ਸੁਮੀਤ ਸਿੰਘ
ਪੰਜਾਬੀ ਰੰਗਮੰਚ ਦੇ ਖੇਤਰ ਵਿਚ ਸਿਰੜੀ ਇਨਕਲਾਬੀ ਪ੍ਰਤੀਬੱਧਤਾ ਵਿਖਾਉਣ ਵਾਲੇ ਪ੍ਰੋ. ਅਜਮੇਰ ਔਲਖ ਨੂੰ ਸਾਥੋਂ ਵਿਛੜਿਆਂ ਬੇਸ਼ੱਕ ਪੰਜ ਸਾਲ ਹੋ ਗਏ ਹਨ ਪਰ ਉਹ ਸਾਡੇ ਚੇਤਿਆਂ ਅਤੇ ਸੰਘਰਸ਼ਾਂ ਵਿਚ ਅੱਜ ਵੀ ਜ਼ਿੰਦਾ ਹੈ। ਉਸ ਨੇ ਆਪਣੇ ਇਨਕਲਾਬੀ ਨਾਟਕਾਂ ਅਤੇ ਸਾਹਿਤ ਰਾਹੀਂ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੇ ਗੰਭੀਰ ਮੁੱਦਿਆਂ ਨੂੰ ਸਪੱਸ਼ਟ ਰੂਪ ਵਿਚ ਉਭਾਰਿਆ ਅਤੇ ਸਮੁੱਚੀ ਮਿਹਨਤਕਸ਼ ਜਮਾਤ ਨੂੰ ਵਿਗਿਆਨਕ ਸੋਚ ਅਪਨਾਉਣ ਤੇ ਸਾਮਰਾਜਪੱਖੀ ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਤੇ ਸਮਾਜਿਕ ਨੀਤੀਆਂ ਅਤੇ ਜਬਰ ਜ਼ੁਲਮ ਖ਼ਿਲਾਫ਼ ਜਥੇਬੰਦਕ ਸੰਘਰਸ਼ ਕਰਨ ਲਈ ਲਗਾਤਾਰ ਜਾਗਰੂਕ ਕੀਤਾ।
ਗ਼ਰੀਬ ਕਿਸਾਨੀ ਮੁਜ਼ਾਰੇ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਅਜਮੇਰ ਔਲਖ ਅਤੇ ਉਸ ਦੇ ਪਰਿਵਾਰ ਨੇ ਜਗੀਰਦਾਰਾਂ ਦੀਆਂ ਧੱਕੇਸ਼ਾਹੀਆਂ ਅਤੇ ਹੋਰ ਮੁਸ਼ਕਲਾਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ। ਇਸ ਕਾਰਨ ਸੁਲਗ਼ਦੀ ਵਿਦਰੋਹ ਦੀ ਅੱਗ ਨੇ ਔਲਖ ਨੂੰ ਆਪਣੇ ਰੰਗਮੰਚ ਨੂੰ ਇਨਕਲਾਬੀ ਦਿਸ਼ਾ ਦੇ ਕੇ ਪੇਂਡੂ ਕਿਰਤੀ ਖੇਤਰ ਵੱਲ ਕੇਂਦ੍ਰਿਤ ਕਰਨ ਲਈ ਪ੍ਰੇਰਿਤ ਕੀਤਾ। ਇਸੇ ਲਈ ਉਸ ਨੇ ਉੱਚ ਤਕਨੀਕੀ ਅਤੇ ਮਹਿੰਗੇ ਸੈੱਟ ਲਾਉਣ ਦੀ ਬਜਾਏ ਗੁਰਸ਼ਰਨ ਭਾ’ਜੀ ਵਾਂਗ ਘੱਟ ਖਰਚੀਲੇ ਅਤੇ ਆਮ ਲੋਕਾਂ ਤਕ ਪਹੁੰਚਣ ਵਾਲੀ ਨਾਟਕੀ ਤਕਨੀਕ ਨੂੰ ਵਿਕਸਤ ਕੀਤੀ ਅਤੇ ਪੇਂਡੂ ਰੰਗਮੰਚ ਦੇ ਖੇਤਰ ਵਿਚ ਲਗਾਤਾਰਤਾ ਬਣਾਈ ਰੱਖੀ। ਉਸ ਨੇ ਆਪਣੇ ਨਾਟਕਾਂ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਆੜਤੀਆਂ ਅਤੇ ਸ਼ਾਹੂਕਾਰਾਂ ਵੱਲੋਂ ਗ਼ਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕੀਤੀ ਜਾਂਦੀ ਲੁੱਟ, ਬੈਂਕ ਕਰਜ਼ਿਆਂ ਦਾ ਬੋਝ, ਕਾਰਪੋਰੇਟ ਘਰਾਣਿਆਂ ਵਲੋਂ ਖੇਤੀ ਜ਼ਮੀਨਾਂ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ, ਜਾਤਪਾਤੀ ਵਿਤਕਰਾ, ਅਤਿਵਾਦ, ਭ੍ਰਿਸ਼ਟਾਚਾਰ, ਨਾਬਰਾਬਰੀ, ਜਗੀਰੂ ਧੌਂਸਬਾਜ਼ੀ, ਗ਼ਰੀਬੀ, ਬੇਰੁਜ਼ਗਾਰੀ, ਹਕੂਮਤੀ ਜਬਰ, ਅੰਧ-ਵਿਸ਼ਵਾਸ, ਪਾਖੰਡਵਾਦ, ਸਮਾਜਿਕ ਅਨਿਆਂ ਅਤੇ ਲਿੰਗਕ ਵਿਤਕਰੇ ਆਦਿ ਗੰਭੀਰ ਮੁੱਦਿਆਂ ਨੂੰ ਬੇਬਾਕੀ ਨਾਲ ਉਭਾਰਿਆ। ਮਿਹਨਤਕਸ਼ ਲੋਕਾਂ ਨੂੰ ਲੋਟੂ ਹਾਕਮ ਜਮਾਤਾਂ, ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਤਾਕਤਾਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਅਜਮੇਰ ਔਲਖ ਦੇ ਰੰਗਮੰਚ ਦੀ ਇਹ ਨਿਵੇਕਲੀ ਪਛਾਣ ਸੀ ਕਿ ਨਾਟਕਾਂ ਦੇ ਪਾਤਰ ਕਿਰਤੀਆਂ, ਕਿਸਾਨਾਂ ਅਤੇ ਸ਼ਾਹੂਕਾਰਾਂ ਦੇ ਕਿਰਦਾਰਾਂ ਨੂੰ ਨਿਰੋਲ ਪੇਂਡੂ ਸ਼ੈਲੀ ਅਤੇ ਮੁਹਾਵਰਿਆਂ ਰਾਹੀਂ ਇੰਜ ਪੇਸ਼ ਕਰਦੇ ਸਨ ਕਿ ਦਰਸ਼ਕਾਂ ਨੂੰ ਲੱਗਦਾ ਜਿਵੇਂ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਦਰਸਾਈ ਜਾ ਰਹੀ ਹੋਵੇ। ਅਜਿਹੀ ਪੇਸ਼ਕਾਰੀ ਕਰਦਿਆਂ ਪਾਤਰ ਭਾਵੇਂ ਕਈ ਵਾਰ ਗਾਲ੍ਹਾਂ ਦਾ ਵੀ ਇਸਤੇਮਾਲ ਕਰ ਜਾਂਦੇ ਸਨ ਪਰ ਦਰਸ਼ਕ ਇਸ ਨੂੰ ਨਾਟਕ ਵਿਚਲੇ ਕਿਰਦਾਰ ਦਾ ਕੁਦਰਤੀ ਵਰਤਾਰਾ ਸਮਝ ਕੇ ਬੁਰਾ ਨਹੀਂ ਸਨ ਮਨਾਉਂਦੇ। ਇਸੇ ਸਦਕਾ ਉਹ ਆਮ ਪੇਂਡੂ ਅਤੇ ਪੱਛੜੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਪ੍ਰਗਤੀਸ਼ੀਲ ਰੰਗਮੰਚ ਨਾਲ ਜੋੜਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ। ਉਸ ਨੇ ਆਪਣੇ ਪ੍ਰਸਿੱਧ ਨਾਟਕਾਂ ‘ਝਨਾਂ ਦੇ ਪਾਣੀ’, ‘ਬੇਗਾਨੇ ਬੋਹੜ ਦੀ ਛਾਂ’, ‘ਸੱਤ ਬੇਗਾਨੇ’ ਅਤੇ ‘ਇਕ ਰਮਾਇਣ ਹੋਰ’ ਸਮੇਤ ਆਪਣੇ ਸੈਂਕੜੇ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਕਰ ਕੇ ਦੇਸ਼ ਵਿਦੇਸ਼ ਵਿਚ ਮਕਬੂਲੀਅਤ ਹਾਸਲ ਕੀਤੀ। ਉਸ ਨੇ ਆਪਣੇ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ’ ਰਾਹੀਂ ਧਾਰਮਿਕ ਕੱਟੜਤਾ ਖ਼ਿਲਾਫ਼ ਬੇਖ਼ੌਫ਼ ਹੋ ਕੇ ਆਵਾਜ਼ ਉਠਾਈ ਜਿਸ ਲਈ ਉਸ ਨੂੰ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ।
ਅਜਮੇਰ ਔਲਖ ਆਪਣੇ ਨਾਟਕਾਂ ਰਾਹੀਂ ਇਸ ਹਕੀਕਤ ਨੂੰ ਦਰਸ਼ਕਾਂ ਦੇ ਦਿਲੋ ਦਿਮਾਗ਼ ਵਿਚ ਬਿਠਾਉਣਾ ਚਾਹੁੰਦਾ ਸੀ ਕਿ ਜਦੋਂ ਤਕ ਮੌਜੂਦਾ ਭ੍ਰਿਸ਼ਟ ਅਤੇ ਲੋਕ ਵਿਰੋਧੀ ਰਾਜਸੀ, ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਲੋਕਪੱਖੀ ਸਮਾਜਵਾਦੀ ਨਿਜ਼ਾਮ ਵਿਚ ਤਬਦੀਲ ਨਹੀਂ ਕੀਤਾ ਜਾਂਦਾ ਉਦੋਂ ਤਕ ਲੋਕਾਂ ਦੇ ਜੀਵਨ ਅਤੇ ਭਵਿੱਖ ਨੂੰ ਬਿਹਤਰ ਤੇ ਖ਼ੁਸ਼ਹਾਲ ਨਹੀਂ ਬਣਾਇਆ ਜਾ ਸਕਦਾ। ਇਸੇ ਲਈ ਉਸ ਨੇ ਆਪਣੇ ਰੰਗਮੰਚ ਨੂੰ ਲੋਕਾਂ ਵਿਚ ਰਾਜਸੀ ਅਤੇ ਸਮਾਜਿਕ ਚੇਤਨਾ ਵਿਕਸਤ ਕਰਨ ਲਈ ਕਾਰਗਰ ਸਾਧਨ ਵਜੋਂ ਵਰਤਿਆ। ਅਜਿਹੇ ਇਨਕਲਾਬੀ ਰੰਗਮੰਚ ਦਾ ਪ੍ਰਭਾਵ ਕਬੂਲ ਕੇ ਹੀ ਪੰਜਾਬ ਵਿਚ ਪਿਛਲੇ ਦਹਾਕਿਆਂ ਵਿਚ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਈ ਕਿਸਾਨੀ ਸੰਘਰਸ਼ਾਂ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਅਜਮੇਰ ਔਲਖ ਅਣਥੱਕ ਤੇ ਪ੍ਰਤੀਬੱਧ ਨਾਟਕਕਾਰ ਅਤੇ ਨਾਮਵਰ ਸਾਹਿਤਕਾਰ ਹੋਣ ਦੇ ਨਾਲ ਨਾਲ ਹਕੂਮਤੀ ਜਬਰ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਲਗਾਤਾਰ ਲੜਨ ਵਾਲਾ ਸੁਹਿਰਦ ਜਨਤਕ ਆਗੂ ਵੀ ਸੀ। ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹੁੰਦਿਆਂ ਮਾਂ ਬੋਲੀ ਪੰਜਾਬੀ, ਸਿੱਖਿਆ, ਸਭਿਆਚਾਰ ਅਤੇ ਕਲਾ ਨੂੰ ਸਰਕਾਰੀ ਪੱਧਰ ’ਤੇ ਅਣਗੌਲਿਆਂ ਕਰਨ ਖ਼ਿਲਾਫ਼ ਪੰਜਾਬ ਸਰਕਾਰ ਵਿਰੁੱਧ ਵਿੱਢੇ ਜਥੇਬੰਦਕ ਰੋਸ ਧਰਨਿਆਂ, ਰੈਲੀਆਂ, ਭੁੱਖ ਹੜਤਾਲਾਂ ਅਤੇ ਗ੍ਰਿਫ਼ਤਾਰੀਆਂ ਆਦਿ ਮੌਕੇ ਕਈ ਵਾਰ ਅਗਵਾਈ ਕੀਤੀ ਅਤੇ ਸਮੇਂ ਸਮੇਂ ’ਤੇ ਸਰਗਰਮ ਸ਼ਮੂਲੀਅਤ ਵੀ ਕੀਤੀ। ਆਦਿਵਾਸੀਆਂ ਅਤੇ ਕਬਾਇਲੀਆਂ ਦੇ ਜਮਹੂਰੀ ਹੱਕਾਂ ਖ਼ਾਤਰ ਪੰਜਾਬ ਵਿਚ ਆਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਨੂੰ ਸਰਗਰਮ ਕਰਨ ਵਿਚ ਅਜਮੇਰ ਔਲਖ ਨੇ ਜ਼ਿਕਰਯੋਗ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਗੁਰਸ਼ਰਨ ਭਾ’ਜੀ ਇਸ ਫਰੰਟ ਦੇ ਕਨਵੀਨਰ ਵਜੋਂ ਸੇਵਾ ਨਿਭਾਉਂਦੇ ਰਹੇ ਸਨ। ਇਸ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ ਕਰਦਿਆਂ ਔਲਖ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸਾਮਰਾਜਵਾਦੀ ਹਕੂਮਤਾਂ, ਫ਼ਿਰਕੂ ਫਾਸ਼ੀਵਾਦੀ ਸੰਗਠਨਾਂ ਅਤੇ ਲੋਟੂ ਕਾਰਪੋਰੇਟ ਘਰਾਣਿਆਂ ਵੱਲੋਂ ਆਮ ਲੋਕਾਂ ਦੀ ਜਮਹੂਰੀ ਆਜ਼ਾਦੀ ਉੱਤੇ ਕੀਤੇ ਜਾਂਦੇ ਹਮਲਿਆਂ ਖ਼ਿਲਾਫ਼ ਕਨਵੈਨਸ਼ਨਾਂ, ਰੋਸ ਪ੍ਰਦਰਸ਼ਨਾਂ ਅਤੇ ਧਰਨਿਆਂ ਰਾਹੀਂ ਜ਼ੋਰਦਾਰ ਆਵਾਜ਼ ਉਠਾਈ। ਦੇਸ਼ ਵਿਚ ਅਸਹਿਣਸ਼ੀਲਤਾ ਦੇ ਗੰਭੀਰ ਮੁੱਦੇ ਉੱਤੇ ਉਸ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਮੋੜ ਕੇ ਕੇਂਦਰ ਸਰਕਾਰ ਅਤੇ ਕੁਝ ਸੰਗਠਨਾਂ ਵੱਲੋਂ ਫੈਲਾਏ ਗਏ ਫ਼ਿਰਕੂ ਫਾਸ਼ੀਵਾਦ ਦਾ ਡਟਵਾਂ ਵਿਰੋਧ ਕੀਤਾ। ਪ੍ਰੋ. ਔਲਖ ਦੇ ਹੌਂਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਪੂਰੇ 9 ਸਾਲ ਕੈਂਸਰ ਦੀ ਬਿਮਾਰੀ ਚਿੰਬੜੀ ਰਹਿਣ ਦੇ ਬਾਵਜੂਦ ਉਸ ਨੇ ਆਪਣਾ ਰੰਗਮੰਚ ਦਾ ਸਫ਼ਰ ਨਿਰਵਿਘਨ ਜਾਰੀ ਰੱਖਿਆ।
ਰੰਗਮੰਚ ਦੇ ਖੇਤਰ ਵਿਚ ਗੁਰਸ਼ਰਨ ਭਾ’ਜੀ ਅਤੇ ਪ੍ਰੋ. ਅਜਮੇਰ ਔਲਖ ਵਿਚ ਕਈ ਸਮਾਨਤਾਵਾਂ ਵੇਖਣ ਨੂੰ ਮਿਲਦੀਆਂ ਸਨ। ਦੋਵਾਂ ਨੇ ਆਪਣੇ ਨਾਟਕਾਂ ਵਿਚ ਕਿਸਾਨੀ ਕਿਰਤੀ ਵਰਗ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਉਨ੍ਹਾਂ ਨੂੰ ਹਕੂਮਤੀ ਲੁੱਟ ਅਤੇ ਜਬਰ ਖ਼ਿਲਾਫ਼ ਸੰਘਰਸ਼ਸ਼ੀਲ ਬਣਾਉਣ ਲਈ ਰੰਗਮੰਚ ਨੂੰ ਇਨਕਲਾਬੀ ਲੀਹਾਂ ਉੱਤੇ ਤੋਰਿਆ। ਦੋਵਾਂ ਨਾਟਕਕਾਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਮਿਲਿਆ। 1970ਵਿਆਂ ਦੌਰਾਨ ਸਮਾਜ ਵਿਚ ਔਰਤਾਂ ਦੇ ਸਟੇਜ ਉੱਤੇ ਅਦਾਕਾਰੀ ਕਰਨ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਸੀ। ਇਸ ਦੇ ਬਾਵਜੂਦ ਦੋਵਾਂ ਨਾਟਕਕਾਰਾਂ ਨੇ ਆਪਣੀਆਂ ਪਤਨੀਆਂ ਅਤੇ ਧੀਆਂ ਨੂੰ ਸਟੇਜ ਉੱਤੇ ਸਫ਼ਲ ਅਦਾਕਾਰੀ ਕਰਵਾ ਕੇ ਸਮਾਜ ਨੂੰ ਔਰਤ ਮਰਦ ਨਾ-ਬਰਾਬਰੀ ਖ਼ਤਮ ਕਰਨ ਅਤੇ ਲੜਕੀਆਂ ਨੂੰ ਅਗਾਂਹਵਧੂ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿੱਤਾ। ਦੋਵਾਂ ਨੇ ਹਕੂਮਤਾਂ ਅਤੇ ਫ਼ਿਰਕੂ ਤਾਕਤਾਂ ਵੱਲੋਂ ਸਮੇਂ ਸਮੇਂ ’ਤੇ ਆਮ ਲੋਕਾਂ ਨਾਲ ਕੀਤੀਆਂ ਜ਼ਾਲਮਾਨਾ ਵਧੀਕੀਆਂ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਤਾ-ਉਮਰ ਵਿਦਰੋਹੀ ਸੁਰ ਅਪਣਾਈ ਰੱਖੀ ਅਤੇ ਸਰਕਾਰੀ ਇਨਾਮਾਂ-ਸਨਮਾਨਾਂ ਦੀ ਕਦੇ ਆਸ ਨਹੀਂ ਰੱਖੀ।
ਅਜਮੇਰ ਔਲਖ ਨੇ ਮਾੜੀ ਸਿਹਤ ਦੇ ਬਾਵਜੂਦ ਲੋਕ-ਪੱਖੀ ਰੰਗਮੰਚ, ਸਾਹਿਤ ਅਤੇ ਮਿਹਨਤਕਸ਼ ਵਰਗ ਨਾਲ ਆਪਣੀ ਵਚਨਬੱਧਤਾ ਨੂੰ ਅੰਤਲੇ ਸਮੇਂ ਤਕ ਪੂਰੇ ਸਿਰੜ ਨਾਲ ਨਿਭਾਇਆ।
ਸੰਪਰਕ: 76960-30173