ਵਿਆਜ
ਸੁਖਪਾਲ
ਏਹ ਜੋ ਥੋੜ੍ਹੀ ਜਿਹੀ ਹਿੰਮਤ ਹਾਲੇ ਬਚੀ
ਹੈ ਤੇਰੇ ਕੋਲ
ਏਹੀ ਆਖ਼ਰੀ ਚੋਣ ਬਚੀ ਹੈ ਤੇਰੇ ਕੋਲ
– ਤੂੰ ਲੜ ਸਕਦਾ ਹੈਂ
– ਜਾਂ ਭੱਜ ਸਕਦਾ ਹੈਂ
ਤੂੰ ਭੱਜੇਂਗਾ ਸਦਾ ਓਸ ਦਿਸ਼ਾ ਵਿਚ
ਜਿਧਰ ਯੁੱਧ ਨਹੀਂ ਹੈ
ਭੱਜਦਾ ਭੱਜਦਾ ਆਖ਼ਰ ਤੂੰ ਥੱਕ ਜਾਵੇਂਗਾ
ਢਹਿ ਪਵੇਂਗਾ
ਤਾਂ ਕੋਈ ਤੇਰਾ ਮੋਢਾ ਠਕੋਰੇਗਾ ਪਿੱਛੋਂ ਦੀ
ਤੂੰ ਪਰਤ ਕੇ ਵੇਖੀਂ –
ਉਹ ਹੋਵੇਗਾ ਯੁੱਧ ਹੀ …
ਯੁੱਧ ਨਾ ਪਿੱਛਾ ਕਰਦਾ ਥੱਕਦਾ ਹੈ
ਨਾ ਤੁਹਾਡੇ ਨਾਲ ਲੜਦਾ ਥੱਕਦਾ ਹੈ
ਲੜਨ ਵਾਲਾ ਵੀ ਮਰਨ ਤੱਕ ਨਹੀਂ ਥੱਕਦਾ
ਪਰ ਭੱਜਣ ਵਾਲਾ ਜੀਂਦੇ ਜੀਅ ਥੱਕ ਸਕਦਾ ਹੈ…
ਜਦ ਯੁੱਧ ਤੇਰਾ ਢੱਠੇ ਹੋਏ ਦਾ ਮੋਢਾ
ਠਕੋਰੇਗਾ ਪਿੱਛੋਂ ਦੀ
ਤਾਂ ਉਸ ਦੁਖਦਾਈ ਪਲ ਵਿਚ ਤੇਰੇ ਕੋਲ
ਚੋਣ ਨਹੀਂ ਹੋਣੀ –
ਹੋਰ ਭੱਜ ਸਕਣ ਦੀ
ਨਾ ਸਮਰੱਥ ਹੋਣੀ – ਦੁਬਾਰਾ ਲੜ ਸਕਣ ਦੀ…
ਉਸ ਪਲ ਬਸ ਹੋਣੀ ਵਾਪਰੇਗੀ ਤੇਰੇ ਨਾਲ
ਉਸ ਮੌਤ ਵਰਗੀ ਜਿਸ ਵਿਚ ਬੰਦਾ
ਮਰਦਾ ਨਹੀਂ –
ਸਿਰਫ਼ ਵੇਖਦਾ ਹੈ – ਆਪਣੀ ਸ਼ਾਹ-ਰਗ ਵਿਚੋਂ
ਰੱਤ ਨੂੰ ਹੌਲ਼ੀ ਹੌਲ਼ੀ ਕਿਰਦਿਆਂ
ਉਸ ਪਲ ਵਿਚ ਸਿਰਫ਼ ਮੰਗ ਵਾਪਰਦੀ ਹੈ
ਛੇਤੀਓਂ ਛੇਤੀ ਮਰ ਜਾਣ ਦੀ
ਬਦਕਿਸਮਤੀ ਨਾਲ ਉਸ ਪਲ ਮਰਨਾ
ਨਹੀਂ ਵਾਪਰਦਾ…
ਮੰਗਤੇ – ਚੁਣ ਨਹੀਂ ਸਕਦੇ
ਮੌਤ ਮੰਗਣ ਵਾਲੇ ਵੀ ਮੌਤ ਨਹੀਂ ਚੁਣ ਸਕਦੇ
ਮੰਗਤੇ ਦੀ ਅਰਦਾਸ ਨਹੀਂ ਹੁੰਦੀ ਸਵੀਕਾਰ
ਦੇਣ ਵਾਲਾ ਸਿਰਫ਼ ਦਾਨੀ ਦੀ ਅਰਦਾਸ ਹੀ ਕਰੇ ਸਵੀਕਾਰ!
ਜ਼ਿੰਦਗੀ ਦੇਣ ਵਾਲੇ ਹੀ ਹੁੰਦੇ ਹਨ ਮੌਤ ਦੇ ਹੱਕਦਾਰ
ਬਾਕੀ ਰਹਿ ਜਾਂਦੇ ਹਨ ਅੱਧਮੋਏ ਹੀ…
ਭੱਜਣ ਵਾਲਾ ਸਿਰਫ਼ ਥਾਂ ਬਦਲ ਸਕਦਾ ਹੈ ਲੜਨ ਦੀ
ਯੁੱਧ ਨੂੰ ਸ਼ਾਂਤੀ ਨਾਲ ਨਹੀਂ ਬਦਲ ਸਕਦਾ
ਯੁੱਧ ਨੂੰ ਅੱਗੇ ਪਾ ਸਕਦਾ ਹੈ
ਯੁੱਧ ਦੀ ਨਿਸ਼ਚਿਤਤਾ ਨਹੀਂ ਬਦਲ ਸਕਦਾ
ਭੱਜਣ ਨਾਲ ਕਿਸਮ ਬਦਲ ਸਕਦੀ ਹੈ ਦੁੱਖ ਦੀ
ਦੁੱਖ ਦਾ ਵਾਪਰਣਾ ਨਹੀਂ ਬਦਲ ਸਕਦਾ
ਮਨੁੱਖ ਸ਼ਾਂਤ ਨਹੀਂ ਹੁੰਦਾ – ਭੱਜ ਜਾਣ ਨਾਲ
ਸ਼ਾਂਤ ਹੁੰਦਾ ਹੈ – ਹੱਕ ਵਾਸਤੇ ਲੜਨ ਨਾਲ…
ਜੇ ਯੁੱਧ ਨੇ ਤੈਨੂੰ ਚੁਣ ਲਿਆ ਹੈ
ਤਾਂ ਤੇਰੇ ਕੋਲ ਚੋਣ ਨਹੀਂ ਬਚੀ ਹੁਣ ਨਾ ਲੜਨ ਦੀ
ਬੇਹਤਰ ਹੈ ਤੂੰ ਹੁਣੇ ਹੀ ਲੜ ਲੈ
ਲੜਦੀ ਕਿਰਪਾਨ ਦਾ ਭਾਰ ਨਹੀਂ ਹੁੰਦਾ
ਅਣਲੜੇ ਸਮੇਂ ਦਾ ਭਾਰ ਹੁੰਦਾ ਹੈ
ਮੂਲ ਨਹੀਂ ਮਾਰਦਾ – ਵਿਆਜ ਮਾਰਦਾ ਹੈ
ਤੂੰ ਹੁਣੇ ਲੜੇਂ ਤਾਂ ਸ਼ਾਇਦ ਜਿੱਤ ਜਾਵੇਂ
ਅੱਗੇ ਪਾਵੇਂ ਤਾਂ ਸ਼ਾਇਦ ਯੁੱਧ ਦਾ ਵਿਆਜ
ਤੇਰੀ ਕੰਡ ਭੰਨ ਦੇਵੇ
ਭੰਨੇ ਹੋਏ ਤੀਰ ਨਾਲ ਵੀ
ਲੜਿਆ ਜਾ ਸਕਦਾ ਹੈ
ਭੰਨੀ ਹੋਈ ਕੰਡ ਨਾਲ ਨਹੀਂ…
* * *
ਗ਼ਜ਼ਲ
ਗੁਰਤੇਜ ਕੁਹਾਰਵਾਲਾ
ਮੈਂ ਕਿਹੜੇ ਦੇਸ ਵਿਚ ਹਾਂ, ਰੋਜ਼ ਨਕਸ਼ਾ ਦੇਖਦਾ ਹਾਂ।
ਜਿਵੇਂ ਸਰਹੱਦ ’ਤੇ ਖੜ੍ਹ ਕੇ, ਘਰ ਦਾ ਰਸਤਾ ਦੇਖਦਾ ਹਾਂ।
ਤੁਸੀਂ ਮੇਰੇ ਸਫ਼ਰ ਨੂੰ ਜਿੰਨਾ ’ਨ੍ਹੇਰਾ ਕਰ ਰਹੇ ਹੋ,
ਮੈਂ ਓਨਾ ਜਾਗਦਾ ਹਾਂ, ਹੋਰ ਜ਼ਿਆਦਾ ਦੇਖਦਾ ਹਾਂ।
ਮੁਕੰਮਲ ਹੋ ਗਿਆ ਇੱਕ ਦਾਇਰਾ ਬੇਸ਼ੱਕ ਕਦੋਂ ਦਾ,
ਮੈਂ ਇੱਕ ਬਿੰਦੂ ਨੂੰ ਹਾਲੇ ਵੀ ਅਧੂਰਾ ਦੇਖਦਾ ਹਾਂ।
ਮੇਰੇ ਦਿਨ ਭਰ ਦੁਪਹਿਰੇ ਆਥਣਾਂ ਵੱਲ ਜਾ ਰਹੇ ਨੇ,
ਮੈਂ ਅੱਧੀ ਰਾਤ ਨੂੰ ਸੂਰਜ ਨਿੱਕਲਦਾ ਦੇਖਦਾ ਹਾਂ।
ਮੈਂ ਪੂਰੇ ਝੂਠ ਦੇ ਅਖ਼ਬਾਰ ਨੂੰ ਚੁੱਲ੍ਹੇ ’ਚ ਡਾਹਵਾਂ,
ਅਧੂਰੇ ਸੱਚ ਨੂੰ ਕੰਧਾਂ ’ਤੇ ਲਿਖਿਆ ਦੇਖਦਾ ਹਾਂ।
* * *
ਰਹੱਸ
ਡਾ. ਮਨਮੋਹਨ
ਪਾਠਕ ਵਾਂਗ ਕਿਤਾਬ ਦੀ ਵੀ ਮਰਜ਼ੀ ਹੁੰਦੀ
ਕਦੋਂ ਕਿੱਥੇ ਕਿਵੇਂ ਕਿਸ ਕੋਲ਼ੋਂ ਪੜ੍ਹ ਹੋਣੈ
ਪਾਠਕ ਘੜ ਲਵੇ ਕਿੰਨੀਆਂ ਤਰਕੀਬਾਂ
ਪੜ੍ਹਨੀ ਹੀ ਪੜ੍ਹਨੀ ਇਹ ਕਿਤਾਬ
ਪੜ੍ਹੇ ਜਾਣਾ ਹੁੰਦੈ ਜਦੋਂ ਉਦੋਂ ਹੀ
ਆਪਣਾ ਆਪ ਪੜ੍ਹਾਉਂਦੀ ਕਿਤਾਬ
ਸੋਚਿਆ ਹੁੰਦੈ ਪਾਠਕ ਨੇ ਕਿ ਹੱਥਲੀ ਕਿਤਾਬ
ਪੜ੍ਹ ਦੇਣੀ ਦਿਨਾਂ ’ਚ ਹੀ ਕਿ ਹੋਰ ਕੰਮ ਆ ਪੈਂਦੇ
ਰਹਿ ਜਾਂਦੀ ਅੱਧ ਵਿਚਾਲ਼ੇ ਕਿਸੇ ਦਿਨ ਅਚਾਨਕ
ਹੱਥ ਲੱਗ ਜਾਂਦੀ ਕੋਈ ਹੋਰ ਕਿਤਾਬ
ਬਹੁਤ ਦੂਰੋਂ ਸਬੰਧਿਤ ਹੁੰਦੀ ਇਹ
ਓਸ ਕਿਤਾਬ ਨਾਲ਼ ਲੰਬਿਤ ਹੁੰਦੀ ਜੋ ਦਿਨਾਂ ਤੋਂ
ਜਿਵੇਂ ਯਾਦ ਆ ਜਾਵੇ ਭੁੱਲਿਆ ਵਿੱਸਰਿਆ ਪ੍ਰੇਮ
ਪੜ੍ਹਨ ਤੇ ਪ੍ਰੇਮ ਕਰਨ ਦੇ ਸਾਰੇ ਸੰਯੋਗ ਪੂਰਵ ਨਿਸਚਿਤ
ਸਮਝ ਨਹੀਂ ਸਕਿਆ ਕੋਈ ਅੱਜ ਤੱਕ ਏਹ ਅਧਿਆਤਮ
* * *
ਚੌ-ਮਿਸਰੇ
ਸੁਰਜੀਤ ਜੱਜ
ਹਜ਼ਾਰਾਂ ਸਦਮਿਆਂ ਵਿੱਚੋਂ ਵੀ ਹੋ ਪ੍ਰਸੰਨ ਉੱਗਦਾ ਏ
ਮੈਂ ਜਿੱਥੇ ਵਾਸ ਕਰਦਾਂ ਓਸ ਥਾਂ ਤੋਂ ਚੰਨ ਉੱਗਦਾ ਏ
ਤੁਸੀਂ ਹਠ ਨਾਲ਼ ਮੇਰੇ ਹੌਸਲੇ ਨੂੰ ਤੋੜ ਨਈਂ ਸਕਦੇ
ਮੇਰੇ ਪੈਰਾਂ ਦੀ ਛੋਹ ਦੇ ਨਾਲ ਖੇਤੀਂ ਅੰਨ ਉੱਗਦਾ ਏ
…
ਅਸਾਡੇ ਹੀ ਸਿਰਾਂ ’ਤੇ ਇਹ ਨੇ ਦਾਅਵੇਦਾਰ ਦਿੱਲੀ ਦੇ
ਬਣੇ ਬੈਠੇ ਨੇ ਜੋ ਕੁਝ ਸਿਰ-ਫਿਰੇ ਅਵਤਾਰ ਦਿੱਲੀ ਦੇ
ਜੋ ਚੌਕੀਦਾਰ ਚੋਰਾਂ ਸੰਗ ਮਿਲ਼ੇ ਓਨ੍ਹਾਂ ਨੂੰ ਘੇਰਨ ਲਈ
ਦਿੱਲੀ ਘੇਰ ਕੇ ਬੈਠੇ ਨੇ ਪਹਿਰੇਦਾਰ ਦਿੱਲੀ ਦੇ
…
ਕਿ ਮਾਇਆਧਾਰੀਆਂ ਦੇ ਅਹਿਦ ਦੀ ਕਿਆਮਤ ’ਚ ਬਦਲਾਂਗੇ
ਅਸੀਂ ਹਰ ਖ਼ੁਦਕੁਸ਼ੀ ਤਾਈਂ ਸ਼ਹਾਦਤ ਵਿਚ ਬਦਲਾਂਗੇ
ਇਹ ਹੱਕ ਹੈ ਅੰਨ-ਦਾਤੇ ਦਾ ਹਿਫ਼ਾਜ਼ਤ ਰਿਜ਼ਕ ਦੀ ਕਰਨੀ
ਅਸੀਂ ਹੁਣ ਤਰਲਿਆਂ ਨੂੰ ਕਿਰਤ ਦੀ ਤਾਕਤ ਵਿਚ ਬਦਲਾਂਗੇ
…
ਮਾਂ-ਮਿੱਟੀ ਦੇ ਸੁਪਨੇ ਖਿੜ ਕੇ ਵਰ੍ਹਿਆਂ ਬਾਅਦ ਗੁਲਾਬ ਬਣੇ ਨੇ
ਸਾਰੇ ਸ਼ਾਹੀ ਹਥਿਆਰਾਂ ਦਾ ਸਾਡੇ ਹਲ਼ ਜਵਾਬ ਬਣੇ ਨੇ
ਕੁਲ ਦੇਸ਼ ਦੇ ਕਿਰਤੀ ਹੱਥ ਹੁਣ ਮੁੱਕਿਆਂ ਦੇ ਵਿਚ ਬਦਲ ਰਹੇ ਨੇ
ਇੱਕੋ ਜਿਸਮ ਦੀਆਂ ਦੋ ਬਾਹਵਾਂ ਹਰਿਆਣਾ ਪੰਜਾਬ ਬਣੇ ਨੇ
…
ਇਹ ਜੂਝਣ ਵਾਸਤੇ ਆਪਣੇ ਹੱਕਾਂ ਦੇ ਹੇਤ ਜਾਗੇ ਨੇ
ਤਖ਼ਤ ਦੇ ਪਾਵਿਓ ਤੱਕੋ ਕਿ ਸੁੱਤੇ ਖੇਤ ਜਾਗੇ ਨੇ
ਸਤਾਇਆ ਲੁੱਟ ਦਾ ਫ਼ਸਲਾਂ ਦਾ ਲੂੰ-ਲੂੰ ਜਾਗ ਉੱਠਿਆ ਏ
ਸਮੁੰਦਰ ਨੀਰ ਮਾਰੂਥਲ ਸੰਭਾਲ਼ੀ ਰੇਤ ਜਾਗੇ ਨੇ
* * *
ਸ਼ਹੀਦ ਤਾਇਆ
ਧਰਮ ਸਿੰਘ ਕੰਮੇਆਣਾ
ਛੜਾ ਤਾਇਆ
ਘਰੋਂ ਕਿਸੇ ਕਿਸਾਨ ਧਰਨੇ ’ਤੇ ਜਾਂਦਾ
ਤਾਂ ਕੱਪੜਿਆਂ ਦਾ ਬੈਗ ਭਰ ਲੈਂਦਾ
ਅਖੇ ਕੀ ਪਤਾ ਏ
ਕਿੰਨੇ ਦਿਨਾਂ ਬਾਅਦ ਮੁੜਾਂ
ਸੱਚੀਂ ਉਹ
ਕਿੰਨੇ ਦਿਨਾਂ ਬਾਅਦ
ਘਰ ਆਉਂਦਾ
ਉਸਦੇ ਬੈਗ ਵਿਚ
ਭਤੀਜੇ/ਭਤੀਜੀਆਂ ਲਈ
ਕਈ ਕੁਝ ਹੁੰਦਾ
ਖੇਡਣ-ਖਾਣ ਲਈ
ਉਹ ਬੜੀਆਂ ਗੱਲਾਂ ਸੁਣਾਉਂਦਾ
ਧਰਨੇ ਵਾਲੇ ਸ਼ਹਿਰ ਦੀਆਂ
ਅੱਜ ਦਿੱਲੀਓਂ ਵੀ
ਉਹ ਕਈ ਦਿਨਾਂ ਪਿੱਛੋਂ ਆਇਆ ਹੈ
ਪਰ ਇਸ ਵਾਰੀ
ਉਸ ਨਾਲ ਉਸਦਾ ਬੈਗ ਨਹੀਂ ਆਇਆ
ਉਹ ਕੋਈ ਗੱਲ ਨਹੀਂ ਕਰ ਰਿਹਾ
ਇਸ ਵਾਰੀ ਦਿੱਲੀਓਂ ਉਹ
ਕਿਸਾਨ ਯੂਨੀਅਨ ਦੇ
ਝੰਡੇ ’ਚ ਲਪੇਟਿਆ ਆਇਆ ਹੈ
ਕਿਉਂਕਿ ਛੜਾ ਤਾਇਆ
ਹੁਣ ਸ਼ਹੀਦ ਤਾਇਆ ਬਣ ਗਿਆ ਹੈ।
* * *
ਸੁੱਤਾ ਰਾਜਾ
ਸੁਖਵਿੰਦਰ ਕੰਬੋਜ
ਓ ਨੀਂਦ ’ਚ ਸੁੱਤੇ ਰਾਜਿਆ
ਅਸੀਂ ਨਹੀਂ ਚਾਹੁੰਦੇ
ਤੂੰ ਸਾਡੇ ਨਾਲ ‘ਮਨ ਕੀ ਬਾਤ’ ਪਾਵੇਂ
ਅਸੀਂ ਤਾਂ ਚਾਹੁੰਦੇ ਹਾਂ ਕਿ ਤੂੰ ਜਾਣੇਂ
ਜੋ ਸਾਡੇ ਮਨ ਵਿਚ ਰਿੱਝਦਾ
ਜੋ ਰੋਹ ਦਾ ਗ਼ੁਬਾਰ ਹੈ
ਤੇ ਲੋੜਾਂ ਥੁੜਾਂ ਤੇ ਔਕੜਾਂ ਵਿਚ
ਫਸਿਆ ਹੈ ਕਿਸਾਨ ਦਾ ਦਿਲ-
ਫ਼ਸਲਾਂ ਦੇ ਭਾਅ ਤਾਂ ਪਹਿਲਾਂ ਹੀ ਸੁੱਕ ਚੁੱਕੇ ਨੇ-
ਜੇ ਨਹੀਂ ਸੁੱਕੇ
ਤਾਂ ਖਾਦ ਡੀਜ਼ਲ ਤੇ ਕੀੜੇ ਮਾਰ
ਦਵਾਈਆਂ ਦੇ ਭਾਅ
ਤੇ ਹਰ ਫ਼ਸਲ ਬਾਅਦ
ਅਸੀਂ ਹੀ ਕਿਉਂ ਹੋਰ ਕਰਜ਼ਾਈ ਹੋ ਰਹੇ ਹਾਂ
ਸਾਡੀ ਹੀ ਧੀ, ਕਿਉਂ ਹਰ ਵਾਰ ਜਰੇ
ਘਸਮੈਲ਼ੇ ਸੂਟ ਦੀ ਛਿਲਤ
ਸਾਡੇ ਹੀ ਘਰਾਂ ’ਚ ਕਿਉਂ ਨੱਚਦਾ ਹੈ
ਕਰਜ਼ੇ ਦਾ ਫ਼ਨੀਅਰ
ਜਦੋਂ ਕਿ ਅੰਬਾਨੀ ਅਡਾਨੀ ਤੇ
ਉਹਨਾਂ ਵਰਗਿਆਂ ਦੇ ਲਾਣੇ ਦਾ
ਹੋਰ ਉੱਚਾ ਹੋ ਰਿਹਾ ਹੈ ਦੌਲਤ ਦਾ ਅੰਬਾਰ
ਅਸੀਂ ਦੌਲਤਾਂ ਦੇ ਉੱਚੇ ਪਰਬਤ ਨਹੀਂਮੰਗਦੇ
ਅਸੀਂ ਤਾਂ ਚਾਹੁੰਦੇ ਹਾਂ
ਬਸ ਇਹ ਜ਼ਿੰਦਗੀ
ਇੱਜ਼ਤ ਮਾਣ ਨਾਲ ਜੀਵੀਏ
ਪਰ ਤੂੰ ਹਰ ਨਵੇਂ ਪਲ
ਸਾਡੇ ਪੈਰਾਂ ਹੇਠੋਂ
ਜ਼ਮੀਨ ਖਿੱਚਣ ਲਈ ਬਜ਼ਿੱਦ ਹੈਂ
ਤੈਨੂੰ ਯਾਦ ਹੋਣੈ ਰਾਜਿਆ
ਸਾਡੇ ਪੁਰਖਿਆਂ ਨੇ ਇਹ ਦਿੱਲੀ 18 ਵਾਰ ਜਿੱਤੀ ਸੀ-
ਇਸ ਵਾਰ ਤਾਂ ਅਸੀਂ ਦਿੱਲੀ ਫ਼ਤਹਿ ਕਰਨੀ ਹੈ
ਤੇ ਮੰਡੀਆਂ ਦੀ ਲੁੱਟ
ਹਮੇਸ਼ਾ ਲਈ ਖ਼ਤਮ ਕਰਨੀ ਹੈ
ਮੰਡੀਆਂ ਦੀ ਲੁੱਟ
ਹਮੇਸ਼ਾ ਲਈ ਖ਼ਤਮ ਕਰਨੀ ਹੈ…
* * *
ਇਹ ਕੌਣ ਹਨ
ਅਮਰਜੀਤ ਕੌਂਕੇ
ਇਹ ਜੋ ਠਰਦੀਆਂ ਰਾਤਾਂ ਵਿਚ
ਸੜਕਾਂ ਕਿਨਾਰੇ
ਟਰਾਲੀਆਂ ਵਿਚ
ਫੁਟਪਾਥਾਂ ’ਤੇ
ਟੈਂਟਾਂ ਵਿਚ
ਰਾਤਾਂ ਕੱਟ ਰਹੇ
ਕੌਣ ਨੇ ਇਹ?
ਇਹ ਕਿਸੇ ਦੇਸ਼ ਤੋਂ ਉੱਜੜ ਕੇ ਆਏ
ਰਿਫ਼ਿਊਜੀ ਨਹੀਂ
ਇਸੇ ਦੇਸ਼ ਦੇ ਬਸ਼ਿੰਦੇ ਹਨ
ਇਸੇ ਦੇਸ਼ ਦੇ ਬਸ਼ਿੰਦੇ ਹਨ
ਇਸ ਧਰਤੀ ਵਿਚ
ਆਪਣਾ ਖ਼ੂਨ ਪਸੀਨਾ ਡੋਲ੍ਹ ਕੇ
ਅਨਾਜ ਪੈਦਾ ਕਰਦੇ
ਸਾਰੇ ਦੇਸ਼ ਦਾ ਢਿੱਡ ਭਰਦੇ
ਇਹ ਕੋਈ ਧਾੜਵੀ ਨਹੀਂ ਹਨ
ਇਸੇ ਦੇਸ਼ ਦੇ ਅੰਨਦਾਤਾ ਹਨ
ਇਹ ਜੋ ਆਪਣੇ ਦੁੱਖ ਰੋਣ ਲਈ
ਆਪਣੇ ਦਰਦ ਸੁਣਾਉਣ ਲਈ
ਆਪਣੇ ਦੇਸ਼ ਦੀ ਰਾਜਧਾਨੀ ਵਿਚ
ਆਉਣਾ ਚਾਹੁੰਦੇ ਸਨ
ਕਿਸੇ ਦਾ ਕੁਝ ਖੋਹਣ ਲਈ ਨਹੀਂ
ਜਾਂ ਕਾਬਜ਼ ਹੋਣ ਲਈ ਨਹੀਂ
ਸਗੋਂ ਆਪਣੀਆਂ ਜ਼ਮੀਨਾਂ
ਲੁਟੇਰਿਆਂ ਤੋਂ ਬਚਾਉਣ ਲਈ
ਆਪਣਾ ਭਵਿੱਖ ਲੁੱਟੇ ਜਾਣ ਤੋਂ
ਰੁਕਵਾਉਣ ਦੇ ਲਈ
ਤੁਸੀਂ ਜਿਨ੍ਹਾਂ ’ਤੇ ਅੱਥਰੂ ਗੈਸ ਦੇ ਗੋਲ਼ੇ ਸੁੱਟੇ
ਰਾਹਾਂ ਵਿਚ ਟੋਏ ਪੁੱਟ ਦਿੱਤੇ
ਪਾਣੀ ਦੀਆਂ ਤੋਪਾਂ ਨਾਲ ਉਨ੍ਹਾਂ ਨੂੰ ਡੱਕਿਆ
ਕੋਈ ਧਾੜਵੀ ਨਹੀਂ ਹਨ
ਇਸੇ ਦੇਸ਼ ਦੇ ਕਿਸਾਨ ਹਨ
ਇਹ ਅੰਨਦਾਤਾ ਹਨ
ਇਸ ਧਰਤੀ ਦੇ ਪਾਲਕ
ਇਸ ਦੇਸ਼ ਦੇ ਸਿਰਜਕ
ਜਿਨ੍ਹਾਂ ਨੂੰ ਤੁਸੀਂ ਠਰਦੀਆਂ ਰਾਤਾਂ ਵਿਚ
ਸੜਕਾਂ ’ਤੇ ਰਹਿਣ ਲਈ ਮਜਬੂਰ ਕੀਤਾ ਹੈ
ਜਿਨ੍ਹਾਂ ਲਈ ਤੈਨਾਤ ਕੀਤੀ ਹੈ
ਤੁਸੀਂ ਹਥਿਆਰਬੰਦ ਸੈਨਾ
ਇਹ ਕੋਈ ਦੁਸ਼ਮਣ ਫ਼ੌਜ ਦੇ ਸਿਪਾਹੀ ਨਹੀਂ ਹਨ
ਇਸ ਦੇਸ਼ ਦੇ ਅੰਨਦਾਤਾ ਹਨ
ਜਿਨ੍ਹਾਂ ਨੂੰ ਤੁਸੀਂ ਵਾਰ ਵਾਰ ਦੱਸ ਰਹੇ ਹੋ
ਕਿ ਇਹ ਦੇਸ਼ ਤੁਹਾਡਾ ਨਹੀਂ ਹੈ
ਇਹ ਰਾਜਧਾਨੀ ਤੁਹਾਡੀ ਨਹੀਂ ਹੈ
ਤੁਸੀਂ ਵਾਰ ਵਾਰ ਇਨ੍ਹਾਂ ਨੂੰ
ਇਹ ਜਤਾ ਰਹੇ ਹੋ
ਅਹਿਸਾਸ ਕਰਵਾ ਰਹੇ ਹੋ
ਪਰ
ਇਹ ਕਿਸੇ ਹੋਰ ਮੁਲਕ ਤੋਂ ਆਏ ਧਾੜਵੀ ਨਹੀਂ
ਇਹ ਇਸ ਦੇਸ਼ ਦੇ ਮਾਲਕ ਹਨ
ਇਹ ਇਸ ਦੇਸ਼ ਦੇ ਸਿਰਜਕ ਹਨ
ਇਹ ਇਸ ਦੇਸ਼ ਦੇ ਅੰਨਦਾਤਾ ਹਨ
ਇਹ ਇਸ ਦੇਸ਼ ਦੇ ਕਿਸਾਨ ਹਨ
ਇਹ ਇਥੋਂ ਜਿੱਤ ਕੇ ਜਾਣਗੇ
ਇਕ ਦਿਨ ਜਿੱਤ ਕੇ ਜਾਣਗੇ…
* * *
ਮਿੱਟੀ ਦੀ ਯਾਤਰਾ
ਬਲਵਿੰਦਰ ਸੰਧੂ
ਖੇਤ ਵਿਚ ਹੋਵਾਂ
ਕਹੀ, ਕਲਮ ਹੋ ਜਾਂਦੀ
ਜ਼ਿਮੀਂ ਕਾਗਜ਼!
ਪਸੀਨੇ ’ਚੋਂ
ਸਿਆਹੀ ਦੀ ਖ਼ੁਸ਼ਬੋ ਆਉਂਦੀ
ਕਲਪਨਾ ਦੁਮੇਲ ਤੱਕ ਫੈਲਦੀ
ਮਿੱਟੀ ’ਚੋਂ ਉੱਠਦੀ ਸੁਗੰਧ
ਸ਼ਬਦਾਂ ਨੂੰ ਜੀਵੰਤ ਤੱਤ ਦਿੰਦੀ
ਸਿਰ ਤੋਂ ਲੰਘਦੀ
ਪੰਖਣੂੰਆਂ ਦੀ ਡਾਰ
ਪੰਕਤੀਆਂ ਇਕਸਾਰ ਕਰਦੀ
ਧੁੱਪ ਦਾ ਪ੍ਰਕਾਸ਼ ਹੁੰਦਾ…
ਅੰਬਰ ਚੰਦੋਆ ਹੋ
ਗੀਤ ਦੇ ਸਿਰ ਤਣਦਾ
ਮੈਂ ਇਉਂ ਹੁੰਦਾ
ਜਿਉਂ ਰਿਸ਼ੀਵਰ ਕੋਈ
ਆਪਣੀ ਸਿਰਜਣਾ ’ਚ ਵਿਲੀਨ ਹੁੰਦਾ…
ਪਰਤਦਾ ਘਰ ਤਾਂ
ਖੇਤ ’ਚੋਂ ਖੱਗਿਆ ਗੀਤ
ਪੀਹੜੇ ’ਤੇ ਬਿਠਾਉਂਦਾ
ਗੀਤ ਹਵਾ ਵਿੱਚ ਉੱਡਦਾ
ਹੱਦਾਂ ਸਰਹੱਦਾਂ ਟੱਪਦਾ…
ਜਿਸ ਦੀਆਂ ਜੜ੍ਹਾਂ
ਮੇਰੇ ਖੇਤਾਂ ਵਿਚ…
ਪੱਤ, ਪਤਾਲਾਂ ਵਿਚ ਝੂਮਦੇ…!!
* * *
ਗ਼ਜ਼ਲ
ਜਗਵਿੰਦਰ ਜੋਧਾ
ਉਨ੍ਹੇ ਪੁੱਛਿਆ ਜਦੋਂ ਕਿੰਝ ਬੀਤਦੀ ਹੈ?
ਮੈਂ ਬਸ ਏਨਾ ਕਿਹਾ ਚੁੱਪ ਮਾਣਦਾ ਹਾਂ
ਚੁਫੇਰੇ ਰਿਸ਼ਤਿਆਂ ਦੀ ਰੇਤ ਵਿੱਚੋਂ
ਗਵਾਚੀ ਹੋਂਦ ਦੇ ਕਣ ਛਾਣਦਾ ਹਾਂ
ਮੇਰੇ ਪਹਿਲੂ ’ਚੋਂ ਉੱਠ ਕੇ ਜਾਣ ਵਾਲੇ
ਤੂੰ ਜਾ ਕੇ ਵੀ ਕਦੇ ਨਾ ਜਾ ਸਕੇਂਗਾ
ਮੇਰੇ ਅਹਿਸਾਸ ਵਿਚ ਇੰਜ ਰਚ ਗਿਐਂ ਕਿ
ਮੈਂ ਤੈਨੂੰ ਤੈਥੋਂ ਜ਼ਿਆਦਾ ਜਾਣਦਾ ਹਾਂ
ਜੋ ਤੇਰੇ ਸ਼ੀਸ਼ਿਆਂ ਵਿਚ ਅਕਸ ਦਿਸਦੈ
ਮੇਰੀ ਥਾਂ ਹੋਰ ਕੋਈ ਜਾਪਦੈ ਉਹ
ਤੇ ਵਗਦੀ ਖਾਲ਼ ਦੇ ਪਾਣੀ ’ਚ ਤੱਕ ਕੇ
ਮੈਂ ਆਪਣੀ ਸ਼ਕਲ ਨੂੰ ਪਹਿਚਾਣਦਾ ਹਾਂ
ਮੇਰੇ ਸਮਕਾਲ ਵਿਚ ਜਾਂ ਦੇਵ-ਕੱਦ ਨੇ
ਤੇ ਜਾਂ ਗਿੱਠ-ਮੁਠੀਏ ਰਿੜ੍ਹਦੇ ਧਰਤ ਉੱਤੇ
ਤਦੇ ਕਹਿੰਨਾਂ ਮੇਰਾ ਇਤਬਾਰ ਕਰ ਲੈ
ਮੈਂ ਤੇਰੇ ਸਿਰਫ਼ ਤੇਰੇ ਹਾਣ ਦਾ ਹਾਂ
ਬਥੇਰੇ ਚਿਰ ਤੋਂ ਏਥੇ ਰਹਿ ਰਿਹਾਂ ਪਰ
ਅਜੇ ਤੱਕ ਵੀ ਉਦਾਸੇ ਸ਼ਹਿਰ ਨੂੰ ਮੈਂ
ਸਿਨੇਮਾ ਰੋਡ ਦੇ ਢਾਬੇ ਤੋਂ ਲੈ ਕੇ
ਗਲ਼ੀ ਦੇ ਮੋੜ ਤੱਕ ਹੀ ਜਾਣਦਾ ਹਾਂ
* * *
ਗ਼ਜ਼ਲ
ਅਜ਼ੀਮ ਸ਼ੇਖ਼ਰ
ਸੁਰਾਂ ਜਿਨ੍ਹਾਂ ਦੀਆਂ ਕਰਕੇ, ਸੀ ਵੱਸਦਾ ਸ਼ਹਿਰ ਖ਼ਾਬਾਂ ਦਾ।
ਬੜਾ ਹੁਣ ਦਰਦ ਦਿੰਦਾ ਹੈ, ਜ਼ਿਕਰ ਉਹਨਾਂ ਰਬਾਬਾਂ ਦਾ।
ਦਫ਼ਨ ਇੱਕ ਵਿੱਚ ਹੈ ਮਿੱਟੀ, ਤੇ ਇੱਕ ਵਿੱਚ ਖ਼ਾਬ ਮਿੱਟੀ ਦੇ,
ਤਦੇ ਰੁਤਬਾ ਉਚੇਰਾ ਹੈ, ਏਹ ਕਬਰਾਂ ਤੇ ਕਿਤਾਬਾਂ ਦਾ।
ਜੁਦਾ ਹੋਵੇਂ ਤਾਂ ਇੰਜ ਤਰਸੀਂ, ਕਿ ਸਭ ਕੁਝ ਯਾਦ ਰਹਿ ਜਾਵੇ,
ਤੇ ਰਿਸ਼ਤਾ ਵੀ ਰਹੇ ਬਣਿਆ, ਹੈ ਜਿਉਂ ਦੋਹਾਂ ਪੰਜਾਬਾਂ ਦਾ।
ਉਦੋਂ ਹੱਥੋਂ ਸ਼ਿਕਾਰੀ ਦੇ, ਨੇ ਡਿੱਗਦੇ ਪਿੰਜਰੇ ਦਿਸਣੇ,
ਜਦੋਂ ਵੀ ਸਾਹਮਣਾ ਹੋਇਆ, ਕਿਤੇ ਜ਼ਖ਼ਮੀ ਉਕਾਬਾਂ ਦਾ।
ਨੇ ਜਿਸਦੇ ਕੱਪੜੇ ਮੈਲ਼ੇ, ਤੇ ਜੰਮੀ ਧੂੜ ਉਸਦੇ ਹੀ,
ਹੈ ਪੈਰੀਂ ਡਿੱਗਣਾ ਇੱਕ ਦਿਨ, ਇਹ ਸ਼ਮਲਾ ਵੀ ਨਵਾਬਾਂ ਦਾ।
ਮਿਟੇ ਨਾ ਪਿਆਸ ਵੀ ਇਸ ਤੋਂ, ਨਾ ਲੋਕਾਂ ਦੀ ਨਾ ਖੇਤਾਂ ਦੀ,
ਰਿਹੈ ਬੱਸ ਖ਼ੂਨ ਹੀ ਧੋਂਦਾ, ਏਹ ਪਾਣੀ ਪੰਜ-ਆਬਾਂ ਦਾ।
* * *
ਗ਼ਜ਼ਲ
ਮਨਜੀਤ ਪੁਰੀ
ਜ਼ਾਬਤਿਆਂ ਵਿੱਚ ਘਿਰ ਕੇ ਬੰਦਾ ਅਕਸਰ ਹੀਣਾ ਹੋ ਜਾਂਦਾ ਏ।
ਰਿਸ਼ਤੇ ਗੰਢਦਾ ਗੰਢਦਾ ਇੱਕ ਦਿਨ ਚੀਣਾ ਚੀਣਾ ਹੋ ਜਾਂਦਾ ਏ।
ਆਪਣੇ ਜਾਣੇ ਤਾਂ ਮੈਂ ਇਸ ਨੂੰ ਘੱਟ ਕਰਨ ਦੇ ਹੀਲੇ ਕਰਦਾਂ
ਦੁੱਖ ਮੇਰਾ ਪਰ ਫਿਰ ਵੀ ਨਿੱਤ ਹੀ ਦੂਣਾ-ਤੀਣਾ ਹੋ ਜਾਂਦਾ ਏ।
ਤੂੰ ਆਉਨੈਂ ਤਾਂ ਮੋਏ ਤਨ ’ਚੋਂ ਫਿਰ ਕੋਈ ਸਰਗਮ ਫੁੱਟ ਪੈਂਦੀ ਏ
ਮੁੜ ਜਾਨੈਂ ਜਦ, ਮੇਰਾ ਫਿਰ ਤੋਂ ਮੁਸ਼ਕਿਲ ਜੀਣਾ ਹੋ ਜਾਂਦਾ ਏ।
ਅੰਦਰੋਂ-ਬਾਹਰੋਂ ਸੱਚਾ-ਸੁੱਚਾ, ਹਰ ਗੱਲ ਮੂੰਹ ’ਤੇ ਬੋਲਣ ਵਾਲ਼ਾ
ਸੱਤਾ ਦੇ ਗਲਿਆਰੇ ਵੜ ਕੇ ਅਕਸਰ ਮੀਣਾ ਹੋ ਜਾਂਦਾ ਏ।
ਜਿੰਨਾ ਤੇਰਾ ਅਹੁਦਾ ਰੁਤਬਾ ਉੱਚਾ ਹੁੰਦਾ ਜਾਂਦੈ ਮਿੱਤਰਾ
ਓਨਾ ਤੇਰੇ ਸਾਹਵੇਂ ਸਾਡਾ ਸੁਪਨਾ ਹੀਣਾ ਹੋ ਜਾਂਦਾ ਏ।
* * *
ਉਦਾਸ ਸਮਿਆਂ ਵਿੱਚ ਮੁਹੱਬਤ…
ਸੰਤੋਖ ਸਿੰਘ ਸੁੱਖੀ
ਉਦਾਸ ਸਮਿਆਂ ਵਿੱਚ ਮੁਹੱਬਤ
ਇਸ ਤਰ੍ਹਾਂ ਜਿਵੇਂ
ਪਿਆਸੇ ਨੂੰ ਚੂਲ਼ੀ ਪਾਣੀ ਮਿਲੇ
ਅੱਖਾਂ ਨੂੰ ਭੈੜੇ ਸੁਪਨਿਆਂ ਤੋਂ ਮੁਕਤੀ
ਜਿਵੇਂ ਸਦੀਆਂ ਬਾਅਦ
ਕਿਸੇ ਦੀ ਗ਼ੁਲਾਮੀ ਦਾ ਸੰਗਲ਼ ਟੁੱਟੇ
ਜਿਵੇਂ ਅਨੰਤ ਪੀੜ੍ਹੀਆਂ ਤੋਂ ਬਾਅਦ
ਧੀਆਂ ਦੇ ਜ਼ਿਹਨ ਵਿੱਚ ਅੱਖਰ ਆ ਕੇ
ਸ਼ਬਦ ਬਣ ਕੇ ਫੈਲੇ
ਕਾਇਨਾਤ ਅੰਦਰ
ਜਿਵੇਂ ਗ਼ਰੀਬ ਦੀ ਝੌਪੜੀ ਵਿਚ
ਗੁਲਾਬ ਮਹਿਕੇ
ਜਿਵੇਂ ਗਜ਼ਾਲੇ ਨੇ ਪਹਿਲਾ
ਪੈਰ ਪੱਟਿਆ ਹੋਵੇ
ਜਿਵੇਂ ਘੁੰਗਰੂ ਨੇ
ਸੁਹਜ ਦੀ ਸ਼ਰਨ ਲਈ ਹੋਵੇ
ਜਿਵੇਂ ਧੀ ਨਾਲ ਖੇਡਦੀ ਗੁੱਡੀ ਨੇ ਵੀ
ਘਰ ਦੀ ਖ਼ੈਰ ਮੰਗੀ ਹੋਵੇ
ਉਦਾਸ ਸਮਿਆਂ ਵਿੱਚ
ਮੁਹੱਬਤ ਮੱਲ੍ਹਮ ਹੁੰਦੀ
ਬੇਮੁੱਲੇ ਕੀਤੇ ਬੰਦੇ ਦਾ ਮੁੱਲ ਬਣਾਉਂਦੀ
ਜਿਵੇਂ ਸੂਰਜ ਦੀ ਰੌਸ਼ਨੀ
ਧੁੰਦ ਵਿੱਚੋਂ ਦਿਨ ਕੱਢਦੀ
ਜਿਵੇਂ ਧੀ ਚਾਦਰ ਵਿਚੋਂ ਨਹੀਂ
ਆਪਣੇ ਅਰਮਾਨਾਂ ਦਾ ਫੁੱਲ ਕੱਢਦੀ
ਜਿਵੇਂ ਦੁਖੀ ਬੰਦੇ ਦਾ ਹਾਸਾ ਕਰਤਾਰੀ ਹੋਵੇ
ਜਿਵੇਂ ਸਾਰੇ ਅੰਬਰ ’ਤੇ
ਪ੍ਰੇਮੀ ਦਾ ਨਾਂ ਲਿਖਿਆ ਹੋਵੇ
ਜਿਵੇਂ ਧਰਤੀ ’ਤੇ ਪ੍ਰੇਮਿਕਾ ਸਧਰਾਂ ਦੇ ਸਲੋਕ ਲਿਖੇ
ਜਿਵੇਂ ਸਾਜ਼ ਦੀਆਂ ਤਾਰਾਂ ਵਿਚੋਂ
ਅਨੰਤ ਪੀੜ੍ਹੀਆਂ ਦੀ ਕੈਦ ਆਂਦਰਾਂ ਮੁਕਤ ਹੋਣ
ਉਦਾਸ ਸਮਿਆਂ ਵਿਚ ਕਵਿਤਾ
ਇੰਝ
ਜਿਵੇਂ
ਤੂੰ ਮੁੜ ਮੁੜ ਤੱਕੇਂ
ਮੁੜ ਮੁੜ ਹੱਸੇਂ
ਹਵਾ ਨੂੰ ਸਿਖਾਵੇਂ ਮੁਹੱਬਤ ਕਰਨਾ
ਉਦਾਸ ਸਮਿਆਂ ਵਿੱਚ ਕਵਿਤਾ
ਇੰਝ…
* * *
ਮੈਨੂੰ ਨੱਚਣਾ ਨਹੀਂ ਆਉਂਦਾ
ਬਖਤਾਵਰ ਸਿੰਘ ਧਾਲੀਵਾਲ
ਮੈਨੂੰ ਨੱਚਣਾ ਨਹੀਂ ਆਉਂਦਾ,
ਉਂਝ ਖ਼ੁਸ਼ ਹੋਵਾਂ ਤਾਂ ਨੱਚ ਲੈਂਦਾ ਹਾਂ।
ਕਿਸੇ ਦੀ ਖ਼ੁਸ਼ੀ ’ਚ ਸ਼ਰੀਕ ਹੁੰਦਿਆਂ ਵੀ
ਨੱਚ ਲੈਂਦਾ ਹਾਂ।
ਜ਼ਰੂਰੀ ਨਹੀਂ ਹੁੰਦਾ,
ਨੱਚਣ ਲਈ ਗਲ਼ ਕੈਂਠਾ ਹੋਵੇ,
ਪੈਰੀਂ ਤਿੱਲੇਦਾਰ ਜੁੱਤੀ ਹੋਵੇ,
ਤੇੜ ਧੂਹਵਾਂ ਚਾਦਰਾ।
ਮੌਜ ’ਚ ਹੋਵਾਂ ਤਾਂ ਇਸ ਬਿਨ ਵੀ
ਨੱਚ ਲੈਂਦਾ ਹਾਂ।
ਮੇਰੇ ਨੱਚਣ ਨਾਲ ਧਰਤੀ ਕੰਬਦੀ ਨਹੀਂ,
ਮੁਸਕੁਰਾਉਂਦੀ ਹੈ।
ਉਂਝ ਝਾਂਜਰ ਦੇ ਬੋਰ, ਦਿਲ ਦੀ ਧੜਕਣ
ਨਾਲ ਛਣਕਣ ਤਾਂ ਵੀ ਨੱਚ ਲੈਂਦਾ ਹਾਂ।
ਕੋਈ ਮੇਰੇ ਪੈਰੀਂ ਘੁੰਗਰੂ ਬੰਨ੍ਹ ਕੇ ਨੱਚਣ ਲਈ ਕਹੇ,
ਮੇਰੇ ਕੋਲੋਂ ਨੱਚਿਆ ਨਹੀਂ ਜਾਂਦਾ।
ਕਿਸੇ ਦੀਆਂ ਉਂਗਲਾਂ ’ਤੇ ਵੀ ਮੈਂ ਨੱਚ ਨਹੀਂ ਸਕਦਾ।
ਉਂਝ ਕੋਈ ਮੋਹ ਨਾਲ ਕਹੇ, ਮੈਂ ਨੱਚ ਲੈਂਦਾ ਹਾਂ
ਉਂਝ ਮੈਨੂੰ ਨੱਚਣਾ ਨਹੀਂ ਆਉਂਦਾ।
* * *
(‘ਤਾਸਮਨ’ ਵਿਚੋਂ ਧੰਨਵਾਦ ਸਹਿਤ)