ਵੀਰੇਂਦਰ ਭਾਟੀਆ
‘‘ਹੈਲੋ, ਟੀ.ਵੀ. ’ਤੇ ਖ਼ਬਰ ਆ ਰਹੀ ਹੈ ਕਿ ਸ਼ਹਿਰ ਵਿੱਚ ਦੰਗੇ ਭੜਕ ਉੱਠੇ ਨੇ। ਸ਼ਾਨਵੀ ਟਿਊਸ਼ਨ ਗਈ ਹੋਈ ਹੈ, ਅਜੇ ਤੱਕ ਨਹੀਂ ਆਈ। ਪਤਾ ਕਰੋ ਕਿਸੇ ਨੂੰ ਟਿਊਸ਼ਨ ਸੈਂਟਰ ਭੇਜ ਕੇ। ਛੇਤੀ।’’ ਗੀਤਾ ਨੇ ਆਪਣੇ ਪਤੀ ਪ੍ਰੇਮ ਨੂੰ ਦੁਕਾਨ ’ਤੇ ਫੋਨ ਕੀਤਾ।
‘‘ਮੈਂ ਐਜਾਜ਼ ਨੂੰ ਭੇਜ ਦਿੱਤਾ ਹੈ। ਕਾਫ਼ੀ ਚਿਰ ਹੋ ਗਿਐ। ਆਉਂਦਾ ਹੀ ਹੋਵੇਗਾ ਉਹਨੂੰ ਲੈ ਕੇ। ਤੂੰ ਫ਼ਿਕਰ ਨਾ ਕਰ।’’ ਪ੍ਰੇਮ ਨੇ ਗੀਤਾ ਨੂੰ ਯਕੀਨ ਦਿਵਾਇਆ।
ਫੋਨ ਦੀ ਘੰਟੀ ਫਿਰ ਵੱਜੀ। ਉਧਰੋਂ ਪ੍ਰੇਮ ਦੇ ਪਿਤਾ ਜੀ ਬੋਲ ਰਹੇ ਸਨ, ‘‘ਪ੍ਰੇਮ, ਤੇਰਾ ਦਿਮਾਗ ਖ਼ਰਾਬ ਹੋ ਗਿਐ? ਸ਼ਹਿਰ ਵਿੱਚ ਦੰਗੇ ਭੜਕੇ ਹੋਏ ਨੇ ਤੇ ਤੂੰ ਐਜਾਜ਼ ਨੂੰ ਭੇਜ ਦਿੱਤੈ ਬੇਟੀ ਨੂੰ ਲੈਣ ਲਈ!’’
‘‘ਤਾਂ ਕੀ ਹੋਇਆ ਪਾਪਾ!’’ ਪ੍ਰੇਮ ਨੇ ਸਰਸਰੀ ਜਿਹਾ ਜਵਾਬ ਦਿੱਤਾ।
‘‘ਮੈਨੂੰ ਪੁੱਛਦੈਂ ਕਿ ਕੀ ਹੋਇਆ? ਇੱਕ ਮੁਸਲਮਾਨ ਨੂੰ ਬੇਟੀ ਨੂੰ ਲੈ ਕੇ ਆਉਣ ਭੇਜ ਦਿੱਤਾ? ਆਮ ਦਿਨਾਂ ਵਿੱਚ ਤਾਂ ਹੋਰ ਗੱਲ ਹੁੰਦੀ ਹੈ। ਅੱਜ ਦੇ ਦਿਨ ਤਾਂ ਦਿਮਾਗ ਖੁੱਲ੍ਹਾ ਰੱਖਦਾ ਘੱਟੋ-ਘੱਟ।’’ ਪਿਤਾ ਨੇ ਗੁੱਸੇ ਨਾਲ ਕਿਹਾ।
‘‘ਪਾਪਾ, ਇਸ ਵਿੱਚ ਹਿੰਦੂ ਮੁਸਲਮਾਨ ਕਿੱਥੋਂ ਆ ਗਿਆ! ਐਜਾਜ਼ ਦਸ ਸਾਲ ਤੋਂ ਨੌਕਰੀ ਕਰ ਰਿਹੈ ਸਾਡੇ ਕੋਲ। ਰੋਜ਼ ਉਹੀ ਤਾਂ ਲੈ ਕੇ ਆਉਂਦਾ ਹੈ ਸ਼ਾਨਵੀ ਨੂੰ।’’
‘‘ਤੇਰਾ ਦਿਮਾਗ ਟਿਕਾਣੇ ਲੱਗ ਜਾਵੇਗਾ ਜੇ ਬੇਟੀ ਨੂੰ ਕੁਝ ਹੋ ਗਿਆ ਤਾਂ! ਜਦੋਂ ਮੁਸਲਮਾਨ ਨੂੰ ਨੌਕਰੀ ’ਤੇ ਰੱਖਿਆ ਸੀ, ਉਦੋਂ ਵੀ ਮੈਂ ਮਨ੍ਹਾ ਕੀਤਾ ਸੀ ਕਿ ਆਪਣੇ ਧਰਮ ਦਾ ਨੌਕਰ ਠੀਕ ਰਹਿੰਦਾ ਹੈ। ਧਰਮ-ਕਰਮ ਦੀ ਕੋਈ ਕਦਰ ਹੀ ਨਹੀਂ ਹੈ ਤੈਨੂੰ! ਕਿਸੇ ਨੇ ਮੁਸਲਮਾਨ ਸਮਝ ਕੇ ਹਮਲਾ ਕਰ ਦਿੱਤਾ ਤਾਂ ਬੇਟੀ ਦੀ ਜਾਨ ਤਾਂ ਖ਼ਤਰੇ ’ਚ ਪੈ ਗਈ ਨਾ! ਕਿੰਨਾ ਖ਼ਰਾਬ ਮਾਹੌਲ ਹੈ ਦੇਸ਼ ਦਾ! ਕੁਝ ਤਾਂ ਸੋਚਦਾ!’’
ਐਤਕੀਂ ਪ੍ਰੇਮ ਨੂੰ ਕੁਝ ਡਰ ਲੱਗਿਆ, ਪਰ ਪਿਤਾ ਨੂੰ ਯਕੀਨ ਦਿਵਾਉਂਦਿਆਂ ਬੋਲਿਆ, ‘‘ਤੁਸੀਂ ਬੇਫ਼ਿਕਰ ਰਹੋ ਪਾਪਾ! ਮੈਂ ਐਜਾਜ਼ ਨੂੰ ਫੋਨ ਕਰਦਾ ਹਾਂ।’’ ਤੇ ਉਸ ਨੇ ਫੋਨ ਕੱਟ ਦਿੱਤਾ।
ਪਾਪਾ ਨੇ ਫਿਰ ਫੋਨ ਕੀਤਾ, ‘‘ਗੱਲ ਹੋਈ ਐਜਾਜ਼ ਨਾਲ? ਦੰਗੇ ਬਹੁਤ ਭੜਕ ਗਏ ਨੇ। ਤੂੰ ਘਰ ਨਾ ਆਵੀਂ। ਦੁਕਾਨ ਬੰਦ ਕਰਕੇ ਉੱਥੇ ਖੜ੍ਹਾ ਰਹੀਂ ਸਾਰੇ ਦੁਕਾਨਦਾਰਾਂ ਨਾਲ। ਦੰਗਾਈ ਕੋਈ ਦੁਕਾਨ ਸਾੜਨ ਦੀ ਕੋਸ਼ਿਸ਼ ਕਰਨ ਤਾਂ ਸਾਰੇ ਦੁਕਾਨਦਾਰ ਮਿਲ ਕੇ ਵਿਰੋਧ ਕਰਿਓ ਉਨ੍ਹਾਂ ਦਾ। ਤੇ ਐਜ਼ਾਜ਼ ਬਾਰੇ ਛੇਤੀ ਦੱਸ।’’ ਪਿਤਾ ਨੇ ਬੇਬਸੀ ਜ਼ਾਹਿਰ ਕੀਤੀ।
‘‘ਪਾਪਾ, ਐਜਾਜ਼ ਦਾ ਫੋਨ ਬੰਦ ਆ ਰਿਹਾ ਹੈ। ਮੈਂ ਸ਼ਾਨਵੀ ਦੇ ਟਿਊਸ਼ਨ ਸੈਂਟਰ ਜਾ ਰਿਹਾ ਹਾਂ।’’ ਡੁੱਬੀ ਜਿਹੀ ਆਵਾਜ਼ ਵਿੱਚ ਪ੍ਰੇਮ ਨੇ ਕਿਹਾ।
‘‘ਫੋਨ ਬੰਦ ਹੈ? ਉਹੀ ਹੋਇਆ ਜਿਸ ਦਾ ਸ਼ੱਕ ਸੀ। ਕਿਹਾ ਸੀ, ਉਹਨੂੰ ਨਾ ਭੇਜ। ਹੁਣ ਜਾ ਛੇਤੀ। ਫੋਨ ਕਰ ਮੈਨੂੰ ਉੱਥੇ ਪਹੁੰਚ ਕੇ। ਹਾਏ ਰੱਬਾ, ਪਤਾ ਨਹੀਂ ਕੀ ਹੋਵੇਗਾ…,’’ ਫ਼ਿਕਰਮੰਦ ਪਿਤਾ ਏਧਰ-ਓਧਰ ਘੁੰਮਣ ਲੱਗੇ।
ਪ੍ਰੇਮ ਗਲੀਆਂ ਵਿੱਚ ਘੁੰਮਦਾ ਹੋਇਆ ਬਚਦਾ-ਬਚਾਉਂਦਾ ਟਿਊਸ਼ਨ ਸੈਂਟਰ ਪੁੱਜਾ। ਟਿਊਸ਼ਨ ਸੈਂਟਰ ਸੜ ਰਿਹਾ ਸੀ। ਆਸ-ਪਾਸ ਦੀਆਂ ਦੁਕਾਨਾਂ ਵੀ ਸੜ ਰਹੀਆਂ ਸਨ। ਭੀੜ ਲਈ ਇਹ ਜਿਵੇਂ ਮੇਲਾ ਹੀ ਸੀ। ਪ੍ਰੇਮ ਦਾ ਖ਼ੂਨ ਪਾਣੀ ਹੁੰਦਾ ਜਾ ਰਿਹਾ ਸੀ। ਉਹਨੇ ਡਰਦੇ ਹੋਏ ਪਤਨੀ ਨੂੰ ਫੋਨ ਕੀਤਾ, ‘‘ਗੀਤਾ, ਟਿਊਸ਼ਨ ਸੈਂਟਰ ਤਾਂ ਸੜ ਰਿਹਾ ਹੈ। ਕੁਝ ਪਤਾ ਨਹੀਂ ਲੱਗ ਰਿਹਾ। ਸਭ ਪਾਸੇ ਅੱਗ ਤੇ ਭੀੜ ਹੈ। ਬੱਚੇ ਪਤਾ ਨਹੀਂ ਕਿੱਥੇ ਨੇ। ਬੜਾ ਡਰ ਲੱਗ ਰਿਹਾ ਮੈਨੂੰ ਤਾਂ!’’
‘‘ਕੀ ਕਹਿ ਰਹੇ ਹੋ ਤੁਸੀਂ? ਹਿੰਮਤ ਰੱਖੋ। ਐਜਾਜ਼ ਨੂੰ ਫੇਰ ਫੋਨ ਕਰਕੇ ਵੇਖੋ। ਕੀ ਪਤਾ ਲੱਗ ਜਾਏ ਫ਼ੋਨ। ਇਹ ਤਾਂ ਤੁਸੀਂ ਬੜੀ ਵੱਡੀ ਗਲਤੀ ਕੀਤੀ ਐਜਾਜ਼ ਨੂੰ ਭੇਜ ਕੇ। ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਸਾਨੂੰ। ਸ਼ਾਨਵੀ ਨਾ ਮਿਲੀ ਤਾਂ ਸਾਰੇ ਛੱਡਣਗੇ ਨਹੀਂ ਤੁਹਾਨੂੰ!’’ ਪਤਨੀ ਦੀ ਆਵਾਜ਼ ਭਰੀ ਹੋਈ ਸੀ।
‘‘ਤੂੰ ਵੀ ਐਜਾਜ਼ ’ਤੇ ਸ਼ੱਕ ਕਰ ਰਹੀ ਹੈਂ ਗੀਤਾ? ਐਜਾਜ਼ ਖ਼ੁਦ ਕਿਸੇ ਮੁਸੀਬਤ ਵਿੱਚ ਘਿਰਿਆ ਹੋ ਸਕਦਾ ਹੈ। ਫੋਨ ਲਾ ਰਿਹਾ ਹਾਂ। ਲੱਗ ਨਹੀਂ ਰਿਹਾ।’’ ਪ੍ਰੇਮ ਨੇ ਕੰਬਦੇ ਹੋਏ ਕਿਹਾ।
‘‘ਖ਼ੁਦ ਘਿਰਿਆ ਹੋਵੇਗਾ? ਤੁਹਾਨੂੰ ਅਜੇ ਵੀ ਉਸੇ ਦੀ ਚਿੰਤਾ ਹੋ ਰਹੀ ਹੈ। ਬੇਟੀ ਦੀ ਚਿੰਤਾ ਕਰੋ। ਅਸੀਂ ਵੀ ਘਿਰ ਗਏ ਉਹਦੇ ਚੱਕਰ ਵਿੱਚ। ਐਜਾਜ਼ ਦੇ ਘਰ ਜਾ ਕੇ ਪਤਾ ਕਰੋ।’’ ਗੀਤਾ ਡੁਸਕਣ ਲੱਗ ਪਈ। ਪ੍ਰੇਮ ਦਾ ਮਨ ਵੀ ਸ਼ੰਕਾਲੂ ਹੋ ਗਿਆ… ‘ਕਿਤੇ… ਨਹੀਂ… ਅਜਿਹਾ ਨਹੀਂ ਹੋ ਸਕਦਾ…’
ਪ੍ਰੇਮ ਬਾਜ਼ਾਰ ਘੁੰਮ ਆਇਆ, ਐਜਾਜ਼ ਦੇ ਘਰ ਜਾ ਆਇਆ। ਐਜਾਜ਼ ਦੇ ਘਰ ਕੋਈ ਵੀ ਨਹੀਂ ਮਿਲਿਆ। ਚਾਰ ਘੰਟੇ ਬੀਤ ਗਏ। ਪ੍ਰੇਮ ਦੇ ਪਿਤਾ ਦੀ ਤਬੀਅਤ ਵਿਗੜਨ ਲੱਗੀ। ਪ੍ਰੇਮ ਉਨ੍ਹਾਂ ਨੂੰ ਹਸਪਤਾਲ ਨਹੀਂ ਸੀ ਲਿਜਾ ਸਕਦਾ ਕਿਉਂਕਿ ਬਾਹਰ ਦਾ ਮਾਹੌਲ ਬੜਾ ਖ਼ਰਾਬ ਸੀ ਅਤੇ ਅੰਦਰ ਹਲਚਲ ਮਚੀ ਹੋਈ ਸੀ। ਪ੍ਰੇਮ ਦਾ ਮਨ ਰੋਣ ਨੂੰ ਕੀਤਾ। ਉਦੋਂ ਹੀ ਫੋਨ ਦੀ ਘੰਟੀ ਵੱਜੀ। ਨੇੜੇ ਦੇ ਹਸਪਤਾਲ ਤੋਂ ਫੋਨ ਸੀ- ‘‘ਤੁਹਾਡੀ ਬੇਟੀ ਇੱਥੇ ਲਿਆਂਦੀ ਗਈ ਹੈ। ਤੁਸੀਂ ਇੱਥੇ ਆ ਜਾਓ ਪਲੀਜ਼!’’
ਪ੍ਰੇਮ ਨੇ ਆਪਣੀ ਪਤਨੀ ਗੀਤਾ ਨੂੰ ਘਰੋਂ ਲਿਆ ਤੇ ਦੋਵੇਂ ਛੇਤੀ-ਛੇਤੀ ਹਸਪਤਾਲ ਪਹੁੰਚੇ। ਸ਼ਾਨਵੀ ਬੜੀ ਡਰੀ ਹੋਈ ਸੀ। ਉਹ ਕੁਝ ਬੋਲ ਨਹੀਂ ਸੀ ਰਹੀ।
‘‘ਸ਼ਾਨਵੀ, ਕੀ ਹੋਇਆ? ਬੋਲੋ ਬੇਟਾ, ਬੋਲਦੀ ਕਿਉਂ ਨਹੀਂ ਤੂੰ? ਚਾਰ ਘੰਟਿਆਂ ਤੋਂ ਅਸੀਂ ਤੈਨੂੰ ਲੱਭ ਰਹੇ ਹਾਂ। ਐਜਾਜ਼ ਤੈਨੂੰ ਲੈਣ ਗਿਆ ਸੀ। ਉਹਦਾ ਨੰਬਰ ਨਹੀਂ ਲੱਗ ਰਿਹਾ। ਤੇਰੇ ਟਿਊਸ਼ਨ ਸੈਂਟਰ ਵਿੱਚ ਅੱਗ ਲੱਗੀ ਹੋਈ ਸੀ ਤੇ ਇਹ ਐਜਾਜ਼ ਕਿੱਥੇ ਹੈ? ਕੋਈ ਪਤਾ ਹੈ ਤੈਨੂੰ?’’
‘‘ਐਜਾਜ਼…!’’ ਸ਼ਾਨਵੀ ਉੱਚੀ-ਉੱਚੀ ਰੋਣ ਲੱਗੀ।
‘‘ਕੀ ਹੋਇਆ? ਉਹ ਠੀਕ ਤਾਂ ਹੈ!’’ ਪ੍ਰੇਮ ਤੇ ਗੀਤਾ ਦੇ ਮੂੰਹ ਖੁੱਲ੍ਹੇ ਰਹਿ ਗਏ।
‘‘ਰੱਬ ਕਰੇ, ਉਹ ਠੀਕ ਹੋਵੇ…’’ ਬਸ ਇੰਨਾ ਹੀ ਕਹਿ ਸਕੀ ਸ਼ਾਨਵੀ।
‘‘ਕੀ ਹੋਇਆ ਉਹਦੇ ਨਾਲ? ਤੂੰ ਕਿੱਥੇ ਸੀ ਚਾਰ ਘੰਟੇ? ਕੀ ਹੋਇਆ ਸ਼ਾਨਵੀ, ਕੁਝ ਤਾਂ ਦੱਸ ਬੇਟਾ!’’ ਗੀਤਾ ਨੇ ਸੁਆਲਾਂ ਦੀ ਝੜੀ ਲਾ ਦਿੱਤੀ।
‘‘ਟਿਊਸ਼ਨ ਸੈਂਟਰ ਦੇ ਹੇਠਾਂ ਦੁਕਾਨ ਵਿੱਚ ਭੀੜ ਨੇ ਅੱਗ ਲਾ ਦਿੱਤੀ ਸੀ। ਸਰ ਤਾਂ ਦੌੜ ਗਏ ਉਦੋਂ ਹੀ। ਕੁਝ ਕੁੜੀਆਂ ਵੀ ਕਾਹਲੀ-ਕਾਹਲੀ ਤੁਰ ਗਈਆਂ। ਮੈਂ ਤੇ ਮੇਰੀਆਂ ਤਿੰਨ ਸਹੇਲੀਆਂ ਅੱਗ ਵਿੱਚ ਫਸ ਗਈਆਂ। ਅਸੀਂ ਸਭ ਤੋਂ ਉਤਲੀ ਮੰਜ਼ਿਲ ’ਤੇ ਸਾਂ। ਐਜਾਜ਼ ਪਤਾ ਨਹੀਂ ਕਿੱਥੋਂ ਚੜ੍ਹ ਕੇ ਆਇਆ। ਉਹ ਮੈਨੂੰ ਤੇ ਮੇਰੀ ਇੱਕ ਫਰੈਂਡ ਨੂੰ ਦੂਜੇ ਰਸਤੇ ਤੋਂ ਹੇਠਾਂ ਲੈ ਆਇਆ। ਤੀਜੀ ਫਰੈਂਡ ਨੂੰ ਲੈਣ ਗਿਆ, ਪਰ ਵਾਪਸ ਨਹੀਂ ਮੁੜਿਆ। ਮੈਨੂੰ ਬਸ ਇੰਨਾ ਹੀ ਪਤਾ ਹੈ। ਉਸ ਪਿੱਛੋਂ ਮੈਂ ਬੇਹੋਸ਼ ਹੋ ਗਈ। ਹੋਸ਼ ਆਈ ਤਾਂ ਮੈਂ ਇੱਥੇ ਸਾਂ।’’
ਗੀਤਾ ਸੁੰਨ ਖੜ੍ਹੀ ਸੀ।
ਪ੍ਰੇਮ ਦੇ ਮੂੰਹੋਂ ਉੱਚੀ ਆਵਾਜ਼ ਵਿੱਚ ਚੀਕ ਨਿਕਲੀ- ‘‘ਐਜ਼ਾਜ਼!!!’’ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗਿਆ।
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
* * *
ਜੋਕਰ
ਗੁਰਪ੍ਰੀਤ ਸਿੰਘ ਵਿੱਕੀ
ਇੱਕ ਬਹੁਤ ਵੱਡਾ ਸ਼ਹਿਰ ਸੀ। ਵੱਡਾ ਸ਼ਹਿਰ ਹੋਣ ਕਰਕੇ ਉਸ ਸ਼ਹਿਰ ਦੇ ਲੋਕ ਆਪਣੇ ਕੰਮਾਂ ਵਿੱਚ ਬਹੁਤ ਰੁੱਝੇ ਰਹਿੰਦੇ ਸਨ। ਲੋਕ ਸਾਰਾ ਦਿਨ ਕੰਮ ਕਾਰ ਕਰਦੇ ਰਹਿੰਦੇ, ਉਹ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣ ਕੇ ਜ਼ਿੰਦਗੀ ਜੀਅ ਰਹੇ ਸਨ। ਉਨ੍ਹਾਂ ਕੋਲ ਆਪਣਿਆਂ ਨਾਲ ਵੀ ਗੱਲਬਾਤ ਕਰਨ ਦਾ ਟਾਈਮ ਨਹੀਂ ਸੀ।
ਵਕਤ ਬੀਤਦਾ ਗਿਆ। ਹੌਲੀ ਹੌਲੀ ਲੋਕ ਬਿਮਾਰ ਰਹਿਣ ਲੱਗ ਗਏ। ਤਣਾਅ ਵਧ ਜਾਣ ਕਾਰਨ ਉਹ ਕਈ ਦਿਮਾਗ਼ੀ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਪਏ ਸਨ। ਸ਼ਹਿਰ ਦੇ ਬੱਸ ਅੱਡੇ ਕੋਲ ਇੱਕ ਮਸ਼ਹੂਰ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਦੀ ਦੁਕਾਨ ਸੀ। ਉਸ ਕੋਲ ਹੁਣ ਬਿਮਾਰ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ, ਪਰ ਉਸ ਦੀ ਦਵਾਈ ਲੋਕਾਂ ’ਤੇ ਅਸਰ ਨਹੀਂ ਕਰ ਰਹੀ ਸੀ। ਉਸ ਨੂੰ ਵੀ ਲੱਗ ਰਿਹਾ ਸੀ ਕਿ ਉਹ ਹੁਣ ਲੋਕਾਂ ਦਾ ਸਹੀ ਇਲਾਜ ਨਹੀਂ ਕਰ ਪਾ ਰਿਹਾ।
ਕੁਝ ਦਿਨ ਬਾਅਦ ਸ਼ਹਿਰ ਵਿੱਚ ਇੱਕ ਸਰਕਸ ਆਉਂਦੀ ਹੈ। ਸ਼ਹਿਰ ਦੇ ਹਰ ਗਲੀ ਮੁਹੱਲੇ ਵਿੱਚ ਇਸ ਸਰਕਸ ਦੇ ਪੋਸਟਰ ਲਗਾ ਦਿੱਤੇ ਜਾਂਦੇ ਹਨ। ਸ਼ਹਿਰ ਦਾ ਡਾਕਟਰ ਆਪਣੇ ਮਰੀਜ਼ਾਂ ਨੂੰ ਇਹ ਸਰਕਸ ਵੇਖਣ ਦੀ ਸਲਾਹ ਦੇਂਦਾ ਹੈ। ਲੋਕ ਸਰਕਸ ਵੇਖਣ ਜਾਂਦੇ ਹਨ। ਸਰਕਸ ਦਾ ਜੋਕਰ ਲੋਕਾਂ ਨੂੰ ਖ਼ੂਬ ਹਸਾਉਂਦਾ ਹੈ। ਉਹ ਸਰਕਸ ਵੇਖਣ ਵਾਲੇ ਲੋਕਾਂ ਦਾ ਪੂਰਾ ਮੰਨੋਰੰਜਨ ਕਰਦਾ ਹੈ। ਸਾਰੇ ਲੋਕ ਉਸ ਨੂੰ ਮਜ਼ਾਕ ਕਰਦੇ ਰਹਿੰਦੇ ਹਨ। ਲੋਕ ਸਰਕਸ ਤੋਂ ਬਾਅਦ ਘਰ ਆ ਕੇ ਉਸ ਦੀ ਜ਼ਿੰਦਾਦਿਲੀ ਦੀਆਂ ਗੱਲਾਂ ਕਰਦੇ ਹਨ। ਹੌਲੀ ਹੌਲੀ ਸ਼ਹਿਰ ਦੇ ਲੋਕ ਠੀਕ ਹੋਣ ਲੱਗਦੇ ਹਨ। ਹੁਣ ਹਰ ਕੋਈ ਖ਼ੁਸ਼ ਸੀ। ਡਾਕਟਰ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਜੋਕਰ ਲੋਕਾਂ ਨੂੰ ਖ਼ੁਸ਼ੀ ਦੇ ਕੇ ਇੰਨੀ ਜਲਦੀ ਠੀਕ ਕਰ ਸਕਦਾ ਹੈ।
ਸਮਾਂ ਬੀਤਦਾ ਹੈ। ਇੱਕ ਦਿਨ ਡਾਕਟਰ ਕੋਲ ਇੱਕ ਮਰੀਜ਼ ਆਇਆ ਜੋ ਕਿ ਆਪਣੀ ਜ਼ਿੰਦਗੀ ਤੋਂ ਬਹੁਤ ਉਦਾਸ ਲੱਗ ਰਿਹਾ ਸੀ। ਡਾਕਟਰ ਉਸ ਦਾ ਇਲਾਜ ਕਰਨ ਲੱਗਾ ਪਰ ਉਹ ਠੀਕ ਨਹੀਂ ਹੋ ਰਿਹਾ ਸੀ। ਉਸ ਨੂੰ ਵੇਖ ਕੇ ਲੱਗਦਾ ਸੀ ਕਿ ਉਹ ਦੁੱਖਾਂ ਦਾ ਸਮੁੰਦਰ ਹੈ। ਡਾਕਟਰ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਸ਼ਹਿਰ ਵਿੱਚ ਲੱਗੀ ਸਰਕਸ ਨੂੰ ਵੇਖ ਆਏ, ਸ਼ਾਇਦ ਜੋਕਰ ਦੀ ਐਕਟਿੰਗ ਵੇਖ ਕੇ ਉਸ ਨੂੰ ਵੀ ਹਾਸਾ ਆ ਜਾਵੇ।
ਇਹ ਸੁਣ ਕੇ ਉਹ ਇਨਸਾਨ ਰੋਣ ਲੱਗਿਆ। ਉਸ ਨੇ ਡਾਕਟਰ ਨੂੰ ਦੱਸਿਆ ਕਿ ਉਹ ਇੱਕ ਗਰੀਬ ਘਰ ਦਾ ਰਹਿਣ ਵਾਲਾ ਹੈ। ਉਸ ਦੇ ਬਾਪ ਦੀ ਬਚਪਨ ਵਿੱਚ ਮੌਤ ਹੋ ਗਈ ਸੀ। ਮਾਂ ਵੀ ਕੁਝ ਸਮੇਂ ਬਾਅਦ ਦੁਨੀਆਂ ਤੋਂ ਚੱਲ ਵਸੀ। ਉਸ ਦੀ ਇੱਕ ਨਿੱਕੀ ਭੈਣ ਸੀ ਜੋ ਹੁਣ 17 ਸਾਲ ਦੀ ਹੋ ਗਈ। ਉਸ ਨੂੰ ਉਸ ਨੇ ਬਹੁਤ ਮਿਹਨਤ ਮਜ਼ਦੂਰੀ ਕਰਕੇ ਪਾਲਿਆ ਸੀ। ਉਸ ਨੂੰ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਖਾ ਲਿਆ। ਉਸ ਨੇ ਅੱਗੇ ਦੱਸਿਆ ਕਿ ਉਹ ਉਹੀ ਜੋਕਰ ਹੈ ਜੋ ਦੁਨੀਆਂ ਨੂੰ ਹਸਾਉਂਦਾ ਰਿਹਾ ਹੈ। ਪਰ ਹੁਣ ਪਰਮਾਤਮਾ ਨੇ ਉਸ ਦੀ ਆਖ਼ਰੀ ਖ਼ੁਸ਼ੀ ਉਸ ਦੀ ਭੈਣ ਵੀ ਉਸ ਕੋਲੋਂ ਖੋਹ ਲਈ। ਹੁਣ ਉਹ ਕਿਸੇ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰ ਸਕੇਗਾ। ਇੰਨਾ ਸੁਣ ਕੇ ਡਾਕਟਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਜੋਕਰ ਬਹੁਤ ਉਦਾਸ ਸੀ। ਉਹ ਡਾਕਟਰ ਕੋਲੋਂ ਚਲਾ ਗਿਆ। ਅਗਲੇ ਦਿਨ ਜੋਕਰ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਹੋਈ ਮਿਲੀ।
ਸੰਪਰਕ: 82848-88700
* * *
ਅਸਲੀ ਲੁਟੇਰਾ
ਜਸਵਿੰਦਰ ਕੌਰ
ਕੁਝ ਕੁ ਵਰ੍ਹੇ ਪਹਿਲਾਂ ਮੀਤੋ ਦਾ ਵਿਆਹ ਰਾਮ ਸਿੰਘ ਨਾਲ ਹੋਇਆ ਸੀ। ਪੰਜ-ਸੱਤ ਕਿੱਲੇ ਜ਼ਮੀਨ ਅਤੇ ਮੋਟਰ ਆਪਣੀ ਸੀ। ਘਰ ਦੇ ਸੋਚਦੇ ਸਨ ਕਿ ਸਾਡੀ ਧੀ ਰਾਜ ਕਰੋਗੀ, ਅਸੀਂ ਤਾਂ ਗ਼ਰੀਬੀ ਵਿੱਚ ਸਮਾਂ ਕੱਢ ਦਿੱਤਾ। ਮੀਤੋ ਜ਼ਿਆਦਾ ਤਾਂ ਪੜ੍ਹੀ ਲਿਖੀ ਨਹੀਂ ਸੀ, ਪਰ ਉਹ ਸਿਲਾਈ-ਕਢਾਈ ਦੇ ਕੰਮ ’ਚ ਪੂਰੀ ਮਾਹਿਰ ਸੀ। ਹਰ ਕੁੜੀ ਦੇ ਮਨ ਵਿੱਚ ਬਹੁਤ ਸਾਰੇ ਚਾਅ-ਸੁਪਨੇ ਹੁੰਦੇ ਹਨ। ਉਸ ਦੇ ਮਨ ਵਿੱਚ ਵੀ ਸਨ! ਖ਼ੈਰ! ਰਾਮ ਸਿੰਘ ਪਹਿਲਾਂ ਤਾਂ ਕਦੇ-ਕਦੇ ਸ਼ਰਾਬ ਪੀਂਦਾ ਸੀ, ਪਰ ਹੁਣ ਉਸ ਨੇ ਇਹ ਨਿੱਤ ਦਾ ਹੀ ਕੰਮ ਬਣਾ ਲਿਆ।
ਵਿਚਾਰੀ ਮੀਤੋ ਅੰਦਰੋਂ-ਅੰਦਰ ਬੜਾ ਦੁਖੀ ਹੁੰਦੀ ਅਤੇ ਉਸ ਸਮੇਂ ਨੂੰ ਕੋਸਦੀ ਜਦ ਉਸ ਦਾ ਵਿਆਹ ਹੋਇਆ ਸੀ। ਕਦੇ ਉਹ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਤਾਂ ਉਸ ਨਾਲ ਬਹੁਤ ਲੜਦਾ ਅਤੇ ਉਸ ਨੂੰ ਮਾਰਨ ਨੂੰ ਪੈਂਦਾ। ਧੀ ਦੀਪ ਸਭ ਕੁਝ ਦੇਖਦੀ ਰਹਿੰਦੀ, ਪਰ ਛੋਟੀ ਹੋਣ ਕਰਕੇ ਕੁਝ ਕਰ ਨਾ ਸਕਦੀ। ਬੜੀ ਵਾਰ ਮੀਤੋ ਨੇ ਆਪਣੇ ਮਾਪਿਆਂ ਨੂੰ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਕਦੇ ਮੌਕਾ ਹੀ ਨਾ ਬਣਦਾ। ਇੱਕ ਵਾਰ ਤਾਂ ਉਸ ਨੇ ਘਰ ਛੱਡ ਪੇਕੇ ਘਰ ਰਹਿਣ ਦਾ ਮਨ ਬਣਾ ਲਿਆ ਸੀ, ਪਰ ਮਾਪੇ ਗ਼ਰੀਬ ਹੋਣ ਕਰਕੇ ਆਪਣੇ ਮਨ ਨਾਲ ਸਮਝੌਤਾ ਕਰ ਲਿਆ। ਉਹ ਜਦ ਕਦੇ ਵੀ ਪੇਕੇ ਘਰ ਜਾਂਦੀ ਉਹ ਆਪਣੇ-ਆਪ ਨੂੰ ਖ਼ੁਸ਼ ਰੱਖਣ ਦੀਆਂ ਤਰਕੀਬਾਂ ਲੱਭਦੀ, ਪਰ…।
ਹੁਣ ਰਾਮ ਸਿੰਘ ਸ਼ਰਾਬ ਦੇ ਨਸ਼ੇ ’ਚ ਦਿਨ ਰਾਤ ਚੂਰ ਹੋਇਆ ਰਹਿੰਦਾ। ਉਸ ਨੇ ਖੇਤਾਂ ਵਿੱਚ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ। ਨਾਲ ਰੱਖੇ ਕਾਮੇ ਵੀ ਕੰਮ ਛੱਡ ਕੇ ਭੱਜ ਗਏ। ਉਸ ਨੇ ਕਦੇ ਇੱਕ, ਕਦੇ ਦੋ ਟੱਕ ਕਰ ਕੇ ਸਾਰੀ ਪੈਲ਼ੀ ਬਾਹਰੋ-ਬਾਹਰ ਵੇਚ ਦਿੱਤੀ। ਸਭ ਕੁਝ ਬਰਬਾਦ ਕਰ ਦਿੱਤਾ ਉਸ ਦੀ ਸ਼ਰਾਬ ਨੇ। ਹੁਣ ਉਹ ਮੀਤੋ ਤੋਂ ਪੈਸੇ ਦੀ ਮੰਗ ਕਰਦਾ ਪਰ ਉਸ ਵਿਚਾਰੀ ਨੂੰ ਪੈਲ਼ੀ ਬਾਰੇ ਕੁਝ ਵੀ ਪਤਾ ਨਹੀਂ ਸੀ ਤਾਂ ਅੱਗੋਂ ਉਹ ਉਸ ਨੂੰ ਕਹਿੰਦੀ ਕਿ ‘‘ਜ਼ਮੀਨ ਵਾਹ ਪੈਸੇ ਵੀ ਆ ਜਾਣਗੇ ਤੇਰੇ ਮਗਰ-ਮਗਰ।” ਇਹ ਗੱਲ ਸੁਣਦਿਆਂ ਸਾਰ ਉਹ ਸੁੰਨ ਹੋ ਜਾਂਦਾ।
ਇੱਕ ਦਿਨ ਸੌਦਾ-ਪੱਤਾ ਲੈਣ ਸ਼ਹਿਰ ਗਈ ਤਾਂ ਉੱਥੇ ਉਸ ਨੂੰ ਉਸ ਦੀ ਦੂਰ ਦੀ ਰਿਸ਼ਤੇਦਾਰ ਤਾਈ ਕਰਮ ਕੌਰ ਮਿਲੀ। ਉਸ ਦੇ ਦੱਸਣ ’ਤੇ ਪਤਾ ਲੱਗਾ ਕਿ ਰਾਮ ਸਿੰਘ ਨੇ ਸਾਰੀ ਪੈਲ਼ੀ ਗੁਆਂਢੀ ਹਰਨਾਮ ਸਿੰਘ ਨੂੰ ਵੇਚ ਦਿੱਤੀ। ਇਹ ਸੁਣ ਕੇ ਮੀਤੋ ਕਾਹਲ਼ੀ-ਕਾਹਲ਼ੀ ਪੈਰ ਪੁੱਟਦੀ ਘਰ ਵਾਪਸ ਆ ਗਈ। ਉਸ ਨੇ ਆਪਣੇ ਪਤੀ ਨਾਲ ਪੈਲ਼ੀ ਵੇਚਣ ਦੀ ਗੱਲ ਕੀਤੀ, ਪਰ ਉਹ ਉਸ ਨੂੰ ਧੱਕਾ ਮਾਰ ਦੂਰ ਜਾ ਬੈਠਿਆ ਤੇ ਆਪ ਘਰੋਂ ਬਾਹਰ ਚਲਾ ਗਿਆ। ਮੀਤੋ ਦੀਆਂ ਅੱਖਾਂ ਨੇ ਨੀਰ ਦੀਆਂ ਨਦੀਆਂ ਵਾਹ ਦਿੱਤੀਆਂ, ਪਰ ਉਹ ਕੁਝ ਨਾ ਕਰ ਸਕੀ।
ਫਿਰ ਰਾਮ ਸਿੰਘ ਨੇ ਪੈਸੇ ਲੋਕਾਂ ਤੋਂ ਉਧਾਰ ਲੈਣੇ ਸ਼ੁਰੂ ਕਰ ਦਿੱਤੇ। ਪਹਿਲਾਂ-ਪਹਿਲਾਂ ਸਭ ਉਸ ਨੂੰ ਪੈਸੇ ਦੇ ਦਿੰਦੇ ਸਨ, ਪਰ ਜਦ ਲੋਕਾਂ ਨੂੰ ਪਤਾ ਲੱਗਾ ਕਿ ਉਹ ਸ਼ਰਾਬ ’ਚ ਸਭ ਕੁਝ ਲੁੱਟਾ ਰਿਹਾ ਹੈ ਤਾਂ ਉਸ ਨੂੰ ਕੋਈ ਇੱਕ ਰੁਪਿਆ ਵੀ ਨਹੀਂ ਸੀ ਦਿੰਦਾ। ਹੁਣ ਉਸ ਨੇ ਸ਼ਰਾਬ ਦੀ ਪੂਰਤੀ ਕਰਨ ਲਈ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ। ਮੀਤੋ ਸਿਲਾਈ ਕਢਾਈ ਜਾਣਦੀ ਸੀ। ਇਸੇ ਕਰਕੇ ਉਸ ਨੇ ਬਾਹਰਲੀ ਬੈਠਕ ਨੂੰ ਦੁਕਾਨ ਦਾ ਰੂਪ ਦੇ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਥੋੜ੍ਹੇ ਬਹੁਤੇ ਪੈਸੇ ਚੋਰੀ ਰੱਖ ਕੇ ਘਰ ਦਾ ਸੌਦਾ-ਪੱਤਾ ਲੈ ਆਉਂਦੇ, ਬਾਕੀ ਬਚੇ ਪੈਸੇ ਰਾਮ ਸਿੰਘ ਖੋਹ ਲਿਜਾਂਦਾ। ਇਹ ਸਿਲਸਿਲਾ ਚਲਦਾ ਰਿਹਾ।
ਕੁਝ ਸਮੇਂ ਬਾਅਦ ਮੀਤੋ ਦੇ ਪੇਕੇ ਕਿਸੇ ਨੇ ਖ਼ਬਰ ਦਿੱਤੀ ਕਿ ਮੀਤੋ ਦੇ ਘਰ ਨੂੰ ਚੋਰਾਂ ਨੇ ਲੁੱਟ ਲਿਆ ਤਾਂ ਉਸ ਦੇ ਘਰ ਦੇ ਉਸ ਨੂੰ ਮਿਲਣ ਆ ਪੁੱਜੇ। ਪੇਕਿਆਂ ਦਾ ਘਰ ਦੂਰ ਹੋਣ ਕਰਕੇ ਉਹ ਉੱਥੇ ਘੱਟ ਹੀ ਜਾਇਆ ਕਰਦੀ ਸੀ ਜਿਸ ਕਰਕੇ ਉਹ ਆਪਣੇ ਸ਼ਰਾਬੀ ਪਤੀ ਦਾ ਹਾਲ ਕਿਸੇ ਨੂੰ ਸੁਣਿਆ ਨਾ ਸਕੀ। ਉਸ ਦੇ ਬਜ਼ੁਰਗ ਮਾਪੇ ਰੋਂਦੇ-ਰੋਂਦੇ ਆਪਣੀ ਧੀ ਦੇ ਗਲ ਲੱਗੇ ਅਤੇ ਕਹਿਣ ਲੱਗੇ, ‘‘ਕੀ ਕੁਝ ਲੁੱਟ ਕੇ ਲੈ ਗਏ ਚੋਰ-ਲੁਟੇਰੇ ਤੇਰੇ ਘਰ ਦਾ!’’ ਮੀਤੋ ਮੰਜੇ ਤੋਂ ਉੱਠਦੀ ਬੋਲੀ, ‘‘ਬੇਬੇ ਬਾਪੂ! ਕਿਸੇ ਨੇ ਕੀ ਲੁੱਟਣਾ ਸੀ ਮੇਰੇ ਘਰ ਦਾ! ਬਸ ਬਾਹਰ ਦੋ ਪਿੱਤਲ ਦੇ ਥਾਲ, ਗਿਲਾਸ ਅਤੇ ਇੱਕ ਪਤੀਲੀ ਸੀ ਜੋ ਉਨ੍ਹਾਂ ਦੇ ਹੱਥ ਲੱਗੀ। ਅਸਲੀ ਲੁਟੇਰਾ ਤਾਂ ਥੋਡਾ ਜਵਾਈ ਏ! ਜਿਸ ਨੇ ਸ਼ਰਾਬ ’ਚ ਘਰ ਦੀ ਸਾਰੀ ਪੈਲ਼ੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਮੈਥੋਂ ਚੋਰੀ ਵੇਚਤਾ।’’
ਇਹ ਸੁਣ ਕੇ ਉਸ ਦੇ ਬੇਬੇ-ਬਾਪੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਨਾ ਚਾਹੁੰਦੇ ਹੋਏ ਵੀ ਉਸ ਨੂੰ ਝੂਠਾ ਜਿਹਾ ਦਿਲਾਸਾ ਦੇ ਕੇ ਉੱਥੋਂ ਚੱਲ ਪਏ।