈ ਦਿਨ,
ਆਪਣੀ ਪਾਰਦਰਸ਼ਤਾ ਨੂੰ ਪਿਆਰਦਾ ਹੈ।
ਚੱਕਰਦਾਰ ਦੁਪਹਿਰ ਜੈਮਾਲਾ ਹੋ ਜਾਂਦੀ ਹੈ,
ਝੂਲਦੀ ਫਿਰ ਰਹਿੰਦੀ ਹੈ ਜਿੱਥੇ ਬੰਦ ਪਈ ਦੁਨੀਆ।
ਸਭ ਪ੍ਰਤੱਖ ਹੈ, ਮਾਇਆ ਹੈ ਸਭ
ਸਭ ਕੁਝ ਏਨਾਂ ਨੇੜੇ ਹੈ ਕਿ ਛੂਹਿਆ ਨਹੀਂ ਜਾ ਸਕਦਾ।
ਵਰਕੇ, ਕਿਤਾਬਾਂ, ਪੈਨਸਿਲਾਂ, ਗਲਾਸ
ਸੌ ਜਾਂਦੇ ਨੇ ਆਪਣੇ ਨਾਵਾਂ ਦੀ ਛਾਂ ਥੱਲੇ।
ਮੇਰੀਆਂ ਪੁੜਪੁੜੀਆਂ ’ਚ ਫੜਕਦਾ ਸਮਾਂ
ਲਹੂ ਦੇ ਅਬਦਲ ਸ਼ਬਦਾਂਸ਼ ਨੂੰ ਦੁਹਰਾਉਂਦਾ ਹੈ ਵਾਰ-ਵਾਰ।
ਉਦਾਸ ਕੰਧਾਂ ਨੂੰ ਬਦਲ ਦਿੰਦੀ ਹੈ ਰੌਸ਼ਨੀ,
ਨੱਚ ਉਠਦੇ ਨੇ ਪਰਛਾਵਿਆਂ ਦੇ ਪ੍ਰੇਤ।
ਅੱਖ ਦੇ ਐਨ ਵਿਚਕਾਰ ਮੈਂ
ਭਾਲ ਲੈਂਦਾ ਹਾਂ ਖ਼ੁਦ ਨੂੰ,
ਝਾਕਦਿਆਂ ਖ਼ੁਦ ਨੂੰ ਅੱਖ ਦੀ ਸੱਖਣੀ ਟਿਕਟਿਕੀ ’ਚ।
ਛਿਣ ਛਿਟਕ ਜਾਂਦਾ ਹੈ- ਗਤੀਹੀਣ
ਮੈਂ ਠਹਿਰਦਾ ਹਾਂ ਤੇ ਚਲਾ ਜਾਂਦਾ ਹਾਂ,
ਮੈਂ ਵਿਰਾਮ ਹਾਂ।
ਚੋਣ ਅਤੇ ਪੰਜਾਬੀ ਰੂਪ: ਅਮਨਿੰਦਰ ਸਿੰਘ
ਸੰਪਰਕ: 78883-47714