ਸੁਰਿੰਦਰ ਸਿੰਘ ਤੇਜ
ਗੁਲਾਰਾ ਬੇਗ਼ਮ ਉਹ ਨਾਂਅ ਹੈ ਜਿਹੜਾ ਦੰਦ-ਕਥਾਵਾਂ ਦਾ ਕਦੇ ਹਿੱਸਾ ਨਹੀਂ ਬਣਿਆ। ਇਤਿਹਾਸ ਵਿਚ ਇਹ ਨਾਂਅ ਮੁਗ਼ਲਾਂ, ਖ਼ਾਸ ਕਰਕੇ ਸ਼ਾਹਜਹਾਂ ਨਾਲ ਜੁੜੀ ਇਕ ਵਿਰਲ ਵਿਚ ਹੀ ਦਰਜ ਹੈ। ਹਾਂ, ਬੁਰਹਾਨਪੁਰ (ਮੱਧ ਪ੍ਰਦੇਸ਼) ਵਿਚ ਸ਼ਾਹਜਹਾਂ ਤੇ ਗੁਲਾਰਾ ਦੀ ਪ੍ਰੇਮ ਕਥਾ, ਮਾਲਵਾ ਦੇ ਹੁਕਮਰਾਨ ਬਾਜ਼ ਬਹਾਦੁਰ ਤੇ ਰੂਪਮਤੀ ਦੀ ਪ੍ਰੇਮ-ਗਾਥਾ ਵਰਗੀ ਸ਼ਿੱਦਤ ਨਾਲ ਜਾਣੀ ਜਾਂਦੀ ਹੈ। ਬੁਰਹਾਨਪੁਰ ਦੇ ਅਸੀਰਗੜ੍ਹ ਕਿਲੇ ਵਿਚ ਗੁਲਾਰਾ ਦੀ ਇਕ ਯਾਦਗਾਰ ਮੌਜੂਦ ਹੈ। ਬੁਰਹਾਨਪੁਰ ਦੇ ਨੇੜੇ ਹੀ ਇਕ ਹੋਰ ਯਾਦਗਾਰ ਦੋ ਬਾਰਾਂਦਰੀਆਂ ਦੇ ਰੂਪ ਵਿਚ ਗੁਲਾਰਾ ਦੇ ਜੱਦੀ ਪਿੰਡ ਕਰਾਰ ਵਿਚ ਬਣੀ ਹੋਈ ਹੈ। ਦੋਵਾਂ ਦੀ ਤਾਮੀਰ ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਉਸ ਸਮੇਂ ਕਰਵਾਈ ਜਦੋਂ ਉਹ ਅਜੇ ਸ਼ਹਿਜ਼ਾਦਾ ਖੁੱਰਮ ਸੀ। ਦਰਅਸਲ, ਬਾਰਾਂਦਰੀਆਂ ਦੀ ਤਾਮੀਰ ਹੀ ਗੁਲਾਰਾ ਦੀ ਹੱਤਿਆ ਦੀ ਵਜ੍ਹਾ ਸਾਬਤ ਹੋਈ।
ਇਤਿਹਾਸ ਗੁਲਾਰਾ ਨੂੰ ਕਿਤੇ ਸ਼ਾਹਜਹਾਂ ਦੀ ਰਖੇਲ ਦੱਸਦਾ ਹੈ ਅਤੇ ਕਿਤੇ ਬੇਗ਼ਮ। ਇਕ ਪੱਖ ਸਾਫ਼ ਹੈ ਕਿ ਬੇਗਾ ਬੇਗ਼ਮ (ਹਮਾਯੂੰ ਦੀ ਦਿਲਦਾਰ) ਜਾਂ ਹੀਰਾਬਾਈ ਜ਼ੈਨਾਬਾਦੀ (ਔਰੰਗਜ਼ੇਬ ਦੀ ਹਮਰਾਜ਼) ਵਾਂਗ ਤਵਾਇਫ਼ ਹੋਣ ਦੇ ਬਾਵਜੂਦ ਗੁਲਾਰਾ ਬੇਗ਼ਮ, ਸ਼ਹਿਜ਼ਾਦਾ ਖੁੱਰਮ ਦੀ ਮਹਿਜ਼ ਰਖੇਲ ਨਹੀਂ ਸੀ, ਉਸ ਦੀ ਸਲਾਹਕਾਰ, ਹਮਦਮ ਤੇ ਗ਼ਮਸਾਰ ਵੀ ਰਹੀ। ਉਸ ਦੀਆਂ ਇਨ੍ਹਾਂ ਭੂਮਿਕਾਵਾਂ ਨੇ ਉਸ ਨੂੰ ਰਖੇ਼ਲ ਤੋਂ ਬੇਗ਼ਮ ਦਾ ਰੁਤਬਾ ਦਿਵਾਇਆ ਅਤੇ ਇਨ੍ਹਾਂ ਭੂਮਿਕਾਵਾਂ ਨੇ ਹੀ ਸ਼ਹਿਜ਼ਾਦੇ ਦੀ ਪਹਿਲੀ ਤੇ ਚਹੇਤੀ ਪਤਨੀ ਆਰਜ਼ੂਮੰਦ ਬਾਨੋ (ਬਾਅਦ ਵਿਚ ਮੁਮਤਾਜ਼ ਮਹਿਲ) ਅੰਦਰ ਈਰਖਾ ਦੀ ਅੱਗ ਪੈਦਾ ਕੀਤੀ।
ਬਾਦਸ਼ਾਹ ਜਹਾਂਗੀਰ ਦੇ ਸ਼ਹਿਜ਼ਾਦਿਆਂ ਵਿਚੋਂ ਨੂਰ ਜਹਾਂ ਨੂੰ ਖੁੱਰਮ ਸਭ ਤੋਂ ਵੱਧ ਪਸੰਦ ਸੀ। ਇਸੇ ਲਈ ਉਸ ਨੇ ਖੁੱਰਮ ਦਾ ਰਿਸ਼ਤਾ ਆਪਣੇ ਭਰਾ ਆਸਿਫ਼ ਖ਼ਾਨ ਦੀ ਧੀ ਆਰਜ਼ੂਮੰਦ ਬਾਨੋ ਨਾਲ ਕਰਵਾਇਆ। ਬਾਅਦ ਵਿਚ ਨੂਰ ਜਹਾਂ ਦੀ ਪਹਿਲੇ ਵਿਆਹ ਤੋਂ ਬੇਟੀ ਲਾਡਲੀ ਬੇਗ਼ਮ, ਜਹਾਂਗੀਰ ਦੇ ਛੋਟੇ ਪੁੱਤਰ ਸ਼ਹਿਰਯਾਰ ਨਾਲ ਵਿਆਹੇ ਜਾਣ ’ਤੇ ਖੁੱਰਮ ਤੇ ਨੂਰ ਜਹਾਂ ਦਰਮਿਆਨ ਕਸ਼ੀਦਗੀ ਪੈਦਾ ਹੋ ਗਈ। ਲਿਹਾਜ਼ਾ, ਖੁੱਰਮ ਨੂੰ ਦੱਖਣ ਭਾਰਤੀ ਇਲਾਕਿਆਂ ਦਾ ਸੂਬੇਦਾਰ ਅਤੇ ਉੱਥੇ ਚਲਦੀਆਂ ਜੰਗੀ ਮੁਹਿੰਮਾਂ ਦਾ ਸਿਪਾਹਸਾਲਾਰ ਥਾਪ ਦਿੱਤਾ ਗਿਆ ਤਾਂ ਜੋ ਉਹ ਮੁਗ਼ਲ ਰਾਜਧਾਨੀ ਆਗਰਾ ਤੋਂ ਦੂਰ ਰਹੇ। ਬੁਰਹਾਨਪੁਰ ਉਸ ਸਮੇਂ ਦੱਖਣੀ ਹਿੰਦ ਦੇ ਮੁਗ਼ਲੀਆ ਇਲਾਕਿਆਂ ਦੀ ਰਾਜਧਾਨੀ ਸੀ। ਬਾਅਦ ਵਿਚ ਔਰੰਗਜ਼ੇਬ 1636 ਵਿਚ ਰਾਜਧਾਨੀ ਨੂੰ ਔਰੰਗਾਬਾਦ ਲੈ ਗਿਆ। ਬੁਰਹਾਨਪੁਰ ਵਿਚ ਸ਼ਹਿਜ਼ਾਦਾ ਖੁੱਰਮ ਦੀ ਮੁਲਾਕਾਤ ਗੁਲਾਰਾ ਨਾਲ ਹੋਈ। ਗੁਲਾਰਾ ਦੀ ਜ਼ੱਦ ਹਿੰਦੂ ਸੀ। ਪੇਸ਼ਾ ਤਵਾਇਫ਼ੀ ਸੀ। ਖੁੱਰਮ, ਆਰਜ਼ੂਮੰਦ ਨਾਲ ਵਿਆਹਿਆ ਹੋਇਆ ਸੀ, ਪਰ ਗੁਲਾਰਾ ’ਤੇ ਐਸਾ ਮੋਹਿਤ ਹੋਇਆ ਕਿ ਉਸ ਨਾਲ ਨਿਕਾਹ ਕਰ ਲਿਆ। ਉਸ ਨੂੰ ਗੁਲ-ਆਰਾ ਬੇਗ਼ਮ ਦਾ ਖ਼ਿਤਾਬ ਵੀ ਨਿਕਾਹ ਸਮੇਂ ਤੋਹਫੇ਼ ਵਜੋਂ ਦਿੱਤਾ ਗਿਆ। ਖੁੱਰਮ ਤੇ ਗੁਲਾਰਾ ਦੀ ਇਹ ਨੇੜਤਾ ਨਾ ਆਰਜ਼ੂਮੰਦ ਨੂੰ ਭਾਈ, ਨਾ ਉਸ ਦੇ ਪਿਤਾ ਆਸਿਫ਼ ਖ਼ਾਨ ਨੂੰ। ਦੋਵਾਂ ਨੇ ਨੂਰ ਜਹਾਂ ਦਾ ਸ਼ਹਿਨਸ਼ਾਹ ਜਹਾਂਗੀਰ ਉੱਪਰ ਸੰਮੋਹਨ ਦੇਖਿਆ ਹੋਇਆ ਸੀ। ਦੋਵਾਂ ਦਾ ਨਿਸ਼ਾਨਾ ਖੁੱਰਮ ਉਰਫ਼ ਸ਼ਾਹਜਹਾਂ ਉਪਰ ਆਰਜ਼ੂਮੰਦ ਦਾ ਇਹੋ ਕੰਟਰੋਲ ਕਾਇਮ ਕਰਨ ਦਾ ਸੀ। ਇਤਿਹਾਸ ਤਸਦੀਕ ਕਰਦਾ ਹੈ ਕਿ ਆਰਜ਼ੂਮੰਦ ਉਰਫ਼ ਮੁਮਤਾਜ਼, ਸ਼ਾਹਜਹਾਂ ਦਾ ਵਿਸਾਹ ਨਹੀਂ ਸੀ ਖਾਂਦੀ। ਸ਼ਾਹਜਹਾਂ ਦੀਆਂ ਹੋਰ ਵੀ ਬੇਗ਼ਮਾਂ ਸਨ, ਪਰ ਕਿਸੇ ਹੋਰ ਤੋਂ ਉਸ ਨੂੰ ਬੱਚਾ ਨਹੀਂ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਬੇਗ਼ਮ ਨੂੰ ਹਮਲ ਹੁੰਦਾ ਸੀ, ਆਸਿਫ਼ ਖ਼ਾਨ ਇਹ ਗਿਰਵਾਉਣਾ ਯਕੀਨੀ ਬਣਾ ਦਿੰਦਾ ਸੀ। ਗੁਲਾਰਾ ਤੋਂ ਖ਼ਤਰਾ ਵੱਧ ਸੀ, ਇਸ ਲਈ ਉਸ ਨੂੰ ਰਾਤ ਵੇਲੇ ਬਹਾਨੇ ਨਾਲ ਬੁਲਾ ਕੇ ਤਾਪਤੀ ਦੀ ਸਹਾਇਕ ਨਦੀ ਉਤਾਵਲੀ ਵਿਚ ਡੁਬੋ ਕੇ ਮਾਰ ਦਿੱਤਾ ਗਿਆ। ਦਾਅਵਾ ਇਹ ਕੀਤਾ ਗਿਆ ਕਿ ਉਸ ਵਾਲੀ ਕਿਸ਼ਤੀ ਭੰਵਰ ਵਿਚ ਫਸ ਕੇ ਉਲਟ ਗਈ ਅਤੇ ਇਸ ਕਾਰਨ ਉਹ ਬਾਂਦੀਆ/ਕਨੀਜ਼ਾਂ ਸਮੇਤ ਰੁੜ੍ਹ ਗਈ।
ਗੁਲਾਰਾ ਦੀ ਕਹਾਣੀ ਇੰਦੌਰ ਵਿਚ ਰਹਿੰਦੇ ਇਤਿਹਾਸ ਦੇ ਪ੍ਰੋਫ਼ੈਸਰ ਤੇ ਹਿੰਦੀ ਦੇ ਪ੍ਰਬੁਧ ਸਾਹਿਤਕਾਰ ਸ਼ਰਦ ਪਗਾਰੇ ਦੇ ਨਾਵਲ ‘ਗੁਲਾਰਾ ਬੇਗ਼ਮ’ ਦਾ ਵਿਸ਼ਾ-ਵਸਤੂ ਹੈ। ਇਹ ਕਿਤਾਬ ਬਹੁਤ ਮਕਬੂਲ ਹੋਈ। ਗਿਆਰਾਂ ਤੋਂ ਵੱਧ ਸੰਸਕਰਣ ਛਪ ਚੁੱਕੇ ਹਨ। ਨਾਵਲ ਨੂੰ ਕਈ ਵਕਾਰੀ ਪੁਰਸਕਾਰ ਵੀ ਮਿਲ ਚੁੱਕੇ ਹਨ। ਮਰਾਠੀ, ਉਰਦੂ, ਗੁਜਰਾਤੀ ਤੇ ਮਲਿਆਲਮ ਵਿਚ ਅਨੁਵਾਦ ਬਹੁਤ ਪਹਿਲਾਂ ਹੋ ਗਿਆ ਸੀ। ਫਿਰ ਪੰਜਾਬੀ ਅਨੁਵਾਦ ਦੀ ਗੱਲ ਤੁਰੀ ਅਤੇ ਜ਼ਿੰਮੇਵਾਰੀ ਪੰਜਾਬੀ ਲੇਖਕ ਤੇ ਚਿੰਤਕ ਜਗਦੀਸ਼ ਰਾਏ ਕੁਲਰੀਆਂ ਦੇ ਮੋਢਿਆਂ ’ਤੇ ਆ ਪਈ। ਉਨ੍ਹਾਂ ਨੇ ਇਸ ਨੂੰ ਬਾਖ਼ੂਬੀ ਨਿਭਾਇਆ ਹੈ। ਨਾਵਲ ‘ਗੁਲਾਰਾ ਬੇਗ਼ਮ’ (296 ਪੰਨੇ; 395 ਰੁਪਏ) ਉਡਾਨ ਪਬਲੀਕੇਸ਼ਨਜ਼, ਮਾਨਸਾ ਵੱਲੋਂ ਛਾਪਿਆ ਗਿਆ ਹੈ। ਤਾਰੀਫ਼ ਦੇ ਨਾਲ ਨਾਲ ਇਕ ਸ਼ਿਕਵਾ ਵੀ ਵਾਜਬ ਜਾਪਦਾ ਹੈ: ਅਨੁਵਾਦ ਵਾਲੀ ਬਾਰੀਕਬੀਨੀ ਜੇਕਰ ਪਰੂਫ਼-ਰੀਡਿੰਗ ਵਿਚ ਵੀ ਵਰਤੀ ਜਾਂਦੀ ਤਾਂ ਕੋੜਕੂ ਬਾਕੀ ਨਹੀਂ ਸੀ ਰਹਿਣੇ।
ਅਨੂਠਾ ਤਜਰਬਾ
ਪ੍ਰੋਫ਼ੈਸਰ ਅਮਰਜੀਤ ਸਿੰਘ ਹੇਅਰ ਦਾ ਕਲਮ ਨਾਲ ਵੀ ਮੋਹ ਹੈ ਅਤੇ ਤਜਰਬਿਆਂ ਨਾਲ ਵੀ। ਤਕਰੀਬਨ ਹਰ ਸਾਹਿਤਕ ਵਿਧਾ ਉਪਰ ਉਹ ਹੱਥ ਅਜ਼ਮਾ ਚੁੱਕੇ ਹਨ। ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿਚ ਵੀ ਉਨ੍ਹਾਂ ਨੇ ਕਿਤਾਬਾਂ ਲਿਖੀਆਂ। ‘ਪ੍ਰੇਮਿਕਾ ਤੋਂ ਪਤਨੀ: ਪ੍ਰੇਮ ਵਿਆਹ ਦੀ ਦਾਸਤਾਨ’ (ਗੋਰਕੀ ਪ੍ਰਕਾਸ਼ਨ; 168 ਪੰਨੇ; 300 ਰੁਪਏ) ਉਨ੍ਹਾਂ ਦੀ ਨਵੀਂ ਰਚਨਾ ਹੈ। ਨਿਵੇਕਲਾ ਤਜਰਬਾ ਹੈ ਇਹ ਕਿਤਾਬ: 65 ਵਰ੍ਹਿਆਂ ਤੋਂ ਵੱਧ ਸਮੇਂ ਦੇ ਜਜ਼ਬਾਤੀ/ਜਿਸਮਾਨੀ ਰਿਸ਼ਤੇ ਦਾ ਆਪਸੀ ਚਿੱਠੀਆਂ ਅਤੇ ਡਾਇਰੀ ਦੇ ਪੰਨਿਆਂ ਦੇ ਤਰਤੀਬਵਾਰ ਸੰਕਲਨ ਦੇ ਰੂਪ ਵਿਚ ਬਿਰਤਾਂਤ। ਚਿੱਠੀ-ਪੱਤਰ ਸਾਂਭਣ ਦਾ ਰਿਵਾਜ ਸਾਡੇ ਮੁਲਕ ਵਿਚ ਬਹੁਤ ਘੱਟ ਹੈ; ਇਹ ਸਾਡੀ ਸੋਚ-ਸੁਹਜ ਦਾ ਕਦੇ ਹਿੱਸਾ ਬਣਿਆ ਹੀ ਨਹੀਂ। ਪ੍ਰੋ. ਹੇਅਰ ਇਸ ਪੱਖੋਂ ਸਾਥੋਂ ਵੱਖਰੇ ਹਨ। ਉਨ੍ਹਾਂ ਨੇ ਚਿੱਠੀ-ਪੱਤਰ ਸਾਂਭਣ ਪੱਖੋਂ ਯੂਰੋਪੀਅਨਾਂ ਨੂੰ ਵੀ ਮਾਤ ਦੇ ਦਿੱਤੀ ਹੈ। ਜੇਕਰ ਉਨ੍ਹਾਂ ਦੇ ਸਹੁਰਾ ਸਾਹਿਬ, ਪ੍ਰੇਮੀ ਜੋੜੇ ਦੀਆਂ ਕਾਫ਼ੀ ਸਾਰੀਆਂ ਚਿੱਠੀਆਂ ਦੋਵਾਂ ਪਾਸੋਂ ਲੈ ਕੇ ਸਾੜ ਨਾ ਦਿੰਦੇ ਤਾਂ ਪ੍ਰੋ. ਹੇਅਰ ਵੱਲੋਂ ਰਚੀ ਦਾਸਤਾਨ ਦੀ ਰਵਾਨੀ ਹੋਰ ਵਧ ਜਾਣੀ ਸੀ। ਬਹਰਹਾਲ, ਜੋ ਦਾਸਤਾਂ ਸਿਰਜੀ ਗਈ ਹੈ, ਉਹ ਵੀ ਪੂਰੀ ਰੌਚਿਕ ਹੈ।
ਪ੍ਰੋ. ਹੇਅਰ ਦਾ ਕਹਿਣਾ ਹੈ ਕਿ ‘‘ਸ਼ਾਇਦ ਇਹ ਪੰਜਾਬੀ ਵਿਚ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੋਵੇ।’’ ਇਹ ਕਥਨ ਸਹੀ ਜਾਪਦਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ‘ਜੇਲ੍ਹ ਚਿੱਠੀਆਂ’ ਦੀ ਸ਼ੈਲੀ ਕੁਝ ਅਜਿਹੀ ਸੀ, ਪਰ ਉਨ੍ਹਾਂ ਦਾ ਪ੍ਰਸੰਗ ਬਿਲਕੁਲ ਵੱਖਰਾ ਸੀ। ਸਮਾਂ-ਕਾਲ ਵੀ ਸੀਮਿਤ ਸੀ। ਇਸ ਕਿਤਾਬ ਵਿਚ ਨਿੱਜੀ ਜੀਵਨ ਦੀਆਂ ਖਵਾਹਿਸ਼ਾਂ, ਲੋੜਾਂ, ਲਾਲਸਾਵਾਂ, ਸੀਮਾਵਾਂ, ਉਲਝਣਾਂ, ਕਿਰਸਾਂ, ਫ਼ਜ਼ੂਲ-ਖ਼ਰਚੀਆਂ, ਰੁਸੇਵੇਂ, ਛਲਾਵੇ ਅਤੇ ਢੇਰ ਸਾਰੀਆਂ ਕੁਰਬਾਨੀਆਂ ਦਾ ਛੇ ਦਹਾਕਿਆਂ ਤੋਂ ਵੱਧ ਸਮੇਂ ਦਾ ਖ਼ੁਲਾਸਾ ਸੰਮਿਲਿਤ ਹੈ। ਦੋ ਜੀਆਂ ਤੇ ਉਨ੍ਹਾਂ ਦੇ ਆਪਣਿਆਂ/ਕਰੀਬੀਆਂ ਦਾ ਨਿੱਜ ਵਿਛਿਆ ਹੋਇਆ ਹੈ ਸਾਡੇ ਸਾਹਮਣੇ। ਪੂਰੀ ਬੇਬਾਕੀ ਨਾਲ। ਕਈਆਂ ਨੂੰ ਅਜਿਹੀ ਬੇਬਾਕੀ ’ਤੇ ਉਜ਼ਰ ਹੋ ਸਕਦਾ ਹੈ, ਪਰ ਮੈਨੂੰ ਇਹ ਕਿਤਾਬ ਦੋ ਜਿੰਦੜੀਆਂ ਦੇ ਮੋਹਵੰਤੇ ਰਿਸ਼ਤੇ ਦੀ ਸ਼ਿੱਦਤ ਨੂੰ ਸੱਚੀ-ਸੁੱਚੀ ਅਕੀਦਤ ਜਾਪੀ।
ਨਾਟ ਤੇ ਨਾਟਕੀਅਤਾ
ਬਹੁਵਿਧਾਈ ਸਾਹਿਤਕਾਰ ਹੈ ਸੁਖਮਿੰਦਰ ਸੇਖੋਂ। 1979 ਤੋਂ ਕਿਤਾਬਾਂ ਰਚਦਾ ਆ ਰਿਹਾ ਹੈ। ਰਸਾਲਿਆਂ-ਅਖ਼ਬਾਰਾਂ ਲਈ ਵੀ ਲਗਾਤਾਰ ਲਿਖਦਾ ਆ ਰਿਹਾ ਹੈ। ਕਿਤਾਬਾਂ ਦੀ ਗਿਣਤੀ ਦਰਜਨ ਤੋਂ ਵੱਧ ਸੀ; ਹੁਣ ‘ਲੇਬਰ ਚੌਕ ਦੀਆਂ ਅੱਖਾਂ’ (ਤਰਲੋਚਨ ਪਬਲਿਸ਼ਰਜ਼; 104 ਪੰਨੇ; 200 ਰੁਪਏ) ਇਸ ਗਿਣਤੀ ਨੂੰ ਸਵਾ ਦਰਜਨ ਬਣਾਉਂਦੀ ਹੈ। ਨਾਟ-ਸੰਗ੍ਰਹਿ ਹੈ ਇਹ ਕਿਤਾਬ। ਪੰਜ ਨਾਟਕ/ਇਕਾਂਗੀ ਇਸ ਵਿਚ ਸ਼ਾਮਲ ਨਹੀਂ ਹਨ। ‘ਔਰਤ ਬੋਲੇ ਆਜ਼ਾਦੀ’ ਸਿਰਲੇਖ ਆਪਣੇ ਵੱਲ ਖਿੱਚਦਾ ਹੈ, ਪਰ ਨਾਟਕੀਅਤਾ ਦੀ ਦ੍ਰਿਸ਼ਟੀ ਪੱਖੋਂ ਇਕ ਕਮਜ਼ੋਰ ਰਚਨਾ ਹੈ। ਨਾਟਕ ਵਿਚ ਕਥਾਨਕੀ-ਸਜੀਵਤਾ ਦੇ ਨਾਲ ਨਾਲ ਸੰਵਾਦ ਨਿਹਾਇਤ ਚੁਸਤ-ਦਰੁਸਤ ਹੋਣੇ ਚਾਹੀਦੇ ਹਨ; ਸ਼ਬਦਾਂ ਦੀ ਚੋਣ ਪੱਖੋਂ ਪਾਤਰਾਂ ਦੀ ਸੂਝ-ਸੁਹਜ ਦੇ ਅਨੁਕੂਲ। ਅਜਿਹੀ ਅਨੁਕੂਲਤਾ ਦੀ ਘਾਟ ਹੈ ਨਾਟ-ਰਚਨਾ ਵਿਚ। ‘ਲੇਬਰ ਚੌਕ ਦੀਆਂ ਅੱਖਾਂ’ ਨਾਟਕ ਜਾਨਦਾਰ ਹੈ। ਇਸ ਦੇ ਪਾਤਰ, ਆਪਣੇ ਧਰਾਤਲ ਨਾਲ ਜੁੜੇ ਹੋਏ ਹਨ। ‘ਅਸੀਂ ਜਿਉਂਦੇ, ਅਸੀਂ ਜਾਗਦੇ’ ਸਭ ਤੋਂ ਲੰਮੀ ਰਚਨਾ ਹੈ। ਇਸ ਵਿਚ ਵੀ ਪਾਤਰ-ਉਸਾਰੀ ਜਾਨਦਾਰ ਹੈ। ਨਾਟਕੀ ਤਕਾਜ਼ਿਆਂ ’ਤੇ ਪੂਰੀ ਉਤਰਨ ਵਾਲੀ।