ਡਾ. ਸਤਨਾਮ ਸਿੰਘ ਜੱਸਲ
ਡਾਕਟਰ ਅਮਰ ਕੋਮਲ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ। ਉਹ ਸਾਹਿਤ ਸਿਰਜਨਾ ਅਤੇ ਸਾਹਿਤ ਆਲੋਚਨਾ ਨਾਲ ਪਿਛਲੀ ਅੱਧੀ ਸਦੀ ਤੋਂ ਜੁੜੇ ਹੋਏ ਹਨ। ਇਸ ਸਰਗਰਮੀ ਅਧੀਨ ਹੀ ਹਥਲੀ ਪੁਸਤਕ ‘ਸਾਕ ਸੁਨੇਹੜੇ’ (ਸੰਪਾਦਕ: ਡਾ.ਅਮਰ ਕੋਮਲ; ਕੀਮਤ: 200 ਰੁਪਏ; ਸੰਗਮ ਪਬਲੀਕੇਸ਼ਨਜ਼, ਸਮਾਣਾ) ਦੀ ਸੰਪਾਦਨਾ ਹੋਈ ਹੈ। ਇਹ ਪੁਸਤਕ ਨਾਟਕਕਾਰ ਸਤਿੰਦਰ ਸਿੰਘ ਨੰਦਾ ਦੇ ਜੀਵਨ ਕਾਲ ਤੇ ਰਚਨਾਵਾਂ ਨਾਲ ਸਬੰਧਿਤ ਹੈ। ਸਤਿੰਦਰ ਸਿੰਘ ਨੰਦਾ ਨੇ ਦੋ ਕਹਾਣੀ ਸੰਗ੍ਰਹਿ, ਦੋ ਨਾਵਲ, ਨੌਂ ਨਾਟਕ, ਦੋ ਨਾਟ-ਸੰਗ੍ਰਹਿ, ਛੇ ਇਕਾਂਗੀ ਸੰਗ੍ਰਹਿ ਆਦਿ ਦੀ ਸਿਰਜਨਾ ਕੀਤੀ ਹੈ। ਸਤਿੰਦਰ ਸਿੰਘ ਨੰਦਾ ਭਾਸ਼ਾ ਵਿਭਾਗ ਪੰਜਾਬ ਦੇ ਪ੍ਰਬੰਧਕੀ ਵਿਭਾਗ ਵਿਚ ਸੇਵਾ ਕਰਦਿਆਂ ਲੇਖਕ ਬਣਿਆ। ਪੰਜਾਬੀ ਸਾਹਿਤਕਾਰਾਂ ਨਾਲ ਸੰਪਰਕ ਹੁੰਦਾ ਰਹਿੰਦਾ ਸੀ। ਸਾਹਿਤ ਸਬੰਧੀ ਵਿਚਾਰ ਵਟਾਂਦਰਿਆਂ ਨੇ ਉਸ ਅੰਦਰਲੇ ਲੇਖਕ ਨੂੰ ਜਗਾਇਆ। ਸਾਕ-ਸੁਨੇਹੜਿਆਂ ਵਿਚ ਨੰਦਾ ਦੇ ਅਧਿਆਪਕਾਂ, ਗੁਰੂਆਂ, ਅਫ਼ਸਰਾਂ, ਦੋਸਤਾਂ-ਮਿੱਤਰਾਂ ਅਤੇ ਜਾਣਕਾਰਾਂ ਨੇ ਉਸ ਦੇ ਆਤਮਕ ਗੁਣਾਂ ਅਥਵਾ ਉਸ ਦੀ ਨਾਟ-ਯੋਗਤਾ ਸਬੰਧੀ ਲਿਖਿਆ ਅਤੇ ਉਸ ਵਿਚੋਂ ਅਨਾਤਮਿਕ ਜਗਤ ਵਿਚ ਨੰਦਾ ਦੀ ਬਣੀ ਪਛਾਣ ਅਤੇ ਸਾਹਿਤ ਪ੍ਰੇਮ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਡਾ. ਅਮਰ ਕੋਮਲ ਨੇ ਇਸ ਪੁਸਤਕ ਦਾ ਸੰਪਾਦਨ ਕਾਰਜ ਕਰਦਿਆਂ ਸਤਿੰਦਰ ਸਿੰਘ ਨੰਦਾ ਬਾਰੇ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਉਸ ਦਾ ਇਹ ਮੰਨਣਾ ਹੈ ਕਿ ਨੰਦਾ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਸ਼ਬਦ ਅਭਿਆਸ ਦੀ ਗੁੜ੍ਹਤੀ ਦੇ ਕੇ, ਸ਼ਬਦ ਸਿੱਖਣ, ਪੂਜਣ ਅਤੇ ਵਰਤਣ ਦੀ ਸੂਝ ਪ੍ਰਦਾਨ ਕੀਤੀ ਹੈ। ‘ਪੰਜਾਬੀ ਦੁਨੀਆ’ ਅਤੇ ‘ਜਨ-ਸਾਹਿਤ’ ਦੀ ਪ੍ਰਕਾਸ਼ਨਾ ਵਿਚ ਉਸ ਨੇ ਬਹੁਤ ਯੋਗਦਾਨ ਪਾਇਆ।
ਸਤਿੰਦਰ ਸਿੰਘ ਨੰਦਾ ਨੇ ‘ਬਕਲਮ-ਖ਼ੁਦ: ਆਪਣੇ ਵੱਲੋਂ ਦੋ ਸ਼ਬਦ’ ਵਿਚ ਅੰਕਿਤ ਕੀਤਾ ਹੈ ਕਿ ਉਸ ਦਾ ਜੀਵਨ ਸੰਘਰਸ਼ਮਈ ਰਿਹਾ ਜਿਸ ਨੇ ਉਸ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਸਿਰਜੇ। ਭਾਸ਼ਾ ਵਿਭਾਗ ਪੰਜਾਬ ਵਿਚ ਪਹਿਲਾਂ ਉਸ ਨੇ ਕਲਰਕੀ ਅਤੇ ਫਿਰ ਖੋਜ-ਸਹਾਇਕ ਦੀ ਸੇਵਾ ਨਿਭਾਉਂਦਿਆਂ ਨਾਵਲ ‘ਦਰਦਮੰਦਾਂ ਦਾ ਹਾਣੀ’ ਸਿਰਜਿਆ ਜੋ ਅਣਗੌਲਿਆ ਰਿਹਾ। ਨਾਵਲ ‘ਜੋਕ ਤੇ ਲੋਕ’ ਲਿਖਿਆ ਤਾਂ ਉਸ ਦਾ ਵਿਰੋਧ ਹੋਇਆ। ਇਸ ਵਿਰੋਧ ਦੇ ਸੰਕਟ ਵਿਚੋਂ ਕਪੂਰ ਸਿੰਘ ਘੁੰਮਣ ਨੇ ਕੱਢਿਆ ਅਤੇ ਨਾਟਕ ਸਿਰਜਣ ਦਾ ਪ੍ਰੇਰਣਾ ਸਰੋਤ ਵੀ ਇਹੀ ਰਿਹਾ ਜਿਸ ਨੇ ਨਾਟਕ ਲਿਖਣ ਦੀਆਂ ਤਕਨੀਕਾਂ ਦੱਸੀਆਂ।
ਹੱਥਲੀ ਪੁਸਤਕ ਦਾ ਪਹਿਲਾ ਭਾਗ ‘ਰੇਖਾ ਚਿੱਤਰ’ ਹੈ ਜਿਸ ਵਿਚ ਪਹਿਲਾ ਨਬਿੰਧ ਕਿਰਪਾਲ ਸਿੰਘ ਕਸੇਲ ਰਚਿਤ ‘ਪੰਜਾਬੀ ਦਾ ਪ੍ਰਤਿਸ਼ਠਿਤ ਸਾਹਿਤਕਾਰ- ਸਤਿੰਦਰ ਸਿੰਘ ਨੰਦਾ’ ਹੈ। ਲੇਖਕ ਨੇ ਇਸ ਨਬਿੰਧ ਵਿਚ ਨੰਦਾ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਦਿਆਂ ਉਸ ਦੀ ਸਾਹਿਤਕ ਪ੍ਰੇਰਨਾ ਦੇ ਸਰੋਤ ਦਰਸਾਇਆ ਹੈ। ਉਹਦੀਆਂ ਪਹਿਲੀਆਂ ਸਾਹਿਤਿਕ ਕ੍ਰਿਤਾਂ ਕਹਾਣੀ ਸੰਗ੍ਰਹਿ ‘ਉਜੜਿਆ ਚਮਨ’ ਅਤੇ ‘ਨਿਹੁੰ ਜ਼ੋਰੀ ਟੁੱਟਦੇ’ ਹਨ। ਨੰਦਾ ਨੇ ਆਪਣੇ ਸਾਹਿਤਕ ਸਫ਼ਰ ਅਤੇ ਵਿੱਦਿਆ ਗ੍ਰਹਿਣ ਕਰਨ ਵਿਚ ਪ੍ਰੋਫ਼ੈਸਰ ਕਸੇਲ ਤੋਂ ਮਾਰਗ ਦਰਸ਼ਨ ਲਿਆ।
ਡਾਕਟਰ ਅਮਰ ਕੋਮਲ ਨੇ ਨਬਿੰਧ ‘ਕਰਮ-ਯੋਗੀ ਸਾਹਿਤਕਾਰ: ਸਤਿੰਦਰ ਸਿੰਘ ਨੰਦਾ’ ਵਿਚ ਲਿਖਿਆ ਹੈ ਕਿ ਨੰਦਾ ਵਿਚ ਨਾ ਫੋਕੀ ਆਕੜ ਹੈ, ਨਾ ਚਟਕ-ਮਟਕ, ਬਲਕਿ ਉਸ ਦਾ ਵਿਅਕਤਿਤੱਵ ਬੰਦ ਹੋਠਾਂ ਵਾਲਾ, ਉਹ ਆਪਣੀ ਸਿਆਣਪ ਨੂੰ ਜੌਹਰੀ ਦੀ ਕਸੌਟੀ ਵਾਂਗ ਸੰਭਾਲ ਕੇ ਰੱਖਦਾ ਹੈ। ਡਾ. ਕੁਲਦੀਪ ਸਿੰਘ ਧੀਰ ਨੇ ਲੇਖ ‘ਆਪਣਾ ਨੰਦਾ …ਨਾਟਕਕਾਰ’ ਵਿਚ ਨੰਦਾ ਦੇ ਜੀਵਨ ਸੰਘਰਸ਼ ਨੂੰ ਚਿਤਰਦਿਆਂ ਲਿਖਿਆ ਹੈ ਕਿ ਨੰਦਾ ਸਿਰਫ਼ ਨਾਟਕਕਾਰ ਹੀ ਨਹੀਂ। ਹੋਰ ਵੀ ਬੜਾ ਕੁਝ ਹੈ। ਕਵੀ, ਕਹਾਣੀਕਾਰ, ਨਾਵਲਕਾਰ ਤੇ ਸੰਪਾਦਕ। ਡਾ. ਐੱਸ. ਤਰਸੇਮ ਨੇ ਨਬਿੰਧ ‘ਪੰਜਾਬੀ ਦਾ ਦੂਜਾ ਬੰਦਾ’ ਵਿਚ ਲਿਖਿਆ ਹੈ ਕਿ ਨੰਦਾ ਪਹਿਲੀ ਮਿਲਣੀ ਵਿਚ ਮੇਰੇ ਲਈ ਅਣਜਾਣ ਸੀ ਪਰ ਜਦੋਂ ਮੈਂ ਉਸ ਕੋਲੋਂ ਤੁਰਿਆਂ ਤਾਂ ਇਉਂ ਲੱਗਿਆ ਜਿਵੇਂ ਅਸੀਂ ਬਹੁਤ ਸਾਲਾਂ ਦੇ ਜਾਣੂ ਹੋਈਏ। ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਆਪਣੇ ਨਬਿੰਧ ‘ਸੁਹਿਰਦ ਕਿਰਦਾਰਾਂ ਦਾ ਸੁਆਮੀ- ਸਤਿੰਦਰ ਸਿੰਘ ਨੰਦਾ’ ਵਿਚ ਲਿਖਦਾ ਹੈ ਕਿ ‘‘ਨੰਦਾ ‘ਕੇਵਲ ਮੇਰਾ ਆਪਣਾ’ ਨਹੀਂ ਸਗੋਂ ਹਰ ਸੁਹਿਰਦ ਵਿਅਕਤੀ ਦੀ ‘ਸੁਹਿਰਦਤਾ’ ਭਰੀ ਅਪਣੱਤ ਦਾ ਪਾਤਰ ਹੈ।’’ ਰਘਬੀਰ ਸਿੰਘ ਭਰਤ ਲੇਖ ‘ਨੰਦਾ ਤੋਂ ਨੰਦਾ ਤਕ’ ਵਿਚ ਨੰਦਾ ਦੀ ਨਾਟਕੀ ਪ੍ਰਤਿਭਾ ਦਾ ਜ਼ਿਕਰ ਕਰਦਾ ਹੈ। ਪ੍ਰੋ. ਐੱਸ. ਸੋਜ਼ ਨੇ ‘ਮੇਰੀ ਬੁੱਕਲ ਦੇ ਵਿਚ ਚੋਰ’ ਲੇਖ ਵਿਚ ਨੰਦਾ ਬਾਰੇ ਟਿੱਪਣੀ ਕੀਤੀ ਹੈ ਕਿ ਈਸ਼ਵਰ ਚੰਦਰ ਨੰਦਾ ਨੇ ਜਿੱਥੇ ਨਾਟਕ ਛੱਡਿਆ, ਉੱਥੋਂ ਕਪੂਰ ਸਿੰਘ ਘੁੰਮਣ ਨੇ ਇਸ ਨੂੰ ਸਾਂਭ ਲਿਆ। ਜਿੱਥੋਂ ਨਾਟਕ ਨੂੰ ਘੁੰਮਣ ਨੇ ਛੱਡਿਆ ਉੱਥੋਂ ਸਤਿੰਦਰ ਸਿੰਘ ਨੰਦਾ ਨੇ ਇਸ ਵਿਰਾਸਤ ਨੂੰ ਆਪਣੀ ਮਿਲਖ ਮੰਨਕੇ ਇਸ ਵਿਚ ਸਮ੍ਰਿਧੀ ਲਈ ਪ੍ਰਯਤਨ ਆਰੰਭ ਦਿੱਤੇ। ਬੀ.ਐੱਸ.ਬੀਰ ਲੇਖ ‘ਸਤਿੰਦਰ ਸਿੰਘ ਨੰਦਾ’ ਵਿਚ ਲਿਖਦਾ ਹੈ ਕਿ ਨੰਦਾ ਕਈ ਵਾਰ ਤਲਖ ਸੱਚਾਈਆਂ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦਾ ਹੈ। ਕਾਰਨ ਉਹ ਆਪਣੇ ਵਿਰੋਧੀਆਂ ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦਾ। ਪਰ ਜੇ ਆਈ ’ਤੇ ਆ ਜਾਵੇ ਤਾਂ ਉਹ ਆਪਣੇ ਰੱਬ ਨੂੰ ਵੀ ਗਲਾਮੇ ਤੋਂ ਫੜ ਲੈਂਦਾ। ਡਾ. ਗੁਰਬਚਨ ਸਿੰਘ ਨੰਦਾ ਆਪਣੇ ਲੇਖ ‘ਖ਼ਰਾ ਬੰਦਾ’ ਵਿਚ ਲਿਖਦਾ ਹੈ ਕਿ ਔਖੇ ਵੇਲੇ ਕਿਸੇ ਦੀ ਮਦਦ ਕਰਨਾ ਨੰਦੇ ਦੇ ਵਿਅਕਤਿਤੱਵ ਦੀ ਪਛਾਣ ਹੈ। ਗੁਰਮੇਲ ਮਡਾਹੜ ਨੇ ਲੇਖ ‘ਭਾਸ਼ਾ ਵਿਭਾਗ ਦਾ ਕਲਪਤਰੂ ਸਤਿੰਦਰ ਸਿੰਘ ਨੰਦਾ’ ਵਿਚ ਲਿਖਿਆ ਕਿ ਜੇਕਰ ਕਿਸੇ ਨੇ ਦਫ਼ਤਰੀ ਕੰਮ-ਕਾਜ ਸਬੰਧੀ ਗੁਣ ਗ੍ਰਹਿਣ ਕਰਨੇ ਹਨ ਤਾਂ ਉਹ ਨੰਦਾ ਤੋਂ ਸਿੱਖੇ। ਉਹ ਦੇ ਮੂੰਹ ਵਿਚ ਪਤਾ ਨਹੀਂ ਕਿੰਨੀ ਮਿਸਰੀ ਸਟੋਰ ਕੀਤੀ ਹੋਈ ਹੈ ਕਿ ਉਸ ਦੇ ਬੋਲਾਂ ਵਿਚ ਹਰ ਵਕਤ ਮਿਸਰੀ ਘੁਲੀ ਹੋਈ ਮਿਲਦੀ ਹੈ। ਦੂਜੇ ਭਾਗ ਵਿਚ ਸਤਿੰਦਰ ਸਿੰਘ ਨੰਦਾ ਦੇ ਨਾਟਕਾਂ ਦਾ ਨਾਟ ਚਿੰਤਨ ਹੈ। ਡਾ. ਸੁਰਜੀਤ ਸਿੰਘ ਖੁਰਮਾ ਅਤੇ ਡਾ. ਈਸ਼ਰ ਸਿੰਘ ਤਾਂਘ ਨੇ ਨੰਦਾ ਦੇ ਨਾਟਕਾਂ ਦਾ ਵਿਸ਼ਲੇਸ਼ਣ ਕੀਤਾ ਹੈ। ਤੀਜੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ‘ਗੁਰਾਂ ਨਾਂ ਦਾ ਜਹਾਜ਼…’ ਲਘੂ ਨਾਟਕ ਹੈ। ਭਾਗ ਚੌਥਾ ਵਿਚ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਨੰਦਾ ਨਾਲ ਕੀਤੀ ਮੁਲਾਕਾਤ ਅਤੇ ਪੰਜਵੇਂ ਭਾਗ ਵਿਚ ਸਤਿੰਦਰ ਸਿੰਘ ਨੰਦਾ ਦਾ ਜੀਵਨ ਵੇਰਵਾ ਹੈ। ਇਹ ਪੁਸਤਕ ਸਤਿੰਦਰ ਸਿੰਘ ਨੰਦਾ ਨੂੰ ਨੇੜਿਉਂ ਜਾਣਨ ਸਮਝਣ ਦਾ ਦਸਤਾਵੇਜ਼ ਅਤੇ ਡਾ. ਅਮਰ ਕੋਮਲ ਦੀ ਅਣਥੱਕ ਮਿਹਨਤ ਦਾ ਪ੍ਰਮਾਣ ਹੈ।