ਸਵਰਾਜਬੀਰ
ਈਰਖਾਲੂ ਬੱਦਲਾਂ ਨਾਲ ਭਰੇ ਅਕਾਸ਼ ਵਿਚ
ਭੁੱਖਾ ਤਾਰਾ ਹਾਂ ਮੈਂ।
ਧੁੱਪਾਂ ਤੋਂ ਬਚਾਏ ਬਾਗ਼ ’ਚ ਖਿੜਿਆ
ਲਾਲ ਨਾਰੰਗੀ ਫੁੱਲ।
ਰਸੋਈ ’ਚ ਉੱਡਦੀ ਮੱਖੀ ਹਾਂ ਮੈਂ
ਅੰਨ੍ਹੀ ਕੰਧ ਦੇ ਬੰਨੇ ’ਤੇ ਭਿਣਭਿਣਾਉਂਦੀ ਹੋਈ।
ਬਾਂਸਾਂ ਨਾਲ ਬਣਾਏ ਵਾੜੇ ਵਿਚ
ਮਾਂ ਦੇ ਪੰਖ ਹੇਠ ਲੁਕਿਆ ਚੂਚਾ ਹਾਂ ਮੈਂ।
ਵਹਿਸ਼ੀਪੁਣੇ ਦੀ ਗੁਫ਼ਾ ’ਚ ਕੈਦ
ਯੈਂਗੋਨ1 ਸ਼ਹਿਰ ਦੀ ਘੁੱਗੀ ਹਾਂ ਮੈਂ।
ਮਾਯੂ2 ਦਰਿਆ ਦਾ ਪਾਣੀ ਹਾਂ ਮੈਂ
ਆਪਣੀ ਹਮਸਫ਼ਰ ਹਵਾ ਤੋਂ ਮਹਿਰੂਮ।
ਇਸ ਦੁਨੀਆਂ ’ਚ ਮਨੁੱਖ ਹਾਂ ਮੈਂ
ਜਿਸ ਤੋਂ ਖੋਹ ਲਏ ਗਏ ਨੇ ਸਾਰੇ ਹੀ ਹੱਕ।
ਮੈਂ ਉਹ ਹਾਂ,
ਜਿਸ ਤੋਂ, ਮੈਂ ਡਰਿਆ ਹੋਇਆ ਹਾਂ।
(1. ਰੰਗੂਨ, 2. ਮਿਆਂਮਾਰ ਦੇ ਰਖਾਈਨ ਸੂਬੇ ’ਚ ਵਗਦਾ ਦਰਿਆ।)
ਉੱਪਰਲੀ ਕਵਿਤਾ ਰੋਹਿੰਗੀਆ ਕਵੀ ਜ਼ਾਕੀ ਓਵਿਆਸ ਦੀ ਹੈ; ਜੇਮਜ਼ ਬਾਈਰਨ (James Byrne) ਅਨੁਸਾਰ ਉਸ ਦੀ ਪਹਿਲੀ ਕਵਿਤਾ; ਆਪਣੀ ਭੋਇੰ ਤੋਂ ਜਲਾਵਤਨ ਹੋਏ ਅਤੇ ਬੰਗਲਾਦੇਸ਼ ਦੇ ਸ਼ਹਿਰ ਕੌਕਸ ਬਾਜ਼ਾਰ ਦੇ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਕਵੀ ਦੀ ਕਵਿਤਾ, ਵਤਨੋਂ ਬੇਵਤਨ ਹੋ ਜਾਣ ਦੀ ਕਵਿਤਾ, ਮਨੁੱਖ ਤੋਂ ਮਨੁੱਖਤਾ ਖੋਹ ਲਏ ਜਾਣ ਦੀ ਦਾਸਤਾਨ, ਇਨਸਾਨ ਹੋਣ ਦੇ ਰੁਤਬੇ ਦੇ ਗੁੰਮ ਹੋ ਜਾਣ ਤੇ ਦਰ ਦਰ ਠੋਕਰਾਂ ਖਾਣ ਦੀ ਸ਼ਾਇਰੀ; ਠੁਕਰਾਏ ਤੇ ਸਵੀਕਾਰ ਨਾ ਕੀਤੇ ਜਾਣ ਦੀ ਸ਼ਬਦਕਾਰੀ; ਇਹ ਚੀਖ, ਚੁੱਪ, ਰੌਲਾ, ਕਈ ਕੁਝ ਹੈ। ਇਹ ਉਨ੍ਹਾਂ ਮਨੁੱਖਾਂ ਦੀ ਕਹਾਣੀ ਹੈ ਜੋ ਆਪਣੀ ਹੀ ਪਛਾਣ ਤੋਂ ਡਰੇ ਹੋਏ ਹਨ।
ਰੋਹਿੰਗੀਆ ਕੌਣ ਹਨ? ਸਾਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਮੁਸਲਮਾਨ ਹਨ ਅਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹਨ; ਉਹ ਧਿੰਗੋਜ਼ੋਰੀ ਸਾਡੇ ਦੇਸ਼ ਵਿਚ ਵੜ ਆਏ ਹਨ, ਘੁਸਪੈਠੀਏ ਹਨ, ਗ਼ੈਰ-ਕਾਨੂੰਨੀ ਬਾਸ਼ਿੰਦੇ ਹਨ। ਹਰੇਕ ਪਾਰਟੀ ਦੇ ਬੁਲਾਰੇ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇਸ਼ ਭਗਤ ਪਾਰਟੀ ਹੈ ਅਤੇ ਉਹ ਇਨ੍ਹਾਂ ਲੋਕਾਂ, ਜਿਨ੍ਹਾਂ ਵਿਚੋਂ ਕੁਝ ਸਾਡੇ ਸ਼ਹਿਰਾਂ ਵਿਚ ਰਹਿ ਰਹੇ ਹਨ, ਨੂੰ ਜਲਦੀ ਤੋਂ ਜਲਦੀ ਦੇਸ਼ ’ਚੋਂ ਬਾਹਰ ਭੇਜਣ ਦੇ ਹੱਕ ਵਿਚ ਹਨ। ਪਿਛਲੇ ਦਿਨੀਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਕਿ ਦਿੱਲੀ ਦੇ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਰੋਹਿੰਗੀਆ ਨੂੰ ਫਲੈਟਾਂ ਵਿਚ ਭੇਜ ਦਿੱਤਾ ਜਾਵੇਗਾ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਜਥੇਬੰਦੀਆਂ ਨੇ ਪੁਰੀ ਨੂੰ ਨਿਸ਼ਾਨੇ ’ਤੇ ਲਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ, ‘‘ਅਸੀਂ ਸ੍ਰੀ ਪੁਰੀ ਕੇਂਦਰੀ ਮੰਤਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਬਿਆਨ ਦੀ ਯਾਦ ਦਿਵਾਉਣਾ ਚਾਹੁੰਦੇ ਹਾਂ; ਉਨ੍ਹਾਂ ਨੇ 10 ਦਸੰਬਰ 2020 ਨੂੰ ਐਲਾਨ ਕੀਤਾ ਸੀ ਕਿ ਰੋਹਿੰਗੀਆ ਨੂੰ ਭਾਰਤ ਵਿਚ ਕਦੀ ਸਵੀਕਾਰ ਨਹੀਂ ਕੀਤਾ ਜਾਵੇਗਾ।’’ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਦੀਪ ਪੁਰੀ ਦੀ ਟਵੀਟ ਦੀ ਤਾਕਤ ਸ਼ਾਮ ਤਕ ਖ਼ਤਮ ਕਰ ਦਿੱਤੀ ਤੇ ਸਪੱਸ਼ਟ ਕੀਤਾ ਕਿ ਰੋਹਿੰਗੀਆ ਲੋਕਾਂ ਨੂੰ ਕੋਈ ਫਲੈਟ ਨਹੀਂ ਦਿੱਤਾ ਜਾਵੇਗਾ ਅਤੇ ਭਾਰਤ ਦੇ ਵਿਦੇਸ਼ ਵਿਭਾਗ ਨੇ ਸਬੰਧਿਤ ਦੇਸ਼ ਨਾਲ ਉਨ੍ਹਾਂ ਨੂੰ ਵਾਪਸ ਲੈਣ ਦਾ ਮੁੱਦਾ ਉਠਾਇਆ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ, ‘‘ਦਿੱਲੀ ਸਰਕਾਰ ਨੇ ਮੌਜੂਦਾ ਸਥਾਨ (ਜਿੱਥੇ ਕੁਝ ਰੋਹਿੰਗੀਆ ਪਰਿਵਾਰ ਰਹਿ ਰਹੇ ਹਨ) ਨੂੰ ਹਿਰਾਸਤ ਕੇਂਦਰ (Detention Centre) ਨਹੀਂ ਐਲਾਨਿਆ। ਦਿੱਲੀ ਸਰਕਾਰ ਨੂੰ ਤੁਰੰਤ ਅਜਿਹਾ ਕਰਨ ਲਈ ਕਿਹਾ ਗਿਆ ਹੈ।’’ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਟਵੀਟ ਕੀਤਾ, ‘‘ਡਰੱਗ (ਨਸ਼ੇ), ਮਾਨਵ ਤਸਕਰੀ, ਜਹਾਦ ਜਿਹੇ ਕਾਲੇ ਧੰਦੇ ਇਨ੍ਹਾਂ (ਰੋਹਿੰਗੀਆ) ਦੀਆਂ ਬਸਤੀਆਂ ਤੋਂ ਹੀ ਚਲਾਏ ਜਾਂਦੇ ਹਨ। ਇਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਤੇ ਦੇਸ਼-ਬਦਰ ਕਰਨਾ ਹੀ ਇਕੋ ਇਕ ਇਲਾਜ ਹੈ।’’
ਰੋਹਿੰਗੀਆ ਲੋਕਾਂ ਦਾ ਕਸੂਰ ਕੀ ਹੈ? ਉਨ੍ਹਾਂ ਦਾ ਕਸੂਰ ਇਹ ਹੈ ਕਿ ਉਹ ਆਪਣੇ ਦੇਸ਼ ਮਿਆਂਮਾਰ (ਬਰਮਾ) ਵਿਚ ਘੱਟਗਿਣਤੀ ਫ਼ਿਰਕਾ ਹਨ; ਉਹ ਇਕ ਬੋਧੀ ਦੇਸ਼ ਵਿਚ ਮੁਸਲਮਾਨ ਹਨ। ਉਹ ਅਜਿਹੀ ਦੁਨੀਆ ਦੇ ਵਾਸੀ ਹਨ ਜਿਸ ਵਿਚ ਬੋਧੀ ਹੋਣ ਨੂੰ ਪੁਰਾਤਨਤਾ ਅਤੇ ਆਧੁਨਿਕਤਾ ਦਾ ਸੰਗਮ- ਚਿੰਨ੍ਹ ਮੰਨਿਆ ਜਾ ਰਿਹਾ ਹੈ ਅਤੇ ਮੁਸਲਮਾਨ ਹੋਣ ਨੂੰ ਮੱਧਕਾਲੀਨ ਕੱਟੜਤਾ ਦਾ ਪ੍ਰਤੀਕ।
ਕੀ ਭਾਰਤ ਦੇ ਲੋਕਾਂ ਨੂੰ ਇਨ੍ਹਾਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ? ਕੀ ਭਾਰਤ ਅਤੇ ਇਨ੍ਹਾਂ ਲੋਕਾਂ ਦੀ ਜਨਮ-ਭੂਮੀ, ਜਿਸ ਨੂੰ ਰਖਾਈਨ ਜਾਂ ਰਕਾਈਨ ਸੂਬਾ ਕਿਹਾ ਜਾਂਦਾ ਹੈ, ਵਿਚਕਾਰ ਪਹਿਲਾਂ ਕੋਈ ਸਬੰਧ ਨਹੀਂ ਸਨ?
ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਦੇ ਚਾਰ ਪੁੱਤਰ ਸਨ ; ਦਾਰਾ ਸ਼ਿਕੋਹ, ਮੁਰਾਦ, ਔਰੰਗਜ਼ੇਬ ਅਤੇ ਸ਼ਾਹ ਸ਼ੁਜਾ। ਔਰੰਗਜ਼ੇਬ ਨੇ ਸ਼ਾਹ ਜਹਾਂ ਨੂੰ ਕੈਦ ਕਰ ਲਿਆ ਅਤੇ ਮੁਰਾਦ ਤੇ ਦਾਰਾ ਸ਼ਿਕੋਹ ਦਾ ਕਤਲ ਕਰ ਦਿੱਤਾ। ਸ਼ਾਹ ਸ਼ੁਜਾ ਪੂਰਬ ਵੱਲ ਭੱਜ ਗਿਆ। ‘ਮਆਸਿਰਿ ਆਲਮਗੀਰੀ’ ਦਾ ਲੇਖਕ ਸਾਕੀ ਮੁਸਤਾਅਦ ਖ਼ਾਂ ਲਿਖਦਾ ਹੈ, ‘‘ਏਸੇ ਹੀ ਖੁਸ਼ੀਆਂ ਭਰੇ ਦਿਨ (ਰਮਜ਼ਾਨ, 24 ਮਈ 1660, ਵੀਰਵਾਰ) ਬੰਗਾਲ ਤੋਂ ਖ਼ਬਰ ਆਈ ਕਿ ਸ਼ਾਹ ਸ਼ੁਜਾ ਜਹਾਂਗੀਰ ਨਗਰ ਵਿਚ ਨਹੀਂ ਠਹਿਰ ਸਕਿਆ ਤੇ ਤਖ਼ਤ ਨਸ਼ੀਨੀ (ਔਰੰਗਜ਼ੇਬ ਦੇ ਬਾਦਸ਼ਾਹ ਬਣਨ ਦੇ) ਦੇ ਤੀਜੇ ਵਰ੍ਹੇ, ਰਮਜ਼ਾਨ ਦੀ 26 ਤਾਰੀਖ ਨੂੰ ਰਖੰਗ ਦੇ ਇਲਾਕੇ ਵਿਚ ਮਾਰਿਆ ਮਾਰਿਆ ਫਿਰ ਰਿਹਾ ਹੈ… ਇਸ ਮੰਦ-ਭਾਗੇ ਤੇ ਕਾਲੇ ਲੇਖਾਂ ਵਾਲੇ ਸ਼ਾਹਜ਼ਾਦੇ ਦੇ ਨਾਲ ਸੱਯਦ ਆਲਮ ਬਾਦਾਕਸ਼, ਸੱਯਦ ਕੁਲੀ ਉਜ਼ਬਕ, 12 ਮੁਗ਼ਲ ਸਵਾਰਾਂ ਤੇ ਕੁਝ ਕੁ ਗਿਣਵੇਂ ਬੰਦਿਆਂ ਤੋਂ ਛੁੱਟ ਹੋਰ ਕੋਈ ਵੀ ਨਾ ਰਿਹਾ। ਗੱਲ ਕੀ ਸ਼ਾਹ ਸ਼ੁਜਾ ਮਨਜ਼ਿਲਾਂ ਕੱਛਦਾ ਤੇ ਪੈਂਡੇ ਨਾਪਦਾ ਹੋਇਆ ਦੁਨੀਆਂ ਭਰ ਵਿਚ ਸਭ ਤੋਂ ਘਟੀਆ ਤੇ ਨਖਿੱਧ ਹਿੱਸੇ ਅਰਥਾਤ ਰਖ਼ੰਗ ਨਾਂ ਦੇ ਟਾਪੂ ਵਿਚ ਚਲਾ ਗਿਆ ਤੇ ਏਸੇ ਕੁਫ਼ਰ ਦੀ ਧਰਤੀ ਦੀ ਮਿੱਟੀ ਵਿਚ ਮਿੱਟੀ ਨਾਲ ਮਿੱਟੀ ਹੋ ਗਿਆ।’’
ਉਪਰੋਕਤ ਟੂਕ ਵਿਚ ਜਿਸ ‘ਰਖੰਗ’ ਦਾ ਜ਼ਿਕਰ ਹੈ, ਉਹ ਰੋਹਿੰਗੀਆ ਦੀ ਧਰਤੀ ਰਖਾਈਨ ਹੀ ਹੈ। ਇਹ ਮਿਆਂਮਾਰ ਦੇ ਪੱਛਮੀ ਤੱਟ ’ਤੇ ਸਥਿਤ ਹੈ। ਅਠਾਰ੍ਹਵੀਂ ਸਦੀ ਦੀ ਭਾਰਤੀ ਪੁਸਤਕ ‘ਮਆਸਿਰਿ ਆਲਮਗੀਰੀ’ ਵਿਚ ਇਸ ਨੂੰ ਰਖੰਗ ਕਹਿਣਾ ਤਸਦੀਕ ਕਰਦਾ ਹੈ ਕਿ ਇਹ ਪੁਰਾਣਾ ਨਾਂ ਹੈ। ਇਸ ਸੂਬੇ ਨੂੰ ਅਰਾਕਾਨ ਵੀ ਕਿਹਾ ਜਾਂਦਾ ਸੀ/ਹੈ। ਯੂਨਾਨੀ ਇਤਿਹਾਸਕਾਰਾਂ ਨੇ ਇਸ ਦਾ ਨਾਂ ‘ਅਰਗਾਈਰੇ’ ਲਿਖਿਆ ਹੈ। ਅੰਗਰੇਜ਼ੀ ਰਾਜ ਵੇਲੇ ਇਹ ਬਰਮਾ (ਮਿਆਂਮਾਰ) ਦੀ ਅਰਾਕਾਨ ਡਿਵੀਜ਼ਨ ਸੀ। ਕੁਝ ਵਿਦਵਾਨਾਂ ਦਾ ਖ਼ਿਆਲ ਹੈ ਕਿ ਰਖੰਗ ਸ਼ਬਦ ਸੰਸਕ੍ਰਿਤ-ਪਾਲੀ ਸ਼ਬਦ ‘ਰਾਕਸ਼ਪੁਰਾ’ ਤੋਂ ਬਣਿਆ ਹੈ ਭਾਵ ਸੰਸਕ੍ਰਿਤ ਤੇ ਪਾਲੀ ਬੋਲੀਆਂ ਬੋਲਣ ਵਾਲੇ ਮਿਆਂਮਾਰ ਤੇ ਰਖਾਈਨ ਵਿਚ ਰਹਿਣ ਵਾਲਿਆਂ ਨੂੰ ਅਸੱਭਿਅਕ ਤੇ ਰਾਕਸ਼ ਸਮਝਦੇ ਸਨ। ਸੰਸਕ੍ਰਿਤ ਵਿਚ ਮਿਲਦੇ ਸ਼ਿਲਾਲੇਖਾਂ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਪਹਿਲ ਰਖਾਈਨ ਦੇ ਉੱਤਰੀ ਹਿੱਸੇ ਵਿਚ ਬੁੱਧ-ਧਰਮੀ ‘ਧੰਨਿਆਵਾੜੀ ਹਕੂਮਤ’ ਕਾਇਮ ਹੋਈ ਸੀ। ਬੁੱਧ ਧਰਮ ਇੱਥੋਂ ਦਾ ਮੁੱਖ ਧਰਮ ਬਣਿਆ। ਅੱਠਵੀਂ ਸਦੀ ਵਿਚ ਇੱਥੇ ਅਰਬ ਵਪਾਰੀ ਵੱਸ ਗਏ ਅਤੇ ਇਸਲਾਮ ਦਾ ਦਾਖ਼ਲਾ ਹੋਇਆ। ਇਸ ਸਮੇਂ ਇਸ ਸੂਬੇ ਵਿਚ ਲਗਭਗ 33 ਫ਼ੀਸਦੀ ਲੋਕ ਰੋਹਿੰਗੀਆ ਮੁਸਲਮਾਨ ਹਨ ਅਤੇ 65 ਫ਼ੀਸਦੀ ਬੁੱਧ-ਧਰਮੀ। ਰੋਹਿੰਗੀਆ ਲੋਕ ਮਿਆਂਮਾਰ ਦੀ ਕੁੱਲ ਵਸੋਂ ਦਾ ਕਰੀਬ 2 ਫ਼ੀਸਦੀ ਹਨ।
ਮੱਧਕਾਲੀਨ ਸਮਿਆਂ ਵਿਚ ਇੱਥੇ ਮਿਆਂਮਾਰੀ ਬਾਦਸ਼ਾਹ ਕਾਬਜ਼ ਹੋਏ ਤੇ ਇੱਥੋਂ ਦੇ ਮੁਕਾਮੀ ਸ਼ਾਸਕ ਮਿਨ-ਸਾ-ਮੋਨ ਨੇ ਬੰਗਾਲ ਵਿਚ ਪਨਾਹ ਲਈ। ਇੱਥੇ ਕੁਝ ਚਿਰ ਲਈ ਬੰਗਾਲ ਦੇ ਸੁਲਤਾਨਾਂ ਦਾ ਰਾਜ ਵੀ ਰਿਹਾ ਅਤੇ ਬੰਗਾਲੀ ਵੀ ਇੱਥੇ ਵੱਸੇ। 1826 ਵਿਚ ਇੱਥੇ ਅੰਗਰੇਜ਼ ਕਾਬਜ਼ ਹੋ ਗਏ। ਅੰਗਰੇਜ਼ਾਂ ਨੇ ਹੋਰ ਬੰਗਾਲੀ ਮੁਸਲਮਾਨ ਮਜ਼ਦੂਰ ਇੱਥੇ ਲਿਆਂਦੇ। ਦੂਸਰੀ ਆਲਮੀ ਜੰਗ ਨੇ ਖ਼ਿੱਤੇ ਵਿਚ ਵੱਡਾ ਕਹਿਰ ਢਾਹਿਆ। ਸਥਾਨਕ ਬੋਧੀ ਹਮਲਾਵਰ ਜਾਪਾਨੀਆਂ ਦੇ ਹਮਾਇਤੀ ਬਣ ਗਏ ਤੇ ਰੋਹਿੰਗੀਆ ਮੁਸਲਮਾਨ ਬਸਤੀਵਾਦੀ ਅੰਗਰੇਜ਼ ਸਰਕਾਰ ਦੇ। ਇਹ ਵੰਡ ਇਸ ਧਰਤੀ ਦੇ ਲਹੂ ਵਿਚ ਭਿੱਜਣ ਦੀ ਬੁਨਿਆਦ ਬਣੀ। ਇਸ ਤੋਂ ਬਾਅਦ ਦੋਹਾਂ ਫ਼ਿਰਕਿਆਂ ਵਿਚ ਪਾੜਾ ਵਧਦਾ ਗਿਆ। 1948 ਵਿਚ ਬਰਮਾ ਆਜ਼ਾਦ ਹੋ ਗਿਆ। ਆਜ਼ਾਦੀ ਤੋਂ ਬਾਅਦ ਰੋਹਿੰਗੀਆ ਨਾਲ ਹੁੰਦਾ ਵਿਤਕਰਾ ਹੋਰ ਵਧਿਆ ਅਤੇ ਉਨ੍ਹਾਂ ਨੂੰ ਮਿਆਂਮਾਰ ਦੇ ਨਾਗਰਿਕ ਨਾ ਮੰਨਿਆ ਗਿਆ।
1982 ਦੇ ‘ਮਿਆਂਮਾਰ ਕੌਮੀ ਕਾਨੂੰਨ’ ਤਹਿਤ ਰੋਹਿੰਗੀਆ ਤੋਂ ਨਾਗਰਿਕਤਾ ਦੇ ਸਾਰੇ ਅਧਿਕਾਰ ਖੋਹ ਲਏ ਗਏ। ਉਹ ਆਪਣੇ ਵਤਨ ਵਿਚ ਹੀ ਬੇਵਤਨੇ ਹੋ ਗਏ। ਮਿਆਂਮਾਰ ਸਰਕਾਰ ਰੋਹਿੰਗੀਆ ਸ਼ਬਦ ਨੂੰ ਵੀ ਮਾਨਤਾ ਨਹੀਂ ਦਿੰਦੀ। ਮਿਆਂਮਾਰ ਦੇ ਕਾਨੂੰਨ ਅਤੇ ਮਰਦਮਸ਼ੁਮਾਰੀ ਉਨ੍ਹਾਂ ਨੂੰ ‘ਬੰਗਾਲੀ’ ਅਤੇ ਵਿਦੇਸ਼ੀ ਦਰਸਾਉਂਦੀ ਹੈ। ਸਰਕਾਰ ਨੇ ਨਾਗਰਿਕਾਂ ਨੂੰ ਲਾਲ ਪਛਾਣ ਪੱਤਰ ਦਿੱਤੇ ਹਨ ਅਤੇ ਰੋਹਿੰਗੀਆ ਨੂੰ ਚਿੱਟੇ ਪਛਾਣ ਪੱਤਰ ਭਾਵ ਉਹ ਉੱਥੋਂ ਦੇ ਨਾਗਰਿਕ ਨਹੀਂ; ਵਿਦੇਸ਼ੀ ਹਨ। ਉਨ੍ਹਾਂ ਨੂੰ ਨਾ ਤਾਂ ਕਿਤੇ ਆਉਣ-ਜਾਣ ਦੀ ਆਜ਼ਾਦੀ ਹੈ ਅਤੇ ਨਾ ਹੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ। ਉਹ ਫ਼ੌਜ ਵਿਚ ਭਰਤੀ ਨਹੀਂ ਹੋ ਸਕਦੇ ਅਤੇ ਨਾ ਹੀ ਦੋ ਤੋਂ ਵੱਧ ਬੱਚੇ ਪੈਦਾ ਕਰ ਸਕਦੇ ਹਨ। ਉਨ੍ਹਾਂ ਤੋਂ ਵਗਾਰ ਕਰਾਈ ਜਾਂਦੀ ਹੈ।
ਇਨ੍ਹਾਂ ਵਿਤਕਰਿਆਂ ਕਾਰਨ ਰੋਹਿੰਗੀਆ 1940ਵਿਆਂ ਤੋਂ ਖ਼ੁਦਮੁਖ਼ਤਿਆਰੀ ਦੀ ਮੰਗ ਕਰਦੇ ਆ ਰਹੇ ਹਨ। ਇਸ ਦੇ ਸਿੱਟੇ ਵਜੋਂ ਮਿਆਂਮਾਰ ਦੀ ਫ਼ੌਜ ਤੇ ਸਰਕਾਰ ਨੇ ਉਨ੍ਹਾਂ ’ਤੇ ਲਗਾਤਾਰ ਹਮਲੇ ਕੀਤੇ ਹਨ। ਇਸ ਖ਼ਿੱਤੇ ਵਿਚ ਬੋਧੀਆਂ ਅਤੇ ਰੋਹਿੰਗੀਆ ਮੁਸਲਮਾਨਾਂ ਵਿਚਕਾਰ ਹਿੰਸਾ 1949-54 ਦੌਰਾਨ ਭੜਕੀ। ਰੋਹਿੰਗੀਆ ਮੁਸਲਮਾਨਾਂ ਦੀਆਂ ਖਾੜਕੂ ਕਾਰਵਾਈਆਂ ਕਰਨ ਵਾਲੀਆਂ ਕਈ ਜਥੇਬੰਦੀਆਂ ਬਣੀਆਂ ਪਰ ਉਹ ਕਦੇ ਵੀ ਜ਼ਿਆਦਾ ਤਾਕਤਵਰ ਨਾ ਬਣ ਸਕੀਆਂ। 1978 ਤੋਂ ਫ਼ੌਜ ਦੇ ਹਮਲੇ ਤੇਜ਼ ਹੋਏ ਅਤੇ ਲਗਭਗ 2 ਲੱਖ ਰੋਹਿੰਗੀਆ ਲੋਕਾਂ ਨੇ ਬੰਗਲਾਦੇਸ਼ ਵਿਚ ਪਨਾਹ ਲਈ। ਬੰਗਲਾਦੇਸ਼ ਅਤੇ ਮਿਆਂਮਾਰ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ 1.8 ਲੱਖ ਰੋਹਿੰਗੀਆ ਲੋਕਾਂ ਨੂੰ ਮਿਆਂਮਾਰ ਵਾਪਸ ਭੇਜਿਆ ਗਿਆ। 1991-92 ਵਿਚ ਫਿਰ ਵੱਡੇ ਪੱਧਰ ’ਤੇ ਹਿੰਸਾ ਹੋਈ। ਦੋ ਤੋਂ ਢਾਈ ਲੱਖ ਰੋਹਿੰਗੀਆ ਲੋਕਾਂ ਨੇ ਬੰਗਲਾਦੇਸ਼ ਵਿਚ ਪਨਾਹ ਲਈ। 2012 ਦੇ ਸ਼ੁਰੂ ਵਿਚ ਕੁਝ ਰੋਹਿੰਗੀਆ ਮਰਦਾਂ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਇਕ ਬੋਧੀ ਔਰਤ ਨਾਲ ਜਬਰ-ਜਨਾਹ ਕੀਤਾ ਸੀ। ਇਸ ਦੇ ਬਦਲੇ ਵਜੋਂ ਫ਼ੌਜ ਅਤੇ ਬਹੁਗਿਣਤੀ ਫ਼ਿਰਕੇ ਨੇ ਹਿੰਸਾ ਸ਼ੁਰੂ ਕੀਤੀ। ਲਗਭਗ 60 ਹਜ਼ਾਰ ਰੋਹਿੰਗੀਆ ਬੰਗਲਾਦੇਸ਼ ਭੱਜ ਗਏ ਅਤੇ ਸਵਾ ਲੱਖ ਮਿਆਂਮਾਰ ਦੇ ਕੈਂਪਾਂ ਵਿਚ ਲਗਭਗ ਨਜ਼ਰਬੰਦੀ ਦੇ ਹਾਲਾਤ ਵਿਚ ਰੱਖੇ ਗਏ। ਬੋਧੀ ਭਿਕਸ਼ੂਆਂ ਦੀ ਅਗਵਾਈ ਵਿਚ ਚੱਲੇ ਅੰਦੋਲਨ ਨੇ ਰੋਹਿੰਗੀਆ ਦਾ ਵਪਾਰਕ ਤੇ ਸਮਾਜਿਕ ਬਾਈਕਾਟ ਕਰਨ ਦੀ ਮੰਗ ਕੀਤੀ। ਕਈ ਪਿੰਡ ਸਾੜੇ ਗਏ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਉਹ 10 ਲੱਖ ਰੋਹਿੰਗੀਆ ਲੋਕਾਂ ਨੂੰ ਕੈਂਪਾਂ ਵਿਚ ਰੱਖਣ ਦਾ ਇੰਤਜ਼ਾਮ ਕਰੇ ਕਿਉਂਕਿ ਉਹ ਗ਼ੈਰ-ਮਿਆਂਮਾਰੀ ਹਨ। ਰਖਾਈਨ ਦੀ ਰਾਜਧਾਨੀ ਸਿਤਵੇ (Sittwe) ਤੋਂ ਸਾਰੇ ਰੋਹਿੰਗੀਆ ਲੋਕਾਂ ਨੂੰ ਕੱਢ ਕੇ ਕੈਂਪਾਂ ਵਿਚ ਸੁੱਟ ਦਿੱਤਾ ਗਿਆ। ਉਦੋਂ ਹੀ ਕੁਝ ਰੋਹਿੰਗੀਆ ਲੋਕ ਦਿੱਲੀ ਅਤੇ ਭਾਰਤ ਦੇ ਕੁਝ ਸ਼ਹਿਰਾਂ ਵਿਚ ਪਹੁੰਚੇ।
2015 ਵਿਚ ਹਿੰਸਾ ਹੋਰ ਵਧੀ ਅਤੇ ਇਸ ਵਾਰ 50,000 ਤੋਂ 3 ਲੱਖ ਰੋਹਿੰਗੀਆ ਲੋਕ ਛੋਟੇ ਛੋਟੇ ਜਹਾਜ਼ਾਂ ਤੇ ਕਿਸ਼ਤੀਆਂ ਰਾਹੀਂ ਮਲੇਸ਼ੀਆ, ਇੰਡੋਨੇਸ਼ੀਆ, ਕੰਬੋਡੀਆ, ਲਾਓਸ ਤੇ ਥਾਈਲੈਂਡ ਵਿਚ ਦਾਖ਼ਲ ਹੋਏ। ਉਹ ਮਨੁੱਖਾਂ ਦੀ ਤਸਕਰੀ ਕਰਨ ਵਾਲੇ ਗਰੋਹਾਂ ਦਾ ਸ਼ਿਕਾਰ ਵੀ ਬਣੇ।
ਅਗਸਤ 2017 ਤੋਂ ਅਗਸਤ 2018 ਦੇ ਵਿਚਕਾਰ ਫ਼ੌਜ ਨੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਿਸ ਵਿਚ 24,000 ਤੋਂ ਜ਼ਿਅਦਾ ਰੋਹਿੰਗੀਆ ਮਾਰੇ ਗਏ, 36,000 ਅੱਗਾਂ ਵਿਚ ਸੁੱਟੇ ਗਏ ਅਤੇ ਹਜ਼ਾਰਾਂ ਜ਼ਖ਼ਮੀ ਹੋਏ। ਲੱਖਾਂ ਘਰ ਅੱਗ ਲਾ ਕੇ ਸਾੜ ਦਿੱਤੇ ਗਏ। ਇਕ ਅਨੁਮਾਨ ਅਨੁਸਾਰ 18 ਹਜ਼ਾਰ ਤੋਂ ਵੱਧ ਔਰਤਾਂ ਨਾਲ ਜਬਰ-ਜਨਾਹ ਹੋਇਆ। 7 ਤੋਂ 10 ਲੱਖ ਰੋਹਿੰਗੀਆ ਲੋਕਾਂ ਨੇ ਬੰਗਲਾਦੇਸ਼ ਵਿਚ ਪਨਾਹ ਲਈ ਅਤੇ ਲਗਭਗ 5 ਲੱਖ ਨੇ ਪਾਕਿਸਤਾਨ ਵਿਚ। ਸਾਊਦੀ ਅਰਬ ਨੇ 1.5 ਲੱਖ ਤੋਂ ਵੱਧ ਰੋਹਿੰਗੀਆ ਨੂੰ ਪਨਾਹ ਦਿੱਤੀ। ਭਾਰਤ ਵਿਚ ਦਾਖ਼ਲ ਹੋਏ ਰੋਹਿੰਗੀਆ ਦੀ ਗਿਣਤੀ ਕਰੀਬ 40,000 ਦੱਸੀ ਜਾਂਦੀ ਹੈ। 21ਵੀਂ ਸਦੀ ਵਿਚ ਹੋਈ ਇਹ ਸਭ ਤੋਂ ਵੱਡੀ ਨਸਲਕੁਸ਼ੀ ਹੈ। ਜਨਵਰੀ 2020 ਵਿਚ ਨਿਆਂ ਦੀ ਕੌਮਾਂਤਰੀ ਅਦਾਲਤ (International Court of Justice) ਨੇ ਮਿਆਂਮਾਰ ਸਰਕਾਰ ਨੂੰ ਇਸ ਨਸਲਕੁਸ਼ੀ ਨੂੰ ਰੋਕਣ ਦੇ ਆਦੇਸ਼ ਦਿੱਤੇ। ਯਾਦ ਰੱਖਣਯੋਗ ਹੈ ਕਿ 2016 ਤੋਂ 2021 ਤਕ ਮਿਆਂਮਾਰ ਦੀ ਰਾਸ਼ਟਰਪਤੀ ਆਂਗ ਸਾਨ ਸੂ ਕੀ ਸੀ ਜੋ ਨਾਮਨਿਹਾਦ ਜਮਹੂਰੀ ਤਰੀਕੇ ਨਾਲ ਚੁਣੀ ਗਈ ਸੀ ਪਰ ਅਸਲੀ ਤਾਕਤ ਹਮੇਸ਼ਾਂ ਫ਼ੌਜ ਕੋਲ ਰਹੀ ਹੈ। ਹੁਣ ਵੀ ਉੱਥੇ ਫ਼ੌਜ ਦੀ ਹਕੂਮਤ ਹੈ। ਮਿਆਂਮਾਰ ਦੇ ਲੋਕ ਖ਼ੁਦ ਫ਼ੌਜੀ ਰਾਜ ਦੇ ਪੈਰਾਂ ਹੇਠ ਰੁਲਦੇ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਫ਼ੌਜ ਨਾਲ ਮਿਲ ਕੇ ਰੋਹਿੰਗੀਆ ਲੋਕਾਂ ’ਤੇ ਅਕਹਿ ਜ਼ੁਲਮ ਕੀਤੇ ਹਨ। ਮੁੱਖ ਸਮੱਸਿਆ ਇਹ ਹੈ ਕਿ ਮਿਆਂਮਾਰ ਦੀ ਹਕੂਮਤ ਕਦੇ ਵੀ ਰੋਹਿੰਗੀਆ ਲੋਕਾਂ ਨਾਲ ਜਮਹੂਰੀ ਤੇ ਸਨਮਾਨਜਨਕ ਵਰਤਾਉ ਕਰਨ ਲਈ ਤਿਆਰ ਨਹੀਂ ਹੋਈ।
ਭਾਰਤ ਵਿਚ ਰੋਹਿੰਗੀਆ ਦੇ ਵਿਰੁੱਧ ਹੋ ਰਹੇ ਪ੍ਰਚਾਰ ਖ਼ਿਲਾਫ਼ ਗਿਣਤੀ ਦੀਆਂ ਆਵਾਜ਼ਾਂ ਉੱਠੀਆਂ ਹਨ। ਪੰਜਾਬ ਦੇ ਲੋਕ ਸਭਾ ਵਿਚ ਨੁਮਾਇੰਦੇ ਮਨੀਸ਼ ਤਿਵਾੜੀ ਨੇ ਪੁੱਛਿਆ ਹੈ, ‘‘ਜੇ ਰੋਹਿੰਗੀਆ ਕੌਮੀ ਸੁਰੱਖਿਆ ਲਈ ਖ਼ਤਰਾ ਹਨ, ਤਾਂ ਅਸੀਂ ਉਨ੍ਹਾਂ ਹਜ਼ਾਰਾਂ ਹਿੰਦੋਸਤਾਨੀਆਂ, ਜੋ ਕਾਨੂੰਨੀ ਕਾਗਜ਼ਾਂ ਤੋਂ ਬਿਨਾਂ, ਵਿਕਸਿਤ ਦੇਸ਼ਾਂ ਵਿਚ ਰਹਿ ਰਹੇ ਹਨ, ਨੂੰ ਕੀ ਕਹਾਂਗੇ… ਰੋਹਿੰਗੀਆ ਲੋਕਾਂ ਦਾ ਦੁਖਾਂਤ ਦਿਲ ਚੀਰਨ ਵਾਲਾ ਹੈ। ਉਹ ਜ਼ੁਲਮ, ਜਬਰ-ਜਨਾਹ ਅਤੇ ਨਸਲਕੁਸ਼ੀ ਤੋਂ ਬਚਣ ਲਈ ਭੱਜ ਰਹੇ ਹਨ।’’ ਅਜਿਹੀਆਂ ਆਵਾਜ਼ਾਂ ਬਹੁਤ ਥੋੜ੍ਹੀਆਂ ਹਨ। ਹਾਲ ਦੀ ਘੜੀ ਰੋਹਿੰਗੀਆ ਲੋਕਾਂ ਨੂੰ ਭਾਰਤ-ਵਿਰੋਧੀ ਤੇ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਣ ਨੂੰ ਹੀ ਦੇਸ਼ ਭਗਤੀ ਸਮਝਿਆ ਜਾ ਰਿਹਾ ਹੈ। ਅਸੀਂ ਉਨ੍ਹਾਂ ਨੈਤਿਕ ਕਦਰਾਂ-ਕੀਮਤਾਂ, ਜਿਨ੍ਹਾਂ ਵੱਲ ਅਸੀਂ ਆਜ਼ਾਦੀ ਸੰਘਰਸ਼ ਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਦੌਰਾਨ ਵਧ ਰਹੇ ਸਾਂ, ਨੂੰ ਲਗਾਤਾਰ ਗੁਆ ਰਹੇ ਹਾਂ। ਜਦ ਲੋਕ-ਜ਼ਮੀਰ ਜ਼ਮੀਰ-ਫਰੋਸ਼ਾਂ ਦੇ ਹਵਾਲੇ ਹੋ ਗਈ ਹੋਵੇ ਤਾਂ ਲੋਕਾਂ ਨੂੰ ਸੋਚਣ-ਸਮਝਣ ਤੋਂ ਮੁਕਤੀ ਮਿਲ ਜਾਂਦੀ ਹੈ।
ਕਾਫ਼ ਦਰਿਆ ਮਿਆਂਮਾਰ ਅਤੇ ਬੰਗਲਾਦੇਸ਼ ਦੀ ਸਰਹੱਦ ਦਾ ਕੰਮ ਕਰਦਾ ਏ। ਇਸ ਦਰਿਆ ਦਾ ਪਾਣੀ ਮਿਆਂਮਾਰ ਦੇ ਨਾਲਿਆਂ ’ਚ ਜਾਂਦਾ ਏ। ਜਲਾਵਤਨ ਕੀਤੇ ਰੋਹਿੰਗੀਆ ਵਜੋਂ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪ ਵਿਚ ਰਹਿੰਦਿਆਂ ਮੈਂ ਅੰਬਰਾਂ ਤੋਂ ਉੱਡ ਕੇ ਆਉਂਦੀ ਆਪਣੀ ਮਾਂ-ਭੂਮੀ ਦੀ ਹਵਾ ਵਿਚ ਸਾਹ ਲੈ ਸਕਦਾ ਹਾਂ। … ਇਹੋ ਜਿਹੀ ਥਾਂ (ਸ਼ਰਨਾਰਥੀ ਕੈਂਪ) ਵਿਚ ਬਚ ਕੇ ਰਹਿਣਾ ਇਕ ਸਮੇਂ ਦੋ ਸੰਸਾਰਾਂ ਵਿਚ ਰਹਿਣ ਵਾਂਗ, ਇਕ ਜਿਸ ਦੀ ਧੁਰੀ ਮਿਆਂਮਾਰ ਵਿਚ ਹੋ ਰਿਹਾ ਵਹਿਸ਼ੀਪੁਣਾ ਹੈ ਅਤੇ ਦੂਸਰਾ ਜਿਸ ਦੀ ਧੁਰੀ ਬੰਗਲਾਦੇਸ਼ ਵਿਚ ਮਿਲੀ ਸੁਰੱਖਿਆ ਹੈ।
* * *
ਮੈਂ ਘਰ ਵਾਪਸ ਜਾਣਾ ਚਾਹੁੰਦਾ ਹਾਂ। ਮਿਆਂਮਾਰ ਮੇਰੀ ਜਨਮ-ਭੂਮੀ ਏ, ਅਸੀਂ ਕਈ ਪੁਸ਼ਤਾਂ ਤੋਂ ਉੱਥੇ ਰਹਿ ਰਹੇ ਹਾਂ। ਅਸੀਂ ਆਜ਼ਾਦੀ ਲਈ ਲੜੇ ਅਤੇ ਹੋਰ ਕੌਮੀਅਤਾਂ ਵਾਂਗ ਇਹਦੀ ਕੀਮਤ ਆਪਣੇ ਖ਼ੂਨ ਤੇ ਪਸੀਨੇ ਨਾਲ ਅਦਾ ਕੀਤੀ। ਅਸੀਂ ਦੂਸਰਿਆਂ ਵਾਂਗ ਆਪਣੀ ਜਨਮ-ਭੂਮੀ ਨੂੰ ਪਿਆਰ ਕਰਦੇ ਹਾਂ। ਇਤਿਹਾਸਕ, ਭੂਗੋਲਿਕ ਅਤੇ ਖਾਨਦਾਨੀ ਤੌਰ ’ਤੇ ਅਸੀਂ ਉੱਥੋਂ (ਮਿਆਂਮਾਰ) ਦੇ ਵਾਸੀ ਹਾਂ।
* * *
ਸਾਨੂੰ ਆਸਾਂ ਸਨ ਕਿ ਆਂਗ ਸੂਨ ਕੀ ਸਾਡੀ ਸਹਾਇਤਾ ਕਰੇਗੀ। ਜਦੋਂ ਅਸੀਂ ਮਿਆਂਮਾਰ ਵਿਚ ਰਹਿੰਦੇ ਸਾਂ ਤਾਂ ਉਹ ਸਾਡੇ ਲਈ ਨਾਇਕ (Hero) ਸੀ। ਜਦ 2015 ਦੀਆਂ ਚੋਣਾਂ ਵਿਚ ਉਸ ਨੂੰ ਵੱਡੀ ਜਿੱਤ ਮਿਲੀ ਤਾਂ ਉਸ ਨੇ ਸਾਰੇ ਸੰਕਟ ਨੂੰ ਅਣਦੇਖਿਆ ਕਰ ਦਿੱਤਾ; ਹੁਣ ਉਸ ਨੂੰ ਮਿਆਂਮਾਰ ਵਿਚ ਰੋਹਿੰਗੀਆ ਲੋਕਾਂ ਦੇ ਹਾਲਾਤ ਬਾਰੇ ਕੋਈ ਪਰਵਾਹ ਨਹੀਂ। 2017 ਵਿਚ ਰਹਿੰਗੀਆ ਲੋਕਾਂ ਦੀ ਸਭ ਤੋਂ ਵੱਡੀ ਜਲਾਵਤਨੀ ਉਸ ਦੇ ਸੱਤਾ ਵਿਚ ਹੋਣ ਦੌਰਾਨ ਹੋਈ। ਉਹ ਇਕ ਆਗੂ ਹੈ ਅਤੇ ਆਪਣੇ ਦੇਸ਼ ਦੇ ਘੱਟਗਿਣਤੀ ਫ਼ਿਰਕੇ ਰੋਹਿੰਗੀਆ ਲੋਕਾਂ ਲਈ ਨੈਤਿਕ ਤੌਰ ’ਤੇ ਜ਼ਿੰਮੇਵਾਰ। ਪਰ ਉਹ ਅਸਫ਼ਲ ਰਹੀ ਅਤੇ ਇਸ ਨਾਲ ਰੋਹਿੰਗੀਆ ਲੋਕਾਂ ਦੀ ਆਖ਼ਰੀ ਆਸ ਵੀ ਖ਼ਤਮ ਹੋ ਗਈ।
– ਮਾਯੂ ਅਲੀ
(ਬੰਗਲਾਦੇਸ਼ ਦੇ ਕੌਕਸ ਬਜ਼ਾਰ ਵਿਚ ਰਹਿ ਰਿਹਾ ਰੋਹਿੰਗੀਆ ਸਮਾਜਿਕ ਕਾਰਕੁਨ ਤੇ ਕਵੀ)
ਰੋਹਿੰਗੀਆ ਲੋਕਾਂ ਦਾ ਕਸੂਰ ਕੀ ਹੈ? ਉਨ੍ਹਾਂ ਦਾ ਕਸੂਰ ਇਹ ਹੈ ਕਿ ਉਹ ਆਪਣੇ ਦੇਸ਼ ਮਿਆਂਮਾਰ (ਬਰਮਾ) ਵਿਚ ਘੱਟਗਿਣਤੀ ਫ਼ਿਰਕਾ ਹਨ; ਉਹ ਇਕ ਬੋਧੀ ਦੇਸ਼ ਵਿਚ ਮੁਸਲਮਾਨ ਹਨ। ਉਹ ਅਜਿਹੀ ਦੁਨੀਆ ਦੇ ਵਾਸੀ ਹਨ ਜਿਸ ਵਿਚ ਬੋਧੀ ਹੋਣ ਨੂੰ ਪੁਰਾਤਨਤਾ ਅਤੇ ਆਧੁਨਿਕਤਾ ਦਾ ਸੰਗਮ- ਚਿੰਨ੍ਹ ਮੰਨਿਆ ਜਾ ਰਿਹਾ ਹੈ ਅਤੇ ਮੁਸਲਮਾਨ ਹੋਣ ਨੂੰ ਮੱਧਕਾਲੀਨ ਕੱਟੜਤਾ ਦਾ ਪ੍ਰਤੀਕ।
… … …
ਹਾਲ ਦੀ ਘੜੀ ਰੋਹਿੰਗੀਆ ਲੋਕਾਂ ਨੂੰ ਭਾਰਤ-ਵਿਰੋਧੀ ਤੇ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਣ ਨੂੰ ਹੀ ਦੇਸ਼ ਭਗਤੀ ਸਮਝਿਆ ਜਾ ਰਿਹਾ ਹੈ। ਅਸੀਂ ਉਨ੍ਹਾਂ ਨੈਤਿਕ ਕਦਰਾਂ-ਕੀਮਤਾਂ, ਜਿਨ੍ਹਾਂ ਵੱਲ ਅਸੀਂ ਆਜ਼ਾਦੀ ਸੰਘਰਸ਼ ਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਦੌਰਾਨ ਵਧ ਰਹੇ ਸਾਂ, ਨੂੰ ਲਗਾਤਾਰ ਗੁਆ ਰਹੇ ਹਾਂ। ਜਦ ਲੋਕ-ਜ਼ਮੀਰ ਜ਼ਮੀਰ-ਫਰੋਸ਼ਾਂ ਦੇ ਹਵਾਲੇ ਹੋ ਗਈ ਹੋਵੇ ਤਾਂ ਲੋਕਾਂ ਨੂੰ ਸੋਚਣ-ਸਮਝਣ ਤੋਂ ਮੁਕਤੀ ਮਿਲ ਜਾਂਦੀ ਹੈ।
ਮੈਂ… ਸਿਰਫ਼ ਇਕ ਰੋਹਿੰਗੀਆ
ਮਾਯੂ ਅਲੀ
ਜਦ ਮੈਂ ਜੰਮਿਆ
ਤਾਂ ਤੁਹਾਡੇ ਵਰਗਾ ਨਿਆਣਾ ਨਹੀਂ ਸਾਂ
ਮੇਰੀ ਪੈਦਾਇਸ਼ ਦਾ
ਕੋਈ ਤਸਦੀਕੀ ਪੱਤਰ1 ਨਹੀਂ ਸੀ
ਜਿਵੇਂ ਮੌਤ ਦਾ ਨਹੀਂ ਹੁੰਦਾ
ਜਦ ਮੈਂ ਇਕ ਸਾਲ ਦਾ ਹੋਇਆ
ਤਾਂ ਨਹੀਂ ਸਾਂ, ਤੁਹਾਡੇ ਵਰਗਾ ਬਾਲ
ਮੇਰਾ ਕੋਈ ਦੇਸ਼2 ਨਹੀਂ ਸੀ
ਜਿਵੇਂ ਪਾਲਤੂ ਜਾਨਵਰ ਦਾ ਨਹੀਂ ਹੁੰਦਾ
ਜਦ ਮੈਂ ਸਕੂਲ ਗਿਆ
ਤਾਂ ਤੁਹਾਡੇ ਵਰਗਾ ਪੜ੍ਹਨਹਾਰ ਨਹੀਂ ਸਾਂ ਮੈਂ
ਮਿਆਂਮਾਰੀ ਨਹੀਂ ਸੀ ਮੇਰਾ ਚਿਹਰਾ
ਭਵਿੱਖ ਦੀ ਵੀਰਾਨੀ ਸੀ ਉੱਥੇ
ਜਦ ਮੈਂ ਕਿਸੇ ਹੋਰ ਪਿੰਡ ਜਾਂਦਾ
ਤਾਂ ਮੈਂ ਤੁਹਾਡੇ ਵਾਂਗ
ਆਪਣੇ ਵਤਨ ਦਾ ਬਾਸ਼ਿੰਦਾ ਨਹੀਂ ਸੀ ਹੁੰਦਾ
ਰਾਤ ਗੁਜ਼ਾਰਨ ਲਈ
ਮੈਨੂੰ ਮਨਜੂਰੀ ਲੈਣ ਦੀ ਜ਼ਰੂਰਤ ਹੁੰਦੀ
ਜਿਵੇਂ ਕਿਸੇ ਸ਼ੁਦਾਈ (ਪਾਗ਼ਲ ??) ਸਿਆਸੀ ਕੈਦੀ ਨੂੰ ਹੁੰਦੀ ਏ
ਜਦ ਮੈਂ ਆਪਣੀ ਝੌਂਪੜੀ ਦੀ ਮੁਰੰਮਤ ਕਰਨੀ ਚਾਹੁੰਦਾਂ
ਤਾਂ ਤੁਹਾਡੇ ਵਾਂਗ ਨਹੀਂ ਕਰ ਸਕਦਾ
ਮੈਨੂੰ ਇਹ ਵੀ ਕਰਨ ਨਹੀਂ ਦਿੱਤਾ ਜਾਂਦਾ
ਜਿਵੇਂ ਕਿਸੇ ਜ਼ਬਰਦਸਤੀ ਅੰਦਰ ਵੜ ਆਏ ਨੂੰ
ਨਹੀਂ ਕਰਨ ਦੇਈਦਾ
ਜਦ ਮੈਂ ਚੜ੍ਹਦੇ ਸੂਰਜ ਨੂੰ ਵੇਖਦਾਂ
ਤਾਂ ਤੁਹਾਡੇ ਵਾਂਗ ਜ਼ਿੰਦਾ ਨਹੀਂ ਹੁੰਦਾ
ਆਸਾਂ-ਉਮੀਦਾਂ ਦੀ ਜ਼ਰਖ਼ੇਜ਼ਤਾ ਤੋਂ ਮਹਿਰੂਮ
ਰੇਤ ਦੇ ਕਿਲ੍ਹੇ ਵਾਂਗ ਹਾਂ ਮੈਂ
ਵਹਿਸ਼ੀਪੁਣੇ ਤੇ ਬੇ-ਅਖ਼ਲਾਕੀ
ਦੀ ਸਿਖਰ ’ਤੇ ਜਿਊਣ ਦੇ ਬਾਵਜੂਦ
ਮੈਂ ਲੋਕਾਂ ’ਚ ਘਿਰਿਆ ਹੁੰਦਾਂ
ਆਜ਼ਾਦੀ ਦੇ ਪੂਰੇ ਮਾਅਨਿਆਂ ਨੂੰ ਛੂਹਣ ਲਈ
ਕੰਬਦਾ ਹੈ ਮੇਰਾ ਸਰੀਰ
ਤੇ ਮੇਰਾ ਦਿਲ ਚਾਹੁੰਦੈ
ਇਕ ਵਾਰ ਤਾਂ
ਆਪਣੇ ਖ਼ੁਦ ਦੇ ਸੰਸਾਰ ਵਿਚ ਤੁਰਾਂ
ਇਨ੍ਹਾਂ ਦਿਨਾਂ ਵਿਚ
ਮੇਰੇ ਵਰਗਾ ਕੋਈ ਨਹੀਂ
ਸਿਰਫ਼ ਮੈਂ ਹਾਂ
ਸਿਰਫ਼ ਇਕ ਰੋਹਿੰਗੀਆ
(1. ਬਰਥ ਸਰਟੀਫਿਕੇਟ, 2. ਮਿਆਂਮਾਰ ਵਿਚ ਰੋਹਿੰਗੀਆ ਲੋਕਾਂ ਨੂੰ ਬਾਹਰਲੇ/ਵਿਦੇਸ਼ੀ ਮੰਨਿਆ ਜਾਂਦਾ ਹੈ)
* * *
ਸਵਾਲ
ਮੈਂ ਬੰਗਲਾਦੇਸ਼ ਵਿਚ ਮਾਰਿਆ ਜਾ ਸਕਦਾਂ
ਮੇਰੀ ਮ੍ਰਿਤਕ ਦੇਹ ਦਫ਼ਨਾਈ ਜਾਏਗੀ
ਮਿਆਂਮਾਰ ਵਾਪਸ ਜਾਣਾ ਬੇਵਕੂਫ਼ੀ ਏ
ਉੱਥੇ ਤਾਂ ਕਫ਼ਨ ਵੀ ਨਸੀਬ ਨਹੀਂ ਹੋਣਾ
ਕੌਕਸ ਬਜ਼ਾਰ1 ’ਚ ਬੈਠਾ
ਖ਼ੁਦਕੁਸ਼ੀ ਕਰਨ ਬਾਰੇ ਸੋਚਦਾਂ
ਜਦ ਉਧਾਲੇ ਜਾ ਰਹੇ ਨੇ ਮੇਰੇ ਭਰਾ
ਵੇਚੀਆਂ ਜਾ ਰਹੀਆਂ ਨੇ ਮੇਰੀਆਂ ਭੈਣਾਂ
ਤਦ ਵੀ ਹਰ ਪਨਾਹਗੀਰ ਵਾਪਸ ਜਾਣਾ ਚਾਹੁੰਦੈ
ਤੇ ਮੇਰੀ ਕਿਹੋ ਜਿਹੀ ਲੋੜ ਐ
ਕਿ ਮੈਂ ਆਪਣੇ ਦਿਲ ਨੂੰ
ਇਸ ਉਮੀਦ ਤੋਂ ਵੀ ਬੇਗਾਨਾ ਰੱਖਦਾਂ
ਜਿਹੜੀ ਦੁਨੀਆ ਨੂੰ ਮੈਂ ਜਾਣਦਾ ਸਾਂ
ਉਹ ਖ਼ਤਮ ਹੋ ਚੁੱਕੀ ਐ
ਮਾਰੇ ਗਏ ਨੇ ਮੇਰੇ ਘਰ ਵਾਲੇ
ਜਾਂ ਥਾਂ ਥਾਂ ’ਤੇ ਧੱਕੇ ਖਾ ਰਹੇ ਨੇ
ਮੈਂ ਚੌਥੀ ਵਾਰ ਬੰਗਲਾਦੇਸ਼ ਤੋਂ ਭੱਜਿਆਂ
ਕਿਸੇ ਨਾ ਕਿਸੇ ਤਰ੍ਹਾਂ
ਆਪਣੇ ਆਪ ਨੂੰ ਬਚਾ ਲੈਣ ਦੇ ਚੱਕਰਾਂ ਵਿਚ
ਜਿਉਂਦਾ ਰਿਹਾ ਹਾਂ ਮੈਂ
ਹਰ ਥਾਂ ਤੋਂ ਬਾਹਰ ਕੱਢੇ ਜਾਣ ਬਾਅਦ
ਮੈਂ ਆਪਣੇ ਆਪ ਨੂੰ ਪੁੱਛਦਾਂ
ਕੀ ਇਹ ਆਖ਼ਰੀ ਵਾਰ ਐ?
(1. ਬੰਗਲਾਦੇਸ਼ ਦੇ ਸ਼ਹਿਰ ਕੌਕਸ ਬਜ਼ਾਰ ਵਿਚ ਦੁਨੀਆ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਹੈ; ਇੱਥੇ ਲੱਖਾਂ ਰੋਹਿੰਗੀਆ ਲੋਕ ਅਣਮਨੁੱਖੀ ਹਾਲਾਤ ਵਿਚ ਰਹਿੰਦੇ ਹਨ।)
ਵਿਤਕਰੇ ਦਾ ਪਾਠ
ਥੀਡਾ ਸ਼ਾਨੀਆ
ਸਵੇਰੇ ਸਵੇਰੇ
ਮੈਂ ਬੜੇ ਜੋਸ਼ ਵਿਚ ਸੀ
ਮੈਂ ਜਲਦੀ ਸਕੂਲ ਗਈ
ਕਿ ਮੈਨੂੰ ਬਹਿਣ ਲਈ ਥਾਂ ਮਿਲੇ
ਪਹਿਲੀ ਪਾਲ ਵਿਚ
ਅਧਿਆਪਕਾ ਨੇ ਮੈਨੂੰ ਦੱਸਿਆ
ਇਹ ਕੁਰਸੀ ਕਿਸੇ ‘ਕਲਾਰ1’ ਵਾਸਤੇ ਨਹੀਂ
ਤੇ ਮੈਨੂੰ ਪਿੱਛੇ ਭੇਜ ਦਿੱਤਾ
ਚੀਥੜਾ ਚੀਥੜਾ ਹੋ ਗਈ ਮੈਂ
ਤੇ ਉਸ ਦਿਨ ਮੈਨੂੰ
ਜੋ ਪਾਠ ਪੜ੍ਹਾਇਆ ਗਿਆ
ਉਹ ਕਿਤਾਬ ’ਚ ਨਹੀਂ ਸੀ
ਉਹ ਵਿਤਕਰੇ ਦਾ ਸੀ
ਤੇ ਆਸਾਂ-ਉਮੀਦਾਂ ਦੇ ਬਿਮਾਰ ਹੋ ਜਾਣ ਦਾ
ਮੈਂ ਮੁਸਕਰਾਉਂਦੀ ਮੁਸਕਰਾਉਂਦੀ ਸਕੂਲ ਲਈ ਸਾਂ
ਤੇ ਰੋਂਦੀ ਰੋਂਦੀ ਵਾਪਸ ਆਈ
(1. ਮਿਆਂਮਾਰੀਆਂ ਦੁਆਰਾ ਰੋਹਿੰਗੀਆ ਲੋਕਾਂ ਲਈ ਵਰਤਿਆ ਜਾਂਦਾ ਅਪਮਾਨਜਨਕ ਸ਼ਬਦ)
(ਇੱਥੇ ਛਪੀਆਂ ਰੋਹਿੰਗੀਆ ਕਵਿਤਾਵਾਂ ਜੇਮਜ਼ ਬਾਈਰਨ ਅਤੇ ਸ਼ਹਿਜ਼ਰ ਦੋਜਾ ਵੱਲੋਂ ਸੰਪਾਦਿਤ ਪੁਸਤਕ ‘ਆਈ ਐੱਮ ਰੋਹਿੰਗੀਆ’ ਵਿਚੋਂ ਲਈਆਂ ਗਈਆਂ ਹਨ)