ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਹਥਲੀ ਪੁਸਤਕ ‘ਸਿੱਖ ਇਨਕਲਾਬ ਦਾ ਫਲਸਫਾ: ਜਪੁਜੀ’ (ਲੇਖਕ: ਡਾ. ਕਮਲਜੀਤ ਸਿੰਘ ਟਿੱਬਾ; ਕੀਮਤ: 275 ਰੁਪਏ; ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਗੁਰੂ ਨਾਨਕ ਦੇਵ ਜੀ ਦੀ ਅਲੌਕਿਕ ਬਾਣੀ ਜਪੁਜੀ ਸਾਹਿਬ ਦੀ ਬਹੁਪੱਖੀ ਵਿਆਖਿਆ ਹੈ। ਪੁਸਤਕ ਵਿਚ ਜਪੁਜੀ ਸਾਹਿਬ ਦੇ ਮੂਲਮੰਤਰ, ਅਠੱਤੀ ਪਉੜੀਆਂ ਅਤੇ ਸਲੋਕ ਦੀ ਪੂਰਨ ਵਿਆਖਿਆ ਸਹਿਤ ਅਰਥਾਂ ਦੀ ਗਹਿਰਾਈ ਹੈ। ਪੁਸਤਕ ਦਾ ਸਮਰਪਣ ਸਿੱਖ ਪੰਥ ਦੀ ਪ੍ਰਸਿੱਧ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ ਨੂੰ ਹੈ। ਇਸ ਅਧਿਆਤਮਕ ਪੁਸਤਕ ਦੇ ਲੇਖਕ ਨੇ ‘ਸੂਰਜ ਚੜ੍ਹਨ ਤੋਂ ਪਹਿਲਾਂ’ ਸਿਰਲੇਖ ਤਹਿਤ ਪੁਸਤਕ ਲਿਖਣ ਦੇ ਮੰਤਵ ਬਾਰੇ ਵਿਚਾਰ ਦਰਜ ਕੀਤੇ ਹਨ: ‘‘…ਮੇਰੇ ਲਿਖਣ ਦਾ ਮਨੋਰਥ ਸਿੱਖ ਇਤਿਹਾਸ ਤੇ ਗੁਰਬਾਣੀ ਬਾਰੇ ਪ੍ਰਚਲਿਤ … ਮਿੱਥਾਂ ਨੂੰ ਖਾਰਜ ਕਰਨ ਲਈ ਜਪੁਜੀ ਵਿਚ ਪੇਸ਼ ਗੁਰੂ ਨਾਨਕ ਦਾ ਨਜ਼ਰੀਆ ਸਮਝਣਾ ਹੈ।’’ ਪੁਸਤਕ ਪਾਠ ਕਰਨ ’ਤੇ ਇਸ ਧਾਰਨਾ ਨੂੰ ਸਮਝਿਆ ਜਾ ਸਕਦਾ ਹੈ। ਹੁਣ ਤਕ ਜਪੁਜੀ ਸਾਹਿਬ ਬਾਰੇ ਬਹੁਤ ਸਾਰੇ ਲੇਖਕਾਂ ਨੇ ਅੱਖਰੀ ਅਰਥ ਕੀਤੇ ਹਨ। ਕਈ ਤਰ੍ਹਾਂ ਦੀਆਂ ਸਾਖੀਆਂ ਤੇ ਪ੍ਰਸੰਗ ਲਿਖੇ ਗਏ ਹਨ। ਪ੍ਰਚਾਰਕਾਂ ਦੀ ਵੀ ਆਪੋ ਆਪਣੀ ਸਮਝ ਹੈ। ਪੁਸਤਕ ਲੇਖਕ ਨੇ ਹਰੇਕ ਪਉੜੀ ਦੀ ਇਕ ਇਕ ਤੁਕ ਦੀ ਭਰਵੀਂ ਵਿਆਖਿਆ ਕੀਤੀ ਹੈ। ਲੇਖਕ ਨੇ ਇਸ ਪੁਸਤਕ ਰਾਹੀਂ ਸਿਰਫ਼ ਗਿਆਨ ਹਾਸਲ ਕਰਨ ਦਾ ਨਹੀਂ ਸਗੋਂ ਪ੍ਰਾਪਤ ਗਿਆਨ ਨੂੰ ਮਨੁੱਖ ਦੀ ਸੋਚ ਬਦਲਣ ਦਾ ਉਪਰਾਲਾ ਮੰਨਿਆ ਹੈ। ਲੇਖਕ ਨੇ ਜਪੁਜੀ ਵਿਆਖਿਆ ਵਿਚੋਂ ਇਨਕਲਾਬੀ ਤੱਤਾਂ ਦੀ ਪਛਾਣ ਕਰਨ ਦਾ ਯਤਨ ਕੀਤਾ ਹੈ। ਗੁਰਬਾਣੀ ਨੂੰ ਸੂਖ਼ਮਤਾ ਨਾਲ ਸਮਝਣ ਸਮਝਾਉਣ ਦਾ ਅਦਬੀ ਯਤਨ ਹੈ। ਡਾ. ਸਿਕੰਦਰ ਸਿੰਘ ਦਾ ਪੁਸਤਕ ਲੇਖਕ ਨਾਲ ਵਿਦਿਆਰਥੀ ਵਾਲਾ ਸੰਬੰਧ ਰਿਹਾ ਹੈ। ਪੁਸਤਕ ਲੇਖਕ ਕਾਮਰੇਡੀ ਵਿਚਾਰਧਾਰਾ ਤੋਂ ਅਧਿਆਤਮਕ ਮਾਰਗ ’ਤੇ ਆਇਆ ਹੈ। ਲੇਖਕ ਦਾ ਇਹ ਮਾਰਗ ਉੱਘੇ ਆਲੋਚਕ ਪ੍ਰੋ. ਕਿਸ਼ਨ ਸਿੰਘ ਵਾਲਾ ਹੈ। ਮਾਇਆਵਾਦੀ ਤੇ ਰੱਬੀ ਤਰਜ਼ੇ ਜ਼ਿੰਦਗੀ ਦਾ ਫ਼ਰਕ ਰੂਪਮਾਨ ਕਰਨਾ ਲੇਖਕ ਦੇ ਕਾਰਜ ਦਾ ਮਨੋਰਥ ਹੈ।
ਲੇਖਕ ਨੇ ਮੂਲ ਮੰਤਰ ਦੇ ਇਕ ਇਕ ਸ਼ਬਦ ਦੇ ਅਰਥ ਕੀਤੇ ਹਨ। ਮੂਲਮੰਤਰ ਦੇ ਅਰਥਾਂ ਵਿਚ ਅਕਾਲ ਪੁਰਖ ਦੀ ਸਰਬੋਤਮਤਾ ਦਾ ਜ਼ਿਕਰ ਹੈ। ਜਪੁਜੀ ਦੇ ਕੁਝ ਸ਼ਬਦਾਂ ਵੱਲ ਲੇਖਕ ਨੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਦੇ ਨਾਲ ਹੀ ਜਪੁਜੀ ਦੇ ਪੰਜ ਖੰਡਾਂ – ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸਰਮ ਖੰਡ ਅਤੇ ਸਚਖੰਡ – ਦੀ ਰਹੱਸਵਾਦੀ ਵਿਆਖਿਆ ਪੜ੍ਹ ਕੇ ਵਿਸਮਾਦੀ ਚਿੰਤਨ ਹੁੰਦਾ ਹੈ।
ਮਨੁੱਖ ਦੁਆਲੇ ਉਸਰੀਆਂ ਕੂੜ ਦੀਆਂ ਕੰਧਾਂ ਦਾ ਜ਼ਿਕਰ ਹੈ। ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਡੇਰਾ ਲਾਉਣਾ ਤੇ ਲੋਕਾਈ ਨੂੰ ਕਰਤਾਰਪੁਰੀ ਜੀਵਨ ਜਾਚ ਦੱਸਣੀ, ਕਿਰਤ ਕਰਨੀ, ਖੇਤੀ ਕਰਨੀ, ਪੰਚ ਪ੍ਰਧਾਨੀ ਸੰਗਤ, ਲੰਗਰ ਦੀ ਰਵਾਇਤ, ਕੁਦਰਤ ਨਾਲ ਪ੍ਰੇਮ, ਗੁਰੂ ਸਾਹਿਬ ਦੀ ਕਹਿਣੀ ਤੇ ਕਰਨੀ ਦੀ ਇਕਸੁਰਤਾ ਦਾ ਅਮਲੀ ਰੂਪ ਆਦਿ ਵਿਸ਼ਿਆਂ ਬਾਰੇ ਚਿੰਤਨਸ਼ੀਲ ਵਿਚਾਰ ਹਨ। ਲੇਖਕ ਨੇ ਜਪੁਜੀ ਵਿਚ ਨਿਆਸਰਿਆਂ ਦਾ ਆਸਰਾ ਤੱਕਿਆ ਹੈ ਅਤੇ ਉਮੀਦ ਦੀ ਜੂਹ ਵਿਚ ਦਾਖ਼ਲ ਹੋਇਆ ਹੈ। ਲੇਖਕ ਦਾ ਮਤ ਹੈ ਕਿ ਜਪੁਜੀ ਸਾਹਿਬ ਦੀ ਰਚਨਾ ਦਾ
ਮੰਤਵ ਕਰਤਾਰਪੁਰੀ ਜੀਵਨ ਜਾਚ ਨਾਲ ਜੋੜਨਾ ਹੈ। ਪੁਸਤਕ ਵਿਚ ਕਥਨ ਹੈ- ਜਦੋਂ ਅਸੀਂ ਗੁਰੂ ਪ੍ਰਤੀ ਗੰਭੀਰ ਹੁੰਦੇ ਹਾਂ ਉਦੋਂ ਹੀ ਗੁਰੂ ਸਾਡੇ ਪ੍ਰਤੀ ਗੰਭੀਰ ਹੁੰਦਾ ਹੈ। ਅਸੀਂ ਗੁਰੂ ਨੂੰ ਸਮਝ ਰਹੇ ਹਾਂ ਤਾਂ ਗੁਰੂ ਵੀ ਸਾਨੂੰ ਸਮਝ ਰਿਹਾ ਹੈ। ਜਪੁਜੀ ਬਾਣੀ ’ਤੇ ਚੱਲ ਕੇ ਮਨੁੱਖ ਚੰਗਾ ਇਨਸਾਨ ਬਣ ਸਕਦਾ ਹੈ ਤੇ ਮੁਕਤੀ ਦੇ ਮਾਰਗ ਦਾ ਪਾਂਧੀ ਬਣਦਾ ਹੈ। ਗੁਰੂ ਨਾਨਕ ਸਾਹਿਬ ਦੇ ਸਕੈੱਚ ਚਿੱਤਰ ਸੋਹਣੀ ਦਿੱਖ ਵਾਲੀ ਪੁਸਤਕ ਦੀ ਸ਼ਾਨ ਹਨ।
ਸੰਪਰਕ: 98148-56160