ਨਰਿੰਦਰ ਕੌਰ ਛਾਬੜਾ
ਮੰਜੂ ਨੇ ਆਪਣੇ ਸੱਤ ਸਾਲਾ ਬੇਟੇ ਨੂੰ ਕਿਹਾ, ‘‘ਸੌਰਭ ਬੇਟਾ, ਵੇਖ ਅੱਜ ਮੈਂ ਤੇਰੇ ਲਈ ਕੀ-ਕੀ ਬਣਾਇਆ ਹੈ! ਤੇਰੀ ਪਸੰਦ ਦੀ ਖੀਰ, ਪੂਰੀਆਂ, ਜਲੇਬੀਆਂ, ਸ਼ਾਹੀ ਪਨੀਰ… ਅੱਜ ਤਾਂ ਤੇਰੀ ਦਾਅਵਤ ਹੈ!’’
ਸੌਰਭ ਤਾੜੀਆਂ ਮਾਰ ਕੇ ਨੱਚਣ ਲੱਗਿਆ, ‘‘ਵਾਓ ਮੰਮੀ, ਯੂ ਆਰ ਗ੍ਰੇਟ…!’’
ਘਰ ਵਿੱਚ ਕੰਮ ਕਰਨ ਵਾਲੀ ਮਹਿਰੀ ਦੀ ਲਗਪਗ ਸੌਰਭ ਦੀ ਉਮਰ ਦੀ ਬੇਟੀ ਜੋ ਮਾਂ ਦਾ ਹੱਥ ਵਟਾਉਣ ਲਈ ਕਦੇ-ਕਦੇ ਆ ਜਾਂਦੀ ਹੈ, ਉਹ ਵੀ ਸੌਰਭ ਨੂੰ ਬੋਲੀ, ‘‘ਕੱਲ੍ਹ ਸਾਡੇ ਘਰੇ ਵੀ ਦਾਅਵਤ ਸੀ।’’
‘‘ਅੱਛਾ, ਕੀ ਕੀ ਬਣਾਇਆ ਸੀ ਤੇਰੀ ਮਾਂ ਨੇ ਅਤੇ ਕੀ ਕੁਝ ਖਾਧਾ ਤੂੰ…!’’ ਸੌਰਭ ਨੇ ਉਤਸੁਕਤਾ ਨਾਲ ਪੁੱਛਿਆ।
‘‘ਕੱਲ੍ਹ ਸਾਡੇ ਘਰ ਦਾਲ, ਚੌਲ, ਰੋਟੀ ਤੇ ਚਟਣੀ ਬਣੀ ਸੀ।’’ ਬੜੇ ਉਤਸ਼ਾਹ ਨਾਲ ਮਹਿਰੀ ਦੀ ਬੇਟੀ ਬੋਲੀ।
ਸੌਰਭ ਜ਼ੋਰ-ਜ਼ੋਰ ਨਾਲ ਹੱਸਣ ਲੱਗਿਆ, ‘‘ਪਾਗਲ, ਇਹ ਦਾਅਵਤ ਥੋੜ੍ਹੋ ਹੁੰਦੀ ਹੈ। ਦਾਅਵਤ ਵਿਚ ਤਾਂ ਖ਼ੂਬ ਸਾਰੇ ਪਕਵਾਨ, ਸਬਜ਼ੀ, ਦਾਲ, ਮਿਠਾਈਆਂ, ਨਮਕੀਨ ਕਈ ਕੁਝ ਬਣਦਾ ਹੈ ਤਾਂ ਕਿਤੇ ਜਾ ਕੇ ਉਹ ਦਾਅਵਤ ਬਣਦੀ ਹੈ। ਤੈਨੂੰ ਕੁਝ ਨਹੀਂ ਪਤਾ…।’’
‘‘ਸਾਡੇ ਘਰ ਤਾਂ ਜਿਸ ਦਿਨ ਇਹ ਚੀਜ਼ਾਂ ਬਣਦੀਆਂ ਨੇ ਤਾਂ ਮਾਂ ਕਹਿੰਦੀ ਹੈ- ਚਲੋ ਬੱਚਿਓ, ਅੱਜ ਤੁਹਾਡੀ ਦਾਅਵਤ ਹੈ। ਅਸੀਂ ਖ਼ੂਬ ਖ਼ੁਸ਼ ਹੋ ਕੇ ਢਿੱਡ ਭਰ ਕੇ ਖਾਂਦੇ ਹਾਂ। ਬਹੁਤ ਮਜ਼ੇ ਕਰਦੇ ਹਾਂ।’’ ਮਹਿਰੀ ਦੀ ਬੇਟੀ ਨੇ ਹੈਰਾਨੀ ਮਿਲੀ ਖ਼ੁਸ਼ੀ ਨਾਲ ਕਿਹਾ।
‘‘ਇਹ ਸਭ ਤਾਂ ਰੋਜ਼ ਦਾ ਖਾਣਾ ਹੈ। ਇਸ ਵਿੱਚ ਨਵਾਂ ਕੀ ਹੈ ਅਤੇ ਦਾਅਵਤ ਵਰਗੀ ਕਿਹੜੀ ਗੱਲ ਹੈ?’’ ਸੌਰਭ ਨੂੰ ਅਜੇ ਵੀ ਹੈਰਾਨੀ ਹੋ ਰਹੀ ਸੀ।
‘‘ਸਾਡਾ ਰੋਜ਼ ਦਾ ਖਾਣਾ ਤਾਂ ਵੱਖਰਾ ਹੁੰਦਾ ਹੈ ਨਾ- ਕਦੇ ਰੋਟੀ ਨਮਕ, ਕਦੇ ਗੁੜ ਰੋਟੀ, ਕਦੇ ਪਿਆਜ਼ ਰੋਟੀ, ਕਦੇ ਰੋਟੀ ਮਿਰਚਾਂ… ਬਸ… ਇਸ ਲਈ ਜਿਸ ਦਿਨ ਦਾਲ, ਚੌਲ, ਰੋਟੀ, ਚਟਣੀ ਬਣਦੀ ਹੈ ਤਾਂ ਸਾਡੀ ਦਾਅਵਤ ਹੁੰਦੀ ਹੈ। ਸਿੱਧੀ ਜਿਹੀ ਗੱਲ ਹੈ…’’ ਮਹਿਰੀ ਦੀ ਬੇਟੀ ਖਿੜਖਿੜਾ ਕੇ ਹੱਸ ਪਈ।
ਸੰਪਰਕ: 93252-61079
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
* * *
ਸਿਲਵਰ ਜੁਬਲੀ
ਬਰਜਿੰਦਰ ਕੌਰ ਬਿਸਰਾਓ
ਸਵੇਰੇ ਸਵੇਰੇ ਦਰਵਾਜ਼ਾ ਖੜਕਿਆ। ਰਣਬੀਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਪਤੀ ਸਾਹਮਣੇ ਖੜ੍ਹਾ ਸੀ। ਉਸ ਨੂੰ ਵੀ ਕੋਈ ਹੈਰਾਨੀ ਨਾ ਹੋਈ ਕਿਉਂਕਿ ਉਹ ਹਰੇਕ ਹਫ਼ਤੇ ਘਰ ਆਉਂਦਾ ਸੀ। ਉਹ ਨਾਲ ਦੇ ਸ਼ਹਿਰ ਕਲਰਕ ਲੱਗਿਆ ਹੋਇਆ ਸੀ। ਤਨਖ਼ਾਹ ਤਾਂ ਬਥੇਰੀ ਸੀ ਪਰ ਉਹ ਉਸ ਨੂੰ ਸੱਚ ਨਾ ਦੱਸਦਾ। ਉਹ ਉਸ ਨੂੰ ਦਸ ਹਜ਼ਾਰ ਰੁਪਏ ਮਹੀਨੇ ਬਾਅਦ ਦੇ ਦਿੰਦਾ। ਉਸ ਦਾ ਗੁਜ਼ਾਰਾ ਚੱਲੀ ਜਾਂਦਾ ਸੀ। ਰਣਬੀਰ ਸਿਆਣੀ ਸੀ। ਉਸ ਨੇ ਆਪਣਾ ਘਰ ਬਣਾ ਲਿਆ ਸੀ ਚਾਹੇ ਬੈਂਕ ਤੋਂ ਕਰਜ਼ਾ ਚੁੱਕ ਕੇ ਹੀ ਬਣਾਇਆ ਸੀ। ਵੱਡੇ ਮੁੰਡੇ ਦੀ ਵੀ ਗ੍ਰੈਜੂਏਸ਼ਨ ਕਰਵਾਈ ਪਰ ਮੁੰਡਾ ਕਾਲਜ ਤੋਂ ਹੀ ਦੋਸਤੀਆਂ ਦੇ ਚੱਕਰਾਂ ਵਿੱਚ ਪਿਆ ਹੋਇਆ ਸੀ। ਉਸ ਨੇ ਖੁੱਲ੍ਹੇ ਖਰਚੇ ਕਰਨੇ, ਜਿੱਥੇ ਸੌ ਖਰਚਣਾ ਹੁੰਦਾ ਉੱਥੇ ਹਜ਼ਾਰ ਖਰਚਦਾ, ਪੰਜ ਸੱਤ ਦੋਸਤਾਂ ਦਾ ਖ਼ਰਚਾ ਵੀ ਆਪ ਹੀ ਕਰਦਾ। ਹੁਣ ਤਾਂ ਮੁੰਡਾ ਸ਼ਰਾਬ ਵੀ ਪੀਣ ਲੱਗ ਗਿਆ ਸੀ। ਮਾਂ ਨੇ ਕੁਝ ਸਮਝਾਉਣ ਦਾ ਯਤਨ ਕਰਨਾ ਤਾਂ ਉਸ ਨੂੰ ਮੂੰਹ ਨਾ ਖੋਲ੍ਹਣ ਦੇਣਾ। ਨਾਲ ਦੇ ਸਾਥੀਆਂ ਨੇ ਖਹਿੜਾ ਨਾ ਛੱਡਣਾ ਕਿਉਂਕਿ ਉਨ੍ਹਾਂ ਨੂੰ ਮੁਫ਼ਤ ਵਿੱਚ ਖਾਣ ਪੀਣ ਅਤੇ ਘੁੰਮਣ ਨੂੰ ਮਿਲਦਾ ਸੀ। ਛੋਟਾ ਮੁੰਡਾ ਕੈਨੇਡਾ ਪੜ੍ਹਾਈ ਕਰਨ ਲਈ ਆਪਣੀ ਫੀਸ ਆਪ ਕਮਾ ਕੇ ਭਰਦਾ, ਉਹ ਮਾਪਿਆਂ ਉੱਪਰ ਕੋਈ ਬੋਝ ਨਾ ਪਾਉਂਦਾ।
ਰਣਬੀਰ ਦੇ ਪਤੀ ਨੇ ਉਸ ਨੂੰ ਚੜ੍ਹੇ ਮਹੀਨੇ ਚਾਹੇ ਦਸ ਹਜ਼ਾਰ ਦੇ ਦੇਣਾ ਪਰ ਹਰੇਕ ਹਫ਼ਤੇ ਆ ਕੇ ਖੂਬ ਖ਼ਰਚਾ ਕਰਨਾ ਤੇ ਚਲੇ ਜਾਣਾ। ਰਣਬੀਰ ਵਿਚਾਰੀ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਭਰਦੀ, ਘਰ ਦੇ ਰਾਸ਼ਨ ਪਾਣੀ ਦਾ ਖ਼ਰਚਾ, ਦੁੱਧ ਦਾ ਬਿਲ, ਬਿਜਲੀ ਦਾ ਬਿਲ, ਕੋਈ ਘਰ ਦੀ ਚੀਜ਼ ਕਿਸ਼ਤਾਂ ’ਤੇ ਖਰੀਦ ਲੈਣੀ ਉਹਦੀਆਂ ਕਿਸ਼ਤਾਂ, ਕਿਤੇ ਰਿਸ਼ਤਦਾਰੀ ਵਿੱਚ ਜਾਣਾ, ਕੋਈ ਆ ਗਿਆ, ਕੋਈ ਬਿਮਾਰੀ ਠਮਾਰੀ ਦੀ ਦਵਾ ਦਾਰੂ ਦਾ ਖ਼ਰਚਾ, ਮਤਲਬ ਇਹ ਕਿ ਸਾਰੇ ਘਰ ਦਾ ਖ਼ਰਚਾ ਓਹਦੇ ਸਿਰ। ਉਹ ਦੋਵੇਂ ਪਿਓ ਪੁੱਤਾਂ ਨੇ ਤਾਂ ਉਸ ਨੂੰ ਟਕਸਾਲ ਹੀ ਸਮਝਿਆ ਹੋਇਆ ਸੀ। ਜੇ ਉਸ ਨੇ ਕਹਿਣਾ ਖ਼ਰਚਾ ਘੱਟ ਕਰਿਆ ਕਰੋ ਤਾਂ ਦੋਵਾਂ ਨੇ ਉਸ ਨੂੰ ਖਾਣ ਨੂੰ ਪੈਣਾ ਤੇ ਕਹਿਣਾ, ‘‘ਤੂੰ ਤਾਂ ਹਰ ਵੇਲੇ ਮਰੂੰ ਮਰੂੰ ਕਰਦੀ ਰਹਿੰਦੀ ਐਂ, ਕਦੇ ਨੀ ਤੇਰੇ ਮੂੰਹੋਂ ਸੁਣਿਆ ਕਿ ਸੌਖੇ ਆਂ।’’ ਉਸ ਨੇ ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਹੱਸ ਕੇ ਟਾਲ ਦੇਣਾ।
ਅੱਜ ਉਸ ਨੂੰ ਆਪਣੇ ਪਤੀ ਦਾ ਖਾਲੀ ਹੱਥ ਘਰੇ ਆਉਣਾ ਦਿਮਾਗ਼ ਵਿੱਚ ਥੋੜ੍ਹਾ ਜਿਹਾ ਖਟਕਿਆ। ਅੱਜ ਉਨ੍ਹਾਂ ਦੇ ਵਿਆਹ ਦੀ ਪੱਚੀਵੀਂ ਵਰ੍ਹੇਗੰਢ ਸੀ। ਉਸ ਨੇ ਆਪਣੀਆਂ ਸਹੇਲੀਆਂ ਨੂੰ ਦੇਖਿਆ ਹੋਇਆ ਸੀ ਕਿ ਕਿਸੇ ਦੇ ਪਤੀ ਨੇ ਸਰਪ੍ਰਾਈਜ਼ ਪਾਰਟੀ ਦੇਣਾ, ਕਿਸੇ ਦੀ ਔਲਾਦ ਨੇ ਆਪਣੇ ਜੇਬ ਖ਼ਰਚੇ ’ਚੋਂ ਪੈਸੇ ਜੋੜ ਕੇ ਸਰਪ੍ਰਾਈਜ਼ ਗਿਫ਼ਟ ਦੇਣਾ। ਪਰ ਹਾਲੇ ਵੀ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਉਹ ਮਨ ਵਿੱਚ ਸੋਚਦੀ, ‘‘ਨਹੀਂ ਨਹੀਂ, ਐਦਾਂ ਨੀ ਹੋ ਸਕਦਾ, ਉਹ ਜ਼ਰੂਰ ਮੇਰੇ ਲਈ ਕੋਈ ਪਾਰਟੀ ਦਾ ਇੰਤਜ਼ਾਮ ਕਰਨਗੇ।’’ ਫਿਰ ਉਹ ਸੋਚਦੀ, ‘‘ਦੇਖੋ, ਅੱਜ ਸਾਡਾ ਬੇਟਾ ਸਾਡੇ ਲਈ ਕੀ ਤੋਹਫ਼ਾ ਲਿਆਵੇਗਾ…?’’ ਉਸ ਦਾ ਪਤੀ ਨਾਸ਼ਤਾ ਕਰਨ ਲਈ ਬੈਠਾ ਤਾਂ ਰਣਬੀਰ ਨੇ ਪੈਕ ਕੀਤਾ ਹੋਇਆ ਇੱਕ ਤੋਹਫ਼ਾ ਉਸ ਅੱਗੇ ਪੇਸ਼ ਕਰਦੇ ਹੋਏ ਉਸ ਨੂੰ ਪੱਚੀਵੀਂ ਵਰ੍ਹੇਗੰਢ ਦੀ ਮੁਬਾਰਕ ਦਿੱਤੀ। ਉਸ ਦੇ ਪਤੀ ਨੇ ਕੋਈ ਹੁੰਗਾਰਾ ਨਾ ਦਿੱਤਾ ਤੇ ਤੋਹਫ਼ੇ ਵਾਲਾ ਪੈਕੇਟ ਫੜ ਕੇ ਅਣਦੇਖਿਆ ਕਰਕੇ ਇੱਕ ਪਾਸੇ ਰੱਖ ਦਿੱਤਾ। ਉਸ ਨੇ ਫਿਰ ਉਤਸ਼ਾਹਿਤ ਹੋ ਕੇ ਕਿਹਾ, ‘‘ਮੇਰੇ ਲਈ ਕੀ ਤੋਹਫ਼ਾ ਲਿਆਂਦਾ ਤੁਸੀਂ…?’’ ਉਸ ਦਾ ਪਤੀ ਉਸ ਵੱਲ ਨੂੰ ਕੌੜੀ ਨਿਗਾਹ ਨਾਲ ਦੇਖਦਿਆਂ ਬੋਲਿਆ, ‘‘ਸਾਰੀ ਤਨਖ਼ਾਹ ਤਾਂ ਤੇਰੇ ਬੱਬਰ ’ਚ ਪੈਂਦੀ ਆ, ਹੋਰ ਪਤਾ ਨਹੀਂ ਕਿਹੜੇ ਤੋਹਫੇ ਭਾਲ਼ਦੀ ਐਂ।’’ ਉਹ ਫਿਰ ਵੀ ਮਾਯੂਸ ਨਾ ਹੋਈ। ਉਸ ਨੂੰ ਲੱਗਿਆ ਕਿ ਇਹ ਵੀ ਸਰਪ੍ਰਾਈਜ਼ ਦਾ ਹਿੱਸਾ ਹੋਵੇਗਾ।
ਰਣਬੀਰ ਸ਼ਾਮ ਤੱਕ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੀ ਰਹੀ। ਸ਼ਾਮ ਨੂੰ ਉਸ ਨੇ ਆਪਣੇ ਪਤੀ ਨੂੰ ਆਖਿਆ, ‘‘ਚੱਲੋ ਜੀ ਆਪਾਂ ਸਾਰੇ ਕਿਤੇ ਬਾਹਰ ਖਾਣਾ ਖਾ ਕੇ ਆਈਏ।’’ ਬਟੂਆ ਦਿਖਾਉਂਦਿਆਂ ਉਸ ਦਾ ਪਤੀ ਬੋਲਿਆ, ‘‘ਮੇਰੇ ਕੋਲ ਤਾਂ ਆਹੀ ਸੌ ਦਾ ਨੋਟ ਆ, ਕੱਲ੍ਹ ਨੂੰ ਕਿਰਾਇਆ ਲਾ ਕੇ ਡਿਊਟੀ ’ਤੇ ਵਾਪਸ ਵੀ ਜਾਣਾ ਐ। ਅੱਜ ਤੀਹ ਤਰੀਕ ਐ, ਮਹੀਨੇ ਦੇ ਅਖੀਰ ’ਚ ਬਟੂਆ ਖ਼ਾਲੀ ਹੋ ਜਾਂਦੈ।’’ ਰਣਬੀਰ ਦਾ ਦਿਲ ਟੁੱਟ ਗਿਆ ਪਰ ਉਸ ਨੂੰ ਆਪਣੇ ਬੇਟੇ ਤੋਂ ਆਸ ਸੀ ਕਿ ਉਹ ਉਸ ਉੱਤੇ ਆਪਣੀਆਂ ਖ਼ੁਸ਼ੀਆਂ ਲੁਟਾਉਂਦੀ ਹੈ ਉਹ ਤਾਂ ਜ਼ਰੂਰ ਮਨਾਵੇਗਾ। ਸ਼ਾਮ ਨੂੰ ਦੋਸਤਾਂ ਨਾਲ ਘੁੰਮ ਕੇ ਜਦ ਘਰ ਆਇਆ ਤਾਂ ਉਸ ਦੇ ਖਾਲੀ ਹੱਥ ਦੇਖ ਕੇ ਨਿਰਾਸ਼ ਹੋਈ। ਆਪਣੀ ਮਾਂ ਨੂੰ ਕਹਿੰਦਾ, ‘‘ਮੰਮੀ, ਤਿੰਨ ਕੁ ਸੌ ਰੁਪਈਆ ਦਿਓ।’’ ਰਣਬੀਰ ਨੇ ਚੋਰੀ ਜੋੜ ਕੇ ਪੰਜ ਕੁ ਸੌ ਰੁਪਈਆ ਰੱਖਿਆ ਹੋਇਆ ਸੀ। ਉਸ ਨੇ ਆਪਣੇ ਪਤੀ ਤੋਂ ਚੋਰੀ ਫਟਾਫਟ ਉਸ ਨੂੰ ਤਿੰਨ ਸੌ ਰੁਪਏ ਦੇ ਦਿੱਤੇ। ਉਸ ਨੂੰ ਲੱਗਿਆ ਕਿ ਉਸ ਦਾ ਪੁੱਤਰ ਇਨ੍ਹਾਂ ਪੈਸਿਆਂ ਦੀ ਮਠਿਆਈ ਜਾਂ ਕੋਈ ਤੋਹਫ਼ਾ ਲਿਆਏਗਾ। ਉਸ ਨੇ ਬੁਝੇ ਬੁਝੇ ਮਨ ਨਾਲ ਖਾਣਾ ਬਣਾ ਕੇ ਨਾਲ ਮਠਿਆਈ ਦੀ ਜਗ੍ਹਾ ਆਟੇ ਦਾ ਕੜਾਹ ਬਣਾ ਕੇ ਪਤੀ ਨੂੰ ਰੋਟੀ ਖਵਾ ਕੇ ਸੰਵਾ ਦਿੱਤਾ। ਉਹ ਵੱਡੇ ਮੁੰਡੇ ਦੇ ਤੋਹਫ਼ੇ ਦਾ ਇੰਤਜ਼ਾਰ ਕਰਨ ਲੱਗੀ।
ਗਿਆਰਾਂ ਵਜੇ ਮੁੰਡੇ ਨੇ ਮੋਟਰਸਾਈਕਲ ਦਾ ਹਾਰਨ ਗੇਟ ਖੋਲ੍ਹਣ ਲਈ ਮਾਰਿਆ। ਰਣਬੀਰ ਨੱਠ ਕੇ ਗੇਟ ਖੋਲ੍ਹਣ ਗਈ। ਮੁੰਡਾ ਉਹ ਤਿੰਨ ਸੌ ਰੁਪਈਆਂ ਦੀ ਸ਼ਰਾਬ ਦੋਸਤਾਂ ਨਾਲ ਬੈਠ ਕੇ ਪੀ ਆਇਆ ਸੀ। ਰਣਬੀਰ ਨੂੰ ਉਸ ਉੱਤੇ ਗੁੱਸਾ ਆਇਆ, ‘‘ਵੇ ਇਹ ਕੀ…? ਤੂੰ ਸ਼ਰਾਬ ’ਤੇ ਉਡਾ ਆਇਆ ਮੇਰੇ ਪਾਈ ਪਾਈ ਜੋੜ ਕੇ ਕੱ’ਠੇ ਕੀਤੇ ਪੈਸੇ।’’ ਮੁੰਡਾ ਸ਼ਰਾਬ ਦੇ ਨਸ਼ੇ ਵਿੱਚ ਬੋਲਿਆ, ‘‘ਮੰਮੀ, ਅੱਜ ਥੋਡੀ ਸਿਲਵਰ ਜੁਬਲੀ ਮੈਰਿਜ ਐਨੇਵਰਸਰੀ ਆ, ਮੈਂ ਦੋਸਤਾਂ ਨਾਲ ਸੈਲੀਬ੍ਰੇਟ ਕਰਕੇ ਆਇਆਂ।’’ ਕਹਿ ਕੇ ਉਹ ਆਪਣੇ ਕਮਰੇ ਵਿੱਚ ਜਾ ਕੇ ਗਰਲ ਫਰੈਂਡ ਨਾਲ ਫੋਨ ’ਤੇ ਗੱਲਾਂ ਕਰਨ ਲੱਗਿਆ। ਰਣਬੀਰ ਇਕੱਲੀ ਖੜ੍ਹੀ ਸੋਚ ਰਹੀ ਸੀ ਕਿ ਜਿਸ ਘਰ ਨੂੰ ਬਣਾਉਣ ਲਈ, ਪਤੀ ਅਤੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਉਸ ਨੇ ਆਪਣੀ ਜ਼ਿੰਦਗੀ ਲੁਟਾ ਦਿੱਤੀ ਤੇ ਆਪਣੇ ਸੁਖ, ਚੈਨ ਦਾ ਕੋਈ ਧਿਆਨ ਨਾ ਰੱਖਿਆ, ਉਹੀ ਪਰਿਵਾਰ ਵਾਲੇ ਸਿਰਫ਼ ਇੱਕ ਦਿਨ ਉਸ ਨੂੰ ਖ਼ੁਸ਼ੀ ਨਹੀਂ ਦੇ ਸਕੇ। ਉਸ ਦਾ ਦਿਲ ਟੁੱਟ ਗਿਆ ਅਤੇ ਵਿਆਹ ਦੀ ਪੱਚੀਵੀਂ ਵਰ੍ਹੇਗੰਢ ਲਈ ਸਜਾਏ ਸੁਪਨੇ ਉਸ ਦੇ ਨੈਣਾਂ ਦੇ ਦਰਿਆਵਾਂ ਵਿੱਚ ਰੁੜ੍ਹ ਗਏ।
ਸੰਪਰਕ: 99889-01324
* * *
ਆਜ਼ਾਦੀ ਦਾ ਅਰਥ
ਰਣਜੀਤ ਆਜ਼ਾਦ ਕਾਂਝਲਾ
ਸਕੂਲ ਵਿੱਚ ਪੰਦਰਾਂ ਅਗਸਤ ਨੂੰ ਆਜ਼ਾਦੀ ਦੀ ਪਝੱਤਰਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ। ਬੱਚੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸਨ। ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਪ੍ਰਤੀ ਅਥਾਹ ਉਤਸ਼ਾਹ ਸੀ। ਬੱਚਿਆਂ ਨੇ ਦੇਸ਼ ਪਿਆਰ, ਦੇਸ਼ਭਗਤੀ ਅਤੇ ਆਜ਼ਾਦੀ ਬਾਰੇ ਗੀਤ ਕਵਿਤਾਵਾਂ ਪੜ੍ਹੀਆਂ।
ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ‘‘ਸਾਡੇ ਦੇਸ਼ ਦੇ ਸੂਰਬੀਰ ਯੋਧਿਆਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ, ਅਨੇਕਾਂ ਪ੍ਰਕਾਰ ਦੇ ਤਸੀਹੇ ਸਹਿ ਕੇ ਸਾਨੂੰ ਆਜ਼ਾਦੀ ਹਾਸਲ ਕਰ ਕੇ ਦਿੱਤੀ। ਹੁਣ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ ਕਿ ਮਹਿੰਗੇ ਮੁੱਲ ਪ੍ਰਾਪਤ ਕੀਤੀ ਆਜ਼ਾਦੀ
ਨੂੰ ਸਦਾ ਬਰਕਰਾਰ ਰੱਖੀਏ। ਸਾਡੇ ਸੁਤੰਤਰ ਹੋਣ ਨਾਲ ਹਰੇਕ ਨੂੰ ਬੋਲਣ, ਤੁਰਨ-ਫਿਰਨ, ਕਿਸੇ ਵੀ ਧਰਮ ਨੂੰ ਮੰਨਣ, ਜਾਇਦਾਦ ਖਰੀਦਣ-ਵੇਚਣ ਦਾ ਪੂਰਨ ਅਧਿਕਾਰ ਮਿਲ ਗਿਆ ਹੈ। ਅਸੀਂ ਹਰੇਕ ਕੰਮ ਨੂੰ ਸੰਵਿਧਾਨਕ ਦਾਇਰੇ ’ਚ ਰਹਿ ਕੇ ਕਰਦਿਆਂ ਆਪਣੀ ਸੁਚੱਜੀ ਜ਼ਿੰਦਗੀ ਬਸਰ ਕਰ ਸਕਦੇ ਹਾਂ ਤੇ ਹੁਣ ਅਸੀਂ ਪੂਰਨ ਤੌਰ ’ਤੇ ਆਜ਼ਾਦ ਹਾਂ।…!’’ ਤਕਰੀਰ ਜਾਰੀ ਸੀ ਪਰ ਬੱਚਿਆਂ ਵਿੱਚ ਕੁਝ ਘੁਸਰ-ਮਸਰ ਜਿਹੀ ਹੋਣ ਲੱਗ ਪਈ। ਇੱਕ ਵਿਦਿਆਰਥੀ ਬੜਾ ਉਤਾਵਲਾ ਹੋਇਆ ਖੜ੍ਹਾ ਹੋਇਆ ਅਤੇ ਬੋਲਿਆ, ‘‘ਸਰ! ਪੜ੍ਹਨ ਦੀ ਉਮਰੇ ਜਿਹੜੇ ਬੱਚੇ ਪੇਟ ਦੀ ਖ਼ਾਤਰ ਢਾਬਿਆਂ ’ਤੇ ਜੂਠੇ ਬਰਤਨ ਸਾਫ਼ ਕਰਦੇ ਹਨ, ਗਲੀਆਂ ਵਿੱਚੋਂ ਖ਼ਾਲੀ ਲਿਫ਼ਾਫ਼ੇ ਤੇ ਹੋਰ ਨਿੱਕ-ਸੁੱਕ ਚੁੱਕਦੇ ਹਨ, ਉਨ੍ਹਾਂ ਲਈ ਏਸ ਆਜ਼ਾਦੀ ਦਾ ਕੀ ਅਰਥ ਹੈ?’’
ਸਮਾਗਮ ਵਿੱਚ ਹਾਜ਼ਰ ਇਕੱਠ ਦੇ ਮੂੰਹ ਪ੍ਰਸ਼ਨ ਚਿੰਨ੍ਹ ਵਰਗੇ ਬਣ ਗਏ। ਕਿਸੇ ਪਾਸ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ।
ਸੰਪਰਕ: 94646-97781
* * *
ਨਾਜ਼ਰ ਅਤੇ ਛੋਟੇ ਦੀ ਆਜ਼ਾਦੀ
ਇੰਦਰਜੀਤ ਪ੍ਰੇਮੀ
ਦੇਸ਼ਵੰਡ ਤੋਂ ਦਸ ਕੁ ਸਾਲ ਮੇਰੇ ਜਨਮ ਤੋਂ ਬਾਅਦ ਦਾਦੀ ਦੁਰਗੀ ਦੇਵੀ ਦੱਸਦੀ, ‘‘ਉਸ ਵੇਲੇ ਟਕੂਏ, ਛਵੀਆਂ, ਨੇਜ਼ੇ, ਬਰਛੇ ਜਾਂ ਜੋ ਵੀ ਕਿਸੇ ਦੇ ਹੱਥ ਆਇਆ ਉਹ ਹਥਿਆਰ ਲੈ ਕੇ ਸਭ ਰਿਸ਼ਤੇ-ਨਾਤੇ ਭੁੱਲ ਕੇ ਰੱਤ ਦੇ ਪਿਆਸੇ ਬਣੇ ਹੋਏ ਸੀ। ਤੇਰਾ ਦਾਦਾ ਵੀ ਲੰਬੇ ਦੌਰਿਆਂ ਤੋਂ ਅਜੇ ਮੁੜਿਆ ਹੀ ਸੀ ਕਿ ਹਨ੍ਹੇਰੀ ਝੁੱਲ ਗਈ। ਕੁੱਲ ਲੋਕਾਈ ਇਕ ਦੂਜੇ ਦੀ ਰੱਤ ਦੀਆਂ ਕਨਸੋਆਂ ਲੈ ਵਿਉਂਤਾਂ ਗੁੰਦਣ ਵਿੱਚ ਮਸ਼ਰੂਫ਼ ਸੀ। ਜਿਹੜੇ ਘਰ ਅੱਗ-ਪਾਣੀ ਦੀ ਸਾਂਝ ਸੀ, ਉਨ੍ਹਾਂ ਬੂਹੇ ਵੀ ਢੋਅ ਲਏ ਸਨ।’’ ਥਾਲ਼ੀ ਵਿਚਲੀ ਦਾਲ ਵਿੱਚੋਂ ਰੋੜ ਚੁਗਦਿਆਂ ਪਿੱਠ ਕਰੀ ਬੈਠੇ ਬੀਜੀ (ਮਾਂ) ਦੇ ਕੰਨ ਵੀ ਸਾਡੀਆਂ ਗੱਲਾਂ ਵੱਲ ਸਨ।
“ਗੁਆਂਢ ਵਿੱਚ ਰਹਿੰਦੇ ਮੁਸਲਮਾਨਾਂ ਦੇ ਘਰੀਂ ਵੱਡੇ ਤੜਕੇ ਹਮਲਾ ਹੋ ਗਿਆ ਸੀ। ਬੜਾ ਚੀਕ-ਚਿਹਾੜਾ ਪਿਆ। ਚੱਕ ਲੋ, ਵੱਢ ਦਿਓ, ਛੱਡਣੇ ਨੀਂ- ਪੂਰਾ ਰੌਲਾ ਸੀ। ਮੱਸਿਆ ਦੀ ਰਾਤ ਕਰਕੇ ਹੱਥ ਨੂੰ ਹੱਥ ਨਾ ਦਿਖਾਈ ਦੇਵੇ। ਤੇਰਾ ਬਾਈ ਜੀ ਬੀਹੀ ਦੇ ਬਾਰ ’ਚੋਂ ਬਾਹਰ ਨਿਕਲ ਕੇ ਰੌਲਾ ਵੇਖਣ ਗਿਆ ਤਾਂ ਇਕ ਤ੍ਰੀਮਤ ਦਾ ਪਰਛਾਵਾਂ ਵੇਖਿਆ। ਇੱਕ ਬਾਲ ਕੁੱਛੜ ਤੇ ਦੂਜੇ ਨੂੰ ਉਂਗਲ ਲਾਈ ਭੱਜੀ ਜਾਵੇ। ਹਨੇਰੇ ਵਿੱਚੋਂ ਇੱਕ ਹੋਰ ਪਰਛਾਵਾਂ ਗਲੀ ਵਿੱਚੋਂ ਉਹਦੇ ਪਿੱਛੋਂ ਭੱਜਾ ਆਇਆ। ਇੱਕ ਚੀਕ ਸੁਣੀ ਤੇ ਉਂਗਲ ਲੱਗਿਆ ਬਾਲ ਖ਼ੂਨੋ ਖ਼ੂਨ ਹੋਈ ਮਾਂ ਦੀ ਛਾਤੀ ’ਤੇ ਚੀਕਾਂ ਮਾਰ ਕੇ ਚੁੰਬੜ ਗਿਆ। ਪਿਛਲਾ ਪਰਛਾਵਾਂ ਪਿੱਛੇ ਭੱਜ ਗਿਆ। ਦੂਜਾ ਕੁੱਛੜ ਵਾਲਾ ਛੋਟਾ ਬਾਲ ਭੁੱਖਾ ਅਜੇ ਵੀ ਰੀਂ-ਰੀਂ ਕਰੀ ਜਾਂਦਾ ਸੀ।’’
“ਫੇਰ ਮਾਂ ਜੀ?” ਅਸੀਂ ਦਾਦੀ ਨੂੰ ਮਾਂ ਜੀ ਕਹਿੰਦੇ ਸੀ ਅਤੇ ਦਾਦਾ ਜੀ ਨੂੰ ਬਾਈ ਜੀ।
“ਫੇਰ ਪੁੱਤ ਕੀ? ਉਨ੍ਹਾਂ ਦੀ ਮਾਂ ਤਾਂ ਮਰ ਗਈ ਸੀ, ਤੇਰੇ ਬਾਈ ਜੀ ਨੇ ਦੋਵੇਂ ਜੁਆਕ ਚੱਕੇ ਤੇ ਅੰਦਰ ਧੂਹ ਲਏ, ਛੋਟਾ ਤਾਂ ਲੇਰਾਂ ਮਾਰੇ। ਮੈਂ ਸਬ੍ਹਾਤ ’ਚ ਪਏ ਸੰਦੂਕ ਅੰਦਰ ਗਦੇਲਿਆਂ ’ਤੇ ਲਿਜਾ ਕੇ ਪਾ ’ਤਾ ਤੇ ਆਵਦੀ ਚੀਚੀ ਉਹਦੇ ਮੂੰਹ ’ਚ ਪਾ ’ਤੀ। ਉਹ ਪਤਾ ਨੀ ਭੁੱਖਾ ਸੀ ਜਾਂ ਸਮੇਂ ਦਾ ਦਹਿਲਿਆ ਹੋਇਆ, ਚੀਚੀ ਚੁੰਘਦਾ ਛਾਪਲ ਗਿਆ।’’
“ਵੱਡਾ? ਮਾਂ ਜੀ…!’’
ਇੰਨੇ ਨੂੰ ਨਾਜ਼ਰ ਚਾਚਾ ਮੇਰੀ ਮਾਂ ਕੋਲ ਆ ਖੜ੍ਹਾ ਹੋਇਆ। “ਹਾਂ, ਦੱਸ?’’ ਨਾਜ਼ਰ ਨੇ ਬੀਜੀ ਨੂੰ ਪੁੱਛਿਆ ਸੀ।
“ਵੇ ਨਾਜਰਾ, ਕੁੱਕੂ ਕਹਿੰਦਾ ਮੈਂ ਕੱਲੇ ਸਕੂਲ ਨੀ
ਜਾਣਾ, ਵਿੱਟਰਿਆ ਪਿਐ। ਹੁਣ ਇਹਦਾ ਭਾਪਾ ਤਾਂ ਆਪ ਪੜ੍ਹਾਉਣ ਗਿਆ ਹੋਇਆ, ਮੈਂ ਇਹਦੇ ਨਾਲ ਸਕੂਲ ਜਾ ਨੀ ਸਕਦੀ। ਘਰੇ ਅੱਗ ਲੱਗਣਾ, ਕੰਮ ਬਥੇਰਾ ਪਿਐ, ਵੇਖ ਇਹ ਤੇਰੀ ਝੋਲੀ ਪਾਇਆ ਵੈ, ਤੇਰਾ ਕਹਿਣਾ ਮੰਨਦੈ, ਇਹਨੂੰ ਸਕੂਲ ਛੱਡ ਕੇ ਆ,’’ ਬੀਜੀ ਦਾ ਲਹਿਜ਼ਾ ਹੁਕਮ ਵਾਂਗੂ ਸੀ।
“ਡੰਗਰ ਰੰਭੀ ਜਾਂਦੇ ਐ, ਮੈਂ ਆਉਣਾ ਪਾਣੀ ਵਿਖਾ ਕੇ,” ਨਾਜ਼ਰ ਨੇ ਮੁੱਕੇ ਨਾਲ ਮੂੰਹ ਪੂੰਝਿਆ, ਮੁੱਕਾ ਮੋਢੇ ’ਤੇ ਰੱਖਿਆ ਤੇ ਬੀਹੀ ਲੰਘ ਗਿਆ।
‘‘ਫੇਰ ਮਾਂ ਜੀ?’’ ਸਕੂਲ ਜਾਣ ਦਾ ਮੇਰਾ ਉੱਕਾ ਜੀ ਨੀ ਸੀ ਭਾਵੇਂ ਸਕੂਲ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਸੀ ਅਤੇ ਖ਼ੂਬ ਰੌਣਕ ਹੋਣੀ ਸੀ।
“ਫੇਰ ਪੁੱਤ ਅਗਲੇ ਦਿਨ ਪਿੰਡ ’ਚ ਖਬ਼ਰ ਫੈਲਗੀ, ਅਖੇ ਇਨ੍ਹਾਂ ਨੇ ਘਰੇ ਮੁਸਲਿਆਂ ਦੇ ਸਪੋਲੀਏ ਰੱਖੇ ਸੂ। ਲੁਟੇਰਿਆਂ ਫੇਰ ਸਿਰ ਜੋੜ ਲਏ। ਤੜਕੇ ਮੂੰਹ ਹਨੇਰੇ ਹਮਲਾ ਕਰਾਂਗੇ। ਬੋਟਾਂ ਦੀ ਵਧੀ ਹੋਈ ਸੀ ਪੁੱਤ, ਤੇਰੇ ਬਾਈ ਜੀ ਦੋਵਾਂ ਨੂੰ ਘੋੜੀ ’ਤੇ ਅੱਗੇ-ਪਿੱਛੇ ਪਿੱਠ ’ਤੇ ਬੰਨ੍ਹ ਕੇ ਰਾਤੋ-ਰਾਤ, ਨਹਿਰੋ-ਨਹਿਰ ਬਠਿੰਡੇ ਲੈ ਗਏ। ਮੂੰਹ ਹਨੇਰੇ ਸਾਡੇ ਸੁੱਤੇ ਪਿਆਂ ਹੀ ਦਰਿੰਦਿਆਂ ਘਰ ਨੂੰ ਅੱਗ ਲਾ ਤੀ…!’’
ਬੀਜੀ ਦੇ ਹੱਥੋਂ ਦਾਲ ਵਾਲਾ ਥਾਲ਼ ਛੁੱਟ ਗਿਆ, ਮੈਂ ਵੀ ਸਹਿਮ ਗਿਆ ਸੀ।
“ਫੇਰ ਪੁੱਤ ਦਿਨ ਚੜ੍ਹੇ ਅੱਗ ਬੁਝਾਈ, ਤਲਾਸ਼ੀਆਂ ਹੋਈਆਂ, ਅੱਡੋ-ਅੱਡ ਸਭ ਦੀ ਭਾਖਿਆ…! ਕੋਈ ਕੁਛ ਕਹੇ, ਕੋਈ ਕੁਛ…! ਬੜੇ ਦੁੱਖ ਸਹੇ…! ਕਈ ਮਹੀਨਿਆਂ ਬਾਅਦ ਸਮਾਂ ਮਸਾਂ ਸਾਵਾਂ ਹੋਇਆ। ਆਹ ਤੇਰਾ ਚਾਚਾ ਉਦੋਂ ਨਜ਼ੀਰ ਮੁਹੰਮਦ ਸੀ, ਅਸੀਂ ਏਹਦਾ ਨਾਂ ਨਾਜ਼ਰ ਰੱਖ ਦਿੱਤਾ। ਛੋਟੇ ਦਾ ਨਾਂ ਛੋਟਾ ਰਹਿਣ ਦਿੱਤਾ,” ਮਾਂ ਜੀ ਨੇ ਚਿੱਟੀ ਚੁੰਨੀ ਨਾਲ ਗਲੇਡੂ ਪੂੰਝੇ।
ਬੀਹੀ ਵਿੱਚੋਂ ਚਾਚੇ ਨਾਜ਼ਰ ਦੀ ਪੈੜ-ਚਾਲ ਸੁਣਾਈ ਦਿੱਤੀ।
“ਚੱਲ, ਚੱਕ ਉਏ ਬਸਤਾ,’’ ਸਕੂਲ ਦੇ ਨਾਂ ’ਤੇ ਮੈਂ ਉਹਤੋਂ ਡਰਦਾ ਬਹੁਤ ਸੀ। “ਅੱਜ ਉੱਥੇ ਕੁਝ ਨੀ ਹੋਣਾ, ਆਜ਼ਾਦੀ ਦੇ ਗੀਤ ਗਾਏ ਜਾਣਗੇ,’’ ਮੈਂ ਤਰਸਦੀਆਂ ਅੱਖਾਂ ਨਾਲ ਬੀਜੀ ਵੱਲ ਵੇਖਿਆ। ਸ਼ਾਇਦ ਉਹ ਸਕੂਲੋਂ ਜਾਣ ਤੋਂ ਬਚਾਅ ਲਵੇ। ਬੀਜੀ ਨੇ ਤਾਂ ਨੀਵੀਂ ਪਾ ਲਈ।
“ਬੰਦਾ ਬਣ ਕੇ ਚੁੱਪ ਕਰ ਕੇ ਤੁਰ,’’ ਨਾਜ਼ਰ ਚਾਚੇ ਦੇ ਹੱਥਾਂ ਨੂੰ ਅਜੇ ਵੀ ਤੂੜੀ ਦੇ ਕਸੀਰ ਚੁੰਬੜੇ ਹੋਏ ਸੀ। ਮੈਂ ਉਹਦੀ ਉਂਗਲ ਫੜ ਕੇ ਸਕੂਲ ਵਿੱਚ ਦਾਖ਼ਲ ਹੋਇਆ ਤਾਂ ਉੱਚੀ ਆਵਾਜ਼ ਵਿੱਚ ਗੀਤ ਵੱਜ ਰਿਹਾ ਸੀ- ਐ ਵਤਨ, ਐ ਵਤਨ, ਹਮ ਕੋ ਤੇਰੀ ਕਸਮ…!’’
ਮੈਂ ਵੇਖਿਆ ਨਾਜ਼ਰ ਚਾਚਾ ਅੱਖਾਂ ਪੂੰਝਦਾ ਕਦੋਂ ਦਾ
ਮੇਰੀ ਉਂਗਲ ਛੱਡ ਕੇ ਗੇਟ ’ਚੋਂ ਬਾਹਰ ਹੋ ਗਿਆ ਸੀ।
ਮੈਂ ਸਟੇਜ ਵੱਲ ਪਿੱਠ ਕਰ ਕੇ ਉਹਦੀ ਜਾਂਦੇ ਦੀ
ਪਿੱਠ ਵੇਖਦਾ ਰਿਹਾ… ਇਹ ਨਾਜ਼ਰ ਸੀ, ਚਾਚਾ ਸੀ ਜਾਂ ਨਜ਼ੀਰ ਸੀ? ਖੇਤ ਵਿੱਚ ਹਲ ਵਾਹੁੰਦੇ ਛੋਟੇ ਦਾ ਤਾਂ ਝਾਉਲਾ ਜਿਹਾ ਹੀ ਸੀ।
ਸੰਪਰਕ: 62845-96653