ਜਤਿੰਦਰ ਸਿੰਘ
ਦੋ ਪੁਸਤਕਾਂ – ਦੋ ਅਨੁਭਵ
ਖ਼ਾਲਸਾ ਕਾਲਜ, ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਾਜੈਕਟ ਦੇ ਰੂਪ ਵਿਚ ਦੋ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਤੇ ਸ਼ਹਾਦਤ ਦਾ ਗੌਰਵ’ (ਮੁੱਖ ਸੰਪਾਦਕ: ਡਾ. ਮਹਿਲ ਸਿੰਘ; ਸੰਪਾਦਕ: ਡਾ. ਆਤਮ ਸਿੰਘ ਰੰਧਾਵਾ, ਡਾ. ਪਰਮਿੰਦਰ ਸਿੰਘ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਅਤੇ ‘ਸ੍ਰੀ ਗੁਰੂ ਤੇਗ ਬਹਾਦਰ: ਜੀਵਨ, ਫਲਸਫ਼ਾ ਤੇ ਸ਼ਹਾਦਤ’ (ਮੁੱਖ ਸੰਪਾਦਕ: ਡਾ. ਮਹਿਲ ਸਿੰਘ; ਸੰਪਾਦਕ: ਡਾ. ਆਤਮ ਸਿੰਘ ਰੰਧਾਵਾ, ਡਾ. ਭੁਪਿੰਦਰ ਸਿੰਘ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਦੇ ਜੀਵਨ ਤੇ ਬਾਣੀ ਦੇ ਸੰਦਰਭ ਵਿਚ ਇਨ੍ਹਾਂ ਪੁਸਤਕਾਂ ਦਾ ਖ਼ਾਸ ਮਹੱਤਵ ਹੈ। ਇਹ ਪੁਸਤਕਾਂ ਨੌਵੇਂ ਗੁਰੂ ਦੀ ਬਾਣੀ ਦੇ ਮੂਲ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਨੂੰ ਇਤਿਹਾਸਕ ਪੜਾਅ ਤੋਂ ਪਾਰ ਸਮਕਾਲੀ ਪ੍ਰਸਥਿਤੀਆਂ ਦੇ ਪ੍ਰਸੰਗ ਨਾਲ ਜੋੜਦੀਆਂ ਹਨ।
ਇਨ੍ਹਾਂ ਪੁਸਤਕਾਂ ਵਿਚ ਕੁੱਲ 47 ਲੇਖ ਹਨ ਜਿਨ੍ਹਾਂ ਵਿਚ ਮੂਲ ਸਰੋਕਾਰ ਗੁਰੂ ਤੇਗ਼ ਬਹਾਦਰ ਦੇ ਜੀਵਨ, ਬਾਣੀ ਤੇ ਸ਼ਹਾਦਤ ਨਾਲ ਸਬੰਧਤ ਹਨ। ਡਾ. ਮਹਿਲ ਸਿੰਘ ਆਪਣੇ ਲੇਖ ‘ਸ੍ਰੀ ਗੁਰੂ ਤੇਗ਼ ਬਹਾਦਰ ਜੀਵਨ ਤੇ ਮਾਰਗ’ ਵਿਚ ਗੁਰੂ ਸਾਹਿਬ ਦੀ ਬਾਣੀ ਨੂੰ ਦੁਨਿਆਵੀ ਭੈਅ ਮੰਨਣ ਜਾਂ ਭੈਅ ਦੇਣ ਦੀ ਅਵਸਥਾ ਤੋਂ ਉਪਰ ਨਿਰਭੈ ਅਵਸਥਾ ਨੂੰ ਹੀ ਅਸਲ ਗਿਆਨ ਦੀ ਅਵਸਥਾ ਵਾਲਾ ਜੀਵਨ ਮੰਨਦੇ ਹਨ। ਉਹ ਭਗਤ ਕਬੀਰ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸੰਦਰਭ ਰਾਹੀਂ ਨੌਵੇਂ ਪਾਤਸ਼ਾਹ ਦੇ ਜੀਵਨ, ਸ਼ਹਾਦਤ ਤੇ ਬਾਣੀ ਨੂੰ ਸਮਝਾਉਣ ਦਾ ਯਤਨ ਕਰਦੇ ਹਨ। ਨੌਵੇਂ ਪਾਤਸ਼ਾਹ ਦੀ ਬਾਣੀ ਵਿਚ ਭੈਅ/ਡਰ ਇਕ ਥੀਮਿਕ ਇਕਾਈ ਹੈ। ਇਸ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਰਥਾਂ ਰਾਹੀਂ ਵੀ ਸਮਝਿਆ ਜਾ ਸਕਦਾ ਹੈ:
ਡਰੀਐ ਜੇ ਡਰੁ ਹੋਵੈ ਹੋਰੁ।।
ਡਰਿ ਡਰਿ ਡਰਣਾ ਮਨ ਕਾ ਸੋਰੁ।।
ਦੇਹ ਦੀ ਹੋਂਦ ਦੀ ਸਾਰਥਕਤਾ ਤੇ ਉਸ ਤੋਂ ਪਾਰ ਉੱਠਣਾ, ਦੋਵੇਂ ਹੀ ਗੁਰਮਤਿ ਦੇ ਸਿਧਾਂਤ ਹਨ। ਗੁਰੂ ਅਰਜਨ ਸਾਹਿਬ ਵੀ ਦੇਹ ਨੂੰ ‘ਦੁਲਭ ਦੇਹ ਪਾਈ ਵਡਭਾਗੀ’ ਵਜੋਂ ਸਵੀਕਾਰਦੇ ਹਨ। ਹਾਲਾਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਅਮਿੱਟ ਛਾਪ ਛੱਡੀ ਹੈ, ਪਰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਕ੍ਰਾਂਤੀਕਾਰੀ ਮੋੜ ਲਿਆਂਦਾ।
ਪੁਸਤਕਾਂ ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਲੇਖ ਹਨ ਜਿਨ੍ਹਾਂ ਵਿਚ ਡਾ. ਸਵਰਾਜਬੀਰ ਦਾ ਲੇਖ ‘ਸ੍ਰੀ ਗੁਰੂ ਤੇਗ਼ ਬਹਾਦਰ ਬਾਣੀ: ਸ਼ਹਾਦਤ ਦੀ ਸਾਖੀ’, ਡਾ. ਆਤਮ ਸਿੰਘ ਰੰਧਾਵਾ ਦਾ ‘ਸ੍ਰੀ ਗੁਰੂ ਤੇਗ਼ ਬਹਾਦਰ: ਬਾਣੀ ਅਤੇ ਸ਼ਹਾਦਤ ਦਾ ਗੌਰਵ’, ਡਾ. ਭੁਪਿੰਦਰ ਸਿੰਘ ਦਾ ‘ਸ੍ਰੀ ਗੁਰੂ ਤੇਗ਼ ਬਹਾਦਰ: ਜੀਵਨ, ਸ਼ਹਾਦਤ ਤੇ ਫਲਸਫ਼ਾ’ ਅਹਿਮ ਹਨ। ਇਨ੍ਹਾਂ ਲੇਖਾਂ ਵਿਚ ਲੇਖਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਇਤਿਹਾਸਕ ਕ੍ਰਮ ਵਿਚ ਵੇਖਦੇ ਹਨ ਕਿ ਮੁਗ਼ਲ ਕਾਲ ਨਾਲ ਸਿੱਖ ਧਰਮ ਦਾ ਟਕਰਾਅ ਤਾਂ ਬਾਬਾ ਨਾਨਕ ਦੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਹ ਟਕਰਾਅ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਤੇ ਬਾਅਦ ਵਿਚ ਗੁਰੂ ਤੇਗ਼ ਬਹਾਦਰ ਜੀ ਤਕ ਪਹੁੰਚਦਾ ਹੈ।
ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਇਤਿਹਾਸ ਦੀ ਉਹ ਕੜੀ ਹੈ ਜਿਸ ਦੀ ਪਛਾਣ ਸਿੱਖ ਧਰਮ ਦਾ ਗੌਰਵ ਬਣਦੀ ਹੈ। ਮੁਗ਼ਲ ਸਲਤਨਤ ਵੱਲੋਂ ਉਨ੍ਹਾਂ ਦਾ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦੇਣਾ ਅਤੇ ਉਹ ਸੀਸ ਫਿਰ ਭਾਈ ਜੈਤਾ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਸੌਂਪਣਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਜਾਉਣ ਵੇਲੇ ਪੰਜ ਪਿਆਰਿਆਂ ਤੋਂ ਉਨ੍ਹਾਂ ਦੇ ਸੀਸ ਦੀ ਮੰਗ ਕੀਤੀ ਤਾਂ ਇਹ ਸਾਰਾ ਕੁਝ ਹਿੰਦੋਸਤਾਨ ਦੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ। ਪੰਜ ਪਿਆਰਿਆਂ ਵਿਚ ਕੁਰਬਾਨੀ, ਹਿੰਮਤ ਤੇ ਹੌਸਲੇ ਦਾ ਜਜ਼ਬਾ 1675 ਵਿਚ ਹੋਈ ਗੁਰੂ ਸਾਹਿਬ ਦੀ ਸ਼ਹਾਦਤ ਸਦਕਾ ਮਿਲਦਾ ਹੈ। ਇਸੇ ਸ਼ਹਾਦਤ ਦੀ ਵਰਤਮਾਨ ਸਾਰਥਿਕਤਾ ਬਾਰੇ ਬਲਜੀਤ ਸਿੰਘ ਵਿਰਕ ਦਾ ਲੇਖ ਹੈ ਜਿਸ ਵਿਚ ਉਸ ਨੇ ਇਤਿਹਾਸ ਦੇ ਨਾਲ-ਨਾਲ ਸਾਹਿਤਕ ਸੋਮਿਆਂ ਨੂੰ ਆਧਾਰ ਬਣਾਇਆ ਹੈ।
ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਸਰਬਜੀਤ ਸਿੰਘ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦੇ ਇਤਿਹਾਸਕ-ਸਮਾਜਿਕ ਸੰਦਰਭ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਬਾਰੇ ਲਿਖਦੇ ਹਨ। ਉਨ੍ਹਾਂ ਨੇ ਗੁਰੂ ਤੇਗ਼ ਬਹਾਦਰ ਦੀ ਬਾਣੀ ਇਤਿਹਾਸਕ ਤੇ ਸਮਾਜਿਕ ਪਰਿਖੇਪ ਤੋਂ ਸਮਝਦਿਆਂ ਇਸ ਨੂੰ ਸੱਤਾ ਦੇ ਪ੍ਰਤੀਰੋਧ ਦੀ ਸਿਰਜਣਾ ਵਜੋਂ ਲਿਆ ਹੈ ਜੋ ਸੱਤਾ ਦੇ ਹੱਕ ਵਿਚ ਭੁਗਤਣ ਵਾਲੀਆਂ ਸੰਸਥਾਵਾਂ ਦੀ ਸਾਰਥਿਕਤਾ ਉਪਰ ਸੁਆਲ ਖੜ੍ਹੇ ਕਰਦੇ ਹਨ।
ਇਨ੍ਹਾਂ ਪੁਸਤਕਾਂ ਵਿਚ ਗੁਰੂ ਤੇਗ਼ ਬਹਾਦਰ ਬਾਣੀ ਦੇ ਦਾਰਸ਼ਨਿਕ ਪੱਖ ਤੋਂ ਡਾ. ਜਸਬੀਰ ਸਿੰਘ ਸਾਬਰ, ਡਾ. ਮਨਮੋਹਨ, ਡਾ. ਜਗਬੀਰ ਸਿੰਘ ਅਤੇ ਭਾਸ਼ਾਈ ਜੁਗਤਾਂ ਤੇ ਬਣਤਰ ਦੇ ਪੱਖ ਤੋਂ ਡਾ. ਰਜਿੰਦਰ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਬੂਟਾ ਸਿੰਘ ਬਰਾੜ ਦੇ ਲੇਖ ਸ਼ਾਮਲ ਹਨ। ਇਨ੍ਹਾਂ ਲੇਖਾਂ ਵਿਚ ਦਾਰਸ਼ਨਿਕ ਪੱਖ ਤੋਂ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਮਨੁੱਖੀ ਜੀਵਨ ਦੇ ਮੂਲ ਸਰੋਕਾਰਾਂ ਦੇ ਨਿਵੇਕਲੇ ਅਰਥਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਇਹ ਦਰਸ਼ਨ ਅੰਧ-ਵਿਸ਼ਵਾਸ, ਫੋਕਟ ਕਰਮ ਕਾਂਡ ਅਤੇ ਅਤਿਭੋਗੀ ਤੇ ਵਿਕਾਰੀ ਜੀਵਨ ਥਾਂ ਸਮਾਜ ਵਿਚ ਰਹਿੰਦਿਆਂ ਦਇਆ, ਸੰਤੋਖ, ਬੰਦਗੀ ਵਾਲੇ ਜੀਵਨ ਨੂੰ ਸਾਧਨਾ ਮਾਰਗ ਵਜੋਂ ਪੇਸ਼ ਕਰਨਾ ਹੈ। ਗੁਰੂ ਸਾਹਿਬ ਦੀ ਬਾਣੀ ਵਿਚਲੇ ਤਿਆਗ, ਵੈਰਾਗ ਤੇ ਅਨੁਰਾਗ ਵਾਲਾ ਜੀਵਨ ਦਰਸ਼ਨ ‘ਸੰਜੀਵਨੀ ਬੂਟੀ’ ਬਣ ਵਿਸ਼ਵ ਮਾਨਵ ਸਮਾਜ ਨੂੰ ਤਬਾਹੀ ਤੋਂ ਬਚਾ ਸਕਦਾ ਹੈ। ਡਾ. ਢੀਂਗਰਾ ਤੇ ਡਾ. ਬਰਾੜ ਨੇ ਆਪਣੇ ਲੇਖਾਂ ਵਿਚ ਨੌਵੇਂ ਗੁਰੂ ਦੀ ਬਾਣੀ ਦੀਆਂ ਭਾਸ਼ਾਈ ਵਿਸ਼ਸ਼ੇਤਾਵਾਂ ਦੀ ਪਛਾਣ ਕੀਤੀ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਦੀ ਬਾਣੀ ਦੀਆਂ ਰੂਪਾਗਤ ਜੁਗਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਗੁਰੂ ਸਾਹਿਬ ਦੇ ਜੀਵਨ, ਵਿਚਾਰਧਾਰਾ ਤੇ ਬਾਣੀ ਬਾਰੇ ਇਹ ਪੁਸਤਕਾਂ ਅਹਿਮ ਦਸਤਾਵੇਜ਼ ਹਨ।
ਸੰਪਰਕ: 94174-78446