ਰਾਮ ਸਰੂਪ ਜੋਸ਼ੀ
ਸਰਕਾਰੀ ਹਾਈ ਸਕੂਲ ਗੜਾਂਗਾਂ ਵਿਚ ਮੇਰੀ ਠਹਿਰ ਬਹੁਤ ਲੰਬੀ ਰਹੀ ਹੈ ਅਤੇ ਇੱਥੋਂ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਹਨ। ਪਹਿਲੀ ਤੋਂ ਦਸਵੀਂ ਤੱਕ ਦਾ ਵਿਦਿਆਰਥੀ ਜੀਵਨ ਅਤੇ ਅਧਿਆਪਕ ਵਜੋਂ ਲਗਭਗ ਚੌਵੀ ਸਾਲ ਦਾ ਜੀਵਨ ਮੈਂ ਇੱਥੇ ਬਤੀਤ ਕੀਤਾ ਹੈ। ਇਸ ਲੰਬੀ ਠਹਿਰ ਦੀਆਂ ਕੁਝ ਅਜਿਹੀਆਂ ਘਟਨਾਵਾਂ ਹਨ ਜੋ ਪਾਠਕਾਂ ਦੇ ਜੀਵਨ ਵਿਚ ਵੀ ਸਹਾਈ ਹੋ ਸਕਦੀਆਂ ਹਨ।
ਇਸ ਸਕੂਲ ਵਿਚ ਅਸੀਂ ਬੋਰਡ ਦੀਆਂ ਕਲਾਸਾਂ ਨੂੰ ਸਰਦੀ ਦੇ ਚਾਰ ਕੁ ਮਹੀਨੇ ਸਕੂਲ ਟਾਈਮ ਤੋਂ ਪਹਿਲਾਂ ਪੜ੍ਹਾਇਆ ਕਰਦੇ ਸਾਂ। ਅੱਧਾ ਘੰਟਾ ਸਕੂਲ ਟਾਈਮ ਤੋਂ ਪਹਿਲਾਂ ਅਤੇ ਅੱਧਾ ਕੁ ਘੰਟਾ ਪ੍ਰਾਰਥਨਾ ਦੇ ਸਮੇਂ ਦਾ ਮਿਲਾ ਕੇ ਲਗਭਗ ਇੱਕ ਘੰਟਾ ਬਣ ਜਾਂਦਾ ਸੀ। ਬਹੁਤਾ ਕਰਕੇ ਅੰਗਰੇਜ਼ੀ, ਗਣਿਤ ਤੇ ਵਿਗਿਆਨ ਵਾਲੇ ਅਧਿਆਪਕ ਹੀ ਇਹ ਪੀਰੀਅਡ ਲੈਂਦੇ ਸਨ। ਇਸ ਤਰ੍ਹਾਂ ਇਨ੍ਹਾਂ ਵਿਸ਼ਿਆਂ ਨੂੰ ਦੋ ਦੋ ਦਿਨ ਮਿਲ ਜਾਂਦੇ ਸਨ। ਇਸ ਵਾਧੂ ਸਮੇਂ ਲਈ ਕਦੇ ਕਦਾਈਂ ਅਸੀਂ ਆਪਸ ਵਿਚ ਖਹਬਿੜ ਵੀ ਪੈਂਦੇ।
ਇੱਕ ਵੇਰ ਗਣਿਤ ਵਾਲੇ ਅਧਿਆਪਕ ਦੋ ਦਿਨ ਦੀ ਛੁੱਟੀ ’ਤੇ ਜਾਣ ਲੱਗਿਆਂ ਮੈਨੂੰ ਆਖਣ ਲੱਗੇ, ‘‘ਜੋਸ਼ੀ ਜੀ, ਮੇਰੇ ਦੋ ਦਿਨ ਵੀ ਤੁਸੀਂ ਲੈ ਲੈਣੇ। ਅਗਲੇ ਹਫ਼ਤੇ ਮੈਂ ਤੁਹਾਡੇ ਦੋ ਦਿਨ ਲੈ ਲਵਾਂਗਾ।’’ ਇਸ ਤਰ੍ਹਾਂ ਲਗਾਤਾਰ ਚਾਰ ਦਿਨ ਜ਼ੀਰੋ ਪੀਰੀਅਡ ਲੈਣ ਕਰਕੇ ਸੁਵਖਤੇ ਹੀ ਕਲਾਸ ਵਿਚ ਚਲੇ ਜਾਣਾ। ਛੁੱਟੀ ਵੇਲੇ ਸਾਰੇ ਹੀ ਘਰ ਜਾਣ ਦੀ ਕਾਹਲ ਵਿਚ ਫਟਾਫਟ ਹਾਜ਼ਰੀ ਲਾਉਣ ਲਈ ਇੱਕ ਦੂਜੇ ਤੋਂ ਅੱਗੇ ਹੋਣ ਦਾ ਯਤਨ ਕਰਦੇ। ਮੈਂ ਵੀ ਹਾਜ਼ਰੀ ਲਾ ਕੇ ਘਰ ਜਾਣ ਦੀ ਕਰਦਾ। ਸੰਯੋਗਵੱਸ, ਇਨ੍ਹਾਂ ਚਾਰ ਦਿਨਾਂ ਵਿਚ ਮੁਖੀ ਨਾਲ ਭੇਂਟ ਨਾ ਹੋ ਸਕੀ। ਪੰਜਵੇਂ ਦਿਨ ਸੇਵਾਦਾਰ ਬੁਲਾਉਣ ਆ ਗਿਆ ਅਤੇ ਮੈਂ ਦਫ਼ਤਰ ਜਾ ਕੇ ਮੁਖੀ ਨੂੰ ਨਮਸਕਾਰ ਕੀਤੀ। ਕਹਿਣ ਲੱਗੇ, ‘‘ਬੈਠ ਜਾ। ਸਕੂਲ ਆਉਂਦਾ ਹੈਂ?’’ ਮੈਂ ਸਮਝ ਗਿਆ। ਮੈਂ ਕਿਹਾ, ‘‘ਸਰ, ਸਕੂਲ ਆਉਣ ਬਾਰੇ ਹਾਜ਼ਰੀ ਰਜਿਸਟਰ ਜਾਂ ਮੇਰੇ ਵਿਦਿਆਰਥੀਆਂ ਦੀਆਂ ਕਾਪੀਆਂ ਦੱਸ ਸਕਦੀਆਂ ਹਨ। ਹਾਂ, ਮੈਂ ਪਿਛਲੇ ਚਾਰ ਕੁ ਦਿਨ ਤੁਹਾਨੂੰ ਮਿਲ ਨਹੀਂ ਸਕਿਆ। ਰੁਝੇਵੇਂ ਤੋਂ ਬਿਨਾਂ ਮੇਰੇ ਮਨ ਵਿਚ ਕੁਝ ਨਹੀਂ। ਮੈਂ ਸਦਾ ਹੀ ਹਰ ਇੱਕ ਦਾ ਬਣਦਾ ਮਾਣ ਸਤਿਕਾਰ ਕਰਦਾ ਹਾਂ ਅਤੇ ਤੁਹਾਡੇ ਨਾਲ ਵੀ ਸਦਾ ਇਸ ਤਰ੍ਹਾਂ ਹੀ ਕੀਤਾ ਹੈ। ਪਰ ਹਾਂ ਬਿਨਾਂ ਕਿਸੇ ਕੰਮ ਤੋਂ ਕੇਵਲ ਸਤਿਕਾਰ ਭੇਂਟ ਕਰਨ ਲਈ ਮੈਂ ਕੰਮ ਛੱਡ ਕੇ ਦਫ਼ਤਰ ਆਉਣ ਦੀ ਲੋੜ ਮਹਿਸੂਸ ਨਹੀਂ ਕੀਤੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਚੰਗਾ ਨਹੀਂ ਲੱਗਿਆ।’’
ਮੁਖੀ ਕਹਿਣ ਲੱਗੇ, ‘‘ਪਰ ਮੈਂ ਤੈਨੂੰ ਪੀਰੀਅਡ ਨਾ ਲਾਉਣ ਬਾਰੇ ਨਹੀਂ ਟੋਕਿਆ।’’ ਮੈਂ ਉੱਤਰ ਦਿੱਤਾ, ‘‘ਸਰ, ਮੈਂ ਪੀਰੀਅਡ ਛੱਡਦਾ ਹੀ ਨਹੀਂ। ਕਦੇ ਕਦਾਈਂ ਤੁਸੀਂ ਜਦੋਂ ਸਕੂਲ ਦੇ ਕਿਸੇ ਕੰਮ ਕਰਕੇ ਲੇਟ ਆਉਂਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਹੋਰ ਨੇ ਭਾਵੇਂ ਆਪਣਾ ਪੀਰੀਅਡ ਛੱਡਿਆ ਹੋਵੇ, ਪਰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਮੈਂ ਸਪਸ਼ਟ ਤੌਰ ’ਤੇ ਇਹ ਸਮਝਿਆ ਹੋਇਆ ਹੈ ਕਿ ਮੈਂ ਤੁਹਾਡੇ ਜਾਂ ਕਿਸੇ ਹੋਰ ਦੇ ਡਰ ਜਾਂ ਦਿਖਾਵੇ ਕਰਕੇ ਆਪਣੇ ਪੀਰੀਅਡ ਨਹੀਂ ਲਾਉਂਦਾ। ਮੈਂ ਤਾਂ ਆਪਣੀ ਤਨਖ਼ਾਹ ਨੂੰ ਹਲਾਲ ਕਰ ਸਕਣ ਦਾ ਵੱਧ ਤੋਂ ਵੱਧ ਯਤਨ ਕਰਦਾ ਹਾਂ।’’ ਉਹ ਬੋਲੇ, ‘‘ਪਰ ਮੈਂ ਤਾਂ ਤੈਨੂੰ ਕਦੇ ਲੇਟ ਆਉਣ ਬਾਰੇ ਵੀ ਨਹੀਂ ਕਿਹਾ।’’ ਉਨ੍ਹਾਂ ਦੀ ਇਹ ਗੱਲ ਸੁਣ ਕੇ ਮੇਰਾ ਸੱਜਾ ਹੱਥ ਸਹਿਜ ਸੁਭਾਅ ਹੀ ਮੇਰੇ ਖੱਬੇ ਮੋਢੇ ’ਤੇ ਪਹੁੰਚ ਗਿਆ ਅਤੇ ਮੈਂ ਮੋਢੇ ਨੂੰ ਇਸ ਤਰ੍ਹਾਂ ਟਟੋਲਣ ਲੱਗਾ ਜਿਵੇਂ ਕੁਝ ਲੱਭ ਰਿਹਾ ਹੋਵਾਂ। ਉਹ ਕਹਿਣ ਲੱਗੇ, ‘‘ਮੇਰੀ ਗੱਲ ਦਾ ਜਵਾਬ ਮੂੰਹ ਨਾਲ ਦੇਣ ਦੀ ਥਾਂ ਮੋਢੇ ’ਤੇ ਖਾਜ ਜਿਹੀ ਕੀ ਕਰਨ ਲੱਗ ਪਿਆ ਹੈਂ?’’ ਮੈਂ ਕਿਹਾ, ‘‘ਸਰ, ਤੁਹਾਡੇ ਸਵਾਲ ਦਾ ਜਵਾਬ ਹੀ ਤਾਂ ਲੱਭ ਰਿਹਾ ਹਾਂ, ਧਿਆਨ ਨਾਲ ਸੁਣਨਾ।
ਇਸੇ ਸਕੂਲ ਵਿਚ ਮੈਂ ਨੌਵੀਂ ਸ਼੍ਰੇਣੀ ਦਾ ਵਿਦਿਆਰਥੀ ਸਾਂ। ਪਹਿਲੀ ਜਮਾਤ ਤੋਂ ਹੀ ਕਲਾਸ ਦਾ ਮਨੀਟਰ ਤੇ ਹਰ ਸਾਲ ਹੀ ਸ਼੍ਰੇਣੀ ’ਚੋਂ ਅੱਵਲ ਆਉਂਦਾ ਰਿਹਾ ਸਾਂ। ਇਹ ਸਕੂਲ ਪੈਪਸੂ ਰਾਜ ਪ੍ਰਬੰਧ ਅਧੀਨ ਪਟਿਆਲੇ ਜ਼ਿਲ੍ਹੇ ਵਿਚ ਸੀ। ਉਦੋਂ ਅਧਿਆਪਕਾਂ ਦੀਆਂ ਬਦਲੀਆਂ ਦੇ ਕੋਈ ਨਿਯਮ ਨਹੀਂ ਸਨ। ਜਦੋਂ ਕਦੇ ਕਿਸੇ ਦਾ ਦਾਅ ਲੱਗਦਾ, ਆਪਣੀ ਮਨਮਰਜ਼ੀ ਦੀ ਥਾਂ ਬਦਲੀ ਕਰਾ ਕੇ ਚਲਾ ਜਾਂਦਾ। ਸਾਨੂੰ ਗਣਿਤ ਪੜ੍ਹਾਉਣ ਲਈ ਕੋਈ ਪੱਕਾ ਅਧਿਆਪਕ ਨਹੀਂ ਸੀ। ਗਣਿਤ ਦੇ ਪੀਰੀਅਡ ਵਿਚ ਅਸੀਂ ਦੂਜੇ ਸੈਕਸ਼ਨ ਨਾਲ ਜਾ ਬੈਠਦੇ ਸਾਂ। ਇਸ ਤਰ੍ਹਾਂ ਇਹ ਡੰਗ ਟਪਾਊ ਪ੍ਰੋਗਰਾਮ ਚੱਲ ਰਿਹਾ ਸੀ।
ਸਾਡੇ ਚੰਗੇ ਭਾਗਾਂ ਨੂੰ, ਭੁਪਿੰਦਰ ਸਿੰਘ ਜੀ, ਗਣਿਤ ਦੇ ਨਵੇਂ ਅਧਿਆਪਕ ਆ ਗਏ। ਉਨ੍ਹਾਂ ਦੀ ਸ਼ਖ਼ਸੀਅਤ ਬੜੀ ਵਿਲੱਖਣ ਤੇ ਪ੍ਰਭਾਵਸ਼ਾਲੀ ਸੀ। ਨੀਲੀ ਜਾਂ ਪੀਲ਼ੀ ਪੱਗ ਦੇ ਹੇਠ ਕੇਸਕੀ ਸਜਾਉਂਦੇ ਸਨ। ਚਿਣ ਚਿਣ ਕੇ ਬੰਨ੍ਹੀਂ ਪੱਗ ਮੱਥੇ ਉੱਤੇ ਅੱਗੇ ਨੂੰ ਕਾਫ਼ੀ ਵਧੀ ਹੁੰਦੀ ਸੀ। ਗਾਤਰਾ ਵੀ ਧਾਰਨ ਕੀਤਾ ਹੋਇਆ ਸੀ। ਲਾਗਲੇ ਪਿੰਡ, ਸਿਲ, ਰਹਿੰਦੇ ਸਨ ਅਤੇ ਆਪਣੀ ਰੋਟੀ ਆਪ ਤਿਆਰ ਕਰ ਕੇ ਨਾਲ ਲਿਆਉਂਦੇ ਸਨ। ਪਾਣੀ ਦੀ ਬੋਤਲ ਵੀ ਨਾਲ ਹੁੰਦੀ ਸੀ। ਸਾਰਾ ਸਟਾਫ਼ ਅੱਧੀ ਛੁੱਟੀ ਵੇਲੇ ਕੁਝ ਖਾਣ ਪੀਣ ਲਈ ਹਲਵਾਈ ਦੀ ਦੁਕਾਨ ’ਤੇ ਜਾਂਦਾ ਸੀ ਪਰ ਸਰਦਾਰ ਭੁਪਿੰਦਰ ਸਿੰਘ ਨਹੀਂ ਸੀ ਜਾਂਦੇ। ਕਾਰਨ ਇਹ ਸੀ ਕਿ ਉਹ ਹਲਵਾਈ ਬੀੜੀ ਪੀ ਲੈਂਦਾ ਸੀ।
ਪਹਿਲੇ ਤਿੰਨ ਦਿਨ ਉਨ੍ਹਾਂ ਨੇ ਗਣਿਤ ਦੇ ਪ੍ਰਸ਼ਨ ਲਿਖਾਏ। ਮੈਂ ਸਭ ਤੋਂ ਪਹਿਲਾਂ ਸਵਾਲ ਹੱਲ ਕਰ ਕੇ ਦਿਖਾ ਦਿੰਦਾ ਰਿਹਾ। ਚੌਥੇ ਦਿਨ ਉਨ੍ਹਾਂ ਨੇ ਅਲਜਬਰੇ ਦਾ ਸਵਾਲ ਲਿਖਾਇਆ। ਤਿੰਨ ਚਾਰ ਕੁ ਮੁੰਡਿਆਂ ਨੇ ਸਵਾਲ ਹੱਲ ਕਰ ਕੇ ਦਿਖਾ ਦਿੱਤਾ, ਪਰ ਮੈਂ ਬੈਠਾ ਰਿਹਾ। ਉਹ ਹੈਰਾਨ ਹੋ ਕੇ ਪੁੱਛਣ ਲੱਗੇ, ਜੋਸ਼ੀ, ਤੂੰ ਨਹੀਂ ਸਵਾਲ ਕੱਢਿਆ? ਮੈਂ ਕਿਹਾ, ਨਹੀਂ ਸਰ, ਮੈਨੂੰ ਅਲਜਬਰਾ ਆਉਂਦਾ ਹੀ ਨਹੀਂ। ਆਪਣੇ ਪਾਸ ਬੁਲਾ ਕੇ ਉਨ੍ਹਾਂ ਨੇ ਮੈਨੂੰ ਗੋਦ ’ਚ ਲੈ ਲਿਆ ਤੇ ਕਹਿਣ ਲੱਗੇ, ਤੂੰ ਇਹ ਕਹਿ ਕਿ ਤੈਨੂੰ ਕਿਸੇ ਨੇ ਅਲਜਬਰਾ ਸਿਖਾਇਆ ਹੀ ਨਹੀਂ। ਇਹ ਤਾਂ ਹਿਸਾਬ ਤੋਂ ਵੀ ਸੌਖਾ ਹੈ। ਤੈਨੂੰ ਮੈਂ ਸਿਖਾਵਾਂਗਾ।
ਗੱਡੀ ਲੀਹ ’ਤੇ ਚੱਲ ਪਈ ਸੀ, ਪਰ ਦੋ ਕੁ ਮਹੀਨੇ ਮਗਰੋਂ ਉਨ੍ਹਾਂ ਦੀ ਬਦਲੀ ਹੋ ਗਈ। ਸ਼ਾਇਦ ਉਨ੍ਹਾਂ ਨੇ ਆਪ ਹੀ ਕਰਾ ਲਈ ਹੋਵੇ ਕਿਉਂਕਿ ਉਸ ਸਮੇਂ ਗੜਾਂਗਾਂ ਨੂੰ ਇੱਕ ਅਤਿ ਪਛੜਿਆ ਇਲਾਕਾ ਮੰਨਿਆ ਜਾਂਦਾ ਸੀ। ਅਧਿਆਪਕ ਕਿਸੇ ਮਜਬੂਰੀਵੱਸ ਹੀ ਏਥੇ ਆਉਂਦੇ ਸਨ। ਉਨ੍ਹਾਂ ਦੇ ਚਲੇ ਜਾਣ ਪਿੱਛੋਂ ਅਸੀਂ ਫੇਰ ਗਣਿਤ ਦੇ ਅਧਿਆਪਕ ਤੋਂ ਵਿਰਵੇ ਹੋ ਗਏ।
ਮਿਡਲ ਸਕੂਲ ਕਲੌੜ ਵਿਚ ਮੈਂ ਮੁੱਖ ਅਧਿਆਪਕ ਦੀ ਇੱਛਾ ਦੇ ਵਿਰੁੱਧ ਬਦਲੀ ਕਰਾਈ ਸੀ। ਉਨ੍ਹਾਂ ਨੇ ਪੁੱਛਿਆ ਸੀ ਕਿ ਸੱਤਵੀਂ ਅੱਠਵੀਂ ਨੂੰ ਕਿਹੜਾ ਵਿਸ਼ਾ ਪੜ੍ਹਾਏਂਗਾ? ਉਦੋਂ ਗਣਿਤ ਤੇ ਸਾਇੰਸ ਵੀ ਜਨਰਲ ਜਿਹੇ ਹੀ ਹੁੰਦੇ ਸਨ ਅੱਜ ਵਰਗੇ ਔਖੇ ਨਹੀਂ। ਮੈਂ ਕਿਹਾ, ਸਾਰੇ ਵਿਸ਼ੇ ਹੀ ਪੜ੍ਹਾ ਸਕਦਾ ਹਾਂ, ਪਰ ਗਣਿਤ ਵਿਚ ਮੇਰੀ ਰੁਚੀ ਘੱਟ ਹੈ, ਇਹ ਨਾ ਦਿਓ। ਜਦੋਂ ਸੇਵਾਦਾਰ ਟਾਈਮ ਟੇਬਲ ਦੀ ਚਿੱਟ ਲੈ ਕੇ ਆਇਆ ਤਾਂ ਮੇਰੇ ਡਰ ਅਤੇ ਆਸ ਅਨੁਸਾਰ ਮੈਨੂੰ ਸੱਤਵੀਂ ਤੇ ਅੱਠਵੀਂ ਦਾ ਗਣਿਤ ਹੀ ਦਿੱਤਾ ਗਿਆ ਸੀ। ਮੈਂ ਇਸ ਨੂੰ ਇਕ ਚੁਣੌਤੀ ਸਮਝ ਕੇ ਆਪਣੇ ਅੰਦਰ ਦੀ ਯੋਗਤਾ ਨੂੰ ਹਲੂਣਿਆ। ਗਿਆਨੀ ਕਰਦੇ ਸਮੇਂ ਪੜ੍ਹੀ ਕਿਸੇ ਲੇਖਕ ਦੀ ਇਹ ਸਤਰ ਯਾਦ ਆਈ, ਅੜਿੱਕੇ ਤੁਹਾਡੀ ਚਾਲ ਨੂੰ ਗਤੀ ਪ੍ਰਦਾਨ ਕਰਦੇ ਹਨ। ਖ਼ੁਸ਼ੀ ਖ਼ੁਸ਼ੀ ਘਰ ਤੋਂ ਤਿਆਰੀ ਕਰ ਕੇ ਗਣਿਤ ਪੜ੍ਹਾਉਣਾ ਆਰੰਭ ਕਰ ਦਿੱਤਾ। ਹਾਲਾਤ ਨੇ ਇੱਕ ਚੰਗੀ ਆਦਤ ਪਾ ਦਿੱਤੀ ਕਿ ਜੋ ਕੁਝ ਪੜ੍ਹਾਉਣਾ ਹੈ ਉਸ ਨੂੰ ਰਾਤ ਨੂੰ ਤਿਆਰ ਕਰ ਕੇ ਜਾਣ ਲੱਗ ਪਿਆ।
ਪ੍ਰੀਖਿਆ ਤੋਂ ਪਹਿਲਾਂ ਸਾਰਾ ਸਿਲੇਬਸ ਖ਼ਤਮ ਕਰਕੇ ਕੁਝ ਕੁ ਹਿੱਸੇ ਦੀ ਦੁਹਰਾਈ ਵੀ ਕਰਾ ਦਿੱਤੀ। ਅੱਠਵੀਂ ਦੀ ਪ੍ਰੀਖਿਆ ਸਿੱਖਿਆ ਵਿਭਾਗ ਦੀ ਪ੍ਰੀਖਿਆ ਸ਼ਾਖਾ ਵੀ ਲੈਂਦੀ ਸੀ। ਮੈਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਪਰ ਮੇਰੇ ਇੱਕ ਹਮਦਰਦ ਅਧਿਆਪਕ ਨੇ ਦੱਸਿਆ ਕਿ ਗਣਿਤ ਦੇ ਪੇਪਰ ਕਿਸੇ ਭੁਪਿੰਦਰ ਸਿੰਘ ਕੋਲ ਸੋਲਨ ਗਏ ਸਨ। ਮਨ ਅੱਖ ਝਮੱਕੇ ਵਿਚ, ਨੌਵੀਂ ਸ਼੍ਰੇਣੀ ਵਿਚ ਕੁਝ ਸਮਾਂ ਗਣਿਤ ਦੇ ਅਧਿਆਪਕ ਰਹੇ ਸ. ਭੁਪਿੰਦਰ ਸਿੰਘ ਦੀ ਕਲਪਨਾ ਕਰਨ ਲੱਗਾ। ਜਵਾਨੀ ਤੇ ਨਾਤਜਰਬਾਕਾਰੀ ਦੇ ਭਾਵ ਭਾਰੂ ਹੋ ਗਏ। ਦੂਜੇ ਹੀ ਦਿਨ ਚੰਡੀਗੜ੍ਹ ਰਹਿੰਦੇ ਇੱਕ ਮਿੱਤਰ ਤੋਂ ਸੋਲਨ ਜਾਣ ਦੀ ਜਾਣਕਾਰੀ ਲਈ ਅਤੇ ਮੁੜਦੇ ਸਮੇਂ ਉਸ ਕੋਲ ਹੀ ਰਾਤ ਠਹਿਰਨ ਬਾਰੇ ਕਹਿ ਕੇ ਚਾਲੇ ਪਾ ਦਿੱਤੇ।
ਦੁਪਹਿਰ ਹੋਣ ਤੋਂ ਪਹਿਲਾਂ ਹੀ ਸੋਲਨ ਸਕੂਲ ਵਿੱਚ ਪੁੱਜ ਗਿਆ। ਬਾਹਰ ਫਿਰਦੇ ਦੋ ਕੁ ਮੁੰਡਿਆਂ ਤੋਂ ਗਣਿਤ ਦੇ ਅਧਿਆਪਕ ਦਾ ਨਾਂ ਅਤੇ ਉਨ੍ਹਾਂ ਦਾ ਹੁਲੀਆ ਪੁੱਛਿਆ। ਗੱਲ ਕੁਝ ਪੱਕੀ ਲੱਗਣ ਲੱਗੀ ਅਤੇ ਮੈਂ ਲੱਭਦਾ ਲੱਭਦਾ ਉਸ ਕਮਰੇ ਅੱਗੇ ਜਾ ਖੜ੍ਹਾ ਜਿੱਥੇ ਸ. ਭੁਪਿੰਦਰ ਸਿੰਘ ਬਲੈਕ ਬੋਰਡ ’ਤੇ ਕੁਝ ਲਿਖ ਰਹੇ ਸਨ। ਮੈਨੂੰ ਬਾਹਰ ਖੜ੍ਹਾ ਦੇਖ ਕੇ ਉਨ੍ਹਾਂ ਨੇ ਹੱਥ ਨਾਲ ਉਡੀਕ ਕਰਨ ਦਾ ਇਸ਼ਾਰਾ ਕੀਤਾ। ਪੀਰੀਅਡ ਖ਼ਤਮ ਹੋਣ ’ਤੇ ਉਹ ਬਾਹਰ ਆਏ ਅਤੇ ਪੁੱਛਣ ਲੱਗੇ, ਹਾਂ ਬਈ ਦੱਸ ਕੀ ਗੱਲ ਹੈ? ਮੈਂ ਪੁੱਛਿਆ, ਸਰ, ਤੁਸੀਂ ਕਦੇ ਗੜਾਂਗਾਂ ਸਕੂਲ ਵਿੱਚ ਵੀ ਪੜ੍ਹਾਇਆ ਹੈ। ਉਨ੍ਹਾਂ ਦੇ ਹਾਂ ਕਰਨ ’ਤੇ ਮੈਂ ਕਿਹਾ, ਸਰ, ਮੈਂ ਰਾਮ ਸਰੂਪ ਜੋਸ਼ੀ ਨੌਵੀਂ ਦਾ ਮਨੀਟਰ ਸੀ। ਉਹ ਬੋਲੇ ਉਹੋ ਜਿਸ ਨੂੰ ਅਲਜਬਰਾ ਨਹੀਂ ਸੀ ਆਉਂਦਾ, ਮੇਰਾ ਹੁਸ਼ਿਆਰ ਵਿਦਿਆਰਥੀ। ਇਹ ਕਹਿ ਕੇ ਉਨ੍ਹਾਂ ਨੇ ਮੈਨੂੰ ਗਲਵੱਕੜੀ ਵਿੱਚ ਲੈ ਲਿਆ। ਉਨ੍ਹਾਂ ਨੇ ਗੜਾਂਗਾਂ ਸਕੂਲ ਅਤੇ ਮੇਰੇ ਜੀਵਨ ਸਬੰਧੀ ਕਈ ਗੱਲਾਂ ਪੁੱਛੀਆਂ। ਮੇਰੇ ਅਧਿਆਪਕ ਲੱਗ ਜਾਣ ਦੀ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਕਹਿਣ ਲੱਗੇ, ਇੱਕ ਲਾਇਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਲਾਇਕ ਬਣਾ ਸਕਦਾ ਹੈ।
ਵਿਹੜੇ ’ਚ ਖੜ੍ਹੇ ਖੜ੍ਹੇ ਹੀ ਉਨ੍ਹਾਂ ਨੇ ਮੇਰਾ ਉਨ੍ਹਾਂ ਕੋਲ ਜਾਣ ਦਾ ਮਨੋਰਥ ਪੁੱਛਿਆ। ਮੈਂ ਸਾਰੀ ਗੱਲ ਕਹਿ ਸੁਣਾਈ। ਮੇਰੇ ਵੱਲ ਬੜੀ ਨੀਝ ਨਾਲ਼ ਦੇਖਦੇ ਹੋਏ ਮੇਰੇ ਖੱਬੇ ਮੋਢੇ ’ਤੇ ਆਪਣਾ ਸੱਜਾ ਹੱਥ ਜ਼ੋਰ ਦੀ ਮਾਰਿਆ। ਉਨ੍ਹਾਂ ਦੇ ਹਾਵ ਭਾਵ ਤੋਂ ਲੱਗਦਾ ਸੀ ਜਿਵੇਂ ਇੱਕ ਅਧਿਆਪਕ ਆਪਣੇ ਸ਼ਿਸ਼ ਨੂੰ ਕੋਈ ਗੂੜ੍ਹ ਗਿਆਨ ਦੱਸਣ ਲੱਗਿਆ ਹੋਵੇ। ਪਿਆਰ ਨਾਲ ਮੇਰਾ ਮੋਢਾ ਪਲੋਸਦਿਆਂ ਕਹਿਣ ਲੱਗੇ, 58 ਸਾਲ ਦੀ ਉਮਰ ਤੱਕ ਨੌਕਰੀ ਕਰਨੀ ਹੈ। ਕਦੇ ਲੇਟ ਨਹੀਂ ਹੋਣਾ ਤੇ ਨਾ ਹੀ ਕਦੇ ਪੀਰੀਅਡ ਛੱਡਣਾ ਹੈ। ਨਤੀਜਾ ਕਦੇ ਵੀ ਮਾੜਾ ਨਹੀਂ ਆਵੇਗਾ। ਪਰ ਪੇਪਰਾਂ ਦੇ ਮਗਰ ਜਾਣਾ ਜਾਂ ਪ੍ਰੀਖਿਆ ਵੇਲ਼ੇ ਵਿੰਗੇ ਟੇਢੇ ਢੰਗ ਅਪਣਾਉਣਾ ਚੰਗੇ ਅਧਿਆਪਕ ਨੂੰ ਸ਼ੋਭਾ ਨਹੀਂ ਦਿੰਦਾ। ਮੈਨੂੰ ਆਪਣੇ ਕੀਤੇ ’ਤੇ ਸ਼ਰਮ ਆ ਰਹੀ ਸੀ ਅਤੇ ਮੈਂ ਉਨ੍ਹਾਂ ਦੇ ਕਹੇ ਅਨੁਸਾਰ ਚੱਲਣ ਦਾ ਵਾਅਦਾ ਕਰ ਕੇ ਵਾਪਸ ਆ ਗਿਆ। ਅਦਿੱਸ ਹੱਥ ਨੇ ਸਦਾ ਹੀ ਮੈਨੂੰ ਲੇਟ ਨਾ ਹੋਣ ਤੇ ਪੀਰੀਅਡ ਨਾ ਛੱਡਣ ਲਈ ਸ਼ਕਤੀ ਪ੍ਰਦਾਨ ਕੀਤੀ ਹੈ।
ਤੁਹਾਡੇ ਕਹਿਣ ’ਤੇ ਮੈਨੂੰ ਸ਼ੱਕ ਹੋ ਗਿਆ ਸੀ ਕਿ ਕੀ ਮੈਂ ਕਦੇ ਲੇਟ ਹੋਇਆ ਹਾਂ ਜਾਂ ਪੀਰੀਅਡ ਛੱਡਿਆ ਹੈ। ਇਸਦਾ ਨਿਤਾਰਾ ਕਰਨ ਲਈ ਮੇਰਾ ਸੱਜਾ ਹੱਥ ਆਪਮੁਹਾਰੇ ਖੱਬੇ ਮੋਢੇ ’ਤੇ ਜਾ ਕੇ ਉਸ ਪਿਆਰੇ ਹੱਥ ਨੂੰ ਟਟੋਲਣ ਲੱਗ ਪਿਆ। ਮੈਨੂੰ ਇਹ ਅਨੁਭਵ ਕਰ ਕੇ ਰੱਜ ਜਿਹਾ ਆ ਗਿਆ ਕਿ ਇਹ ਹੱਥ ਹਾਲੇ ਵੀ ਮੇਰੇ ਮੋਢੇ ’ਤੇ ਜਿਉਂ ਦਾ ਤਿਉਂ ਹੈ। ਸਰ, ਜਦ ਤੱਕ ਇਹ ਹੱਥ ਕਾਇਮ ਰਹੇਗਾ ਇਸ ਨੇ ਮੈਨੂੰ ਨਾ ਕਦੇ ਲੇਟ ਹੋਣ ਦੇਣਾ ਹੈ ਅਤੇ ਨਾ ਪੀਰੀਅਡ ਛੱਡਣ ਦੀ ਗੁਸਤਾਖੀ ਕਰਨ ਦੇਣੀ ਹੈ।’’ ਮੈਂ ਤੇ ਮੁਖੀ ਇੱਕ ਦੂਜੇ ਵੱਲ ਚੁੱਪਚਾਪ ਵੇਖਣ ਲੱਗੇ। ਲੱਗਦਾ ਸੀ ਕਿ ਉਨ੍ਹਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ। ਸ਼ਾਲਾ! ਇਹ ਹੱਥ ਸਦਾ ਸਲਾਮਤ ਰਹੇ।
ਸੰਪਰਕ: 94173-00018