ਜਸਵਿੰਦਰ ਸੁਰਗੀਤ
ਸ਼ਹਿਰ ਦੇ ਇਕ ਵੱਡੇ ਗੁਰਦੁਆਰੇ ਵਿਚ ਅੱਜ ਉਸ ਦੇ ਨਮਿਤ ਭੋਗ ਪੈ ਰਿਹਾ ਸੀ। ਉਸ ਦੇ ਪੁੱਤਰ ਗਗਨਦੀਪ ਦੁਆਰਾ ਉਸਨੂੰ ‘ਵੱਡਾ’ ਕੀਤਾ ਜਾ ਰਿਹਾ ਸੀ ਜਿਹੜਾ ਪਿਛਲੇ ਦਿਨੀਂ ਹੀ ਕੈਨੇਡਾ ਤੋਂ ਦੇਸ਼ ਪਰਤਿਆ ਸੀ। ਕਾਫ਼ੀ ਗਿਣਤੀ ਵਿਚ ਲੋਕ ਆ ਰਹੇ ਸਨ। ਇਕ ਪਾਸੇ ਬੈਠੇ ਹਲਵਾਈ ਲੰਗਰ ਤਿਆਰ ਕਰ ਰਹੇ ਸਨ। ਸਫ਼ੈਦ ਕੁੜਤਾ ਪਜਾਮਾ ਪਾਈ ਗਗਨਦੀਪ ਗੁਰਦੁਆਰੇ ਦੇ ਮੁੱਖ ਗੇਟ ’ਤੇ ਖੜ੍ਹਾ ਆ ਰਹੇ ਲੋਕਾਂ ਦਾ ਸੁਆਗਤ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋਸਤ ਵੀ ਖੜ੍ਹੇ ਸਨ। ਕਦੇ ਕਦੇ ਕੋਈ ਵਿਅਕਤੀ ਰਸਮੀ ਜਿਹਾ ਅਫ਼ਸੋਸ ਕਰਦਾ ਤਾਂ ਉਹ ਵੀ ਰਸਮੀ ਜਿਹਾ ਉਦਾਸ ਹੋ ਜਾਂਦਾ। ਵਿਚ ਵਿਚ ਉਹ ਆਪਣੇ ਦੋਸਤਾਂ ਨਾਲ ਗੱਲੀਂ ਰੁੱਝ ਜਾਂਦਾ। ਇਹ ਸਿਲਸਿਲਾ ਕਿੰਨਾ ਚਿਰ ਚਲਦਾ ਰਿਹਾ।
ਮੈਂ ਮੁੱਖ ਗੇਟ ਤੋਂ ਥੋੜ੍ਹਾ ਜਿਹਾ ਉਰ੍ਹਾਂ ਖੜ੍ਹਾ ਸਾਰੇ ਮਾਹੌਲ ਨੂੰ ਬੜੀ ਨੀਝ ਨਾਲ ਵੇਖ ਰਿਹਾ ਸਾਂ। ਆਸੇ ਪਾਸੇ ਖੜ੍ਹੇ ਲੋਕਾਂ ਦੇ ਚਿਹਰੇ ਪੜ੍ਹ ਰਿਹਾ ਸਾਂ। ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਗਗਨ ਦੇ ਇਸ ਕੀਤੇ ਜਾ ਰਹੇ ਚੰਗੇ ਪ੍ਰਬੰਧ ਦੀ ਗਵਾਹੀ ਭਰ ਰਹੇ ਸਨ। ਭੋਗ ਦੀ ਚਮਕ ਦਮਕ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਹੀ ਸੀ। ਪੱਕੀ ਜਿਹੀ ਉਮਰ ਦੇ ਇਕ ਵਿਅਕਤੀ ਦੇ ਤਾਂ ਭਾਵ ਬੋਲਾਂ ਵਿਚ ਹੀ ਤਬਦੀਲ ਹੋ ਗਏ ਸਨ: ਬਥੇਰੇ ਮਰਗ ਦੇ ਭੋਗ ਦੇਖੇ ਨੇ ਹੁਣ ਤੱਕ, ਪਰ ਇਹੋ ਜਿਹਾ ਪ੍ਰਬੰਧ ਅੱਜ ਪਹਿਲੀ ਵਾਰ ਦੇਖਿਐ। ਇਹ ਕਹਿ ਕੇ ਉਹ ਆਸੇ ਪਾਸੇ ਖੜ੍ਹੇ ਲੋਕਾਂ ਵੱਲ ਝਾਕਿਆ, ਜਿਵੇਂ ਆਪਣੇ ਕਹੇ ‘ਵਡਮੁੱਲੇ ਬਚਨ’ ਦੀ ਕੀਮਤ ਆਂਕ ਰਿਹਾ ਹੋਵੇ।
ਮੇਰੇ ਘਰ ਤੋਂ ਦੋ ਘਰ ਛੱਡ ਕੇ ਜਰਨੈਲ ਸਿੰਘ ਦਾ ਘਰ ਸੀ। ਬੀ ਐਂਡ ਆਰ ਮਹਿਕਮੇ ਵਿਚ ਉਹ ਜੇ.ਈ. ਲੱਗਿਆ ਹੋਇਆ ਸੀ। ਆਪਣੇ ਵਿਭਾਗ ਵਿਚ ਉਹ ਕਾਫ਼ੀ ਬਦਨਾਮ ਸੀ। ਉਤਲੇ ਪੈਸੇ ਖਾਣ ਵਿਚ ਉਹਨੇ ਕਦੇ ਵੀ ਝਿਜਕ ਨਹੀਂ ਵਿਖਾਈ ਸੀ। ਅਕਸਰ ਉਸ ਦੀਆਂ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ, ਪਰ ਆਪਣੇ ਦਾਅ-ਪੇਚਾਂ ਨਾਲ ਬਚਦਾ ਰਹਿੰਦਾ। ਇਕ ਵਾਰ ਰਿਸ਼ਵਤ ਦੇ ਇਕ ਕੇਸ ਵਿਚ ਉਹ ਰੰਗੇ ਹੱਥੀਂ ਫੜਿਆ ਵੀ ਗਿਆ ਸੀ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਦਿੱਤਾ ਗਿਆ। ਪਰ ਆਪਣੀ ਰਾਜਨੀਤਕ ਪਹੁੰਚ ਕਰਕੇ ਛੇਤੀ ਹੀ ਬਹਾਲ ਹੋ ਗਿਆ ਸੀ।
ਗਗਨਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਗਿਆ ਸੀ। ਉਸ ਦੀ ਹਰ ਜਾਇਜ਼ ਨਾਜਾਇਜ਼ ਗੱਲ ਮੰਨੀ ਜਾਂਦੀ। ਉਹਦੀ ਹਰ ਆਮ ਖ਼ਾਸ ਮੰਗ ਪੂਰੀ ਕਰਕੇ ਪਿਤਾ ਆਖਦਾ, ‘‘ਕਰ ਲੈ ਪੁੱਤ ਬਾਪੂ ਸਿਰ ’ਤੇ ਐਸ਼ਾਂ।’’ ਇੰਨਾ ਕਹਿੰਦੇ ਸਾਰ ਹੀ ਉਸ ਦੇ ਚਿਹਰੇ ’ਤੇ ਚਮਕ ਆ ਜਾਂਦੀ। ਦਸਵੀਂ ਜਮਾਤ ਵਿਚ ਹੁੰਦਿਆਂ ਹੀ ਉਸ ਨੇ ਮੋਟਰਸਾਈਕਲ ਲੈਣ ਦੀ ਜ਼ਿੱਦ ਫੜ ਲਈ ਸੀ। ਮਾਂ ਨੇ ਤਾਂ ਮਨ੍ਹਾਂ ਕਰ ਦਿੱਤਾ ਸੀ, ਪਰ ਪਿਤਾ ਨੇ ਹਫ਼ਤੇ ਵਿਚ ਹੀ ਬਾਈਕ ਦੀ ਚਾਬੀ ਉਸ ਦੇ ਹੱਥ ਫੜਾਉਂਦਿਆਂ ਕਿਹਾ ਸੀ, ‘‘ਕਰ ਲੈ ਪੁੱਤ ਬਾਪੂ ਸਿਰ ’ਤੇ ਐਸ਼ਾਂ।’’ ਤੇ ਫਿਰ ਉਸ ਦੇ ਚਿਹਰੇ ’ਤੇ ਚਮਕ ਆ ਗਈ ਸੀ।
ਸਕੂਲੀ ਪੜ੍ਹਾਈ ਪੂਰੀ ਕਰਕੇ ਉਸ ਨੇ ਕਾਲਜ ਵਿਚ ਦਾਖਲਾ ਲੈ ਲਿਆ। ਉੱਥੇ ਉਹਦਾ ਆਵਾਰਾ ਕਿਸਮ ਦੇ ਮੁੰਡਿਆਂ ਨਾਲ ਬਹਿਣ ਉੱਠਣ ਹੋ ਗਿਆ। ਲੜਾਈ ਝਗੜੇ ਕਰਨ ਵਾਲੀ ਮੁੰਡੀਹਰ ਵੱਲ ਖਿੱਚਿਆ ਜਾਣ ਲੱਗਾ। ਹੌਲੀ ਹੌਲੀ ਆਪ ਵੀ ਨਿੱਕੀਆਂ ਮੋਟੀਆਂ ਲੜਾਈਆਂ ਵਿਚ ਹਿੱਸੇਦਾਰੀ ਲੈਣ ਲੱਗਾ। ਇਹ ਨਿੱਕੀਆਂ ਮੋਟੀਆਂ ਲੜਾਈਆਂ ਹੌਲੀ ਹੌਲੀ ਵੱਡੀਆਂ ਲੜਾਈਆਂ ਵਿਚ ਬਦਲਣ ਲੱਗੀਆਂ। ਥਾਣੇ ਕਚਹਿਰੀਆਂ ਨਾਲ ਵਾਹ ਪੈਣ ਲੱਗਾ। ਕਾਲਜ ਵਿਚ ਉਸ ਦੇ ਨਾਮ ਦੇ ਚਰਚੇ ਹੋਣ ਲੱਗੇ। ਇਹ ਚਰਚੇ ਉਸ ਨੂੰ ਹੋਰ ‘ਕਾਰਨਾਮੇ’ ਕਰਨ ਵੱਲ ਪ੍ਰੇਰਦੇ ਅਤੇ ਇਨ੍ਹਾਂ ਕਾਰਨਾਮਿਆਂ ਦੇ ਚਰਚੇ ਘਰ ਪਹੁੰਚਣ ਲੱਗੇ। ਮਾਂ ਫ਼ਿਕਰ ਕਰਦੀ। ਉਸ ਨੂੰ ਸਮਝਾਉਂਦੀ, ਪਰ ਗਗਨ ’ਤੇ ਕੋਈ ਅਸਰ ਨਾ ਹੁੰਦਾ। ਉਹ ਉਹਦੇ ਪਿਉ ਕੋਲ ਉਹਦੀਆਂ ਸ਼ਿਕਾਇਤਾਂ ਲਾਉਂਦੀ, ਉਹਦੇ ਨਿੱਤ ਦੇ ਕਲੇਸ਼ਾਂ ਦੇ ਰੋਣੇ ਰੋਂਦੀ, ਪਰ ਉਹ ਵੀ ਅਣਸੁਣਿਆ ਕਰ ਦਿੰਦਾ। ਹਾਂ, ਕਦੇ ਕਦੇ ਏਨਾ ਜ਼ਰੂਰ ਕਹਿ ਦਿੰਦਾ, ‘‘ਐਵੇਂ ਨਾ ਫ਼ਿਕਰ ਕਰਿਆ ਕਰ, ਬਥੇਰਾ ਸਿਆਣਾ ਹੋ ਜੂ, ਅਜੇ ਗਰਮ ਖ਼ੂਨ ਐ।’’ ਪਤੀ ਦੀ ਬੇਫ਼ਿਕਰੀ ਦੇਖ ਕੇ ਉਹ ਹੋਰ ਵੀ ਫ਼ਿਕਰਮੰਦ ਹੋ ਜਾਂਦੀ।
ਦੋ ਸਾਲ ਕਾਲਜ ਵਿਚ ਖਰਾਬ ਕਰ ਕੇ ਉਹ ਬੀ.ਏ. ਦੀ ਪੜ੍ਹਾਈ ਵਿੱਚੇ ਛੱਡ ਗਿਆ। ਸਾਰਾ ਦਿਨ ਆਵਾਰਾਗਰਦੀ ’ਤੇ ਹੋ ਗਿਆ। ਅੱਧੀ ਅੱਧੀ ਰਾਤ ਨੂੰ ਘਰੇ ਵੜਦਾ। ਹੁਣ ਜਰਨੈਲ ਸਿੰਘ ਦੀਆਂ ਵੀ ਅੱਖਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ। ਅੰਦਰੇ ਅੰਦਰ ਮੁੰਡੇ ਦਾ ਫ਼ਿਕਰ ਕਰਨ ਲੱਗ ਪਿਆ ਸੀ। ਆਨੀਂ ਬਹਾਨੀਂ ਉਸ ਨੂੰ ਸਮਝਾਉਣ ਦਾ ਯਤਨ ਕਰਦਾ, ਪਰ ਉਸ ’ਤੇ ਕੋਈ ਅਸਰ ਨਾ ਹੁੰਦਾ।
ਪਿਛਲੇ ਕੁਝ ਸਮੇਂ ਤੋਂ ਗਗਨ ਬਾਹਰ ਜਾਣ ਦੇ ਸੁਪਨੇ ਦੇਖਣ ਲੱਗਾ ਸੀ। ਉਸ ਨੇ ਘਰੇ ਗੱਲ ਕੀਤੀ। ਘਰ ਦੇ ਉਸ ਨੂੰ ’ਕੱਲਾ ਮੁੰਡਾ ਹੋਣ ਕਰਕੇ ਬਾਹਰ ਭੇਜ ਕੇ ਰਾਜ਼ੀ ਨਹੀਂ ਸਨ। ਦੂਸਰਾ, ਦਸ ਬਾਰਾਂ ਲੱਖ ਰੁਪਏ ਦਾ ਪ੍ਰਬੰਧ ਕਰਨਾ ਵੀ ਸੌਖਾ ਨਹੀਂ ਸੀ। ਪਰ ਗਗਨ ਤਾਂ ਜ਼ਿੱਦ ਦਾ ਪੱਕਾ ਸੀ ਤੇ ਹੁਣ ਤੱਕ ਉਸ ਦੀ ਹਰ ਜ਼ਿੱਦ ਪੂਰੀ ਹੁੰਦੀ ਰਹੀ ਸੀ। ਉਸ ਦੀ ਜ਼ਿੱਦ ਵੇਖ ਕੇ ਇਕ ਦਿਨ ਜਰਨੈਲ ਸਿੰਘ ਨੇ ਪਤਨੀ ਨੂੰ ਕਿਹਾ, ‘‘ਮੈਂ ਤਾਂ ਕਹਿਨਾਂ, ਜੇ ਜਾਂਦਾ ਜਾਣ ਦੇ। ਕੀ ਪਤਾ ਓਧਰ ਜਾ ਕੇ ਲੱਛਣ ਹੀ ਸੂਤ ਹੋ ਜਾਣ ਇਹਦੇ।’’ ‘ਲੱਛਣ’ ਸ਼ਬਦ ਉਸ ਨੇ ਰਤਾ ਚੱਬ ਕੇ ਬੋਲਿਆ। ਸੁਰਜੀਤ ਕੌਰ ਵੀ ਸਹਿਮਤ ਹੋ ਗਈ।
ਇਕ ਏਜੰਟ ਨਾਲ ਗੱਲਬਾਤ ਕੀਤੀ ਗਈ। ਉਹੀ ਦਸ ਬਾਰਾਂ ਲੱਖ ਦਾ ਖਰਚਾ ਹੋਣਾ ਸੀ। ਪੈਸੇ ਦੇ ਬੰਦੋਬਸਤ ਬਾਰੇ ਚਰਚਾ ਹੋਣ ਲੱਗੀ। ਕਈ ਦਿਨਾਂ ਦੀ ਸੋਚ ਵਿਚਾਰ ਪਿੱਛੋਂ ਪਲਾਟ ਵੇਚਣ ਦਾ ਫ਼ੈਸਲਾ ਹੋ ਗਿਆ। ਇਹ ਪਲਾਟ ਜਰਨੈਲ ਸਿੰਘ ਨੇ ਤਿੰਨ ਕੁ ਸਾਲ ਪਹਿਲਾਂ ਲਿਆ ਸੀ।
ਤਿੰਨ ਚਾਰ ਮਹੀਨਿਆਂ ਦੀ ਭੱਜ-ਦੌੜ ਬਾਅਦ ਗਗਨ ਦਾ ਵਰਕ ਪਰਮਿਟ ਦਾ ਵੀਜ਼ਾ ਲੱਗ ਗਿਆ। … ਤੇ ਇਕ ਦਿਨ ਉਹ ਕੈਨੇਡਾ ਦੀ ਧਰਤੀ ’ਤੇ ਜਾ ਉਤਰਿਆ।
ਸਮੇਂ ਦੀ ਨਦੀ ਆਪਣੀ ਤੋਰੇ ਵਗਦੀ ਰਹੀ। ਗਗਨ ਨੂੰ ਗਏ ਨੂੰ ਦੋ ਸਾਲ ਹੋ ਗਏ ਸਨ। ਸ਼ੁਰੂ ਸ਼ੁਰੂ ਵਿਚ ਉਹਦੇ ਫੋਨ ਆਉਂਦੇ ਰਹਿੰਦੇ, ਪਰ ਸਮਾਂ ਪਾ ਕੇ ਫੋਨ ਆਉਣੇ ਘਟਦੇ ਗਏ। ਕਦੇ ਕਦੇ ਮਾਂ ਨੇ ਗਿਲਾ ਕਰਨਾ ਤਾਂ ਅੱਗੋਂ ਮੁੰਡੇ ਨੇ ਕਹਿਣਾ, ‘‘ਕੀ ਕਰਾਂ ਮੰਮੀ, ਬਿਜ਼ੀ ਬਾਹਲਾ ਹੋ ਗਿਆ, ਟਾਈਮ ਈ ਨ੍ਹੀਂ ਲਗਦਾ।’’ ਮਾਂ ਨੇ ਸੁਣ ਕੇ ਉਦਾਸ ਹੋ ਜਾਣਾ।
ਇਕ ਵਾਰੀ ਇੰਡੀਆ ਆ ਕੇ ਉਹ ਵਿਆਹ ਕਰਵਾ ਕੇ ਛੇਤੀ ਹੀ ਮੁੜ ਗਿਆ ਸੀ। ਮਾਂ ਬਾਪ ਤਾਂ ਚਾਹੁੰਦੇ ਸਨ ਕਿ ਘੱਟੋ-ਘੱਟ ਛੇ ਸੱਤ ਮਹੀਨੇ ਤਾਂ ਲਾ ਕੇ ਜਾਵੇ, ਪਰ ਉਸ ਨੇ ਆਪਣੀ ਮਜਬੂਰੀ ਜ਼ਾਹਿਰ ਕੀਤੀ। ਵਹੁਟੀ ਵੀ ਪੰਦਰਾਂ ਕੁ ਦਿਨ ਸਹੁਰੇ ਲਾ ਕੇ ਪੇਕੇ ਹੀ ਰਹਿਣ ਲੱਗ ਪਈ ਸੀ। ਤਿੰਨ ਕੁ ਮਹੀਨਿਆਂ ਬਾਅਦ ਉਹਦਾ ਵੀ ਵੀਜ਼ਾ ਲੱਗ ਗਿਆ ਸੀ ਤੇ ਫਿਰ ਇਕ ਦਿਨ ਉਹ ਵੀ ਕੈਨੇਡਾ ਪਹੁੰਚ ਗਈ।
ਪਿਛਲੇ ਕੁਝ ਸਮੇਂ ਤੋਂ ਜਰਨੈਲ ਸਿੰਘ ਉਦਾਸ ਰਹਿਣ ਲੱਗ ਪਿਆ ਸੀ। ਕਦੇ ਕਦੇ ਉਹ ਸੁਰਜੀਤ ਕੋਲ ਮੁੰਡੇ ਦਾ ਗਿਲਾ ਕਰਦਾ ਕਹਿੰਦਾ, ‘‘ਦੇਖ ਲੈ ਸੁਰਜੀਤ, ਹੁਣ ਕਦੇ ਫੋਨ ਈ ਨੀ ਕੀਤਾ ਗਗਨ ਨੇ, ਨਾ ਕਦੇ ਵਹੁਟੀ ਦਾ ਫੋਨ ਆਇਆ।’’ ਏਨਾ ਸੁਣ ਕੇ ਉਹ ਹਉਕਾ ਭਰ ਕੇ ਆਖਦੀ, ‘‘ਚੱਲ ਉਨ੍ਹਾਂ ਦੀ ਮਰਜ਼ੀ ਐ, ਸੁਖੀ ਵਸਣ ਆਵਦਾ।’’ ਏਨਾ ਆਖ ਕੇ ਉਹ ਗਿੱਲੀਆਂ ਅੱਖਾਂ ਮਲਣ ਲੱਗਦੀ।
ਆਪਣੀ ਤੀਹ ਸਾਲ ਦੀ ਸੇਵਾ ਉਪਰੰਤ ਜਰਨੈਲ ਸਿੰਘ ਸੇਵਾ-ਮੁਕਤ ਹੋ ਗਿਆ ਸੀ। ਹੁਣ ਸਾਰਾ ਦਿਨ ਪਤੀ ਪਤਨੀ ਘਰ ਰਹਿੰਦੇ। ਵੱਡਾ ਘਰ ਉਨ੍ਹਾਂ ਨੂੰ ਖਾਣ ਨੂੰ ਪੈਂਦਾ। ਕਦੇ ਕਦੇ ਦੋਵੇਂ ਜਣੇ ਗਗਨ ਦੀਆਂ ਗੱਲਾਂ ਛੇੜ ਬਹਿੰਦੇ। ਜਦੋਂ ਕਦੇ ਵਰ੍ਹੇ ਛਿਮਾਹੀ ਗਗਨ ਦਾ ਫੋਨ ਆਉਂਦਾ, ਦੋਵੇਂ ਖ਼ੁਸ਼ ਹੋ ਜਾਂਦੇ। ਕਦੇ ਕਦੇ ਕੋਈ ਨੇੜਲਾ ਰਿਸ਼ਤੇਦਾਰ ਉਨ੍ਹਾਂ ਦਾ ਹਾਲ ਪੁੱਛਣ ਆ ਜਾਂਦਾ। ਜਦ ਉਹ ਗਗਨ ਦੀ ਗੱਲ ਛੇੜਦਾ ਤਾਂ ਉਹ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੇ।
ਇਕ ਦਿਨ ਅਚਾਨਕ ਅੱਧੀ ਰਾਤ ਨੂੰ ਜਰਨੈਲ ਸਿੰਘ ਦੇ ਖੱਬੇ ਪਾਸੇ ਬਹੁਤ ਤੇਜ਼ ਦਰਦ ਹੋਇਆ। ਪਤਨੀ ਨੇ ਘਬਰਾਈ ਹੋਈ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ। ਮੈਂ ਕਾਹਲੀ ਨਾਲ ਆਪਣੀ ਕਾਰ ਕੱਢੀ। ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਗਏ। ਦਿਲ ਦਾ ਜ਼ਬਰਦਸਤ ਦੌਰਾ ਸੀ। ਵਕਤ ਸਿਰ ਪਹੁੰਚਣ ਕਰਕੇ ਡਾਕਟਰਾਂ ਨੇ ਬਚਾ ਲਿਆ। ਦੋ ਦਿਨ ਹਸਪਤਾਲ ਰੱਖਣ ਤੋਂ ਬਾਅਦ ਛੁੱਟੀ ਕਰ ਦਿੱਤੀ। ਇਕ ਮਹੀਨੇ ਦੇ ਵਿਚ ਵਿਚ ਬਾਈਪਾਸ ਸਰਜਰੀ ਕਰਾਉਣ ਦੀ ਤਾਕੀਦ ਕੀਤੀ ਗਈ, ਨਹੀਂ ਤਾਂ ਦੁਬਾਰਾ ਦਿੱਕਤ ਆ ਜਾਣ ਦਾ ਖ਼ਤਰਾ ਸੀ।
ਬੇਟੇ ਨਾਲ ਫੋਨ ’ਤੇ ਗੱਲਬਾਤ ਕੀਤੀ। ਉਸ ਨੇ ਸਰਸਰੀ ਜਿਹਾ ਫ਼ਿਕਰ ਕੀਤਾ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਮਹੀਨੇ ਤੱਕ ਬਾਈਪਾਸ ਹੋਣੀ ਹੈ। ਉਸ ਨੂੰ ਵਾਪਸ ਆਉਣ ਲਈ ਕਿਹਾ ਗਿਆ ਕਿ ਉਹ ਆ ਕੇ ਪਿਤਾ ਦਾ ਅਪਰੇਸ਼ਨ ਆਪਣੇ ਹੱਥੀਂ ਕਰਾਵੇ। ਉਸ ਨੇ ਮਜਬੂਰੀ ਜ਼ਾਹਿਰ ਕਰਦੇ ਹੋਏ ਮਾਂ ਨੂੰ ਕਿਹਾ, ‘‘ਮੰਮੀ, ਮੈਂ ਹੁਣੇ ਇਕ ਨਵੀਂ ਕੰਪਨੀ ਜੁਆਇਨ ਕੀਤੀ ਐ, ਛੁੱਟੀ ਮਿਲਣੀ ਮੁਸ਼ਕਿਲ ਐ।’’ ਸੁਣ ਕੇ ਉਹ ਉਦਾਸ ਹੋ ਗਈ। ਹਾਂ, ਮੁੰਡੇ ਨੇ ਏਨਾ ਜ਼ਰੂਰ ਕਿਹਾ ਕਿ ਉਹ ਪੈਸੇ ਭੇਜ ਦੇਵੇਗਾ, ਉਹ ਕਿਸੇ ਚੰਗੇ ਹਸਪਤਾਲ ਤੋਂ ਸਰਜਰੀ ਕਰਵਾ ਲੈਣ। ਪਿਤਾ ਨਾਲ ਵੀ ਗੱਲ ਕੀਤੀ, ਪਰ ਸਾਰੀ ਗੱਲਬਾਤ ਰਸਮੀ ਜਿਹੀ ਸੀ। ਜਰਨੈਲ ਸਿੰਘ ਤਾਂ ਪਹਿਲਾਂ ਹੀ ਦਿਲ ਸੁੱਟੀ ਬੈਠਾ ਸੀ। ਮੁੰਡੇ ਦੀ ਠੰਢੀ ਗੱਲਬਾਤ ਨਾਲ ਉਹ ਹੋਰ ਵੀ ‘ਠੰਢਾ’ ਹੋ ਗਿਆ।
ਡਾਕਟਰਾਂ ਦੇ ਕਹੇ ਮੁਤਾਬਿਕ ਜਰਨੈਲ ਸਿੰਘ ਦੀ ਬਾਈਪਾਸ ਸਰਜਰੀ ਉਸੇ ਪ੍ਰਾਈਵੇਟ ਹਸਪਤਾਲ ਵਿਚ ਹੋ ਗਈ ਸੀ। ਉਸ ਦੀ ਦੇਖਭਾਲ ਲਈ ਉਹਦਾ ਇਕ ਦੂਰ ਦਾ ਰਿਸ਼ਤੇਦਾਰ ਹਸਪਤਾਲ ਵਿਚ ਰਿਹਾ ਸੀ ਜਿਹੜਾ ਸ਼ਹਿਰ ਤੋਂ ਵੀਹ ਕੁ ਕਿਲੋਮੀਟਰ ਦੂਰੀ ’ਤੇ ਇਕ ਪਿੰਡ ਵਿਚ ਰਹਿੰਦਾ ਸੀ।
ਹੁਣ ਕਦੇ ਕਦੇ ਜਰਨੈਲ ਸਿੰਘ ਸ਼ਾਮ ਨੂੰ ਬਾਹਰ ਗਲੀ ਵਿਚ ਬਣੇ ਥੜ੍ਹੇ ’ਤੇ ਬੈਠ ਜਾਂਦਾ। ਜ਼ਿਆਦਾ ਬੋਲਦਾ ਨਾ। ਬਸ ਚੁੱਪਚਾਪ ਉਦਾਸ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਦੇਖਦਾ ਰਹਿੰਦਾ। ਅਜਿਹੀ ਹਾਲਤ ਵੇਖ ਕੇ ਕਦੇ ਕਦੇ ਮੇਰੀ ਕਲਪਨਾ ਵਿਚ ਪੁਰਾਣਾ ਜਰਨੈਲ ਸਿੰਘ ਉੱਘੜ ਆਉਂਦਾ ਜਿਹੜਾ ਕਦੇ ਮੈਂ ਉਦਾਸ ਨਹੀਂ ਵੇਖਿਆ ਸੀ, ਜਿਹੜਾ ਹਮੇਸ਼ਾ ਹਵਾ ਦੇ ਘੋੜੇ ਸਵਾਰ ਰਹਿੰਦਾ ਸੀ। ਉਹ ਅਕਸਰ ਹੀ ਗਗਨ ਨੂੰ ਕਿਹਾ ਕਰਦਾ ਸੀ, ‘‘ਕਰ ਲੈ ਪੁੱਤ ਬਾਪੂ ਦੇ ਸਿਰ ’ਤੇ ਐਸ਼ਾਂ।’’ ਮੈਂ ਜਰਨੈਲ ਸਿੰਘ ਨੂੰ ਗੱਲੀਂ ਲਾਉਣ ਦੀ ਕੋਸ਼ਿਸ਼ ਕਰਦਾ। ਕਦੇ ਕਦੇ ਉਹ ਗੱਲੀਂ ਪੈ ਵੀ ਜਾਂਦਾ, ਪਰ ਜੇ ਕਦੇ ਮੁੰਡੇ ਦੀ ਗੱਲ ਆ ਜਾਂਦੀ ਤਾਂ ਉਹ ਚੁੱਪ ਕਰ ਜਾਂਦਾ। ਬਾਅਦ ਵਿਚ ਮੈਨੂੰ ਇਹ ਵੀ ਪਤਾ ਲੱਗਿਆ ਕਿ ਅਪ੍ਰੇਸ਼ਨ ਤੋਂ ਬਾਅਦ ਗਗਨ ਨੇ ਇਕ ਅੱਧੀ ਵਾਰੀ ਹੀ ਫੋਨ ਕੀਤਾ ਸੀ। ਇੰਡੀਆ ਵਾਪਸ ਆਉਣ ਦੇ ਸੁਆਲ ’ਤੇ ਇਕ ਵਾਰ ਫਿਰ ਉਹ ਟਾਲ਼ਾ ਵੱਟ ਗਿਆ ਸੀ।
ਜਰਨੈਲ ਸਿੰਘ ਦਾ ਚਿਹਰਾ ਹਮੇਸ਼ਾ ਬੁਝਿਆ ਬੁਝਿਆ ਰਹਿੰਦਾ। ਉਦਾਸੀ ਨੇ ਚਿਹਰੇ ’ਤੇ ਪੱਕਾ ਟਿਕਾਣਾ ਕਰ ਲਿਆ ਸੀ। ਉਂਝ ਭਾਵੇਂ ਉਸ ਦਾ ਬੇਟਾ ਇਕ ਵਾਰ ਗੇੜਾ ਮਾਰ ਗਿਆ ਸੀ, ਪਰ ਜਰਨੈਲ ਸਿੰਘ ਉਸ ਦੇ ਆਉਣ ’ਤੇ ਕੋਈ ਬਹੁਤਾ ਖ਼ੁਸ਼ ਨਹੀਂ ਹੋਇਆ ਸੀ ਅਤੇ ਗਗਨ ਵੀ ਬਹੁਤਾ ਸਮਾਂ ਯਾਰਾਂ ਦੋਸਤਾਂ ਨਾਲ ਬਾਹਰ ਹੀ ਘੁੰਮਦਾ ਰਿਹਾ ਸੀ। ਕਦੇ ਕਦੇ ਮਾਂ ਨੇ ਕਹਿਣਾ, ‘‘ਵੇ ਗਗਨ, ਕਦੇ ਬਿੰਦ ਝੱਟ ਪਿਉ ਕੋਲ ਵੀ ਬਹਿ ਜਿਆ ਕਰ, ਜਿੱਦਣ ਦਾ ਆਇਐਂ, ਦਸ ਮਿੰਟ ਨ੍ਹੀਂ ਬੈਠਾ ਕਿਤੇ।’’ ਮੁੰਡੇ ’ਤੇ ਕਿਸੇ ਗੱਲ ਦਾ ਕੋਈ ਅਸਰ ਨਾ ਹੁੰਦਾ।
ਪਿਛਲੇ ਕੁਝ ਸਮੇਂ ਤੋਂ ਜਰਨੈਲ ਸਿੰਘ ਨੇ ਮੇਰੇ ਕੋਲ ਆਪਣਾ ਢਿੱਡ ਫਰੋਲਣਾ ਸ਼ੁਰੂ ਕਰ ਦਿੱਤਾ ਸੀ। ਉਹ ਅਕਸਰ ਹੀ ਗਗਨ ਦੀਆਂ ਗੱਲਾਂ ਕਰ ਕੇ ਆਪਣਾ ਗੁੱਭ ਗਲਾਟ ਕੱਢਦਾ। ਮੈਂ ਉਸ ਦਾ ਹੁੰਗਾਰਾ ਭਰਦਾ ਰਹਿੰਦਾ। ਉਸ ਦੇ ਰੋਣੇ ਧੋਣੇ ਸੁਣਦਾ ਕਦੇ ਅੱਕਦਾ ਥੱਕਦਾ ਨਾ। ਮੈਨੂੰ ਪਤਾ ਹੁੰਦਾ ਸੀ ਕਿ ਮੇਰਾ ਹੁੰਗਾਰਾ ਉਸ ਨੂੰ ਰਾਹਤ ਦਿੰਦਾ ਸੀ। ਕਦੇ ਕਦੇ ਉਸ ਦੀਆਂ ਗੱਲਾਂ ਤੋਂ ਲੱਗਣਾ ਕਿ ਉਸ ਨੂੰ ਬੀਤੇ ਵਿਚ ਆਪਣੇ ਕੀਤੇ ਕਈ ‘ਕੰਮਾਂ’ ਦਾ ਵੀ ਪਛਤਾਵਾ ਸੀ। ਉਸ ਨੂੰ ਲੱਗਦਾ ਸੀ ਕਿ ਉਤਲੀ ਕਮਾਈ ਉਸ ਨੂੰ ਸਬਕ ਸਿਖਾ ਰਹੀ ਸੀ। ਮੇਰੇ ਸਾਹਮਣੇ ਉਸ ਦੀ ‘ਰੱਜ ਕੇ ਕੀਤੀ ਕਮਾਈ’ ਦੇ ਚਰਚੇ ਸਾਹਮਣੇ ਆ ਜਾਣੇ, ਪਰ ਮੈਂ ਉਸ ਦਾ ਹਮੇਸ਼ਾ ਦਿਲ ਧਰਾਉਂਦਾ। ਬੀਤੇ ਸਮੇਂ ਦੀਆਂ ਗੱਲਾਂ ਭੁੱਲ ਜਾਣ ਲਈ ਕਹਿੰਦਾ। ਉਸ ਨੂੰ ਗੱਲਾਂ ਗੱਲਾਂ ਵਿਚ ਹੋਰ ਪਾਸੇ ਲੈ ਜਾਂਦਾ।
ਸਰਜਰੀ ਤੋਂ ਸਾਲ ਕੁ ਬਾਅਦ ਫਿਰ ਕੋਈ ਨਾ ਕੋਈ ਦਿਲ ਦੀ ਦਿੱਕਤ ਸ਼ੁਰੂ ਹੋ ਗਈ ਸੀ। ਹਸਪਤਾਲ ਦੇ ਚੱਕਰ ਲੱਗਣੇ ਫਿਰ ਸ਼ੁਰੂ ਹੋ ਗਏ ਸਨ। ਇਕ ਦੋ ਵਾਰੀ ਹਸਪਤਾਲ ਵਿਚ ਵੀ ਦਾਖਲ ਰਹਿਣਾ ਪਿਆ ਸੀ। ਉਸ ਦੀ ਪਤਨੀ ਨਾਲੇ ਤਾਂ ਉਹਦੀ ਸੇਵਾ ਸੰਭਾਲ ਕਰੀ ਜਾਂਦੀ ਨਾਲੇ ਉਹਨੂੰ ਅਬਾ ਤਬਾ ਬੋਲੀ ਜਾਂਦੀ। ਪਿਛਲੇ ਸਾਲ ਕੁ ਤੋਂ ਉਹਦੇ ਸੁਭਾਅ ’ਚ ਬਹੁਤ ਕੁੜੱਤਣ ਆ ਗਈ ਸੀ। ਉਹ ਮਾੜੀ ਮਾੜੀ ਗੱਲ ’ਤੇ ਜਰਨੈਲ ’ਤੇ ਖਿਝੀ ਜਾਂਦੀ। ਜਦੋਂ ਕਦੇ ਉਹ ਬੋਲਣੋਂ ਹੀ ਨਾ ਹਟਦੀ ਤਾਂ ਜਰਨੈਲ ਸਿੰਘ ਬਾਹਰ ਆ ਕੇ ਬੈਠ ਜਾਂਦਾ।
ਹੌਲੀ ਹੌਲੀ ਜਰਨੈਲ ਸਿੰਘ ਮਾਨਸਿਕ ਤੌਰ ’ਤੇ ਤਿੜਕਣਾ ਸ਼ੁਰੂ ਹੋ ਗਿਆ ਸੀ। ਕਈ ਵਾਰ ਇਕੱਲਾ ਬੈਠਾ ਹੀ ਬੋਲੀ ਜਾਂਦਾ ਜਾਂ ਕਦੇ ਕਦੇ ਇਕਦਮ ਹੀ ਸੁੰਨ ਵੱਟਾ ਜਿਹਾ ਹੋ ਜਾਂਦਾ। ਕਈ ਵਾਰ ਬਿਨਾਂ ਦੱਸੇ ਘਰੋਂ ਨਿਕਲ ਜਾਂਦਾ ਤਾਂ ਅਸੀਂ ਗੁਆਂਢ ਦੇ ਇਕ ਦੋ ਜਣੇ ਉਸ ਨੂੰ ਲੱਭ ਕੇ ਲਿਆਉਂਦੇ। ਮੈਂ ਇਕ ਦੋ ਵਾਰੀ ਉਸ ਦੀ ਪਤਨੀ ਨਾਲ ਵੀ ਗੱਲ ਕੀਤੀ ਕਿ ਉਹ ਉਸ ਨੂੰ ਕਿਸੇ ਮਨੋਰੋਗ ਮਾਹਿਰ ਡਾਕਟਰ ਨੂੰ ਦਿਖਾ ਦੇਣ, ਪਰ ਉਸ ਨੇ ਮੇਰੀ ਗੱਲ ਨੂੰ ਗੌਲਿਆ ਨਾ।
ਇਕ ਦਿਨ ਸਿਖਰ ਦੁਪਹਿਰੇ ਸਾਡੇ ਘਰ ਦਾ ਦਰਵਾਜ਼ਾ ਜ਼ੋਰ ਜ਼ੋਰ ਦੀ ਖੜਕਿਆ। ਦਰਵਾਜ਼ਾ ਖੋਲ੍ਹਿਆ। ਜਰਨੈਲ ਸਿੰਘ ਦੀ ਪਤਨੀ ਨੇ ਘਬਰਾਈ ਹੋਈ ਨੇ ਆਖਿਆ, ‘‘ਆਈਂ ਭੱਜ ਕੇ ਦੇਖੀਂ, ਤੇਰੇ ਅੰਕਲ ਨੂੰ ਕੀ ਹੋ ਗਿਆ?’’ ਮੈਂ ਕਾਹਲੀ ਨਾਲ ਉਨ੍ਹਾਂ ਦੇ ਘਰ ਗਿਆ। ਜਰਨੈਲ ਸਿੰਘ ਫ਼ਰਸ਼ ’ਤੇ ਡਿੱਗਿਆ ਪਿਆ ਸੀ। ਸਿਰ ਖੱਬੇ ਪਾਸੇ ਨੂੰ ਲੁੜਕਿਆ ਪਿਆ ਸੀ। ਅਸੀਂ ਦੋ ਤਿੰਨ ਜਣਿਆਂ ਨੇ ਉਸ ਨੂੰ ਚੁੱਕ ਕੇ ਬੈੱਡ ’ਤੇ ਪਾਇਆ। ਡਾਕਟਰ ਨੂੰ ਬੁਲਾਇਆ। ਉਹੀ ਗੱਲ ਹੋਈ। ਉਹ ਜਾ ਚੁੱਕਾ ਸੀ। ਉਹ ਜੋ ਅਕਸਰ ਹੀ ਗਗਨ ਨੂੰ ਕਿਹਾ ਕਰਦਾ ਸੀ: ‘‘ਕਰ ਲੈ ਪੁੱਤ ਬਾਪੂ ਦੇ ਸਿਰ ’ਤੇ ਐਸ਼ਾਂ।’’ ਅਤੇ ਕਹਿੰਦਿਆਂ ਸਾਰ ਜਿਸ ਦੇ ਚਿਹਰੇ ’ਤੇ ਚਮਕ ਆ ਜਾਇਆ ਕਰਦੀ ਸੀ। ਹੁਣ ਮੇਰੇ ਸਾਹਮਣੇ ਅਹਿਲ ਪਿਆ ਸੀ ਜਿਵੇਂ ਕੋਈ ਲੰਬੀ ਯਾਤਰਾ ਤੋਂ ਥੱਕਿਆ ਮੁਸਾਫ਼ਿਰ ਘੂਕ ਸੁੱਤਾ ਪਿਆ ਹੋਵੇ।
ਗਗਨ ਨੂੰ ਫੋਨ ਕੀਤਾ ਗਿਆ। ਤੀਜੇ ਦਿਨ ਉਹ ਘਰ ਆ ਗਿਆ। ਪਿਤਾ ਦਾ ਸਸਕਾਰ ਕੀਤਾ। ਪੁੱਤਰ ਦੇ ਚਿਹਰੇ ’ਤੇ ਦੁੱਖ ਦਾ ਕੋਈ ਪਰਛਾਵਾਂ ਨਹੀਂ ਸੀ। ਬਿਲਕੁਲ ਸਪਾਟ ਚਿਹਰਾ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ।
… ਤੇ ਅੱਜ ਉਸ ਦਾ ਭੋਗ ਪੈ ਰਿਹਾ ਸੀ। ਉਸ ਨੂੰ ‘ਵੱਡਾ’ ਕੀਤਾ ਜਾ ਰਿਹਾ ਸੀ। ਲੋਕਾਂ ਦੇ ਚਿਹਰਿਆਂ ਦੇ ਹਾਵ ਭਾਵ ਚੰਗੇ ਪ੍ਰਬੰਧ ਦੀ ਗਵਾਹੀ ਦੇ ਰਹੇ ਸਨ। .. ਤੇ ਪੱਕੀ ਜਿਹੀ ਉਮਰ ਦੇ ਇੱਕ ਵਿਅਕਤੀ ਦੇ ਤਾਂ ਭਾਵ ਬੋਲਾਂ ਵਿਚ ਹੀ ਪ੍ਰਗਟ ਹੋ ਗਏ ਸਨ, ਅਖੇ ‘‘ਬਥੇਰੇ ਮਰਗ ਦੇ ਭੋਗ ਦੇਖੇ ਨੇ ਹੁਣ ਤੱਕ, ਪਰ ਇਹੋ ਜਿਹਾ ਪ੍ਰਬੰਧ…।’’
ਸੰਪਰਕ: 94174-48436