ਰੋਜ਼ ਰੋਜ਼ ਖ਼ਤ ਆਉਂਦੇ, ਦਿਲ ਨੂੰ ਕਦੇ ਨਾ ਭਾਉਂਦੇ,
ਇਕ ਨਹੀਂ ਆਉਂਦਾ, ਜਿਹਦੀ ਨਿਤ ਦੀ ਉਡੀਕ ਹੈ.
– ਸੁਰਜੀਤ ਹਾਂਸ –
ਹੱਥੀਂ ਲਿਖ ਕੇ ਪਾਈ ਤੇ ਰੀਝਾਂ ਨਾਲ਼ ਮਿਲ਼ੀ ਚਿੱਠੀ ਹੁਣ ਕੱਲ੍ਹ ਦੀ ਗੱਲ ਹੋ ਗਈ ਹੈ। ਈਮੇਲ ਤੇ ਮੋਬਾਈਲ ਫ਼ੋਨ ਨੇ ਇਹਨੂੰ ਨਿਗਲ਼ ਲਿਆ ਹੈ। ਤਾਂ ਵੀ ਆਓ ਅੱਜ ਦੀ ਸੰਗਤ ਵਿਚ ਚਿੱਠੀ ਨੂੰ, ਕਾਗਤ ਤੇ ਸਿਆਹੀ ਨੂੰ, ਡਾਕੀਏ ਨੂੰ ਯਾਦ ਕਰੀਏ।
ਚਿੱਠੀ ਦੀ ਜੜ੍ਹ ਸੰਸਕ੍ਰਿਤ ਦੇ ਸ਼ਬਦ ਚਿਟਿ ਵਿਚ ਹੈ, ਜਿਹਦਾ ਅਰਥ ਹੈ: ਭੇਜਣਾ। ਖ਼ਤ ਤੇ ਡਾਇਰੀ ਚ ਕੋਈ ਬਹੁਤਾ ਫ਼ਰਕ ਨਹੀਂ। ਖ਼ਤ ਤੇ ਸ਼ਬਦ ਉਸ ਤਜੁਰਬੇ ਦੇ ਬਹੁਤ ਨੇੜੇ ਹੁੰਦੇ ਹਨ, ਜਿਹਨੂੰ ਅੰਗਰੇਜ਼ੀ ਚ ‘ਰਾਅ’ ਆਖੀਦਾ ਹੈ। ਚਿੱਠੀ ਤੇ ਡਾਇਰੀ ਜ਼ਿੰਦਗੀ ਹੈ ਤੇ ਹੋਰ ਲਿਖਤਾਂ ਫ਼ਿਕਸ਼ਨ ਹੁੰਦੀਆਂ ਹਨ। ਚਿੱਠੀ ਵੀ ਜਿਵੇਂ ਸ਼ੀਸ਼ੇ ਅੱਗੇ ਅਪਣੇ ਆਪ ਨਾਲ਼ ਕੀਤੀ ਗੱਲ ਹੁੰਦੀ ਹੈ। ਚਿੱਠੀ ਵਿਚ ਝਿਜਕ ਘਟ ਜਾਂਦੀ ਹੈ। ਜੋ ਗੱਲ ਕਿਸੇ ਦੇ ਮੁੂੰਹ ’ਤੇ ਜਾਂ ਟੈਲੀਫ਼ੋਨ ਚ ਨਹੀਂ ਆਖੀ ਜਾ ਸਕਦੀ (ਸ਼ਿਕਾਇਤ, ਸ਼ਿਕਵਾ ਜਾਂ ਪਿਆਰ ਦਾ ਇਜ਼ਹਾਰ), ਉਹ ਚਿੱਠੀ ਵਿਚ ਆਖੀ ਜਾ ਸਕਦੀ ਹੈ। ਚਿੱਠੀ ਅਸਲ ਦੇ ਵਧੇਰੇ ਨੇੜੇ ਹੋਣ ਦੀ ਸਨਦ ਹੁੰਦੀ ਹੈ।
ਚਿੱਠੀਆਂ ਉੱਤੇ ਕੇਸਰ ਛਿੜਕ ਕੇ ਅਪਣੇ ਲੋਕ ਵਸਲ ਦਾ ਰੰਗ ਭਰਦੇ ਹੁੰਦੇ ਸਨ। ਖ਼ਤ ਨੂੰ ਤਾਰ ਸਮਝਣ ਦੀ ਤਕੀਦ ਕੀਤੀ ਹੁੰਦੀ ਸੀ। ਅੰਤਿਮ ਵਿਛੋੜੇ ਦਾ ਏਲਾਨ ਚਿੱਠੀ ਦੀ ਕੰਨੀ ਪਾੜ ਕੇ ਕੀਤਾ ਜਾਂਦਾ ਸੀ। ਜੌਨ੍ਹ ਬਰਜਰ ਆਖਦਾ ਹੈ ਕਿ ਸਮਾਂ ਦੋ ਤਰ੍ਹਾਂ ਦਾ ਹੁੰਦਾ ਹੈ, ਜਿਸਮਾਨੀ ਤੇ ਜ਼ਿਹਨੀ। ਜਿਸਮਾਨੀ ਸਮਾਂ ਤਾਂ ਕੁਦਰਤ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ। ਸਰੀਰ ਪੁਰਾਣਾ ਪੈਂਦਾ ਜਾਂਦਾ ਹੈ। ਸਰੀਰ ਮਰਨ ਦੀ ਤਿਆਰੀ ਕਰਦਾ ਰਹਿੰਦਾ ਹੈ। ਮੌਤ ਤੇ ਸਮੇਂ ਦਾ ਹਮੇਸ਼ਾਂ ਗੱਠਜੋੜ ਹੁੰਦਾ ਹੈ। ਸਮਾਂ ਹੌਲ਼ੀ-ਹੌਲ਼ੀ ਮਾਰ ਕਰਦਾ ਹੈ ਤੇ ਮੌਤ ਇਕਦਮ।
ਤੁਰਕੀ ਕਵੀ ਨਾਜ਼ਮ ਹਿਕਮਤ ਨੇ ਅਪਣੀ ਅੱਧੀਉਂ ਵਧ ਉਮਰ ਮਾਸਕੋ ਵਿਚ ਜਲਾਵਤਨੀ ਚ ਗੁਜ਼ਾਰੀ ਸੀ। ਸਵੇਰੇ ਉਠਦਿਆਂ ਇਹਦੀ ਸਾਰੀ ਬਿਰਤੀ ਦਰਾਂ ਨਾਲ਼ ਜੁੜੀ ਰਹਿੰਦੀ। ਡਾਕੀਆ ਘੰਟੀ ਵਜਾਉਂਦਾ, ਇਹ ਧਾੱ ਕੇ ਦਰਾਂ ਵਲ ਜਾਂਦਾ। ਇਕ ਦਿਨ ਸਵੇਰੇ ਘੰਟੀ ਵੱਜੀ। ਇਹ ਦਰਵੱਜੇ ਵਲ ਭੱਜਾ ਗਿਆ। ਕੁੰਡਾ ਖੋਲ੍ਹਣ ਤੋਂ ਪਹਿਲਾਂ ਹੀ ਇਹਦੇ ਦਿਲ ਦਾ ਰੁੱਗ ਭਰਿਆ ਗਿਆ; ਥਾਏਂ ਢੇਰੀ ਹੋ ਗਿਆ ਤੇ ਪ੍ਰਾਣ ਤਿਆਗ ਦਿੱਤੇ। ਉਸ ਮਨਹੂਸ ਦਿਨ ਇਹਨੂੰ ਕਿਹੜੇ ਖ਼ਤ ਆਏ ਹੋਣਗੇ? ਕੀ ਉਹ ਖ਼ਤ ਵੀ ਆਇਆ ਹੋਏਗਾ, ਜਿਹਦੀ ਉਡੀਕ ਇਹ ਜ਼ਿੰਦਗੀ-ਭਰ ਕਰਦਾ ਰਿਹਾ?
– ਅਮਰਜੀਤ ਚੰਦਨ
* * * * * * * * * * * *
ਕਵੀ 1948 ਵਿਚ
ਅੱਜ ਤੇਰਾ ਖ਼ਤ ਮਿਲ਼ਿਆ
ਅੱਜ ਤੇਰਾ ਖ਼ਤ ਮਿਲ਼ਿਆ
ਪਿਆ ਸੁੱਕਿਆਂ ਰੁੱਖਾਂ ਨੂੰ ਬੂਰ
ਅੱਜ ਤੇਰਾ ਖ਼ਤ ਮਿਲ਼ਿਆ
ਹੋਈ ਸੱਖਣੀ ਜਿੰਦ ਭਰਪੂਰ।
ਅੱਜ ਤੇਰਾ ਖ਼ਤ ਮਿਲ਼ਿਆ
ਸਾਡੇ ਗਿਰਦ ਖਿੰਡੀ ਖ਼ੁਸ਼ਬੋ
ਅੱਜ ਤੇਰਾ ਖ਼ਤ ਮਿਲ਼ਿਆ
ਅਸੀਂ ਹੋਰ ਹੋਰ ਗਏ ਹੋ।
ਅੱਜ ਤੇਰਾ ਖ਼ਤ ਮਿਲ਼ਿਆ
ਸਾਡੀ ਆਰਿਆਂ ਦੀ ਭਰ ਗਈ ਰਾਤ
ਅੱਜ ਤੇਰਾ ਖ਼ਤ ਮਿਲ਼ਿਆ
ਸਾਡੇ ਖ਼ਾਬਾਂ ਦੀ ਚੜ੍ਹੀ ਬਰਾਤ।
ਅੱਜ ਤੇਰਾ ਖ਼ਤ ਮਿਲ਼ਿਆ
ਅਸੀਂ ਪੜ੍ਹਿਆ ਸਗਣਾਂ ਨਾਲ਼
ਅੱਜ ਤੇਰਾ ਖ਼ਤ ਮਿਲ਼ਿਆ
ਲਈ ਥੰਮ ਸਮੇਂ ਨੇ ਚਾਲ।
ਅੱਜ ਤੇਰਾ ਖ਼ਤ ਮਿਲ਼ਿਆ
ਵਿਚ ਮਿੱਠੜੇ ਮਿੱਠੜੇ ਬੋਲ
ਅੱਜ ਤੇਰਾ ਖ਼ਤ ਮਿਲ਼ਿਆ
ਅਸੀਂ ਤੱਕੀਏ ਮੁੜ ਮੁੜ ਖੋਲ੍ਹ॥
* * * * * * * * * * * *
ਕਵਿਤਰੀ ਸੰਨ 1950 ਦੇ ਨੇੜੇ
ਖ਼ਤ
ਇਹ ਰਾਤ ਸਾਰੀ, ਤੇਰੇ ਖ਼ਿਆਲਾਂ ’ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ, ਸੱਤੇ ਬਹਿਸ਼ਤਾਂ ਉਸਾਰ ਕੇ।
ਇਹ ਰਾਤ, ਜੀਕਣ ਰਹਿਮਤਾਂ ਦੀ
ਬੱਦਲੀ ਵਰ੍ਹਦੀ ਰਹੀ
ਇਹ ਰਾਤ, ਤੇਰੇ ਵਾਅਦਿਆਂ ਨੂੰ
ਪੂਰਿਆਂ ਕਰਦੀ ਰਹੀ।
ਪੰਛੀਆਂ ਦੀ ਡਾਰ ਬਣ ਕੇ
ਖ਼ਿਆਲ ਕੋਈ ਆਉਂਦੇ ਰਹੇ
ਹੋਠ ਮੇਰੇ, ਸਾਹ ਤੇਰੇ ਦੀ
ਮਹਿਕ ਨੂੰ ਪੀਂਦੇ ਰਹੇ।
ਬਹੁਤ ਉੱਚੀਆਂ ਹਨ ਦੀਵਾਰਾਂ
ਰੋਸ਼ਨੀ ਦਿਸਦੀ ਨਹੀਂ
ਰਾਤ ਸੁਪਨੇ ਖੇਡਦੀ ਹੈ
ਹੋਰ ਕੁਝ ਦਸਦੀ ਨਹੀਂ।
ਹਰ ਮੇਰਾ ਨਗ਼ਮਾ ਜਿਵੇਂ
ਮੈਂ ਖ਼ਤ ਕੋਈ ਲਿਖਦੀ ਰਹੀ
ਹੈਰਾਨ ਹਾਂ, ਇਕ ਸਤਰ ਵੀ
ਤੇਰੇ ਤਕ ਪੁੱਜਦੀ ਨਹੀਂ।
* * * * * * * * * * * *
ਨਾ ਕਵਿਤਾ ਨਾ ਚਿੱਠੀ
ਛੋਟੇ ਜਿਹੇ ਛਿਣ ਲਈ ਮਿਲ਼ੇ ਅਸੀਂ
ਪਹਿਲੀ ਤੇ ਸ਼ਾਇਦ ਆਖ਼ਰੀ ਵਾਰ
ਵਿਛੜ ਗਏ ਕਰਕੇ ਮਾਸੂਮ ਜਿਹੇ ਵਾਅਦੇ
ਮੈਂ ਕਿਹਾ: ਲਿਖਾਂਗਾ ਮੈਂ ਕਵਿਤਾ
ਤੂੰ ਕਿਹਾ: ਉਡੀਕਾਂਗੀ ਮੈਂ
ਲਿਖਿਆ ਤਾਂ ਜਾਪਿਆ
ਕਵਿਤਾ ਨਹੀਂ, ਚਿੱਠੀ ਹੈ
ਸ਼ਬਦ ਨਿਰੇ ਮੁਖ਼ਬਰ ਨੇ
ਜਿਨ੍ਹਾਂ ਰਾਹੀਂ ਅਰਥ ਨਿਰੀ ਤੁਹਮਤ ਬਣ ਜਾਂਦਾ ਹੈ
ਨਿੰਮਾ ਨਿਰਾ ਆਪਾ ਮਹੀਨ ਚਾਨਣ ਚ ਵਲ੍ਹੇਟਿਆ
ਚਾਨਣ ਬੁਝਾ ਦੇਵਾਂ?
ਆਪਾ ਲੁਕਾ ਲਵਾਂ?
ਅਪਣੀ ਹੀ ਕਵਿਤਾ ਤੋਂ ਨਾਬਰ ਹੋ ਜਾਵਾਂ?
ਸੋਚਿਆ ਕਿ ਲਿਖਾਂ ਹੋਰ
ਨਿਰੇ ਸ਼ਬਦ ਅਰਥੋਂ ਵਿਹੂਣੇ
ਅੱਖਰ ਜੋ ਸ਼ਬਦ ਨਾ ਬਣ ਸਕਣ
ਲਿਖਾਂ ਕੋਰਾ ਕਾਗ਼ਜ਼
ਗੁਪਤ ਵੀ ਪ੍ਰਗਟ ਵੀ
ਸਮਝ ਲਏਂਗੀ ਆਪੇ ਜੋ ਚਾਹੁੰਦਾ ਮੈਂ ਕਹਿਣਾ
ਜੋ ਚਾਹੁੰਦੀ ਤੂੰ ਕਿ ਮੈਂ ਤੈਨੂੰ ਕਹਾਂ
ਸ਼ਬਦਾਰਥ ਤਿੜਕੇ ਤਰੇੜੇ
ਅੱਖਰ ਲਿਖਤੋਂ ਨਿਖੇੜੇ
ਸਭ ਕੁਝ ਅੱਧਾ-ਅਧੂਰਾ
ਵਿਛੜਿਆ-ਨਿਖੜਿਆ
ਟੁੁੱਟਾ ਤੇ ਬੁੱਚਾ
ਨਹੀਂ ਨਹੀਂ ਇਹ ਵੀ ਨਹੀਂ
ਸੋਚਦਾਂ ਕਵਿਤਾ ਤੋਂ ਬਾਹਰ ਚਲਾ ਜਾਵਾਂ
ਭੇਜਾਂ ਤੈਨੂੰ ਪੂਰੇ ਦਾ ਪੂਰਾ
ਚੰਨ ਪੂਰਨਮਾਸ਼ੀ ਦਾ
ਪੂਰਾ ਮਹਾਸਾਗਰ ਉੱਬਲ਼ਦਾ-ਉੱਛਲਦਾ
ਪੂਰਾ ਅਦਨ ਬਾਗ਼
ਪੂਰੀ ਲਾਲਸਾ ਸਮੇਤ
ਪੂਰੀ ਖ਼ਾਮੋਸ਼ੀ
ਜੋ ਤੁਹਮਤ ਨਾ ਬਣ ਸਕੇ
* * * * * * * * * * * *
ਖ਼ਤਾਂ ਦੀ ਉਡੀਕ
ਇਸ ਨਗਰੀ ਤੇਰਾ ਜੀਅ ਨਹੀਂ ਲੱਗਦਾ, ਇਕ ਚੜ੍ਹਦੀ ਇਕ ਲਹਿੰਦੀ ਏ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ
ਇਕ ਖ਼ਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ’ਤੇ
ਤੇਰੇ ਵਿਹੜੇ ਬੂਟਾ ਬਣ ਕੇ ਉਗ ਆਵਾਂ ਜੇ ਮੰਨੇਂ ਤੇ
ਇਕ ਖ਼ਤ ਆਵੇ ਮਾਂ-ਜਾਈ ਦਾ ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ ਮੇਰੇ ਬੂਹੇ ਉੱਤੇ ਵੀ
ਇਕ ਖ਼ਤ ਆਵੇ, ਜਿਸ ਤੇ ਹੋਵੇ ਤੇਰਾ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ ਤੇਰੇ ਮਹਾ-ਵਿਕਾਸ ਦਾ ਬੋਲ
ਇਹ ਖ਼ਤ ਆਵਣਗੇ ਤਾਂ ਆਖ਼ਰ ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖ਼ਤ ਨੇ ਐਪਰ ਹੋਰ ਕਿਸੇ ਘਰ ਜਾਵਣਗੇ
ਪਰ ਤੂੰ ਆਸ ਨਾ ਛੱਡੀ ਆਖ਼ਰ ਤੈਨੂੰ ਵੀ ਖ਼ਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖ਼ਰ ਲਿਖ ਲਿਖ ਚਿਠੀਆਂ ਪਾਵੇਗਾ
ਖ਼ਤ ਆਵੇਗਾ ਰਾਤ ਬਰਾਤੇ ਖ਼ਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ ਜਿਹੜੀ ਕੁੱਖੋਂ ਜੰਮੀ ਦਾ
ਖੜ੍ਹਾ ਖੜ੍ਹੋਤਾ ਹਾਲ ਤਾਂ ਪੁੱਛ ਜਾ ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਗੂੰ ਅੰਤ ਨੀ ਹੁੰਦਾ ਕਿਤੇ ਉਦਾਸੀ ਲੰਮੀ ਦਾ
ਖ਼ਤ ਆਵੇਗਾ ਬਹੁਤ ਕੁਵੇਲੇ ਧਰਤੀਓਂ ਲੰਮੀ ਛਾਂ ਦਾ ਖ਼ਤ
ਚੁੱਪ ਦੇ ਸਫਿਆਂ ਉੱਤੇ ਲਿਖਿਆ ਉੱਜੜੀ ਸੁੰਨ ਸਰਾਂ ਦਾ ਖ਼ਤ
ਇਕ ਬੇਨਕਸ਼ ਖ਼ਿਲਾਅ ਦਾ ਲਿਖਿਆ ਤੇਰੇ ਅਸਲੀ ਨਾਂ ਦਾ ਖ਼ਤ
ਲੋਕ ਕਹਿਣਗੇ ਕਬਰ ਦਾ ਖ਼ਤ ਹੈ ਤੂੰ ਆਖੇਗਾ ਮਾਂ ਦਾ ਖ਼ਤ
ਖ਼ਤ ਖੁੱਲ੍ਹੇਗਾ ਖ਼ਤ ਵਿੱਚੋਂ ਇਕ ਹੱਥ ਉੱਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲ਼ੇਗਾ ਬੇਕਿਰਕਾ ਬੇ’ਰਾਮ ਜਿਹਾ
ਤੇਰੇ ਅੰਦਰੋਂ ਚੀਸ ਉੱਠੇਗੀ, ਮਚ ਜਾਊ ਕੁਹਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉਡ ਉਡ ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ ਉੱਠੂ ਦਰਦ ਬੇਨਾਮ ਜਿਹਾ
ਪਰ ਉਸ ਪਿੱਛੋਂ ਤਪਦੀ ਰੂਹ ਨੂੰ ਆ ਜਾਊ ਆਰਾਮ ਜਿਹਾ
ਉਸ ਤੋਂ ਮਗਰੋਂ ਨਾ ਕੋਈ ਨਗਰੀ ਨਾ ਕੋਈ ਸੰਝ ਸਵੇਰਾ ਹੀ
ਨਾ ਕੋਈ ਫੇਰ ਉਡੀਕ ਖ਼ਤਾਂ ਦੀ ਨਾ ਕੋਈ ਤੂੰ ਨਾ ਤੇਰਾ ਜੀ
ਇਸ ਨਗਰੀ ਤੇਰਾ ਜੀ ਨਹੀਂ ਲਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ॥
* * * * * * * * * * * *
ਬਿਨਾਂ ਸਿਰਲੇਖ
ਕਦੇ-ਕਦਾਈਂ ਵਿਚ ਅਖ਼ਬਾਰੀਂ ਗੱਲ ਇਹ ਛਪਦੀ –
ਕਿਸੇ ਦੀ ਪਾਈ ਚਿੱਠੀ ਵੀਹੀਂ ਤੀਹੀਂ ਸਾਲੀਂ ਆਖ਼ਿਰ ਆਣ ਟਿਕਾਣੇ ਲੱਗੀ।
ਦੂਰ ਵਸੇਂਦੇ ਮੇਰੇ ਸੱਜਣਾਂ ਨੇ ਵੀ ਮੈਨੂੰ ਚਿੱਠੀ ਪਾਈ
ਆਖ਼ਿਰੀ ਸਾਹ ਤਕ ਸਾਥ ਨਿਭਾਣ ਦਾ ਵਾਅਦਾ ਕੀਤਾ।
ਉਹ ਚਿੱਠੀ ਰਾਹ ਵਿਚ ਕਿਧਰੇ ਅਟਕ ਗਈ ਹੈ।
ਆਖ਼ਿਰ ਇਕ ਦਿਨ ਆ ਜਾਵੇਗੀ।
ਤਾਂ ਕੀ ਹੋਇਆ ਓਦੋਂ ਨਾ ਲਿਖਤਮ ਨਾ ਪੜਤਮ ਹੋਣਾ।
ਹਉਕੇ ਭਰ ਕੇ ਗੱਲਾਂ ਕਰਨਗੇ ਲੋਕੀਂ ਮਿਲ਼ਕੇ –
ਨੇਕ ਰੂਹਾਂ ਦਾ ਮੇਲ਼ ਨਾ ਹੋਇਆ।
ਭਾਗਾਂ ਵਾਲ਼ੇ, ਕਿਸੇ ਨੇ ਕਿਸੇ ਨੂੰ ਯਾਦ ਤਾਂ ਕੀਤਾ…
ਮੇਰੀ ਪਾਠਣ
ਮੇਰੀ ਪਾਠਣ
ਕੰਬਦੀ ਕਾਨੀ ਲਿਖਿਆ ਮੇਰਾ
ਬਹਿ ਪਿਛਵਾੜੇ ਵਾਚੇ
ਹਿੱਲਦਾ ਧੁੱਪ ਦਾ ਪਰਛਾਵਾਂ ਕਾਗ਼ਜ਼ ਉੱਤੇ
ਝੋਲ਼ੀ ਰੱਖਿਆ
ਸਾਹ ਰੋਕ ਕੇ
ਇਕਲਵਾਂਝੇ
ਅੱਖੀਆਂ ਮੁੰਦ ਫਿਰ
ਡੂੰਘੇ ਡੂੰਘੇ ਸਾਹ ਭਰਦੀ ਹੈ
ਸੱਜਾ ਹੱਥ ਪੇਟ ਦੇ ਉੱਤੇ ਰੁਕਿਆ
ਮੁਸਕਾਂਦੀ ਹਉਕਾ ਭਰਦੀ
ਦਿੰਦਾ ‘ਦੀਦ ਗਵਾਹੀ ਅੰਜੀਰ ਦਾ ਰੁੱਖੜਾ
ਕਹਾਂ ਰੇ ਪਾਯੋ ਐਸੋ ਪਾਠਕ
ਏਕਲ ਪੰਛੀ ਉੜਦਾ ਸੋਚੇ
ਮੇਰੀ ਪਾਠਣ
ਮੇਰੀ ਰਾਠਣ
ਕੰਬਦੀ ਕਾਨੀ ਲਿਖਿਆ ਮੇਰਾ
ਬਹਿ ਪਿਛਵਾੜੇ ਵਾਚੇ
* * * * * * * * * * * *
ਚਿੱਠੀਆਂ
(ਅਕਰਮ ਵੜੈਚ ਦੇ ਸਾਂਭੇ ਲਿਫ਼ਾਫ਼ੇ ਦੀ ਤਸਵੀਰ ਵੇਖਣ ਬਾਦੋਂ)
ਇਨ੍ਹਾਂ ਲਫ਼ਾਫਿਆਂ ਨੂੰ ਕਿਉਂ ਸਾਂਭੀ ਫਿਰਨਾ ਐਂ
ਇਨ੍ਹਾਂ ਵਿਚ ਤੇ ਉਹ ਖ਼ਤ ਸਨ
ਜਿਹੜੇ ਤੈਨੂੰ ਵਾਪਸ ਬਲਾਉਣ ਲਈ ਲਿਖੇ ਗਏ
ਤੂੰ ਤੇ ਆ ਚੁੱਕਿਆ ਐਂ
ਕਦੋਂ ਦਾ
ਤੇ ਫੇਰ ਕਿਉਂ ਸਾਂਭੀ ਫਿਰਨਾ ਐਂ
ਇਨ੍ਹਾਂ ਚਿੱਠੀਆਂ ਨੂੰ
ਕੀ ਤੈਨੂੰ ਆਪਣੇ ਆਉਣ ਦਾ ਪੱਕ ਨਹੀਂ
ਯਾ ਫੇਰ ਇਸ ਲਈ ਜੇ ਤੈਨੂੰ ਯਾਦ ਰ੍ਹਵੇ
ਜੇ ਕਦੇ ਇਨ੍ਹਾਂ ਬੁਲਾਇਆ ਸੀ ਤੈਨੂੰ
ਬੜੀਆਂ ਹੀ ਚਾਵਾਂ ਨਾਲ਼
ਪਰ ਹੁਣ ਤੇ ਬੂਹੇ ਬੰਦ ਨੇ
ਹਮਾਤੜਾਂ ਲਈ
ਤੇ ਖ਼ਬਰੇ ਤੇਰੇ ਲਈ ਵੀ
ਪਰ ਤੂੰ ਤੇ ਜਾ ਹੀ ਸਕਦਾ ਹੋਣਾ ਐਂ
ਕਦੀ-ਕਦਾਈਂ
ਭਾਵੇਂ ਸੀਨੇ ’ਤੇ ਸਿਲ਼ ਧਰ ਕੇ
ਵੇ ਵੱਡੀ ਚੌਧਰਾਣੀ ਦਿਆ
ਵੱਡਿਆ ਪੁੱਤਰਾ!
ਪਰ ਅੱਖਾਂ ਅਜੇ ਵੀ ਜਾਗਦੀਆਂ ਨੇ
ਝਨਾਂਵਾਂ ਪਾਰ
ਇਸ ਕਿੱਕਰੀਆਂ ਵਾਲ਼ੇ ਕਬਰਸਤਾਨ ਵਿਚ
ਜਿਥੋਂ ਆਉਂਦੀ ਨਿਮੀ ਨਿਮੀ ਵਾਅ
ਲੰਘ ਜਾਂਦੀ ਏ
ਤੋੜ ਬੰਦ ਬੂਹਿਆਂ ਵਿੱਚੋਂ
ਉਦੋਂ ਜਦੋਂ ਕਦਾਈਂ ਕੋਈ ਹਮਾਤੜ ਬੂਹਾ ਭੰਨਦਾ ਏ
ਦਾਦ ਫ਼ਰਿਆਦ ਲਈ
ਯਾ ਫਿਰ ਉਦੋਂ
ਜਦੋਂ ਕਿਧਰੇ ਤੂੰ ਫੇਰਾ ਪਾਉਣਾ ਏ
ਪਿਛਾਂਹ
ਵੇ ਨਿਤ ਪਰਦੇਸਾਂ ਦਿਆ ਸ਼ੌਕੀਆ
* * * * * * * * * * * *
ਉਹ ਖ਼ਤ
ਕਿਥੇ ਹੋਣਗੇ ਉਹ ਖ਼ਤ
ਜੋ ਕਹਿਰ ਦੀਆਂ ਰਾਤਾਂ ’ਚ
ਲਿਖ-ਲਿਖ ਪਾਏ
ਜਿਨ੍ਹਾਂ ਦੇ ਜਵਾਬ
ਅੱਜ ਤਕ ਨਹੀਂ ਆਏ
ਬਾਰਾਂ ਸਫ਼ਿਆਂ ਦਾ ਖ਼ਤ
ਉਸ ਜਿਰਾਫ਼ ਵਰਗੇ ਮੁੰਡੇ ਨੂੰ ਸੀ ਪਾਇਆ
ਜੋ ਰਾਤ ਦੇਰ ਤਕ ਉਸ ਨਾਲ
ਇੱਕੋ ਸਾਹੇ ਬ੍ਰਹਮਚਰਯ ਤੇ
ਡੀ. ਐੱਚ. ਲਾਰੇਂਸ ਦੀਆਂ ਗੱਲਾਂ ਕਰਦਾ
ਪਰ ਛੁਹ ਦੀ ਮਰਹਮ ਲਾਣ ਤੋਂ ਡਰਦਾ
ਉਸ ਤੋਂ ਬਾਅਦ ਕਿੰਨੇ ਹੀ ਖ਼ਤ
ਕੁਝ ਨਰਮ ਕੁਝ ਸਖ਼ਤ
ਇਕ ਵਿਚ ਹੁੰਦਾ ਕੋਈ ਮਿੱਠਾ ਸੰਦੇਸ਼
ਦੂਜੇ ਵਿਚ ਮੇਰੀਆਂ ਕਿਤਾਬਾਂ ਵਾਪਸ
ਕਰਨ ਦਾ ਰੁੱਖਾ ਜਿਹਾ ਆਦੇਸ਼
ਕਦੇ ਹੁੰਦਾਂ ਬਸ਼ੀਰ ਬਦਰ ਦੀ
ਕਿਸੇ ਗ਼ਜ਼ਲ ਦਾ ਹਵਾਲਾ
ਕਦੇ ਅਪਣੀ ਜ਼ਿੰਦਗੀ ਤੋਂ
ਬਸ ਦੇਸ਼-ਨਿਕਾਲਾ
ਅੱਡ-ਅੱਡ ਸਿਰਨਾਵਿਆਂ ’ਤੇ
ਕਹਿਰ ਦੀਆਂ ਰਾਤਾਂ ਚ
ਖ਼ਤ ਲਿਖ-ਲਿਖ ਮੈਂ ਤਾਂ
ਅਪਣੇ ਆਪ ਨੂੰ ਸਨ ਪਾਏ
ਜਵਾਬ ਕੀ ਆਉਣੇ ਸਨ
ਜਵਾਬ ਨਹੀਂ ਆਏ
ਪੋਸਟ ਆਫ਼ਿਸ
ਕੱਲ੍ਹ ਸਕੂਲ ਸਾਨੂੰ ਬਾਜ਼ਾਰ ਲੈ ਗਿਆ
ਉਥੇ ਪੋਸਟ ਆਫ਼ਿਸ ਸੀ
ਨਾਨੀ ਪੋਸਟ ਆਫ਼ਿਸ ਕੀ ਹੁੰਦਾ ਹੈ?
ਉਹ ਮੈਨੂੰ ਪੁੱਛਦੀ ਹੈ
ਨਰਸਰੀ ਸਕੂਲ ਦੀ ਚਾਰ-ਸਾਲਾ ਬੱਚੀ
ਬਾਜ਼ਾਰ ਤੇ ਜਾਣਦੀ ਹੈ
ਪਰ ਪੋਸਟ ਆਫ਼ਿਸ ਦਾ ਪਤਾ ਨਹੀਂ
ਉਸਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹਾਂ
ਤਾਂ ਕਈ ਯਾਦਾਂ ਮੇਰੇ ਖ਼ਿਆਲਾਂ ਨੂੰ
ਪਲੋਸਦਿਆਂ ਨੇ ਤੇ ਮੈਨੂੰ ਕੋਈ ਗੀਤ ਸੁਣਾਈ ਦਿੰਦਾ ਹੈ
‘ਤੈਨੂੰ ਦਿਆਂਗੀ ਪੰਜ ਪਤਾਸੇ
ਵੇ ਮੁਣਸ਼ੀ ਖ਼ਤ ਲਿਖ ਦੇ’
ਫਿਰ ਮੈਂ ਅੰਗਰੇਜ਼ਾਂ ਦੇ ਵੇਲੇ ਬਣੀ
ਲਾਹੌਰ ਪੋਸਟ ਆਫ਼ਿਸ ਦੀ ਇਮਾਰਤ
ਸਾਹਮਣੇ ਖੜ੍ਹੀ ਹੋ ਜਾਂਦੀ ਹਾਂ ਤੇ
ਮੇਰੀ ਪਾਕਿਸਤਾਨੀ ਸਹੇਲੀ ਮੈਨੂੰ
ਛੇੜਦੀ ਹੈ ‘ਤੁਹਾਡਾ ਮਸ਼ਹੂਰ ਸਰਦਾਰ
ਕਹਾਣੀਕਾਰ ਐਥੇ 9 ਤੋਂ 5 ਲਿਫ਼ਾਫ਼ਿਆਂ
’ਤੇ ਮੋਹਰਾਂ ਲਾਉਂਦਾ ਹੁੰਦਾ ਸੀ!’
ਫਿਰ ਚੇਤੇ ਆਉਂਦਾ ਹੈ
ਖ਼ਾਕੀ ਵਰਦੀ ਵਾਲ਼ਾ ਹੱਸਮੁਖ ਡਾਕੀਆ
ਜੋ ਹਰ ਮਹੀਨੇ ਮਾਂ ਨੂੰ ਪੁੱਤਰਾਂ ਦੇ ਭੇਜੇ
ਮਨੀਆਰਡਰ ਦੇ ਜਾਂਦਾ
ਚਾਹ ਦੀਆਂ ਚੁਸਕੀਆਂ ਲੈ
ਮਾਂ ਤੋਂ ਸੁੱਖ-ਸਾਂਦ ਪੁੱਛਦਾ ਤੇ
ਨਿੱਕਾ-ਜਿਹਾ ਇਨਾਮ ਤੇ ਵੱਡੀਆਂ ਦੁਆਵਾਂ
ਲੈ ਦੂਜੇ ਘਰ ਨੂੰ ਤੁਰ ਜਾਂਦਾ
ਮੇਰੀ ਚੁੱਪੀ ਤੋਂ ਬੋਰ ਹੋ ਬੱਚੀ ਕਹਿੰਦੀ ਹੈ:
ਉਥੇ ਇਕ ਲੈਟਰ-ਬਾਕਸ ਵੀ ਸੀ
ਨਾਨੀ ਲੈਟਰ-ਬਾਕਸ ਕੀ ਹੁੰਦਾ ਹੈ?
ਮੈਂ ਫਿਰ ਬੋਲਣ ਲੱਗ ਪੈਂਦੀ ਹਾਂ:
ਬਹੁਤ ਸਾਲ ਪਹਿਲਾਂ ਤੇਰੀ ਨਾਨੀ
ਲੰਮੇ ਖ਼ਤ ਲਿਖਦੀ ਸੀ
ਸੋਹਣੇ ਮੁੰਡਿਆਂ ਨੂੰ
ਫਿਰ ਲੈਟਰ-ਬਾਕਸ ਵਿਚ ਰੱਖ
ਲੰਮੀ ਉਡੀਕ ਕਰਦੀ
ਜਵਾਬ ਆਉਣ ਦੀ
ਇਕ ਵਾਰ ਤਾਂ ਤੇਰੀ ਨਾਨੀ
ਦੁਨੀਆ ਦਾ ਸਭ ਤੋਂ ਲੰਮਾ ਖ਼ਤ
ਲਿਖਣਾ ਚਾਹੁੰਦੀ ਸੀ
ਕਿਸੇ ਖ਼ਾਸ ਮੁੰਡੇ ਨੂੰ
ਪਰ ਸ਼ਾਇਦ ਲਿਖਦੇ-ਲਿਖਦੇ
ਉਹ ਥੱਕ ਜਿਹੀ ਗਈ
ਬੁੱਢੀ ਦੀਆਂ ਊਲ-ਜਲੂਲ ਗੱਲਾਂ ਤੋਂ
ਉਕਤਾ ਅਪਣੀ ਮਾਂ ਦੇ ਮੋਬਾਈਲ
’ਤੇ ਯੂ-ਟੀਊਬ ਲਗਾਂਦੀ ਹੈ
ਤੇ ਫਿਰ ਨੱਚਣ ਲੱਗ ਜਾਂਦੀ ਹੈ
ਇਸ ਗਾਣੇ ’ਤੇ:
‘ਸਈਆਂ ਜੀ ਸੇ ਆਜ ਮੈਂ ਨੇ ਬ੍ਰੇਕ-ਅਪ ਕਰ ਲੀਯਾ!’
* * * * * * * * * * * *