ਹਰਿਭਜਨ ਸਿੰਘ ਭਾਟੀਆ
ਵਿਲੱਖਣ ਪ੍ਰਤਿਭਾ
ਜਗਜੀਤ ਸਿੰਘ ਆਨੰਦ ਦੀ ਸ਼ਖ਼ਸੀਅਤ ਦੀਆਂ ਕਈ ਪਰਤਾਂ ਤੇ ਪਾਸਾਰ ਸਨ। ਕੁਝ ਉਸ ਨੂੰ ਸਿਆਸਤਦਾਨ ਵਜੋਂ ਜਾਣਦੇ ਸਨ, ਕੁਝ ਪੱਤਰਕਾਰ ਵਜੋਂ, ਕੁਝ ਅਨੁਵਾਦਕ ਵਜੋਂ, ਕੁਝ ਦੁਭਾਸ਼ੀਏ ਵਜੋਂ, ਕੁਝ ਪੰਜਾਬੀ ਭਾਸ਼ਾ ਦੇ ਪ੍ਰੇਮੀ ਤੇ ਸਾਧਕ ਵਜੋਂ, ਕੁਝ ਸਾਹਿਤਕਾਰ ਵਜੋਂ, ਕੁਝ ਸਾਹਿਤ ਪੜਚੋਲੀਏ ਵਜੋਂ ਅਤੇ ਕੁਝ ਮਾਨਵੀ ਕਦਰਾਂ-ਕੀਮਤਾਂ ਦੇ ਧਾਰਨੀ ਖ਼ੂਬਸੂਰਤ ਇਨਸਾਨ ਵਜੋਂ। ਕਿਸੇ ਵੀ ਇਕ ਕੋਣ ਜਾਂ ਬਿੰਦੂ ਤੋਂ ਵੇਖਿਆਂ ਉਹ ਸਾਲਮ-ਸਬੂਤਾ ਨਜ਼ਰ ਆਉਂਦਾ ਸੀ। ਅਸਲ ਵਿਚ ਉਸ ਦੇ ਰੁਝੇਵੇਂ ਹੀ ਬਹੁ-ਪੱਖੀ ਸਨ ਅਤੇ ਰੋਜ਼ਮੱਰਾ ਦੇ ਰੁਝੇਵਿਆਂ ਤੋਂ ‘ਬਹੁਤ ਕੁਝ ਵੱਧ’ ਕਰ ਜਾਣਾ ਉਸ ਦਾ ਮਨਭਾਉਂਦਾ ਸ਼ੌਕ ਸੀ। ਉਸ ਦੀ ਪ੍ਰਤਿਭਾ ਦੇ ਵੱਖ-ਵੱਖ ਖੰਡਾਂ ਜਾਂ ਤੱਤਾਂ ਦਾ ਜੋੜ-ਮੇਲ ਹੀ ਉਸ ਨੂੰ ਜਗਜੀਤ ਸਿੰਘ ਆਨੰਦ ਬਣਾਉਂਦਾ ਸੀ। ਉਸ ਨੂੰ ਮੁਹੱਬਤ ਕਰਨ ਵਾਲੇ ਸਾਰੇ ਤਕੱਲੁਫ਼ ਲਾਂਭੇ ਸੁੱਟ ਉਸ ਨੂੰ ‘ਜਗਜੀਤ’ ਕਹਿ ਕੇ ਬੁਲਾਉਂਦੇ ਸਨ, ਕੋਈ ਆਨੰਦ, ਕੋਈ ਜਗਜੀਤ ਸਿੰਘ ਅਤੇ ਕੋਈ ਜਗਜੀਤ ਸਿੰਘ ਆਨੰਦ। ਹਰ ਕੋਈ ਉਸ ਨੂੰ ਆਪਣੇ ਰਿਸ਼ਤੇ ਮੁਤਾਬਿਕ ਸਮਝਦਾ-ਪਛਾਣਦਾ ਸੀ ਅਤੇ ਕਿਸੇ ਇਕ ਵਿਅਕਤੀ ਪਾਸੋਂ ਉਸ ਦੀ ਪ੍ਰਤਿਭਾ ਦੇ ਬਹੁਤ ਸਾਰੇ ਪਾਸਾਰ ਅਣਪਛਾਤੇ ਹੀ ਰਹਿ ਜਾਂਦੇ ਸਨ। ਉਸ ਦੇ ਮਿੱਤਰ ਪਿਆਰਿਆਂ ਵਿਚੋਂ ਕੋਈ ਉਸ ਨੂੰ ਅਮਨ ਲਹਿਰ ਦਾ ਉਸਰੱਈਆ ਆਖਦਾ ਸੀ, ਕੋਈ ਬੋਲੀ ਦਾ ਨਿਵੇਕਲਾ ਉਸਤਾਦ, ਕੋਈ ਸ਼ਬਦ ਚੋਣ ਦਾ ਬਾਦਸ਼ਾਹ; ਕੋਈ ਸ਼ਬਦ, ਸਨੇਹ ਅਤੇ ਸੁਚੱਜ ਦਾ ਸੁਆਮੀ; ਕੋਈ ਰਾਜਨੀਤੀ, ਸਾਹਿਤ ਅਤੇ ਪੱਤਰਕਾਰੀ ਦੀ ਤ੍ਰਿਵੈਣੀ ਆਦਿ ਤਸੱਵਰ ਕਰਦਾ ਸੀ। ਇਹ ਸਭ ਅਸਲ ਵਿਚ ਉਸ ਦੀ ਜੀਵੰਤ ਅਤੇ ਲਗਾਤਾਰ ਹਰਕਤ ਵਿਚ ਰਹਿਣ ਵਾਲੀ ਸ਼ਖ਼ਸੀਅਤ ਦੇ ਹੀ ਵੱਖ-ਵੱਖ ਪੱਖ ਅਤੇ ਪਾਸਾਰ ਸਨ। ਉਹ ਹਰ ਕਾਰਜ ਪੂਰੀ ਰੂਹ ਨਾਲ ਕਰਦਾ ਅਤੇ ਹਰ ਵਰਤਾਰੇ ਨੂੰ ਆਪਣੀ ਨਿਵੇਕਲੀ ਨਜ਼ਰ ਤੇ ਨਜ਼ਰੀਏ ਥਾਣੀਂ ਵੇਖਦਾ ਸੀ। ਜੀਵਨ ਨੂੰ ਸਮਝਣ ਤੇ ਬਦਲਣ ਦੀ ਜ਼ਰੂਰਤ ਉਹ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ ਅਤੇ ਇਸ ਮਕਸਦ ਦੀ ਪੂਰਤੀ ਲਈ ‘ਕਲਮ’ ਉਸ ਲਈ ਸ਼ਕਤੀਸ਼ਾਲੀ ਹਥਿਆਰ ਸੀ। ਕਲਮ ਤੇ ਕਰਮ ਦੀ ਕਲਿੰਗੜੀ ਦਿਖਾਈ ਦਿੰਦੀ ਸੀ ਉਸ ਦੇ ਕਿਰਦਾਰ ਵਿਚ। ਘਸੀ-ਪਿਟੀ ਸੋਚ, ਅੰਧ-ਵਿਸ਼ਵਾਸਾਂ ਅਤੇ ਬੰਧਨਾਂ ਨੂੰ ਤੋੜ ਮਨੁੱਖ ਨੂੰ ਤਰਕਸ਼ੀਲ ਸੋਚ ਦੇ ਲੜ ਲਾਉਣਾ ਤਮਾਮ ਉਮਰ ਉਸ ਦੀ ਜੀਵਨ ਸ਼ੈਲੀ ਦਾ ਹਿੱਸਾ ਰਿਹਾ। ਨਿਰਸੰਦੇਹ, ਉਸ ਦਾ ਜੀਵਨ ਨਜ਼ਰੀਆ ਤਰੱਕੀਪਸੰਦ ਸੀ ਅਤੇ ਉਹ ਆਪਣੀ ਸਾਰੀ ਲੋਅ, ਰੌਸ਼ਨੀ ਜਾਂ ਊਰਜਾ ਮਾਰਕਸਵਾਦੀ-ਲੈਨਿਨਵਾਦੀ ਫਲਸਫ਼ੇ ਪਾਸੋਂ ਹੀ ਹਾਸਿਲ ਕਰਦਾ ਸੀ। ਉਸ ਦੁਆਰਾ ਰਚੀਆਂ ਮੌਲਿਕ ਅਤੇ ਅਨੁਵਾਦਤ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਦੇ ਕਰੀਬ ਅੱਪੜ ਗਈ ਸੀ। ਇਹ ਸਮੁੱਚੀਆਂ ਲਿਖਤਾਂ ਉਸ ਦੀ ਵਿਚਾਰਧਾਰਾ ਦੇ ਸੂਖ਼ਮ ਧਾਗੇ ਵਿਚ ਪਰੁਚੀਆਂ ਦਿਖਾਈ ਦਿੰਦੀਆਂ ਸਨ। ਜਗਜੀਤ ਸਿੰਘ ਆਨੰਦ ਦੁਆਰਾ ਕੀਤੇ ਇਕ ਤਰਜਮੇ ‘ਮਾਰਕਸਵਾਦ-ਲੈਨਿਨਵਾਦ ਦੇ ਮੂਲ ਸਿਧਾਂਤ’ ਥਾਣੀਂ ਗੁਜ਼ਰਨ ਉਪਰੰਤ ਇਸ ਨੂੰ ਆਪਣੀਆਂ ‘ਆਸ਼ਾਵਾਂ ਤੋਂ ਵੀ ਵੱਧ ਕਾਮਯਾਬ’ ਦੱਸਦਿਆਂ ਬਲਰਾਜ ਸਾਹਨੀ ਨੇ ਉਸ ਦੀ ਸਮੁੱਚੀ ਖ਼ਿਦਮਤ ਸਬੰਧੀ ਬੜੀ ਕਾਰਗਰ ਤੇ ਭਰੋਸੇਯੋਗ ਟਿੱਪਣੀ ਕੀਤੀ ਸੀ ਕਿ:
ਤੁਸੀਂ ਆਵੱਸ਼ ਇਹ ਸੰਤੋਖ ਮਨ ਵਿਚ ਰੱਖ ਸਕਦੇ ਹੋ ਕਿ ਤੁਸੀਂ ਇਕ ਐਸੀ ਖ਼ਿਦਮਤ ਅੰਜਾਮ ਦਿੱਤੀ ਹੈ ਜਿਸ ਲਈ ਪੰਜਾਬੀ ਭਾਸ਼ਾ ਅਤੇ ਪੰਜਾਬੀ ਜਨਤਾ ਤੁਹਾਨੂੰ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਯਾਦ ਕਰਿਆ ਕਰੇਗੀ।
ਜਗਜੀਤ ਸਿੰਘ ਆਨੰਦ ਦਾ ਜਨਮ ਮਾਤਾ ਤੇਜਵੰਤ ਕੌਰ ਦੀ ਕੁੱਖੋਂ ਪਿਤਾ ਮਹਿਤਾਬ ਸਿੰਘ (ਹੈੱਡਮਾਸਟਰ) ਦੇ ਘਰ 28 ਦਸੰਬਰ 1921 ਨੂੰ ਤਰਨ ਤਾਰਨ (ਉਦੋਂ ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ। ਦਸਵੀਂ ਜਮਾਤ ਤੱਕ ਦੀ ਵਿੱਦਿਆ ਉਸ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ, ਤਰਨ ਤਾਰਨ ਤੋਂ ਹਾਸਿਲ ਕੀਤੀ ਅਤੇ ਮੁੜ ਉਚੇਰੀ ਸਿੱਖਿਆ ਲਈ ਉਹ ਐਫ.ਸੀ. ਕਾਲਜ, ਲਾਹੌਰ ਅਤੇ ਫਿਰ ਸਿੱਖ ਨੈਸ਼ਨਲ ਕਾਲਜ, ਲਾਹੌਰ ਅੱਪੜ ਗਿਆ। ਉਸ ਨੂੰ ਪ੍ਰਾਪਤ ਘਰੇਲੂ ਵਾਤਾਵਰਣ ਵਿਚੋਂ ਸਿੱਖੀ ਸੰਸਕਾਰ ਤੇ ਧਾਰਮਿਕ ਚੇਤਨਾ, ਪੰਜਾਬੀ ਭਾਸ਼ਾ ਨਾਲ ਲਗਾਓ ਅਤੇ ਅਦਬੀ ਰੁਚੀਆਂ ਹਾਸਿਲ ਹੋਈਆਂ। ਪੰਜਾਬੀ ਜ਼ੁਬਾਨ ਪ੍ਰਤੀ ਘਰੇਲੂ ਵਾਤਾਵਰਣ ਵਿਚ ਇਸ ਹੱਦ ਤੱਕ ਮੋਹ ਤੇ ਸਤਿਕਾਰ ਸੀ ਕਿ, ਉਸ ਦੇ ਕਹਿਣ ਵਾਂਗ, ਅਨਭੋਲ ਹੀ ਉਸ ਦਾ ਪੈਰ ‘ਅਸਲੀ ਤੇ ਕੌਮੀ ਦਰਦ’ ਅਖ਼ਬਾਰ ਉਪਰ ਆਉਣ ਨਾਲ ਉਸ ਨੂੰ ਆਪਣੇ ਪਿਤਾ ਜੀ ਪਾਸੋਂ ਕਰਾਰਾ ਥੱਪੜ ਖਾਣਾ ਪਿਆ ਸੀ। ਚਿਰਾਂ ਪਿੱਛੋਂ ਇਸ ਦਰਦ ਦੀ ਚੀਸ ਨੂੰ ਮਹਿਸੂਸਦਿਆਂ ਉਸ ਆਪਣੀ ਸਾਹਿਤਕ ਸਵੈ-ਜੀਵਨੀ ਦੇ ਮੁੱਢ ਵਿਚ ਇਹ ਦਰਜ ਕੀਤਾ ਸੀ ਕਿ ‘‘ਚਪੇੜ ਏਨੀ ਸਖ਼ਤ ਸੀ ਕਿ ਛੇ-ਸੱਤ ਸਾਲ ਦਾ ਬਾਲ ਉਪਰਲੀ ਵੱਡੀ ਛੱਤ ਤੋਂ ਭੁਆਂਟਣੀ ਖਾ ਕੇ ਨਾਲ ਦੀ ਹੇਠਲੀ ਛੱਤ ਉੱਤੇ ਆਣ ਡਿੱਗਾ, ਜਿਹੜੀ ਚੰਗੇ ਭਾਗਾਂ ਨੂੰ ਮਸਾਂ ਪੰਜ ਕੁ ਫੁੱਟ ਉੱਚੀ ਸੀ ਤੇ ਸੀ ਵੀ ਉਪਰਲੀ ਵਾਂਗ ਹੀ ਕੱਚੀ।’’ ਉਸ ਦੇ ਘਰੇਲੂ ਮਾਹੌਲ ਵਿਚੋਂ ਹੀ ਉਸ ਨੂੰ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਨੂੰ ਮਿਆਰਣ-ਸਤਿਕਾਰਨ ਦੀ ਗੁੜ੍ਹਤੀ ਮਿਲੀ, ਪਰ ਉਸ ਨੇ ਕਿਸੇ ਪ੍ਰਕਾਰ ਦੀ ਧਾਰਮਿਕ ਕੱਟੜਤਾ ਨੂੰ ਲਾਗੇ ਨਾ ਫਟਕਣ ਦਿੱਤਾ। ਘਰ ਵਿਚ ਲਗਾਤਾਰ ਆਉਂਦੇ ਅਖ਼ਬਾਰਾਂ ਤੇ ਰਸਾਲਿਆਂ (ਬਾਲਕ, ਫੁਲਵਾੜੀ, ਪ੍ਰੀਤਮ ਅਤੇ ਕਿਰਤੀ) ਨੇ ਉਸ ਅੰਦਰ ਅਦਬੀ ਰੁਚੀਆਂ ਦੇ ਪਨਪਨ ਤੇ ਵਿਕਸਤ ਹੋਣ ਵਿਚ ਵੱਡੀ ਭੂਮਿਕਾ ਅਦਾ ਕੀਤੀ। ਉਸ ਤੋਂ ਛੇ ਵਰ੍ਹੇ ਵੱਡਾ ਭਰਾ ਪ੍ਰੀਤਮ ਸਿੰਘ ਸਫ਼ੀਰ ਵੀ ਅਦਬੀ ਰੰਗ ਵਿਚ ਰੰਗਿਆ ਹੋਇਆ ਸੀ ਅਤੇ ਘਰ ਵਿਚ ਅਦੀਬਾਂ ਦੀ ਸੰਗਤ ਵੀ ਆਮ ਸੀ। ਉਸ ਅੰਦਰ ਪੰਜਾਬੀ ਬੋਲੀ ਨੂੰ ਹਰ ਪ੍ਰਕਾਰ ਦੀ ਸੰਕੀਰਣਤਾ ਤੋਂ ਮੁਕਤ ਕਰਨ ਅਤੇ ਅਦਬੀ ਲਿਖਤਾਂ ਰਾਹੀਂ ਕਿਰਤੀਆਂ ਤੇ ਕਾਮਿਆਂ ਦੀ ਪੀੜਾ ਨੂੰ ਜ਼ੁਬਾਨ ਦੇਣ ਦਾ ਸੁਪਨਾ ਸੀ। ਕਿਰਤੀ ਰਸਾਲੇ ਵਿਚਲੀ ਤਰੱਕੀਪਸੰਦ ਵਿਚਾਰਧਾਰਾ ਨਾਲ ਜੁੜਨ ਕਰਕੇ ਉਹ ਹਰ ਪ੍ਰਕਾਰ ਦੀ ਕੱਟੜਤਾ ਤੇ ਸੰਕੀਰਣਤਾ ਤੋਂ ਮੁਕਤ ਹੋ ਗਿਆ ਸੀ। ਪ੍ਰਚੱਲਿਤ ਸਮਾਜ-ਸਭਿਆਚਾਰਕ ਵਿਹਾਰ ਵਿਚ ਅਚੇਤ ਹੀ ਬਾਲਪਨ ਧਾਰਮਿਕ ਸੰਸਕਾਰਾਂ, ਬੰਧਨਾਂ ਤੇ ਰੀਤੀ ਰਿਵਾਜਾਂ ਦੀ ਜਕੜ ਵਿਚ ਆ ਜਾਂਦਾ ਹੈ। ਆਨੰਦ ਨੇ ਇਸ ਸਭ ਕੁਝ ਤੋਂ ਫ਼ਾਸਲਾ ਸਾਜਿਆ ਤੇ ਸ਼ੁਰੂ ਤੋਂ ਹੀ ਆਪਣੀ ਸੋਚ ਨੂੰ ਤਰਕਸ਼ੀਲ ਤੇ ਬੌਧਿਕ ਲੀਹਾਂ ਉਪਰ ਤੋਰਨ ਦਾ ਉੱਦਮ ਕੀਤਾ। ਮਸਾਂ ਸਤਾਰਾਂ ਵਰ੍ਹਿਆਂ ਦੀ ਉਮਰ ਵਿਚ ਹੀ ਵਿਦਿਆਰਥੀ ਯੂਨੀਅਨ ਫੈਡਰੇਸ਼ਨ ਦਾ ਲਾਹੌਰ ਵਿਖੇ ਜਨਰਲ ਸਕੱਤਰ ਬਣ ਗਿਆ। ਵੀਹ ਵਰ੍ਹਿਆਂ ਦੀ ਉਮਰ (1941) ਵਿਚ ਉਸ ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ, ਪੰਜਾਬ ਸੂਬਾਈ ਕਮੇਟੀ ਦਾ ਮੈਂਬਰ ਬਣ, ਐਸਾ ਨਾਤਾ ਜੋੜਿਆ ਜਿਹੜਾ ਉਸ ਦੇ ਇਸ ਜਹਾਨ ਨੂੰ ਅਲਵਿਦਾ ਆਖਣ (19 ਜੂਨ 2015) ਤੱਕ ਕਾਇਮ ਰਿਹਾ। 1950 ਤੋਂ ਪਹਿਲਾਂ ਹੀ ਉਸ ਦੀ ਦੋਸਤੀ ਨਵਤੇਜ ਨਾਲ ਪੈ ਗਈ। ਇਹ ਸਬੱਬ ਸਤਰੰਗੀ ਪੀਂਘ ਦੇ ਤਰਜਮੇ ਦੌਰਾਨ ਬਣਿਆ। 21 ਮਾਰਚ 1951 ਵਿਚ ਉਰਮਿਲਾ ਆਨੰਦ ਨਾਲ ਸ਼ਾਦੀ ਮਗਰੋਂ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪਰਿਵਾਰ ਦਾ ਜੀਅ ਬਣ ਗਿਆ। ਇਸ ਪਰਿਵਾਰ ਦੀ ਸੋਚ ਤੇ ਨਜ਼ਰੀਆ ਆਨੰਦ ਦੇ ਅਸਲੋਂ ਮੇਚ ਦਾ ਸੀ ਅਤੇ ਗੁਰਬਚਨ ਸਿੰਘ ਭੁੱਲਰ ਦੇ ਕਹਿਣ ਵਾਂਗ, ‘‘ਜੇ ਉਰਮਿਲਾ ਜੀ ਇਨ੍ਹਾਂ ਦੀ ਜੀਵਨ ਸਾਥਣ ਨਾ ਹੁੰਦੀ ਤਾਂ ਆਨੰਦ ਜੀ ਦੀਆਂ ਪ੍ਰਾਪਤੀਆਂ ਯਕੀਨਨ ਏਨੀਆਂ ਬਹੁ-ਪੱਖੀ ਤੇ ਭਰਪੂਰ ਨਾ ਹੁੰਦੀਆਂ।’’ (‘ਸ਼ਬਦ, ਸਨੇਹ ਅਤੇ ਸੁਚੱਜ ਦਾ ਸੁਆਮੀ’ ਮਜ਼ਮੂਨ ਵਿਚੋਂ)।
ਬਹੁਭਾਸ਼ੀ ਯੋਗਤਾ ਦੇ ਸੁਆਮੀ ਜਗਜੀਤ ਸਿੰਘ ਆਨੰਦ ਪਾਸ ਪੰਜਾਬੀ ਜ਼ੁਬਾਨ ਬੋਲਣ ਤੇ ਲਿਖਣ ਦੀ ਅਸਾਧਾਰਨ ਯੋਗਤਾ ਮੌਜੂਦ ਸੀ। ਪ੍ਰੋ. ਪ੍ਰੀਤਮ ਸਿੰਘ ਉਸ ਨੂੰ ਸ਼ਬਦਾਂ ਦਾ ਜਾਦੂਗਰ ਆਖਣ ਨਾਲੋਂ ‘ਸ਼ਬਦਾਂ ਦਾ ਰਸਿਕ ਸ਼ਿਕਾਰੀ’ ਆਖਣਾ ਵਧੇਰੇ ਪਸੰਦ ਕਰਦਾ ਸੀ। ਇਸੇ ਅਸਾਧਾਰਨ ਭਾਸ਼ਾਈ ਯੋਗਤਾ ਨਾਲ ਉਹ ਰੂਸੀ, ਜਰਮਨ ਅਤੇ ਅੰਗਰੇਜ਼ੀ ਭਾਸ਼ਾ ਤੋਂ ਕੀਤੇ ਪੰਜਾਬੀ ਤਰਜਮਿਆਂ ਵਿਚ ਪੰਜਾਬੀ ਜ਼ੁਬਾਨ ਦੀ ਗੁਣਗੁਣਾਹਟ ਅਤੇ ਪੰਜਾਬੀ ਮਿੱਟੀ ਦੀ ਮਿੱਠੀ ਖ਼ੁਸ਼ਬੂ ਘੋਲ ਦਿੰਦਾ ਸੀ। ਬੋਲੀ ਦੀ ਵਰਤੋਂ ਸਮੇਂ ਉਹ ਇਸ ਦੀ ਮਹਿਕ, ਰਵਾਨੀ, ਮਿਠਾਸ, ਸ਼ਕਤੀ, ਲਿਸ਼ਕ, ਮੁਹਾਵਰੇ ਅਤੇ ਨਿਵੇਕਲੇਪਣ ਨੂੰ ਜ਼ਿੰਦਾ ਰੱਖਣ ਦਾ ਹਾਮੀ ਸੀ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਸਤਾਰ ਲਈ ਇਸ ਦੇ ਉਲਟ ਵਿਚਾਰ ਰੱਖਣ ਵਾਲਿਆਂ ਨਾਲ ਇਸੇ ਲਈ ਉਸ ਦੇ ਤਿੱਖੇ ਮਤਭੇਦ ਸਨ। ਇਸੇ ਮਤਭੇਦ ਵੱਲ ਇਸ਼ਾਰਾ ਕਰਦਿਆਂ ਇਕ ਵਾਰ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ, ‘‘ਮੈਂ ਪੰਜਾਬੀ ਭਾਸ਼ਾ ਦੇ ਵਿਸਤਾਰ ਤੇ ਵਿਕਾਸ ਵਿਚ ਸੰਸਕ੍ਰਿਤਵਾਦੀ ਹਾਂ, ਤੇ ਜਗਜੀਤ ਸਿੰਘ ਆਨੰਦ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸੀ ਜੋ ਇਸ ਝੁਕਾਅ ਨੂੰ ਠੀਕ ਨਹੀਂ ਸਮਝਦੇ ਹਨ!’’ ਉਸ ਦਾ ਭਾਸ਼ਾ ਨੂੰ ਲੋਕ-ਹਿੱਤ ਤੇ ਲੋਕ-ਬੋਲੀ ਦੇ ਨੇੜੇ ਰੱਖਣ ਦਾ ਦ੍ਰਿੜ੍ਹ ਫ਼ੈਸਲਾ ਤੇ ਪੈਂਤੜਾ ਉਸ ਦੀ ਵਿਚਾਰਧਾਰਾ ਦੇ ਵੀ ਅਨੁਕੂਲ ਸੀ ਅਤੇ ਉਸ ਦੁਆਰਾ ਕੀਤੇ ਜਾਂਦੇ ਦੁਭਾਸ਼ੀਏ ਤੇ ਤਰਜਮਾਕਾਰ ਦੇ ਕਾਰਜਾਂ ਲਈ ਵੀ ਬੇਹੱਦ ਮੁਫ਼ੀਦ ਸੀ। ਦੇਸੀ, ਠੇਠ ਅਤੇ ਪੇਂਡੂ ਲਫ਼ਜ਼ਾਂ ਉਪਰ ਉਸ ਦੀ ਏਨੀ ਮੁਹਾਰਤ ਸੀ ਕਿ ਉਹ ਅੰਗਰੇਜ਼ੀ ਵਿਚ ਦਿੱਤੇ ਜਾਂਦੇ ਸਿਆਸੀ ਭਾਸ਼ਣਾਂ ਨੂੰ ਤਤਫਟ ਠੇਠ ਪੰਜਾਬੀ ਮੁਹਾਵਰੇ ਦਾ ਲਬਿਾਸ ਪਹਿਨਾ ਦਿੰਦਾ ਸੀ। ਉਸ ਦੀ ਇਹ ਅਸਾਧਾਰਨ ਯੋਗਤਾ ਵੇਖ ਸਿਆਸੀ ਪਾਰਟੀਆਂ ਵਾਲੇ ਹੀ ਨਹੀਂ, ਆਮ ਲੋਕ ਵੀ ਅਸ਼ ਅਸ਼ ਕਰ ਉੱਠਦੇ ਸਨ। ਇਹ ਠੇਠ ਮੁਹਾਵਰਾ ਉਸ ਲਗਾਤਾਰ ਮਿਹਨਤ ਤੇ ਮੁਸ਼ੱਕਤ ਰਾਹੀਂ ਸਿੱਖਿਆ ਸੀ। ਬੋਲਣ ਤੋਂ ਅੱਗੇ ਲਿਖਣ ਵੇਲੇ ਇਹ ਠੇਠ ਮੁਹਾਵਰਾ ਅਤੇ ਉਸ ਦੁਆਰਾ ਸਿਰਜਿਆ ਮਾਹੌਲ ਨਵੀਂ ਨਕੋਰ ਚਮਕ ਤੇ ਲਿਸ਼ਕ ਹਾਸਿਲ ਕਰ ਲੈਂਦਾ ਸੀ। ਉਸ ਦੋ ਦਰਜਨ ਦੇ ਕਰੀਬ ਰਚਨਾਤਮਿਕ ਅਤੇ ਰਾਜਸੀ ਲਿਖਤਾਂ ਦੇ ਅਨੁਵਾਦ ਕੀਤੇ। ਇਸ ਕਾਰਜ ਵਿਚ ਉਸ ਦਾ ਸਥਾਨ ਗੁਰਬਖ਼ਸ਼ ਸਿੰਘ ਫਰੈਂਕ, ਕਰਨਜੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਦਰਸ਼ਨ ਸਿੰਘ ਅਤੇ ਹਰਿਭਜਨ ਸਿੰਘ ਵਾਂਗ ਮੋਹਰੀਆਂ ਵਾਲਾ ਸੀ। ਉਸ ਦੇ ਕੀਤੇ ਅਨੁਵਾਦਾਂ ਵਿਚ ਸਤਰੰਗੀ ਪੀਂਘ (1944), ਫ਼ਾਂਸੀ ਦੇ ਤਖ਼ਤੇ ਤੋਂ (1949), ਗੇਂਜੀ ਦੀ ਕਹਾਣੀ (1960), ਨਵੀਂ ਧਰਤੀ ਨਵੇਂ ਸਿਆੜ (1961), ਬਘਿਆੜਾਂ ਦੇ ਵੱਸ (1962) ਅਤੇ ਧਰਤੀ ਦਾ ਜਾਇਆ (1972) ਰਚਨਾਵਾਂ ਆਪਣੇ ਠੇਠ ਮੁਹਾਵਰੇ ਅਤੇ ਪੰਜਾਬੀ ਮਿੱਟੀ ਦੀ ਮਹਿਕ ਤੇ ਗੁਣਗੁਣਾਹਟ ਕਰਕੇ ਚੋਖੀਆਂ ਮਕਬੂਲ ਹੋਈਆਂ। ਆਪਣੀ ਸ਼ਬਦ ਚੋਣ, ਵਾਕ ਬਣਤਰ ਅਤੇ ਪੈਰ੍ਹਾ ਵੰਡ ਦੀ ਕਲਾ ਨਿਪੁੰਨਤਾ ਨਾਲ ਉਹ ਕੀਤੇ ਅਨੁਵਾਦ ਵਿਚ ਮੂਲ ਰਚਨਾ ਵਰਗੀ ਮਹਿਕ ਅਤੇ ਰਸ ਪੈਦਾ ਕਰ ਦਿੰਦਾ ਸੀ। ਪਾਤਰਾਂ ਦੇ ਸੁਭਾਅ ਅਤੇ ਸਥਿਤੀ ਮੁਤਾਬਿਕ ਉਹ ਭਾਸ਼ਾ ਨੂੰ ਢਾਲ ਲੈਂਦਾ ਸੀ। ਅਨੁਵਾਦਤ ਰਚਨਾਵਾਂ ਵਿਚ ਮਨੁੱਖੀ ਵਾਯੂਮੰਡਲ ਨੂੰ ਬੰਨ੍ਹਣ ਦੀ ਯੋਗਤਾ ਕਰਕੇ ਡਾ. ਅਤਰ ਸਿੰਘ ਉਸ ਦੀ ਅਨੁਵਾਦ-ਯੋਗਤਾ ਦਾ ਬੇਹੱਦ ਪ੍ਰਸੰਸਕ ਸੀ। ਉਸ ਮੁਤਾਬਿਕ ‘‘ਜਗਜੀਤ ਸਿੰਘ ਆਨੰਦ ਦੇ ਅਨੁਵਾਦਾਂ ਦੀ ਜਿੰਦ ਜਾਨ ਹੀ ਇਹ ਵਾਯੂਮੰਡਲ ਬੰਨ੍ਹਣ ਦੀ ਯੋਗਤਾ ਹੈ। ਕਿਸਾਨ ਪਾਤਰ ਪੰਜਾਬ ਦੇ ਪੇਂਡੂ ਕਿਸਾਨਾਂ ਵਰਗਾ ਵਾਯੂਮੰਡਲ ਪ੍ਰਾਪਤ ਕਰ ਲੈਂਦੇ ਹਨ, ਅਫ਼ਸਰਸ਼ਾਹੀ ਸਾਡੇ ਸਥਾਨਕ ਹਾਕਮਾਂ ਤੇ ਅਫ਼ਸਰਾਂ ਦੀ ਸਕੀ ਪ੍ਰਤੀਤ ਹੁੰਦੀ ਹੈ। ਮਨੁੱਖੀ ਪ੍ਰੇਮ, ਵਾਤਸਲ, ਦ੍ਰਿੜ੍ਹਤਾ ਜਾਂ ਕੁਰਬਾਨੀ ਦੇ ਦ੍ਰਿਸ਼ਾਂ, ਵਰਨਣਾਂ ਜਾਂ ਬਿਰਤਾਂਤਾਂ ਪਿੱਛੋਂ ਇਕ ਬੇ-ਮਲੂਮੀ ਜਿਹੀ ਹਵਾ ਸਥਾਨਕ ਚਿੰਨ੍ਹਾਂ, ਪ੍ਰਤੀਕਾਂ ਦੀ ਸਹਾਇਤਾ ਨਾਲ ਬੱਝੀ ਭਾਸਦੀ ਹੈ। ਇਸ ਵਿਚ ਪਾਠਕ ਨੂੰ ਇਹ ਦ੍ਰਿਸ਼ ਆਪਣੇ ਅਨੁਭਵਾਂ ਨਾਲ ਜੋੜਨੇ ਸੌਖੇ ਹੋ ਜਾਂਦੇ ਹਨ।’’ ਰਚਨਾਤਮਿਕ ਲਿਖਤਾਂ ਤੋਂ ਇਲਾਵਾ ਉਸ ਡੇਢ ਦਰਜਨ ਦੇ ਕਰੀਬ ਮਾਰਕਸਵਾਦੀ ਚਿੰਤਕਾਂ ਅਤੇ ਵਿਚਾਰਧਾਰਾ ਨਾਲ ਸਬੰਧਿਤ ਪੁਸਤਕਾਂ ਜਿਵੇਂ ਕਮਿਊਨਿਸਟ ਪਾਰਟੀ ਦਾ ਇਤਿਹਾਸ (1946), ਫਲਾਸਫੀ ਦੀ ਕੰਗਾਲੀ (1963), ਕਾਰਲ ਮਾਰਕਸ- ਜੀਵਨੀ (1961), ਸੋਸ਼ਲਿਜ਼ਮ ਤੇ ਕਮਿਊਨਿਜ਼ਮ (1964), ਮਾਰਕਸਵਾਦ-ਲੈਨਿਨਵਾਦ ਦੇ ਮੂਲ ਸਿਧਾਂਤ (1963-65) ਆਦਿ ਇਕੋ ਵੇਲੇ ਉਸ ਦੀ ਬੌਧਿਕ ਸਮਰੱਥਾ ਅਤੇ ਅਨੁਵਾਦ-ਯੋਗਤਾ ਦੇ ਜ਼ਾਮਨ ਮੰਨੇ ਜਾ ਸਕਦੇ ਹਨ।
ਜਗਜੀਤ ਸਿੰਘ ਆਨੰਦ ਦੀ ਵਿਰਾਟ ਪ੍ਰਤਿਭਾ ਦੇ ਦੋ ਹੋਰ ਪਹਿਲੂਆਂ ਵਿਚੋਂ ਪਹਿਲੇ ਦਾ ਸਬੰਧ ਪੱਤਰਕਾਰੀ ਨਾਲ ਹੈ ਅਤੇ ਦੂਸਰੇ ਦਾ ਸਾਹਿਤਕਾਰੀ ਨਾਲ। ਕਮਿਊਨਿਸਟ ਵਿਚਾਰਧਾਰਾ ਅਤੇ ਸੈਕੂਲਰ ਸੋਚ ਦਾ ਸਮਰਥਕ ਰੋਜ਼ਾਨਾ ਨਵਾਂ ਜ਼ਮਾਨਾ 1956 ਵਿਚ ਸੋਹਣ ਸਿੰਘ ਜੋਸ਼ ਦੀ ਸੰਪਾਦਕੀ ਹੇਠ ਜਲੰਧਰ ਤੋਂ ਪ੍ਰਕਾਸ਼ਿਤ ਹੋਣਾ ਆਰੰਭ ਹੋਇਆ। ਮਗਰੋਂ ਅੱਧੀ ਸਦੀ ਤੋਂ ਵਧੀਕ ਆਨੰਦ ਇਸ ਰੋਜ਼ਾਨਾ ਅਖ਼ਬਾਰ ਦਾ ਮੁੱਖ ਸੰਪਦਾਕ (1963 ਤੋਂ 2015 ਤੱਕ) ਰਿਹਾ। ਉਹ ਅਤੇ ਉਸ ਦੇ ਸਹਿਯੋਗੀਆਂ ਨੇ ਆਪਣੇ ਵਿਚਾਰਧਾਰਕ ਪੈਂਤੜੇ ਉੱਪਰ ਠੋਸ ਕਦਮ ਟਿਕਾਅ ਕੇ ਕਈ ਨਵੀਆਂ-ਨਰੋਈਆਂ ਅਤੇ ਸਮੇਂ ਦੀਆਂ ਹਾਣੀ ਪਿਰਤਾਂ ਪਾਈਆਂ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਉਸ ਦੀ ਧੜੱਲੇਦਾਰ, ਪਰ ਦਲੀਲ ਭਰਪੂਰ ਸੰਪਾਦਕੀ, ਸੁਚੱਜ ਅਤੇ ਬਲਵਾਨ ਭਾਸ਼ਾ ਸ਼ੈਲੀ ਦਾ ਚੋਖਾ ਕਾਇਲ ਸੀ। ਪੰਜਾਬ ਸਰਕਾਰ ਨੇ 1973 ਵਿਚ ਉਸ ਨੂੰ ‘ਸ਼੍ਰੋਮਣੀ ਪੱਤਰਕਾਰ’ ਵਜੋਂ ਸਨਮਾਨਿਤ ਕੀਤਾ। ਇਸ ਤੋਂ ਪੂਰਵ ਉਹ 1965 ਵਿਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਨਾਲ ਬਿਹਤਰੀਨ ਅਨੁਵਾਦਕ ਵਜੋਂ ਸਨਮਾਨਿਤ ਹੋ ਚੁੱਕਾ ਸੀ।
ਜਗਜੀਤ ਸਿੰਘ ਆਨੰਦ ਦੁਆਰਾ ਪ੍ਰਕਾਸ਼ਿਤ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਦੀ ਗਿਣਤੀ ਡੇਢ ਦਰਜਨ ਦੇ ਕਰੀਬ ਹੈ। ਸੂਝ ਸੰਚਾਰ (1970), ਸੂਝ ਦਾ ਸਫ਼ਰ (1974), ਪੰਜਾਬ ਦੀ ਤ੍ਰਾਸਦੀ (1986), ਚੇਤੇ ਦੀ ਚੰਗੇਰ ’ਚੋਂ (1991), ਕਮਿਊਨਿਸਟ ਲਹਿਰ ਦੇ ਅੰਗ-ਸੰਗ (2008), ਚੇਤਾ ਚੋਗ ਚੁਗੇ (2010) ਆਦਿ ਪੁਸਤਕਾਂ ਖਾਸੀਆਂ ਪੜ੍ਹੀਆਂ ਅਤੇ ਸਰਾਹੀਆਂ ਗਈਆਂ। ਡਾ. ਅਤਰ ਸਿੰਘ ਅਤੇ ਸੁਜਾਨ ਸਿੰਘ ਵਰਗੇ ਦਾਨਿਸ਼ਵਰ ਤੇ ਅਦੀਬ ਗੁਰਮੁੱਖ ਨਿਹਾਲ ਸਿੰਘ, ਜੀ.ਬੀ. ਸਿੰਘ, ਮਾਸਟਰ ਤਾਰਾ ਸਿੰਘ, ਸੋਹਨ ਸਿੰਘ ਜੋਸ਼, ਗਿਆਨੀ ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫ਼ਰ ਅਤੇ ਪ੍ਰੋ. ਰਣਧੀਰ ਸਿੰਘ ਵਰਗੇ ਪ੍ਰਤਿਭਾਵਾਨ ਅਦੀਬਾਂ ਤੇ ਦਾਨਿਸ਼ਵਰਾਂ ਵਾਂਗ ਜਗਜੀਤ ਸਿੰਘ ਆਨੰਦ ਨਾਲ ਵੀ ਇਹ ਗ਼ਿਲਾ ਕਰਦੇ ਅਤੇ ਮਸ਼ਵਰਾ ਦਿੰਦੇ ਸਨ ਕਿ ਜੇਕਰ ਇਨ੍ਹਾਂ ਦੀ ‘‘ਮੂਲ ਸਵੈ ਪ੍ਰਗਟਾਵੇ ਦੀ ਬਿਰਤੀ ਜੇ ਸਾਹਿਤ ਵਿਚ ਸਹਿਜ ਵਿਕਾਸ ਪ੍ਰਾਪਤ ਕਰਦੀ ਤਾਂ ਅਜੋਕੇ ਪੰਜਾਬੀ ਸਾਹਿਤ ਦਾ ਮੂੰਹ ਮੱਥਾ ਬਹੁਤ ਭਿੰਨ ਹੁੰਦਾ।’’ ਹਰਿਭਜਨ ਸਿੰਘ ਦੀ ਕਾਵਿ ਰਚਨਾ ‘ਤਾਰ ਤੁਪਦਾ’ ਦੀ ਪਰਖ-ਜੋਖ ਕਰਕੇ ਉਸ ਨੇ ਆਪਣੀ ਪੜਚੋਲ- ਸਮਰੱਥਾ ਦਾ ਵੀ ਪਰਿਚਯ ਦੇ ਦਿੱਤਾ ਸੀ। ਉਸ ਅੰਦਰ ਸਾਹਿਤ ਸਿਰਜਣ ਅਤੇ ਲਫ਼ਜ਼ਾਂ ਦੇ ਸਾਹ ਸੁਣਨ, ਉਨ੍ਹਾਂ ਦੀ ਲਤਾਫ਼ਤ ਨੂੰ ਪਛਾਣਨ ਅਤੇ ਉਸ ਦੇ ਛੁਪੇ ਭੇਤਾਂ ਨੂੰ ਬੁੱਝਣ ਦੀ ਬੇਪਨਾਹ ਸਮਰੱਥਾ ਸੀ।
ਜਗਜੀਤ ਸਿੰਘ ਆਨੰਦ ਸਤਾਰਾਂ-ਅਠਾਰਾਂ ਸਾਲ ਦੀ ਉਮਰ ਤੋਂ ਸਿਆਸਤ ਵਿਚ ਵੜਿਆ ਆਖ਼ਰੀ ਦਿਨਾਂ ਤੱਕ ਇਸ ਦੇ ਸੰਗ ਸਾਥ ਵਿਚਰਿਆ। ਵੱਖ ਵੱਖ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਇਲਾਵਾ ਉਹ ਰਾਜ ਸਭਾ ਦਾ ਮੈਂਬਰ (1974 ਤੋਂ 1980) ਵੀ ਰਿਹਾ। ਕੇਂਦਰੀ ਲੇਖਕ ਸਭਾ ਨਾਲ ਉਸ ਦੀ ਦੋਸਤੀ ਆਖ਼ਰੀ ਲਮਹਿਆਂ ਤੱਕ ਕਾਇਮ ਰਹੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਨੇਟ ਸਿੰਡੀਕੇਟ ਦਾ ਮੈਂਬਰ ਰਿਹਾ। ਜਿਉਂ ਜਿਉਂ ਉਸ ਦੀ ਸ਼ਖ਼ਸੀਅਤ ਦੀਆਂ ਪਰਤਾਂ ਫਰੋਲੋ ਤਿਉਂ ਤਿਉਂ ਨਵੇਂ ਰੰਗ ਤੇ ਪਾਸਾਰ ਉਜਾਗਰ ਹੁੰਦੇ ਹਨ। ਜੀਵਨ ਵਿਚਲੇ ਤਜਰਬਿਆਂ ਤੇ ਹਾਦਸਿਆਂ ਨਾਲ ਖਹਿਸਰਦੇ ਅਤੇ ਇਸ ਨੂੰ ਮਾਣਦੇ ਹੋਏ ਉਸ ਜੀਵਨ ਦੀ ਕਵਿਤਾ ਦੀ ਖ਼ੂਬਸੂਰਤ ਇਬਾਰਤ ਲਿਖੀ। ਇਸ ਤਹਿਰੀਰ ਤੇ ਤਕਰੀਰ ਦੇ ਅੰਦਰਵਾਰ ਉਤਰਣ ਅਤੇ ਇਸ ਦੀਆਂ ਛੁਪੀਆਂ ਪਰਤਾਂ ਨੂੰ ਪਛਾਣਨ ਦੀ ਅਜੇ ਜ਼ਰੂਰਤ ਹੈ। ਉਸ ਦੀ ਹਿੰਮਤ ਤੇ ਜੁਰੱਅਤ ਵੇਖ ਰਾਹਤ ਇੰਦੌਰੀ ਦਾ ਸ਼ਿਅਰ ਬਦੋਬਦੀ ਜ਼ਿਹਨ ਉੱਪਰ ਸਵਾਰ ਹੋਇਆ ਹੈ:
ਸਫ਼ਰ ਮੇਂ ਮੁਸ਼ਕਲੇਂ ਆਏਂ ਤੋ ਜੁਰੱਅਤ ਔਰ ਬੜਤੀ ਹੈ,
ਕੋਈ ਜਬ ਰਾਸਤਾ ਰੋਕੇ ਤੋਂ ਹਿੰਮਤ ਔਰ ਬੜਤੀ ਹੈ।
* ਪ੍ਰੋਫ਼ੈਸਰ ਤੇ ਸਾਬਕਾ ਮੁਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 98557-19118