ਡਾ. ਲਕਸ਼ਮੀ ਨਰਾਇਣ ਭੀਖੀ
ਪੁਸਤਕ ਚਰਚਾ
ਕੇ. ਪਾਸਤੋਵਸਕੀ ਦੀ ਵਿਸ਼ਵ ਪ੍ਰਸਿੱਧ ਵਾਰਤਕ ਪੁਸਤਕ ‘ਸੁਨਹਿਰਾ ਗ਼ੁਲਾਬ’ (ਅਨੁਵਾਦਕ: ਸੁਖਬੀਰ) ਲੇਖਕਾਂ, ਕਲਾਕਾਰਾਂ ਲਈ ਪ੍ਰੇਰਨਾ ਦਾ ਸੋਮਾ ਹੈ। ਲੇਖਕ ਦਾ ਫ਼ਰਜ਼ ਹੈ ਕਿ ਉਹ ਰਚਨਾਵਾਂ ਵਿਚ ਸੁਹੱਪਣ, ਖ਼ੁਸ਼ੀ ਦੀ ਭਾਲ, ਆਜ਼ਾਦੀ ਅਤੇ ਦਰਿਆਦਿਲੀ ਦਾ ਬਿਆਨ ਕਰੇ, ਸਮਾਜ ਵਿਚਲੇ ਤੇ ਮਨੁੱਖ ਅੰਦਰਲੇ ਹਨੇਰੇ ਨੂੰ ਘਟਾਵੇ ਤੇ ਸੂਰਜ ਵਾਂਗ ਚਮਕਦਾ ਰਹੇ। ਲੇਖਕ ਨੂੰ ਹਰ ਵਕਤ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਰੱਖਦਿਆਂ ਸੱਚ ’ਤੇ ਪਹਿਰਾ ਦੇਣਾ ਚਾਹੀਦਾ ਹੈ।
ਲੇਖਕ ਨੇ ਆਪਣੇ ਦਿਲ ਦੀ ਆਵਾਜ਼ ਨੂੰ ਜ਼ਬਾਨ ਦੇਣੀ ਹੁੰਦੀ ਹੈ ਜੋ ਉਸ ਨੂੰ ਲਿਖਣ ਲਈ ਪ੍ਰੇਰਨਾ ਦਿੰਦੀ ਹੈ। ਲਿਖਣਾ ਮਨੁੱਖੀ ਮਨ ਵਿਚ ਸਿਰਜਣਾ ਦੀ ਲਾਲਸਾ ਦਾ ਪ੍ਰਗਟਾਵਾ ਹੈ। ਰਚਨਾ ਦਿਲ ਦੇ ਲਹੂ ਨਾਲ ਲਿਖੀ ਜਾਂਦੀ ਹੈ। ਲੇਖਕ ਉਸ ਨੂੰ ਹੀ ਮੰਨਿਆ ਜਾ ਸਕਦਾ ਹੈ ਜੋ ਲੋਕਾਂ ਖਾਤਰ ਆਪਣਾ ਤਨ, ਮਨ ਵਾਰਨ ਲਈ ਤਿਆਰ ਹੋਵੇ ਅਤੇ ਲਿਖਤਾਂ ਰਾਹੀਂ ਲੋਕਾਂ ਦੇ ਦੁੱਖਾਂ ਨੂੰ ਪ੍ਰਗਟਾ ਸਕਦਾ ਹੋਵੇ। ਲੇਖਕ ਨੂੰ ਝੂਠ, ਹੰਕਾਰ ਅਤੇ ਆਪਣੇ ਮੂੰਹੋਂ ਆਪਣੀ ਪ੍ਰਸ਼ੰਸਾ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਹੈ। ਉਸ ਨੂੰ ਸਮਾਜ ਵਿਚ ਆਪਣੀ ਥਾਂ ਨੂੰ ਵਧਾ ਚੜ੍ਹਾ ਕੇ ਨਹੀਂ ਵੇਖਣਾ ਚਾਹੀਦਾ ਤੇ ਨਾ ਹੀ ਆਪਣੇ ਆਪ ਨੂੰ ਸਮਾਜ ਨਾਲੋਂ ਵੱਖਰੇ ਸਮਝਣਾ ਚਾਹੀਦਾ ਹੈ।
ਲੇਖਕਾਂ ਨੂੰ ਆਪਣੀ ਸੰਗਤ ਵਿਚੋਂ ਹੰਕਾਰੀ ਅਤੇ ਧੋਖੇਬਾਜ਼ਾਂ ਨੂੰ ਛੇਕ ਦੇਣਾ ਚਾਹੀਦਾ ਹੈ। ਲੇਖਕ ਨੂੰ ਆਪਣੇ ਦਿਲ ਤੇ ਦਿਮਾਗ਼ ਵਿਚਲੇ ਵਿਚਾਰਾਂ ਵਲਵਲਿਆਂ ਨੂੰ ਬਿਨਾਂ ਸੰਕੋਚ ਤੋਂ ਪ੍ਰਗਟਾਉਣਾ ਚਾਹੀਦਾ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਜ਼ੁਬਾਨ ਦੇਣੀ ਚਾਹੀਦੀ ਹੈ। ਉਹ ਵਿਅਕਤੀ ਲੇਖਕ ਬਣ ਸਕਦਾ ਹੈ ਜਿਸ ਕੋਲ ਕਹਿਣ ਲਈ ਕੋਈ ਨਵੀਂ ਗੱਲ ਹੋਵੇ ਤੇ ਉਹ ਸਭ ਕੁਝ ਦੇਖ ਸਕਦਾ ਹੋਵੇ ਜੋ ਕੁਝ ਦੂਜਿਆਂ ਦੀਆਂ ਨਜ਼ਰਾਂ ਨਹੀਂ ਵੇਖ ਸਕਦੀਆਂ।
ਲੇਖਕ ਨੂੰ ਜ਼ਿੰਦਗੀ ਦੀ ਅਸਲੀਅਤ ਦੇ ਨੇੜੇ ਤੇੜੇ ਰਹਿ ਕੇ ਪ੍ਰੇਰਨਾ ਹਾਸਲ ਕਰਨੀ ਚਾਹੀਦੀ ਹੈ। ਪ੍ਰੇਰਨਾ ਜਿੰਨੀ ਤਕੜੀ ਹੋਵੇਗੀ, ਉਸ ਦੀ ਪੂਰਤੀ ਲਈ ਓਨੇ ਹੀ ਤਸੀਹੇ ਝੱਲਣੇ ਪੈਣਗੇ। ਪ੍ਰੇਰਨਾ ਸਿਰਜਣਾਤਮਿਕ ਲੋਚਾ ਨੂੰ ਪੂਰਾ ਕਰਦੀ ਹੈ। ਉਸ ਨੂੰ ਫਲ ਲਾਉਂਦੀ ਹੈ।
ਲੇਖਕ ਦੇ ਸਿਰਜੇ ਪਾਤਰ ਆਪਣੇ ਹੀ ਰਾਹ ਚੁਣਦੇ ਹਨ। ਉਹ ਲੇਖਕ ਨਾਲ ਲੜਦੇ ਹਨ ਤੇ ਬਹੁਤੀ ਵਾਰੀ ਜਿੱਤ ਉਨ੍ਹਾਂ ਦੀ ਹੀ ਹੁੰਦੀ ਹੈ। ਲੇਖਕ ਜੋ ਕੁਝ ਲਿਖਣਾ ਚਾਹੁੰਦੇ ਹਨ, ਪਹਿਲਾਂ ਉਸ ਦੀ ਰੂਪ ਰੇਖਾ ਬਣਾ ਲੈਂਦੇ ਹਨ। ਲੇਖਕ ਦੀ ਕਲਪਨਾ ਹਮੇਸ਼ਾ ਘਟਨਾਵਾਂ ਨੂੰ ਨਵੇਂ ਮੋੜ ਦਿੰਦੀ ਹੈ। ਲੇਖਕ ਦੀ ਸਿਰਜਣ ਪ੍ਰਕਿਰਿਆ ਦੌਰਾਨ ਬਹੁਤ ਕੁਝ ਬਦਲਦਾ ਹੈ। ਕਦੇ ਪਾਤਰ ਤੇ ਕਦੇ ਹਾਲਾਤ ਬੇਕਾਬੂ ਹੋ ਜਾਂਦੇ ਹਨ। ਲੇਖਕ ਦੀ ਚੇਤਨਾ ਪਾਤਰਾਂ ਦੀ ਜ਼ਿੰਦਗੀ ਨੂੰ ਘੜਨ ਅਤੇ ਤਰਾਸ਼ਣ ਵਿਚ ਅਹਿਮ ਯੋਗਦਾਨ ਪਾਉਂਦੀ ਹੈ।
ਲੇਖਕ ਜ਼ਿੰਦਗੀ ਦਾ ਅਧਿਐਨ ਹੀ ਨਹੀਂ ਕਰਦੇ ਸਗੋਂ ਉਸ ਨੂੰ ਜਿਊਂਦੇ ਵੀ ਹਨ। ਉਹ ਦੁੱਖ ਝਲਦੇ ਹਨ, ਸੋਚਦੇ ਹਨ, ਖ਼ੁਸ਼ੀ ਮਾਣਦੇ ਹਨ ਤੇ ਆਪਣੇ ਚੁਫ਼ੇਰੇ ਦੀ ਜ਼ਿੰਦਗੀ ਵਿਚ ਹਿੱਸਾ ਲੈਂਦੇ ਹਨ। ਜੇਕਰ ਲੇਖਕ ਮਨੁੱਖੀ ਦਿਲਾਂ ’ਤੇ ਰਾਜ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸੱਚਾਈ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਉਸ ਦੇ ਦਿਲ ਵਿਚ ਮਨੁੱਖਤਾ ਪ੍ਰਤੀ ਭਰੋਸਾ ਤੇ ਜ਼ਿੰਦਗੀ ਨਾਲ ਸੱਚਾ ਪਿਆਰ ਹੋਣਾ ਚਾਹੀਦਾ ਹੈ। ਗੋਗੋਲ ਦਾ ਕਥਨ ਹੈ ਕਿ ਰਚਨਾ ਦੀ ਜ਼ੁਬਾਨ ਦਾ ਸੁਹੱਪਣ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਸ ਦੀਆਂ ਆਵਾਜ਼ਾਂ ਹੀਰਿਆਂ ਵਾਂਗ ਹਨ ਅਤੇ ਹਰ ਚੀਜ਼ ਮੋਤੀਆਂ ਵਾਂਗ ਪਰੋਈ ਹੋਈ ਹੈ। ਕਵੀ ਦੇ ਲਫ਼ਜ਼ਾਂ ’ਚੋਂ ਕਵਿਤਾ ਲਿਸ਼ਕਦੀ ਹੈ, ਜਿਵੇਂ ਕਿਸੇ ਕੀਮਤੀ ਪੱਥਰ ’ਚੋਂ ਰਹੱਸ ਭਰੀ ਚਮਕ ਪੈਦਾ ਹੁੰਦੀ ਹੈ। ਲੇਖਕ ਨੂੰ ਉਹ ਜ਼ੁਬਾਨ ਵੱਧ ਤੋਂ ਵੱਧ ਆਉਣੀ ਚਾਹੀਦੀ ਹੈ ਜੋ ਲੋਕ ਬੋਲਦੇ ਹਨ। ਲੇਖਕ ਵਿਚ ਸ਼ਬਦਾਵਲੀ ਦਾ ਭੰਡਾਰ ਵਧਾਉਣ ਦੀ ਅਨੰਤ ਚਾਹ ਹੋਣੀ ਚਾਹੀਦੀ ਹੈ। ਜਿਹੜਾ ਲੇਖਕ ਉਲਝਣ ਭਰਿਆ, ਵਿਖਾਵੇ ਵਾਲਾ ਤੇ ਪਾਠਕਾਂ ਨੂੰ ਚੌਂਕਾਣ ਵਾਲਾ ਹੁੰਦਾ ਹੈ, ਉਹ ਪਾਠਕਾਂ ’ਤੇ ਅਸਰ ਨਹੀਂ ਪਾ ਸਕਦਾ। ਲਿਖਤ ਦਾ ਵਾਯੂਮੰਡਲ ਜਿੰਨਾ ਸਾਫ਼ ਹੋਵੇਗਾ, ਲਿਖਤ ਧੁੱਪ ਵਾਂਗ ਓਨੀ ਹੀ ਨਿਖਰੀ ਹੋਈ ਜਾਪੇਗੀ। ਰਚਨਾ ਵਿਚ ਜਿਤਨੀ ਸਪਸ਼ਟਤਾ ਹੋਵੇਗੀ, ਉਸ ਦੀ ਸ਼ੈਲੀ ਵੀ ਵਧੀਆ ਹੋਵੇਗੀ, ਤੇ ਉਸ ਦਾ ਪਾਠਕ ’ਤੇ ਚੰਗੇਰਾ ਪ੍ਰਭਾਵ ਪਵੇਗਾ।
ਪਾਸਤੋਵਸਕੀ ਮੁਤਾਬਿਕ ਲੇਖਕ ਦਾ ਆਪਣਾ ਹੀ ਲਿਖਣ ਦਾ ਢੰਗ ਤੇ ਆਪਣਾ ਹੀ ਲਿਖਣ ਵੇਲਾ ਹੁੰਦਾ ਹੈ। ਵਧੇਰੇ ਲੇਖਕ ਸਵੇਰੇ ਲਿਖਦੇ ਹਨ, ਕੁਝ ਦਿਨ ਵੇਲੇ ਤੇ ਬਹੁਤ ਘੱਟ ਰਾਤ ਵੇਲੇ ਲਿਖਦੇ ਹਨ। ਪੁਸ਼ਕਿਨ ਨੂੰ ਪੱਤਝੜ ਦੀ ਰੁੱਤੇ ਲਿਖਣਾ ਵਧੇਰੇ ਪਸੰਦ ਸੀ। ਲੇਖਕਾਂ ਸਬੰਧੀ ਗੈਟੇ ਦਾ ਕਥਨ ਹੈ ਕਿ ਲੇਖਕਾਂ ਦੀ ਜ਼ਿੰਦਗੀ ਵਿਚ ਇਕ ਨਾਲੋਂ ਜ਼ਿਆਦਾ ਵਾਰੀ ਜਵਾਨੀ ਆਉਂਦੀ ਹੈ। ਲੇਖਕ ਲਈ ਸੋਚਣਾ ਜਿੰਨਾ ਸੌਖਾ ਹੁੰਦਾ ਹੈ ਲਿਖਣਾ ਉਨਾ ਸੌਖਾ ਨਹੀਂ। ਲੇਖਕ ਨੂੰ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਝਟਪਟ ਆਪਣੇ ਖਿਆਲਾਂ ਨੂੰ ਲਿਖ ਲਏ ਤਾਂ ਜੋ ਅਗਲੇ ਪਲ ਉਹ ਗ਼ਾਇਬ ਨਾ ਹੋ ਜਾਣ। ਖ਼ਿਆਲਾਂ ਅਤੇ ਚਿੱਤਰਾਂ ਵਿਚ ਚਾਨਣ ਹੁੰਦਾ ਤੇ ਹਰਕਤ ਵੀ, ਪਰ ਉਹ ਉਨ੍ਹਾਂ ਸੁਪਨਿਆਂ ਵਾਂਗ ਹੁੰਦੇ ਹਨ ਜੋ ਜਾਗਣ ’ਤੇ ਗ਼ਾਇਬ ਹੋ ਜਾਂਦੇ ਹਨ। ਫੇਰ ਭਾਵੇਂ ਕਿੰਨੇ ਵੀ ਯਤਨ ਕਰੋ ਫੜੇ ਨਹੀਂ ਜਾ ਸਕਦੇ।
ਇਹ ਪੁਸਤਕ ਸੁਚੇਤ ਕਰਦੀ ਹੈ ਕਿ ਸਿਆਸੀ ਲੇਖਕਾਂ ਦਾ ਚੋਖਾ ਸਮਾਂ ਮੀਟਿੰਗਾਂ ਆਦਿ ਵਿਚ ਖ਼ਰਚ ਹੋ ਜਾਂਦਾ ਹੈ। ਇਸ ਵਿਚ ਸ਼ੱਕ ਨਹੀਂ ਕਿ ਮੀਟਿੰਗਾਂ ’ਚ ਜਾਣਾ ਜ਼ਰੂਰੀ ਹੈ, ਪਰ ਉਸ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਮਾਜਿਕ ਕੰਮਾਂ ਦਾ ਲੋੜੋਂ ਵੱਧ ਭਾਰ ਪਾਉਣਾ ਵਡਮੁੱਲਾ ਸਮਾਂ ਖ਼ਰਚਣ ਵਾਲੀ ਗੱਲ ਹੈ ਜਦੋਂਕਿ ਲੋੜ ਹੈ ਕਿ ਹਰ ਸਮੇਂ ਉਹ ਕੁਝ ਰਚੇ, ਰਚਨਾ ਕਰਨਾ ਲੇਖਕ ਦਾ ਸਭ ਤੋਂ ਅਹਿਮ ਕੰਮ ਹੈ। ਦੋਸਤੋਵਸਕੀ ਲਿਖਦਾ ਹੈ ਕਿ ਗ਼ਰੀਬੀ ਮੈਨੂੰ (ਲੇਖਕ ਨੂੰ) ਕਾਹਲ ਕਰਨ ਲਈ ਅਤੇ ਲਿਖਤ ਵਪਾਰਕ ਪੱਧਰ ’ਤੇ ਲਿਆਉਣ ਲਈ ਮਜ਼ਬੂਰ ਕਰਦੀ ਹੈ ਤੇ ਇਸ ਦਾ ਮੇਰੇ ਸਾਹਿਤ (ਲੇਖਕ) ’ਤੇ ਬੜਾ ਭੈੜਾ ਅਸਰ ਪੈਂਦਾ ਹੈ।
ਲੇਖਕ ਦੀ ਸਾਹਿਤਕ ਰਚਨਾ ਬੋਲੀ ਤੇ ਸ਼ੈਲੀ ਦੇ ਨੁਕਤੇ ਤੋਂ ਵੱਖਰੀ ਜਾਪਣੀ ਚਾਹੀਦੀ ਹੈ। ਪਾਸਤੋਵਸਕੀ ਦਾ ਮੱਤ ਹੈ ਕਿ ਇਕ ਤੋਂ ਵੱਧ ਲੇਖਕ ਸਾਂਝੀ ਕਿਤਾਬ ਨਹੀਂ ਲਿਖ ਸਕਦੇ, ਜਿਵੇਂ ਇਹ ਸੰਭਵ ਨਹੀਂ ਕਿ ਤਿੰਨ ਆਦਮੀ ਇਕੋ ਵਾਇਲਨ ਵਜਾਉਣ। ਲੇਖਕ ਨੂੰ ਮਜ਼ਬੂਰੀ ਦੀ ਹਾਲਤ ਵਿਚ ਨਹੀਂ ਲਿਖਣਾ ਚਾਹੀਦਾ। ਲਿਖਣ ਵਿਚ ਮਹਿਸੂਸ ਕਰਨ ਅਤੇ ਸੰਵੇਦਨਸ਼ੀਲਤਾ ਦਾ ਅਹਿਮ ਯੋਗਦਾਨ ਹੁੰਦਾ ਹੈ। ਕਲਪਨਾ ਵੀ ਲੇਖਕ ਦੀ ਸਿਰਜਣਾ ’ਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਲਾਤੀਨੀ ਕਵੀਆਂ ਦੇ ਲਫ਼ਜ਼ਾਂ ਵਿਚ ਕਲਾ ਸਦੀਵੀਂ ਸੂਰਜ ਤੇ ਰੱਬ ਹੈ। ਕਲਪਨਾ ਮਨੁੱਖੀ ਦਿਮਾਗ਼ ਦਾ ਉਹ ਗੁਣ ਹੈ ਜਿਸ ਸਦਕਾ ਮਨੁੱਖ ਆਪਣੇ ਨਿਰੀਖਣ, ਸੋਚਾਂ ਤੇ ਅਹਿਸਾਸਾਂ ਦੇ ਆਧਾਰ ’ਤੇ ਯਥਾਰਥਿਕ ਦੁਨੀਆਂ ਦੇ ਨਾਲ ਨਾਲ ਖ਼ਿਆਲੀ ਬੰਦਿਆਂ ਤੇ ਖ਼ਿਆਲੀ ਘਟਨਾਵਾਂ ਦੀ ਇਕ ਖ਼ਿਆਲੀ ਦੁਨੀਆਂ ਸਾਕਾਰ ਕਰ ਲੈਂਦਾ ਹੈ।
ਲੇਖਕ ਦੀ ਸ਼ਖ਼ਸੀਅਤ ਨਵੀਆਂ ਸੋਚਾਂ ਨੂੰ ਜਨਮ ਦੇਣ ਵਿਚ ਹਿੱਸਾ ਪਾਉਂਦੀ ਹੈ। ਸੋਚਾਂ ਅਤੇ ਕਲਪਨਾ ਦਾ ਲੇਖਕ ਨਾਲ ਨੇੜੇ ਦਾ ਸੰਬੰਧ ਹੈ। ਕਲਪਨਾ ਦੀਆਂ ਜੜ੍ਹਾਂ ਯਾਦਾਂ ਵਿਚ ਹਨ ਤੇ ਯਾਦਾਂ ਦੀਆਂ ਅਸਲੀਅਤ ਵਿਚ। ਕਿਸੇ ਲੇਖਕ ਲਈ ਉਸ ਦੀਆਂ ਯਾਦਾਂ ਦੀਆਂ ਲੜੀਆਂ ਬਹੁਤ ਅਹਿਮ ਹੁੰਦੀਆਂ ਹਨ। ਉਹ ਜਿੰਨੀ ਵੱਧ ਗਿਣਤੀ ’ਚ ਹੋਣਗੀਆਂ, ਓਨਾ ਹੀ ਉਹ ਦਿਮਾਗ਼ੀ ਤੌਰ ’ਤੇ ਅਮੀਰ ਹੋਵੇਗਾ। ਲੇਖਕ ਦਾ ਕੰਮ ਹੈ ਕਿ ਉਹ ਪਾਠਕ ਦੇ ਮਨ ਵਿਚ ਯਾਦਾਂ ਦੀ ਲੜੀ ਪੈਦਾ ਕਰੇ ਜੋ ਉਸ ਦੇ ਆਪਣੇ ਮਨ ਵਿਚ ਹਨ।
ਲੇਖਕਾਂ ਨੂੰ ਨਸੀਹਤ ਦਿੱਤੀ ਗਈ ਹੈ ਕਿ ਹਰ ਵਾਧੂ ਚੀਜ਼, ਬੇਲੋੜੇ ਲਫ਼ਜ਼ ਤੇ ਚਗਲੇ ਹੋਏ ਮੁਹਾਵਰੇ ਕੱਢ ਸੁੱਟੋ ਤੇ ਹਰ ਫ਼ਿਕਰੇ ਨੂੰ ਸੰਗੀਤਕ ਬਣਾਉਣ ਦਾ ਯਤਨ ਕਰੋ। ਪਾਸਤੋਵਸਕੀ ਨੇ ਮੁਪਾਸਾਂ ਬਾਰੇ ਰੌਚਕ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਨਿਰਪੱਖ ਹੋ ਕੇ ਮਨੁੱਖੀ ਵਿਭਚਾਰ ਨੂੰ ਵੇਖਿਆ ਸੀ ਤੇ ਮੁਪਾਸਾਂ ਨੇ ਜ਼ਿੰਦਗੀ ਨੂੰ ਲੇਖਕ ਦਾ ਹਸਪਤਾਲ ਆਖਿਆ। ਜ਼ਿੰਦਗੀ ਦੇ ਅੰਤਲੇ ਦਿਨਾਂ ਵਿਚ ਉਸ ਨੇ ਸਿਹਤਮੰਦ ਜ਼ਿੰਦਗੀ ਤੇ ਪਵਿੱਤਰ ਪਿਆਰ ਦੀ ਅਹਿਮੀਅਤ ਨੂੰ ਪਛਾਣਿਆ। ਉਸ ਨੇ ਮਹਿਸੂਸ ਕੀਤਾ ਕਿ ਪਿਆਰ ਵਾਸਨਾ ਨਹੀਂ ਹੈ ਸਗੋਂ ਕਾਵਿਕ ਖ਼ੁਸ਼ੀ ਲਈ ਕੁਰਬਾਨੀ ਹੈ। ਪਾਸਤੋਵਸਕੀ ਨੇ ਲਫ਼ਜ਼ਾਂ ਬਾਰੇ ਕਿਹਾ ਕਿ ਉਹ ਖਿੜਦੇ ਤੇ ਲਿਸ਼ਕਦੇ ਹਨ, ਉਹ ਕਿਤਾਬ ਦੇ ਸਫ਼ਿਆਂ ’ਤੇ ਘਾਹ ਵਾਂਗ ਸਰਸਰਾਉਂਦੇ, ਪਾਣੀ ਵਾਂਗ ਛਲਕਦੇ, ਪੰਛੀਆਂ ਵਾਂਗ ਚਹਿਚਹਾਉਂਦੇ ਹਨ, ਬਰਫ਼ ਵਾਂਗ ਤਿੜਕਦੇ ਹੋਏ, ਸਹਿਜੇ ਸਹਿਜੇ ਸਾਡੇ ਦਿਮਾਗ਼ ’ਤੇ ਇੰਜ ਛਾ ਜਾਂਦੇ ਹਨ ਜਿਵੇਂ ਰਾਤ ਵੇਲੇ ਤਾਰੇ ਆਸਮਾਨ ’ਤੇ ਛਾ ਜਾਇਆ ਕਰਦੇ ਹਨ।
ਵਿਭਿੰਨ ਕਲਾਵਾਂ ਸਬੰਧੀ ਨੁਕਤੇ ਹਨ ਕਿ ਕਵਿਤਾ, ਚਿਤਰਕਲਾ, ਮੂਰਤੀ ਕਲਾ, ਇਮਾਰਤਕਾਰੀ ਤੇ ਸੰਗੀਤ ਲੇਖਕ ਦੀ ਨਜ਼ਰ ਨੂੰ ਅਮੀਰ ਬਣਾਉਣ ਵਿਚ ਮਦਦ ਕਰਦੇ ਹਨ ਤੇ ਲਿਖਤ ਨੂੰ ਵਧੇਰੇ ਤਕੜਾ ਰੱਖਦੇ ਹਨ। ਪਾਸਤੋਵਸਕੀ ਉਨ੍ਹਾਂ ਲੇਖਕਾਂ ਨਾਲ ਸਹਿਮਤ ਨਹੀਂ ਜੋ ਕਹਿੰਦੇ ਹਨ ਕਿ ਕਵਿਤਾ ਜਾਂ ਚਿੱਤਰ ਕਲਾ ਉਨ੍ਹਾਂ ਨੂੰ ਕੋਈ ਖ਼ਾਸ ਖਿੱਚ ਨਹੀਂ ਪਾਉਂਦੀ। ਉਹ ਉਜੱਡ ਕਿਸਮ ਦੇ ਬੰਦੇ ਹੋਣਗੇ ਜਾਂ ਫੇਰ ਉਨ੍ਹਾਂ ਦਾ ਮਨ ਆਲਸ ਤੇ ਹੰਕਾਰ ਨਾਲ ਭਰਿਆ ਹੋਵੇਗਾ। ਅਲੈਗਜ਼ਾਂਦਰ ਬਲੌਕ ਨੇ ਲਿਖਿਆ ਹੈ ਕਿ ‘‘ਚਿੱਤਰਕਲਾ ਲੇਖਕ ਨੂੰ (ਸਾਨੂੰ) ਵੇਖਣਾ ਤੇ ਗ੍ਰਹਿਣ ਕਰਨਾ ਸਿਖਾਉਂਦੀ ਹੈ। ਗ੍ਰਹਿਣ ਕਰਨ ਲਈ ਸਿਰਫ਼ ਵੇਖਣਾ ਹੀ ਕਾਫ਼ੀ ਨਹੀਂ ਹੈ, ਵੇਖਣ ਦਾ ਢੰਗ ਸਿੱਖਣਾ ਵੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਧੁੰਦਲੀ ਨਜ਼ਰ ਤੇ ਬੇਰੰਗ ਲਿਖਤ ਆਮ ਤੌਰ ’ਤੇ ਲੇਖਕ ਦੇ ਰੁੱਖੇ ਸੁਭਾਅ ਦਾ ਨਤੀਜਾ ਹੁੰਦੀ ਹੈ। ਪਾਸਤੋਵਸਕੀ ਦਾ ਮੱਤ ਹੈ ਕਿ ਕਮਜ਼ੋਰ ਲਿਖਤ ਲੇਖਕ ਵਿਚ ਕਲਾ ਦੀ ਘਾਟ ਤੇ ਸੁਹਜ ਸਵਾਦ ਦੀ ਅਣਹੋਂਦ ਸਦਕਾ ਜਨਮ ਲੈਂਦੀ ਹੈ। ਲੇਖਕ ਚੀਜ਼ਾਂ ਨੂੰ ਧੁੰਦਲੇ ਤੇ ਬੇਢੰਗੇ ਤਰੀਕੇ ਨਾਲ ਵੇਖਦੇ ਹਨ। ਅਭਿਆਸ ਨਾਲ ਨਜ਼ਰ ਬਦਲੀ ਜਾ ਸਕਦੀ ਹੈ ਅਤੇ ਤੁਸੀਂ (ਲੇਖਕ) ਵੀ ਉਸੇ ਤਰ੍ਹਾਂ ਰੰਗਾਂ ਨੂੰ ਵੇਖ/ਸਿੱਖ ਸਕਦੇ ਹੋ ਜਿਵੇਂ ਚਿੱਤਰਕਾਰ ਵੇਖਿਆ ਕਰਦੇ ਹਨ।
ਪਾਸਤੋਵਸਕੀ ਨੇ ਲਿਖਿਆ ਕਿ ਚਿੱਤਰਕਾਰ ਨੂੰ ਹਮੇਸ਼ਾ ਰੰਗ, ਕੈਨਵਸ ਤੇ ਬੁਰਸ਼ ਆਦਿ ਆਪਣੇ ਕੋਲ ਰੱਖਣੇ ਚਾਹੀਦੇ ਹਨ ਜਦੋਂਕਿ ਰੰਗ ਲੇਖਕਾਂ ਦੀਆਂ ਯਾਦਾਂ ਵਿਚ ਸਮਾਏ ਹੁੰਦੇ ਹਨ। ਲੇਖਕ ਨੇ ਤੇਜ਼ੀ ਨਾਲ ਬਦਲ ਰਹੇ ਦ੍ਰਿਸ਼ ਨੂੰ ਸਿਰਜਣਾ ਹੁੰਦਾ ਹੈ। ਕੁਦਰਤ ਵਿਚ ਏਨਾ ਸੁਹੱਪਣ ਹੈ ਕਿ ਕਈ ਹਜ਼ਾਰ ਸਾਲ ਤੱਕ ਚਿੱਤਰਕਾਰ ਉਸ ਨੂੰ ਚਿਤਰਦੇ ਰਹਿ ਸਕਦੇ ਹਨ ਤੇ ਲੇਖਕ ਲਿਖਦੇ। ਧਰਤੀ ਦਾ ਸੁਹੱਪਣ ਬੜੀ ਪਵਿੱਤਰ ਸ਼ੈਅ ਏ, ਲੋਕਾਂ ਦੀ ਜ਼ਿੰਦਗੀ ਵਿਚ ਮਹਾਨ ਚੀਜ਼ ਏ। ਉਹ ਸਾਡੇ ਆਦਰਸ਼ਾਂ ’ਚੋਂ ਇਕ ਏ। ਲੇਖਕ ਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ। ਕੁਦਰਤ ਨੂੰ ਸਿਰਫ਼ ਵੇਖਣਾ ਹੀ ਕਾਫ਼ੀ ਨਹੀਂ ਹੈ, ਉਸ ਨੂੰ ਅਨੁਭਵ ਕਰਨਾ ਵੀ ਜ਼ਰੂਰੀ ਹੈ। ਕਲਾ ਵਿਚ ਸਿਰਫ਼ ਉਹੋ ਚੀਜ਼ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਜੋ ਕਲਾਕਾਰ ਦੇ ਦਿਲ ਵਿਚ ਪੂਰੀ ਤਰ੍ਹਾਂ ਸਮਾ ਗਈ ਹੋਵੇ।
ਲੇਖਕ ਦੀ ਲਿਖਤ ਦਾ ਢਾਂਚਾ ਕਸਵਾਂ ਹੋਣਾ ਚਾਹੀਦਾ ਹੈ ਕਿ ਉਸ ਵਿਚ ਕੋਈ ਵੀ ਸ਼ਬਦਾਵਲੀ ਕੱਢੀ ਜਾਂ ਪਾਈ ਜਾਣ ’ਤੇ ਉਸ ਵਿਚ ਫ਼ਰਕ ਪੈ ਜਾਏ। ਸੋਹਣੀ ਰਚਨਾ ਵਿਚ ਵੱਖਰੀ ਕਿਸਮ ਦੀ ਲੈਅ ਹੁੰਦੀ ਹੈ। ਚੰਗੀ ਲੈਅ ਪੈਦਾ ਕਰਨ ਲਈ ਲਫ਼ਜ਼ਾਂ ਨੂੰ ਫਿਕਰੇ ਵਿਚ ਇਸ ਤਰ੍ਹਾਂ ਬੀੜਨ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦਾ ਅਰਥ ਸੁੱਤੇ ਸਿੱਧ ਪਾਠਕ ਤੱਕ ਪੁੱਜ ਜਾਵੇ ਤੇ ਅਰਥ ਲੱਭਣ ਲਈ ਪਾਠਕ ਨੂੰ ਕੋਈ ਖੇਚਲ ਨਾ ਕਰਨੀ ਪਵੇ। ਲੇਖਕ ਖੂਬਸੂਰਤ ਲੈਅ ਸਦਕਾ ਪਾਠਕ ਦੀ ਦਿਲਚਸਪੀ ਨੂੰ ਮਰਨ ਨਹੀਂ ਦਿੰਦਾ ਤੇ ਪਾਠਕ ਲੇਖਕ ਦੇ ਵਿਚਾਰਾਂ ਅਤੇ ਜਜ਼ਬਿਆਂ ਨਾਲ ਸਾਂਝ ਪਾ ਲੈਂਦਾ ਹੈ। ਲੇਖਕ ਦੀ ਪ੍ਰਤਿਭਾ ਲੋਕਾਂ ਦੇ ਅਹਿਸਾਸ ਸੁਣਨ ਦੀ ਸਮਰੱਥਾ ’ਤੇ ਨਿਰਭਰ ਹੁੰਦੀ ਹੈ। ਲਫ਼ਜ਼ਾਂ ਨੂੰ ਸਹੀ ਆਵਾਜ਼ਾਂ ਵਿਚ ਸੁਣਨ ਦਾ ਮਤਲਬ ਹੈ ਕਿ ਲੇਖਕ ਦਾ ਸੰਗੀਤ ਤੋਂ ਜਾਣੂੰ ਹੋਣਾ ਤੇ ਰਚਨਾ ਦੇ ਸੁਹੱਪਣ ਨੂੰ ਸਮਝਣ ਦੇ ਸਮਰੱਥ ਹੋਣਾ ਹੈ। ਕਿਸੇ ਰਚਨਾ ਦੇ ਸੁਹੱਪਣ ਨੂੰ ਮਾਣਦਿਆਂ ਹਰ ਵਿਅਕਤੀ ਦਾ ਅੰਤਰਮਨ ਧੋਤਾ ਜਾਂਦਾ ਹੈ ਤੇ ਪਵਿੱਤਰਤਾ ਜਨਮ ਲੈਂਦੀ ਹੈ। ਕਿਸੇ ਰਚਨਾ ਵਿਚ ਲਫ਼ਜ਼, ਸਤਰ ਵਿਚ ਆ ਕੇ ਚਮਕਣ, ਟੁਣਕਣ ਅਤੇ ਮਹਿਕਣ ਲੱਗ ਪੈਂਦੇ ਹਨ। ਕਿਸੇ ਰਚਨਾ ਵਿਚ ਲਫ਼ਜ਼ਾਂ ਦੀ ਟੂਣੇਹਾਰੀ ਸ਼ਕਤੀ ਰਾਹੀਂ ਕਲਾਤਮਿਕ ਸਿਖਰਾਂ ਛੋਹੀਆਂ ਜਾ ਸਕਦੀਆਂ ਹਨ।
ਪਾਸਤੋਵਸਕੀ ਨੇ ਲੇਖਕ ਅਤੇ ਉਸ ਦੀ ਸਿਰਜਣ ਪ੍ਰਕਿਰਿਆ ਨਾਲ ਸੰਬੰਧਿਤ ਹਰ ਮਸਲੇ ਨੂੰ ਛੋਹਿਆ ਹੈ। ਮਸਲਿਆਂ ਦੇ ਹੱਲ ਸਬੰਧੀ ਨੁਕਤੇ ਲੇਖਕਾਂ ਅੰਦਰ ਪਸਰੇ ਧੁੰਦਲਕੇ ਅਤੇ ਸਾਹਿਤ ਅੰਦਰ ਫੈਲੇ ਪ੍ਰਦੂਸ਼ਣ ਨੂੰ ਦੂਰ ਕਰਨ ਦੇ ਸਮਰੱਥ ਹਨ। ਇਸ ਪੁਸਤਕ ਵਿਚ ਲਿਖਤ ਦਾ ਵਿਸ਼ਾ ਵਸਤੂ, ਬਿੰਬਾਵਲੀ, ਚਰਿੱਤਰ ਚਿਤਰਣ, ਜ਼ੁਬਾਨ ਦੀਆਂ ਉਚਾਈਆਂ, ਸਾਹਿਤ ਦਾ ਲੋਕਪ੍ਰਿਯ ਪੱਖ, ਰਚਨਾ ਅੰਦਰਲੇ ਸੁਹਜਵਾਦ ਸਬੰਧੀ ਮਸਲਿਆਂ ਨੂੰ ਵਿਚਾਰਿਆ ਹੀ ਨਹੀਂ ਗਿਆ ਸਗੋਂ ਇਸ ਦਾ ਉਸਾਰੂ ਹੱਲ ਵੀ ਪੇਸ਼ ਕੀਤਾ ਹੈ।
ਸੰਪਰਕ: 96461-11669