ਬਿਜਲੀ ਲੈ ਲਉ ਪਾਣੀ ਲੈ ਲਉ
ਬਲਵਿੰਦਰ ‘ਬਾਲਮ’
ਬਿਜਲੀ ਲੈ ਲਉ ਪਾਣੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਦੁੱਧ ਦਹੀਂ ਵੀ ਨਾਲ ਮਿਲੇਗਾ।
ਪੂਰੇ ਹੀ ਪੰਜ ਸਾਲ ਮਿਲੇਗਾ।
ਚਾਟੀ ਨਾਲ ਮਧਾਣੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਸਾੜੀ ਸੂਟ ਦੁਪੱਟਾ ਮਖ਼ਮਲ।
ਲੈਪਟਾਪ ਸਕੂਟਰ ਸਾਈਕਲ।
ਸੋਨੇ ਦੀ ਇਕ ਗਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਸੋਨੇ ਦੇ ਮੁੱਲ ਚੱਲ ਜਾਵੇਗੀ।
ਪਾਰਸ ਦੇ ਵਿਚ ਢਲ ਜਾਵੇਗੀ।
ਖੋਟੀ ਇੱਕ ਚਵਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਰਿਸ਼ਵਤ ਠੱਗੀ ਚੋਰ ਬਾਜ਼ਾਰੀ।
ਮੁਫ਼ਤ ਸਫ਼ਰ ਦੀ ਸਾਰੀ ਲਾਰੀ।
ਸੱਚ ਵਿਚ ਬੇਈਮਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਖੁੱਲ੍ਹਮ ਖੁੱਲ੍ਹੀ ਮਟਰ ਗਸ਼ਤੀ।
ਸ਼ਹਿਰ ਦੇ ਅੰਦਰ ਫ਼ਿਰਕਾਪ੍ਰਸਤੀ।
ਚੂੰਗੇ ਵਿਚ ਸ਼ੈਤਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਹਸਤ ਰੇਖਾਵਾਂ ਬਦਲ ਦਿਆਂਗੇ।
ਧੁੱਪਾਂ ਛਾਵਾਂ ਬਦਲ ਦਿਆਂਗੇ।
ਸੱਚੀ ਭਵਿੱਖਬਾਣੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਸੁੰਦਰ ਅੱਖਾਂ ਮਟਕਾਉਣ ਲਈ।
ਪੂਛਾਂ ਵਾਲਾ ਕੱਜਲ ਪਾਉਣ ਲਈ।
ਵੱਡੀ ਸੁਰਮੇਦਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਨਸ਼ਿਆਂ ਬੰਦ ਕਦੀ ਨਈਂ ਹੋਣਾ।
ਮਾਵਾਂ ਨੇ ਪੁੱਤ ਖੋ ਕੇ ਰੋਣਾ।
ਵੋਟਾਂ ਵਿਚ ਨਾਦਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਦਲ ਬਦਲੋ ਤੇ ਕੁਰਸੀ ਪਾਵੋ।
ਲੋਕਾਂ ਨੂੰ ਮੂਰਖ ਖ਼ੂਬ ਬਣਾਉ।
ਜਿੱਦਾਂ ਵੀ ਪ੍ਰਧਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਨੇਤਾਵਾਂ ਨੂੰ ਧਨ ਦਵਾਂਗੇ।
ਨਿਰਧਨ ਨੂੰ ਇਕ ਛੰਨ ਦਵਾਂਗੇ।
ਸਾਡੀ ਮਿਹਰਬਾਨੀ ਲੈ ਲਉ।
ਮੁਫ਼ਤੋ-ਮੁਫ਼ਤ ਕਹਾਣੀ ਲੈ ਲਉ।
ਜੇਕਰ ਦੇਸ਼ ਬਚਾਉਣਾ ਚਾਵ੍ਹੋ।
‘ਬਾਲਮ’ ਦੇ ਸੰਗ ਸਾਰੇ ਆਵੋ।
ਗੁਰੂਆਂ ਵਾਲੀ ਬਾਣੀ ਲੈ ਲਉ।
ਸੱਚੋ-ਸੱਚ ਕਹਾਣੀ ਲੈ ਲਉ।
ਸੰਪਰਕ: 98156-25409
* * *
ਮਾਡਰਨ ਗ਼ਜ਼ਲ
ਭੋਲਾ ਸਿੰਘ ਸ਼ਮੀਰੀਆ
ਪੈਂਦੇ ਰੋਜ਼ ਪੁਆੜੇ, ਵੋਟਾਂ ਨੇੜੇ ਨੇ।
ਨੇਤਾ ਬਣੇ ਵਿਚਾਰੇ, ਵੋਟਾਂ ਨੇੜੇ ਨੇ।
ਲੀਡਰ ਵੀ ਅੱਜ ਬਣੇ ਭਿਖਾਰੀ ਫਿਰਦੇ ਨੇ,
ਕੱਢਦੇ ਫਿਰਦੇ ਹਾੜੇ, ਵੋਟਾਂ ਨੇੜੇ ਨੇ।
ਬਿਨ ਰੋਇਆਂ ਤੋਂ ਮਾਂ ਵੀ ਦਿੰਦੀ ਦੁੱਧ ਨਹੀਂ,
ਤਾਹੀਉਂ ਹੋਣ ਮੁਜ਼ਾਹਰੇ, ਵੋਟਾਂ ਨੇੜੇ ਨੇ।
ਫੜੇ ਗਏ ਜੋ ਹੋਲੀ ਵੇਲੇ ਕਰਦੇ ਹੁੱਲੜਬਾਜ਼ੀ,
ਛੱਡ ਦਿਉ ਸਭ ਲਗਾੜੇ, ਵੋਟਾਂ ਨੇੜੇ ਨੇ।
ਕੱਢੀ ਜਾਂਦੇ ਡੰਡ-ਬੈਠਕਾਂ ਇਹ ਕੁਸ਼ਤੀ ਦਾ ਵੇਲਾ,
ਘਰ-ਘਰ ਵਿਚ ਅਖਾੜੇ, ਵੋਟਾਂ ਨੇੜੇ ਨੇ।
ਵੋਟਾਂ ਤੱਕ ਬਦਮਾਸ਼ ਕਹੋ ਨਾ ਏਹਨਾਂ ਨੂੰ,
ਸਾਡੀ ਕਿਸਮਤ ਘਾੜੇ, ਵੋਟਾਂ ਨੇੜੇ ਨੇ।
ਲੋਕ-ਰਾਜ ਵਿਚ ਦੇਖਿਆ ਉਲਟਾ ਚੋਰਾਂ ਨੂੰ,
ਕੋਤਵਾਲ ਨੂੰ ਤਾੜੇ, ਵੋਟਾਂ ਨੇੜੇ ਨੇ।
ਭੁੱਕੀ, ਜਰਦਾ, ਫੀਮ ‘ਸ਼ਮੀਰੀਆ’ ਸ਼ਰੇਆਮ ਹੈ ਚਿੱਟਾ,
ਨਾ ਕੋਈ ਆਖੇ ਮਾੜੇ, ਵੋਟਾਂ ਨੇੜੇ ਨੇ।
ਸੰਪਰਕ: 95010-12199
* * *
ਅੱਗੇ ਚੋਣਾਂ ਨੇ
ਪਰਦੀਪ ਮਹਿਤਾ
ਵਿਕਣਗੀਆਂ ਜ਼ਮੀਰਾਂ ਕਿ ਅੱਗੇ ਚੋਣਾਂ ਨੇ
ਬਣਨਗੀਆਂ ਤਕਦੀਰਾਂ ਕੇ ਅੱਗੇ ਚੋਣਾਂ ਨੇ।
ਅੱਡ ਅੱਡ ਝੋਲੀਆਂ ਸਭ ਭੀਖ ਮੰਗਣਗੇ
ਮੰਗਤੇ ਬਣਨਾ ਵਜ਼ੀਰਾਂ ਕਿ ਅੱਗੇ ਚੋਣਾਂ ਨੇ।
ਵਾਅਦੇ ਘੁਟਾਲੇ ਸਭ ਭੁੱਲ ਭੁਲਾ ਕੇ
ਹੋਣੀਆਂ ਝੂਠੀਆਂ ਤਕਰੀਰਾਂ ਕਿ ਅੱਗੇ ਚੋਣਾਂ ਨੇ।
ਨਸ਼ੇ-ਨੋਟਾਂ ’ਤੇ ਹੁਣ ਵੀ ਡੁੱਲ੍ਹ ਜਾਵਾਂਗੇ
ਇਹ ਸਾਡੀਆਂ ਤਾਸੀਰਾਂ ਕਿ ਅੱਗੇ ਚੋਣਾਂ ਨੇ!
ਇੱਕੋ ਥੈਲੀ ਦੇ ਸਭ ਚੱਟੇ ਬੱਟੇ ਨੇ
ਬਦਲਣੀਆਂ ਤਸਵੀਰਾਂ ਕਿ ਅੱਗੇ ਚੋਣਾਂ ਨੇ।
ਮਾਸ ਗ਼ਰੀਬ ਦਾ ਹੋਰ ਵੀ ਸਸਤਾ ਹੋ ਜਾਊ
ਅਮੀਰ ਹੋਣਾ ਅਮੀਰਾਂ ਕਿ ਅੱਗੇ ਚੋਣਾਂ ਨੇ।
ਸੋਚ ਸਮਝ ਕੇ ਕਰਿਓ ਫ਼ੈਸਲਾ
ਫਸਿਓ ਨਾ ਵਿੱਚ ਦਲੀਲਾਂ ਕਿ ਅੱਗੇ ਚੋਣਾਂ ਨੇ।
ਸੰਪਰਕ: 94645-87013
* * *
ਚੋਰਾਂ ’ਤੇ ਮੋਰ !
ਤਰਲੋਚਨ ਸਿੰਘ ‘ਦੁਪਾਲ ਪੁਰ’
ਰਾਜਨੀਤੀ ’ਚੋਂ ਵਫ਼ਾ ਵਿਸ਼ਵਾਸ ਦੌੜੇ
ਛਾਈ ਝੂਠ ਦੀ ਘਟਾ ਘਨਘੋਰ ਬੇਲੀ।
‘ਮਿੱਤਰ’ ਫੇਰਦੇ ਜੜ੍ਹਾਂ ਦੇ ਵਿਚ ਆਰੀ
ਲਾਉਂਦੇ ਆਪਣੇ ਢਾਹੁਣ ਲਈ ਜ਼ੋਰ ਬੇਲੀ।
ਪਲਾਂ ਵਿਚ ਹੀ ਵੈਰੀ ਬਣ ਜਾਣ ‘ਦੋਵੇਂ’
ਪਹਿਲਾਂ ਹੁੰਦੇ ਜੋ ‘ਚੰਨ-ਚਕੋਰ’ ਬੇਲੀ।
ਲੋਕੀ ਸਮਝਦੇ ਬੰਦਾ ‘ਫਲਾਣਿਆਂ’ ਦਾ
ਮਾਲਕ ਓਸਦਾ ਹੁੰਦਾ ਕੋਈ ਹੋਰ ਬੇਲੀ।
‘ਮਨੋਰੰਜਨ’ ਤੇ ਨਾਲ਼ ਹੈਰਾਨ ਕਰਦੇ
ਹੋਣ ਦੇਣ ਨਾ ਜਨਤਾ ਨੂੰ ‘ਬੋਰ’ ਬੇਲੀ।
‘ਅਲੀ ਬਾਬੇ’ ਦੇ ਹੋਸ਼ ਵੀ ਗੁੰਮ ਹੋਵਣ
‘ਚਾਲ਼ੀ ਚੋਰਾਂ’ ’ਤੇ ਪੈਣ ਜਦ ‘ਮੋਰ’ ਬੇਲੀ!
ਸੰਪਰਕ: 001-408-915-1268
* * *
ਦੋਹੇ
ਜਸਵੀਰ ਸਿੰਘ ਭਲੂਰੀਆ
ਸੁਣੋ ਪੰਜਾਬੀ ਵੋਟਰੋ, ਜਿੱਤੇ ਕੋਈ ਵੀ ਧਿਰ
ਜੁੱਤੀਆਂ ਵੀ ਥੋਡੀਆਂ, ਥੋਡਾ ਹੀ ਹੋਊ ਸਿਰ
ਚੋਣ ਲੀਡਰਾਂ ਜਿੱਤਣੀ, ਥੋਡੇ ’ਚ ਪਾ ਕੇ ਫੁੱਟ
ਵੰਡਣ ਖ਼ੈਰਾਤਾਂ ਅੱਜ ਜੋ, ਕੱਲ੍ਹ ਨੂੰ ਕਰਨਗੇ ਲੁੱਟ
ਬੀਤੇ ਪੰਝੱਤਰ ਸਾਲ ਤੋਂ, ਲਟਕੇ ਊਠ ਦਾ ਬੁੱਲ੍ਹ
ਲੀਡਰ ਚੋਣਾਂ ਜਿੱਤ ਕੇ, ਜਾਣ ਜਨਤਾ ਨੂੰ ਭੁੱਲ
ਨਫ਼ਰਤ ਬੰਦੇ ਨਾਲ ਹੈ, ਮੋਹ ਕੁਰਸੀ ਦੇ ਨਾਲ
ਚੋਣਾਂ ’ਚ ਬੁਰਕੀ ਸੁੱਟ ਕੇ, ਕਰਦੇ ਫੇਰ ਹਲਾਲ
ਬੁੱਢੇ ਖੁੰਢਾਂ ਤੋਂ ਲਉ ਹੁਣ, ਪਿਛਲਾ ਸਾਬ੍ਹ-ਕਿਤਾਬ
ਕਿਉਂ ਕਰਜ਼ਾਈ ਹੋ ਗਿਆ, ਦੱਸੋ ਸਾਡਾ ਪੰਜਾਬ
ਦੋ ਡੰਗ ਦੀ ਰੋਟੀ ਨੂੰ, ਤਰਸਣ ਕਿਰਤੀ ਲੋਕ
ਵਿਹਲੜ ਲੋਕ ਸਮਾਜ ਨੂੰ, ਚੁੰਬੜੇ ਬਣ ਕੇ ਜੋਕ
ਸਿਖਰ ਦੁਪਹਿਰੇ ਪਸਰਿਆ, ਲੋਕੋ ਹਨ੍ਹੇਰਾ ਘੁੱਪ
ਮਿਹਣਾ ਹੈ ਉਸ ਕਲਮ ਨੂੰ, ਜੋ ਦੇਖ ਕੇ ਰਹੇ ਚੁੱਪ
ਤੂੰ ਵੀ ਸੁਣ ਭਲੂਰੀਆ, ਆਪਣਾ ਫ਼ਰਜ਼ ਨਿਭਾ
ਦਾਤ ਮਿਲੀ ਜੋ ਕਲਮ ਦੀ, ਅਨਿਆਂ ਖ਼ਿਲਾਫ਼ ਚਲਾ
ਸੰਪਰਕ: 99159-95505
* * *
ਚੋਣਾਂ ਦੀ ਹੁਣ ਰੁੱਤ ਹੈ ਆਈ
ਫੈਸਲ ਖਾਨ
ਖਾਸੇ ਹੁਣ ਐਲਾਨ ਹੋਣਗੇ।
ਅੱਗ-ਪਾਣੀ ਇਕ ਜਾਨ ਹੋਣਗੇ।
ਹਰ ਪਾਸੇ ਚਰਚਾ ਹੈ ਛਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਗੁੱਸੇ ਗਿਲੇ ਸਭ ਦੂਰ ਕਰਨਗੇ।
ਆਓਭਗਤ ਭਰਪੂਰ ਕਰਨਗੇ।
ਤੂੰ ਭਾਈ ਤੂੰ ਹੀ ਭਰਜਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਟਿਕਟਾਂ ਦੀ ਹੁਣ ਦੌੜ ਲੱਗੇਗੀ।
ਦੇਖੋ ਕਿਸਮਤ ਕਿਦ੍ਹੀ ਜਗੇਗੀ।
ਇਹ ਤਾਂ ਵਕਤ ਹੀ ਦੱਸੂ ਭਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਅੱਛੇ ਦਿਨ ਵੀ ਯਾਦ ਆਣਗੇ।
ਕੀੜੀ ਘਰੇ ਨਰੈਣ ਜਾਣਗੇ।
ਗੱਲਾਂ ਦੀ ਸਮਝੋ ਗਹਿਰਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਦੰਗੇ ਵੀ ਕਰਵਾ ਸਕਦੇ ਨੇ।
ਲਾਂਬੂ ਕਿਤੇ ਲਵਾ ਸਕਦੇ ਨੇ।
ਇਹ ਹੀ ਇਨ੍ਹਾਂ ਦੀ ਸੱਚਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਗੱਲਾਂ ਦੇ ਮੁੜ ਕੜਾਹ ਬਣਨਗੇ।
ਜੁਮਲੇ ਨਿੱਤ ਹੀ ਨਵੇਂ ਘੜਨਗੇ।
ਦੇਖੋ, ਪਰਖੋ, ਸਮਝੋ, ਭਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਸਭ ਕੁਝ ਮਿੱਤਰੋ ਕਰਦੂੰ ਸਸਤਾ।
‘ਠੋਕੋ ਤਾਲੀ’ ਬਣਜੂ ਰਸਤਾ।
ਘਟਣੀ ਨਾ ਲੇਕਿਨ ਮਹਿੰਗਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਕੁਝ ਕੁ ਧੜੇ ਹੁਣ ਨਵੇਂ ਬਣਨਗੇ।
ਮਸਲੇ ਨਵੇਂ ਜੋ ਖੜ੍ਹੇ ਕਰਨਗੇ।
ਵੋਟਰ ਨੂੰ ਰੱਖਣਾ ਉਲਝਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਦਾਰੂ-ਸ਼ਾਰੂ, ਮੁਰਗਾ ਚਲਣਾ।
ਨੇਤਾ ਜੀ ਨੇ ਵਾਕ ਇਹ ਜਪਣਾ।
‘‘ਮੌਕਾ ਮੁੜ ਕੇ ਦੇ ਦੋ ਭਾਈ।’’
ਚੋਣਾਂ ਦੀ ਹੁਣ ਰੁੱਤ ਹੈ ਆਈ।
ਦਲ ਬਦਲੂ ਸਰਗਰਮ ਹੋਣਗੇ।
ਏਧਰ-ਓਧਰ ਜਾ ਬਹਿਣਗੇ।
ਦੋਹਾਂ ਪਾਸੋਂ ਜਾਣਾ ਖਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਚੋਣਾਂ ਦੀ ਰੁੱਤ ਆਣੀ ਜਾਣੀ।
ਲੋਕੋ! ਰੱਖਣੀ ਸਾਂਝ ਪੁਰਾਣੀ।
‘ਫੈਸਲ’ ਜਾਂਦਾ ਹੈ ਸਮਝਾਈ।
ਚੋਣਾਂ ਦੀ ਹੁਣ ਰੁੱਤ ਹੈ ਆਈ।
ਸੰਪਰਕ: 99149-65937
* * *
ਚੌਕਸ ਹੋ ਪੰਜਾਬ ਸਿੰਆਂ
ਹਰਦਮ ਸਿੰਘ ਮਾਨ
ਫਿਰ ਆ ਗਏ ਨੇ ਚੋਣ-ਮਦਾਰੀ, ਚੌਕਸ ਹੋ ਪੰਜਾਬ ਸਿੰਆਂ!
ਸਭ ਦੇ ਗਲ ਵਿਚ ਕੂੜ-ਪਟਾਰੀ, ਚੌਕਸ ਹੋ ਪੰਜਾਬ ਸਿੰਆਂ!
ਫਿਰ ਪਰਵਾਸੀ ਪੰਛੀ ਆ ਕੇ ਬਹਿਗੇ ਤੇਰੀ ਛੱਤਰੀ ’ਤੇ
ਪੰਜ ਸਾਲਾਂ ਤੋਂ ਮਾਰ ਉਡਾਰੀ, ਚੌਕਸ ਹੋ ਪੰਜਾਬ ਸਿੰਆਂ!
ਚੱਲਣਗੇ ਹੁਣ ਚਾਲਾਂ ਦੇਖੀਂ, ਖੇਡਣਗੇ ਨਿੱਤ ਖੇਡ ਨਵੀਂ
ਚਾਤੁਰ, ਚੁਸਤ, ਚਲਾਕ ਖਿਡਾਰੀ, ਚੌਕਸ ਹੋ ਪੰਜਾਬ ਸਿੰਆਂ!
ਚਾਰੇ ਪਾਸੇ ਸ਼ੋਰ ਸ਼ਰਾਬਾ, ਕਾਂਵਾਂ ਰੌਲੀ ਪੈਂਦੀ ਵੇਖ
ਚੁੰਝੋ-ਚੁੰਝੀ, ਮਾਰਾ-ਮਾਰੀ, ਚੌਕਸ ਹੋ ਪੰਜਾਬ ਸਿੰਆਂ!
ਫੇਰ ਪਲੋਸਣ ਆ ਗਏ ਤੈਨੂੰ, ਬਣਕੇ ਤੇਰੇ ਖ਼ੈਰਖੁਆਹ
ਮੋਮੋਠੱਗਣੇ, ਤੇਗ ਦੋ-ਧਾਰੀ, ਚੌਕਸ ਹੋ ਪੰਜਾਬ ਸਿੰਆਂ!
ਪਲ ਵਿਚ ਚੋਲਾ ਬਦਲ ਨੇ ਲੈਂਦੇ, ਤੈਨੂੰ ਕਰਕੇ ਲੀਰੋ ਲੀਰ
ਆਪ ਨਿਭਾਉਂਦੇ ਗੂੜ੍ਹੀ ਯਾਰੀ, ਚੌਕਸ ਹੋ ਪੰਜਾਬ ਸਿੰਆਂ!
ਮਿੱਠੇ ਬੋਲ, ਲੁਭਾਉਣੇ ਭਾਸ਼ਣ, ਵੱਡੇ ਵੱਡੇ ‘ਸੇਵਾਦਾਰ’
ਕੂੜਾ ਵਣਜ ਤੇ ਕੂੜ-ਵਪਾਰੀ, ਚੌਕਸ ਹੋ ਪੰਜਾਬ ਸਿੰਆਂ!
ਲਫ਼ਜ਼ਾਂ ਵਿਚ ਡੁੱਲ੍ਹ ਡੁੱਲ੍ਹ ਪੈਂਦਾ ਲੋਕ-ਪਿਆਰ ਦਾ ਜਜ਼ਬਾ ਖ਼ੂਬ
ਪਰ ਜਾਨੋਂ ਵੱਧ ਕੁਰਸੀ ਪਿਆਰੀ, ਚੌਕਸ ਹੋ ਪੰਜਾਬ ਸਿੰਆਂ!
ਤੇਰੇ ਹੱਥ ਫੜਾ ਕੇ ਠੂਠਾ, ਵੰਡਦੇ ਆਟਾ, ਦਾਲਾਂ, ਚੌਲ
ਲਿਖਦੇ ਤੇਰੇ ਲੇਖ-ਲਿਖਾਰੀ, ਚੌਕਸ ਹੋ ਪੰਜਾਬ ਸਿੰਆਂ!
ਆਪਣੇ ਦੁੱਖ, ਸੁਖ ਆਪ ਵੰਡਾ ਲੈ, ਛੱਡ ਦੇ ਹੁਣ ਬੇਗਾਨੀ ਝਾਕ
ਉੱਚੀ ਕਰ ਹੁਣ ਸੋਚ-ਉਡਾਰੀ, ਚੌਕਸ ਹੋ ਪੰਜਾਬ ਸਿੰਆਂ!
ਸੰਪਰਕ: +1-604-308-6663
* * *
ਜਾਗਣਾ ਪੈਣਾ ਏ
ਕਰਮਜੀਤ ਸਿੰਘ ਗਰੇਵਾਲ
ਮਾਰੀਏ ਕੂਕ ਸੌਂ ਰਹੇ ਘੂਕ
ਨੀਂਦ ਨੂੰ ਤਿਆਗੋ ਸੁੱਤਿਓ ਜਾਗੋ
ਜੇ ਰਹਿ ਗਏ ਸੁੱਤੇ ਜਾਵਾਂਗੇ ਲੁੱਟੇ
ਹੈ ਕੌਣ ਖਿਲਾੜੀ ਸੁੱਟੇ ਚੰਗਿਆੜੀ
ਜਾਗਣਾ ਪੈਣਾ ਏ
ਮੁਫ਼ਤ ਦੇ ਗੱਫ਼ੇ ਪਿਛਾਂਹ ਨੂੰ ਧੱਕੇ
ਨਾ ਬਣੋ ਭਿਖਾਰੀ ਜੀ ਕਰੋ ਤਿਆਰੀ
ਬੁਰੇ ਵਰਤਾਰੇ ਲਾਉਂਦੇ ਨੇ ਲਾਰੇ
ਵਾਅਦੇ ਨੇ ਫੋਕੇ ਕਰਨ ਇਹ ਧੋਖੇ
ਪੁੱਛਣਾ ਪੈਣਾ ਏ
ਛਕਾਉਂਦੇ ਫੂਕ ਆਪ ਨੇ ਮੂਕ
ਇਹ ਲੋਕ ਚਲਾਕ ਅੰਦਰ ਵੱਲ ਝਾਕ
ਟੁੱਟੀਆਂ ਸੜਕਾਂ ਮਾਰਦੇ ਬੜ੍ਹਕਾਂ
ਕੱਢਾਂਗੇ ਰੜਕਾਂ ਦੇਖ ਕੇ ਤੜਫ਼ਾਂ
ਟੋਕਣਾ ਪੈਣਾ ਏ
ਕਿੱਥੇ ਪੰਜ ਆਬ ਨਾ ਖਿੜੇ ਗੁਲਾਬ
ਪਿੰਡਾਂ ਤੇ ਸ਼ਹਿਰਾਂ ਹਵਾ ਵਿੱਚ ਜ਼ਹਿਰਾਂ
ਹੋਰ ਹੀ ਲਾਣੇ ਹੋਰ ਹੀ ਬਾਣੇ
ਹੋਰ ਹੀ ਬੋਲੀ ਹੋਰ ਹੀ ਟੋਲੀ
ਸੋਚਣਾ ਪੈਣਾ ਏ
ਬੱਚੇ ਤਾਂ ਚੱਲੇ ਮਾਪੇ ਹੁਣ ਕੱਲੇ
ਰਿਹਾ ਕੀ ਪੱਲੇ ਜੀ ਭਰ ਕੇ ਗੱਲੇ
ਘਰਾਂ ਢਹਿ ਜਾਣਾ ਕੀ ਦੱਸ ਰਹਿ ਜਾਣਾ
ਫੇਰ ਕੀ ਹੋਣਾ ਵਕਤ ਨੂੰ ਰੋਣਾ
ਤੜਫ਼ਣਾ ਪੈਣਾ ਏ
ਨਹੀਂ ਰੁਜ਼ਗਾਰ ਨਾ ਕੋਈ ਵਪਾਰ
ਫੋਕੀਆਂ ਫੜਾਂ ਨਾ ਫੜਦੇ ਜੜਾਂ
ਜੇ ਲੋਕ ਬਿਮਾਰ ਲਵੇ ਕੌਣ ਸਾਰ
ਢਿੱਡੋਂ ਨੇ ਭੁੱਖੇ ਕੋਈ ਨਾ ਪੁੱਛੇ
ਉੱਠਣਾ ਪੈਣਾ ਏ
ਸੰਪਰਕ: 98728-68913
* * *
ਗ਼ਜ਼ਲ
ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਬਾਰੂਦ ਵਿਛਾ ਕੇ ਚਾਲਾਂ ਦਾ, ਹਾਕਮ ਜੜ੍ਹ ਸਾਡੀ ਪੁੱਟ ਰਹੇ
ਮਾਚਿਸ ਦੀ ਤੀਲ੍ਹੀ ਤੇ ਤੀਲ੍ਹੀ, ਹਨ ਸਾੜਨ ਖ਼ਾਤਰ ਸੁੱਟ ਰਹੇ
ਮੁਫ਼ਤ ਖ਼ਜ਼ਾਨੇ ਖੋਲ੍ਹ ਰਹੇ ਨੇ, ਆਟੇ ਦਾਲਾਂ ਬਿਜਲੀ ਦੇ ਦੇ
ਨੀਅਤ ਕੀ ਹੈ ਅਪਣੇ ਮੂੰਹੋ, ਖ਼ੁਦ ਬੋਲ ਚੁਰਾਹੇ ਫੁੱਟ ਰਹੇ
ਅਧਿਕਾਰ ਕਾਨੂੰਨੀ ਹੱਕ ਕਿਵੇਂ, ਖੋਹਣ ਜਬਰੀ ਲੱਗੇ ਨੇਤਾ
ਫੁੱਫੜ ਆਖਣ ਵੋਟ ਸਮੇਂ ਤਾਂ, ਉਂਝ ਨਿੱਤ ਚੁਰਾਹੇ ਕੁੱਟ ਰਹੇ
ਸੁਹਜ ਸਿਆਣਪ ਨਾ ਲਿਆਕਤ, ਅਹੁਦੇ ਦੇ ਵੀ ਕਾਬਿਲ ਨਾ
ਇਕ ਦੂਜੇ ਨੂੰ ਲਤੜ ਦਰੜ, ਨਿਕਲ ਨੇ ਭੂੰਡਾਂ ਵਾਂਗੂੰ ਗੁੱਟ ਰਹੇ
ਕੂੰਜਾਂ ਵਾਂਗੂੰ ਉਡਦੇ ਜਾਵਣ, ਅੱਕੇ ਸਾਡੇ ਪੁੱਤਰ ਧੀਆਂ
ਖੰਭ ਜਿਨ੍ਹਾਂ ਦੇ ਕਰਜ਼ੇ ਕੁਤਰੇ, ਪੀ ਸਲਫ਼ਾਸਾਂ ਦੀ ਘੁੱਟ ਰਹੇ
ਇਕ ਇਕ ਕਰ ਕੇ ਮਰ ਜਾਣੇ ਨੇ, ਖੇਤਾਂ ਦੇ ਪੁੱਤ ਨਮੋਸ਼ੀ ਵਿਚ
ਚਿੱਟੇ ਨਾਲ ਨਸ਼ੇ ਦੇ ‘ਬਾਲੀ’, ਝੜ ਤਾਰਿਆਂ ਵਾਂਗੂੰ ਟੁੱਟ ਰਹੇ
ਸੰਪਰਕ: +91-9465129168
* * *
ਅੱਜ ਦਾ ਲੀਡਰ
ਅਜੀਤ ਸਿੰਘ ਖੰਨਾ
ਲਾਹਾ ਵੋਟਰਾਂ ਦੀ ਵੋਟ ਦਾ ਲੈ ਲੀਡਰ,
ਤੁਰਦੇ ਬਣਦੇ ਨੇ ਪਾਰ ਮੀਆਂ
ਵੋਟਰ ਵਿਲਕਦਾ ਰਹਿੰਦਾ ਵਿੱਚ ਆਸਾਂ
ਪੰਜ ਸਾਲ ਨਾ ਲੈਣ ਮੁੜ ਸਾਰ ਮੀਆਂ…
ਲੋਕਤੰਤਰ ਦਾ ਦਿੰਦੇ ਕੱਢ ਜਨਾਜ਼ਾ
ਮੌਜਾਂ ਮਾਣਦੇ ਫਿਰਨ ਜਹਾਨ ਮੀਆਂ
ਕੋਈ ਲਾਉਂਦਾ ਲਾਰਾ ਰੁਜ਼ਗਾਰ ਦਾ
ਕੋਈ ਆਟਾ ਦਾਲ, ਸ਼ਗਨ ਮਹਾਨ ਮੀਆਂ…
ਕੋਈ ਵਿਧਵਾ ਨੂੰ ਪੈਨਸ਼ਨ ਦਾ ਲਾਵੇ ਲਾਰਾ
ਕੋਈ ਬੁਢਾਪੇ ਦਾ ਬਣੇ ਪਹਿਰੇਦਾਰ ਮੀਆਂ
ਕੋਈ ਪੈਸੇ ਨਾਲ ਲੋਕਤੰਤਰ ਦਾ ਘੁੱਟੇ ਗਲਾ
ਕੋਈ ਦਾਰੂ ਨਾਲ ਕਰੇ ਪਾਰ ਉਤਾਰਾ ਮੀਆਂ…
ਜਿਨ੍ਹਾਂ ਵੋਟਰਾਂ ਦੀ ਵੋਟ ਨਾਲ ਇਹ ਨੇਤਾ
ਕਾਬਜ਼ ਹੋਣ ਸੱਤਾ ਦੇ ਦਰਬਾਰ ਮੀਆਂ
ਪਾ ਸੱਤਾ ਖ਼ੁਦ ਕਰਨ ਖ਼ੂਬ ਐਸ਼ਾਂ
ਦੇਣ ਵੋਟਰਾਂ ਨੂੰ ਜੁੱਤੀ ਵਾਂਗ ਘਿਸਾ ਮੀਆਂ…
ਥੋਡਾ ਆਹ ਕਰਦੂੰ, ਥੋਡਾ ਔਹ ਕਰਦੂੰ
ਵਿੱਚ ਲਾਰਿਆਂ ਸਭ ਨੂੰ ਭਰਮਾਉਣ ਮੀਆਂ
ਕੱਢ ਆਪਣਾ ਮਤਲਬ ਔਹ ਜਾਣ
ਵਾਂਗ ਟੋਭੇ ਦੇ ਡੱਡੂ, ਨਾ ਮੁੜ ਥਿਆਉਣ ਮੀਆਂ…
ਬੇਰੁਜ਼ਗਾਰੀ ਦਾ ਚਾਰੇ ਪਾਸੇ ਬੋਲਬਾਲਾ
ਆਵੇ ਸ਼ਰਮਾ ਨਾ ਲੀਡਰਾਂ ਨੂੰ ਰਤਾ ਮੀਆਂ
ਖ਼ਜ਼ਾਨਾ ਖਾਲੀ ਦੀਆਂ ਨਿੱਤ ਲਾਉਣ ਟਾਹਰਾਂ
ਵਧਾ ਤਨਖ਼ਾਹਾਂ ਆਪਣੀਆਂ ਕਰਨ ਪੌਂ ਬਾਰਾਂ ਮੀਆਂ
‘ਅਜੀਤ’ ਵੋਟਰ ਵਾਰ ਵਾਰ ਬਣਨ ਮੂਰਖ
ਤਾਂ ਹੀ ਕਰਦੇ ਨੇ ਬੁੱਧੀਹੀਣ ਰਾਜ ਮੀਆਂ
ਕਾਟੋ ਇੱਕ ਚੜ੍ਹੇ, ਇੱਕ ਉਤਰੇ ‘ਖੰਨਿਆ’
ਡਰਦਾ ਮੰਗੇ ਨਾ ਕੋਈ ਹਿਸਾਬ ਮੀਆਂ…
ਪਹਿਲਾਂ ਵੋਟ ਲਈ ਜਿਨ੍ਹਾਂ ਦੇ ਕਰਨ ਤਰਲੇ
ਪਿੱਛੋਂ ਉਨ੍ਹਾਂ ਦੇ ਤਰਲੇ ਕਢਾਉਣ ਮੀਆਂ
ਹੱਥ ਜੋੜ ਜਿਨ੍ਹਾਂ ਹੱਥ ਲਾਉਣ ਗੋਡੀ
ਪਿੱਛੋਂ ਉਨ੍ਹਾਂ ਤੋਂ ਗੋਡੀਂ ਹੱਥ ਲਵਾਉਣ ਮੀਆਂ…
ਸੰਪਰਕ: 70095-29004
* * *
ਸੀਜ਼ਨ ਵੋਟਾਂ ਦਾ
ਗੁਰਵਿੰਦਰ ਸਿੰਘ ਉੱਪਲ
ਮਿੱਤਰੋ ਆ ਗਿਆ ਸੀਜ਼ਨ ਵੋਟਾਂ ਦਾ।
ਹੁਣ ਮੀਂਹ ਵਰਸਣਾ ਨੋਟਾਂ ਦਾ।
ਘਾਟ ਕੋਈ ਰੜਕਣ ਨਹੀਂ ਦੇਣੀ,
ਯੱਭ ਮੁੱਕ ਜਾਣਾ ਹੁਣ ਤੋਟਾਂ ਦਾ।
ਸੁਣਿਓ ਗੱਲ ਜਿਹੜੀ ਮੈਂ ਤੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਕੋਈ ਕਹਿੰਦਾ ਰੁਜ਼ਗਾਰ ਦਿਆਂਗਾ।
ਕਰਜ਼ ਤੁਹਾਡੇ ਉਤਾਰ ਦਿਆਂਗਾ।
ਆਪਣੀ ਆਮਦਨ ਵਾਲਾ ਹਿੱਸਾ,
ਮੈਂ ਥੋਡੇ ਤੋਂ ਵਾਰ ਦਿਆਂਗਾ।
ਤੁਸੀਂ ਬਸ ਸੁੱਟੋ ਮੇਰੇ ’ਤੇ ਡੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਵੋਟ ਮੰਗਣ ਹੱਥ ਜੋੜ ਕੇ ਆਉਂਦੇ।
ਪੰਜ ਸਾਲ ਮੁੜ ਕੇ ਨਹੀਂ ਥਿਆਉਂਦੇ।
ਨਸ਼ਿਆਂ ਦਾ ਮੈਂ ਲੱਕ ਤੋੜ ਦੂੰ।
ਚਾਰ ਹਫ਼ਤੇ ਵਿੱਚ ਮੂੰਹ ਤੋੜ ਦੂੰ।
ਬਿਲਕੁਲ ਚਿੰਤਾ ਛੱਡ ਦਿਓ ਹੁਣ,
ਖਿੰਡਿਆ ਪੰਜਾਬ ਦੁਬਾਰਾ ਜੋੜ ਦੂੰ।
ਰੋਕੂੰ ਰੇਤੇ ਦੀ ਮੈਂ ਚੋਰੀ।
ਘਰ ਘਰ ਵਿੱਚ ਦੇਊਂ ਨੌਕਰੀ,
ਤੇ ਨੋਟਾਂ ਦੀ ਗਿਫ਼ਟ ’ਚ ਬੋਰੀ।
ਵੋਟਾਂ ਨੇੜੇ ਆ ਸਾਡੇ ਸਿਰ ਚੜ੍ਹਦੇ ਨੇ।
ਹੱਥ ਜੋੜ ਕੇ ਸਾਡੇ ਅੱਗੇ ਖੜ੍ਹਦੇ ਨੇ।
ਮਾਸੂਮੀਅਤ ਦਾ ਪਾ ਚਿਹਰੇ ’ਤੇ ਮਖੌਟਾ,
ਗੱਲਾਂ ਗੱਲਾਂ ਦੇ ਵਿੱਚ ਕੋਕੇ ਜੜਦੇ ਨੇ।
ਮਿੱਠੀ ਬੋਲੀ ਵਾਲਾ ਪਾਊਡਰ ਜਾਂਦੇ ਭੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਜਦ ਹੱਥ ਕੁਰਸੀ ਨੂੰ ਪੈ ਜਾਂਦਾ।
ਫਿਰ ਸਾਰਾ ਥਕੇਵਾਂ ਲਹਿ ਜਾਂਦਾ।
ਵਾਅਦਿਆਂ ਦੇ ਨਾਲ਼ ਭਰਿਆ ਭਕੁੰਨਿਆ,
ਮੈਨੀਫੈਸਟੋ ਝੋਲੇ ਵਿਚ ਰਹਿ ਜਾਂਦਾ।
ਠੱਗੀ ਮਾਰ ਸਾਡੇ ਨਾਲ ਦੋਹਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਇਹ ਰਾਜ ਨੂੰ ਸੇਵਾ ਕਹਿੰਦੇ।
ਸਾਡੀ ਮੁੜ ਕੇ ਸਾਰ ਨਾ ਲੈਂਦੇ।
ਆ ਸੱਤਾ ਵਿੱਚ ਰਾਕਸ਼ ਬਣ ਜਾਂਦੇ,
ਸਾਡੇ ਗਿਣ-ਗਿਣ ਬਦਲੇ ਲੈਂਦੇ।
ਸਾਨੂੰ ਕੱਟਦੇ ਪੋਰੀ-ਪੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਥੋਡੇ ਘਰ ਨੋਟਾਂ ਨਾਲ ਭਰ ਦਿਆਂਗਾ।
ਸੁਪਨੇ ਮੈਂ ਪੂਰੇ ਕਰ ਦਿਆਂਗਾ।
ਬੇ-ਅਦਬੀ ਦੇ ਦੋਸ਼ੀ ਫੜ ਕੇ ਮੈਂ,
ਨਰੋਆ ਪੰਜਾਬ ਵੀ ਘੜ ਦਿਆਂਗਾ।
ਨਾਲੇ ਰੋਕੂੰ ਰਿਸ਼ਵਤਖੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਬੇਰੁਜ਼ਗਾਰ ਡਾਂਗਾਂ ਖਾ ਆਉਂਦੇ।
ਥੋਡੇ ਵਾਅਦੇ ਸਾਨੂੰ ਨਿੱਤ ਸਤਾਉਂਦੇ।
ਕਰ ਕੇ ਵੱਡੀਆਂ ਵੱਡੀਆਂ ਗੱਲਾਂ,
ਮੁੜ ਕੇ ਸਾਨੂੰ ਨਹੀਂ ਥਿਆਉਂਦੇ।
ਬਸ ਆਪਣੀ ਭਰਦੇ ਰਹਿਣ ਤਿਜੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਲੀਡਰਾਂ ਆ ਸਾਨੂੰ ਭਰਮਾਉਣਾ।
ਇਸ ਵਾਰ ਨਹੀਂ ਗੱਲਾਂ ਵਿੱਚ ਆਉਣਾ।
ਬੜਾ ਕੀਮਤੀ ਵੇਲ਼ਾ ਏ,
ਨਾ ਇਹ ਵੇਲਾ ਮੁੜ ਕੇ ਥਿਆਉਣਾ।
ਹੁਣ ਗੱਲ ਕਰ ਲਿਓ ਕੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
‘ਉੱਪਲ’ ਆਖੇ ਬਣ ਨਾ ਅਣਜਾਣ।
ਮਿੱਤਰਾ ਵੋਟ ਦੀ ਕਦਰ ਪਛਾਣ।
ਜਿਹੜੇ ਹੁਣ ਤੇਰੇ ਨਾਲ ਹੱਥ ਮਿਲਾਉਂਦੇ,
ਮੁੜ ਕੇ ਆਉਂਦੇ ਨਾ ਪਹਿਚਾਣ।
ਪਤਾ ਨਈਂ ਲੰਘਦੇ ਕਿਹੜੀ ਮੋਰੀ।
ਕੋਈ ਘਰ ਘਰ ਵੰਡੇ ਨੌਕਰੀ,
ਕੋਈ ਨੋਟਾਂ ਦੀ ਗਿਫ਼ਟ ’ਚ ਬੋਰੀ।
ਸੰਪਰਕ: 98411-45000
* * *
ਕਰੋਨਾ ਤੰਤਰ
ਜਸਵਿੰਦਰ ਖੁੱਡੀਆਂ
ਪੇਪਰਾਂ ’ਚ ਆਉਣਾ ਹੈ, ਤੇ ਚੋਣਾਂ ਵਿੱਚ ਜਾਣਾ ਹੈ
ਲੋਕ ਕਿੰਨੇ ਕਮਲੇ, ਕਰੋਨਾ ਕਿੰਨਾ ਸਿਆਣਾ ਹੈ
ਦਹਿਸ਼ਤਾਂ ਦਾ ਦੌਰ ਕਿੰਨਾ ਹਾਕਮਾਂ ਨੂੰ ਰਾਸ ਆਵੇ
ਆਮ ਬੰਦਾ ਏਸ ਗੱਲੋਂ, ਕਿੰਨਾ ਅਣਜਾਣਾ ਹੈ
ਸ਼ਾਹੀਨ ਬਾਗ਼, ਤਿੰਨ ਬਿੱਲ, ਕਿਰਤ ਕਾਨੂੰਨ ਸਭ
ਆੜ ਲੈ ਕਰੋਨਾ ਦੀ ਹੀ, ਵਰਤਿਆ ਭਾਣਾ ਹੈ
ਸਭ ਕੰਮ ਰੋਕ ਦਿੱਤੇ, ਫੇਰ ਵੀ ਸਵਾਲ ਤੁਰੇ
ਕਿੱਥੋਂ ਘਰੇ ਆਟਾ ਆਊ, ਬੱਚਿਆਂ ਕੀ ਖਾਣਾ ਹੈ
ਚੋਣਾਂ ਦੀਆਂ ਰੈਲੀਆਂ ’ਚ ਬੰਦੇ ਨਾਲ ਬੰਦਾ ਖਹੇ
ਕਿਸੇ ਨੂੰ ਨਾ ਕੁਝ ਕਹੇ, ਕਿੰਨਾ ਇਹ ਨਿਤਾਣਾ ਹੈ
ਉੱਠੇ, ਬੈਠੇ, ਆਵੇ, ਜਾਵੇ, ਵਧੇ, ਘਟੇ, ਸਭ ਮੰਨੇ
ਇੰਝ ਲੱਗੇ ਜਿਵੇਂ ਇਹ ਤਾਂ, ਹਾਕਮਾਂ ਦਾ ਨਿਆਣਾ ਹੈ
ਦਿੱਲੀ ਦਿਆਂ ਬਾਡਰਾਂ ਤੋਂ ਬੋਚ ਬੋਚ ਲੰਘ ਜਾਵੇ
ਕੁਰਸੀ ਨੂੰ ਪੁੱਛੇ ਦੱਸੋ, ਕਿਹੜੀ ਗਲੀ ਜਾਣਾ ਹੈ
ਲੋਕ ਵਿਰੋਧ ਸੌਖਾ ਇਹਦੇ ਨਾਲ ਦੱਬ ਜਾਂਦਾ
ਡਰ ਕੰਮ ਕੱਢੇ ਫੇਰ, ਕਰਨਾ ਕੀ ਥਾਣਾ ਹੈ
ਰੋਗ ਦਾ ਇਲਾਜ ਹੁੰਦਾ ਪੁਲੀਸ ਦੇ ਡੰਡੇ ਨਾਲ
ਅਹਿਲਕਾਰ ਅੰਨ੍ਹੇ, ਅਤੇ ਰਾਜਾ ਏਥੇ ਕਾਣਾ ਹੈ
ਚੁਸਤ ਚਲਾਕੀਆਂ ਲੋਕਾਂ ਨੇ ਹੁਣ ਬੁੱਝ ਲਈਆਂ
ਮਾਰਨੀਆਂ ਤਾੜੀਆਂ ਨਾ ਥਾਲ ਹੀ ਵਜਾਉਣਾ ਹੈ
ਲੋਕ ਸੰਘਰਸ਼ਾਂ ਦੀ ਜਿੱਤ ਸਦਾ ਏਕੇ ਨਾਲ
ਕਰੋਨਾ ਵਾਂਗੂੰ ਲੀਡਰਾਂ ਨੂੰ ਦੇਖੀਂ ਖੂੰਜੇ ਲਾਉਣਾ ਹੈ
ਜੋੜ ਕੇ ਕਬਿੱਤ ਜਸਵਿੰਦਰ ਨੇ ਆਖ ਦਿੱਤੀ
ਅੱਖਰਾਂ ਦੀ ਰੋਟੀ ਖਾਂਦਾ, ਖੁੱਡੀਆਂ ਟਿਕਾਣਾ ਹੈ
ਸੰਪਰਕ: 95016-91300
* * *
ਨਿਘਰਦੀ ਰਾਜਨੀਤੀ
ਰਣਜੀਤ ਆਜ਼ਾਦ ਕਾਂਝਲਾ
ਰਾਜਨੀਤੀ ਜੇ ਏਦਾਂ ਹੀ ਨਿਘਰਦੀ ਰਹੀ!
ਖ਼ੁਦਗਰਜ਼ੀ ’ਚ ਲੋਕਾਈ ਵਿਚਰਦੀ ਰਹੀ!
ਰੰਗਲੇ ਪੰਜਾਬ ਦੇ ਸਭ ਸੁਪਨੇ ਟੁੱਟ ਜਾਣਗੇ!
ਸੋਹਣੇ ਪੰਜਾਬ ਨੂੰ ਦੋਖੀ ਚੰਦਰੇ ਲੁੱਟ ਜਾਣਗੇ…!!
ਜ਼ਮੀਰ ਇਨ੍ਹਾਂ ਦੀ ਇਉਂ ਜੇ ਮਰਦੀ ਰਹੀ!
ਨਿੱਜ ਖ਼ਾਤਰ ਹੀ ਹਉਕੇ ਜੇ ਭਰਦੀ ਰਹੀ!
ਅਣਖੀ ਪੰਜਾਬੀਆਂ ਦੇ ਘਰਘਾਟ ਲੁੱਟ ਜਾਣਗੇ…!!
ਦਲਬਦਲੂ ਜੇ ਐਦਾਂ ਹੀ ਕਰਦੇ ਰਹੇ!
ਅਪਣੇ ਘਰਾਂ ਨੂੰ ਹੀ ਜੇ ਇਹ ਭਰਦੇ ਰਹੇ!
ਮਿਹਨਤਕਸ਼ਾਂ ਦੇ ਸਬਰ ਦੇ ਬੰਨ੍ਹ ਟੁੱਟ ਜਾਣਗੇ…!!
ਰੌਸ਼ਨ ਦਿਮਾਗ ਦੀ ਹਿਜਰਤ ਜੇ ਹੁੰਦੀ ਰਹੀ!
ਬੇਰੁਜ਼ਗਾਰੀ ਦੀ ਮਾਰ ਜੇ ਏਦਾਂ ਪੈਂਦੀ ਰਹੀ!
ਟਾਵੇਂ ਗੱਭਰੂ ਵੀ ਪੰਜਾਬ ’ਚ ਮਿਲਣੋਂ ਮੁੱਕ ਜਾਣਗੇ…!!
ਅਣਖ਼ੀ ਪੰਜਾਬੀਉ ਸਿਰ ਜੋੜ ਹੀਲਾ ਕਰੋ!
ਸਿਆਸੀ ਭੁੱਖਿਆਂ ਦਾ ਤੀਲ੍ਹਾ-ਤੀਲ੍ਹਾ ਕਰੋ!
ਸਿਰ ਪਈ ’ਤੇ ਬਚਣ ਤੋਂ ਤੱਕੜੀ ’ਚ ਤੁਲ ਜਾਣਗੇ…!!
ਏਕਾ ਉਸਾਰ ਕੇ ਨਵਾਂ ਕੋਈ ਤੁਲ੍ਹਾ ਬਣਾ ਲਉ!
ਹੋਂਦ ਬਚਾਉਣ ਦਾ ਕੋਈ ਵਸੀਲਾ ਬਣਾ ਲਉ!
ਸੰਜੋਏ ਸੁਪਨੇ ਵੀ ਅੱਧਵਾਟੇ ਨਹੀਂ ਟੁੱਟ ਜਾਣਗੇ…!!
‘ਆਜ਼ਾਦ’ ਮਨ ’ਚ ਧਾਰ ਇਰਾਦਾ ਕੋਈ!
ਸਿਰ ਪਹਿਨੀ ਓਦਾਂ ਹੀ ਰਹਿ ਜਾਏ ਲੋਈ!
ਰਲ ਮਿਲ ਕਰੋ ਏਕਾ ਦੁਖੜੇ ਮੁੱਕ ਜਾਣਗੇ!
ਸੋਹਣੇ ਪੰਜਾਬ ਨੂੰ ਐਦਾਂ ਕਿਵੇਂ ਲੁੱਟ ਜਾਣਗੇ…??
ਸੰਪਰਕ: 094646-97781
* * *
ਸਾਨੂੰ ਮਨਜ਼ੂਰ ਨਹੀਂ
ਜਸਵੰਤ ਗਿੱਲ ਸਮਾਲਸਰ
ਉਹੀ ਫਿਰ ਵਾਅਦੇ ਹੋਣੇ,
ਉਹੀ ਫਿਰ ਲਾਰੇ ਹੋਣਗੇ।
ਬਦਲ ਕੇ ਦਲ ਮੁੜ ਘੁੰਮਦੇ ,
ਲੀਡਰ ਉਹ ਸਾਰੇ ਹੋਣਗੇ।
ਪਹਿਲਾਂ ਕੀ ਕੁਝ ਸੰਵਾਰਿਆ,
ਕਰਿਓ ਪੜਤਾਲ ਜ਼ਰੂਰੀ।
ਜਿੱਤਕੇ ਕਿੱਥੇ ਜਾ ਬਹਿੰਦੇ,
ਪੁੱਛਿਓ ਸਵਾਲ ਜ਼ਰੂਰੀ।
ਸਾਨੂੰ ਮਨਜ਼ੂਰ ਨਹੀਂ ਹੁਣ,
ਇਨ੍ਹਾਂ ਦੀ ਜੀ ਹਜ਼ੂਰੀ।
ਠੱਲ੍ਹ ਨਸ਼ਿਆਂ ਨੂੰ ਪਾਉਣੀ,
ਕਿਹਾ ਸਰਕਾਰ ਨੇ।
ਨੇਤਾ ਜੀ ਬਲੈਕੀਆਂ ਦੇ,
ਬਣੇ ਸਰਦਾਰ ਨੇ।
ਥਾਣੇ ਵਿੱਚੋਂ ਵੀ ਕਹਿੰਦੇ,
ਮਿਲੀ ਫੁੱਲ ਮਨਜ਼ੂਰੀ।
ਗੱਭਰੂ ਨਸ਼ਿਆਂ ਵਿੱਚ ਡੁੱਬੇ,
ਜ਼ਿੰਦਗੀ ਬਣ ਗਈ ਮਜਬੂਰੀ।
ਸਾਨੂੰ ਮਨਜ਼ੂਰ ਨਹੀਂ ਹੁਣ,
ਇਨ੍ਹਾਂ ਦੀ ਜੀ ਹਜ਼ੂਰੀ।
ਚੜ੍ਹ ਕੇ ਨਿੱਤ ਟੈਂਕੀਆਂ ਉੱਤੇ,
ਮੰਗਦੇ ਰੁਜ਼ਗਾਰ ਨੇ।
ਥਾਂ ਥਾਂ ’ਤੇ ਲਾਠੀਚਾਰਜ,
ਕਰਵਾਇਆ ਸਰਕਾਰ ਨੇ।
ਵੇਖ ਕੇ ਹਾਲ ਦੇਸ਼ ਦਾ,
ਵੱਟ ਕੇ ਬੈਠੇ ਘੂਰੀ।
ਸਿਹਤ ਸਿੱਖਿਆ ਦੇ ਵੱਲੋਂ ,
ਜਨਤਾ ਰਹਿ ਗਈ ਅਧੂਰੀ।
ਸਾਨੂੰ ਮਨਜ਼ੂਰ ਨਹੀਂ ਹੁਣ,
ਇਨ੍ਹਾਂ ਦੀ ਜੀ ਹਜ਼ੂਰੀ।
ਦੋਵੇਂ ਹੱਥ ਜੋੜ ਕਰੇਂਦਾ,
ਗਿੱਲ ਜਸਵੰਤ ਅਰਜ਼ੋਈ।
ਸੁਖਚੈਨ ਕਹੇ ਖੋਲ੍ਹੋ ਅੱਖਾਂ,
ਚੱਲਣੀ ਨਹੀਂ ਚਾਰਾਜੋਈ।
ਜੇਕਰ ਨਾ ਵਕਤ ਸੰਭਾਲਿਆ,
ਕਦੀ ਨਾ ਪੈਣੀ ਪੂਰੀ।
ਸੋਚ ਕੇ ਵੋਟ ਹੈ ਪਾਉਣੀ,
ਮੇਟਣੀ ਕੁਰਸੀ ਤੋਂ ਦੂਰੀ।
ਸਾਨੂੰ ਮਨਜ਼ੂਰ ਨਹੀਂ ਹੁਣ,
ਇਨ੍ਹਾਂ ਦੀ ਜੀ ਹਜ਼ੂਰੀ।
ਸੰਪਰਕ: 97804-51878