ਪ੍ਰਕਾਸ਼ ਕਾਂਤ
ਸਾਹਬ ਦਾ ਬਾਵਾ ਅਚਾਨਕ ਮਚਲ ਉੱਠਿਆ ਸੀ। ਉਸ ਨੇ ਰੋ-ਰੋ ਕੇ ਸਾਰਾ ਬੰਗਲਾ ਸਿਰ ’ਤੇ ਚੁੱਕ ਲਿਆ ਸੀ। ਬੱਸ, ਇੱਕੋ ਜ਼ਿੱਦ ਫੜ ਲਈ ਸੀ। ਚੀਕਾਂ ਮਾਰਦਾ ਮੁੜ-ਮੁੜ ਇੱਕੋ ਵਾਕ ਦੁਹਰਾਈ ਜਾ ਰਿਹਾ ਸੀ, ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ… ਪਾਪਾ, ਮੈਂ ਹਿੰਦੋਸਤਾਨ ਲਊਂਗਾ…।’’
ਕੱਲ੍ਹ ਤੱਕ ਬਾਵਾ ਜਿਵੇਂ ਗੇਂਦ, ਗੁੱਡੀ, ਰੇਲ, ਹਵਾਈ ਜਹਾਜ਼ ਵਰਗੇ ਖਿਡੌਣਿਆਂ ਲਈ ਮਚਲਦਾ ਸੀ, ਬਿਲਕੁਲ ਉਵੇਂ ਅੱਜ ਉਸ ਨੇ ਖੇਡਣ ਵਾਸਤੇ ਅਚਾਨਕ ਹੀ ਹਿੰਦੋਸਤਾਨ ਲੈਣ ਦੀ ਜ਼ਿੱਦ ਫੜ ਲਈ ਸੀ। ਇਸੇ ਜ਼ਿੱਦ ਨੂੰ ਪੂਰਾ ਕਰਵਾਉਣ ਲਈ ਉਹ ਬੁਰੀ ਤਰ੍ਹਾਂ ਚੀਕਾਂ ਮਾਰਨ ਲੱਗ ਪਿਆ ਸੀ। ਘਰ ਦੇ ਸਾਰੇ ਜੀਆਂ ਨੇ ਉਸ ਨੂੰ ਹੋਰ-ਹੋਰ ਖਿਡੌਣਿਆਂ ਦਾ ਲਾਲਚ ਦੇ ਕੇ ਵਰਾਉਣ ਦੀ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ। ਬੱਸ, ਇੱਕੋ ਜ਼ਿੱਦ ਫੜ ਲਈ ਸੀ, ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ… ਪਾਪਾ, ਮੈਂ ਹਿੰਦੋਸਤਾਨ ਲਊਂਗਾ…।’’
ਘਰ ਦੇ ਜੀਅ ਜਦੋਂ ਸਮਝਾ-ਬੁਝਾ ਕੇ ਥੱਕ ਗਏ ਤਾਂ ਹਾਰ ਕੇ ਬਾਵੇ ਦੀ ਮੰਮੀ ਨੇ ਉਸ ਦੇ ਪਾਪਾ ਨੂੰ ਸਕੱਤਰੇਤ ਵਿੱਚ ਫ਼ੋਨ ਕਰ ਦਿੱਤਾ। ਸਾਹਬ ਉਸ ਵੇਲ਼ੇ ਕਿਸੇ ਜ਼ਰੂਰੀ ਮੀਟਿੰਗ ਵਿੱਚ ਰੁੱਝੇ ਹੋਏ ਸਨ, ਇਸ ਲਈ ਫ਼ੋਨ ਪੀ.ਏ. ਨੇ ਚੁੱਕਿਆ। ਇਹ ਜਾਣ ਕੇ ਕਿ ਦੂਜੇ ਪਾਸੇ ਮੇਮ ਸਾਹਬ ਨੇ, ਉਸ ਨੇ ਤੁਰੰਤ ਸਲਿੱਪ ਭੇਜ ਕੇ ਸਾਹਬ ਨੂੰ ਬਾਹਰ ਸੱਦ ਲਿਆ ਤੇ ਰਿਸੀਵਰ ਅੱਗੇ ਕਰ ਦਿੱਤਾ। ‘‘ਬਾਵੇ ਨੂੰ ਖੇਡਣ ਲਈ ਹਿੰਦੋਸਤਾਨ ਚਾਹੀਦਾ ਹੈ। ਉਹ ਬਹੁਤ ਮਚਲ ਰਿਹਾ ਹੈ।’’ ਦੂਜੇ ਪਾਸਿਓਂ ਸਾਹਬ ਦੀ ਅਰਧਾਂਗਣੀ ਦੇ ਬੋਲ ਤੈਰ ਕੇ ਸਾਹਬ ਦੇ ਕੰਨਾਂ ’ਚ ਪਏ। ‘‘ਵ੍ਹਟ?’’ ਸਾਹਬ ਚੌਂਕਿਆ, ‘‘ਕਿਆ ਬੇਵਕੂਫ਼ੀ ਹੈ। ਉਹ ਤਾਂ ਇਹੋ ਜਿਹੀਆਂ ਚੀਜ਼ਾਂ ਦਾ ਵਾਕਿਫ਼ ਨਹੀਂ ਸੀ। ਹੁਣ ਅਚਾਨਕ ਇਹ ਕਿਵੇਂ ਹੋ ਗਿਆ? ਆਈ ਸੇ ਹੂ ਟੋਲਡ ਹਿਮ?’’ ਸਾਹਬ ਇਸ ਤਰ੍ਹਾਂ ਦਹਾੜਿਆ ਕਿ ਫ਼ੋਨ ਨੂੰ ਵੀ ਕਾਂਬਾ ਛਿੜ ਪਿਆ। ਦੂਜੇ ਪਾਸੇ ਮੌਜੂਦ ਅਰਧਾਂਗਣੀ ਸਹਿਮ ਕੇ ਰਹਿ ਗਈ। ਦਰਅਸਲ, ਉਸ ਵਿਚਾਰੀ ਨੂੰ ਆਪ ਇਸ ਗੱਲ ਦਾ ਨਹੀਂ ਸੀ ਪਤਾ ਕਿ ਬਾਵਾ ਇਸ ਤਰ੍ਹਾਂ ਦੀ ਚੀਜ਼ ਬਾਰੇ ਕਿਵੇਂ ਜਾਣ ਗਿਆ। ‘‘ਦੇਖੋ ਜੀ, ਤੁਸੀਂ ਜਿਵੇਂ ਵੀ ਹੋਵੇ, ਜਲਦੀ ਘਰ ਪਹੁੰਚ ਜਾਓ। ਬਾਵਾ ਬਹੁਤ ਮਚਲ ਰਿਹਾ ਹੈ।’’ ਉਸ ਨੇ ਤਕਰੀਬਨ ਰੋਣਹਾਕੀ ਹੁੰਦਿਆਂ ਕਿਹਾ। ਇਸ ਸਮੇਂ ਸਕੱਤਰੇਤ ਵਿੱਚ ਪ੍ਰਦੇਸ਼ ਦੇ ਉੱਤਰੀ ਹਿੱਸੇ ਵਿੱਚ ਪਏ ਸੋਕੇ ਦੇ ਸੰਬੰਧ ਵਿੱਚ ਮੀਟਿੰਗ ਚੱਲ ਰਹੀ ਸੀ। ਅਨੇਕਾਂ ਪਸ਼ੂਆਂ ਅਤੇ ਆਦਿਵਾਸੀਆਂ ਦੇ ਭੁੱਖ ਨਾਲ ਮਰਨ ਦੀ ਖ਼ਬਰ ਸੀ। ਪਰ ਉਸ ਸਮੇਂ ਇਨ੍ਹਾਂ ਸਭਨਾਂ ਨਾਲੋਂ ਵੱਡੀ ਖ਼ਬਰ ਬਾਵੇ ਦੇ ਹਿੰਦੋਸਤਾਨ ਲੈਣ ਲਈ ਮਚਲਣ ਦੀ ਸੀ। ਸੋਕੇ ਬਾਰੇ ਚੱਲ ਰਹੀ ਐਮਰਜੈਂਸੀ ਮੀਟਿੰਗ ਨਾਲੋਂ ਬਾਵੇ ਦਾ ਇਹ ਮਸਲਾ ਬਹੁਤ ਗੰਭੀਰ ਅਤੇ ਚਿੰਤਾਜਨਕ ਸੀ। ਮੇਜ਼ ਉੱਤੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਵੱਲੋਂ ਭੇਜੀਆਂ ਗਈਆਂ ਸੋਕੇ ਸੰਬੰਧੀ ਰਿਪੋਰਟਾਂ ਪਈਆਂ ਸਨ। ਵਿਚਾਰ- ਵਿਟਾਂਦਰਾ ਚੱਲ ਰਿਹਾ ਸੀ। ਸਾਹਬ ਨੇ ਬਾਹਰੋਂ ਆਉਂਦਿਆਂ ਹੀ ਮੀਟਿੰਗ ਅਗਲੇ ਦਿਨ ਲਈ ਅੱਗੇ ਪਾ ਦਿੱਤੀ। ਅਫ਼ਸਰ ਆਪਣੀਆਂ ਫਾਈਲਾਂ ਲੈ ਕੇ ਚਲਦੇ ਬਣੇ। ਅਗਲੇ ਹੀ ਪਲ ਸਾਹਬ ਆਪਣੀ ਕਾਰ ਦੀ ਪਿਛਲੀ ਸੀਟ ’ਤੇ ਮੌਜੂਦ ਸੀ। ਸਾਹਬ ਬੰਗਲੇ ਵਿੱਚ ਗਰਜਦਾ ਹੋਇਆ ਵੜਿਆ। ਡਰਾਇੰਗ ਰੂਮ ਵਿੱਚ ਭੀੜ ਜੁੜੀ ਹੋਈ ਸੀ। ਸਾਰੇ ਨੌਕਰ-ਚਾਕਰ ਹੱਥ ਬੰਨ੍ਹੀਂ ਖੜ੍ਹੇ ਸਨ। ਬਾਵੇ ਨੇ ਰੋ-ਰੋ ਕੇ ਸਾਰਾ ਬੰਗਲਾ ਸਿਰ ’ਤੇ ਚੁੱਕਿਆ ਹੋਇਆ ਸੀ। ਬਾਵੇ ਦੇ ਲਗਾਤਾਰ ਰੋਣ ਵਿੱਚੋਂ ਇੱਕੋ ਵਾਕ ਵਾਰ-ਵਾਰ ਸੁਣਾਈ ਦੇ ਰਿਹਾ ਸੀ, ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ… ਪਾਪਾ, ਮੈਂ ਹਿੰਦੋਸਤਾਨ ਲਊਂਗਾ…।’’
ਹਿੰਦੋਸਤਾਨ! ਉਹ ਅਜਿਹਾ ਸ਼ਬਦ ਆਪਣੇ ਬੰਗਲੇ ਵਿੱਚ ਪਹਿਲੀ ਵਾਰ ਸੁਣ ਰਿਹਾ ਸੀ। ਉਸ ਦਾ ਅਫ਼ਸਰੀ ਖ਼ੂਨ ਖੌਲ ਉੱਠਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਐਨੀ ਸਾਵਧਾਨੀ ਦੇ ਬਾਵਜੂਦ ਇਹ ਸ਼ਬਦ ਬੰਗਲੇ ਦੀ ਕੰਡਿਆਲੀ ਤਾਰ ਦੇ ਅੰਦਰ ਕਿਵੇਂ ਲੰਘ ਆਇਆ? ਉਸ ਨੂੰ ਇਸ ਸ਼ਬਦ ਨਾਲ ਹਮੇਸ਼ਾ ਹੀ ਸਖ਼ਤ ਇਤਰਾਜ਼ ਰਿਹਾ ਸੀ। ਇਸ ਗੱਲ ਦਾ ਹਲਕਾ ਜਿਹਾ ਅਹਿਸਾਸ ਵੀ ਉਸ ਨੂੰ ਭਿਆਨਕ ਆਪਾ-ਨਫ਼ਰਤ ਨਾਲ਼ ਭਰ ਦਿਆ ਕਰਦਾ ਸੀ ਕਿ ਜਿਸ ਧਰਤੀ ਉੱਤੇ ਉਹ ਫਿਲਹਾਲ ਰਹਿ ਰਹੇ ਸਨ, ਉਹ ਵੀ ਹਿੰਦੋਸਤਾਨ ਹੀ ਸੀ। ਪਰ, ਮਜਬੂਰੀ ਸੀ। ਮਾਂ-ਬਾਪ, ਸਾਰਾ ਖ਼ਾਨਦਾਨ, ਸਭ ਵਡਾਰੂ ਇਸੇ ਦੇਸ਼ ਵਿੱਚ ਪੈਦਾ ਹੁੰਦੇ ਰਹੇ ਸਨ। ਜੇ ਸਾਹਬ ਦਾ ਵਸ ਚੱਲਿਆ ਹੁੰਦਾ ਤਾਂ ਉਹ ਆਪਣਾ ਇਸ ਦੇਸ਼ ਵਿੱਚ ਪੈਦਾ ਹੋਣਾ ਹੀ ਰੁਕਵਾ ਦਿੰਦਾ। ਕੀ ਇੱਹੋ ਇਕ ਦੇਸ਼ ਬਚਿਆ ਸੀ ਉਸ ਦੇ ਪੈਦਾ ਹੋਣ ਵਾਸਤੇ? ਇਕ ਤੋਂ ਇਕ ਚੜ੍ਹ ਕੇ ਦੇਸ਼ ਨੇ ਦੁਨੀਆ ਵਿੱਚ, ਜਿੱਥੇ ਜ਼ਿੰਦਗੀ ਹੈ, ਰੌਣਕ ਹੈ, ਖ਼ੁਸ਼ੀਆਂ ਹਨ। ਜੰਮਣਾ ਹੀ ਸੀ ਤਾਂ ਉੱਥੇ ਜੰਮੇ ਹੁੰਦੇ। ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ।’’
ਹਿੰਦੋਸਤਾਨ! ਸਾਹਬ ਦੀਆਂ ਨਸਾਂ ਫੁੱਲ ਗਈਆਂ। ਅੱਖਾਂ ਅੰਗਿਆਰ ਬਣ ਗਈਆਂ। ਨਾਸਾਂ ਫਰਕਣ ਲੱਗੀਆਂ। ਉਸ ਨੇ ਬਲ਼ਦੀਆਂ ਅੱਖਾਂ ਨਾਲ ਡਰਾਇੰਗ ਰੂਮ ਵਿੱਚ ਮੌਜੂਦ ਹਰ ਬੰਦੇ ਵੱਲ ਘੂਰ ਕੇ ਦੇਖਿਆ ਤੇ ਕੜਕਿਆ, ‘‘ਕਿਹੜੇ ਮੂਰਖ ਨੇ ਇਸ ਚੀਜ਼ ਦਾ ਨਾਂ ਬਾਵੇ ਸਾਹਮਣੇ ਲਿਆ? ਕੌਣ ਹੈ, ਜਿਸ ਨੇ ਉਸ ਨੂੰ ਇਸ ਬਾਰੇ ਦੱਸਿਆ? ਆਈ ਸੇ ਹੂ?’’
ਸਾਹਬ ਦੀ ਗਰਜ ਪੂਰੇ ਕਮਰੇ ਵਿੱਚ ਗੂੰਜ ਗਈ। ਉਸ ਗਰਜ ਨਾਲ ਉੱਥੇ ਮੌਜੂਦ ਹਰ ਚੀਜ਼ ਥਰਥਰਾ ਗਈ। ਸਾਹਬ ਨੇ ਦੋਨੋਂ ਹੱਥ ਪਿੱਠ ਪਿੱਛੇ ਕਰ ਕੇ ਇਕ ਦੂਜੇ ਵਿੱਚ ਘੁੱਟ ਲਏ ਤੇ ਸਭ ਦੇ ਅੱਗਿਓਂ ਇਕ ਗੇੜਾ ਦਿੱਤਾ, ਜਿਵੇਂ ਕਰੋੜਾਂ ਰੁਪਏ ਦੀ ਡਕੈਤੀ ਦੇ ਅਸਲੀ ਅਪਰਾਧੀ ਦੀ ਸ਼ਨਾਖ਼ਤ ਕਰਨ ਲਈ ਪਛਾਣ-ਪਰੇਡ ਦੇ ਸਾਹਮਣੇ ਦੀ ਲੰਘ ਰਿਹਾ ਹੋਵੇ। ਹਰ ਚਿਹਰੇ ਨੂੰ ਉਸ ਦੀ ਅਫ਼ਸਰੀ ਨਜ਼ਰ ਚੀਰਦੀ-ਫਾੜਦੀ ਜਾ ਰਹੀ ਸੀ। ਸਾਰੇ ਨੌਕਰ-ਚਾਕਰ ਆਪਣੇ ਅਣਕੀਤੇ ਜੁਰਮ ਦੀ ਸਜ਼ਾ ਸੁਣਨ ਲਈ ਸਿਰ ਝੁਕਾਈ ਚੁੱਪਚਾਪ ਖੜ੍ਹੇ ਸਨ। ‘‘ਯੂ ਬਲੱਡੀ ਬਸਟਰਡ… ਗੰਦੇ, ਕੁੱਤੇ, ਲੋਕੋ! ਤੁਹਾਡੇ ਵਿੱਚੋਂ ਹੀ ਕਿਸੇ ਨੇ ਬਾਵੇ ਨੂੰ ਇਸ ਚੀਜ਼ ਬਾਰੇ ਦੱਸਿਆ ਹੈ। ਮੈਂ ਪੁੱਛਦਾ ਹਾਂ, ਕਿਸ ਨੇ ਕੀਤਾ ਹੈ ਇਹ ਜੁਰਮ?’’ ਸਾਹਬ ਜਿਵੇਂ ਹੰਟਰ ਲੈ ਕੇ ਗਰਜਣ ਲੱਗਿਆ। ਇਕ ਲੰਬਾ ਚੱਕਰ ਕੱਟ ਕੇ ਉਹ ਆਯਾ ਦੇ ਸਾਮ੍ਹਣੇ ਆ ਕੇ ਰੁਕ ਗਿਆ। ਉਹ ਵਿਚਾਰੀ ਤਾਂ ਡਰ ਨਾਲ ਪਹਿਲਾਂ ਹੀ ਥਰ-ਥਰ ਕੰਬ ਰਹੀ ਸੀ। ਹੁਣ ਤਾਂ ਉਸ ਦੇ ਪ੍ਰਾਣ ਹੀ ਖੁਸ਼ਕ ਹੋ ਗਏ। ‘‘ਤੂੰ ਕੀ ਕਰਦੀ ਰਹਿੰਦੀ ਏਂ ਸਾਰਾ ਦਿਨ?’’ ਸਾਹਬ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਘੂਰਦਾ ਬੋਲਿਆ, ‘‘ਕਿਤੇ ਤੂੰ ਤਾਂ ਨਹੀਂ ਬਕਿਆ ਇਹ ਨਾਂ ਬਾਵੇ ਦੇ ਸਾਹਮਣੇ?’’
‘‘ਨੋ ਸਰ।’’ ਆਯਾ ਦੀ ਆਵਾਜ਼ ਲਗਭਗ ਗਿੜਗਿੜਾਉਣ ਵਾਲ਼ੀ ਸੀ, ‘‘ਮੈਂ ਤਾਂ ਹਮੇਸ਼ਾ ਪੂਰੀ ਨਿਗਰਾਨੀ ਰੱਖਦੀ ਹਾਂ। ਬਹੁਤ ਅਲਰਟ ਰਹਿੰਦੀ ਹਾਂ ਇਸ ਮਾਮਲੇ ਵਿੱਚ। ਮੈਂ ਆਪ ਵੀ ਅਜਿਹੀਆਂ ਗੰਦੀਆਂ ਚੀਜ਼ਾਂ ਪਸੰਦ ਨਹੀਂ ਕਰਦੀ।’’
‘‘ਫਿਰ ਇਹ ਕਿਹੜੇ ਜਾਂਗਲ਼ੀ ਦੀ ਕਰਤੂਤ ਹੈ?’’ ਇਸ ਵਾਰੀ ਸਾਹਬ ਦੀ ਗਰਜ ਆਸਮਾਨ ਕੰਬਾ ਦੇਣ ਵਾਲ਼ੀ ਸੀ। ਫਿਰ ਉਹ ਆਪਣੀ ਪਤਨੀ ਕੋਲ਼ ਪਹੁੰਚਿਆ, ‘‘ਮੈਂ ਤੈਨੂੰ ਹਮੇਸ਼ਾ ਵਾਰਨ ਕਰਦਾ ਰਿਹੈਂ ਕਿ ਬੱਚੇ ਦੇ ਮਾਮਲੇ ਵਿੱਚ ਪੂਰੀ ਕੇਅਰ ਰੱਖੋ। ਨੌਕਰਾਂ-ਚਾਕਰਾਂ ਦੇ ਭਰੋਸੇ ਬਹੁਤਾ ਛੱਡਣਾ ਚੰਗੀ ਗੱਲ ਨਹੀਂ। ਇਹ ਲੋਕ ਖ਼ੁਦ ਗੰਦਗੀ ’ਚੋਂ ਪੈਦਾ ਹੋਏ ਕੀੜੇ ਨੇ ਤੇ ਹਮੇਸ਼ਾ ਉਸੇ ਗੰਦਗੀ ਨਾਲ ਚੁੰਬੜੇ ਰਹਿੰਦੇ ਨੇ। ਜ਼ਰਾ ਧਿਆਨ ਕਰ, ਹੁਣ ਤੋਂ ਹੀ ਅਜਿਹੀਆਂ ਚੀਜ਼ਾਂ ਦੇ ਟੱਚ ਵਿੱਚ ਆਉਣ ਨਾਲ ਬਾਵੇ ਦੀ ਡਿਵੈਲਪਮੈਂਟ ਕਿੰਨੀ ਡਿਸਟਰਬ ਹੋਵੇਗੀ। ਮੈਂ ਦੇਖਿਆ ਏ, ਤੈਨੂੰ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਹੀ ਨਹੀਂ।’’
‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ…।’’
ਸਾਹਬ ਦੇ ਚਿਹਰੇ ’ਤੇ ਅੰਤਾਂ ਦੀ ਪੀੜ ਘਿਰ ਆਈ। ਗੁੱਸਾ ਤਾਂ ਖ਼ੈਰ ਸੀ ਹੀ। ਉਸ ਨੂੰ ਆਪਣੀ ਮਹਾਨ ਔਲਾਦ ਦੇ ਮੂੰਹੋਂ ਹਿੰਦੋਸਤਾਨ ਸ਼ਬਦ ਸੁਣਨਾ ਇਉਂ ਲੱਗ ਰਿਹਾ ਸੀ, ਜਿਵੇਂ ਆਦਮ ਨੇ ਸੇਬ ਖਾ ਲਿਆ ਹੋਵੇ। ‘‘ਸੁਣੋ ਜੀ।’’ ਪਤਨੀ ਦੀ ਰੋਣਹਾਕੀ ਆਵਾਜ਼ ਆਈ, ‘‘ਕੁਝ ਕਰੋ ਨਾ… ਦੇਖੋ ਬਾਵਾ ਕਿੰਨਾ ਮਚਲ ਰਿਹਾ ਏ।’’
ਪਤਨੀ ਦੀ ਉਸ ਬੇਨਤੀ ਦਾ ਅਸਰ ਸਾਹਬ ’ਤੇ ਹੋਇਆ। ਸਾਹਬ ਨੂੰ ਵੀ ਗੱਲ ਦੀ ਤਹਿ ਤੱਕ ਗੋਤਾ ਲਾਉਣਾ ਜ਼ਰੂਰੀ ਲੱਗਿਆ। ਬਾਵਾ ਮਚਲ ਰਿਹਾ ਸੀ। ਚੀਕਾਂ ਮਾਰ-ਮਾਰ ਰੋ ਰਿਹਾ ਸੀ, ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ… ਪਾਪਾ, ਮੈਂ ਹਿੰਦੋਸਤਾਨ ਲਊਂਗਾ…।’’
ਘਰ ਵਿੱਚ ਮੌਜੂਦ ਸਾਰੇ ਖਿਡੌਣਿਆਂ ਦਾ ਢੇਰ ਬਾਵੇ ਦੇ ਸਾਹਮਣੇ ਲਾ ਦਿੱਤਾ ਗਿਆ, ਨਵੇਂ ਨਕੋਰ ਤੇ ਕੀਮਤੀ ਖਿਡੌਣੇ। ਰਿਸ਼ਵਤ ਵਿੱਚ ਜਿੰਨੀਆਂ ਚੀਜ਼ਾਂ ਘਰ ਆਈਆਂ ਸਨ, ਉਨ੍ਹਾਂ ਵਿੱਚ ਕਈ ਬਹੁਤ ਕੀਮਤੀ ਖਿਡਾਉਣੇ ਵੀ ਸਨ। ਬਾਵੇ ਦੇ ਜਨਮ ਦਿਨ ’ਤੇ ਲੋਕਾਂ ਨੇ ਬਾਵੇ ਦੇ ਪਾਪਾ ਨੂੰ ਕੀਮਤੀ ਖਿਡੌਣਿਆਂ ਦੀ ਰਿਸ਼ਵਤ ਦਿੱਤੀ ਸੀ। ਲਗਭਗ ਸਾਰੇ ਖਿਡੌਣੇ ਹੀ ਵਿਦੇਸ਼ੋਂ ਆਏ ਸਨ। ਉਂਝ ਵੀ ਉਸ ਘਰ ਵਿੱਚ ਦੇਸ਼ ਜਾਂ ਕਿਸੇ ਦੇਸੀ ਚੀਜ਼ ਦਾ ਆਉਣਾ ਤਾਂ ਕੀ, ਜ਼ਿਕਰ ਕਰਨਾ ਵੀ ਮਨ੍ਹਾਂ ਸੀ। ਸਾਹਬ ਕਾਫ਼ੀ ਸਮੇਂ ਤੋਂ ਇਸ ਕੋਸ਼ਿਸ਼ ਵਿੱਚ ਵੀ ਸੀ ਕਿ ਨੌਕਰ-ਚਾਕਰ ਵੀ ਇੰਪੋਰਟਡ ਲਿਆਂਦੇ ਜਾਣ, ਪਰ ਅਜੇ ਤੱਕ ਕੋਈ ਜੁਗਾੜ ਨਹੀਂ ਸੀ ਬਣ ਸਕਿਆ। ਬਾਵੇ ਨੇ ਉਨ੍ਹਾਂ ਖਿਡੌਣਿਆਂ ਵੱਲ ਅੱਖ ਉਠਾ ਕੇ ਵੀ ਨਾ ਦੇਖਿਆ ਤੇ ਹੋਰ ਵੀ ਉੱਚੀ-ਉੱਚੀ ਰੋਂਦਾ ਜ਼ਮੀਨ ’ਤੇ ਲਿਟਦਾ ਰਿਹਾ, ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ।’’
‘‘ਬੇਟਾ, ਇਹ ਦੇਖੋ ਤਾਂ ਸਹੀ, ਕਿੰਨੀਆਂ ਸਾਰੀਆਂ ਵਧੀਆ-ਵਧੀਆ ਚੀਜ਼ਾਂ ਨੇ, ਟਰੇਨ, ਏਅਰੋਪਲੇਨ, ਹੈਲੀਕਾਪਟਰ, ਸੈੱਲਾਂ ਵਾਲ਼ੀਆਂ ਕਾਰਾਂ… ਇਨ੍ਹਾਂ ਨਾਲ ਖੇਡੋ ਨਾ… ਤੂੰ ਵੀ ਕਿਹੜੀ ਚੀਜ਼ ਲੈਣ ਲਈ ਰੋਣ ਲੱਗਿਆ ਏਂ! ਅੱਛੇ ਬੱਚੇ ਹੋ ਬੇਟੇ! ਇਹੋ ਜਿਹੀ ਚੀਜ਼ ਨਹੀਂ ਮੰਗਿਆ ਕਰਦੇ।’’ ਸਾਹਬ ਨੇ ਆਪਣੇ ਚਿਰੰਜੀਵ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ‘‘ਨਹੀਂ ਪਾਪਾ, ਮੈਂ ਹਿੰਦੋਸਤਾਨ ਹੀ ਲਊਂਗਾ।’’
ਇਸ ਵਾਰੀ ਸਾਹਬ ਨੂੰ ਥੋੜ੍ਹਾ ਗੁੱਸਾ ਵੀ ਆਇਆ। ਉਸ ਦੇ ਮਨ ਵਿੱਚ ਆਇਆ ਕਿ ਇਕ ਅੱਧ ਥੱਪੜ ਹੀ ਜੜ ਦੇਵੇ ਉਸ ਦੇ, ਪਰ ਬੱਚੇ ਨੂੰ ਮਾਰਨਾ ਕੁੱਟਣਾ ਵੀ ਠੀਕ ਨਹੀਂ ਸੀ। ਉਹ ਮਨ ਮਾਰ ਕੇ ਰਹਿ ਗਿਆ। ਉਸ ਨੇ ਆਪਣੇ ਦੋਸਤ ਮਾਥਰ ਨੂੰ ਫੋਨ ਕੀਤਾ। ਇਸ ਬਾਰੇ ਉਹ ਉਸ ਕੋਲੋਂ ਸਲਾਹ ਲੈਣੀ ਚਾਹੁੰਦਾ ਸੀ। ਮਾਥਰ ਨੇ ਸਾਰੀ ਗੱਲ ਸੁਣੀ ਤੇ ਬੋਲਿਆ, ‘‘ਰੀਅਲੀ, ਇਟ ਇਜ਼ ਵੈਰੀ ਸੀਰੀਅਸ ਪਰਾਬਲਮ! ਤੁਸੀਂ ਆਪਣੇ ਬੱਚੇ ਦੀ ਠੀਕ ਤਰ੍ਹਾਂ ਨਾਲ ਕੇਅਰ ਨਹੀਂ ਕਰ ਰਹੇ। ਬੱਚਿਆਂ ਦੇ ਮਾਮਲੇ ਵਿੱਚ ਤਾਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ, ਮੇਰੇ ਭਾਈ। ਉਨ੍ਹਾਂ ਨੂੰ ਐਸੀਆਂ-ਵੈਸੀਆਂ ਚੀਜ਼ਾਂ ਤੋਂ ਬਹੁਤ ਦੂਰ ਰੱਖਣਾ ਚਾਹੀਦਾ ਹੈ। ਬੱਚਾ, ਜੇ ਹੁਣ ਤੋਂ ਹੀ ਅਜਿਹੀਆਂ ਬੇਕਾਰ ਚੀਜ਼ਾਂ ਦੇ ਟੱਚ ਵਿੱਚ ਆ ਗਿਆ ਤਾਂ ਉਸ ਦੀ ਲਾਈਫ ਹੀ ਬਰਬਾਦ ਹੋ ਜਾਵੇਗੀ। ਅੱਗੇ ਚੱਲ ਕੇ ਸਾਡੇ ਬੱਚਿਆਂ ਨੇ ਇਸ ਮੁਲਕ ’ਤੇ ਰਾਜ ਕਰਨਾ ਹੈ। ਚਾਹੇ ਇਹ ਸਾਡੀ ਮਜਬੂਰੀ ਹੈ ਕਿ ਅਸੀ ਉਨ੍ਹਾਂ ਨੂੰ ਰਾਜ ਕਰਨ ਲਈ ਇਸ ਤੋਂ ਚੰਗਾ ਮੁਲਕ ਜੁਟਾ ਨਹੀਂ ਸਕਦੇ। ਫੇਰ ਵੀ ਅਜੇ ਤਾਂ ਘੱਟੋ-ਘੱਟ ਉਨ੍ਹਾਂ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।’’
ਮਾਥਰ ਦੀ ਸਲਾਹ ਨੇ ਉਸ ਨੂੰ ਹੋਰ ਵੀ ਉਦਾਸ ਕਰ ਦਿੱਤਾ। ਉਦਾਸ ਵੀ ਤੇ ਪਰੇਸ਼ਾਨ ਵੀ। ਬਾਵਾ ਲਗਾਤਾਰ ਰੋਈ ਜਾ ਰਿਹਾ ਸੀ, ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ… ਪਾਪਾ, ਮੈਂ ਹਿੰਦੋਸਤਾਨ ਲਊਂਗਾ…।’’
ਸਾਹਬ ਹੋਰ ਗੰਭੀਰ ਹੋ ਗਿਆ। ਜੇ ਉਹ ਮੁਗਲ ਬਾਦਸ਼ਾਹ ਹੁੰਦਾ ਤਾਂ ਇਸੇ ਘੜੀ ਆਪਣੇ ਸਹਿਜ਼ਾਦੇ ਦੇ ਖੇਡਣ ਲਈ ਪੂਰੇ ਦਾ ਪੂਰਾ ਹਿੰਦੋਸਤਾਨ ਪੇਸ਼ ਕਰ ਦਿੰਦਾ, ਪਰ ਮੁਸ਼ਕਲ ਤਾਂ ਇਹੋ ਸੀ ਕਿ ਉਹ ਇਸ ਮੁਲਕ ਵਿੱਚ ਇਕ ਆਈ.ਏ.ਐੱਸ. ਅਫ਼ਸਰ ਸੀ। ਚਾਹੇ ਮੁਲਕ ’ਤੇ ਉਸ ਵਰਗੇ ਕਈ ਆਈ.ਏ.ਐੱਸ. ਅਫ਼ਸਰ ਹੀ ਹਕੂਮਤ ਕਰ ਰਹੇ ਸਨ, ਪਰ ਇਸ ਦੇ ਬਾਵਜੂਦ ਸਾਰੇ ਮੁਲਕ ਨੂੰ ਛੁਣਛਣਾ ਬਣਾ ਕੇ ਆਪਣੇ ਕੁਲਦੀਪਕ ਦੇ ਹੱਥ ਵਿੱਚ ਖੇਡਣ ਲਈ ਨਹੀਂ ਸੀ ਫੜਾਇਆ ਜਾ ਸਕਦਾ। ਅੱਜ ਉਸ ਨੂੰ ਆਪਣੀ ਬੇਵਸੀ ਪੂਰੀ ਤਰ੍ਹਾਂ ਖਟਕ ਰਹੀ ਸੀ। ਆਪਣੀ ਇਕਲੌਤੀ ਔਲਾਦ ਦੀ ਤੁੱਛ ਜਿਹੀ ਖ਼ਾਹਿਸ਼ ਉਹ ਪੂਰੀ ਨਹੀਂ ਕਰ ਰਿਹਾ ਸੀ। ਆਖ਼ਿਰ ਮੰਗ ਵੀ ਕੀ ਰਿਹਾ ਏ! ਹਿੰਦੋਸਤਾਨ ਹੀ ਨਾ! ਜਿਸ ਆਦਮੀ ਦੀ ਆਵਾਜ਼ ’ਤੇ ਪੂਰਾ ਡਿਪਾਰਟਮੈਂਟ ਕੰਬ ਉੱਠਦਾ ਹੋਵੇ, ਲੋਕਾਂ ਦੇ ਸਾਹ ਸੂਤੇ ਜਾਂਦੇ ਹੋਣ, ਉਹ ਆਪਣੇ ਬੱਚੇ ਨੂੰ ਖੇਡਣ ਵਾਸਤੇ ਹਿੰਦੋਸਤਾਨ ਵੀ ਪੇਸ਼ ਨਹੀਂ ਕਰ ਸਕਦਾ। ਲੱਖ ਲਾਹਣਤ ਹੈ, ਇਹੋ ਜਿਹੀ ਅਫ਼ਸਰੀ ’ਤੇ… ਬੱਚਾ ਵੱਡਾ ਹੋ ਕੇ ਕੀ ਸੋਚੇਗਾ ਕਿ ਉਸ ਦਾ ਪਾਪਾ ਉਸ ਦੇ ਬਚਪਨ ਵਿੱਚ ਖੇਡਣ ਲਈ ਹਿੰਦੋਸਤਾਨ ਵੀ ਲਿਆ ਕੇ ਨਹੀਂ ਸੀ ਦੇ ਸਕਿਆ। ਬੱਚੇ ਦੀਆਂ ਛੋਟੀਆਂ-ਛੋਟੀਆਂ ਇੱਛਾਵਾਂ, ਜੇ ਪੂਰੀਆਂ ਨਾ ਹੋਣ ਤਾਂ ਫਰੱਸਟ੍ਰੇਸ਼ਨ ਵਧਦੀ ਹੈ ਤੇ ਬੱਚੇ ਦਾ ਸੁਭਾਵਿਕ ਵਿਕਾਸ ਰੁਕ ਜਾਂਦਾ ਹੈ। ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ।’’ ਬੱਚੇ ਦਾ ਵਿਰਲਾਪ ਵਧਦਾ ਜਾ ਰਿਹਾ ਸੀ ਤੇ ਸਾਹਬ ਦਾ ਦੁੱਖ। ਦੁਨੀਆ ਵਿੱਚ ਲੋਕ ਬੱਚਿਆਂ ਲਈ ਪਤਾ ਨਹੀਂ ਕੀ ਕੀ ਕਰ ਗੁਜ਼ਰਦੇ ਨੇ। ਮਾੜੇ ਤੋਂ ਮਾੜਾ ਭਿਖਾਰੀ ਵੀ ਆਪਣੇ ਬੱਚਿਆਂ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਕ ਉਹ ਹੈ ਕਿ ਵੱਡਾ ਅਫ਼ਸਰ ਬਣਿਆ ਘੁੰਮ ਰਿਹਾ ਹੈ, ਪਰ ਬੱਚੇ ਨੂੰ ਖੇਡਣ ਲਈ ਹਿੰਦੋਸਤਾਨ ਵੀ ਲਿਆ ਕੇ ਨਹੀਂ ਦੇ ਸਕਦਾ। ਜੇ ਇਹੋ ਹਾਲ ਹੈ ਤਾਂ ਪਤਾ ਨਹੀਂ ਦਫ਼ਤਰ ਵਿੱਚ ਹਕੂਮਤ ਕਿਵੇਂ ਕਰਦਾ ਹੋਵੇਗਾ! ਸਾਹਬ ਗੁੱਸੇ ਅਤੇ ਆਪਾ-ਨਫ਼ਰਤ ਦੇ ਸਾਗਰ ਵਿੱਚ ਡੁੱਬ ਗਿਆ। ‘‘ਪਾਪਾ, ਮੈਂ ਹਿੰਦੋਸਤਾਨ ਲਊਂਗਾ।’’ ਬਾਵੇ ਦੀ ਪੀੜ ਭਰੀ ਆਵਾਜ਼ ਫਿਰ ਗੂੰਜੀ। ਮੰਮੀ ਦਾ ਦਿਲ ਹਿੱਲ ਗਿਆ। ‘‘ਸੁਣੋ ਜੀ।’’ ਉਹ ਆਪਣੇ ਅਫ਼ਸਰ ਪਤੀ ਵੱਲ ਦਰਦ ਭਰੀ ਨਜ਼ਰ ਨਾਲ਼ ਵੇਖਦੀ ਬੋਲੀ, ‘‘ਬਾਵੇ ਦਾ ਰੋਣ ਹੁਣ ਮੈਥੋਂ ਦੇਖਿਆ ਨਹੀਂ ਜਾਂਦਾ। ਪਲੀਜ਼, ਕੁਝ ਵੀ ਕਰੋ, ਪਰ ਖੇਡਣ ਲਈ ਬਾਵੇ ਨੂੰ ਹਿੰਦੋਸਤਾਨ ਜ਼ਰੂਰ ਲਿਆ ਕੇ ਦਿਓ। ਮਿਸਿਜ਼ ਭਟਨਾਗਰ, ਮਿਸਿਜ਼ ਚੋਪੜਾ, ਮਿਸਿਜ਼ ਗਰਗ ਕੀ ਸੋਚਣਗੀਆਂ? ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗੇਗਾ, ਸ਼ਰਮ ਦੇ ਮਾਰੇ ਮੈਂ ਤਾਂ ਉਨ੍ਹਾਂ ਅੱਗੇ ਸਿਰ ਨਹੀਂ ਉਠਾ ਸਕਾਂਗੀ। ਸਾਰੀ ਰੈਪੂਟੇਸ਼ਨ ਚੌਪਟ ਹੋ ਜਾਵੇਗੀ। ਮਿਸਿਜ਼ ਗਰਗ ਆਪਣੇ ਵੱਡੇ ਬੇਟੇ ਨੂੰ ਅਗਲੇ ਸਾਲ ਸ਼ਿਕਾਗੋ ਅਡਮੀਸ਼ਨ ਦਿਵਾ ਰਹੀ ਏ। ਮਿਸਿਜ਼ ਚੋਪੜਾ ਦੀ ਲੜਕੀ ਨੂੰ ਯੂ.ਕੇ. ਦੀ ਸਕਾਲਰਸ਼ਿੱਪ ਮਨਜ਼ੂਰ ਹੋ ਗਈ ਏ। ਬਾਕੀ ਸਭ ਵੀ ਆਪਣੇ ਬੱਚਿਆਂ ਲਈ ਪਤਾ ਨਹੀਂ ਕੀ ਕੀ ਕਰ ਰਹੇ ਨੇ। ਇਕ ਅਸੀਂ ਹਾਂ ਕਿ ਆਪਣੇ ਲਾਡਲੇ ਨੂੰ ਖੇਡਣ ਲਈ ਹਿੰਦੋਸਤਾਨ ਵੀ ਲਿਆ ਕੇ ਨਹੀਂ ਦੇ ਸਕਦੇ।’’
ਆਪਣੀ ਅਰਧਾਂਗਣੀ ਦੇ ਬਚਨ ਅਫ਼ਸਰ ਪਤੀ ਨੂੰ ਜ਼ਹਿਰੀ ਬਾਣ ਵਾਂਗ ਆ ਲੱਗੇ। ਉਸ ਨੂੰ ਜਿਵੇਂ ਇਕ ਚੁਣੌਤੀ ਦਿੱਤੀ ਗਈ ਹੋਵੇ। ਹੁਣ ਤੱਕ ਕਮਾਈ ਗਈ ਅਤੇ ਸਮੇਂ-ਸਮੇਂ ’ਤੇ ਵਰਤੀ ਗਈ ਸਾਰੀ ਅਫ਼ਸਰੀ, ਊਰਜਾ ਤੇ ਯੋਗਤਾ ਦੇ ਇਮਤਿਹਾਨ ਦਾ ਇਹੋ ਸਮਾਂ ਸੀ। ਆਖ਼ਰ ਉਹ ਕੀ ਨਹੀਂ ਸੀ ਕਰ ਸਕਦਾ! ਉਹ ਕਾਗਜ਼ਾਂ ਉੱਤੇ ਹੀ ਬੰਨ੍ਹ ਬਣਵਾ ਕੇ ਹੜ੍ਹ ਵਿੱਚ ਉਨ੍ਹਾਂ ਨੂੰ ਵਹਾ ਸਕਦਾ ਸੀ। ਕਿਸੇ ਦੀ ਕੀ ਮਜਾਲ ਕਿ ਉਸ ਵੱਲ ਜ਼ਰਾ ਭਰ ਵੀ ਉਂਗਲ਼ ਉਠਾ ਸਕੇ। ਰਾਮਪੁਰੇ ਦੀ ਨਦੀ ’ਤੇ ਪੁਲ਼ ਬਣਾਉਣ ਦੀ ਮਨਜ਼ੂਰੀ ਤੋਂ ਬਾਅਦ ਉਸ ਨੇ ਪੁਲ਼ ਦਾ ਪੂਰਾ ਨਿਰਮਾਣ ਅਤੇ ਅੰਤ ਵਿੱਚ ਜ਼ਮੀਨ ਧਸ ਜਾਣ ’ਤੇ ਪੂਰਾ ਪੁਲ਼ ਢਹਿ ਢੇਰੀ ਹੋ ਜਾਣ ਦੇ ਸਾਰੇ ਕੰਮ ਕਾਗਜ਼ਾਂ ਉੱਤੇ ਹੀ ਨਿਪਟਾ ਦਿੱਤੇ ਸਨ। ਚਾਹੇ ਮਾੜਾ-ਮੋਟਾ ਸ਼ੋਰ ਪਿਆ ਜ਼ਰੂਰ, ਪਰ ਇਸ ਕਮਾਈ ’ਚੋਂ ਉਸ ਨੇ ਦੋ ਫਲੈਟ ਆਪਣੇ ਸਾਲ਼ੇ ਅਤੇ ਬੀਵੀ ਦੇ ਨਾਂ ’ਤੇ ਬਣਵਾ ਲਏ। ਇਕ ਟਰੱਕ ਪਾ ਲਿਆ। ਕਿਉਂਕਿ ਰੌਲ਼ਾ ਪੈ ਗਿਆ ਸੀ, ਇਸ ਲਈ ਕੁਝ ਨਾ ਕੁਝ ਤਾਂ ਹੋਣਾ ਹੀ ਸੀ। ਉਸ ਦਾ ਵਿਭਾਗ ਬਦਲ ਦਿੱਤਾ ਗਿਆ। ਹੁਣ ਉਸ ਨੂੰ ਵਣ ਵਿਭਾਗ ਮਿਲ ਗਿਆ ਸੀ। ਉੱਥੇ ਵੀ ਉਸ ਨੇ ਆਪਣੀ ਜਨਮ ਜਾਤ ਪ੍ਰਤਿਭਾ ਦਾ ਵਧੀਆ ਸਬੂਤ ਦਿੱਤਾ। ਜੰਗਲਾਂ ਦੇ ਜੰਗਲ ਕਟਵਾ ਦਿੱਤੇ ਗਏ। ਜਦੋਂ ਪਲਾਂਟੇਸ਼ਨ ਸ਼ੁਰੂ ਹੋਈ ਤਾਂ ਕਾਗਜ਼ਾਂ ਉੱਤੇ ਹੀ ਲੱਖਾਂ ਪੌਦੇ ਲਗਵਾ ਦਿੱਤੇ ਗਏ। ਪੌਦੇ ਵੱਡੇ ਵੀ ਹੋ ਗਏ। ਪੂਰਾ ਜੰਗਲ ਲਹਿਰਾਉਣ ਵੀ ਲੱਗ ਪਿਆ ਤੇ ਫਿਰ ਕੱਟਿਆ ਵੀ ਗਿਆ। ਇਹ ਸਭ ਕੁਝ ਹੋਇਆ ਤੇ ਪਲਾਂਟੇਸ਼ਨ ਦੇ ਨਾਂ ’ਤੇ ਆਇਆ ਸਾਰਾ ਪੈਸਾ ਸਾਹਬ ਦੇ ਬੈਂਕ-ਬੈਲੈਂਸ ਦੀ ਸ਼ੋਭਾ ਵਧਾਉਣ ਲੱਗਾ। ਜਦੋਂ ਉਹ ਏਨਾ ਕੁਝ ਕਰ ਕੇ ਵਿਖਾ ਸਕਦਾ ਸੀ, ਕਰ ਕੇ ਵਿਖਾ ਵੀ ਚੁੱਕਾ ਸੀ ਤਾਂ ਆਪਣੇ ਕੁਲਦੀਪਕ ਦੇ ਖੇਡਣ ਵਾਸਤੇ ਹਿੰਦੋਸਤਾਨ ਲਿਆ ਕੇ ਨਾ ਦੇ ਸਕਣਾ ਬੇਤੁਕੀ ਤੇ ਵਿਸ਼ਵਾਸੋਂ ਬਾਹਰੀ ਗੱਲ ਸੀ। ਅਚਾਨਕ ਸਾਹਬ ਦੇ ਆਈ.ਏ.ਐੱਸ. ਦਿਮਾਗ਼ ਵਿੱਚ ਇਕ ਤਰਕੀਬ ਬਿਜਲੀ ਵਾਂਗ ਲਿਸ਼ਕ ਗਈ। ਉਸ ਨੂੰ ਯਾਦ ਆਇਆ ਕਿ ਇਕ ਹਿੰਦੀ ਕਵੀ ਨੇ ਅਜੇ ਪਰਸੋਂ ਹੀ ਇਕ ਕਵੀ ਸੰਮੇਲਨ ਵਿੱਚ ਅਸਲੀ ਹਿੰਦੋਸਤਾਨ ਦੀ ਤਸਵੀਰ ਪੇਸ਼ ਕਰਦੇ ਹੋਏ ਇਕ ਹੱਡੀਆਂ ਦਾ ਢਾਂਚਾ, ਪਿਚਕੀਆਂ ਹੋਈਆਂ ਗੱਲ੍ਹਾਂ, ਅੰਦਰ ਧਸੀਆਂ ਹੋਈਆਂ ਅੱਖਾਂ, ਟੋਏ ਵਰਗਾ ਪੇਟ, ਚੀਥੜੇ ਬਣੇ ਕੱਪੜੇ, ਜਟੂਰੀਆਂ ਵਰਗੇ ਵਾਲ਼ ਅਤੇ ਬਿਆਈਆਂ ਫਟੇ ਨੰਗੇ ਪੈਰਾਂ ਵਾਲ਼ੇ ਆਦਮੀ ਦਾ ਜ਼ਿਕਰ ਕੀਤਾ ਸੀ। ਵੈਸੇ ਸਾਹਬ ਦਾ ਕਿਸੇ ਕਵਿਤਾ-ਕੁਵਤਾ ਵਰਗੀ ਫਜ਼ੂਲ ਚੀਜ਼ ਨਾਲ਼ ਕੋਈ ਵਾਹ-ਵਾਸਤਾ ਨਹੀਂ ਸੀ, ਪਰ ਉਸ ਦਿਨ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਨੂੰ ਸਰਕਾਰੀ ਖ਼ਰਚ ’ਤੇ ਹੋਣ ਵਾਲੇ ਕਵੀ ਸੰਮੇਲਨ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ ਸੀ। ਇਸ ਲਈ ਉਸ ਨੂੰ ਵੀ ਨਾਲ਼ ਜਾਣਾ ਪਿਆ ਸੀ। ਉੱਥੇ ਹੀ ਕਿਸੇ ਕਵੀ ਨੇ ਅਸਲੀ ਹਿੰਦੋਸਤਾਨ ਦਾ ਖ਼ਾਕਾ ਖਿੱਚਦਿਆਂ ਇਹੋ ਜਿਹੇ ਆਦਮੀ ਦਾ ਜ਼ਿਕਰ ਕੀਤਾ ਸੀ ਅਤੇ ਦਾਅਵੇ ਨਾਲ਼ ਕਿਹਾ ਸੀ ਕਿ ਇਹੋ ਹੈ ਅਸਲੀ ਹਿੰਦੋਸਤਾਨ!
ਮੰਤਰੀ ਜੀ ਵਾਹ-ਵਾਹ ਕਰ ਉੱਠੇ ਸਨ। ਉਸ ਨੂੰ ਵੀ ਵਾਹ-ਵਾਹ ਕਰਨੀ ਪਈ ਸੀ। ਉਦੋਂ ਤਾਂ ਭਾਵੇਂ ਕਵਿਤਾ ਉਸ ਦੇ ਖਾਨੇ ’ਚ ਨਹੀਂ ਸੀ ਪਈ, ਪਰ ਇਸ ਸਮੇਂ ਉਸ ਦੀ ਅਸਲੀਅਤ ਅਤੇ ਲੋੜ ਇਕਦਮ ਸਮਝ ਆ ਗਈ। ਉਸ ਨੇ ਫੌਰਨ ਪੀ.ਏ. ਨੂੰ ਹੁਕਮ ਚਾੜ੍ਹਿਆ ਕਿ ਇਸ ਤਰ੍ਹਾਂ ਦਾ ਆਦਮੀ ਫੜ ਕੇ ਉਸ ਦੇ ਸਾਹਮਣੇ ਹਾਜ਼ਰ ਕੀਤਾ ਜਾਵੇ। ਪੀ.ਏ. ਬਾਹਰ ਵੱਲ ਦੌੜਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਇਨਸਾਨਾਂ ਦੀ ਕਮੀ ਘੱਟੋ-ਘੱਟ ਪ੍ਰਸ਼ੰਸਾਯੋਗ ਰਿਸ਼ੀਆਂ-ਮੁਨੀਆਂ ਦੀ ਧਰਤੀ ’ਤੇ ਬਿਲਕੁਲ ਨਹੀਂ ਹੈ। ਸੋ ਦਸਾਂ ਮਿੰਟਾਂ ਵਿੱਚ ਹੀ ਬਿਲਕੁਲ ਉਹੋ ਜਿਹਾ ਆਦਮੀ ਫੁਟਪਾਥ ਤੋਂ ਫੜ ਕੇ ਸਾਹਬ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਗਿਆ। ਸਾਹਬ ਨੇ ਇਕ ਵਾਰੀ ਉਸ ਹੱਡੀਆਂ ਦੇ ਢਾਂਚੇ ਨੂੰ ਸਿਰ ਤੋਂ ਪੈਰਾਂ ਤੱਕ ਘੂਰਿਆ ਤੇ ਖ਼ੁਸ਼ ਹੋ ਕੇ ਬੋਲਿਆ, ‘‘ਗੁੱਡ… ਵੈਰੀ ਗੁੱਡ… ਇਟ ਇਜ਼ ਰੀਅਲੀ ਏ ਹਿੰਦੋਸਤਾਨ।’’
ਉਸ ਹਿੰਦੋਸਤਾਨ ਨੂੰ ਸਾਹਬ ਦੇ ਸਾਹਮਣੇ ਉਕੜੂ ਬਿਠਾ ਦਿੱਤਾ ਗਿਆ। ਫਿਰ ਬਾਵੇ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਸਾਹਬ ਬੋਲਿਆ, ‘‘ਬੇਟੇ, ਤੈਨੂੰ ਖੇਡਣ ਲਈ ਹਿੰਦੋਸਤਾਨ ਚਾਹੀਦਾ ਸੀ ਨਾ? … ਆਹ ਦੇਖ… ਬੱਸ ਹੁਣ ਚੁੱਪ ਕਰ ਜਾ।’’
ਬਾਵੇ ਨੇ ਆਪਣੇ ਸਾਹਮਣੇ ਉਕੜੂ ਬੈਠੇ ਹਿੰਦੋਸਤਾਨ ਵੱਲ ਦੇਖਿਆ। ਉਹ ਸ਼ਾਂਤ ਹੋ ਗਿਆ। ਉਸ ਦੀ ਜਾਨ ਵਿੱਚ ਜਾਨ ਆ ਗਈ। ਉਸ ਨੇ ਉਸ ਦੇ ਗਿਰਦ ਦੋ ਚੱਕਰ ਲਾਏ। ਉਸ ਦੇ ਵਾਲ਼ ਪੁੱਟੇ। ਨੱਕ, ਕੰਨ ਖਿੱਚ ਖਿੱਚ ਕੇ ਦੇਖੇ। ਉਸ ਦੇ ਚੀਥੜਿਆਂ ਨੂੰ ਹੋਰ ਫਾੜ ਕੇ ਦੇਖਿਆ। ਆਪਣੇ ਨਰਮ, ਕੂਲ਼ੇ, ਛੋਟੇ-ਛੋਟੇ ਹੱਥਾਂ ਨਾਲ ਉਸ ਦੇ ਮੂੰਹ ’ਤੇ ਕਈ ਚਪੇੜਾਂ ਮਾਰੀਆਂ। ਉਸ ਦੇ ਸਾਹਮਣੇ ਸ਼ਾਂਤ ਬੈਠਾ ਹਿੰਦੋਸਤਾਨ ਕੁਝ ਵੀ ਨਾ ਕੂਇਆ। ਬਾਵੇ ਨੂੰ ਯਕੀਨ ਹੋ ਗਿਆ ਕਿ ਉਸ ਦੇ ਸਾਹਮਣੇ ਜਿਹੜੀ ਸ਼ੈਅ ਲਿਆ ਕੇ ਧਰੀ ਗਈ ਹੈ, ਉਹ ਹਿੰਦੋਸਤਾਨ ਹੀ ਹੈ… ਅਸਲੀ ਹਿੰਦੋਸਤਾਨ। ਇਸ ਨਾਲ ਹੀ ਉਸ ਨੇ ਖੇਡਣਾ ਸੀ। ਉਹ ਤਾੜੀਆਂ ਮਾਰਨ ਲੱਗਾ। ਫਿਰ ਕਿਲਕਾਰੀ ਮਾਰ ਕੇ ਜ਼ੋਰ ਦੀ ਹੱਸਿਆ। ਉਕੜੂ ਬੈਠੇ ਹਿੰਦੋਸਤਾਨ ਦੇ ਮੋਢਿਆਂ ਅਤੇ ਗਰਦਣ ’ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਸਾਹਬ ਨੇ ਉਸ ਨੂੰ ਆਪਣੇ ਸਖ਼ਤ ਹੱਥਾਂ ਨਾਲ ਚੁੱਕ ਕੇ ਹਿੰਦੋਸਤਾਨ ਦੀ ਗਰਦਨ ’ਤੇ ਸਵਾਰ ਕਰ ਦਿੱਤਾ। ਹਿੰਦੇਸਤਾਨ ਚੁੱਪ-ਗੜੁੱਪ, ਡਰੀਆਂ ਸਹਿਮੀਆਂ ਅੱਖਾਂ ਨਾਲ ਇੱਕੋ ਪਾਸੇ ਬਿਟਰ-ਬਿਟਰ ਝਾਕ ਰਿਹਾ ਸੀ। ਕੋਈ ਹਿਲਜੁਲ ਨਹੀਂ ਸੀ ਕਰ ਰਿਹਾ। ਉਹ ਕਿਸੇ ਮੂਰਤੀ ਵਾਂਗ ਸਥਿਰ ਸਭ ਕੁਝ ਸਹਿ ਰਿਹਾ ਸੀ। ਬਾਵੇ ਨੇ ਗਰਦਨ ਉੱਤੇ ਸਵਾਰ ਹੋਣ ਮਗਰੋਂ ਹਿੰਦੋਸਤਾਨ ਦੇ ਵਾਲ਼ ਘੁੱਟ ਕੇ ਫੜ ਲਏ। ਡਰਾਇੰਗ ਰੂਮ ਵਿੱਚ ਬਾਵੇ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਬਾਵੇ ਦੀ ਮੰਮੀ ਦਾ ਚਿਹਰਾ ਖਿੜ ਗਿਆ। ਆਯਾ ਅਤੇ ਸਾਰੇ ਨੌਕਰਾਂ-ਚਾਕਰਾਂ ਨੇ ਸੁੱਖ ਦਾ ਸਾਹ ਮਹਿਸੂਸ ਕੀਤਾ। ਸਾਹਬ ਨੇ ਆਪਣੀ ਆਈ.ਏ.ਐੱਸ. ਬੁੱਧੀ ’ਤੇ ਮਾਣ ਕਰਦੇ ਹੋਏ ਅਫ਼ਸਰੀ ਰੋਹਬ ਨਾਲ ਆਪਣੀ ਅਰਧਾਂਗਣੀ ਵੱਲ ਵੇਖਿਆ। ਫਿਰ ਨੌਕਰਾਂ ਨੂੰ ਹੁਕਮ ਦਿੱਤਾ ਕਿ ਹਿੰਦੋਸਤਾਨ ਨੂੰ ਖਾਣ ਲਈ ਰੋਜ਼ ਘਰ ਦੀ ਜੂਠ ਦਿੱਤੀ ਜਾਵੇ। ਜਦੋਂ ਬਾਵੇ ਨੂੰ ਉਸ ਨਾਲ ਖੇਡਣ ਦੀ ਲੋੜ ਨਾ ਹੋਵੇ ਤਾਂ ਉਸ ਨੂੰ ਬਾਹਰ ਬਰਾਂਡੇ ਵਿੱਚ ਬੰਨ੍ਹ ਦਿੱਤਾ ਜਾਵੇ। ਧਿਆਨ ਰੱਖਿਆ ਜਾਵੇ ਕਿ ਹਿੰਦੋਸਤਾਨ ਕਿਧਰੇ ਦੌੜ ਨਾ ਜਾਵੇ। ਇਕ ਨੌਕਰ ਨੂੰ ਭੇਜ ਕੇ ਹਿੰਦੋਸਤਾਨ ਦੇ ਗਲ਼ੇ ਦੇ ਨਾਪ ਦਾ ਪਟਾ ਅਤੇ ਜ਼ੰਜੀਰ ਮੰਗਵਾ ਲਏ ਗਏ। ਉਸ ਸਮੇਂ ਤੋਂ ਹੀ ਹਿੰਦੋਸਤਾਨ ਉਸੇ ਬਰਾਂਡੇ ਵਿੱਚ ਬੰਨ੍ਹਿਆ ਹੋਇਆ ਹੈ। ਸਾਹਬ ਦੇ ਘਰ ਦੀ ਜੂਠ ਖਾਂਦਾ ਹੈ ਅਤੇ ਸਾਹਬ ਦੇ ਬਾਵੇ ਦੇ ਖੇਡਣ ਦੇ ਕੰਮ ਆਉਂਦਾ ਹੈ।
– ਪੰਜਾਬੀ ਰੂਪ: ਗੁਰਦਿਆਲ ਦਲਾਲ
ਸੰਪਰਕ: 098141-85363