ਸੁਲੱਖਣ ਸਰਹੱਦੀ
ਦੋ ਪੁਸਤਕਾਂ – ਦੋ ਅਨੁਭਵ
ਅਰਤਿੰਦਰ ਸੰਧੂ ਪੰਜਾਬੀ ਕਵਿਤਾ ਦਾ ਇਕ ਸਸ਼ਕਤ ਹਸਤਾਖ਼ਰ ਹੈ। ਨਾਰੀ ਕਾਵਿ ਵਿਚ ਇਸ ਨੇ ਬੜੀ ਸੁਹਿਰਦਤਾ ਨਾਲ ਆਪਣੀ ਲਗਾਤਾਰਤਾ ਬਣਾਈ ਹੋਈ ਹੈ। ਇਸ ਦੀਆਂ ਕਵਿਤਾਵਾਂ ਵਿਚ ਨਾਰੀ ਸੰਵੇਦਨਾ ਦੇ ਨਾਲ ਨਾਲ ਜ਼ਿੰਦਗੀ ਪ੍ਰਤੀ ਵੀ ਸਹਿਜ ਜੀਣ ਲਈ ਫ਼ਿਕਰਮੰਦੀ ਝਲਕਦੀ ਹੈ। ਹਥਲੀ ਪੁਸਤਕ ‘ਘਰ, ਘਰ ਤੇ ਘਰ’ (ਕੀਮਤ: 250 ਰੁਪਏ; ਯੂਨੀਸਟਾਰ ਬੁਕਸ) ਤੋਂ ਪਹਿਲਾਂ ਉਹ 14 ਸਾਹਿਤਕ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕੀ ਹੈ ਜਿਨ੍ਹਾਂ ਵਿਚੋਂ ਗਿਆਰਾਂ ਕਾਵਿ-ਸੰਗ੍ਰਹਿ ਹਨ।
ਹਥਲੇ ਕਾਵਿ ਸੰਗ੍ਰਹਿ ਦੇ ਨਾਂ ਵਾਂਗਰ ਹੀ ‘ਘਰ’ ਪ੍ਰਤੀ ਗਹਿਰੇ ਤੇ ਸੰਵੇਦਕ ਲਹਿਜੇ ਨਾਲ ਕਵਿਤਾਵਾਂ ਪੇਸ਼ ਹੁੰਦੀਆਂ ਹਨ। ਇਹ ਸਾਰੀ ਦੀ ਸਾਰੀ ਕਾਵਿ ਪੁਸਤਕ ਘਰਾਂ ਪ੍ਰਤੀ ਜਗਾਈ ਗਈ ਅਕੀਦਤ ਭਰੀ ਸੁਖ਼ਨ ਜੋਤ ਹੈ ਜੋ ਘਰ ਸ਼ਬਦ ਨੂੰ ਸਿਰਫ਼ ਅਰਥ ਹੀ ਭੇਟ ਨਹੀਂ ਕਰਦੀ ਸਗੋਂ ਇਸ ਨੂੰ ਜ਼ਿੰਦਗੀ ਦੇ ਸਾਹਾਂ ਵਾਂਗ ਇਕਮਿਕਤਾ ਪ੍ਰਦਾਨ ਕਰਦੀ ਹੈ। ਘਰ ਸ਼ਬਦ ਨਹੀਂ ਹੈ ਸਗੋਂ ਇਹ ਇਕ ਸੰਸਾਰ-ਧਰਤ ਦਾ ਧਵਲ ਸਿੰਗ ਹੈ। ਘਰ ਬਿਨਾਂ ਜ਼ਿੰਦਗੀ ਭਟਕਦੀ ਹੋਈ ਤੇ ਸੂਰਜ ਦੀ ਕਸ਼ਿਸ਼ ਨਾਲੋਂ ਟੁੱਟ ਕੇ ਭਟਕਦਾ ਪੱਥਰ ਬਿੰਦ ਬਣ ਜਾਂਦੀ ਹੈ।
ਸੰਸਾਰ ਦਾ ਕੋਈ ਵੀ ਪਸ਼ੂ, ਪੰਛੀ, ਮਨੁੱਖ ਅਤੇ ਜਲ ਜੀਵ ਘਰ ਉੱਤੇ ਹੀ ਕੇਂਦਰਿਤ ਹੁੰਦਾ ਹੈ। ਮਨੁੱਖ ਦੀਆਂ ਸਾਰੀਆਂ ਜੀਵਨ ਅਵਸਥਾਵਾਂ ਘਰ ਤੋਂ ਹੀ ਆਰੰਭ ਤੇ ਸੰਪੂਰਨ ਹੁੰਦੀਆਂ ਹਨ। ਪੁਸਤਕ ਦੀਆਂ ਕਵਿਤਾਵਾਂ ਦਾ ਨਾਮਕਰਣ ਨਾ ਕਰਕੇ ਹਰ ਕਵਿਤਾ ਅੱਖਰਾਵਲੀ ਤੋਂ ਆਰੰਭ ਹੁੰਦੀ ਹੈ, ਜਿਵੇਂ:
– ਜਦ ਵੀ ਸੋਚਦੀ ਹਾਂ/ ਕਿੱਥੋਂ ਆਇਆ ਘਰ/ ਦੂਰ ਤੱਕ ਪਿਛਾਂਹ ਤੱਕਦਿਆਂ/ ਚਿਤਵਦੀ ਤਾਂ/ ਨਿੰਮਣਾ ਇਸ ਦਾ ਤੇ ਜੰਮਣਾ/ …
– ਆਪਣੀ ਮੂਲ ਮਿੱਟੀ ਦੇ/ ਮੋਹ ਬੱਝੀ ਧਰਤੀ ਨੂੰ/ ਵਿਛੋੜੇ ਤੋਂ ਉਪਜੇ/ ਵੈਰਾਗ ਦੇ ਪਲੀਂ ਸੁਝਿਆ ਹੋਵੇਗਾ/ ਜ਼ਿੰਦਗੀ ਲਈ ਘਰ ਦੀ ਲੋੜ ਦਾ ਸੂਤਰ
– ਧਰਤੀ ’ਤੇ ਪੁੰਗਰਦੀ/ ਹੋਸ਼ ਵਿਚ ਆਉਂਦੀ/ ਮਨ ਮਸਤਕ ਤੇ ਸਰੀਰ ਧਾਰਦੀ/ ਜ਼ਿੰਦਗੀ ਦੀਆਂ ਅੱਖਾਂ ਖੁੱਲ੍ਹੀਆਂ/ ਤੇ ਕਿਰਿਆਸ਼ੀਲਤਾ ਜਾਗੀ।
– ਜਦ ਮਨੁੱਖਾਂ ਦੇ ਘਰ ਉਸਰਨੇ ਹੁੰਦੇ ਹਨ/ ਕਿੰਨੇ ਸਾਰੇ ਸੁਪਨੇ ਉੱਗ ਖਲੋਂਦੇ ਨੇ ਅੱਖਾਂ ਵਿਚ/ …ਤੇ ਕਈ ਸਾਰੀਆਂ ਸੋਚਾਂ/ ਵਿਉਂਤਾਂ-ਜੁਗਾੜ ਵੀ ਆਣ ਜੁੜਦੇ ਹਨ।
ਯਾਨੀ ਹਰ ਕਵਿਤਾ ਕਿਸੇ ਵਰਣ ਤੋਂ ਆਰੰਭ ਹੁੰਦੀ ਹੈ, ਪਰ ਜ਼ਰੂਰੀ ਨਹੀਂ ਕਿ ਉਹ ਵਰਣ ਸੀਹਰਫ਼ੀ ਵਾਂਗ ਵਿਚਰੇ। ਆਜ਼ਾਦ ਤੇ ਖੁੱਲ੍ਹੀ ਕਵਿਤਾ ਦੇ ਨਾਲ- ਨਾਲ ਕਵਿੱਤਰੀ ਦਾ ਕਾਵਿ ਸਿਰਲੇਖਾਂ ਸਬੰਧੀ ਅੰਦਾਜ਼ ਵੀ ਆਜ਼ਾਦ, ਪਰ ਵਿਕਲੋਤਰਾ ਹੈ।
ਪੁਸਤਕ ਦੀਆਂ ਕਵਿਤਾਵਾਂ ਸਬੰਧੀ ਤਤਕਰਾ ਵੀ ਨਹੀਂ ਹੈ। ਪੁਸਤਕ ਦੇ ਅੰਤ ਵਿਚ ਕੁਝ ਕਵਿਤਾਵਾਂ ਦੇ ਕਾਵਿ ਨਾਮ ਹਨ। ਕਵਿੱਤਰੀ ਨੇ ਘਰਾਂ ਪ੍ਰਤੀ ਆਪਣੇ ਜਜ਼ਬਾਤ ਜਗਾਏ ਹਨ। ਘਰਾਂ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਪੇਸ਼ ਕੀਤਾ ਹੈ। ਭਾਵੇਂ ਹਰ ਮਨੁੱਖ ਵਾਸਤੇ ਘਰ ਬੁਨਿਆਦੀ ਜ਼ਰੂਰਤ ਨਾ ਹੋ ਕੇ ਲੋਚਾ ਦਾ ਸੰਸਾਰ ਹੈ, ਪਰ ਨਾਰੀ ਵਾਸਤੇ ਘਰ ਸ਼ਬਦ ਨਾਲ ਉਸ ਦਾ ‘ਸਾਰਾ ਕੁਝ’ ਜੁੜਿਆ ਹੁੰਦਾ ਹੈ। ਪੁਸਤਕ ਵਿਚ ਹਰ ਸ਼ਬਦ ਘਰਾਂ ਪ੍ਰਤੀ ਆਸਥਾ ਤੇ ਸਤਿਕਾਰ ਦੀ ਜੋਤ ਹੈ। ਉਹ ਘਰ ਦੀ ਉਤਪਤੀ ਬ੍ਰਹਿਮੰਡਕ ਉਤਪਤੀ ਨਾਲ ਜੋੜਦੀ ਹੈ। ਘਰ ਮਿੱਟੀ-ਇੱਟਾਂ ਜਾਂ ਬਜਰੀ ਨਹੀਂ ਹੈ। ਇਹ ਪਿਆਰ, ਮੁਹੱਬਤ, ਆਪਸੀ ਮਾਨਤਾ, ਲੋਕ ਤੇ ਪ੍ਰਲੋਕ ਹਨ। ਘਰ ਵਿਚ ਹੀ ਅਪਣੱਤ ਹੁੰਦੀ ਹੈ ਜਿੱਥੋਂ ਸੰਸਾਰ ਪ੍ਰਤੀ ਮੋਹ ਦਾ ਦਰਵਾਜ਼ਾ ਖੁੱਲ੍ਹਦਾ ਹੈ। ਪੰਜਾਬੀ ਕਾਵਿ ਵਿਚ ਘਰਾਂ ਦੇ ਸਤਿਕਾਰ, ਜ਼ਰੂਰਤ ਅਤੇ ਹੋਂਦ ਲਈ ਇਹ ਕਵਿਤਾ ਇਕ ਨਿਵੇਕਲਾ ਸਥਾਨ ਬਣਾਵੇਗੀ। ਆਮੀਨ!
ਨਿੱਕੀ ਕਵਿਤਾ ਵਡੇਰੇ ਅਰਥ
ਹਥਲੀ ਪੁਸਤਕ ‘ਛੂਹ ਕੇ ਲੰਘਦੀ ਸ਼ਾਮ’ (ਕਵਿਤਾ; ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਕਵੀ ਪਰਮਿੰਦਰ ਸੋਢੀ ਦੀ 28ਵੀਂ ਸਾਹਿਤਕ ਪੁਸਤਕ ਹੈ ਜਿਨ੍ਹਾਂ ਵਿਚੋਂ 20 ਦੇ ਕਰੀਬ ਕਾਵਿ ਪੁਸਤਕਾਂ ਹਨ। ਸੋਢੀ ਨੇ ਪੰਜਾਬੀ ਸਾਿਹਤ ਵਿਚ ਗਿਣਨਯੋਗ ਸਾਹਿਤਕ ਕਾਰਜ ਸਾਹਮਣੇ ਲਿਆਂਦੇ ਹਨ। ਉਸ ਦੀਆਂ ਕਈ ਪੁਸਤਕਾਂ ਪੰਜ ਪੰਜ ਵੇਰ ਨਵੇਂ ਸੰਸਕਰਣਾਂ ਵਿਚ ਪ੍ਰਕਾਸ਼ਿਤ ਹੋਈਆਂ।
ਪਰਮਿੰਦਰ ਸੋਢੀ ਪਰਵਾਸੀ ਪੰਜਾਬੀ ਲੇਖਕ ਹੁੰਦਿਆਂ ਵੀ ਵਤਨ ਪੰਜਾਬ ਦੇ ਆਬੋ-ਹਵਾ ਵਿਚ ਸਾਹ ਲੈਂਦਾ ਹੈ। ਪਰਵਾਸ ਵਿਚ ਰਹਿੰਦਿਆਂ ਇਸ ਕਵੀ ਨੇ ਬਹੁਤੇ ਪਰਵਾਸੀ ਕਵੀਆਂ ਨਾਲੋਂ ਵਧੇਰੇ ਸੰਵੇਦਨਾ ਨਾਲ ਪਰਵਾਸ ਦੇ ਮੁਹਾਵਰੇ (ਸਾਹਿਤਕ ਮੁਹਾਵਰੇ) ਨੂੰ ਕਾਵਿ-ਬੱਧ ਕੀਤਾ ਹੈ। ਉਸ ਦੀਆਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਵੀ ਵਡੇਰੇ ਅਰਥ ਸਿਰਜਦੀਆਂ ਹਨ।
ਇਸ ਪੁਸਤਕ ਦੇ 184 ਸਫ਼ਿਆਂ ਵਿਚ 124 ਸ਼ਾਨਦਾਰ ਅਤੇ ਦਿਲ ਨੂੰ ਛੂੰਹਦੀਆਂ ਕਵਿਤਾਵਾਂ ਹਨ। ਪੰਜਾਬੀ ਦੇ ਸਰਕਰਦਾ ਸਮਾਲੋਚਕ ਇਨ੍ਹਾਂ ਕਵਿਤਾਵਾਂ ਦੇ ਸੰਦਰਭ ਨੂੰ ਦਾਰਸ਼ਨਿਕ ਦ੍ਰਿਸ਼ਟੀ ਨਾਲ ਵੇਖਦੇ ਹਨ। ਹਾਇਕੂ ਜੋ ਕਿ ਜਪਾਨੀ ਕਾਵਿ ਰੂਪ ਸੀ, ਦੇ ਦਰਸ਼ਨ ਨੂੰ ਉਸ ਨੇ ਹੀ ਪੰਜਾਬੀ ਕਵਿਤਾ ਵਿਚ ਲਿਆਂਦਾ ਹੈ। ਚੰਡੀਗੜ੍ਹ ਦੇ ਨੇੜਲੇ ਪਿੰਡ ਦਿਆਲਪੁਰ ਵਿਚ ਜੰਮੇ ਇਸ ਕਵੀ ਦੇ ਸਬੰਧ ਵਿਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਸ ਦਾ ਬਚਪਨ ਨੰਗਲ ਡੈਮ ’ਤੇ ਬੀਤਣ ਸਦਕਾ ਉਸ ਦੀ ਕਵਿਤਾ ਵਿਚ ਵੀ ਡੈਮ ਵਰਗੀ ਰੌਸ਼ਨੀ ਦਾ ਹੀ ਅੰਕੁਰ ਹੈ। ਮੈਂ ਬਹੁਤ ਵੇਰ ਇਹ ਗੱਲ ਕਹੀ ਹੈ ਕਿ ਸਾਡੇ ਪਰਵਾਸੀ ਕਵੀ ਆਪਣੇ ਪਰਵਾਸ-ਦੇਸ਼ ਨੂੰ ਡੂੰਘਾਈ ਨਾਲ ਨਹੀਂ ਜਾਚਦੇ ਜਿਸ ਕਰਕੇ ਉਨ੍ਹਾਂ ਦੀ ਕਵਿਤਾ ਆਮ ਕਰਕੇ ਪੰਜਾਬੀ ਮਸਲਿਆਂ ਉੱਤੇ ਹੀ ਕੇਂਦਰਿਤ ਰਹਿੰਦੀ ਹੈ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਪਰਵਾਸੀ ਕਵੀ ਆਪਣੇ ਪਰਵਾਸ ਦੇ ਸੰਦਰਭਾਂ ਨੂੰ ਪੰਜਾਬੀ ਪਾਠਕਾਂ ਲਈ ਸ਼ਿੱਦਤ ਨਾਲ ਪੇਸ਼ ਕਰਨ। ਇਹ ਗੁਣ ਇਸ ਪੁਸਤਕ ਵਿਚ ਵਿਦਮਾਨ ਹੈ। ਕਵੀ ਨੇ ਆਪਣੇ ਭੂ-ਹੇਰਵੇ ਨੂੰ ਕਵਿਤਾ ਵਿਚ ਕਵਿਤਾ ਕਰਕੇ ਢਾਲ ਦਿੱਤਾ ਹੈ:
– ਫ਼ਾਸਲੇ ਇੰਝ ਦੇ ਇੰਝ
ਅਮਰ ਤੱਤ ਵਾਂਗ
ਸਦੀਆਂ ਤੀਕ ਬਣੇ ਰਹਿਣਗੇ…
ਟੁੱਟਦੇ ਤਾਰੇ ਨੂੰ ਅਸੀਂ
ਅਕਾਸ਼ ਦੇ ਹਨੇਰਿਆਂ ’ਚ
ਲੋਪ ਹੁੰਦੇ ਵੇਖਾਂਗੇ
ਸਾਨੂੰ ਕੌਣ ਵੇਖੇਗਾ
– ਮੈਂ ਤਾਂ ਏਨਾ ਹੀ ਕਿਹਾ ਸੀ
ਕਿ ਮਿਲਣ ਦੇ ਬਿਨਾ ਵੀ ਤਾਂ
ਮਿਲਿਆ ਜਾ ਸਕਦਾ ਹੈ…
– ਵਿਦਾਅ ਨੂੰ ਅਲਵਿਦਾ ਨਾ ਕਹਿ
ਮੈਂ ਏਥੇ ਹੀ ਹਾਂ
ਤੇਰੇ ਨਜ਼ਦੀਕ ਜਿਹੇ
ਤੂੰ ਧੁੱਪ ਨੂੰ ਹੱਥਾਂ ’ਤੇ ਰੱਖ…
ਮੈਂ ਪਰਤ ਆਵਾਂਗਾ
ਪਰਮਿੰਦਰ ਸੋਢੀ ਦੀ ਕਵਿਤਾ ਦਿਲ ਨੂੰ ਉਦਾਸ ਕਰਦੀ ਅਤੇ ਉਦਾਸੀ ਦੇ ਰੰਗਾਂ ਨੂੰ ਜੀਵਨ ਦੀ ਸਤਰੰਗੀ ਪੀਂਘ ਵਿਚ ਉਲਥਾਉਂਦੀ ਹੈ। ‘ਛੂਹ ਕੇ ਲੰਘਦੀ ਸ਼ਾਮ’ ਹਰ ਕਿਸੇ ਲਈ ਰੰਗ ਬਿਖੇਰਦੀ ਹੈ।
ਸੰਪਰਕ: 94174-84337