ਦਵਿੰਦਰ ਵਰਮਾ
ਦੋ ਦਹਾਕੇ ਪਹਿਲਾਂ ਦਿਲ ਦੇ ਦੌਰੇ ਨਾਲ ਹੋਈ ਪਿਤਾ ਦੀ ਮੌਤ ਮਗਰੋਂ ਕਬੀਲਦਾਰੀ ਦੀ ਵਾਗਡੋਰ ਲੈਰੀ ਜਿਹੀ ਉਮਰ ’ਚ ਹੀ ਮੇਰੇ ਹੱਥ ਆ ਗਈ ਸੀ। ਉਮਰ ਦੇ ਇਸ ਬੇਹੱਦ ਤਿਲ੍ਹਕਵੇਂ ਪੜਾਅ ’ਤੇ ਅਚਾਨਕ ਮੁਅੱਸਰ ਹੋਈ ਇਹ ਵਿੱਤੀ ਖੁੱਲ੍ਹ ਤੇ ਨਜ਼ਰਸਾਨੀ ਦੀ ਅਣਹੋਂਦ ਨੇ ਮੇਰੇ ਰਾਹ ’ਚ ਇੱਕ ਤੋਂ ਬਾਅਦ ਇੱਕ ਟੋਏ ਪੁੱਟਣੇ ਸ਼ੁਰੂ ਕਰ ਦਿੱਤੇ ਸਨ। ਅੱਲ੍ਹੜ ਉਮਰ ’ਚ ਕੀਤੀਆਂ ਇਨ੍ਹਾਂ ਮਨਮਰਜ਼ੀਆਂ ਦੇ ਸਿੱਟੇ ਮੈਨੂੰ ਕਿੰਨੇ ਵਕਫ਼ੇ ਲਈ ਭੁਗਤਣੇ ਪੈਣਗੇ, ਇਸ ਬਾਰੇ ਸੋਚਣ ਲਈ ਮੇਰੇ ਕੋਲ ਕਦੇ ਵਕਤ ਹੀ ਨਹੀਂ ਸੀ ਬਚਦਾ। ਹਿੱਸੇ ਆਈ ਤਨਹਾਈ ਦੇ ਇਸ ਆਲਮ ’ਚ ਮੇਰੇ ਪੱਲੇ ਗਹਿਰੇ ਮਲਾਲ ਤੋਂ ਸਿਵਾ ਕੁਝ ਵੀ ਨਹੀਂ ਸੀ ਬਚਿਆ। ਲਿਹਾਜ਼ਾ, ਹਰ ਪਾਸਿਉਂ ਲਾਚਾਰ ਹੋ ਕੇ ਮੈਂ ਪਛਤਾਵੇ ਦੇ ਘੋੜੇ ਦਿਨ ’ਚ ਕਈ ਵਾਰ ਬੜੀ ਤੇਜ਼ੀ ਨਾਲ ਦੌੜਾਉਂਦਾ, ਪਰ ਹਰ ਵਾਰ ਕਿਸੇ ਰਾਹਤ ਦੀ ਥਾਂ ਇਹ ਨੈਣ ਛਲਕਾ ਕੇ ਹਾਰ-ਹੰਭ ਜਾਂਦੇ। ਬੇਸ਼ੱਕ ਗੱਲ ਕਿਸੇ ਸਮੇਂ ਰਵਾਇਤੀ ਨਸ਼ਿਆਂ ਅਫ਼ੀਮ, ਭੁੱਕੀ ਤੋਂ ਸ਼ੁਰੂ ਹੋਈ ਸੀ, ਪਰ ਜ਼ਿੰਦਗੀ ਦੀ ਉਥਲ ਪੁਥਲ ’ਚ ਅਸਥਾਈ ਸਕੂਨ ਭਾਲਦਿਆਂ ਇਹ ਚੰਦਰੀ ਲਤ ਕਦੋਂ ਮੈਡੀਕਲ ਨਸ਼ਿਆਂ ਤੱਕ ਜਾ ਅੱਪੜੀ ਸੀ, ਇਸ ਬਾਰੇ ਗਹਿਰਾਈ ਨਾਲ ਸੋਚਣ ’ਤੇ ਵੀ ਕੋਈ ਮਖ਼ਸੂਸ ਦਿਨ ਮਹੀਨਾ ਹੱਥ ਨਹੀਂ ਆਉਂਦਾ ਸੀ। ਅੱਜ ਦਿਨ ਢਲੇ ਅਚਾਨਕ ਫੋਨ ਦੀ ਘੰਟੀ ਵੱਜੀ। ਇਕਲੌਤੀ ਭੈਣ ਕਰਮਜੀਤ ਦਾ ਫੋਨ ਸੀ। ਭੈਣ ਜੋ ਕਿਸੇ ਸਮੇਂ ਸਹੁਰੇ ਪਰਿਵਾਰ ਦੀ ਪੜਤਾਲ ਨਾ ਹੋ ਸਕਣ ਕਾਰਨ ਖ਼ੁਦ ਵੀ ਸਿਰੇ ਦੇ ਨਸ਼ੱਈ ਨਾਲ ਵਿਆਹੀ ਗਈ ਸੀ। ਜੀਜਾ ਹਰਮਨ ਹਰ ਸਮੇਂ ਨਸ਼ੇ ’ਚ ਧੁੱਤ ਰਹਿੰਦਾ ਸੀ ਤੇ ਆਪਣੀਆਂ ਮਾੜੀਆਂ ਆਦਤਾਂ ਕਾਰਨ ਕਿਸੇ ਨੌਕਰੀ ਜਾ ਕੰਮ ਕਾਜ ਤੇ ਬਹੁਤੀ ਦੇਰ ਨਹੀਂ ਟਿਕਦਾ ਸੀ। ਆਏ ਦਿਨ ਜੀਜਾ ਨਸ਼ਿਆਂ ਦੀ ਪੂਰਤੀ ਲਈ ਭੈਣ ਤੋਂ ਪੈਸੇ ਮੰਗਦਾ ਤੇ ਜਵਾਬ ਮਿਲਣ ’ਤੇ ਉਹਨੂੰ ਬੁਰੀ ਤਰ੍ਹਾਂ ਕੁੱਟਦਾ ਤੇ ਗਾਲੀ ਗਲੋਚ ਕਰਦਾ। ਇਸ ਮਾਰ ਕੁਟਾਈ ਨੂੰ ਪਿਓ ਵਾਹਰੀ ਭੈਣ ਬੇਸ਼ੱਕ ਕਈ ਸਾਲਾਂ ਤੋਂ ਸਹਿਣ ਕਰ ਰਹੀ ਸੀ, ਪਰ ਉਹਨੇ ਦੋਹਾਂ ਜੀਆਂ ਦੀ ਨਿੱਕੀ ਮੋਟੀ ਨੋਕ ਝੋਕ ਦੇ ਸਿਵਾ ਸਾਨੂੰ ਕਦੇ ਕੁਝ ਨਹੀਂ ਦੱਸਿਆ ਸੀ।
ਮੈਂ ਫੋਨ ਚੁੱਕਦਿਆਂ ‘ਹੈਲੋ’ ਕਿਹਾ। ਅੱਗੋਂ ਭੈਣ ਦੀ ਉਦਾਸੀ ਭਰੀ ਆਵਾਜ਼ ਸੀ, ‘‘ਹੈਲੋ, ਕੀ ਹਾਲ ਹੈ ਗੁਰਜੀਤ ਵੀਰੇ?’’ ‘‘ਸਭ ਠੀਕ ਠਾਕ। ਤੂੰ ਸੁਣਾ ਭੈਣੇ! ਸਭ ਰਾਜੀ ਖੁਸ਼ੀ ਐ?’’ ਮੈਂ ਰਸਮੀ ਤੌਰ ’ਤੇ ਪੁੱਛਿਆ। ‘‘ਬੱਸ ਵੀਰੇ ਮੇਰੀ ਜ਼ਿੰਦਗੀ ’ਚ ਨੀ ਕਦੇ ਕੁਛ ਠੀਕ ਹੋ ਸਕਦਾ।’’ ਸ਼ਾਇਦ ਇਸ ਵਾਰ ਗੱਲ ਵੱਸ ਤੋਂ ਬਾਹਰ ਹੋ ਜਾਣ ਕਾਰਨ ਭੈਣ ਦਾ ਤਹੱਮਲ ਜਵਾਬ ਦੇ ਗਿਆ ਸੀ ਤੇ ਉਸ ਨੇ ਮੈਨੂੰ ਹਾਲ ਹੀ ’ਚ ਵਾਪਰੀ ਕੋਈ ਵਿਥਿਆ ਦੱਸਣ ਲਈ ਫੋਨ ਕੀਤਾ ਸੀ। ਬੇਸ਼ੱਕ ਉਹ ਗੱਲ ਨੂੰ ਘੁੰਮਾ ਫਿਰਾ ਕੇ ਦੱਸਣਾ ਚਾਹੁੰਦੀ ਸੀ, ਪਰ ਉਹਦੀ ਨਿਰਾਸ਼ਾ ਭਰੀ ਆਵਾਜ਼ ਸੁਣ ਕੇ ਮੈਨੂੰ ਸਮਝਦਿਆਂ ਦੇਰ ਨਹੀਂ ਲੱਗੀ। ‘‘ਤੂੰ ਦੱਸ ਭੈਣੇ ਹੋਇਆ ਕੀ ਆ?’’ ਮੈਂ ਬਿਨਾਂ ਭੂਮਿਕਾ ਦੇ ਸਪਸ਼ਟ ਗੱਲ ਸੁਣਨੀ ਚਾਹੀ। ਉਹਨੇ ਭੁੱਬਾਂ ਮਾਰਦੀ ਨੇ ਗੱਲ ਸ਼ੁਰੂ ਕੀਤੀ, ‘‘ਕੱਲ੍ਹ ਫੇਰ ਇਹਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਵੀਰੇ। ਮੈਂ ਜਾਨ ਬਚਾ ਕੇ ਗਲੀ ’ਚ ਵੀ ਭੱਜੀ, ਪਰ ਇਹਨੇ ਮੈਨੂੰ ਗਲੀ ਵਿੱਚ ਆ ਕੇ ਵੀ ਸਾਰੇ ਮੁਹੱਲੇ ਸਾਹਮਣੇ ਮਾਰ ਕੁਟਾਈ ਕਰ ਕੇ ਬੇਇੱਜ਼ਤ ਕੀਤਾ। ਮੈਂ ਨਿੱਤ ਦਾ ਕਲੇਸ਼ ਤੇ ਮਾਰ-ਕੁੱਟ ਸਹਿਣ ਕਰਦੀ ਹੁਣ ਹਾਰ ਗਈ ਆਂ ਵੀਰੇ… ਮੈਂ ਆਪਣਾ ਤੇ ਬੱਚਿਆਂ ਦਾ ਸਮਾਨ ਪੈਕ ਕਰ ਕੇ ਕੱਲ੍ਹ ਪਵਨ ਵੀਰੇ ਨੂੰ ਫੋਨ ਕਰ ਦਿੱਤਾ ਸੀ ਤੇ ਉਹ ਆ ਕੇ ਮੈਨੂੰ ਕੱਲ੍ਹ ਆਪਣੇ ਕੋਲ ਚੰਡੀਗੜ੍ਹ ਲੈ ਗਿਆ। ਮੈਂ ਇਸ ਨਿਰਦਈ ਕੋਲ ਹੋਰ ਨਹੀਂ ਰਹਿ ਸਕਦੀ ਵੀਰੇ। ਜੇ ਮੈਂ ਆਪਣਾ ਤੇ ਪਰਿਵਾਰ ਦਾ ਖਰਚਾ ਆਪਣੀ ਕਮਾਈ ’ਚੋਂ ਹੀ ਕਰਨਾ ਹੈ ਫੇਰ ਮੈਨੂੰ ਇਸ ਤੋਂ ਨਿੱਤ ਬੇਇੱਜ਼ਤੀ ਕਰਵਾ ਕੇ ਕੁੱਟ ਖਾਣ ਦੀ ਕੀ ਲੋੜ ਹੈ। ਮੈਂ ਅਲੱਗ ਰਹਿ ਕੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕਰ ਲਵਾਂਗੀ।’’ ਸਾਰੀ ਵਿਥਿਆ ਸੁਣਨ ਮਗਰੋਂ ਮੈਨੂੰ ਉਹਦੀ ਅੰਤਿਮ ਦਲੀਲ ਬੇਹੱਦ ਨਰੋਈ ਜਾਪੀ, ਬੇਸ਼ੱਕ ਇਸ ਦਲੀਲ ਤੱਕ ਪੁੱਜਣ ਅਤੇ ਇਸ ਨੂੰ ਜ਼ਾਹਿਰ ਕਰਨ ’ਚ ਉਹਨੇ ਕਈ ਸਾਲਾਂ ਦੀ ਦੇਰ ਕਰ ਦਿੱਤੀ ਸੀ। ਅਗਲੇ ਕੁਝ ਦਿਨਾਂ ਬਾਅਦ ਪਵਨ ਭੈਣ ਨੂੰ ਪਿੰਡ ਛੱਡ ਗਿਆ ਤੇ ਮੈਂ ਉਸ ਨਾਲ ਐੱਸ ਪੀ ਦਫ਼ਤਰ ਜਾ ਕੇ ਜੀਜੇ ਤੇ ਉਹਦੇ ਪਰਿਵਾਰ ਖਿਲਾਫ਼ ਇਸ ਮਾਰ ਕੁਟਾਈ ਦੇ ਇਨਸਾਫ਼ ਲਈ ਅਰਜ਼ੀ ਫਾਈਲ ਕਰਵਾ ਦਿੱਤੀ ਸੀ। ਅਰਜ਼ੀ ’ਤੇ ਕਾਰਵਾਈ ਕਰਦਿਆਂ ਐੱਸ ਪੀ ਦਫ਼ਤਰ ਵੱਲੋਂ ਤਿੰਨ ਦਿਨ ਬਾਅਦ ਨਿਰਧਾਰਿਤ ਕੀਤੀ ਤਰੀਕ ’ਤੇ ਸਾਨੂੰ ਦੋਹਾਂ ਧਿਰਾਂ ਨੂੰ ਆਪੋ ਆਪਣੇ ਚੰਦ ਮੋਹਤਬਰ ਬੰਦਿਆਂ ਨਾਲ ਹਾਜ਼ਰ ਹੋਣ ਦੀ ਤਾਕੀਦ ਕਰ ਦਿੱਤੀ ਗਈ ਸੀ। ਭੈਣ ਦਾ ਰੱਤੀ ਭਰ ਕਸੂਰ ਨਾ ਹੋਣ ਕਾਰਨ ਅਸੀਂ ਬਹੁਤਾ ਲਾਮ ਲਸ਼ਕਰ ਨਾਲ ਲਿਜਾਣਾ ਠੀਕ ਨਾ ਸਮਝਿਆ। ਦੋਵੇਂ ਧਿਰਾਂ ਪੜਤਾਲੀਆ ਅਫ਼ਸਰ ਸਾਹਮਣੇ ਪੇਸ਼ ਕਰ ਦਿੱਤੀਆਂ ਗਈਆਂ ਸਨ। ਦੋਵੇਂ ਧਿਰਾਂ ਵੱਲੋਂ ਆਪੋ ਆਪਣੇ ਪੱਖ ਰੱਖਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ। ਸੱਤਰਾਂ ਨੂੰ ਢੁੱਕੇ ਭੈਣ ਦੇ ਸਹੁਰੇ ’ਚ ਬੇਸ਼ੱਕ ਅਜੇ ਕੁਝ ਇਨਸਾਨੀਅਤ ਬਾਕੀ ਸੀ, ਪਰ ਸੱਸ ਤੇ ਦਿਓਰ ਅਕਸਰ ਲੜਾਈ ਦੇ ਆਗਾਜ਼ ਲਈ ਜ਼ਿੰਮੇਵਾਰ ਬਣਦੇ ਸਨ। ਜੀਜਾ ਉਨ੍ਹਾਂ ਦੀ ਸ਼ਹਿ ਪਾ ਕੇ ਹੋਰ ਵੀ ਮਸਤ ਜਾਂਦਾ ਸੀ। ਮਾਸੜ ਜੋ ਲੜਾਈ ਲਈ ਜੀਜੇ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਉਕਸਾਉਂਦਾ ਨਹੀਂ ਸੀ, ਪਰ ਆਪਣੇ ਹੁੱਕੇ ਪਾਣੀ ’ਤੇ ਲੱਗਣ ਵਾਲੀ ਪਾਬੰਦੀ ਤੋਂ ਡਰਦਾ ਪਰਿਵਾਰ ਦਾ ਪੱਖ ਪੂਰਨ ਲਈ ਮਜਬੂਰ ਹੋ ਜਾਂਦਾ ਸੀ। ਅੱਜ ਫੇਰ ਸ਼ਾਇਦ ਉਸ ਨੂੰ ਘਰੋਂ ਜ਼ੋਰ ਸ਼ੋਰ ਨਾਲ ਝੂਠ ਬੋਲਣ ਦੀ ਤਾਕੀਦ ਕਰ ਕੇ ਲਿਆਂਦਾ ਗਿਆ ਸੀ। ਇਸੇ ਕਾਰਨ ਉਹ ਨੂੰਹ ’ਤੇ ਅੱਖਾਂ ਸਾਹਮਣੇ ਹੋਏ ਅੱਤਿਆਚਾਰ ਦੀ ਗਵਾਹੀ ਭਰਨ ਦੀ ਬਜਾਏ ਉਲਟਾ ਭੈਣ ਨੂੰ ਹੀ ਦੋਸ਼ੀ ਠਹਿਰਾ ਰਿਹਾ ਸੀ। ਦੋਵਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਗੱਲਬਾਤ ਉੱਚੀ ਆਵਾਜ਼ ਤੇ ਰੌਲੇ-ਰੱਪੇ ’ਚ ਬਦਲਦੀ ਹੋਈ ਬਹਿਸ ਤੱਕ ਅੱਪੜ ਗਈ ਸੀ। ਐੱਸ ਪੀ ਸਾਹਿਬ ਵੱਲੋਂ ਕਈ ਵਾਰ ਸਖ਼ਤ ਰੁਖ਼ ਅਪਣਾਉਂਦੇ ਹੋਏ ਦੋਵੇਂ ਧਿਰਾਂ ਨੂੰ ਸ਼ਾਂਤੀ ਨਾਲ ਵਾਰੋ ਵਾਰੀ ਆਪਣੀ ਗੱਲ ਰੱਖਣ ਦੀ ਹਦਾਇਤ ਕੀਤੀ ਗਈ। ਸਾਡੇ ਵੱਲੋਂ ਕੁੜੀ ’ਤੇ ਹੁਣ ਤੱਕ ਹੋਏ ਤਸ਼ੱਦਦ ਦੇ ਹਵਾਲੇ ਨਾਲ ਬੇਹੱਦ ਨਰੋਈਆਂ ਦਲੀਲਾਂ ਰੱਖੀਆਂ ਗਈਆਂ ਜਿਨ੍ਹਾਂ ਦੇ ਜਵਾਬ ’ਚ ਜੀਜੇ ਤੇ ਉਹਦੇ ਨਾਲ ਆਏ ਮੋਹਤਬਰਾਂ ਕੋਲ ਬੋਲਣ ਲਈ ਕੁਝ ਵੀ ਨਹੀਂ ਸੀ। ਜੀਜੇ ਵੱਲੋਂ ਕੋਈ ਵਾਹ ਚਲਦੀ ਨਾ ਦੇਖ ਕਈ ਮਨਘੜਤ ਕਹਾਣੀਆਂ ਜ਼ਰੀਏ ਭੈਣ ’ਤੇ ਗੰਭੀਰ ਦੋਸ਼ ਲਗਾਏ ਗਏ, ਪਰ ਯਥਾਰਥ ਤੋਂ ਸੱਖਣੇ ਇਨ੍ਹਾਂ ਦੋਸ਼ਾਂ ਨੂੰ ਉਹਦੇ ਨਾਲ ਆਏ ਮੋਹਤਬਰਾਂ ਨੇ ਵੀ ਮਲ਼ਵੀਂ ਜੀਭ ਨਾਲ ਹੀ ਤਸਲੀਮ ਕੀਤਾ। ਮੁਖ਼ਤਸਰ ਭੈਣ ਵੱਲੋਂ ਹੁਣ ਤੱਕ ਸਹੇ ਸਭ ਤਸ਼ੱਦਦ ਬਿਆਨ ਕਰਨ ਮਗਰੋਂ ਸਾਡਾ ਪੱਖ ਪੂਰੀ ਤਰ੍ਹਾਂ ਭਾਰੂ ਹੋ ਨਿੱਬੜਿਆ ਸੀ। ਐੱਸ.ਪੀ. ਸਾਹਿਬ ਨੇ ਸਾਰੀ ਗੱਲਬਾਤ ਗਹੁ ਨਾਲ ਸੁਣਦਿਆਂ ਜੀਜੇ ਦੀਆਂ ਕਈ ਗ਼ਲਤੀਆਂ ਦੇ ਇਵਜ਼ ’ਚ ਉਹਨੂੰ ਕਰੜੀ ਝਾੜ ਵੀ ਪਾ ਦਿੱਤੀ ਸੀ। ਇਸ ਝਾੜ ਦਾ ਸਭ ਤੋਂ ਵੱਧ ਦੁੱਖ ਮਾਸੀ (ਭੈਣ ਦੀ ਸੱਸ) ਨੂੰ ਪਹੁੰਚਿਆ ਸੀ, ਪਰ ਦਲੀਲਾਂ ਨਰੋਈਆਂ ਹੋਣ ਕਾਰਨ ਉਹਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ। ਭੈਣ ਦੀ ਸੱਸ ਜੋ ਬੋਲਣ ’ਚ ਪੂਰੀ ਤੇਜ਼ ਤਰਾਰ ਸੀ, ਨੇ ਮਾਮੂਲੀ ਚੁੱਪ ਦਾ ਫ਼ਾਇਦਾ ਚੁੱਕਦਿਆਂ ਮੁੜ ਬੋਲਣਾ ਸ਼ੁਰੂ ਕੀਤਾ, “ਦੱਸ ਭਾਈ ਲੜਾਈ ਝਗੜੇ ਕੀਹਦੇ ਘਰੇ ਨਹੀਂ ਹੁੰਦੇ? ਹੈਂ! ਮਾੜਾ ਜਾ ਤੂੰ ਵੀ ਨਿਮਿਆ ਕਰ ਬਹੂ। ਕੀ ਹੋ ਗਿਆ ਅਜੇ ਇਹਦੇ ਕੋਲ ਨੌਕਰੀ ਨਹੀਂ ਹੈਗੀ। ਹੌਲੀ ਹੌਲੀ ਲੱਭਲੂਗਾ ਆਪੇ। ਤੂੰ ਦੇ ਦਿਆ ਕਰ ਪੈਸੇ ਜੇ ਕਦੇ ਮੰਗਦੈ ਕੋਈ ਸਮਾਨ ਸੱਪਾ ਲਿਆਉਣ ਨੂੰ। ਜੇ ਬੋਲਦੈ ਤੂੰ ਚੁੱਪ ਕਰ ਜਾਇਆ ਕਰ, ਮੂਹਰੋਂ ਨਾ ਬੋਲਿਆ ਕਰ।’’ ਮਾਸੀ ਅਸਿੱਧੇ ਤੌਰ ’ਤੇ ਭੈਣ ਨੂੰ ਚੁੱਪਚਾਪ ਤਸ਼ੱਦਦ ਸ਼ਹਿਣ ਦੀ ਆਦਤ ਪਾਉਣ ਲਈ ਕਹਿ ਰਹੀ ਸੀ। ‘‘ਐਂ ਕਿਮੇਂ ਨਾ ਬੋਲਿਆ ਕਰੇ ਮਾਸੀ! ਐਂ ਕੁੱਟ ਨੀ ਖਾਧੀ ਜਾਂਦੀ ਬੰਦੇ ਤੋਂ ਚੁੱਪ ਕਰ ਕੇ। ਵੀ ਨਾਲੇ ਬੰਦਾ ਪਸ਼ੂਆਂ ਮਾਂਗੂ ਕੰਮ ਕਰ ਕੇ ਘਰ ਚਲਾਵੇ, ਬੱਚੇ ਪਾਲੇ ਤੇ ਨਾਲੇ ਵਿਹਲੇ ਬੰਦੇ ਨੂੰ ਨਸ਼ਿਆਂ ਲਈ ਕੱਢ ਕੱਢ ਕੇ ਪੈਸੇ ਦੇਈ ਜਾਵੇ। ਉੱਤੋਂ ਤੁਸੀਂ ਤੇ ਮਾਸੜ ਜੀ ਕੋਲ ਖੜ੍ਹੇ ਛਡਾਉਂਦੇ ਤੱਕ ਨੀ ਕੁੜੀ ਨੂੰ … ਹੈਂ। ਉਹ ਗਲੀ ’ਚ ਭੱਜ ਕੇ ਜਾਨ ਬਚਾਉਂਦੀ ਐ ਤੀਜੇ ਦਿਨ।’’ ਮੈਂ ਬਿਨਾਂ ਰੁਕੇ ਮਾਸੀ ਦੀਆਂ ਚਾਰ ਗੱਲਾਂ ਬਦਲੇ ਅੱਠ ਸੁਣਾ ਦਿੱਤੀਆਂ ਸਨ। ‘‘ਕੋਈ ਨਾ ਭਾਈ ਲੱਭਣ ਲੱਗ ਰਿਹੈ ਨੌਕਰੀ, ਮਿਲਜੂਗੀ ਫੇਰ ਵਗ ਜਾਇਆ ਕਰੂਗਾ ਕੰਮ ’ਤੇ। ਜੇ ਥੋਡੀ ਨਿਗ੍ਹਾ ’ਚ ਹੈਗੀ ਐ ਕੋਈ ਨੌਕਰੀ ਫੇਰ ਤੁਸੀਂ ਦਵਾਦੋ ਹੋਰ ਕੀ ਐ।’’ ਮਾਸੀ ਨੇ ਨੌਕਰੀ ਬਾਰੇ ਆਪਣੇ ਪੱਧਰ ’ਤੇ ਭੱਜ-ਨੱਠ ਕਰਨ ਦੀ ਬਜਾਏ ਉਲਟਾ ਖਰ੍ਹਵੀ ਆਵਾਜ਼ ’ਚ ਮੈਨੂੰ ਨਹੋਰਾ ਮਾਰਿਆ। ਮਾਸੀ ਦਾ ਇਹ ਬੇਤੁਕਾ ਜਿਹਾ ਨਹੋਰਾ ਸੁਣ ਕੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਗੱਲ ਇੱਕ ਵਾਰ ਫੇਰ ਸਿਰੇ ਲਾਉਣੀ ਚਾਹੀ। ‘‘ਮਾਸੀ, ਕਮਾਲ ਐ ਥੋਡੀ! ਵਿਤੋਂ ਬਾਹਰ ਜਾ ਕੇ ਪੜ੍ਹੀ ਲਿਖੀ ਕੁੜੀ ਵਿਆਹੀ ਐ ਥੋਡੇ ਮੁੰਡੇ ਨਾਲ। ਮੁੰਡੇ ਦੀ ਨੌਕਰੀ ਨੀ ਆਦਰੀ ਸੀ ਵਿਆਹ ਵੇਲੇ। ਨਾਲੇ 20 ਨੌਕਰੀਆਂ ਕਰ ਲਈਆਂ ਇਹਨੇ 20 ਸਾਲਾਂ ’ਚ, ਕੱਟਦਾ ਤਾਂ ਚਾਰ ਦਿਨ ਨੀ ਕਿਸੇ ’ਤੇ।’’ ਮੈਂ ਗੁੱਸੇ ’ਚ ਜੀਜੇ ਲਈ ਵਰਤੇ ਹਰਫ਼ਾਂ ਨੂੰ ‘ਤੂੰ-ਤੜੱਕ’ ’ਤੇ ਲੈ ਆਇਆ ਸੀ। ‘‘ਨਾਲੇ ਅਸੀਂ ਇਹਦੀ ਨੌਕਰੀ ਤੋਂ ਕੁਛ ਨੀ ਲੈਣਾ, ਨਾ ਇਹਦੀ ਕਮਾਈ ਤੋਂ ਕੁਛ ਲੈਣਾ। ਨੌਕਰੀ ਕਰੇ ਨਾ ਕਰੇ, ਸਾਨੂੰ ਕੋਈ ਲੈਣਾ ਦੇਣਾ ਨੀ। ਕੁੜੀ ਸੂਲੀ ਚੜ੍ਹ ਕੇ ਜਦੋਂ 10 ਸਾਲਾਂ ਦੀ ਬੱਚੇ ਪਾਲ ਰਹੀ ਐ ਨਾਲੇ ਇਹਦਾ ਬੱਬਰ ਭਰ ਰਹੀ ਐ। ਆਪੇ ਹੋਰ ਕਰਲੂਗੀ। ਗੱਲ ਤਾਂ ਅਸਲ ਇਹਦੇ ਨਸ਼ਿਆਂ ਦੀ ਐ। ਹੁਣ ਰੋਜ਼ ਤਾਂ ਡੱਕ ਕੇ ਗੋਲੀਆਂ ਦਾ ਇਹ ਮਾਰਦਾ-ਕੁੱਟਦੈ ਕੁੜੀ ਨੂੰ… ਹੈਂ, ਉੱਤੋਂ ਜਦੋਂ ਕਸਰ ਰਹਿ ਜਾਂਦੀ ਐ ਅੱਗ ਸੁਆਹ ਦੀ ਫੇਰ ਹੋਰ ਪੈਸੇ ਮੰਗਦੈ ਕੁੜੀ ਤੋਂ। ਜੇ ਉਹ ਦੇ ਦਿੰਦੀ ਐ ਤਾਂ ਠੀਕ ਐ, ਜੇ ਨਹੀਂ ਦਿੰਦੀ ਫੇਰ ਮਾਰ ਕੁਟਾਈ ਕਰਦੈ। ਕੈ ਹੀਲੇ ਥੋਡੀਆਂ ਅੱਖਾਂ ਸਾਹਮਣੇ ਹੋਏ ਨੀ? ਬੜ ਗੁਰਦੁਆਰੇ ਜੇ ਨਹੀਂ ਹੋਏ। ਕਮਾਲ ਐ! ਸਾਡੇ ਭਾਵੇਂ ਤਾਂ ਵਿਹਲਾ ਰਹੇ ਜਮਾਂ ਡੱਕਾ ਨਾ ਕਮਾਵੇ। ਸਾਨੂੰ ਤਾਂ ਇਤਰਾਜ਼ ਇਹ ਐ ਵੀ ਡੱਕ ਕੇ ਅੱਗ ਸਵਾਹ ਨਾਲ ਇਹ ਤੀਏ ਦਿਨ ਕਿਉਂ ਇੱਜਤ ਰੋਲਦੈ ਕੁੜੀ ਦੀ। ਡਾਂਗ ਨਾਲ ਰੋਕੋ ਚਾਹੇ ਪਿਆਰ ਨਾਲ ਰੋਕੋ। ਹੈਂ… ਕਿਉਂ ਨੀ ਬੰਦੋਬਸਤ ਕਰਦੇ ਇਹਦਾ? ਕੱਲ੍ਹ ਨੂੰ ਜੇ ਅੱਕ ਕੇ ਕੁੜੀ ਨੇ ਕੋਈ ਜਾਹ ਜਾਂਦੀ ਕਰਲੀ ਫੇਰ ਕੌਣ ਜ਼ਿੰਮੇਵਾਰ ਐ? ਦੱਸੋ…?’’ ‘‘ਗੱਲ ਤਾਂ ਕਾਕਾ ਤੇਰੀ ਠੀਕ ਐ,’’ ਜੀਜੇ ਦੇ ਕਿਸੇ ਰਿਸ਼ਤੇਦਾਰ ਨੇ ਮੇਰੀ ਆਖ਼ਰੀ ਗੱਲ ’ਤੇ ਸਿਰ ਹਿਲਾਉਂਦੇ ਹੋਏ ਹਾਮੀ ਭਰੀ। ‘‘ਜਿੰਨਾ ਚਿਰ ਤਾਂ ਇਹ ਐਂਈ ਨਸ਼ੇ ਕਰੂਗਾ ਉਨਾ ਚਿਰ ਤਾਂ ਮਤਲਬ ਈ ਨੀ ਵੀ ਕੁੜੀ ਐਥੇ ਭੇਜ ਦੀਏ।’’ ਮੈਂ ਪਿਛਲੇ ਚੰਦ ਮਿੰਟਾਂ ’ਚ ਜੀਜੇ ਦੇ ਨਸ਼ਿਆਂ ਬਾਰੇ ਇੰਨਾ ਕੁਝ ਕਹਿ ਗਿਆ ਸੀ ਕਿ ਹੁਣ ਮੈਨੂੰ ਖ਼ੁਦ ਅੰਦਰ ਝਾਤੀ ਮਾਰਨ ’ਤੇ ਕਿਸੇ ਅਗੇਤੇ ਖ਼ੌਫ਼ ਦਾ ਆਭਾਸ ਜਿਹਾ ਹੋਣ ਲੱਗਾ ਸੀ। ਮੇਰੇ ਵੱਲੋਂ ਜੀਜੇ ਦੇ ਨਸ਼ਿਆਂ ਨੂੰ ਆਧਾਰ ਬਣਾ ਕੇ ਦਿੱਤੀਆਂ ਸਭ ਦਲੀਲਾਂ ਨੂੰ ਮਾਸੀ ਦਾ ਇੱਕੋ ਫ਼ਿਕਰਾ ਬੁਰੀ ਤਰ੍ਹਾਂ ਮਲੀਆਮੇਟ ਕਰ ਦੇਵੇਗਾ, ਇਸ ਬਾਰੇ ਮੈਂ ਸੁਪਨੇ ’ਚ ਵੀ ਨਹੀਂ ਸੋਚਿਆ ਸੀ। ਪਰ ਜੀਜੇ ਦੀ ਮਾਰਫ਼ਤ ਮੇਰੇ ਗੁੱਝੇ ਅਸਰਾਰ ਤੋਂ ਵਾਕਿਫ਼ ਮਾਸੀ ਸ਼ਾਇਦ ਇਸ ਖ਼ੌਫ਼ ਨੂੰ ਮੇਰੀ ਸਮੁੱਚੀ ਦੇਹ ’ਤੇ ਭਾਰੂ ਕਰਨ ਦਾ ਵੱਲ ਜਾਣਦੀ ਸੀ। ਆਖਰ ਢੁਹ ਲਗਦੀ ਦੇਖ ਉਹਨੇ ਤਿਉੜੀਆਂ ਨਾਲ ਭਰੇ ਮੱਥੇ ਨਾਲ ਆਪਣੀਆਂ ਅੱਖਾਂ ਮੇਰੇ ਆਰ ਪਾਰ ਕਰਦੇ ਹੋਏ ਅਜਿਹਾ ਅੰਤਿਮ ਬਿਆਨ ਦਾਗਿਆ ਜਿਸ ਨੇ ਮੇਰੇ ਜ਼ਿਹਨ ਵਿਚਲੇ ਖ਼ੌਫ਼ ਨੂੰ ਹਕੀਕਤ ’ਚ ਤਬਦੀਲ ਕਰ ਦਿੱਤਾ ਸੀ। “ਨਸ਼ਾ ਕੌਣ ਨੀ ਕਰਦਾ ਭਾਈ? ਦੁਨੀਆਂ ਕਰਦੀ ਐ ਨਸ਼ਾ। ਅਸੀਂ ਕਿਹੜਾ ਜਾਣਦੇ ਨੀ ਵੀ ਕੌਣ ਕੀ ਕੁਛ ਝੁਲਸਦੈ। ਸਾਥੋਂ ਕੀ ਭੁੱਲਿਐ ਕੁਛ। … ਦੱਸ! ਸਾਡਾ ਮੁੰਡਾ ਕੀ ਨਿਆਰਾ ਕਰਦੈ ਨਸ਼ਾ। ਬਥੇਰੇ ਦੇਖੇ ਨੇ ਜਿਨ੍ਹਾਂ ਨੇ ਜ਼ਮੀਨ ਜੈਦਾਦ ਵੀ ਲੁਟਾਤੀ ਨਸ਼ੇ ’ਚ ਈ। ਹਾਂ…! ਨਸ਼ਾ ਨਸ਼ਾ ਲਾ ਰੱਖੀ ਐ ਦੱਸ। ਕਹਿ ਤਾਂ ਦਿੱਤਾ ਵੀ ਹੁਣ ਦਵਾਈ ਚੱਲਦੀ ਐ ਛੱਡਦੂਗਾ ਆਪੇ ਹੌਲੀ ਹੌਲੀ।’’ ਮਾਸੀ ਦੇ ਇਨ੍ਹਾਂ ਬੋਲਾਂ ਨੇ ਇੱਕੋ ਝਟਕੇ ’ਚ ਮੇਰੇ ਪੈਰਾਂ ਥੱਲਿਓਂ ਭੋਰਾ ਭੋਰਾ ਜ਼ਮੀਨ ਦਾ ਖਿੱਚ ਲਿਆ ਸੀ। ਮੇਰੇ ਸੰਦਰਭ ’ਚ ਅਸਿੱਧੇ ਤੌਰ ’ਤੇ ਕਹੇ ਇਸ ਸੁਲਗ਼ਦੇ ਬਿਆਨ ਨੇ ਜਿਵੇਂ ਮੈਨੂੰ ਅਧਰੰਗ ਜਿਹਾ ਕਰ ਦਿੱਤਾ ਸੀ। ਚਾਹ ਕੇ ਵੀ ਮੇਰੀ ਜ਼ੁਬਾਨ ਕੋਈ ਹਰਕਤ ਨਹੀਂ ਸੀ ਕਰ ਰਹੀ। ਮੇਰੀਆਂ ਅੱਖਾਂ ਹੇਠਾਂ ਜ਼ਮੀਨ ’ਚ ਕਿਧਰੇ ਅਟਕ ਕੇ ਰਹਿ ਗਈਆਂ ਸਨ। ਸਰਦੀ ਹੋਣ ਦੇ ਬਾਵਜੂਦ ਮੈਨੂੰ ਮੱਥੇ ’ਤੇ ਆਇਆ ਪਸੀਨਾ ਰੰਗੇ ਹੱਥੀਂ ਫੜੇ ਗਏ ਕਿਸੇ ਮੁਜ਼ਰਿਮ ਵਿਰੁੱਧ ਭੁਗਤੀ ਗਵਾਹੀ ਜਿਹਾ ਲੱਗ ਰਿਹਾ ਸੀ। ਮਾਸੀ ਵੱਲੋਂ ਅਸਿੱਧੇ ਤੌਰ ’ਤੇ ਮੈਨੂੰ ਨਿਸ਼ਾਨਾ ਬਣਾਉਂਦਿਆਂ ਕਹੇ ਬੋਲਾਂ ਨੇ ਕਮਰੇ ’ਚ ਮੌਜੂਦ ਸਾਰੀਆਂ ਅੱਖਾਂ ਚੰਦ ਮਿੰਟਾਂ ਲਈ ਮੇਰੇ ’ਤੇ ਸਥਿਰ ਕਰ ਦਿੱਤੀਆਂ ਸਨ। ਬੇਸ਼ੱਕ ਕਈਆਂ ਨੇ ਇਹ ਸਥਿਰਤਾ ਤੋੜ ਦਿੱਤੀ ਸੀ, ਪਰ ਅਜੇ ਵੀ ਬਹੁਤੇ ਹਾਜ਼ਰੀਨ ਇਨ੍ਹਾਂ ਬੋਲਾਂ ਦੀ ਤਸਦੀਕ ਲਈ ਮੇਰੇ ਚਿਹਰੇ ਤੋਂ ਕੋਈ ਅਲਾਮਤੀ ਚਿੰਨ੍ਹ ਲੱਭਣ ਦਾ ਯਤਨ ਕਰ ਰਹੇ ਸਨ। ਲਗਭਗ ਘੰਟੇ ਭਰ ਤੋਂ ਚੱਲ ਰਹੀ ਬਹਿਸ ’ਚ ਸੱਚੀਆਂ ਤੇ ਨਰੋਈਆਂ ਦਲੀਲਾਂ ਨਾਲ ਅਸੀਂ ਆਪਣਾ ਪੱਖ ਜੋ ਲਗਭਗ ਇਕਤਰਫ਼ਾ ਭਾਰੀ ਕਰ ਚੁੱਕੇ ਸੀ, ਉਹ ਦੋਸ਼ਾਂ ਦੇ ਨਜ਼ਰੀਏ ਤੋਂ ਜਿਵੇਂ ਬਰਾਬਰ ਜਿਹਾ ਜਾਪਣ ਲੱਗਾ ਸੀ। ਇਸ ਤੋਂ ਪਹਿਲਾਂ ਕਿ ਮੇਰੇ ਵੱਲ ਝਾਕਦੀਆਂ ਸਵਾਲੀਆਂ ਨਜ਼ਰਾਂ ਨੂੰ ਮੈਂ ਕੁਝ ਸਫ਼ਾਈ ਦਿੰਦਾ, ਭੈਣ ਨੇ ਪੂਰੇ ਗੁੱਸੇ ’ਚ ਮਾਸੀ ਦੇ ਬੁਝਾਰਤੀ ਬੋਲਾਂ ਨੂੰ ਹੋਰ ਸਪਸ਼ਟ ਕਰਦੇ ਹੋਏ ਮੇਰਾ ਮੋਢਾ ਫੜ ਕਹਿਣਾ ਸ਼ੁਰੂ ਕਰ ਦਿੱਤਾ ਸੀ: ‘‘ਨਾ ਇਹਨੂੰ ਥੋਡੀ ਕੁੜੀ ਵਿਆਹੀ ਐ? ਹੈਂ…!’’ ਭੈਣ ਦੇ ਇਸ ਤਲਖ਼ ਜਵਾਬ ਨੇ ਬੇਸ਼ੱਕ ਮਾਸੀ ਦਾ ਮੂੰਹ ਤਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਪਰ ਦੂਜੇ ਪਾਸੇ ਇਸ ਜਵਾਬ ਨੇ ਮਾਸੀ ਦੇ ਬੁਝਾਰਤੀ ਬੋਲਾਂ ਨੂੰ ਮੇਰੇ ਸੰਦਰਭ ’ਚ ਪੂਰੀ ਤਰ੍ਹਾਂ ਤਸਲੀਮ ਵੀ ਕਰ ਦਿੱਤਾ ਸੀ। ਭੈਣ ਵੱਲੋਂ ਨਰੋਈ ਦਲੀਲ ਵਜੋਂ ਕਹੇ ਇਹ ਬੋਲ ਮੇਰੇ ਕੰਨਾਂ ’ਚੋਂ ਆਰ-ਪਾਰ ਹੁੰਦੇ ਹੋਏ ਮੈਨੂੰ ਹੋਰ ਵੀ ਬਿਹਬਲ ਕਰ ਗਏ ਸਨ। ਸਾਰੇ ਸਰੀਰ ’ਚ ਬਚੀ ਖੁਚੀ ਤਾਕਤ ਇਕੱਠੀ ਕਰ ਕੇ ਮੈਂ ਪੂਰੀ ਬਹਿਸ ’ਚ ਪਹਿਲੀ ਵਾਰ ਭੈਣ ਨੂੰ ਕਹਿਣ ਸ਼ੁਰੂ ਕੀਤਾ। ‘‘ਚੱਲ ਤੂੰ ਬੱਸ ਕਰ ਭੈਣੇ… ਤੂੰ ਨਾ ਬੋਲ, ਇਹਨੂੰ ਬੋਲੀ ਜਾਣ ਦੇ ਆਪਾਂ ਕੀ ਲੈਣੈ। ਤੂੰ ਬਹਿਜਾ ਪਾਣੀ ਪੀ ਲੈ।’’ ਮੈਂ ਜ਼ਿੱਦ ਕਰ ਕੇ ਕੰਬਦੇ ਹੱਥਾਂ ਨਾਲ ਭੈਣ ਨੂੰ ਬਿਠਾ ਤਾਂ ਦਿੱਤਾ ਸੀ, ਪਰ ਮੈਨੂੰ ਉਹਦੀਆਂ ਨਜ਼ਰਾਂ ’ਚ ਮਾਸੀ ਦੇ ਇਸ ਫ਼ਿਕਰੇ ਕਾਰਨ ਸਹਿਣੀ ਪਈ ਜ਼ਲਾਲਤ ਸਪਸ਼ਟ ਦਿਖਾਈ ਦੇ ਰਹੀ ਸੀ। ਕਮਰੇ ’ਚ ਇਕਦਮ ਸੁੰਨ ਜਿਹਾ ਪਸਰ ਗਿਆ ਸੀ। ਐਸ ਪੀ ਸਾਹਿਬ ਵੀ ਇਸ ਅੰਤਿਮ ਗੱਲਬਾਤ ਮਗਰੋਂ ਮੈਨੂੰ ਕਈ ਵਾਰ ਗਹਿਰੀ ਅੱਖ ਨਾਲ ਦੇਖ ਚੁੱਕੇ ਸਨ। ਘੋਰ ਤਸ਼ੱਦਦ ਸਹਿਣ ਮਗਰੋਂ ਇਨਸਾਫ਼ ਦੀ ਤਵੱਕੋ ਨਾਲ ਐਸ ਪੀ ਦਫ਼ਤਰ ਆਈ ਭੈਣ ਨੂੰ ਮੇਰੇ ਨਸ਼ੇ ਕਾਰਨ ਸਹਿਣੇ ਪਏ ਇਸ ਮਿਹਣੇ ਨੇ ਜਿਵੇਂ ਮੁਕੰਮਲ ਦੋਸ਼ੀ ਬਣਾ ਦਿੱਤਾ ਸੀ। ਜੀਜਾ ਅਤੇ ਉਹਦੇ ਨਾਲ ਆਏ ਮੋਹਤਬਰ ਜੇਤੂ ਨਜ਼ਰਾਂ ਨਾਲ ਬਾਹਰ ਨਿਕਲਣ ਲਈ ਪੈਰ ਮਲਣ ਲੱਗੇ ਸੀ। ਓਧਰ ਐਸ ਪੀ ਸਾਹਿਬ ਨੇ ਅੰਤਿਮ ਨਤਾਯਜ ਅਖ਼ਸ ਕਰ ਦੋਵੇਂ ਧਿਰਾਂ ਨੂੰ ਅਗਲੇ 20 ਦਿਨਾਂ ’ਚ ਆਪਸੀ ਤਾਲਮੇਲ ਨਾਲ ਰਾਜ਼ੀਨਾਮਾ ਕਰਨ ਦੀ ਸਲਾਹ ਦਿੰਦਿਆਂ ਦਫ਼ਤਰੋਂ ਬਾਹਰ ਕਰ ਦਿੱਤਾ ਸੀ। ਅਧਮਰੀ ਹਾਲਤ ’ਚ ਐਸ ਪੀ ਦੇ ਦਫ਼ਤਰੋਂ ਬਾਹਰ ਆਉਂਦਿਆਂ ਮੈਂ ਨਸ਼ਿਆਂ ਦੇ ਪ੍ਰਭਾਵ ਦੀ ਉਸ ਮਾਰ ਨੂੰ ਨਾਪਣ ਦਾ ਯਤਨ ਕਰ ਰਿਹਾ ਸੀ ਜਿਸ ਨੇ ਅੱਜ ਮੀਲਾਂ ਦੂਰ ਆ ਕੇ ਹਕਾਰਤ ਨਾਲ ਲਬਰੇਜ਼ ਇਨ੍ਹਾਂ ਸਿੱਟਿਆਂ ਨੂੰ ਜਨਮ ਦਿੱਤਾ ਸੀ। ਪਰ ਐਸੇ ਅਲਾਮਤੀ ਪ੍ਰਭਾਵਾਂ ਦੀ ਕੋਈ ਨਿਸ਼ਚਿਤ ਮਾਰ ਸ਼ਾਇਦ ਕਲਪਨਾ ਦੇ ਦਾਇਰੇ ਤੋਂ ਬਾਹਰ ਜਾ ਚੁੱਕੀ ਸੀ। ਭੈਣ ਜੋ ਆਉਣ ਵੇਲੇ ਪੂਰੇ ਸਫ਼ਰ ’ਚ ਮੇਰੀਆਂ ਸਲਾਹਾਂ ਸੁਣਦਿਆਂ ਅਨੇਕਾਂ ਗੱਲਾਂ ਕਰਦੀ ਆਈ ਸੀ, ਮੇਰੀ ਹਾਲਤ ਨੂੰ ਸਮਝ ਚੁੱਕੀ ਸੀ। ਉਹ ਸਭ ਕੁਝ ਭੁਲਾ ਕੇ ਮੈਨੂੰ ਵਾਰ ਵਾਰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ‘‘ਵੀਰੇ… ਗੁਰਜੀਤ ਫੇਰ ਕੀ ਹੋ ਗਿਆ! ਤੂੰ ਘੱਟੋ ਘੱਟ ਉਹਦੇ ਆਲੇ ਕੰਮ ਤਾਂ ਨੀ ਕਰਦਾ। ਤੂੰ ਘਰ ਦਾ ਸਾਰਾ ਖਰਚਾ ਤਾਂ ਚਲਾਉਣੈ। ਨਾਲੇ ਆਪਣੀ ਘਰਵਾਲੀ ਨੂੰ ਮਾਰਦਾ ਕੁੱਟਦਾ ਤਾਂ ਨੀ… ਹੈਂ! ਆਪਾਂ ਹੁਣ ਮੱਥੇ ਈ ਨੀ ਲੱਗਣਾ ਇਨ੍ਹਾਂ ਦੇ… ਚੰਗਾ? ਹੋਰ… ਐਵੀਂ ਨਾ ਸੋਚੀ ਚੱਲ ਹੁਣ… ਬੋਲ?’’ ਪਰ ਨਸ਼ੇ ਬਾਰੇ ਇੱਕ ਸੁਲਗ਼ਦੇ ਮਿਹਣੇ ਨੇ ਮੇਰੇ ਕੰਠ ’ਚ ਪਛਤਾਵੇ ਦੀ ਐਸੀ ਫ਼ਸੀਲ ਖੜ੍ਹੀ ਕਰ ਦਿੱਤੀ ਸੀ ਜਿਸ ਨੂੰ ਪਾਰ ਕਰ ਕੇ ਸ਼ਬਦਾਂ ਦਾ ਜ਼ੁਬਾਨ ਤੱਕ ਆਉਣਾ ਸੰਭਵ ਨਹੀਂ ਸੀ। ਨਸ਼ੇ ਦੀ ਆਦਤ ਕਾਰਨ ਜ਼ਲਾਲਤ ’ਚੋਂ ਉਪਜੀਆਂ ਨਮੋਸ਼ੀ ਦੀਆਂ ਲਾਟਾਂ ਨੇ ਮੈਨੂੰ ਬੁਰੀ ਤਰ੍ਹਾਂ ਝੁਲਸਾ ਦਿੱਤਾ। ਆਖ਼ਰ ਗਹਿਰੇ ਪਛਤਾਵੇ ’ਚ ਡੁੱਬਿਆ ਧਰਤੀ ਦੀਆਂ ਵਿਰਲਾਂ ਤਲਾਸ਼ਦਾ ਮੈਂ ਪੂਰੇ ਰਾਹ ਮੌਨ ਹੋ ਗਿਆ।
ਸੰਪਰਕ: 94642-43000