ਸੁਰਿੰਦਰ ਸਿੰਘ ਤੇਜ
ਸੁਲੋਚਨਾ, ਫ਼ਿਰੋਜ਼ਾ ਬੇਗ਼ਮ, ਪ੍ਰਮਿਲਾ, ਨਾਦਿਰਾ, ਡੇਵਿਡ, ਪਰਲ ਪਦਮਸੀ- ਇਹ ਉਹ ਨਾਮ ਹਨ ਜਿਨ੍ਹਾਂ ਨੇ ਭਾਰਤੀ ਸਿਨੇ ਜਗਤ ਨੂੰ ਨਵੀਂ ਆਭਾ ਬਖ਼ਸ਼ੀ। ਇੰਜ ਹੀ ਲੈਫਟੀਨੈਂਟ ਜਨਰਲ ਜੇ.ਐੱਫ.ਆਰ. ਜੈਕਬ, ਲੀਲਾ ਸੈਮਸਨ ਜਾਂ ਪ੍ਰੋ. ਨਿਸੀਮ ਇਜ਼ੈਕੀਅਲ ਵੀ ਭਾਰਤੀਆਂ ਲਈ ਬੜੇ ਜਾਣੇ-ਪਛਾਣੇ ਨਾਮ ਹਨ। ਅਨੀਸ਼ ਕਪੂਰ ਕੌਮਾਂਤਰੀ ਪੱਧਰ ਦਾ ਉੱਘਾ ਬੁੱਤਸਾਜ਼ ਹੈ, ਪਰ ਅੱਜਕੱਲ੍ਹ ਅਭਿਨੇਤਰੀ ਵਿਦਿਆ ਬਾਲਨ ਦੇ ਸਹੁਰੇ ਅਤੇ ਫਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਤੇ ਅਦਾਕਾਰ ਭਰਾਵਾਂ- ਕੁਨਾਲ ਰਾਏ ਕਪੂਰ ਤੇ ਆਦਿੱਤਿਆ ਰਾਏ ਕਪੂਰ ਦੇ ਪਿਤਾ ਵਜੋਂ ਵੱਧ ਜਾਣਿਆ ਜਾਂਦਾ ਹੈ। ਇਨ੍ਹਾਂ ਸਾਰੇ ਨਾਵਾਂ ਦਾ ਇਕ ਖ਼ਾਸ ਰਿਸ਼ਤਾ ਹੈ: ਇਹ ਸਾਰੇ ਭਾਰਤੀ ਯਹੂਦੀ ਹਨ। ਉਪਰੋਕਤ ਨਾਵਾਂ ਤੋਂ ਇਲਾਵਾ ਹੋਰ ਭਾਰਤੀ-ਯਹੂਦੀ ਹਸਤੀਆਂ ਦੀ ਫਹਿਰਿਸਤ ਵੀ ਕਾਫ਼ੀ ਲੰਮੀ ਹੈ ਜਿਨ੍ਹਾਂ ਨੇ ਭਾਰਤੀ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਜ਼ਿਕਰਯੋਗ ਯੋਗਦਾਨ ਪਾਇਆ। ਸਾਡੇ ਵਿਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਮਹਾਤਮਾ ਗਾਂਧੀ ਦੇ ਨਿੱਜੀ ਫਿਜ਼ੀਸ਼ਨ, ਡਾ. ਅਬਰਾਹਮ ਇਰੂਲਕਰ ਯਹੂਦੀ ਸਨ? ਗਾਂਧੀ ਜੀ ਨੂੰ ਐਲੋਪੈਥਿਕ ਦਵਾਈਆਂ ਲੈਣ ਲਈ ਕਿਵੇਂ ਰਾਜ਼ੀ ਕਰਨਾ ਹੈ, ਇਹ ਵਿਧੀ ਸਿਰਫ਼ ਉਹੋ ਹੀ ਜਾਣਦੇ ਸਨ। ਉਨ੍ਹਾਂ ਦੀ ਬੇਟੀ ਲੀਲਾ ਇਰੂਲਕਰ 1993 ਤੋਂ 2003 ਤੱਕ ਸਾਈਪ੍ਰਸ ਗਣਰਾਜ ਦੀ ਪ੍ਰਥਮ ਮਹਿਲਾ ਰਹੀ। ਇੰਜ ਹੀ, ਇਜ਼ਰਾਈਲ ਵਿਚ ਕਈ ਰਾਜਸੀ ਸਿਤਾਰੇ ਅਜਿਹੇ ਹਨ ਜਿਨ੍ਹਾਂ ਦਾ ਭਾਰਤ ਨਾਲ ਜੱਦੀ-ਪੁਸ਼ਤੀ ਨਾਤਾ ਹੈ। ਇਨ੍ਹਾਂ ਵਿਚੋਂ ਇਕ ਅਲੀ ਬਿਨ-ਮਿਨਾਸ਼ਿਮ ਤਾਂ ਚਾਰ ਵਰ੍ਹਿਆਂ ਤਕ ਇਜ਼ਰਾਇਲੀ ਮੰਤਰੀ ਵੀ ਰਹੇ ਹਨ। ਦੋ ਇਜ਼ਰਾਇਲੀ ਮੇਜਰ ਜਨਰਲ ਕ੍ਰਮਵਾਰ ਦਿੱਲੀ ਤੇ ਕੋਚੀ ਦੇ ਜੰਮਪਲ ਹਨ।
ਭਾਰਤੀ ਯਹੂਦੀਆਂ ਬਾਰੇ ਅਜਿਹੀ ਢੇਰ ਸਾਰੀ ਜਾਣਕਾਰੀ ਮਯੱਸਰ ਕਰਵਾਉਂਦੀ ਹੈ ਓਰੀ ਜ਼ੈੱਡ ਸੌਲਟਿਸ ਵੱਲੋਂ ਸੰਪਾਦਿਤ ਕਿਤਾਬ ‘ਗਰੋਇੰਗ ਅੱਪ ਜਿਊਇਸ਼ ਇਨ ਇੰਡੀਆ’ (ਨਿਯੋਗੀ ਬੁੱਕਸ; 350 ਪੰਨੇ; 1500 ਰੁਪਏ)। ਸੌਲਟਿਸ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਜੌਰਜਟਾਊਨ ਯੂਨੀਵਰਸਿਟੀ ਦੇ ਯਹੂਦੀ ਸਭਿਅਤਾ ਕੇਂਦਰ ਵਿਚ ਪ੍ਰੋਫੈਸਰ ਅਤੇ ਬੈਨੀ ਬਰਿੱਥ ਨੈਸ਼ਨਲ ਜਿਊਇਸ਼ ਮਿਊਜ਼ੀਅਮ ਦਾ ਸਾਬਕਾ ਡਾਇਰੈਕਟਰ ਹੈ। ਉਸ ਨੇ ਇਸ ਕਿਤਾਬ ਵਿਚ ਭਾਰਤੀ ਯਹੂਦੀਆਂ ਦੇ ਇਤਿਹਾਸ, ਇਜ਼ਰਾਇਲੀ ਰਾਸ਼ਟਰ ਉਸਾਰੀ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਭਾਰਤ ਵਿਚ ਜੰਮੇ-ਪਲੇ ਯਹੂਦੀਆਂ ਦੇ ਭਾਰਤ ਬਾਰੇ ਪ੍ਰਭਾਵਾਂ ਨੂੰ ਪ੍ਰਭਾਵੀ ਢੰਗ ਨਾਲ ਜ਼ੁਬਾਨ ਬਖ਼ਸ਼ਣ ਵਾਲੇ 13 ਨਬਿੰਧ ਸ਼ਾਮਲ ਕੀਤੇ ਹਨ। ਇਨ੍ਹਾਂ ਵਿਚੋਂ ਤਿੰਨ ਪ੍ਰੋ. ਸੌਲਟਿਸ ਦੇ ਆਪਣੇ ਹਨ: ਇਕ ਬੁਨਿਆਦੀ ਤੌਰ ’ਤੇ ਇਤਿਹਾਸ ਦੇ ਝਰੋਖੇ ਵਾਂਗ ਹੈ ਅਤੇ ਬਾਕੀ ਦੋ ਇਜ਼ਰਾਇਲੀ ਸਾਹਿਤ ਤੇ ਕਲਾਵਾਂ ਉਪਰ ਭਾਰਤੀ ਪ੍ਰਭਾਵਾਂ ਦੀ ਤਸਵੀਰ ਪੇਸ਼ ਕਰਦੇ ਹਨ। ਬਹੁਤੇ ਨਬਿੰਧਾਂ ਦੀ ਸੁਰ ਭਾਰਤ ਪ੍ਰਤੀ ਮੋਹ ਵਾਲੀ ਹੈ। ਜਿੱਥੇ ਜਿੱਥੇ ਆਲੋਚਨਾ ਕੀਤੀ ਗਈ ਹੈ, ਉੱਥੇ ਇਸ ਦੀ ਵਜ੍ਹਾ ਜਾਂ ਆਧਾਰ ਵੀ ਖੁੱਲ੍ਹ ਕੇ ਬਿਆਨ ਕੀਤਾ ਗਿਆ ਹੈ। ਭਾਸ਼ਾਈ ਰਵਾਨੀ ਦਾ ਉਚੇਚੇ ਤੌਰ ’ਤੇ ਖਿਆਲ ਰੱਖਿਆ ਗਿਆ ਹੈ ਅਤੇ ਦੁਹਰਾਅ ਤੋਂ ਬਚਿਆ ਗਿਆ ਹੈ। ਇਹ ਤੱਤ ਕਿਤਾਬ ਨੂੰ ਪੜ੍ਹਨਯੋਗ ਬਣਾਉਂਦੇ ਹਨ।
ਹਿੰਦੂ ਮੱਤ ਤੋਂ ਬਾਅਦ ਯਹੂਦੀ ਮੱਤ (ਜੁਡਾਇਜ਼ਮ) ਸਾਡੀ ਧਰਤੀ ਦਾ ਸਭ ਤੋਂ ਪੁਰਾਣਾ ਜਥੇਬੰਦਕ ਧਰਮ ਮੰਨਿਆ ਗਿਆ ਹੈ। ਇਸਾਈਤਵ ਤੇ ਇਸਲਾਮ ਦੀਆਂ ਜੜ੍ਹਾਂ ਇਸੇ ਮੱਤ ਵਿਚ ਹਨ। ਇਸੇ ਲਈ ਤਿੰਨਾਂ ਧਰਮਾਂ ਨੂੰ ਇਬਰਾਹੀਮੀ ਮਜ਼ਹਬ ਕਿਹਾ ਜਾਂਦਾ ਹੈ। ਤਿੰਨਾਂ ਦੇ ਬਹੁਤੇ ਅਵਤਾਰ ਜਾਂ ਪੈਗੰਬਰ ਵੀ ਸਾਂਝੇ ਹਨ। ਅਜਿਹਾ ਹੋਣ ਦੇ ਬਾਵਜੂਦ ਯਹੂਦੀਆਂ ਨੂੰ ਬਾਕੀ ਦੇ ਦੋ ਧਰਮਾਂ ਹੱਥੋਂ ਸ਼ੋਸ਼ਣ ਦਾ ਲਗਾਤਾਰ ਸ਼ਿਕਾਰ ਹੋਣਾ ਪਿਆ। ਆਪਣੀ ਜੱਦੀ ਧਰਤੀ, ਜੋ ਕਿ ਮੱਧ ਸਾਗਰ ਤੇ ਅਰਬੀ ਰੇਗਿਸਤਾਨ ਦੇ ਦਰਮਿਆਨ ਸੀ, ਛੱਡ ਕੇ ਉਨ੍ਹਾਂ ਨੂੰ ਯੂਰੋਪ ਜਾਂ ਏਸ਼ੀਆ ਦੇ ਹੋਰਨਾਂ ਹਿੱਸਿਆਂ ਵੱਲ ਲਗਾਤਾਰ ਹਿਜਰਤ ਕਰਨੀ ਪਈ। ਇਸ ਕਿਸਮ ਦਾ ਪਰਵਾਸ ਦੋ ਹਜ਼ਾਰ ਵਰ੍ਹਿਆਂ ਤੋਂ ਵੱਧ ਸਮੇਂ ਤੱਕ ਚਲਦਾ ਰਿਹਾ। 1948 ਵਿਚ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਸਥਿਤੀ ਵਿਚ ਨਵਾਂ ਮੋੜ ਆਇਆ। ਇਹ ਹਿਜਰਤ ਮੋੜਵੇਂ ਪਰਵਾਸ ਦਾ ਰੂਪ ਧਾਰਨ ਕਰ ਗਈ। ਹੁਣ ਇਜ਼ਰਾਈਲ ਵਿਚੋਂ ਨਿਕਲਣ ਵਾਲਿਆਂ ਦੀ ਤਾਦਾਦ ਬਹੁਤ ਘੱਟ ਹੈ ਅਤੇ ਆਮਦ ਵੱਧ। ਇਸ ਰੁਝਾਨ ਨੇ ਉਸ ਮੁਲਕ ਦੀਆਂ ਹਕੂਮਤਾਂ ਨੂੰ ਪਿਛਲੇ ਸੱਤਰ ਵਰ੍ਹਿਆਂ ਦੌਰਾਨ ਫ਼ਲਸਤੀਨੀ ਇਲਾਕਿਆਂ ਵਿਚ ਯਹੂਦੀ ਬਸਤੀਆਂ ਜਬਰੀ ਵਸਾਉਣ ਦਾ (ਨਾਪਾਕ) ਬਹਾਨਾ ਪ੍ਰਦਾਨ ਕੀਤਾ ਹੋਇਆ ਹੈ।
ਕਿਤਾਬ ਦੇ ਭੂਮਿਕਾਨੁਮਾ ਅਧਿਆਇ ਵਿਚ ਮੁੰਬਈ ਦੇ ਬੇਨੇ ਇਜ਼ਰਾਈਲ ਹੈਰੀਟੇਜ ਮਿਊਜ਼ੀਅਮ ਦਾ ਸੰਸਥਾਪਕ ਤੇ ਟਰੱਸਟੀ ਰੈਲਫੀ ਜਿਰ੍ਹਾਦ ਲਿਖਦਾ ਹੈ ਕਿ ਯਹੂਦੀਆਂ ਦੀ ਭਾਰਤ ਵਿਚ ਆਮਦ 2500 ਵਰ੍ਹੇ ਪਹਿਲਾਂ ਹੋਣ ਦੀ ਗੱਲ ਅਕਸਰ ਸੁਣੀ ਜਾਂਦੀ ਹੈ ਪਰ ਵਿਗਿਆਨਕ ਸਬੂਤ ਇਹ ਆਮਦ 1300 ਵਰ੍ਹੇ ਪੁਰਾਣੀ ਹੋਣ ਦੀ ਤਸਦੀਕ ਕਰਦੇ ਹਨ। ਉਦੋਂ ਬੇਨੇ ਇਜ਼ਰਾਇਲੀ (ਭਾਵ ਇਜ਼ਰਾਇਲੀ ਜ਼ੱਦ ਦੇ) ਦੋ ਸੌ ਦੇ ਕਰੀਬ ਯਹੂਦੀਆਂ ਵਾਲੀ ਕਿਸ਼ਤੀ ਅਰਬ ਸਾਗਰ ਵਿਚ ਹਾਦਸਾਗ੍ਰਸਤ ਹੋ ਗਈ ਅਤੇ ਸਿਰਫ਼ 19 ਯਹੂਦੀ ਮੌਜੂਦਾ ਮੁੰਬਈ ਦੇ ਨਵਗਾਮ ਨਾਮੀ ਇਲਾਕੇ ਵਿਚ ਭਾਰਤੀ ਸਾਹਿਲ ’ਤੇ ਜਿਉਂਦੇ ਜਾਗਦੇ ਪਹੁੰਚ ਸਕੇ। ਇਨ੍ਹਾਂ ਨੂੰ ਇੱਥੇ ਠਾਹਰ ਵੀ ਮਿਲੀ ਅਤੇ ਸਨੇਹ-ਦੁਲਾਰ ਵੀ। ਇਸ ਤੋਂ ਮਗਰੋਂ ਭਾਰਤੀ ਸੌਦਾਗਰਾਂ ਰਾਹੀਂ ਇਹ ਸੁਨੇਹਾ ਯਹੂਦੀਆਂ ਦੀ ਧਰਤੀ ਤੱਕ ਪਹੁੰਚਿਆ ਕਿ ਭਾਰਤੀ ਭੂਮੀ, ਹਕੂਮਤੀ ਹਿੰਸਾ ਤੋਂ ਪ੍ਰਭਾਵਿਤ ਯਹੂਦੀਆਂ ਦੇ ਪਰਵਾਸ ਲਈ ਸੁਖਾਵੀਂ ਹੈ। ਇਸ ਸੁਨੇਹੇ ਦੇ ਬਾਵਜੂਦ ਯਹੂਦੀਆਂ ਦੀ ਭਾਰਤ ਵੱਲ ਹਿਜਰਤ ਕਦੇ ਵੀ ਵੱਡੇ ਪੱਧਰ ’ਤੇ ਨਹੀਂ ਹੋਈ। ਅਰਬ ਸਾਗਰ ਵਾਲਾ ਸਮੁੰਦਰੀ ਰੂਟ ਉਨ੍ਹਾਂ ਲਈ ਵੱਧ ਖ਼ਤਰੇ ਵਾਲਾ ਵੀ ਸੀ ਅਤੇ ਮਾਇਕ ਤੌਰ ’ਤੇ ਮਹਿੰਗਾ ਵੀ। ਦੂਜੇ ਪਾਸੇ, ਯੂਰੋਪ ਵੱਲ ਜਾਣ ਦੇ ਦਰਜਨਾਂ ਜ਼ਮੀਨੀ ਰਸਤੇ ਸਨ। ਲਿਹਾਜ਼ਾ, ਬਹੁਤੀ ਹਿਜਰਤ ਯੂਰੋਪੀਅਨ ਮੁਲਕਾਂ ਅਤੇ ਰੂਸ ਵੱਲ ਹੀ ਹੋਈ, ਖ਼ਾਸ ਕਰਕੇ ਕਾਲੇ ਸਾਗਰ ਤੇ ਕੈਸਪੀਅਨ ਸਾਗਰ ਦੇ ਆਸ-ਪਾਸ ਵਸੇ ਇਲਾਕਿਆਂ ਵੱਲ। ਹੁਣ ਇਨ੍ਹਾਂ ਇਲਾਕਿਆਂ ਵਿਚ ਵੀ 1947 ਦੇ ਮੁਕਾਬਲੇ ਵਿਚ ਸਿਰਫ਼ 20 ਫ਼ੀਸਦੀ ਯਹੂਦੀ ਬਚੇ ਹਨ; ਬਾਕੀ ਸਾਰੇ ਪਿਛਲੇ ਸੱਤ ਦਹਾਕਿਆਂ ਦੌਰਾਨ ਇਜ਼ਰਾਈਲ ਜਾ ਪੁੱਜੇ ਹਨ।
ਪ੍ਰੋ. ਸੌਲਟਿਸ ਦੇ ਇਕ ਨਬਿੰਧ ਮੁਤਾਬਿਕ 18ਵੀਂ ਤੇ 19ਵੀਂ ਸਦੀਆਂ ਦੌਰਾਨ ਭਾਰਤ ਵਿਚ ਯਹੂਦੀਆਂ ਦੀ ਸੰਖਿਆ 50 ਹਜ਼ਾਰ ਤੋਂ ਵੱਧ ਸੀ; ਹੁਣ ਇਹ ਪੰਜ ਤੋਂ ਛੇ ਹਜ਼ਾਰ ਦਰਮਿਆਨ ਹੈ। ਪਾਰਸੀਆਂ ਵਾਂਗ ਯਹੂਦੀਆਂ ਨੇ ਵੀ ਆਪਣਾ ਧਰਮ ਤੇ ਸਭਿਆਚਾਰ ਬਚਾ ਕੇ ਰੱਖਣ ਵੱਲ ਧਿਆਨ ਕੇਂਦ੍ਰਿਤ ਕੀਤਾ। ਇਸ ਦੇ ਪਾਸਾਰ-ਪ੍ਰਚਾਰ ਦੇ ਯਤਨ ਨਹੀਂ ਕੀਤੇ। ਕੋਸ਼ਿਸ਼ ਇਹ ਵੀ ਰਹੀ ਕਿ ਆਪਣੀਆਂ ਧਾਰਮਿਕ ਰਹੁਰੀਤਾਂ ਤੇ ਪ੍ਰਥਾਵਾਂ ਨੂੰ ਮੁਕਾਮੀ ਮਾਹੌਲ ਮੁਤਾਬਿਕ ਢਾਲਿਆ ਜਾਵੇ। ਇਸੇ ਕਾਰਨ ਉਨ੍ਹਾਂ ਨੂੰ ਹੋਰਨਾਂ ਧਰਮਾਂ ਵੱਲੋਂ ਵਿਰੋਧ ਜਾਂ ਤੁਅੱਸਬ ਦਾ ਸਾਹਮਣਾ ਨਹੀਂ ਕਰਨਾ ਪਿਆ। ਯਹੂਦੀ ਮੂਲ ਦੀ ਭਾਰਤੀ ਲੇਖਿਕਾ ਐਸਟਰ ਡੇਵਿਡ ਦੇ ਨਬਿੰਧ ਅਨੁਸਾਰ ਯਹੂਦੀਆਂ ਨੂੰ ਭਾਰਤੀ ਹਿੰਦੂਆਂ ਤੋਂ ਹਮਾਇਤ ਵੀ ਮਿਲੀ ਤੇ ਹਮਦਰਦੀ ਵੀ। ਇਨ੍ਹਾਂ ਤੱਤਾਂ ਨੇ ਯਹੂਦੀਆਂ ਵੀ ਨੂੰ ਜਵਾਬੀ ਤੌਰ ’ਤੇ ਮੁਕਾਮੀ ਮਾਹੌਲ ਮੁਤਾਬਿਕ ਢਲਣ ਦੇ ਰਾਹ ਪਾਇਆ। ਉਹ ਲਿਖਦੀ ਹੈ, ‘‘ਜੁਡਾਇਜ਼ਮ ਤੇ ਹਿੰਦੂ ਮੱਤ ਦੀਆਂ ਕਈ ਧਾਰਮਿਕ ਤੇ ਸਮਾਜਿਕ ਰਹੁਰੀਤਾਂ ਇਕੋ ਜਹੀਆਂ ਹਨ। ਇਸ ਤੱਥ ਨੇ ਵੀ ਯਹੂਦੀਆਂ ਦਾ ਭਾਰਤੀ ਸਮਾਜ ਵਿਚ ਜਜ਼ਬ ਹੋਣਾ ਆਸਾਨ ਬਣਾਇਆ। ਉਨ੍ਹਾਂ ਨਾਲ ਕਿਤੇ ਵੀ ਭੇਦਭਾਵ ਨਹੀਂ ਹੋਇਆ। ਨਾ ਪੱਛਮੀ-ਦੱਖਣੀ ਭਾਰਤ ਵਿਚ ਜਿੱਥੇ ਉਹ ਸਭ ਤੋਂ ਪਹਿਲਾਂ ਆ ਕੇ ਵਸੇ; ਨਾ ਹੀ ਆਂਧਰਾ ਪ੍ਰਦੇਸ਼ ਜਾਂ ਮਦਰਾਸ (ਤਾਮਿਲ ਨਾਡੂ) ਵਿਚ ਅਤੇ ਨਾ ਹੀ 18ਵੀਂ-19ਵੀਂ ਸਦੀ ਦੇ ਕਲਕੱਤਾ ਵਿਚ ਜਿੱਥੇ ਉਹ ਸਭ ਤੋਂ ਅਖੀਰ ਵਿਚ ਜਾ ਕੇ ਵਸੇ। ਕਲਕੱਤਾ, ਦਰਅਸਲ, ਬਗ਼ਦਾਦੀ ਯਹੂਦੀਆਂ ਦਾ ਮੁੱਖ ਅੱਡਾ ਬਣਿਆ। ਇੱਥੋਂ ਉਨ੍ਹਾਂ ਨੇ ਆਪਣਾ ਵਪਾਰ-ਕਾਰੋਬਾਰ ਹਾਂਗ-ਕਾਂਗ ਤੇ ਸ਼ੰਘਾਈ ਤਕ ਵਧਾਇਆ।
ਸੀਏਟਲ (ਅਮਰੀਕਾ) ਸਥਿਤ ਆਰਟ ਹਿਸਟੋਰੀਅਨ ਓਰਨਾ ਇਲਿਆਹੂ ਦਾ ਨਬਿੰਧ ਭਾਰਤ ਵਿਚ ਵਸੇ ਯਹੂਦੀ ਗਰੁੱਪਾਂ ਦੀਆਂ ਵਿਭਿਨੰਤਾਵਾਂ ਉੱਤੇ ਰੌਸ਼ਨੀ ਪਾਉਂਦਾ ਹੈ। ਇਹ ਵਿਭਿਨੰਤਾਵਾਂ ਸੰਤਾਲੀ ਤੋਂ ਪਹਿਲਾਂ ਭਾਰਤ ਦੇ ਬ੍ਰਿਟਿਸ਼ ਹੁਕਮਰਾਨਾਂ ਲਈ ਉਤਸੁਕਤਾ ਦਾ ਵਿਸ਼ੇਸ਼ ਵਿਸ਼ਾ ਬਣੀਆਂ ਰਹੀਆਂ। ਮਸਲਨ, ਮੁੰਬਈ ਜਾਂ ਕੋਂਕਣ ਵਿਚ ਵਸੇ ਬਹੁਤੇ ਯਹੂਦੀ ਬੇਨੇ ਇਜ਼ਰਾਇਲੀ (ਸ਼ਾਬਦਿਕ ਅਰਥ: ਇਜ਼ਰਾਈਲ ਦੇ ਪੁੱਤ) ਹਨ। ਇਹ ਮਰਾਠੀ ਭਾਸ਼ੀ ਹਨ ਅਤੇ ਮਰਾਠੀਆਂ ਵਾਂਗ ਆਪਣੇ ਨਾਮ ਨਾਲ ਆਪਣੇ ਪਿੰਡ/ਕਸਬੇ ਦਾ ਨਾਮ ਜੋੜਦੇ ਆਏ ਹਨ (ਜਿਵੇਂ ਇਰੂਲਕਰ ਭਾਵ ਇਰੂਲ ਦਾ ਵਾਸੀ)। ਗੋਆ ਵਿਚ ਮੈਰਨੋ ਯਹੂਦੀ ਵਸੇ ਹੋਏ ਹਨ ਜੋ ਮੌਰੱਕੋ ਤੋਂ ਆਏ। ਆਂਧਰਾ ਵਿਚ ਵਸੇ ਯਹੂਦੀ ਬੇਨੇ ਇਬਰਾਹਿਮੀ (ਪੈਗੰਬਰ ਇਬਰਾਹੀਮ ਦੇ ਬੇਟੇ) ਹਨ। ਕੋਚੀ ਤੇ ਇਰਨਾਕੁਲਮ ਦੇ ਯਹੂਦੀ ਭਾਵੇਂ ਬੇਨੇ ਇਜ਼ਰਾਇਲੀ ਹਨ, ਪਰ ਉਨ੍ਹਾਂ ਦੀਆਂ ਪ੍ਰਾਰਥਨਾ ਸਭਾਵਾਂ ਵੀ ਮਲਿਆਲਮ ਵਿਚ ਹੁੰਦੀਆਂ ਹਨ ਅਤੇ ਆਮ ਬੋਲਚਾਲ ਦੀ ਭਾਸ਼ਾ ਵੀ ਇਹੋ ਹੈ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਜ਼ਰਾਈਲ ਜਾ ਕੇ ਉੱਥੋਂ ਦੇ ਮਾਹੌਲ ’ਚ ਰਚਣ-ਮਿਚਣ ਵਿਚ ਦਿੱਕਤ ਆਈ। ਸਭ ਤੋਂ ਦਿਲਚਸਪ ਕਥਾ ਹੈ ਉੱਤਰ-ਪੂਰਬੀ ਭਾਰਤ ਦੇ ਯਹੂਦੀਆਂ ਦੀ । ਉਹ ਮੱਧ-ਪੂਰਬ ਭਾਵ ਕਿਸੇ ਵੀ ਅਰਬ ਮੁਲਕ ਤੋਂ ਭਾਰਤ ਨਹੀਂ ਆਏ। ਉਹ ਮਨੀਪੁਰ ਤੇ ਮਿਜ਼ੋਰਮ ਦੇ ਕਬੀਲਿਆਂ ਨਾਲ ਸਬੰਧਤ ਹਨ। ਇਨ੍ਹਾਂ ਲੋਕਾਂ ਨੂੰ ਪ੍ਰਾਚੀਨ ਬਾਈਬਲ (ਓਲਡ ਟੈਸਟਾਮੈਂਟ) ਵਿਚ ਦਰਸਾਏ 12 ਗੁੰਮਸ਼ੁਦਾ ਯਹੂਦੀ ਕਬੀਲਿਆਂ ਵਿਚ ਸ਼ੁਮਾਰ ਸਮਝਿਆ ਜਾਂਦਾ ਹੈ। 19ਵੀਂ ਸਦੀ ਵਿਚ ਮਣੀਪੁਰ ਦੇ ਕੁੱਕੀ ਅਤੇ ਮਿਜ਼ੋਰਮ ਦੇ ਮਿਜ਼ੋ, ਇਸਾਈ ਪਾਦਰੀਆਂ ਦੇ ਪ੍ਰਭਾਵ ਹੇਰ ਇਸਾਈ ਬਣੇ। ਫਿਰ 1940ਵਿਆਂ ਵਿਚ ਯਹੂਦੀਆਂ ਨਾਲ ਰਿਸ਼ਤੇ ਬਾਰੇ ਪਤਾ ਲੱਗਦਿਆਂ ਹੀ ਕਈਆਂ ਨੇ ਯਹੂਦੀ ਮੱਤ ਅਪਣਾ ਲਿਆ। 1948 ਵਿਚ ਇਨ੍ਹਾਂ ਦੀ ਸੰਖਿਆ 15 ਹਜ਼ਾਰ ਦੇ ਆਸ-ਪਾਸ ਸੀ, ਪਰ ਇਜ਼ਰਾਈਲ ਵੱਲ ਪਰਵਾਸ ਮਗਰੋਂ ਹੁਣ ਇਹ ਗਿਣਤੀ ਹਜ਼ਾਰ ਤੋਂ ਵੀ ਘੱਟ ਰਹਿ ਗਈ ਹੈ। ਇਨ੍ਹਾਂ ਨੂੰ ਬੇਨੇ ਮਿਨਾਸ਼ੇ ਦਾ ਨਾਮ ਦਿੱਤਾ ਜਾਂਦਾ ਹੈ। ਬਗ਼ਦਾਦੀ ਯਹੂਦੀ ਇਰਾਕ ਤੋਂ 18ਵੀਂ ਸਦੀ ਵਿਚ ਸੂਰਤ ਆਏ। ਸੂਰਤ ਦਾ ਫ਼ੌਜਦਾਰ ਮੁਗ਼ਲ ਸੀ ਪਰ ਉਸ ਨੇ ਇਨ੍ਹਾਂ ਲਈ ਭੋਜਨ-ਪਾਣੀ ਤੇ ਰਿਹਾਇਸ਼ ਦਾ ਵਾਜਬ ਪ੍ਰਬੰਧ ਕੀਤਾ। ਇਹ ਲੋਕ ਚੰਗੇ ਕਾਰੋਬਾਰੀ ਸਨ। ਆਪਣੇ ਨਾਮ ਨਾਲ ਸ਼ੇਖ ਲਾਇਆ ਕਰਦੇ ਸਨ।
ਕਿਤਾਬ ਵਿਚ ਕਿਤੇ ਕਿਤੇ ਗ਼ੈਰਜ਼ਰੂਰੀ ਉਲਾਰ ਵੀ ਹੈ। ਮਸਲਨ, ਪ੍ਰੋ. ਸੌਲਟਿਸ ਆਪਣੇ ਪਹਿਲੇ ਨਬਿੰਧ ਵਿਚ ਲਿਖਦਾ ਹੈ: ‘‘ਹਿੰਦੂ ਮੱਤ ਦਾ ਸੁਭਾਅ ਹੀ ਅਜਿਹਾ ਹੈ ਕਿ ਇਹ ਰੂਹਾਨੀਅਤ ਦੇ ਵੱਖ-ਵੱਖ ਰੰਗਾਂ ਜਾਂ ਧਰਮਾਂ ਨਾਲ ਵਿਤਕਰਾ ਨਹੀਂ ਕਰਦਾ। ਇਸ ਨੂੰ ਹੋਰਨਾਂ ਧਰਮਾਂ ਦੇ ਗੁਰੂਆਂ/ਅਵਤਾਰਾਂ ਦੀ ਇੱਜ਼ਤ ਕਰਨੀ ਆਉਂਦੀ ਹੈ।’’
ਕਾਸ਼! ਇਹ ਕੁਝ ਅੱਜ ਦੇ ਯੁੱਗ, ਖ਼ਾਸ ਕਰਕੇ ਮੁਸਲਿਮ ਭਾਈਚਾਰੇ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ।
* * *
ਪੰਜ ਦਹਾਕਿਆਂ ਜਿੰਨਾ ਲੰਮਾ ਹੈ ਮਨਜੀਤ ਇੰਦਰਾ ਦਾ ਕਾਵਿ-ਸਫ਼ਰ। ਹੋਰਨਾਂ ਅਦਬੀ ਵਿਧਾਵਾਂ ਦੀਆਂ ਕਿਤਾਬਾਂ ਤੋਂ ਇਲਾਵਾ ਦਰਜਨ ਦੇ ਕਰੀਬ ਕਾਵਿ-ਸੰਗ੍ਰਹਿ ਇਸ ਸਫ਼ਰ ਦੀ ਨਿਰੰਤਰਤਾ ਦੀ ਤਸਦੀਕ ਹਨ। ‘ਸਲੀਬਾਂ’ (ਲੋਕ ਗੀਤ ਪ੍ਰਕਾਸ਼ਨ; ਪੰਨੇ 72; 200 ਰੁਪਏ) ਇਸੇ ਸਿਲਸਿਲੇ ਦੀ ਨਵੀਂ ਕੜੀ ਹੈ।
(ਮੁੱਖ ਤੌਰ ’ਤੇ) ਰੋਹਲੇ ਬਾਣਾਂ ਵਰਗੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਇਹ। ਬਹੁਤੀਆਂ ਕਵਿਤਾਵਾਂ ‘ਕੋਵਿਡ-19’ ਦੀ ਆਮਦ ਤੋਂ ਉਪਜੀਆਂ ਤ੍ਰਾਸਦੀਆਂ ਅਤੇ ਪਿਛਲੇ ਵਰ੍ਹੇ ਦੇ ਕਿਸਾਨ ਸੰਘਰਸ਼ ਨੂੰ ਸਮਰਪਿਤ ਹਨ। ਇਨ੍ਹਾਂ ਵਿਚ ਭਾਵਨਾਵਾਂ ਦਾ ਵੇਗ ਹੈ, ਪਰ ਹੋਸ਼ਮੰਦੀ ਨੂੰ ਦਰਕਿਨਾਰ ਨਹੀਂ ਕੀਤਾ ਗਿਆ। ਭਾਸ਼ਾ ਸਰਲ ਹੈ; ਅੰਦਾਜ਼ ਬਾਦਲੀਲ ਹੈ। ਚੰਦ ਮਿਸਾਲਾਂ: ‘‘ਸਹਿਮ ਦਾ ਬੱਦਲ ਛਾਇਆ/ ਜਿਵੇਂ ਕੋਈ ਦਾਨਵ ਆਇਆ/ ਵਾਇਰਸ ਨਾਮ ਧਰਾਇਆ/ ਮਾਨੋ ਗ਼ੈਬੀ ਕੋਈ ਭਾਣਾ, ਅਸਮਾਨੀ ਬੰਬ ਬਣ ਧਾਇਆ’’ (ਵੀਹ ਸੌ ਵੀਹ, ਪੰਨਾ 13) ਜਾਂ ‘‘ਟੁੱਟੇ ਛਿੱਤਰ/ ਘਸੀਆਂ ਚੱਪਲਾਂ/ ਨੰਗੇ ਪੈਰੀਂ/ ਵਰ੍ਹਦੀ ਅੱਗ ਵਿਚ/ ਪੈਰਾਂ ਹੇਠਾਂ ਕਿਰਚਾਂ/ ਤਪਦੀਆਂ ਸੜਕਾਂ/ ਭੁੱਖ-ਨ-ਭਾਣੇ/ ਕੁਲ ਤ੍ਰਿਹਾਏ/ ਲਹੂ-ਲੁਹਾਣ/ ਘਸੀਟ ਪੈਰਾਂ ਨੂੰ/ ਔਹ ਚੱਲੇ ਨੇ… (ਔਹ ਚੱਲੇ ਨੇ, ਪੰਨਾ 21)। ਬਾਕੀ ਕਵਿਤਾਵਾਂ ਦੀ ਸੁਰ ਤੇ ਸੰਵੇਦਨਾ ਵੀ ਅਜਿਹੇ ਧਰਾਤਲ ਵਾਲੀ ਹੈ। ਰੂਹ ਨੂੰ ਹਲੂਣਦਾ ਹੈ ਇਹ ਸੰਗ੍ਰਹਿ।