ਮਲਵਿੰਦਰ
ਮੈਂ ਪਹਿਲੀ ਵਾਰ ਵਾਰਤਕ ਲਿਖੀ ਤਾਂ ਚੰਗੀ ਵਾਰਤਕ ਲਿਖਣ ਦਾ ਕੋਈ ਗੁਰ ਨਹੀਂ ਸੀ ਸਿੱਖਿਆ। ਪਹਿਲਾਂ ਇਕ ਵਧੀਆ ਲੇਖਕ ਦੀ ਵਾਰਤਕ ਪੜ੍ਹਦਿਆਂ ਪ੍ਰਭਾਵਿਤ ਹੁੰਦਾ ਸਾਂ। ਇਹ ਵਾਰਤਕ ਮੇਰੇ ਅੰਦਰ ਲਹਿੰਦੀ ਜਾਂਦੀ ਸੀ। ਕਈ ਹੋਰ ਚੰਗੇ ਲੇਖਕਾਂ ਦੀ ਵਾਰਤਕ ਪੜ੍ਹੀ ਤਾਂ ਕਵਿਤਾ ਦੇ ਨਾਲ-ਨਾਲ ਵਾਰਤਕ ਲਿਖਣ ਦੀ ਕੋਸ਼ਿਸ਼ ਵੀ ਕਰਨ ਲੱਗਾ। ਇਕ ਵਾਰ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਇਕ ਲੇਖਕ ਨੇ ਦੱਸਿਆ ਕਿ ਵਾਰਤਕ ਲਿਖਣੀ ਗ਼ਜ਼ਲ ਲਿਖਣ ਨਾਲੋਂ ਵੀ ਮੁਸ਼ਕਲ ਹੈ। ਹੈਰਾਨੀ ਤਾਂ ਹੋਈ ਪਰ ਉਨ੍ਹਾਂ ਆਪਣੀ ਗੱਲ ਦੀ ਪੁਸ਼ਟੀ ਲਈ ਇਕ ਹੀ ਵਾਕ ਨੂੰ ਵੱਖ-ਵੱਖ ਤਰ੍ਹਾਂ ਬੋਲ ਕੇ ਸਮਝਾਇਆ ਕਿ ਕਿਹੜੇ ਨੁਕਤਿਆਂ ਕਰਕੇ ਵਾਕ ਦੀ ਕਿਸ ਬਣਤਰ ਨੂੰ ਚੁਣਿਆ। ਵਾਰਤਕ ਬਾਰੇ ਸੋਚਦਿਆਂ ਮੈਨੂੰ ਆਪਣੇ ਪਿੰਡ ਦੇ ਕੁਝ ਬਜ਼ੁਰਗ ਯਾਦ ਆਏ ਜਿਹੜੇ ਬੋਲਣ ਲੱਗੇ ਸਰੋਤਿਆਂ ਨੂੰ ਬੰਨ੍ਹ ਕੇ ਬਿਠਾ ਲੈਂਦੇ ਸਨ। ਉਨ੍ਹਾਂ ਦੇ ਸ਼ਬਦਾਂ ਦੀ ਚੋਣ, ਬੋਲਣ ਦਾ ਲਹਿਜਾ ਅਤੇ ਭਾਸ਼ਾ ਦੀ ਸਾਦਗੀ ਚੰਗੀ ਵਾਰਤਕ ਦਾ ਨਮੂਨਾ ਪੇਸ਼ ਕਰਦੇ ਸਨ। ਚੰਗੀ ਵਾਰਤਕ ਕੀ ਹੁੰਦੀ ਹੈ, ਇਸ ਬਾਰੇ ਮੈਂ ਕੋਈ ਨਿਰਣਾ ਦੇ ਸਕਾਂ, ਹਾਸੋ-ਹੀਣੀ ਗੱਲ ਹੋਵੇਗੀ। ਹਾਂ, ਇਕ ਗੱਲ ਜ਼ਰੂਰ ਹੈ ਕਿ ਚੰਗੀ ਵਾਰਤਕ ਪੜ੍ਹਦਿਆਂ ਮੇਰੇ ਅੰਦਰ ਵਾਰਤਕ ਦਾ ਇਕ ਮੁਹਾਵਰਾ ਸਥਾਪਿਤ ਹੋ ਗਿਆ ਸੀ। ਮੈਂ ਬਤੌਰ ਅਧਿਆਪਕ ਸੇਵਾਮੁਕਤ ਹੋਇਆ ਹਾਂ। ਨੌਕਰੀ ਕਰਦਿਆਂ ਜਦ ਕੋਈ ਸਾਥੀ ਸੇਵਾਮੁਕਤ ਹੁੰਦਾ ਤਾਂ ਮੇਰੀ ਡਿਊਟੀ ਉਸ ਦਾ ਪ੍ਰਸ਼ੰਸਾ ਪੱਤਰ ਲਿਖਣ ਦੀ ਹੁੰਦੀ। ਅਜਿਹੇ ਪ੍ਰਸ਼ੰਸਾ ਪੱਤਰ ਜਦ ਮੈਂ ਪੜ੍ਹਦਾ ਤਾਂ ਹੈਰਾਨ ਹੁੰਦਾ। ਹੈਰਾਨ ਹੋਣਾ ਆਪਣੇ ਅੰਦਰ ਸੁੱਤੀ ਭਾਸ਼ਾ ਦਾ ਜਾਗਣਾ ਹੁੰਦਾ। ਹੈਰਾਨ ਹੋਣਾ ਸਮਝ ਆਉਣਾ ਹੁੰਦਾ। ਹੈਰਾਨ ਹੋਣਾ ਆਪਣੀ ਪ੍ਰਤਿਭਾ ਨੂੰ ਪਛਾਣਨਾ ਹੁੰਦਾ। ਇੰਝ ਫਿਰ ਛੋਟੇ ਛੋਟੇ ਲੇਖ ਲਿਖ ਕੇ ਅਖ਼ਬਾਰਾਂ ਨੂੰ ਭੇਜਣ ਲੱਗਿਆ ਜੋ ਛਪਣ ’ਤੇ ਮੈਂ ਬਾਗੋ-ਬਾਗ ਹੋ ਜਾਂਦਾ। ਇਹ ਆਪਣੇ ਆਪ ਨੂੰ ਸ਼ਾਬਾਸ਼ੀ ਦੇਣ ਵਾਂਗ ਹੁੰਦਾ। ਕਈ ਵਾਰ ਤਾਂ ਪੂਰੇ ਪੰਜਾਬ ਵਿਚੋਂ ਅਤੇ ਬਾਹਰੋਂ ਵੀ ਟੈਲੀਫ਼ੋਨ ਆਉਂਦੇ। ਮੇਰੇ ਲੇਖ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾਂਦੀ। ਪ੍ਰਸੰਸਾ ਲੇਖਕ ਨੂੰ ਹੋਰ ਜ਼ਿਆਦਾ ਅਤੇ ਹੋਰ ਵਧੀਆ ਲਿਖਣ ਲਈ ਪ੍ਰੇਰਦੀ ਹੈ। ਵਾਰਤਕ ਲਿਖਦਿਆਂ ਕਈ ਗੱਲਾਂ ਦੀ ਸਮਝ ਪਈ। ਉਨ੍ਹਾਂ ਵਿਚ ਇਕ ਤਾਂ ਇਹ ਹੈ ਕਿ ਕੀ ਤੁਸੀਂ ਲੇਖਕ ਵੀ ਹੋ? ਇਸ ਸਵਾਲ ਦਾ ਹੁੰਗਾਰਾ ਅਗਾਂਹ ਤੁਰਨ ਜਾਂ ਰੁਕਣ ਦਾ ਫ਼ੈਸਲਾ ਕਰਨ ਲਈ ਕਾਫ਼ੀ ਹੁੰਦਾ ਹੈ। ਜੇਕਰ ਤੁਸੀਂ ਕਵੀ ਹੋ, ਚੰਗੀ ਕਵਿਤਾ ਲਿਖ ਲੈਂਦੇ ਹੋ ਤਾਂ ਤੁਹਾਨੂੰ ਵਾਰਤਕ ਲਿਖਣ ਵੱਲ ਰੁਚਿਤ ਹੋਣਾ ਚਾਹੀਦਾ ਹੈ। ਬਹੁਤ ਸਾਰੇ ਲੇਖਕ ਪਹਿਲਾਂ ਕਵੀ ਸਨ, ਫਿਰ ਉਹ ਕਥਾਕਾਰ, ਗਲਪਕਾਰ ਬਣੇ ਤੇ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਅੰਦਰ ਇਹ ਵਿਸ਼ਵਾਸ ਦ੍ਰਿੜ੍ਹ ਹੋਇਆ ਹੋਵੇਗਾ ਕਿ ਉਹ ਲੇਖਕ ਹਨ। ਲੇਖਕ ਹੋਣ ਦਾ ਹੁੰਗਾਰਾ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ ਸ਼ਬਦਾਂ ਨੂੰ ਸਤਰਾਂ ’ਚ ਪਿਰੋਣ ਦਾ ਸੁਹਜਮਈ ਕਾਰਜ ਸ਼ੁਰੂ ਕੀਤਾ ਹੋਵੇਗਾ। ਮੋਤੀਆਂ ਵਾਂਗ ਸਤਰਾਂ ’ਚ ਪਰੋਏ ਸ਼ਬਦ ਵੱਖਰੀ ਤਰ੍ਹਾਂ ਸੰਵਾਦ ਰਚਾਉਂਦੇ ਹਨ।
ਲੇਖਕ ਦੇ ਸਮਾਨਾਂਤਰ ਦੂਜੀ ਧਿਰ ਪਾਠਕ ਹੁੰਦਾ ਹੈ। ਆਪਣੇ ਪਾਠਕ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਲਿਖਦੇ ਵੇਲੇ ਪਾਠਕ ਤੁਹਾਡੇ ਕੋਲ ਬੈਠਾ ਹੋਣਾ ਚਾਹੀਦਾ ਹੈ। ਉਹ ਤੁਹਾਨੂੰ ਉਤਸ਼ਾਹਤ ਵੀ ਕਰੇ, ਵਰਜੇ ਵੀ। ਵਰਜਣਾ ਰਿਸ਼ਤੇ ਦੀ ਮਰਿਆਦਾ ਦਾ ਨਿੱਘਾ ਅਧਿਕਾਰ ਹੁੰਦਾ ਹੈ। ਵਰਜਣਾ ਕੁਰਾਹੇ ਪਏ ਨੂੰ ਸਹੀ ਰਾਹ ’ਤੇ ਲਿਆਉਣਾ ਹੁੰਦਾ ਹੈ। ਵਰਜਣਾ ਇਮਾਨਦਾਰੀ ਹੁੰਦੀ ਹੈ, ਸੁਹਿਰਦਤਾ ਹੁੰਦੀ ਹੈ। ਪਾਠਕ ਦੀ ਸੁਹਿਰਦਤਾ ਤੁਹਾਨੂੰ ਸਮਝ ਦੇ ਅੰਦਰ ਸਿਰਜਣਾਤਮਿਕ ਸਰਗਰਮੀ ਲਈ ਬਹੁਤ ਸਾਰੀ ਖੁੱਲ੍ਹ ਦਿੰਦੀ ਹੈ, ਬਹੁਤ ਸਾਰੀ ਸਪੇਸ ਮੁਹੱਈਆ ਕਰਦੀ ਹੈ। ਇਸ ਸਪੇਸ ਅੰਦਰ ਤੁਹਾਡੀ ਲਿਖਤ ਦਾ ਹਰ ਸ਼ਬਦ ਪਾਠਕ ਦੀ ਸਮਝ ਦਾ ਹਾਣੀ ਹੋ ਜਾਂਦਾ ਹੈ। ਮੁਸ਼ਕਲ ਸ਼ਬਦ, ਗੁੰਝਲਦਾਰ ਬਿੰਬ, ਜਟਿਲ ਭਾਸ਼ਾ ਪਾਠਕ ਨੂੰ ਨਿਰਾਸ਼ ਕਰਨ ਲਈ ਕਾਫ਼ੀ ਹੁੰਦੇ ਹਨ। ਪਾਠਕ ਨਾਲ ਅਪਣੱਤ ਵਾਲਾ ਰਿਸ਼ਤਾ ਸਿਰਜਣ ਲਈ ਉਸ ਦੇ ਸਿਰ ਉੱਪਰੋਂ ਲੰਘਦੀ ਨਹੀਂ, ਉਸ ਦੇ ਅੰਦਰ ਲਹਿੰਦੀ ਭਾਸ਼ਾ ਦੀ ਲੋੜ ਹੁੰਦੀ ਹੈ। ਹਰ ਲਿਖਤ ਵਿਚ ਭਾਸ਼ਾ ਦੀ ਭੂਮਿਕਾ ਵੱਡੀ ਹੁੰਦੀ ਹੈ। ਤੁਹਾਡੀ ਭਾਸ਼ਾ ਤੁਹਾਡਾ ਇਕ ਪਾਠਕ ਵਰਗ ਨਿਰਧਾਰਤ ਕਰਦੀ ਹੈ। ਹਰ ਲਿਖਤ ਸਭ ਲਈ ਨਹੀਂ ਹੁੰਦੀ। ਸਭ ਲਈ ਹੋਣੀ ਵੀ ਨਹੀਂ ਚਾਹੀਦੀ। ਤੁਹਾਡੇ ਪਾਠਕਾਂ ਦਾ ਵਿਸਥਾਰ ਤੁਹਾਡੀ ਭਾਸ਼ਾ ਦੇ ਚਮਤਕਾਰੀ ਦਾਇਰੇ ਅੰਦਰ ਸਿਮਟਦਾ, ਫੈਲਦਾ ਹੈ। ਤੁਹਾਡੀ ਭਾਸ਼ਾ ਦਾ ਤਲਿੱਸਮ ਤੁਹਾਨੂੰ ਬੌਧਿਕ, ਦਾਰਸ਼ਨਿਕ, ਹਰਮਨ ਪਿਆਰਾ, ਬਹੁਤ ਜ਼ਿਆਦਾ ਪੜ੍ਹਿਆ ਜਾਣ ਵਾਲਾ ਜਾਂ ਅਣਗੌਲਿਆ ਲੇਖਕ ਬਣਾਉਂਦਾ ਹੈ।
ਰਸੂਲ ਹਮਜ਼ਾਤੋਵ ਆਪਣੀ ਪੁਸਤਕ ‘ਮੇਰਾ ਦਾਗਿਸਤਾਨ’ ਵਿਚ ਲਿਖਦਾ ਹੈ ਕਿ ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦੇਵੋ, ਇਹ ਕਹੋ ਕਿ ਮੈਨੂੰ ਅੱਖਾਂ ਦੇਵੋ। ਅੱਖਾਂ ਹੋਣ ਤਾਂ ਅਨੇਕ ਵਿਸ਼ੇ ਤੁਹਾਡੇ ਕੋਲ ਆਉਣਗੇ। ਵਸਤਾਂ, ਵਰਤਾਰਿਆਂ ਨੂੰ ਵੇਖਣ, ਸਮਝਣ ਦੀ ਦ੍ਰਿਸ਼ਟੀ ਹੋਣੀ ਹੀ ਅੱਖਾਂ ਹੋਣੀਆਂ ਹਨ। ਜਦ ਤੁਸੀਂ ਲਿਖਣ ਲਈ ਵਿਸ਼ੇ ਦੀ ਚੋਣ ਕਰ ਲਈ ਤਾਂ ਇਹ ਵੀ ਪੱਕਾ ਕਰ ਲਵੋ ਪਈ ਤੁਸੀਂ ਉਸ ਵਿਸ਼ੇ ਬਾਰੇ ਕਿੰਨਾ ਕੁ ਜਾਣਦੇ ਹੋ। ਜਿਸ ਵਿਸ਼ੇ ਉਪਰ ਤੁਸੀਂ ਲਿਖਣਾ ਚਾਹੁੰਦੇ ਹੋ, ਉਸ ਵਿਸ਼ੇ ਦਾ ਸੰਪੂਰਨ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹ ਗਿਆਨ ਤੁਹਾਡੀ ਜ਼ਿੰਦਗੀ ਦੇ ਅਨੁਭਵ, ਤੁਹਾਡੀ ਦ੍ਰਿਸ਼ਟੀ ਦੀ ਸੂਖ਼ਮਤਾ ਅਤੇ ਪ੍ਰਾਪਤ ਗਿਆਨ ਨੂੰ ਵੰਡਣ ਦੀ ਕਲਾ ਕੌਸ਼ਲਤਾ ਉਪਰ ਨਿਰਭਰ ਕਰਦਾ ਹੈ। ਅੱਧ-ਅਧੂਰੀ ਜਾਣਕਾਰੀ ਨੂੰ ਕੱਚ-ਘਰੜ ਭਾਸ਼ਾ ਵਿਚ ਪੇਸ਼ ਕੀਤਿਆਂ ਪਾਠਕਾਂ ਉਪਰ ਮਾੜਾ ਪ੍ਰਭਾਵ ਪਵੇਗਾ। ਇਸ ਲਈ ਕਿਸੇ ਵੀ ਵਿਸ਼ੇ ਉਪਰ ਲਿਖਣ ਤੋਂ ਪਹਿਲਾਂ ਉਸ ਵਿਸ਼ੇ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ। ਜਾਣਨ ਵਾਸਤੇ ਚੰਗੇ ਪਾਠਕ ਹੋਣਾ ਜ਼ਰੂਰੀ ਹੈ। ਚੰਗੇ ਪਾਠਕ ਕੋਲ ਸੰਸਾਰ ਦੀਆਂ ਬਿਹਤਰੀਨ ਕਿਤਾਬਾਂ ਦਾ ਸੰਗ੍ਰਹਿ ਹੁੰਦਾ ਹੈ। ਉਸ ਦਾ ਬਹੁਤਾ ਸਮਾਂ ਕਿਤਾਬਾਂ ਪੜ੍ਹਦਿਆਂ, ਕਿਤਾਬਾਂ ਬਾਰੇ ਗੱਲਾਂ ਕਰਦਿਆਂ, ਚੰਗੇ ਦੋਸਤਾਂ ਨਾਲ ਸੰਵਾਦ ਰਚਾਉਂਦਿਆਂ ਬੀਤਦਾ ਹੈ। ਉਹ ਚੰਗਾ ਪਾਠਕ ਹੋਣ ਦੇ ਨਾਲ-ਨਾਲ ਚੰਗਾ ਸਰੋਤਾ ਵੀ ਹੁੰਦਾ ਹੈ। ਵੱਡੇ ਲੇਖਕਾਂ ਦੀਆਂ ਜੀਵਨੀਆਂ ਪੜ੍ਹੋ। ਉਨ੍ਹਾਂ ਅੰਦਰ ਕਈ ਲਾਇਬ੍ਰੇਰੀਆਂ ਜਜ਼ਬ ਹੁੰਦੀਆਂ ਹਨ। ਵਿਦਵਾਨਾਂ ਦੇ ਮੂੰਹੋਂ ਸੁਣੇ ਵਿਚਾਰ ਉਨ੍ਹਾਂ ਅੰਦਰ ਸਾਂਭੇ ਪਏ ਹਨ। ਉਨ੍ਹਾਂ ਨੂੰ ਹਰ ਛਿਣ ਕੁਝ ਨਵਾਂ ਸਿੱਖਣ ਦੀ ਤਲਬ ਰਹਿੰਦੀ ਹੈ। ਸਿੱਖਣ ਦੀ ਜਗਿਆਸਾ ਤੁਹਾਨੂੰ ਕਈ ਨਵੇਂ ਵਿਸ਼ਿਆਂ ਕੋਲ ਲੈ ਜਾਂਦੀ ਹੈ। ਜਗਿਆਸਾ ਸਿੱਖਣ ਦਾ ਮੂਲ ਮੰਤਰ ਹੈ। ਅਜਿਹੇ ਜਗਿਆਸੂ ਬੰਦਿਆਂ ਕੋਲ ਲਿਖਣ ਲਈ ਵਿਸ਼ਿਆਂ ਦੀ ਬਹੁਤਾਤ ਹੁੰਦੀ ਹੈ। ਆਸੇ-ਪਾਸੇ ਨੂੰ ਨੀਝ ਨਾਲ ਵੇਖਣ ਦੀ ਲੋੜ ਹੈ। ਚੌਗਿਰਦੇ ਵਿਚ ਵਿਚਰਦਿਆਂ, ਸਮਾਜ ਵਿਚ ਰਹਿੰਦਿਆਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਪੈਂਦੀਆਂ ਹਨ।
ਕਚਹਿਰੀ ਦੇ ਕਟਹਿਰੇ ਵਿਚ ਖੜ੍ਹਾ ਵਿਅਕਤੀ ਜਿਵੇਂ ਸਹੁੰ ਚੁੱਕਦਾ ਹੈ ਕਿ ਮੈਂ ਸੱਚ ਕਹਾਂਗਾ, ਸੱਚ ਦੇ ਸਿਵਾ ਹੋਰ ਕੁਝ ਨਹੀਂ ਕਹਾਂਗਾ, ਇਉਂ ਹੀ ਲੇਖਕ ਨੂੰ ਵੀ ਲਿਖਣ ਲੱਗਿਆਂ ਸੱਚ ਲਿਖਣਾ ਚਾਹੀਦਾ ਹੈ। ਸੱਚਾਈ ਲਿਖਤ ਦੇ ਅੱਖਰਾਂ ’ਚ ਲੁਪਤ ਰਹਿੰਦਿਆਂ ਵੀ ਸੱਚ ਦਾ ਹੋਕਾ ਦੇ ਜਾਂਦੀ ਹੈ। ਪਾਠਕ ਸੱਚ ਜਾਣਨਾ ਚਾਹੁੰਦਾ ਹੈ। ਵਿਸ਼ੇ ਦੀਆਂ ਮਜਬੂਰੀਆਂ ਕਾਰਨ ਕਈ ਵਾਰ ਲੇਖਕ ਨੂੰ ਕੁਝ ਓਹਲੇ ਬਣਾਈ ਰੱਖਣੇ ਪੈਂਦੇ ਹਨ। ਇਤਿਹਾਸ ਲਿਖਦਿਆਂ ਬਹੁਤ ਸਾਰੇ ਝੂਠ ਸੱਚ ਬਣਾ ਕੇ ਪੇਸ਼ ਕੀਤੇ ਜਾਂਦੇ ਹਨ। ਕਈ ਵਾਰ ਲਿਖਤ ਨੂੰ ਸਨਸਨੀਖੇਜ਼ ਬਣਾਉਣ ਲਈ ਵੀ ਅਣਹੋਈਆਂ ਗੱਲਾਂ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਝੂਠ ਸੂਝਵਾਨ ਪਾਠਕਾਂ ਨੂੰ ਨਿਰਾਸ਼ ਕਰਦੇ ਹਨ। ਪਾਠਕ ਅੱਖਰਾਂ ਵਿਚਲਾ ਸੱਚ ਪਹਿਚਾਣ ਲੈਂਦਾ ਹੈ। ਝੂਠ ਨਾਲ ਸਹਿਮਤ ਹੋਇਆ ਪਾਠਕ ਗੁਮਰਾਹ ਹੋ ਜਾਂਦਾ ਹੈ। ਲੇਖਕ ਦਾ ਕੰਮ ਪਾਠਕ ਨੂੰ ਗੁਮਰਾਹ ਕਰਨਾ ਨਹੀਂ, ਉਸ ਨੂੰ ਸੱਚ ਦੇ ਰੂ-ਬ-ਰੂ ਕਰਵਾਉਣਾ ਹੁੰਦਾ ਹੈ। ਪਾਠਕ ਨੂੰ ਸੱਚ ਦੇ ਰੂ-ਬ-ਰੂ ਕਰਵਾਉਂਦੀਆਂ ਲਿਖਤਾਂ ਕਲਾਸੀਕਲ ਹੁੰਦੀਆਂ ਹਨ। ਉਨ੍ਹਾਂ ਦੀ ਉਮਰ ਸਦੀਆਂ ਲੰਮੀ ਹੁੰਦੀ ਹੈ। ਤਰਕ, ਸੁਹਜ ਤੇ ਸਹਿਜ ਅਜਿਹੀ ਲਿਖਤ ਦੀ ਪ੍ਰਾਪਤੀ ਹੁੰਦੇ ਹਨ। ਲਿਖਤ ਦੀ ਧੀਮੀ ਸੁਰ ਵਿਚਲਾ ਸੱਚ ਪਾਠਕ ਦੇ ਸੁਹਜ ਦੀ ਤ੍ਰਿਪਤੀ ਕਰਦਾ ਹੈ। ਸੱਚ ਘਟਨਾਵਾਂ ਦਾ, ਅੰਕੜਿਆਂ ਦਾ ਹੀ ਨਹੀਂ ਹੁੰਦਾ। ਸੱਚ ਸੋਚਾਂ ਦਾ ਵੀ ਹੁੰਦਾ ਹੈ। ਸੱਚ ਵਿਚਾਰਾਂ ਦਾ ਵੀ ਹੁੰਦਾ ਹੈ। ਸੱਚ ਸ਼ਬਦਾਂ ਦਾ ਵੀ ਹੁੰਦਾ ਹੈ। ਸੱਚ ਭਾਸ਼ਾ ਦਾ ਵੀ ਹੁੰਦਾ ਹੈ। ਸੱਚ ਬ੍ਰਹਿਮੰਡੀ ਹੁੰਦਾ ਹੈ। ਇਹ ਸਾਰੇ ਸੱਚ ਚੰਗੀ ਵਾਰਤਕ ਦੇ ਗੁਣ ਬਣਦੇ ਹਨ।
ਕਬੱਡੀ ਖੇਡਦਿਆਂ ਜਦ ਕੋਈ ਰੇਡਰ ਘੁਲਦਾ, ਡਿੱਗਦਾ, ਢਹਿੰਦਾ, ਰਿੜ੍ਹਦਾ ਅਖੀਰ ਅੰਕ ਪ੍ਰਾਪਤ ਕਰ ਲੈਂਦਾ ਹੈ ਤਾਂ ਦਰਸ਼ਕਾਂ ਦੀਆਂ ਤਾੜੀਆਂ ਉਦਾਸ ਜਿਹੀਆਂ ਹੁੰਦੀਆਂ ਹਨ ਪਰ ਜਦ ਕੋਈ ਰੇਡਰ ਪੱਟਾਂ ’ਤੇ ਹੱਥ ਮਾਰਦਾ, ਉਂਗਲ ਆਸਮਾਨ ਵੱਲ ਸੇਧਦਾ, ਪੈਲਾਂ ਪਾਉਂਦਾ ਵਾਪਸ ਮੁੜਦਾ ਹੈ ਤਾਂ ਉਸ ਦੀ ਬੱਲੇ-ਬੱਲੇ ਹੋ ਜਾਂਦੀ ਹੈ। ਉਸ ਨੇ ਅੰਕ ਤਾਂ ਪ੍ਰਾਪਤ ਕੀਤਾ ਹੀ ਹੁੰਦਾ ਹੈ, ਅੰਕ ਨੂੰ ਸੁੰਦਰਤਾ ਵੀ ਬਖ਼ਸ਼ੀ ਹੁੰਦੀ ਹੈ। ਅੰਕ ਲੈਣਾ ਤੇ ਅੰਕ ਨੂੰ ਖ਼ੂਬਸੂਰਤ ਵੀ ਬਣਾਉਣਾ ਦੋ ਵੱਖਰੀਆਂ ਗੱਲਾਂ ਹਨ। ਇੰਝ ਹੀ ਵਾਰਤਕ ਵਿਚ ਹੁੰਦਾ ਹੈ। ਕਿਸੇ ਵਿਸ਼ੇ ’ਤੇ ਲਿਖਣਾ ਤੇ ਲਿਖਤ ਨੂੰ ਖ਼ੂਬਸੂਰਤ ਵੀ ਬਣਾਉਣਾ ਲਿਖਤ ਦੀ ਪ੍ਰਾਪਤੀ ਹੁੰਦੀ ਹੈ। ਇਕ ਹੀ ਵਿਸ਼ੇ ’ਤੇ ਲਿਖੀਆਂ ਦੋ ਲਿਖਤਾਂ ਵਿਚੋਂ ਨੀਰਸ ਕਿਸਮ ਦੀ ਲਿਖਤ ਰੁਲ ਜਾਵੇਗੀ। ਜਿਸ ਵਾਰਤਕ ਨੂੰ ਪੜ੍ਹਦਿਆਂ ਆਨੰਦ ਨਾ ਆਵੇ, ਪਾਠਕ ਉਸ ਨਾਲ ਰੁੱਸਿਆ ਰੁੱਸਿਆ ਰਹਿੰਦਾ ਹੈ। ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਵਿਚਾਰ ਦੀ ਪੇਸ਼ਕਾਰੀ ਵੱਡੀ ਭੂਮਿਕਾ ਨਿਭਾਉਂਦੀ ਹੈ। ਵਾਕ ਦੀ ਬਣਤਰ, ਵਰਤੇ ਗਏ ਬਿੰਬ, ਸ਼ਬਦ ਅਤੇ ਸਿਰਜੀ ਗਈ ਭਾਸ਼ਾ ਵਾਰਤਕ ਨੂੰ ਪ੍ਰਭਾਵਸ਼ਾਲੀ ਵੀ ਬਣਾਉਂਦੇ ਹਨ ਅਤੇ ਰੌਚਕ ਵੀ। ਰੌਚਿਕਤਾ ਕਿਸੇ ਵੀ ਲਿਖਤ ਦਾ ਜ਼ਰੂਰੀ ਅੰਗ ਹੋਣੀ ਚਾਹੀਦੀ ਹੈ।
ਵਿਚਾਰ ਵਿਹੂਣੀ ਲਿਖਤ ਉਸ ਬੰਜਰ ਭੋਇੰ ਵਰਗੀ ਹੁੰਦੀ ਹੈ ਜਿਸ ਵਿਚ ਕਿਸੇ ਬੀਜ ਨੇ ਕਦੇ ਪੁੰਗਰਨਾ ਨਹੀਂ ਹੁੰਦਾ। ਖ਼ੁਆਬ-ਵਿਹੂਣੀ ਨੀਂਦ ਵਰਗੀ ਹੁੰਦੀ ਹੈ ਅਜਿਹੀ ਲਿਖਤ। ਸੁਪਨਿਆਂ ਤੋਂ ਸੱਖਣੀ ਜ਼ਿੰਦਗੀ ਜਿਸ ਨੂੰ ਤਾ-ਉਮਰ ਜਿਉਣਾ ਨਹੀਂ ਆਉਂਦਾ। ਵਿਚਾਰ ਤੋਂ ਸੱਖਣੀ ਲਿਖਤ ਉਸ ਆਦਮੀ ਦੇ ਬੋਲਾਂ ਵਰਗੀ ਹੁੰਦੀ ਹੈ ਜਿਸ ਦੀ ਜ਼ੁਬਾਨ ਉਸ ਦੇ ਕਹਿਣੇ ਵਿਚ ਨਹੀਂ ਰਹਿੰਦੀ। ਵਿਚਾਰ ਵਾਰਤਕ ਨੂੰ ਦਾਰਸ਼ਨਿਕ ਬਣਾਉਂਦੇ ਹਨ। ਦਾਰਸ਼ਨਿਕਤਾ ਮਨੁੱਖੀ ਮਨ ਦੀਆਂ ਗਹਿਰਾਈਆਂ ਨੂੰ ਫਰੋਲਦੀ ਹੈ। ਮਨ ਦੀਆਂ ਗਹਿਰਾਈਆਂ ਦੀ ਥਾਹ ਪਾਉਂਦੀ ਲਿਖਤ ਪਾਠਕ ਦੀ ਸੋਝੀ ਨੂੰ ਝੰਜੋੜਦੀ ਹੈ। ਉਸ ਦੀਆਂ ਸੋਚਾਂ ਨੂੰ ਸਾਣ ’ਤੇ ਲਾਉਂਦੀ ਹੈ। ਉਹ ਵਿਚਾਰਾਂ ਦੀ ਨਦੀ ’ਚ ਵਹਿੰਦਾ ਅਗੰਮੀ ਅਹਿਸਾਸਾਂ ’ਚ ਰੰਗਿਆ ਜਾਂਦਾ ਹੈ। ਉਸ ਦੀ ਇਕਾਗਰਤਾ ’ਚ ਅਦੁੱਤੀ ਸੰਸਾਰ ਉਸਰਦਾ ਹੈ। ਉਸ ਦੀ ਬੁੱਧੀ ਮਹੀਨ ਹੋ ਜਾਂਦੀ ਹੈ। ਉਸ ਦੀ ਹੋਂਦ ਨਾਲ ਜੁੜੇ ਵਰਤਾਰੇ ਨਵੇਂ ਅਰਥ ਗ੍ਰਹਿਣ ਕਰਨ ਲੱਗਦੇ ਹਨ। ਉਹ ਲੇਖਕ ਦਾ ਧੰਨਵਾਦ ਕਰਦਾ ਉਸ ਦੀਆਂ ਹੋਰ ਲਿਖਤਾਂ ਪੜ੍ਹਨਾ ਚਾਹੁੰਦਾ ਹੈ। ਉਸ ਦਾ ਅਧਿਐਨ ਸੰਸਾਰ ਵਿਗਸਦਾ ਹੈ। ਉਸ ਦੀ ਸਮਝ ਦੇ ਖ਼ਾਲੀ ਕਟੋਰੇ ’ਚ ਰਹਿਮਤਾਂ ਦਾ ਮੀਂਹ ਵਰ੍ਹਦਾ ਹੈ।
ਵਾਰਤਕ ਦੀ ਭਾਸ਼ਾ ਖੁੱਲ੍ਹੇ ਖੇਤਾਂ ’ਚ ਵਗਦੀ ਪੌਣ ਜਿਹੀ ਹੁੰਦੀ ਹੈ। ਵਾਰਤਕ ਦੀ ਭਾਸ਼ਾ ਪਹਾੜੀ ਨਦੀ ਦੇ ਵੇਗ ਵਰਗੀ ਹੁੰਦੀ ਹੈ। ਆਪਮੁਹਾਰਾ ਵਹਿਣ ਵਾਰਤਕ ਦੀ ਭਾਸ਼ਾ ਦਾ ਗੁਣ ਹੋਣਾ ਚਾਹੀਦਾ ਹੈ। ਕਾਵਿਕ ਭਾਸ਼ਾ ਜਿਸ ਵਿਚ ਬਿੰਬ, ਪ੍ਰਤੀਕ ਨਵੀਂ ਭਾਸ਼ਾ ਸਿਰਜ ਰਹੇ ਹੋਣ। ਨਵਾਂ, ਨਵਾਂ ਵੀ ਹੋਵੇ, ਵੱਖਰਾ ਵੀ ਤੇ ਅਨੋਖਾ ਵੀ। ਸ਼ਬਦ ਪਾਠਕ ਦੀ ਸੂਝ ਦੇ ਹਾਣੀ ਹੋਣ। ਉਸ ਦੇ ਸ਼ਬਦਕੋਸ਼ ਨੂੰ ਵਿਸਥਾਰ ਦਿੰਦੇ ਸ਼ਬਦ ਜਿਹੜੇ ਉਸ ਦੀ ਭਾਸ਼ਾ ਪ੍ਰਤੀ ਪਹੁੰਚ ਨੂੰ ਆਸਾਨ ਬਣਾਉਣ। ਭਾਸ਼ਾ ਲੇਖਕ ਵੱਲੋਂ ਸਿਰਜੇ ਦ੍ਰਿਸ਼ਾਂ ਨੂੰ ਸਾਕਾਰ ਕਰਦੀ ਹੋਵੇ। ਦ੍ਰਿਸ਼ ਜਟਿਲਤਾ ਦਾ ਪ੍ਰਗਟਾਵਾ ਨਾ ਕਰਨ। ਪਾਠਕ ਨੂੰ ਰੁਕਣਾ ਪਵੇ, ਸੋਚਣਾ ਪਵੇ, ਪਰ ਉਲਝਣਾ ਨਾ ਪਵੇ। ਇਕ ਆਸ ਪਾਠਕ ਦੇ ਨਾਲ-ਨਾਲ ਤੁਰੇ। ਸੁਪਨਿਆਂ ਦਾ ਅੰਬਰ ਸਿਰ ’ਤੇ ਤਣ ਜਾਵੇ। ਅਰਥ ਆਪ ਚੱਲ ਕੇ ਪਾਠਕ ਕੋਲ ਆਉਣ। ਉਸ ਨੂੰ ਕਿਸੇ ਸ਼ਬਦਕੋਸ਼ ਦਾ ਸਹਾਰਾ ਨਾ ਲੈਣਾ ਪਵੇ। ਅਜਿਹੀ ਹੋਣੀ ਚਾਹੀਦੀ ਹੈ ਵਾਰਤਕ ਦੀ ਭਾਸ਼ਾ। ਅਜਿਹੀ ਹੋਣੀ ਚਾਹੀਦੀ ਹੈ ਵਾਰਤਕ। ਚਲੋ ਵਾਰਤਕ ਲਿਖੀਏ।
ਸੰਪਰਕ: 97795-91344 (ਵਟਸਐਪ)