ਡਾ. ਮੇਘਾ ਸਿੰਘ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਅੰਦੋਲਨ ਸਬੰਧੀ ਵੱਖ-ਵੱਖ ਪੱਖਾਂ ’ਤੇ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਇਸੇ ਪ੍ਰਸੰਗ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕਿਸਾਨ ਅੰਦੋਲਨ: ਬਣ ਰਹੇ ਇਤਿਹਾਸ ਦੇ ਅੰਗ-ਸੰਗ’ (ਚਿੰਤਨ ਪ੍ਰਕਾਸ਼ਨ, ਲੁਧਿਆਣਾ) ਇਸ ਅੰਦੋਲਨ ਦੀਆਂ ਵਿਭਿੰਨ ਪਰਤਾਂ ਨੂੰ ਤੱਥਾਂ ਅਤੇ ਡੂੰਘਾਈ ਨਾਲ ਫਰੋਲਦੀ ਹੈ। ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਉੱਤੇ ਲੰਮੇ ਸਮੇਂ ਤੋਂ ਲਿਖਦੇ ਆ ਰਹੇ ਸਰਦਾਰਾ ਸਿੰਘ ਮਾਹਿਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਇਸ ਪੁਸਤਕ ਦੇ ਲੇਖਕ ਹਨ। ਇਹ ਦੋਵੇਂ ਕਿਸਾਨ ਅੰਦੋਲਨ ਵਿੱਚ ਬਹੁਤ ਨੇੜਿਉਂ ਅਤੇ ਸਰਗਰਮੀ ਨਾਲ ਜੁੜੇ ਰਹੇ ਅਤੇ ਕਿਸਾਨ ਮਜ਼ਦੂਰ ਮਸਲਿਆਂ ਨੂੰ ਬਾਖ਼ੂਬੀ ਡੂੰਘਾਈ ਨਾਲ ਜਾਣਦੇ ਹਨ। ਪੁਸਤਕ ਵਿਚਲੇ ਕੁੱਲ 25 ਨਬਿੰਧਾਂ ਵਿੱਚੋਂ 15 ਸਰਦਾਰਾ ਸਿੰਘ ਮਾਹਲ ਅਤੇ 10 ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਕਲਮ ਤੋਂ ਹਨ। ਆਪਣੇ ਇਨ੍ਹਾਂ ਲੇਖਾਂ ਰਾਹੀਂ ਲੇਖਕਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਸ਼ਵ ਵਪਾਰ ਸੰਗਠਨ ਅਤੇ ਕਾਰਪੋਰੇਟਾਂ ਨਾਲ ਸਬੰਧਾਂ ਦੇ ਪ੍ਰਸੰਗ ਵਿੱਚ ਕਿਸਾਨੀ ਤੋਂ ਇਲਾਵਾ ਸਮਾਜ ਦੇ ਸਭ ਵਰਗਾਂ ਉੱਤੇ ਪੈਣ ਵਾਲੇ ਦੁਰ-ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ ਅਤੇ ਭਾਜਪਾ ਸਰਕਾਰ ਦੀ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਰਾਜਨੀਤੀ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਦੀਆਂ ਬਰੂਹਾਂ ਉੱਤੇ ਸਾਲ ਭਰ ਦੇ ਕਰੀਬ ਚੱਲੇ ਕਿਸਾਨ ਅੰਦੋਲਨ ਦੀ ਵਿਭਿੰਨ ਪੱਖਾਂ ਤੋਂ ਲੋੜੀਂਦੀ ਸ਼ਲਾਘਾ ਅਤੇ ਰਹੀਆਂ ਘਾਟਾਂ-ਕਮਜ਼ੋਰੀਆਂ ਦੀ ਸਾਰਥਕ ਆਲੋਚਨਾ ਦੇ ਨਾਲ-ਨਾਲ ਸਰਕਾਰ ਦੀਆਂ ਇਸ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਸਾਜ਼ਿਸ਼ਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੀ ਪਹੁੰਚ ਅਤੇ ਅੰਦੋਲਨ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵਿਅਕਤੀਆਂ, ਗਰੁੱਪਾਂ ਅਤੇ ਸੰਗਠਨਾਂ ਨੂੰ ਬੇਝਿਜਕ ਹੋ ਕੇ ਬੇਨਕਾਬ ਕਰਨ ਦੀ ਦਲੇਰੀ ਕੀਤੀ ਗਈ ਹੈ।
ਪੁਸਤਕ ਦੇ ਪਹਿਲੇ ਲੇਖ ‘ਕਿਸਾਨ ਅੰਦੋਲਨ ਨੂੰ ਸਮਝਦਿਆਂ’ ਵਿੱਚ ਸਰਦਾਰਾ ਸਿੰਘ ਮਾਹਿਲ ਨੇ ਮੌਜੂਦਾ ਕਿਸਾਨ ਅੰਦੋਲਨ ਦੇ ਪ੍ਰਸੰਗ ਵਿੱਚ ਕਿਸਾਨੀ ਸੰਕਟ ਅਤੇ ਸਮੱਸਿਆਵਾਂ ਨੂੰ ਵਿਸ਼ਵ-ਵਿਆਪੀ ਚੌਖਟੇ ਵਿੱਚ ਪੇਸ਼ ਕਰਦਿਆਂ ਕਿਸਾਨੀ ਸੰਘਰਸ਼ਾਂ ਦੇ ਆਦਿ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੀ ਕਿਸਾਨ ਲਹਿਰ ਅਤੇ ਸੰਘਰਸ਼ਾਂ ਦਾ ਸੰਖੇਪ ਵਰਣਨ ਕਰਦਿਆਂ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਤਾਣੇ-ਬਾਣੇ ਉੱਪਰ ਰੌਸ਼ਨੀ ਪਾਈ ਹੈ। ਇਹ ਸਭ ਕੁਝ ਬਿਆਨ ਕਰਦਿਆਂ ਬੇਬਾਕੀ ਨਾਲ ਹਰ ਮੁੱਦੇ ਨੂੰ ਛੂਹਿਆ ਹੈ ਅਤੇ ਮੁਲਾਂਕਣ ਕੀਤਾ ਹੈ।
ਪੁਸਤਕ ਵਿੱਚ ਦੋ ਲੇਖ ਕਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਬਾਰੇ ਹਨ। ਇਨ੍ਹਾਂ ਲੇਖਾਂ ਵਿੱਚ ਕਰੋਨਾ ਮਹਾਂਮਾਰੀ ਸਬੰਧੀ ਭਾਵਪੂਰਤ ਜਾਣਕਾਰੀ ਅਤੇ ਟਿੱਪਣੀਆਂ ਹਨ ਅਤੇ ਇਸ ਸੰਕਟ ਸਮੇਂ ਕਿਸਾਨ ਅੰਦੋਲਨ ਜਾਰੀ ਰੱਖਣ ਦੀ ਜ਼ਰੂਰਤ ਨੂੰ ਵੀ ਦਰਸਾਇਆ ਹੈ। ਮੌਜੂਦਾ ਸਮੇਂ ਕਿਸਾਨ-ਮਜ਼ਦੂਰ ਏਕਤਾ ਦੀ ਅਣਸਰਦੀ ਲੋੜ ਦੇ ਪ੍ਰਸੰਗ ਵਿੱਚ ਲਿਖੇ ਲੇਖ ਰਾਹੀਂ ਸਰਦਾਰਾ ਸਿੰਘ ਮਾਹਿਲ ਨੇ ਇਸ ਵੱਲ ਸਾਰੀਆਂ ਲੋਕ ਪੱਖੀ ਜਥੇਬੰਦੀਆਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ‘ਕਿਸਾਨ ਘੋਲ ਅਤੇ ਸਰਕਾਰੀ ਸਾਜ਼ਿਸ਼ਾਂ’, ‘ਕਿਸਾਨ ਮੋਰਚੇ ਨੂੰ ਲੀਹੋਂ ਲਾਹੁਣ ਦੇ ਯਤਨ’, ‘ਸਿੱਖ, ਕਾਮਰੇਡ ਅਤੇ ਖਾਲਿਸਤਾਨੀ’, ‘ਹਮਾਇਤੀ ਬਣ ਕੇ ਖ਼ਤਮ ਕਰਨ ਦਾ ਤਰੀਕਾ: ਸਿੱਖ ਕੌਕਸ’, ‘ਡਬਿਡਬਿੇ ਦਾ ਢਮਢਮਾ’ ਅਤੇ ‘ਕਿਸਾਨ ਅੰਦੋਲਨ ਅਤੇ ਰਾਸ਼ਟਰਪਤੀ ਰਾਜ ਦਾ ਹਊਆ’ ਨਬਿੰਧ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ/ਢਾਹ ਲਾਉਣ/ਬਦਨਾਮ ਕਰਨ ਸਬੰਧੀ ਵੱਖ-ਵੱਖ ਧਿਰਾਂ ਵੱਲੋਂ ਸਿਰਜੇ ਗਏ ਬਿਰਤਾਂਤ ਨੂੰ ਸੰਬੋਧਿਤ ਹਨ। ਇਨ੍ਹਾਂ ਲੇਖਾਂ ਵਿੱਚ ਇਨ੍ਹਾਂ ਧਿਰਾਂ ਦੇ ਕਿਸਾਨ ਵਿਰੋਧੀ ਕਿਰਦਾਰ ਅਤੇ ਮਨਸੂਬਿਆਂ ਦਾ ਸਪਸ਼ਟ ਵਰਣਨ ਹੈ ਅਤੇ ਸਾਰੀਆਂ ਕਿਸਾਨ ਧਿਰਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ‘ਬਾਦਲ-ਭਾਜਪਾ ਤਲਾਕ’ ਅਤੇ ‘ਸੰਯੁਕਤ ਕਿਸਾਨ ਮੋਰਚਾ ਅਤੇ ਚੋਣਾਂ’ ਨਾਮੀ ਨਬਿੰਧਾਂ ਵਿੱਚ ਰਵਾਇਤੀ ਸਿਆਸੀ ਪਾਰਟੀਆਂ ਦੇ ਦੂਹਰੇ-ਤੀਹਰੇ ਕਿਰਦਾਰ ਨੂੰ ਬਿਆਨ ਕਰਦਿਆਂ ਇਨ੍ਹਾਂ ਦੇ ਕਿਸਾਨ ਪੱਖੀ ਮਖੌਟੇ ਨੂੰ ਨੰਗਾ ਕੀਤਾ ਗਿਆ ਹੈ। ‘ਜ਼ਮਾਨਾ ਰੁਕ ਗਿਆ, ਤੇਰਾ ਉਹੀ ਅੰਦਾਜ਼ ਦੇਖਣ ਨੂੰ’ ਨਾਮੀ ਨਬਿੰਧ ਵਿੱਚ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਸ ਮੋਰਚੇ ਵਿੱਚ ਹਰ ਵਰਗ ਦੀ ਸ਼ਮੂਲੀਅਤ, ਭਾਈਚਾਰਕ ਸਾਂਝ, ਅੰਦੋਲਨ ਦੇ ਵਿਸ਼ਵ-ਵਿਆਪੀ ਪਸਾਰੇ, ਨੌਜਵਾਨਾਂ ਦੀ ਕਿਸਾਨ ਅੰਦੋਲਨ ਵਿੱਚ ਭਾਗੀਦਾਰੀ, ਵੱਖ-ਵੱਖ ਵਿਚਾਰਾਂ ਵਾਲੀਆਂ 30 ਕਿਸਾਨ ਜਥੇਬੰਦੀਆਂ ਦੀ ‘ਅਨੇਕਤਾ ਵਿੱਚ ਏਕਤਾ’ ਦੀ ਅਨੂਠੀ ਮਿਸਾਲ ਅਤੇ ਸਿੰਘੂ ਤੇ ਟਿਕਰੀ ਬਾਰਡਰ ਦਾ ਲੋਕਾਈ ਲਈ ਨਵੇਂ ਤੀਰਥ ਅਸਥਾਨਾਂ ਵਜੋਂ ਉਭਰਨ ਦੇ ਵਿਲੱਖਣ ਚਰਿੱਤਰ ਦੀ ਚਰਚਾ ਕੀਤੀ ਹੈ ਜੋ ਪ੍ਰੇਰਨਾ ਅਤੇ ਉਤਸ਼ਾਹ ਬਖ਼ਸ਼ਦਾ ਹੈ। ‘ਕਿਸਾਨ ਸੰਘਰਸ਼ ਨੂੰ ਜਿੱਤ ਤੱਕ ਲਿਜਾਣ ਲਈ ਸੰਘਰਸ਼ ਕਰੋ’ ਲੇਖ ਵਿੱਚ ਸਰਦਾਰਾ ਸਿੰਘ ਮਾਹਿਲ ਨੇ ਕਿਸਾਨ ਅੰਦੋਲਨ ਚਲਾ ਰਹੀਆਂ ਜਥੇਬੰਦੀਆਂ ਦੇ ਅੰਦਰੂਨੀ ਮਤਭੇਦਾਂ ਦੀ ਗੱਲ ਕਰਦਿਆਂ ਕੁਝ ਸਰਕਾਰ-ਪੱਖੀ ਤੇ ਨਰਮ ਦਲੀਏ ਕਿਸਾਨ ਸੰਗਠਨਾਂ ਦੀ ਹਾਂਦਰੂ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਅੰਦੋਲਨ ਦੀ ਜਿੱਤ ਤੱਕ ਦ੍ਰਿੜ੍ਹਤਾ ਨਾਲ ਖੜ੍ਹੇ ਰਹਿਣ ਦੀ ਸਲਾਹ ਦਿੱਤੀ ਹੈ। ਪੁਸਤਕ ਦੇ ਅੰਤਲੇ ਨਬਿੰਧ ‘ਸਮਝ ਜੋ ਸਹੀ ਸਾਬਿਤ ਹੋਈ’ ਵਿੱਚ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸਰਦਾਰਾ ਸਿੰਘ ਮਾਹਿਲ ਦੀ ਪੁਸਤਕ ‘ਖੇਤੀ ਸੰਕਟ ਤੇ ਸੰਸਾਰ ਵਪਾਰ ਸੰਗਠਨ’ ਵਿੱਚੋਂ ਕੁਝ ਹਵਾਲੇ ਦੇ ਕੇ ਇਹ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋਂ 1990-91 ਤੋਂ ਉਦਾਰੀਕਰਨ, ਵਿਸ਼ਵੀਕਰਨ ਅਤੇ ਨਿੱਜੀਕਰਨ ਦਾ ਰਾਹ ਮੋਕਲਾ ਕੀਤੇ ਜਾਣ ਦੇ ਸਮੇਂ ਤੋਂ ਹੀ ਉਨ੍ਹਾਂ ਦੀ ਜਥੇਬੰਦੀ (ਕਿਰਤੀ ਕਿਸਾਨ ਯੂਨੀਅਨ) ਦੇ ਆਗੂਆਂ ਨੇ ਇਨ੍ਹਾਂ ਮੁੱਦਿਆਂ ਸਬੰਧੀ ਜੋ ਪਹੁੰਚ ਅਪਣਾਈ ਸੀ, ਉਹ ਹੁਣ ਵੀ ਸਹੀ ਸਾਬਿਤ ਹੋ ਰਹੀ ਹੈ। ਇਸ ਨਬਿੰਧ ਵਿਚਲੇ ਹਵਾਲੇ ਕਿਸਾਨ ਸਮੱਸਿਆਵਾਂ ਅਤੇ ਸੰਕਟ ਨੂੰ ਕਾਰਪੋਰੇਟ ਦੇ ਵਿਸ਼ਵ-ਵਿਆਪੀ ਹਮਲੇ ਦੇ ਸੰਦਰਭ ਵਿੱਚ ਸਮਝਣ ਵਿੱਚ ਸਹਾਈ ਹੋਣ ਵਾਲੇ ਹਨ। ਇਸ ਨਬਿੰਧ ਵਿੱਚ ਦੱਸਿਆ ਹੈ ਕਿ ਉਦਾਰੀਕਰਨ, ਵਿਸ਼ਵੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਿਵੇਂ ਪੜਾਅ ਦਰ ਪੜਾਅ ਲਾਗੂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਕਾਂਗਰਸ ਅਤੇ ਭਾਜਪਾ ਦੋਵੇਂ ਬਰਾਬਰ ਦੀਆਂ ਜ਼ਿੰਮੇਵਾਰ ਹਨ।
ਕੁੱਲ ਮਿਲਾ ਕੇ ਇਸ ਪੁਸਤਕ ਦੇ ਲਗਭਗ ਸਾਰੇ ਨਬਿੰਧ ਕਿਸਾਨਾਂ ਅਤੇ ਸਾਰੀਆਂ ਕਿਸਾਨ ਹਿਤੈਸ਼ੀ ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਹੋਰ ਸਮਾਜਿਕ ਕਾਰਕੁਨਾਂ ਲਈ ਪੜ੍ਹਨ ਅਤੇ ਵਿਚਾਰਨਯੋਗ ਹਨ। ਮੌਜੂਦਾ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੀਆਂ ਦੁੰਮ-ਛੱਲਾ ਬਣੀਆਂ ਲੋਕ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁੱਖਮਰੀ, ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਡੂੰਘੀ ਖੱਡ ਵਿੱਚ ਸੁੱਟਣ ਦੇ ਨਿੱਤ ਨਵੇਂ ਮਨਸੂਬੇ ਘੜੇ ਜਾ ਰਹੇ ਹਨ। ਦੂਜੇ ਪਾਸੇ ਕੁਝ ਕੱਟੜ ਫ਼ਿਰਕੂ ਤਾਕਤਾਂ ਮੁਲਕ ਦੇ ‘ਅਨੇਕਤਾ ਵਿੱਚ ਏਕਤਾ’ ਦੇ ਸੰਕਲਪ ਨੂੰ ਖੇਰੂੰ-ਖੇਰੂੰ ਕਰ ਕੇ ਘੱਟ ਗਿਣਤੀਆਂ ਦਾ ਬੀਜ ਨਾਸ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ। ਹੁਣ ਇਸ ਕਿਤਾਬ ਨੂੰ ਪੜ੍ਹਨ ਅਤੇ ਵਾਚਣ ਦੀ ਹੋਰ ਵੀ ਅਹਿਮੀਅਤ ਹੈ।
ਸੰਪਰਕ: 97800-36137