ਕੇ.ਐਲ. ਗਰਗ
ਵਿਅੰਗ
ਗੁਪਤਾ ਜੀ ਐਵੇਂ-ਕੈਵੇਂ ਦੇ ਮੱਥਾ-ਮਾਰ ਨਹੀਂ ਹਨ। ਪੰਜਾਬੀ ਜ਼ੁਬਾਨ ਦੇ ਮੰਨੇ-ਪ੍ਰਮੰਨੇ ਤੇ ਪ੍ਰਸਿੱਧ ਉਲੱਥਾਕਾਰ ਹਨ। ਪਾਠਕ ਤੇ ਆਲੋਚਕ ਉਨ੍ਹਾਂ ਨੂੰ ਚੁਟਕੀਮਾਰ ਉਲੱਥਾਕਾਰ ਕਹਿ ਕੇ ਵੀ ਖ਼ੁਸ਼ ਹੋ ਲੈਂਦੇ ਹਨ। ਉਨ੍ਹਾਂ ਦੀ ਅਨੁਵਾਦ ਕਲਾ ਦੀਆਂ ਦੂਰ-ਦੂਰ, ਦੇਸ਼ਾਂ-ਵਿਦੇਸ਼ਾਂ ਵਿਚ ਵੀ ਧੁੰਮਾਂ ਪਈਆਂ ਹੋਈਆਂ ਹਨ। ਪ੍ਰਸ਼ੰਸਾ ਨੂੰ ਸਿਆਣੇ ਐਵੇਂ ਹੀ ਦੀਰਘ-ਰੋਗ ਆਖ ਦਿੰਦੇ ਹਨ। ਪਰ ਪ੍ਰਸ਼ੰਸਾ ਬਗੈਰ ਤਾਂ ਸਾਹਿਤ ਦਾ ਪੱਤਾ ਤੱਕ ਨਹੀਂ ਹਿੱਲਦਾ। ਕਬੀਰ ਜੀ ਵਰਗੇ ਵੈਰਾਗੀ ਸੰਤ ਤਾਂ ਨਿੰਦਕ ਦੀ ਵੀ ਉਸਤਤਿ ਕਰਦੇ ਨਹੀਂ ਥੱਕਦੇ। ਨਿੰਦਕ ਨੂੰ ਵੀ ਕਬੀਰ ਜੀ ਗਲ ਨਾਲ ਲਗਾ ਕੇ ਆਖ ਦਿੰਦੇ ਹਨ:
ਨਿੰਦਕ ਨੀਅਰੇ ਰਾਖੀਏ ਆਂਗਨ ਕੁਟੀ ਛਬਾਇ।।
ਬਿਨ ਪਾਨੀ ਸਾਬੁਨ ਬਿਨਾ, ਨਿਰਮਲ ਕਰੇ ਸੁਭਾਇ।।
ਕਬੀਰ ਜੀ ਮੁਤਾਬਿਕ ਤਾਂ ਨਿੰਦਕ ਯਾਨਿ ਨਿੰਦਿਆ ਕਰਨ ਵਾਲਾ ਪਾਣੀ ਤੇ ਸਾਬਣ ਬਗੈਰ ਹੀ ਬੰਦੇ ਦਾ ਸੁਭਾਅ ਨਿਰਮਲ ਕਰ ਛੱਡਦਾ ਹੈ।
ਸਾਰਾ ਨਹੀਂ ਤਾਂ ਬਹੁਤਾ ਸਾਹਿਤ ਤਾਂ ਲਿਖਿਆ ਹੀ ਪ੍ਰਸ਼ੰਸਾ ਦੀ ਤਾਕ ’ਚ ਹੈ। ਪ੍ਰਸ਼ੰਸਾ ਨੂੰ ਕਈ ਹੋਛੇ ਲੋਕ ਫੂਕ ਛਕਾਉਣੀ ਜਾਂ ‘ਪੰਪ ਮਾਰਨਾ’ ਵੀ ਆਖ ਦਿੰਦੇ ਹਨ। ਚਲੋ ਏਨੀ ਪ੍ਰਸਿੱਧੀ ਹੋਣ ’ਤੇ ਦੋ-ਚਾਰ ਪੰਪ ਤਾਂ ਗੁਪਤਾ ਜੀ ਨੂੰ ਵੀ ਮਾਰਨੇ ਬਣਦੇ ਹੀ ਹਨ।
ਗੁਪਤਾ ਜੀ ਅਖੌਤੀ ਪ੍ਰਸਿੱਧੀ ਵਾਲੇ ਅਨੁਵਾਦਕ ਨਹੀਂ ਹਨ। ਇਹ ਉਨ੍ਹਾਂ ਦੀ ਘਾਲ ਕਮਾਈ ਹੈ। ਦਸਾਂ ਨਹੁੰਆਂ ਦੀ ਕਿਰਤ ਹੈ। ਪਾਠਕ ਤੇ ਆਲੋਚਕ ਉਨ੍ਹਾਂ ਦੇ ਉਲੱਥੇ ਨੂੰ ਲਕਸ ਜਾਂ ਡਾਲਡੇ ਘੀ ਵਾਂਙ ਸਿੱਕੇਬੰਦ ਮੰਨਦੇ ਹਨ। ਉਨ੍ਹਾਂ ਦੇ ਉਲੱਥੇ ’ਤੇ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ। ਉਲੱਥਾ ਕਰਨ ਵੇਲੇ ਉਹ ਨਵੇਂ ਸ਼ਬਦ ਵੀ ਆਪਣੇ ਕੋਲੋਂ ਘੜ ਲੈਂਦੇ ਹਨ। ਗਲੇਲੂ, ਢੋਲੂ, ਡੁੂਚਣ ਜਿਹੇ ਸ਼ਬਦ ਉਨ੍ਹਾਂ ਦੀ ਆਪਣੀ ਘਾੜਤ ਹਨ। ਉਹ ਤਿੰਨ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਦੇ ਮਾਹਰ ਹਨ। ਗੁਪਤਾ ਜੀ ਉਲੱਥਾ ਕਰਨ ਨੂੰ ਭਾਸ਼ਾ ਦੇ ਕੱਪੜੇ ਬਦਲਣਾ ਆਖਦੇ ਹਨ। ਉਹ ਅੰਗਰੇਜ਼ੀ ਪਾਤਰਾਂ ਨੂੰ ਅਜਿਹਾ ਪੰਜਾਬੀ ਪਹਿਰਾਵਾ ਪਹਿਨਾ ਦਿੰਦੇ ਹਨ ਕਿ ਅੰਗਰੇਜ਼ ਵੀ ਮੱਲੋਮੱਲੀ ਪੰਜਾਬੀ ਬੰਦਾ ਲੱਗਣ ਲੱਗ ਪੈਂਦਾ ਹੈ।
ਗੁਪਤਾ ਜੀ ਆਪਣੇ ਬੈੱਡਰੂਮ ਨੂੰ ਹੀ ਆਪਣਾ ਐਕਸ਼ਨ ਸਥਾਨ ਬਣਾਉਂਦੇ ਹਨ। ਸਾਰੀ ਪੜ੍ਹਾਈ-ਲਿਖਾਈ ਬੈੱਡਰੂਮ ’ਚ ਹੀ ਕਰਦੇ ਹਨ। ਉਨ੍ਹਾਂ ਦਾ ਇਕਲੌਤਾ ਟੀ.ਵੀ. ਵੀ ਉੱਥੇ ਹੀ ਸ਼ੁਭਾਇਮਾਨ ਹੈ। ਕੰਮ-ਧੰਦੇ ਤੋਂ ਥੱਕ ਜਾਣ ਤਾਂ ਟੀ.ਵੀ. ਦੀ ਧੌਣ ਮਰੋੜ ਕੇ ਮਨੋਰੰਜਨ ਕਰ ਲੈਂਦੇ ਹਨ। ਅੱਖਾਂ ਮੀਟ, ਲੰਮੇ ਪੈ ਪੁਰਾਣੇ ਗੀਤਾਂ ਦਾ ਆਨੰਦ ਲੈ ਲੈਂਦੇ ਹਨ।
ਸਵੇਰੇ ਨਾਸ਼ਤੇ ਤੋਂ ਬਾਅਦ ਉਲੱਥਾ ਕਰਨ ਲਈ ਆਪਣਾ ਆਸਨ ਬੈੱਡਰੂਮ ’ਚ ਜਮਾ ਲੈਂਦੇ ਹਨ। ਉਹ ਜਾਣਦੇ ਹਨ ਕਿ ਪਤਨੀ ਨਾਂ ਦੀ ਇਕ ਮਹੱਤਵਪੂਰਨ ਸ਼ਖ਼ਸੀਅਤ ਵੀ ਘਰ ’ਚ ਮੌਜੂਦ ਹੈ। ਹਾਲੇ ਉਨ੍ਹਾਂ ਨੇ ਉਲੱਥੇ ਦੀਆਂ ਪਹਿਲੀਆਂ ਸਤਰਾਂ ਲਿਖੀਆਂ ਹੀ ਹੁੰਦੀਆਂ ਹਨ ਕਿ ਝੱਟ ਪਤਨੀ ਵੀ ਨਾਸ਼ਤੇ ਦਾ ਕੰਮ ਨਬਿੇੜ ਕੇ ਬੈੱਡਰੂਮ ’ਚ ਆ ਧਮਕਦੀ ਹੈ। ਆਉਂਦਿਆਂ ਹੀ ਦੁਪਹਿਰ ਦੇ ਕੰਮ ਦੀ ਤਫ਼ਸੀਲ ਬਿਆਨ ਕਰਨ ਲੱਗਦੀ ਹੈ: ‘‘ਦੁਪਹਿਰ ਦੇ ਖਾਣੇ ਲਈ ਸਬਜ਼ੀ ਦਾ ਕੰਮ ਵੀ ਨਬਿੇੜ ਆਈ ਆਂ। ਗੰਢਾ, ਲਸਣ, ਹਰੀਆਂ ਮਿਰਚਾਂ, ਲੂਣ, ਮਿਰਚ, ਮਸਾਲਾ, ਧਨੀਆ, ਜ਼ੀਰਾ ਮਿਲਾ ਕੇ ਤੜਕੇ ਦਾ ਸਾਮਾਨ ਤਿਆਰ ਕਰ ਆਈ ਆਂ। ਦੁਪਹਿਰ ਦੀ ਸਬਜ਼ੀ ਦਾ ਮੁੱਕਿਆ ਯੱਭ। ਆਰਾਮ ਨਾਲ ਉਠਾਂਗੇ ਤੇ ਸਬਜ਼ੀ ਨੂੰ ਤੜਕਾ ਲਾ ਦਿਆਂਗੇ। ਵੱਡਾ ਕੰਮ ਤਾਂ ਤੜਕੇ ਦਾ ਹੀ ਹੁੰਦਾ ਹੈ। ਫੁਲਕੇ ਲਾਹੁਣ ਨੂੰ ਕਿਹੜੀ ਦੇਰ ਲੱਗਦੀ ਐ। ਚਾਰ ਫੁਲਕੇ ਤਾਂ ਫੂਕ ਮਾਰਿਆਂ ਲਹਿ ਜਾਂਦੇ ਨੇ। ਮੈਨੂੰ ਫੁਲਕੇ ਲਾਹੁਣੇ ਔਖੇ ਨੀਂ ਲੱਗਦੇ। ਬਹੁਤਾ ਦੁਕੰਮਣ ਤਾਂ ਸਬਜ਼ੀ ਚੀਰਨ ਤੇ ਤੜਕਾ ਲਾਉਣ ਦਾ ਹੁੰਦਾ ਹੈ।’’ ਉਨ੍ਹਾਂ ਦਾ ਪ੍ਰਵਚਨ ਜਾਰੀ ਰਹਿੰਦਾ ਹੈ। ਗੁਪਤਾ ਜੀ ਪ੍ਰਵਚਨ ਵੀ ਸੁਣਦੇ ਰਹਿੰਦੇ ਹਨ ਤੇ ਰਿਚਰਡ ਰਾਈਟ ਦੀ ਸਵੈ-ਜੀਵਨੀ ‘ਕਾਲਾ ਮੁੰਡਾ’ ਵਿਚਲੇ ਲੇਖਕ ਅਤੇ ਉਸ ਦੇ ਸਾਥੀ ਦੇ ਫਾਈਟ-ਸੀਨ ਦਾ ਉਲੱਥਾ ਵੀ ਕਰਦੇ ਰਹਿੰਦੇ ਹਨ। ਵਿਚ-ਵਿਚ ਪਤਨੀ ਦੀਆਂ ਗੱਲਾਂ ਦਾ ਹੁੰਗਾਰਾ ਵੀ ਭਰਦੇ ਰਹਿੰਦੇ ਹਨ।
ਸੱਚ ਯਾਦ ਆਇਆ ਕਿ ਉਨ੍ਹਾਂ ਨੂੰ ਦੋ-ਚਾਰ ਪੰਪ ਮਾਰਨ ਜਾਂ ਫੂਕ ਛਕਾਉਣ ਵੇਲੇ, ਅਸੀਂ ਇਕ ਗੱਲ ਤਾਂ ਦੱਸਣੀ ਹੀ ਭੁੱਲ ਗਏ ਹਾਂ। ਗੁਪਤਾ ਜੀ ਦੀ ਅਨੁਵਾਦ ਕਲਾ ਦੀ ਸਰਾਹਨਾ ਕਰਦਿਆਂ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵਾਲਿਆਂ ਉਨ੍ਹਾਂ ਦੀ ਇਕ ਉਲੱਥਾ ਕੀਤੀ ਕਿਤਾਬ ਨੂੰ ਪੰਜਾਹ ਹਜ਼ਾਰ ਦੇ ਵੱਕਾਰੀ ਇਨਾਮ ਲਈ ਵੀ ਚੁਣਿਆ ਹੈ। ਗੁਪਤਾ ਜੀ ਉਹ ਇਨਾਮ ਹਵਾਈ ਜਹਾਜ਼ ’ਤੇ ਲੈਣ ਗਏ ਸਨ।
ਸਬਜ਼ੀ ਤੜਕੇ ਦਾ ਕੰਮ ਨਬਿੇੜ ਕੇ ਪਤਨੀ ਕਬੀਲਦਾਰੀ ਦੀਆਂ ਗੱਲਾਂ ਕਰਨੀਆਂ ਵੀ ਭੁੱਲਦੀ ਨਹੀਂ। ਨੁੱਕਰ ਵਾਲੇ ਘਰ ਦੀ ਬੁੱਢੀ ਨੂੰ ਕਰੋਨਾ ਹੋ ਗਿਐ। ਮਿੱਤਲਾਂ ਦੀ ਨੂੰਹ ਬਹੁਤ ਕੁਪੱਤੀ ਐ। ਆਟਾ ਤੇ ਦਾਲਾਂ ਵੀ ਮੁੱਕੀਆਂ ਪਈਆਂ। ਲੌਕਡਾਊਨ ਦੋ ਵਜੇ ਤੱਕ ਰਹਿੰਦੈ। ਉਸ ਤੋਂ ਪਹਿਲਾਂ-ਪਹਿਲਾਂ ਸਾਮਾਨ ਆ ਜਾਣਾ ਚਾਹੀਦੈ। ਗੁਪਤਾ ਜੀ ਲਈ ਇਹ ਗੱਲਾਂ ਸੁਣਨੀਆਂ ਵੀ ਕੋਈ ਬਹੁਤੀਆਂ ਔਖੀਆਂ ਨਹੀਂ। ਗੱਲਾਂ ਕੰਨਾਂ ਨੇ ਸੁਣਨੀਆਂ ਹਨ ਤੇ ਅਨੁਵਾਦ ਹੱਥਾਂ ’ਚ ਫੜੀ ਕਲਮ ਨੇ ਕਰਨਾ ਹੁੰਦਾ ਹੈ। ਪ੍ਰਵਚਨ ਵਿਚੇ ਛੱਡ ਕੇ ਗੁਪਤਾ ਜੀ ਦੀ ਪਤਨੀ ਜ਼ਮਾਨੇ ਦੀ ਸਾਰ ਲੈਣ ਲਈ ਖ਼ਬਰਾਂ ਵਾਲੇ ਚੈਨਲ ਦੀ ਘੁੰਡੀ ਮਰੋੜ ਲੈਂਦੀ ਹੈ। ਇਕ ਚੈਨਲ ਆਉਣ ’ਤੇ ਝੱਟ ਦੂਸਰਾ ਬਦਲ ਦਿੰਦੀ ਹੈ: ‘‘ਇਹ ਤਾਂ ਚੋਰ ਚੈਨਲ ਐ। ਸਰਕਾਰ ਦੇ ਹੀ ਸੋਹਲੇ ਗਾਉਂਦਾ ਰਹਿੰਦੈ। ਅਹਿ ਚੈਨਲ ਕੁਝ ਠੀਕ ਐ।’’
ਖ਼ਬਰਾਂ ਚਲਦੀਆਂ ਹਨ ਤਾਂ ਪਤਨੀ ਵੀ ਨਾਲ-ਨਾਲ ਹੁੰਗਾਰਾ ਭਰਦੀ ਰਹਿੰਦੀ ਹੈ। ਰਾਹੁਲ ਗਾਂਧੀ ਵੱਲੋਂ ਸਰਕਾਰ ਦੀ ਆਲੋਚਨਾ ਕਰਦਿਆਂ ਸੁਣ ਕੇ ਝੱਟ ਆਖ ਦਿੰਦੀ ਹੈ: ‘‘ਚੁੱਪ ਕਰ, ਚੁੱਪ ਕਰ। ਬਹਿ ਜਾ ਟਿਕ ਕੇ। ਐਵੇਂ ਨਾ ਬਾਹਾਂ ਚੜ੍ਹਾਈ ਜਾਹ। ਕੋਈ ਨੀ ਸੁਣਦਾ ਤੇਰੀ ਗੱਲ।’’
ਗੁਪਤਾ ਜੀ ਉਲੱਥਾ ਕਰਦੇ-ਕਰਦੇ, ਪਤਨੀ ਦੇ ਇਸ ਡਾਇਲਾਗ ’ਤੇ ਵਾਰੇ-ਵਾਰੇ ਜਾਂਦੇ ਹਨ। ਪਤਨੀ ਵੱਲ ਦੇਖ ਕੇ, ਸਿਰਫਿਰੇ ਆਸ਼ਕ ਵਾਂਙ ਮੁਸਕਰਾਉਂਦੇ ਹਨ।
ਖ਼ਬਰਾਂ ਤੋਂ ਬਾਅਦ ਪਤਨੀ ਦੇ ਕੁਝ ਮਨਪਸੰਦ ਸੀਰੀਅਲ ਹਨ ਜੋ ਉਹ ਗੁਪਤਾ ਜੀ ਕੋਲ ਬਹਿ ਕੇ ਹੀ ਦੇਖਦੀ ਹੈ। ‘ਛੋਟੀ ਸਰਦਾਰਨੀ’ ਉਨ੍ਹਾਂ ਦਾ ਪੈੱਟ ਸੀਰੀਅਲ ਹੈ। ਕਿਸੇ-ਕਿਸੇ ਦ੍ਰਿਸ਼ ’ਤੇ ਬੇਚੈਨ ਜਿਹੀ ਹੋ ਕੇ ਗੁਪਤਾ ਜੀ ਨੂੰ ਦਖ਼ਲ ਦੇਣ ਲਈ ਜ਼ੋਰ ਪਾਉਂਦੀ ਹੈ: ‘‘ਅਹਿ ਵੇਖੋ ਜੀ, ਕੁਲਵੰਤ ਕੌਰ ਢਿੱਲੋਂ ਕੀ ਕਰੀ ਜਾਂਦੀ ਐ। ਦੇਖੋ… ਦੇਖੋ ਤਾਂ ਸਹੀ ਕੇਰਾਂ ਇਹਦੇ ਲੱਛਣ।’’
ਇਹੋ ਜਿਹੇ ਵੇਲੇ ਗੁਪਤਾ ਜੀ ਖਿਝਦੇ ਨਹੀਂ। ਟੇਢੀ ਜਿਹੀ ਅੱਖ ਨਾਲ ਟੀ.ਵੀ. ਦੀ ਸਕਰੀਨ ’ਤੇ ਝਾਤੀ ਜਿਹੀ ਮਾਰ ਕੇ ਕਹਿ ਦਿੰਦੇ ਹਨ, ‘‘ਹਾਂ ਦੇਖ ਰਿਹਾਂ। ਤੀਮੀਆਂ ਦੇ ਚਲਿੱਤਰਾਂ ਦੀ ਤਾਂ ਰੱਬ ਵੀ ਥਾਹ ਨੀ ਪਾ ਸਕਿਆ। ਇਹ ਤਾਂ ਫਿਰ ਵੀ ਟੀ.ਵੀ. ਵਾਲੇ ਨੇ।’’ ਬੋਲਦੇ-ਬੋਲਦੇ ਵੀ ਗੁਪਤਾ ਜੀ ਲਿਖਦੇ ਰਹਿੰਦੇ ਨੇ।
ਅੰਗਰੇਜ਼ੀ ਦਾ ਕੋਈ ਸ਼ਬਦ ਅੜ ਵੀ ਜਾਵੇ ਤਾਂ ਵੀ ਔਖ ਮਹਿਸੂਸ ਨਹੀਂ ਕਰਦੇ। ਹੁਣ ਤਾਂ ਮੋਬਾਈਲ ਹੀ ਸਾਰੇ ਮਸਲੇ ਹੱਲ ਕਰ ਦਿੰਦਾ ਹੈ। ਗੁਪਤਾ ਜੀ ਦੇ ਉਲੱਥਾ ਕਰਨ ਵੇਲੇ ਪਤਨੀ ਕਈ ਵਾਰ ਗਾਣੇ ਵੀ ਲਾ ਕੇ ਬਹਿ ਜਾਂਦੀ ਹੈ। ਮੁਕੇਸ਼ ਦੇ ਕਿਸੇ ਗਾਣੇ ਨਾਲ ਖ਼ੁਦ ਵੀ ਗਾਉਣ ਲੱਗਦੀ ਹੈ:
‘‘ਰੁਕ ਜਾ ਓ ਜਾਨੇ ਵਾਲੀ ਰੁਕ ਜਾ, ਮੈਂ ਤੋ ਰਾਹੀ ਤੇਰੀ ਮੰਜ਼ਿਲ ਕਾ, ਰੁਕ ਜਾ, ਰੁਕ ਜਾ…।’’ ਪਤਨੀ ਸਿਰ ਮਾਰ-ਮਾਰ ਧੁਨਾਂ ਕੱਢਦੀ ਹੈ ਤਾਂ ਗੁਪਤਾ ਜੀ ਵੀ ਸਿਰ ਮਾਰ-ਮਾਰ ਉਲੱਥਾ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਸਬਰ ਸੰਤੋਖ ਨਾਲ ਗੁਪਤਾ ਜੀ ਆਪਣੇ ਉਲੱਥੇ ਦਾ ਕੰਮ ਨੇਪਰੇ ਚਾੜ੍ਹ ਦਿੰਦੇ ਹਨ। ਪ੍ਰਕਾਸ਼ਕਾਂ ਦਾ ਆਮ ਕਹਿਣਾ ਹੈ ਕਿ ਜਿੰਨੀ ਜਲਦੀ ਗੁਪਤਾ ਜੀ ਅਨੁਵਾਦ ਦਾ ਕੰਮ ਸਿਰੇ ਚਾੜ੍ਹਦੇ ਹਨ, ਕੋਈ ਮਾਈ ਦਾ ਲਾਲ ਨਹੀਂ ਚਾੜ੍ਹ ਸਕਦਾ। ਜਲਦੀ ਅਨੁਵਾਦ ਕਰਨ ਵਿਚ ਵੀ ਉਨ੍ਹਾਂ ਦੀ ਝੰਡੀ ਹੈ। ਸਮਝ ਨੀ ਆਉਂਦਾ ਕਿ ਗੁਪਤਾ ਜੀ ਦੇ ਅਨੁਵਾਦ ਦੀ ਇਸ ਕਲਾ ਰਾਹੀਂ ਪਾਠਕਾਂ ਨੂੰ ਸ਼ਾਬਾਸ਼ ਦੇਈਏ, ਆਲੋਚਕਾਂ ਦੀ ਪ੍ਰਸ਼ੰਸਾ ਕਰੀਏ, ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਧੰਨਵਾਦ ਕਰੀਏ ਕਿ ਗੁਪਤਾ ਜੀ ਦੀ ਸਲਾਹੁਤਾ ਕਰੀਏ ਜੋ ਬੈੱਡਰੂਮ ਦੇ ਦਰਸਾਏ ਦ੍ਰਿਸ਼ ਦੇ ਬਾਵਜੂਦ ਆਪਣਾ ਉਲੱਥਾ ਸਫ਼ਲਤਾਪੂਰਵਕ ਕਰ ਲੈਂਦੇ ਹਨ। ਸਾਡੇ ਖ਼ਿਆਲ ’ਚ ਇਸ ਸਾਰੀ ਪ੍ਰਸ਼ੰਸਾ ਦੀ ਹੱਕਦਾਰ ਉਨ੍ਹਾਂ ਦੀ ਪਤਨੀ ਹੀ ਹੈ ਕਿਉਂਕਿ ਹਾਥੀ ਦੀ ਪੈੜ ’ਚ ਹੀ ਸਾਰੀਆਂ ਪੈੜਾਂ ਆ ਜਾਇਆ ਕਰਦੀਆਂ ਹਨ।
ਸੰਪਰਕ: 94635-37050