ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਭਾਰਤੀ ਖੋਜਕਾਰ’ (ਲੇਖਕ: ਹਰਕ੍ਰਿਸ਼ਨ ਮਾਇਰ; ਕੀਮਤ: 200 ਰੁਪਏ; ਗੋਰਕੀ ਪ੍ਰਕਾਸ਼ਨ, ਲੁਧਿਆਣਾ) ਵਿਚ 27 ਭਾਰਤੀ ਵਿਗਿਆਨੀਆਂ ਦੀ ਜੀਵਨ ਦਾਸਤਾਨ ਹੈ। ਇਹ ਉਹ ਵਿਗਿਆਨੀ ਹਨ ਜੋ ਸਾਰੀ ਉਮਰ ਖੋਜਾਂ ਕਰਦੇ ਰਹੇ। ਮਨੁੱਖਤਾ ਨੂੰ ਸੁੱਖ ਦੇਣ ਲਈ ਜਿਨ੍ਹਾਂ ਨੇ ਵਿਗਿਆਨਕ ਜੁਗਤਾਂ ਰਾਹੀਂ ਮਿਆਰੀ ਖੋਜਾਂ ਕੀਤੀਆਂ। ਹਥਲੀ ਪੁਸਤਕ ਦਾ ਅਧਿਐਨ ਕਰਨ ’ਤੇ ਇਕ ਖ਼ਾਸ ਗੱਲ ਸਾਹਮਣੇ ਆਉਂਦੀ ਹੈ ਕਿ ਵਧੇਰੇ ਵਿਗਿਆਨੀਆਂ ਨੇ ਆਪਣੀ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿਚ ਹਾਸਲ ਕੀਤੀ, ਚਾਹੇ ਉਹ ਕਿਸੇ ਵੀ ਸੂਬੇ ਵਿਚ ਪੈਦਾ ਹੋਏ ਹੋਣ। ਬਨਸਪਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਦੇ ਪਿਤਾ ਡਿਪਟੀ ਮੈਜਿਸਟਰੇਟ ਸਨ। ਉਸ ਦੇ ਪਿਤਾ ਦੀ ਦਿਲੀ ਇੱਛਾ ਸੀ ਕਿ ਜਗਦੀਸ਼ ਚੰਦਰ ਦੀ ਸਿੱਖਿਆ ਮਾਂ ਬੋਲੀ (ਬੰਗਾਲੀ) ਵਿਚ ਹੋਵੇ। ਵਿਦੇਸ਼ੀ ਭਾਸ਼ਾ ਵਿਚ ਸਿੱਖਿਆ ਬਾਅਦ ਵਿਚ ਹਾਸਲ ਕਰੇ।
ਸਾਰੇ ਵਿਗਿਆਨੀਆਂ ਬਾਰੇ ਕਈ ਦਿਲਚਸਪ ਤੱਥ ਮਿਲਦੇ ਹਨ। ਪੀ.ਸੀ. ਰੇਅ ਰਸਾਇਣ ਵਿਗਿਆਨੀ ਸੀ। ਉਹ ਸੱਤ ਭੈਣ ਭਰਾ ਸਨ। ਦਵਾਈਆਂ ਦਾ ਖੋਜੀ ਸੀ। ਕੈਮਿਸਟਰੀ ਵਿਚ ਉਸ ਦੀ ਰੁਚੀ ਸ਼ੁਰੂ ਤੋਂ ਹੀ ਸੀ। ਇਸ ਜੀਵਨੀ ਵਿਚ ਬਹੁਤ ਸਾਰੇ ਰਸਾਇਣਕ ਪਦਾਰਥਾਂ ਦਾ ਜ਼ਿਕਰ ਹੈ ਜੋ ਪੀ.ਸੀ. ਰੇਅ ਨੇ ਖੋਜੇ। ਉਹ ਸਾਰੀ ਉਮਰ ਕੁਆਰਾ ਰਿਹਾ ਤੇ ਬ੍ਰਹਮੋ ਸਮਾਜ ਦਾ ਪੈਰੋਕਾਰ ਸੀ। ਉਸ ਨੇ ਰਾਜਨੀਤੀ ਵਿਚ ਵੀ ਹਿੱਸਾ ਲਿਆ। ਆਪਣੀ ਸਾਰੀ ਤਨਖ਼ਾਹ ਉਹ ਕਲਕੱਤਾ ਯੂਨੀਵਰਸਿਟੀ ਨੂੰ ਦਿੰਦਾ ਰਿਹਾ। ਡਾ. ਰੇਅ ਸਾਧੂ ਸੁਭਾਅ ਵਾਲਾ ਨੇਕਦਿਲ ਇਨਸਾਨ ਸੀ।
ਰੁਚੀ ਰਾਮ ਸਾਹਨੀ ਬਾਰੇ ਲਿਖਿਆ ਹੈ ਕਿ ਉਹ ਪੰਜਾਬ ਵਿਚ ਵਿਗਿਆਨ ਵਿਸ਼ੇ ਦੀ ਸਿੱਖਿਆ ਮਾਂ ਬੋਲੀ ਪੰਜਾਬੀ ਵਿਚ ਦੇਣ ਦਾ ਚਾਹਵਾਨ ਸੀ। ਰੇਡਿਓ ਐਕਟੀਵਿਟੀ ਬਾਰੇ ਉਸ ਦੀ ਖੋਜ ਸੀ। ਕੁਝ ਵਿਗਿਆਨਕ ਪੁਸਤਕਾਂ ਦਾ ਪੰਜਾਬੀ ਅਨੁਵਾਦ ਰੁਚੀ ਰਾਮ ਸਾਹਨੀ ਨੇ ਕੀਤਾ। ਉਸ ਦਾ ਪੁੱਤਰ ਅਸ਼ੋਕ ਸਾਹਨੀ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫੈਸਰ ਰਿਹਾ। ਖੋਜਕਾਰਾਂ ਦੇ ਜੀਵਨ ਤੇ ਖੋਜਾਂ ਦੀ ਵਿਸਥਾਰਤ ਜਾਣਕਾਰੀ ਵਿਚ ਅੰਕੜਾ ਵਿਗਿਆਨੀ ਪ੍ਰਸ਼ਾਂਤ ਚੰਦਰ ਮਹਾਲਨੋਬਿਸ, ਭੌਤਿਕ ਵਿਗਿਆਨੀ ਸੀ.ਵੀ. ਰਮਨ, ਰੇਡੀਓ ਤਰੰਗਾਂ ਦਾ ਖੋਜੀ ਸਿਸਿਰ ਕੁਮਾਰ ਮਿਤਰਾ, ਬਨਸਪਤੀ ਵਿਗਿਆਨ ਦੇ ਕਈ ਪੱਖਾਂ ’ਤੇ ਖੋਜ ਕਰਨ ਵਾਲਾ ਬੀਰਬਲ ਸਾਹਨੀ, ਖਗੋਲ ਵਿਗਿਆਨੀ ਮੇਘਨਾਦ ਸਾਹਾ, ਸਤੇਂਦਰ ਨਾਥ ਬੋਸ (ਨਿਊਕਲਕੀਅਰ ਖੋਜੀ), ਸ਼ਾਂਤੀਸਰੂਪ ਭਟਨਾਗਰ, ਪੰਛੀ ਵਿਗਿਆਨੀ ਸਲੀਮ ਅਲੀ, ਗਣਿਤ ਮਾਹਿਰ ਰਾਮਾਨੁਜਨ, ਚੁੰਬਕ ਬਾਰੇ ਖੋਜ ਕਰਨ ਵਾਲਾ ਸ੍ਰੀਨਿਵਾਸ ਕ੍ਰਿਸ਼ਨਨ ਆਇੰਗਰ, ਭਾਰਤੀ ਸਿੱਖਿਆ ਕਮਿਸ਼ਨ ਦਾ ਚੇਅਰਮੈਨ ਦੌਲਤ ਸਿੰਘ ਕੋਠਾਰੀ, ਪਰਮਾਣੂ ਸ਼ਕਤੀ ਪਲਾਟ ਦਾ ਮੋਢੀ ਹੋਮੀ ਜਹਾਂਗੀਰ ਭਾਬਾ, ਤਾਰਾ ਵਿਗਿਆਨੀ ਸੁਬਰਾਮਨੀਅਮ ਚੰਦਰ ਸ਼ੇਖਰ, ਕਮਲਾ ਸੋਹੋਨੀ (ਵਿਟਾਮਿਨ ਤੇ ਪ੍ਰੋਟੀਨ ਦੀ ਖੋਜੀ), ਮੌਸਮ ਸਬੰਧੀ ਯੰਤਰਾਂ ਦੀ ਖੋਜੀ ਅੰਨਾ ਰਾਣੀ, ਕਾਸਮਿਕ ਕਿਰਨਾਂ ਦੀ ਖੋਜ ਕਰਨ ਵਾਲਾ ਵਿਕਰਮ ਸਾਰਾਭਾਈ, ਸਤੀਸ਼ ਚੰਦਰ ਧਵਨ (ਚੇਅਰਮੈਨ ਇਸਰੋ), ਹਰਗੋਬਿੰਦ ਖੁਰਾਣਾ (ਜੀਨ ਵਿਗਿਆਨੀ), ਰਾਜਾਰਮੰਨਾ (ਪ੍ਰਮਾਣੂ ਬੰਬ ਪਿਤਾਮਾ), ਭਾਰਤੀ ਸਿੱਖਿਆ ਨੂੰ ਨਵੀਂ ਸੇਧ ਦੇਣ ਵਾਲਾ ਵਿਗਿਆਨੀ ਪ੍ਰੋ. ਯਸ਼ਪਾਲ, ਭਾਰਤ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੀਆਂ ਇੰਜਨੀਅਰਿੰਗ ਖੇਤਰ ਦੀਆਂ ਖੋਜਾਂ, ਸੀ.ਐਨ. ਰਾਓ, ਜੈਅੰਤ ਵਿਸ਼ਨੂੰ ਨਾਰਲੀਕਰ, ਸੁਰੇਸ਼ ਰਤਨ (ਅੰਮ੍ਰਿਤਸਰ ਬੁਢਾਪਾ ਤੇ ਉਮਰ ਬਾਰੇ ਖੋਜ) ਵਿਗਿਆਨੀਆਂ ਦੇ ਜੀਵਨ ਦੇ ਕਈ ਪਹਿਲੂ ਪੁਸਤਕ ਵਿਚ ਦਰਜ਼ ਹਨ। ਸਾਰੇ ਵਿਗਿਆਨੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ, ਮਾਣ ਸਨਮਾਨ, ਪਰਿਵਾਰਕ ਜ਼ਿੰਦਗੀ, ਖੋਜ ਸੇਵਾਵਾਂ, ਬਚਪਨ, ਵਿਗਿਆਨ ਸਿੱਖਿਆ ਪ੍ਰਾਪਤੀ ਤੇ ਹੋਰ ਬਹੁਤ ਕੁਝ ਪੁਸਤਕ ਦਾ ਸ਼ਿੰਗਾਰ ਹੈ। ਹਰੇਕ ਵਿਗਿਆਨੀ ਦੀ ਤਸਵੀਰ ਛਾਪੀ ਗਈ ਹੈ। ਭਾਸ਼ਾ ਸਰਲ ਤੇ ਰੌਚਿਕ ਹੈ। ਵਿਗਿਆਨ ਦੇ ਜਗਿਆਸੂ ਪਾਠਕਾਂ, ਵਿਦਿਆਰਥੀਆਂ ਲਈ ਖੋਜਮਈ ਦਿਲਚਸਪ ਪੁਸਤਕ ਹੈ।
ਸੰਪਰਕ: 98148-56160