ਸੁਰਿੰਦਰ ਸਿੰਘ ਤੇਜ
ਕਾਬੁਲ ਉਪਰ ਤਾਲਿਬਾਨ ਦਾ ਆਸਾਨੀ ਨਾਲ ਕਬਜ਼ਾ ਅਮਰੀਕੀ ਸਾਮਰਾਜ ਦੀ ਹੁਣ ਤਕ ਦੀ ਸਭ ਤੋਂ ਵੱਡੀ ਸਿਆਸੀ, ਸਿਧਾਂਤਕ ਤੇ ਜੰਗੀ ਹਾਰ ਹੈ। ਇਹ ਕਬਜ਼ਾ 15 ਅਗਸਤ 2021 ਨੂੰ ਬਿਨਾਂ ਕਿਸੇ ਖ਼ੂਨ-ਖਰਾਬੇ ਦੇ ਹੋਇਆ। ਅਮਰੀਕਾ ਤੇ ਉਸ ਦੇ ਇਤਿਹਾਦੀ ਮੁਲਕਾਂ ਦੀਆਂ ਫ਼ੌਜਾਂ 20 ਵਰ੍ਹਿਆਂ ਤੋਂ ਅਫ਼ਗ਼ਾਨਿਸਤਾਨ ਵਿਚ ਸਨ, ਪਰ ਹਰ ਕਿਸਮ ਦੇ ਜੰਗੀ ਹਥਿਆਰਾਂ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੋਣ ਦੇ ਬਾਵਜੂਦ ਉਹ ਤਾਲਿਬਾਨ ਦੀ ਰਾਜ ਸੱਤਾ ਉੱਤੇ ਵਾਪਸੀ ਨਾ ਰੋਕ ਸਕੀਆਂ। ਜ਼ਾਹਿਰ ਹੈ ਜਿਨ੍ਹਾਂ ਨੇ 20 ਵਰ੍ਹੇ ਪਹਿਲਾਂ ਅਫ਼ਗ਼ਾਨ ਭੂਮੀ ’ਤੇ ਫ਼ੌਜੀ ਚੜ੍ਹਾਈ ਕਰਨ ਦੇ ਫ਼ੈਸਲੇ ਲਏ ਅਤੇ ਇਨ੍ਹਾਂ ਫ਼ੈਸਲਿਆਂ ਨੂੰ ‘ਦਹਿਸ਼ਤਵਾਦ ਵਿਰੋਧੀ ਜੰਗ’ ਵਰਗਾ ਨਾਂ ਦਿੱਤਾ, ਉਹ ਅਫ਼ਗ਼ਾਨ ਇਤਿਹਾਸ ਤੇ ਅਫ਼ਗ਼ਾਨ ਲੋਕਾਂ ਦੀ ਮਨੋ-ਬਣਤਰ ਤੋਂ ਜਾਂ ਤਾਂ ਉੱਕਾ ਹੀ ਨਾਵਾਕਫ਼ ਸਨ ਅਤੇ ਜਾਂ ਫਿਰ ਆਪਣੀ ਜੰਗੀ
ਤਾਕਤ ਪ੍ਰਤੀ ਲੋੜੋਂ ਵੱਧ ਭਰੋਸੇ ’ਚ ਸਨ। ਬਹਰਹਾਲ, ਅਫ਼ਗ਼ਾਨ ਭੂਮੀ ’ਤੇ 1981 ਤੋਂ ਬਾਅਦ ਜੋ ਕੁਝ ਵਾਪਰਿਆ, ਉਸ ਦਾ ਖਮਿਆਜ਼ਾ ਅਮਰੀਕਾ ਤਾਂ ਭੁਗਤ ਹੀ ਰਿਹਾ ਹੈ, ਬਾਕੀ ਦੁਨੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਗੱਲ ਇੱਥੇ ਮੁੱਕਣ ਵਾਲੀ ਨਹੀਂ। ਪਿਛਲੀਆਂ ਢਾਈ ਸਦੀਆਂ ਦਾ ਅਫ਼ਗ਼ਾਨ ਇਤਿਹਾਸ, ਅਫ਼ਗ਼ਾਨਿਸਤਾਨ ਦੇ ਅੰਦਰ ਜਾਂ ਆਸ-ਪਾਸ ਸਭ ਠੀਕ ਰਹਿਣ ਦੀ ਆਸ ਬਿਲਕੁਲ ਨਹੀਂ ਬੰਨ੍ਹਾਉਂਦਾ।
ਇਹ ਜਾਇਜ਼ਾ ਪੇਸ਼ ਕਰਦੀ ਹੈ ਤਾਰਿਕ ਅਲੀ ਦੀ ਨਵੀਂ ਕਿਤਾਬ ‘ਦਿ ਫੋਰਟੀ ਯੀਅਰ ਵਾਰ ਇਨ ਅਫ਼ਗਾਨਿਸਤਾਨ: ਏ ਕਰੋਨੀਕਲ ਫੋਰਟੋਲਡ’ (ਅਫ਼ਗਾਨਿਸਤਾਨ ਵਿਚ ਜੰਗ ਦੇ 40 ਵਰ੍ਹੇ: ਪੇਸ਼ਬੀਨੀਆਂ ਦਾ ਬਿਰਤਾਂਤ; ਵਰਸੋ ਬੁੱਕਸ; 244 ਪੰਨੇ; 999 ਰੁਪਏ)। ਇਹ ਕਿਤਾਬ ਤਾਰਿਕ ਅਲੀ ਦੀਆਂ 1983 ਤੋਂ ਲੈ ਕੇ ਹੁਣ ਤਕ ਦੀਆਂ ਚੋਣਵੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਹ ਰਚਨਾਵਾਂ ਦਰਸਾਉਂਦੀਆਂ ਹਨ ਕਿ ਲੇਖਕ ਨੇ ਅਫ਼ਗ਼ਾਨਿਸਤਾਨ ਵਿਚ ਰੂਸੀ ਫ਼ੌਜਾਂ ਦੀ ਆਮਦ (1979), ਇਸ ਆਮਦ ਦੇ ਖ਼ਿਲਾਫ਼ ਉੱਠੇ ਰੋਹ, ਤਾਲਿਬਾਨ ਦੀ ਪੈਦਾਇਸ਼ ਤੇ ਉਭਾਰ, ਇਸ ਉਭਾਰ ਵਿਚ ਅਮਰੀਕਾ ਤੇ ਉਸ ਦੇ ‘ਨਾਟੋ’ ਸਾਥੀਆਂ ਦੀ ਭੂਮਿਕਾ, ਇਸ ਭੂਮਿਕਾ ਦੀ ਬਦੌਲਤ ਇਸਲਾਮੀ ਦਹਿਸ਼ਤਵਾਦ ਦੇ ਪਸਾਰੇ ਅਤੇ ਉਸ ਪਸਾਰੇ ਕਾਰਨ ਦੁਨੀਆਂ ਭਰ ’ਚ ਉਪਜੀਆਂ ਉਲਝਣਾਂ ਬਾਰੇ ਜੋ ਪੇਸ਼ੀਨਗੋਈਆਂ ਕੀਤੀਆਂ ਸਨ, ਉਹ ਮੁਸਲਸਲ ਸਹੀ ਸਾਬਤ ਹੋਈਆਂ। ਕਿਤਾਬ ਦੀ ਭੂਮਿਕਾ ਦੱਸਦੀ ਹੈ ਕਿ ਤਾਰਿਕ ਅਲੀ ਨੇ ਅਫ਼ਗ਼ਾਨ ਇਤਿਹਾਸ ਸਬੰਧੀ ਆਪਣੀ ਸੋਝੀ ਨੂੰ ਇਨ੍ਹਾਂ ਭਵਿੱਖਬਾਣੀਆਂ ਦਾ ਆਧਾਰ ਬਣਾਇਆ। ਇਹ ਪਹੁੰਚ ਕਿੰਨੀ ਦਰੁਸਤ ਸਾਬਤ ਹੋਈ; ਇਸ ਦਾ ਅਹਿਸਾਸ ਸਿਰਫ਼ ਕਿਤਾਬ ਪੜ੍ਹ ਕੇ ਹੀ ਹੋ ਸਕਦਾ ਹੈ।
ਤਾਰਿਕ ਅਲੀ (78) ਪੇਸ਼ੇ ਵਜੋਂ ਪੱਤਰਕਾਰ ਹੈ ਅਤੇ ਸੁਭਾਅ ਤੇ ਮੁਰਾਦ ਪੱਖੋਂ ਇਤਿਹਾਸਕਾਰ। ਉਹ ਛੇ ਦਹਾਕਿਆਂ ਤੋਂ ਲੰਡਨ ਵਿਚ ਰਹਿ ਰਿਹਾ ਹੈ। ਜ਼ੱਦ ਪਾਕਿਸਤਾਨੀ ਹੈ, ਪੱਕੀ ਲਾਹੌਰੀ। ਵਿਦਵਤਾ ਤੇ ਸਿਆਸੀ ਸੂਝ ਵੀ ਇਸੇ ਜ਼ੱਦ ਤੇ ਵਿਰਸੇ ’ਚੋਂ ਆਈ। ਉਸ ਦਾ ਨਾਨਾ ਸਰ ਸਿਕੰਦਰ ਹਯਾਤ ਖਾਨ, ਸੰਤਾਲੀ ਤੋਂ ਪਹਿਲਾਂ ਵਾਲੇ ਪੰਜਾਬ ਦਾ ਮੁੱਖ ਮੰਤਰੀ ਰਿਹਾ। ਮਾਂ ਤਾਹਿਰਾ ਮਜ਼ਹਰ ਅਲੀ ਔਰਤਾਂ ਦੇ ਹੱਕਾਂ ਦੀ ਅਲੰਬਰਦਾਰ ਅਤੇ ਇਕ ਸਮੇਂ ਬੇਨਜ਼ੀਰ ਭੁੱਟੋ ਦੀ ਸਿਆਸੀ ਸੇਧਗਾਰ ਸੀ। ਤਾਰਿਕ ਖ਼ੁਦ ਖ਼ਾਲਸ ਖੱਬੇ-ਪੰਥੀ ਹੈ। ਨਿਊ ਲੈਫਟ ਰੀਵਿਊ ਰਸਾਲੇ ਦੇ ਸੰਪਾਦਕੀ ਮੰਡਲ ਦਾ ਉਹ ਹੁਣ ਵੀ ਹਿੱਸਾ ਹੈ। ਦੋ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕਾ ਹੈ; ਇਸਲਾਮ ਬਾਰੇ, ਇਸਲਾਮੀ ਇਤਿਹਾਸ ਬਾਰੇ, ਇਸਲਾਮੀ ਦਹਿਸ਼ਤਵਾਦ ਬਾਰੇ, ਇਸਲਾਮ ਪ੍ਰਤੀ ਪੱਛਮ ਦੇ ਉਲਟੇ ਚਸ਼ਮੇ ਬਾਰੇ ਅਤੇ ਸਾਡੇ ਉਪ ਮਹਾਂਦੀਪ (ਖ਼ਾਸਕਰ ਪਾਕਿਸਤਾਨ) ਦੀਆਂ ਘਟਨਾਵਾਂ ਤੇ ਉਲਝੇਵਿਆਂ ਬਾਰੇ। ਹੁਣ ਨਵੀਂ ਕਿਤਾਬ, ਭੂਮਿਕਾ ਤੇ ਅੰਤਿਕਾ ਨੂੰ ਛੱਡ ਕੇ, 27 ਅਜਿਹੇ ਨਬਿੰਧਾਂ ਦਾ ਸੰਗ੍ਰਹਿ ਹੈ ਜੋ ‘ਦਿ ਗਾਰਡੀਅਨ’ ਤੇ ‘ਦਿ ਸਪੈਕਟੇਟਰ’ ਸਮੇਤ ਵੱਖ ਵੱਖ ਬ੍ਰਿਟਿਸ਼ ਬੌਧਿਕ ਰਸਾਲਿਆਂ-ਅਖ਼ਬਾਰਾਂ ਵਿਚ ਸਮੇਂ ਸਮੇਂ ਛਪੇ। ਇਹ 27 ਨਬਿੰਧ ਚਾਰ ਅਨੁਭਾਗਾਂ ਵਿਚ ਵੰਡੇ ਹੋਏ ਹਨ। ਅਨੁਭਾਗਾਂ ਦੇ ਨਾਂ ਹਨ: ਮਾਸਕੋ, ਵਾਸ਼ਿੰਗਟਨ ਤੇ ਲਾਹੌਰ (1979-2000); ਅਪਰੇਸ਼ਨ ਤਬਾਹੀ (2001-2008), ਅਫ-ਪਾਕਿ ਦੀ ਆਤਿਸ਼ਜ਼ਨੀ (2008-11) ਅਤੇ ਹਾਰ ਨੂੰ ਦਾਅਵਤ (2012-22)। ਇਹ ਚਾਰੋ ਨਾਂ ਹੀ ਦੱਸ ਦਿੰਦੇ ਹਨ ਕਿ ਇਨ੍ਹਾਂ ਅੰਦਰਲੇ ਨਬਿੰਧਾਂ ਦਾ ਵਿਸ਼ਾ-ਵਸਤੂ ਕੀ ਹੈ। ਸਾਰੇ ਨਬਿੰਧਾਂ ਵਿਚ ਤਾਰਿਕ ਅਲੀ ਤਤਕਾਲੀ ਵਰਤਮਾਨ ਨੂੰ ਪ੍ਰਸੰਗਿਕ ਬਣਾ ਕੇ ਕੋਈ ਭਵਿੱਖਬਾਣੀ ਜ਼ਰੂਰ ਕਰਦਾ ਹੈ। ਇਹ ਭਵਿੱਖਬਾਣੀਆਂ ਅਮੂਮਨ ਸਹੀ ਸਾਬਤ ਹੋਈਆਂ। ਕਿਸੇ ਇਲਹਾਮ ਜਾਂ ਦਿੱਬ-ਦ੍ਰਿਸ਼ਟੀ ਕਾਰਨ ਨਹੀਂ, ਅਤੀਤ ਦੇ ਆਈਨੇ ਦੀ ਮਦਦ ਨਾਲ ਵਰਤਮਾਨ ਵਿਚੋਂ ਭਵਿੱਖ ਦਾ ਅਕਸ ਦੇਖਣ ਦੀ ਕਾਬਲੀਅਤ ਸਦਕਾ।
ਇਕ-ਦੋ ਮਿਸਾਲਾਂ, ਪ੍ਰਮਾਣਾਂ ਵਜੋਂ ਪੇਸ਼ ਹਨ: 1983 ਵਿਚ ਪ੍ਰਕਾਸ਼ਿਤ ਨਬਿੰਧ ‘ਅਹਿਰਣ ਤੇ ਹਥੌੜੇ ਦਰਮਿਆਨ’ ਵਿਚ ਤਾਰਿਕ ਅਲੀ ਲਿਖਦਾ ਹੈ, ‘‘…ਸਬਕ ਸਾਡੇ ਸਾਹਮਣੇ ਹਨ। ਸਮਾਜਵਾਦੀ ਨਿਜ਼ਾਮ ਬੰਦੂਕ ਦੀ ਨੋਕ ਨਾਲ ਨਹੀਂ ਸਿਰਜਿਆ ਜਾ ਸਕਦਾ। ਇਹਦੇ ਲਈ ਮੁਹੱਬਤ ਤੇ ਹਮਾਇਤ ਚੰਗੀ ਜੀਵਨ-ਜਾਚ ਤੇ ਸੁਚੱਜੇ ਰਾਜ ਪ੍ਰਬੰਧ ਰਾਹੀਂ ਹੀ ਵਿਕਸਿਤ ਕੀਤੀ ਜਾ ਸਕਦੀ ਹੈ। ਅਫ਼ਗ਼ਾਨ ਲੋਕਾਂ ’ਤੇ ਨਿਜ਼ਾਮ ਠੋਸਿਆ ਗਿਆ ਹੈ, ਉਨ੍ਹਾਂ ਨੂੰ ਆਪਣੀ ਸਰਕਾਰ ਖ਼ੁਦ ਚੁਣਨ ਦਿੱਤੀ ਜਾਣੀ ਚਾਹੀਦੀ ਸੀ। ਲੋਕ ਚਾਹੇ ਕਿੰਨੇ ਵੀ ਦਬੇ-ਕੁਚਲੇ ਜਾਂ ਗਰੀਬੜੇ ਕਿਉਂ ਨਾ ਹੋਣ, ਆਪਣੇ ਤਜਰਬਿਆਂ ਤੋਂ ਬਹੁਤ ਕੁਝ ਸਿੱਖ ਲੈਂਦੇ ਹਨ। ਉਹ ਜਾਣਦੇ ਹੁੰਦੇ ਹਨ ਕਿ ਉਹ ਕੀ ਕਰ ਰਹੇ ਹਨ, ਕਿਉਂ ਕਰ ਰਹੇ ਹਨ। …ਸੋਵੀਅਤ ਸੰਘ, ਅਫ਼ਗ਼ਾਨਿਸਤਾਨ ਵਿਚ ਜੋ ਕਰ ਰਿਹਾ ਹੈ, ਉਸ ਦਾ ਪ੍ਰਤੀਕਰਮ ਫ਼ਲਦਾਇਕ ਨਹੀਂ ਹੋਵੇਗਾ। ਇਹ ਪ੍ਰਤੀਕਰਮ ਦੇਖਣ ਲਈ ਲੰਮਾ ਸਮਾਂ ਉਡੀਕ ਵੀ ਨਹੀਂ ਕਰਨੀ ਪਵੇਗੀ। ਕੁਝ ਮਹੀਨੇ ਜਾਂ ਇਕ-ਦੋ ਵਰ੍ਹੇ… ਫਿਰ ਜੋ ਵੀ ਕੁਝ ਵਾਪਰੇਗਾ, ਇਹ ਵੀ ਸੁਖਦਾਈ ਨਹੀਂ ਹੋਵੇਗਾ।’’ (ਪੰਨਾ 20-21)। ਇੰਜ ਹੀ ਨਵੰਬਰ 2008 ਵਿਚ ਪ੍ਰਕਾਸ਼ਿਤ ਮਜ਼ਮੂਨ ‘ਨਵੀਂ ਚੜ੍ਹਤ, ਨਵੀਆਂ ਤਬਾਹੀਆਂ’ ਵਿਚ ਲਿਖਿਆ ਗਿਆ ਹੈ: ‘‘ਅਫ਼ਗ਼ਾਨਿਸਤਾਨ ’ਚੋਂ ਫ਼ੌਜਾਂ ਵਾਪਸ ਬੁਲਾਉਣ ਲਈ ਅਮਰੀਕੀ ਲੋਕਾਂ ਵੱਲੋਂ ਪਾਇਆ ਜਾ ਰਿਹਾ ਦਬਾਅ ਅਜੇ ਕਮਜ਼ੋਰ ਹੈ, ਪਰ ਹੁਣ ਤਕ ਹੋਏ ਨੁਕਸਾਨਾਂ ਦੀ ਅਸਲ ਤਸਵੀਰ ਜਦੋਂ ਸਾਹਮਣੇ ਆਏਗੀ ਤਾਂ ਦਬਾਅ ਬਹੁਤ ਜ਼ੋਰ ਫੜ ਜਾਵੇਗਾ। …ਹੋ ਸਕਦਾ ਹੈ ਉਦੋਂ ਵੱਧ ਨਮੋਸ਼ੀ ਨਾਲ ਭੱਜਣਾ ਪਵੇ।’’ (ਪੰਨਾ 122)। 15 ਅਗਸਤ 2021 ਤੋਂ ਬਾਅਦ ਅਮਰੀਕਾ, ਜਿੰਨੀ ਤੇਜ਼ੀ ਤੇ ਜਿੰਨੀ ਨਮੋਸ਼ੀ ਨਾਲ ਅਫ਼ਗ਼ਾਨਿਸਤਾਨ ’ਚੋਂ ਭੱਜਿਆ, ਉਹ ਉਪਰੋਕਤ ਭਵਿੱਖਬਾਣੀ ਦੀ ਤਸਦੀਕ ਹੈ।
ਪੇਪਰਬੈਕ ਐਡੀਸ਼ਨ ਹੋਣ ਦੇ ਬਾਵਜੂਦ 999 ਰੁਪਏ ਦੀ ਕੀਮਤ ਭਾਰਤੀ ਪਾਠਕਾਂ ਲਈ ਬਹੁਤ ਉੱਚੀ ਹੈ, ਪਰ ਅਤੀਤ ਦੇ ਪ੍ਰਿਜ਼ਮ ਵਿਚੋਂ ਭਵਿੱਖ ਪੜ੍ਹ ਲੈਣ ਦੀ ਸਮਰੱਥਾ ਦੀ ਇਹ ਕਿਤਾਬ ਕਾਬਿਲੇ-ਤਾਰੀਫ਼ ਮਿਸਾਲ ਹੈ।
* * *
ਮੱਧਯੁੱਗੀ ਇਤਿਹਾਸ ਵਿਚ ਮੰਗੋਲਾਂ ਨੂੰ ਖਲਨਾਇਕਾਂ ਤੇ ਜ਼ਾਲਮ ਜਾਂਗਲੀਆਂ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਚੰਗੇਜ਼ ਖ਼ਾਨ, ਹਲਾਕੂ ਖ਼ਾਨ ਤੇ ਤੈਮੂਰਲੰਗ ਦਾ ਅਕਸ ਅੱਜ ਵੀ ਧਾੜਵੀਆਂ ਵਾਲਾ ਹੈ। ਇਹ ਅਕਸ ਯੂਰੋਪੀਅਨ ਇਤਿਹਾਸਕਾਰਾਂ ਦੀ ਦੇਣ ਹੈ। ਗੋਰੀਆਂ ਨਸਲਾਂ ਨੂੰ ਉਦਾਰਵਾਦੀ ਤੇ ਨਰਮਗੋਸ਼ਾ ਪੇਸ਼ ਕਰਨ ਅਤੇ ਦੋਵਾਂ ਅਮਰੀਕੀ ਮਹਾਂਦੀਪਾਂ, ਏਸ਼ੀਆ, ਅਫ਼ਰੀਕਾ ਤੇ ਓਸ਼ਨੀਆ ਉਪਰ ਸਾਮਰਾਜੀ ਗ਼ਲਬੇ ਨੂੰ ਸਹੀ ਦਰਸਾਉਣ ਦੀ ਲਲਕ ਦੇ ਤਹਿਤ ਪਿਛਲੀਆਂ ਚਾਰ ਸਦੀਆਂ ਤੋਂ ਵੱਧ ਸਮੇਂ ਤਕ ਏਸ਼ਿਆਈ ਹੁਕਮਰਾਨਾਂ ਨੂੰ ਦੁਸ਼ਟਾਂ ਤੇ ਜ਼ਾਲਮਾਂ ਵਾਲੇ ਸਾਂਚੇ ਵਿਚ ਫਿੱਟ ਕੀਤਾ ਜਾਂਦਾ ਰਿਹਾ। ਇਨ੍ਹਾਂ ਤੱਥਾਂ ਨੂੰ ਲਗਾਤਾਰ ਵਿਸਾਰਿਆ ਜਾਂਦਾ ਰਿਹਾ ਕਿ ਏਸ਼ਿਆਈ ਹੁਕਮਰਾਨ ਵੀ ਇਨਸਾਫ਼ਪਸੰਦ ਤੇ ਕੁਸ਼ਲ ਪ੍ਰਸ਼ਾਸਕ ਸਨ ਅਤੇ ਸਭਿਅਤਾਵਾਂ ਤੇ ਸਭਿਆਚਾਰਾਂ ਦੇ ਪੁੰਗਰਨ-ਮੌਲਣ ਵਿਚ ਉਨ੍ਹਾਂ ਦਾ ਵੀ ਵੱਡਾ ਯੋਗਦਾਨ ਸੀ। ਪਿਛਲੀ ਅੱਧੀ ਸਦੀ ਤੋਂ ਇਤਿਹਾਸ ਦੀ ਸੁਧਾਈ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਫਰਾਂਸੀਸੀ ਇਤਿਹਾਸਕਾਰ ਮਰੀਅ ਫਾਵਰੋ (Marie Faverau, ਅੰਗਰੇਜ਼ੀ ਉਚਾਰਣ ਮੇਰੀ ਫੈਵਰੋ) ਦੀ ਕਿਤਾਬ ‘ਦਿ ਹੋਰਡ’ (ਹਾਰਵਰਡ ਯੂਨੀਵਰਸਿਟੀ ਪ੍ਰੈਸ; 378 ਪੰਨੇ; 699 ਰੁਪਏ) ਉਸੇ ਸਿਲਸਿਲੇ ਦੀ ਇਕ ਕੜੀ ਹੈ। ਇਹ ਕਿਤਾਬ ਫਰਾਂਸੀਸੀ ਭਾਸ਼ਾ ਵਿਚ 2019 ਵਿਚ ਛਪੀ। ਹੁਣ ਇਸ ਦਾ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਿਤ ਹੋਇਆ ਹੈ। ਕਿਤਾਬ ਦਾ ਉਪ ਸਿਰਲੇਖ ਹੈ ‘ਮੰਗੋਲਾਂ ਨੇ ਸੰਸਾਰ ਕਿਵੇਂ ਬਦਲਿਆ’। ਇਸ ਸਿਰਲੇਖ ਨੂੰ ਕਿਤਾਬ ਸਾਰਥਿਕ ਸਿੱਧ ਕਰਦੀ ਹੈ।
ਅੰਗਰੇਜ਼ੀ ਸ਼ਬਦ ‘ਹੋਰਡ’ ਦੇ ਸਿੱਧੇ ਅਰਥ ਹਨ:
ਹੋੜ੍ਹ, ਧਾੜ, ਦਲ ਜਾਂ ਹਮਲਾਵਰ ਹਜੂਮ। ਇਸ ਸ਼ਬਦ ਨੂੰ ਖ਼ਾਨਾਬਦੋਸ਼ਾਂ ਦੀ ਹਕੂਮਤ ਲਈ ਵੀ ਵਰਤਿਆ ਜਾਂਦਾ ਹੈ। ਇਹ ਸ਼ਬਦ, ਦਰਅਸਲ, ਮੰਗੋਲਿਆਈ ਭਾਸ਼ਾ ਦੇ ‘ਓਰਡਾ’ ਸ਼ਬਦ ਦਾ ਵਿਗੜਿਆ ਰੂਪ ਹੈ। ਓਰਡਾ ਤੋਂ ਭਾਵ ਹੈ ਸਾਮਰਾਜ, ਆਰਡਰ (ਪ੍ਰਬੰਧ), ਪ੍ਰਸ਼ਾਸਨ ਆਦਿ। ਕਿਤਾਬ ਮੁੱਖ ਤੌਰ ’ਤੇ ਚੰਗੇਜ਼ ਖ਼ਾਨ (ਜਿਸ ਨੂੰ ਯੂਰੋਪੀਅਨ ਗੈਂਗਿਜ਼ ਖ਼ਾਨ ਲਿਖਦੇ ਹਨ) ਅਤੇ ਉਸ ਦੇ ਪੁੱਤਰਾਂ ਦੇ ਰਾਜ ਬਾਰੇ ਹੈ।
ਮੰਗੋਲੀਆ ਵਿਚ ਚੰਗੇਜ਼ ਨੂੰ ਚਿੰਗਿਸ ਖ਼ਾਨ (Chinggis Khan) ਬੋਲਿਆ ਤੇ ਲਿਖਿਆ ਜਾਂਦਾ ਹੈ। ਬੜਾ ਵੱਡਾ ਸੀ ਚੰਗੇਜ਼ਾਂ ਦਾ ਸਾਮਰਾਜ।
ਮਨੁੱਖੀ ਇਤਿਹਾਸ ਵਿਚ ਇਸ ਤੋਂ ਵੱਡਾ ਸਾਮਰਾਜ ਸਿਰਫ਼ ਬ੍ਰਿਟਿਸ਼ਾਂ ਦਾ ਸੀ, ਪਰ ਉਹ ਸਿਰਫ਼ ਇਕ ਖਿੱਤੇ ਵਿਚ ਕੇਂਦਰਿਤ ਨਹੀਂ ਸੀ। ਮੰਗੋਲ ਸਾਮਰਾਜ ਦੋ ਮਹਾਂਦੀਪਾਂ ਵਿਚ ਫੈਲਿਆ ਹੋਇਆ ਸੀ। ਅੱਧਾ ਯੂਰੋਪ ਅਤੇ ਤਿੰਨ-ਚੌਥਾਈ ਏਸ਼ੀਆ ਇਕ ਸਮੇਂ ਇਸ ਸਾਮਰਾਜ ਦੇ ਅੰਦਰ ਸਮਾਇਆ ਹੋਇਆ ਸੀ।
ਅਜਿਹਾ ਸਾਮਰਾਜ ਕੀ ਸਿਰਫ਼ ਤੇ ਸਿਰਫ਼ ਤਲਵਾਰ ਦੇ ਜ਼ੋਰ ਨਾਲ ਸਥਾਪਿਤ ਕੀਤਾ ਜਾ ਸਕਦਾ ਸੀ? ਕੀ ਦੁਨੀਆਂ ਦੀ ਦੋ-ਤਿਹਾਈ ਵਸੋਂ ਨੂੰ ਜਬਰ-ਜ਼ੁਲਮ ਰਾਹੀਂ ਡੇਢ ਸਦੀ ਤੋਂ ਵੱਧ ਸਮੇਂ ਤੱਕ ਦਬਾਅ ਕੇ ਰੱਖਿਆ ਜਾ ਸਕਦਾ ਸੀ? ਮਰੀਅ ਫਾਵਰੋ ਦੀ ਕਿਤਾਬ ਅਜਿਹੇ ਦਰਜਨਾਂ ਸਵਾਲਾਂ ਦੇ ਜਵਾਬ ਬੜੇ ਖੋਜਪੂਰਨ ਢੰਗ ਨਾਲ ਦਿੰਦੀ ਹੈ। ਨਾਲ ਹੀ ਦੱਸਦੀ ਹੈ ਕਿ ਚੰਗੇਜ਼ੀ ਮੰਗੋਲਾਂ ਦੇ ਰਾਜ ਪ੍ਰਬੰਧ ਦੇ ਕਈ ਅਹਿਮ ਫੀਚਰ ਅੱਜ ਵੀ ਸਾਡੇ ਸੰਸਾਰ ਦੇ ਰਾਜਸੀੇ ਪ੍ਰਬੰਧਾਂ, ਆਰਥਿਕ ਲੈਣ-ਦੇਣ ਤੇ ਵਣਜ ਵਪਾਰ ਦਾ ਮੁੱਖ ਹਿੱਸਾ ਹਨ। ਰੇਸ਼ਮੀ ਰਾਹ ਮੰਗੋਲ ਸਾਮਰਾਜ ਸਮੇਂ ਹੋਂਦ ’ਚ ਆਏ। ਵਪਾਰ ਲਈ ਸਮਾਨ ਟੈਕਸ ਦਰਾਂ ਵੀ ਇਸੇ ਸਾਮਰਾਜ ਦਾ ਮੁੱਖ ਯੋਗਦਾਨ ਸੀ। ਕਾਬਲੀਅਤ ਤੇ ਹੁਨਰਮੰਦੀ ਦੀ ਕਦਰ ਅਤੇ ਰਾਜ ਪ੍ਰਬੰਧ ਵਿਚ ਧਰਮ-ਨਿਰਪੇਖਤਾ ਦੀ ਅਹਿਮੀਅਤ ਵਰਗੇ ਸਿਧਾਂਤ ਵੀ ਚੰਗੇਜ਼ ਖਾਨ ਤੇ ਉਸ ਦੇ ਪੁੱਤਾਂ ਵੱਲੋਂ ਸਥਾਪਿਤ ਸਾਮਰਾਜ ਦੀ ਦੇਣ ਹਨ।
ਚੀਨ ਤੇ ਰੂਸ ਦੀ ਸਰਹੱਦ ਨੇੜੇ ਸਥਿਤ ਨਿੱਕੇ ਜਿਹੇ ਭੂਗੋਲਿਕ ਖਿੱਤੇ ਤੋਂ ਉੱਠੀ ਸੀ ਚੰਗੇਜ਼ ਖਾਨ (ਮੌਤ 1227) ਦੀ ਧਾੜ। ਸ਼ੁਰੂ ਵਿਚ ਪੰਜ ਹਜ਼ਾਰ ਤੋਂ ਘੱਟ ਘੋੜਸਵਾਰਾਂ ਵਾਲੀ। ਅੱਧੀ ਸਦੀ ਦੇ ਅੰਦਰ ਇਨ੍ਹਾਂ ਮੰਗੋਲਾਂ ਦਾ ਸਾਮਰਾਜ ਪੂਰਬ ਵਿਚ ਪੂਰੇ ਸਾਇਬੇਰੀਆ, ਦੱਖਣ-ਪੂਰਬ ਵਿਚ ਵੀਅਤਨਾਮ ਤੋਂ ਲੈ ਕੇ ਦੱਖਣ ਵਿਚ ਹਿਮਾਲਿਆ ਅਤੇ ਦੱਖਣ-ਪੱਛਮ ਵਿਚ ਓਮਾਨ ਦੀ ਖਾੜੀ ਤੱਕ ਫੈਲ ਗਿਆ। ਉੱਤਰ-ਪੱਛਮ ਵਿਚ ਇਸ ਦੀ ਹੱਦ ਬਾਲਟਿਕ ਸਾਗਰ ਸੀ। ਪੱਛਮ ਵਿਚ ਇਹ ਆਸਟ੍ਰੀਆ ਦੀਆਂ ਹੱਦਾਂ ਛੋਂਹਦਾ ਸੀ। ਕਾਲਾ ਸਾਗਰ ਤੇ ਕੈਸਪੀਅਨ ਸਾਗਰ ਇਸ ਸਾਮਰਾਜ ਦਾ ਹਿੱਸਾ ਸਨ। ਦੱਖਣੀ ਚੀਨ ਸਾਗਰ, ਅਰਬ ਸਾਗਰ, ਬਾਲਟਿਕ ਸਾਗਰ ਤੇ ਮੱਧ ਸਾਗਰ ਦੀਆਂ ਕਈ ਬੰਦਰਗਾਹਾਂ ਇਸ ਦੇ ਕੰਟਰੋਲ ਹੇਠ ਸਨ। ਕੀ ਜਾਂਗਲੀ ਬਿਰਤੀ ਜਾਂ ਜਬਰ-ਜ਼ੁਲਮ ਦੇ ਸਹਾਰੇ ਇਹ ਸਾਮਰਾਜ ਖੜ੍ਹਾ ਕਰਨਾ ਸੰਭਵ ਸੀ?
ਕਿਤਾਬ ਦੱਸਦੀ ਹੈ ਕਿ ਮੰਗੋਲ ਆਪਣੇ ਵਿਰੋਧੀਆਂ ਨਾਲ ਮੁੱਢ ਵਿਚ ਧਾੜਵੀਆਂ ਵਾਂਗ ਹੀ ਪੇਸ਼ ਆਉਂਦੇ ਸਨ। ਕਤਲੇਆਮ, ਸਾੜ-ਫੂਕ ਤੇ ਲੁੱਟ-ਮਾਰ ਆਪਣਾ ਦਬਦਬਾ ਪੈਦਾ ਕਰਨ ਦੇ ਮੁੱਖ ਹਥਿਆਰ ਸਨ। ਪਰ ਇਕ ਵਾਰ ਦਬਦਬਾ ਕਾਇਮ ਹੋਣ ਮਗਰੋਂ ਲੋਕਾਂ ਨੂੰ ਅਮਨ ਚੈਨ ਨਾਲ ਰਹਿਣ ਦਿੱਤਾ ਜਾਂਦਾ ਸੀ; ਜਿੱਤੀ ਹੋਈ ਰਿਆਸਤ ਹਾਰੇ ਹੋਏ ਹੁਕਮਰਾਨ ਨੂੰ ਮੋੜ ਦਿੱਤੀ ਜਾਂਦੀ ਸੀ। ਸਿਰਫ਼ ਇਕ ਸ਼ਰਤ ਬਦਲੇ ਕਿ ਜੰਗੀ ਤਾਵਾਨ ਤੇ ਛਿਮਾਹੀ ਖਿਰਾਜ ਉਸ ਵੱਲੋਂ ਬਾਕਾਇਦਗੀ ਨਾਲ ਅਦਾ ਕੀਤਾ ਜਾਂਦਾ ਰਹੇਗਾ। ਚੰਗੇਜ਼ ਖਾਨ ਸ਼ਮਨਵਾਦੀ ਸੀ ਭਾਵ ਰੂਹਾਂ ਤੇ ਦੇਵਤਿਆਂ ਨੂੰ ਪੂਜਣ ਵਾਲਾ। ਉਸ ਦੇ ਵੰਸ਼ਜਾਂ ਵਿਚੋਂ ਕੋਈ ਬੋਧੀ ਬਣ ਗਿਆ, ਕੋਈ ਮੁਸਲਿਮ ਤੇ ਕੋਈ ਇਸਾਈ। ਕੁਝ ਵੰਸ਼ਜ ਤਾਂ ਯਜ਼ੀਦੀ ਤੇ ਯਹੂਦੀ ਵੀ ਬਣੇ। ਕੁਝ ਸ਼ਮਨਵਾਦੀ ਹੀ ਰਹੇ। ਮੰਗੋਲ ਸ਼ਾਸਕਾਂ ਨੇ ਆਪਣਾ ਰਾਜ ਧਰਮ ਆਪਣੀ ਰਿਆਇਆ ’ਤੇ ਠੋਸਣ ਤੋਂ ਗੁਰੇਜ਼ ਕੀਤਾ। ਚੰਗੇਜ਼ ਦੇ ਸੱਤ ਪੁੱਤਰ ਸਨ, ਪਰ ਆਪਣਾ ਸਾਮਰਾਜ ਉਸ ਨੇ ਚਾਰ ਪੁੱਤਰਾਂ ਜੋਚੀ, ਚਗਤਾਈ, ਉਗੋਦੇਈ ਤੇ ਤੋਲੂਈ ਵਿਚ ਵੰਡਿਆ ਕਿਉਂਕਿ ਇਹ ਚਾਰੋਂ ਉਸ ਦੀ ਪਟਰਾਣੀ ਬੋਰਾਤ ਤੋਂ ਸਨ। ਰਾਜ ਵੰਡਣ ਵੇਲੇ ਚੰਗੇਜ਼ ਨੇ ਸ਼ਰਤ ਇਕੋ ਰੱਖੀ ਕਿ ਉਹ ਆਪੋ-ਆਪਣੇ ਸਾਮਰਾਜਾਂ ਦਾ ਪਾਸਾਰ-ਵਿਸਥਾਰ ਕਰਨਗੇ, ਪਰ ਇਕ ਦੂਜੇ ਦਾ ਇਲਾਕਾ ਨਹੀਂ ਦੱਬਣਗੇ। ਇਹ ਸ਼ਰਤ ਪੁੱਤਰਾਂ ਨੇ ਪੂਰੀ ਨਿਭਾਈ, ਪੋਤਿਆਂ ਨੇ ਨਹੀਂ। ਸਾਮਰਾਜ ਬਿਖਰਿਆ ਵੀ ਇਸੇ ਕਾਰਨ। ਉਪਰੋਂ 13ਵੀਂ ਸਦੀ ਵਿਚ ਕਾਲੇ ਪਲੇਗ ਨੇ ਵੀ ਮੰਗੋਲਾਂ ਉਪਰ ਚੋਖਾ ਕਹਿਰ ਢਾਹਿਆ।
ਕਿਤਾਬ ਦਿਲਚਸਪ ਤਾਂ ਹੈ ਹੀ, ਨਵੀਂ ਨਕੋਰ ਜਾਣਕਾਰੀ ਦਾ ਖ਼ਜ਼ਾਨਾ ਵੀ ਹੈ।
* * *
ਸੰਤਾਲੀ ਵਾਲੇ ਦੁਖਾਂਤ ਨਾਲ ਜੁੜੀਆਂ ਸੈਂਕੜੇ ਕਿਤਾਬਾਂ ਹਿੰਦ-ਪਾਕਿ ਤੋਂ ਇਲਾਵਾ ਬ੍ਰਿਟੇਨ, ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਛਪ ਚੁੱਕੀਆਂ ਹਨ। ਇਸ ਤ੍ਰਾਸਦਿਕ ਸਾਕੇ ਬਾਰੇ ਬਣੀਆਂ ਫੀਚਰ ਤੇ ਦਸਤਾਵੇਜ਼ੀ ਫਿਲਮਾਂ ਦੀ ਗਿਣਤੀ ਵੀ ਦਰਜਨਾਂ ਵਿਚ ਹੈ। ਇਕ ਉਪ ਮਹਾਂਦੀਪ ਦੀ ਵੰਡ ਜਿੰਨੀ ਕਾਹਲ ਤੇ ਬੇਤਰਤੀਬੀ ਨਾਲ ਹੋਈ, ਉਸ ਨੇ ਇਕੋ ਰਾਤ ਘਰਾਂ ਵਾਲਿਆਂ ਨੂੰ ਬੇਘਰੇ ਅਤੇ ਥਾਵਿਆਂ ਨੂੰ ਨਿਥਾਵੇਂ ਬਣਾ ਦਿੱਤਾ। ਅਜਿਹੇ ਆਲਮ ਵਿਚ ਜਿਸ ਦੇ ਹੱਥ ਵਿਚ ਅਤੀਤ ਨਾਲ ਜੁੜਿਆ ਜੋ ਕੁਝ ਵੀ ਰਹਿ ਗਿਆ, ਉਹ ਉਸ ਵਾਸਤੇ ਬੇਸ਼ਕੀਮਤੀ ਬਣ ਗਿਆ- ਅਤੀਤ ਦੀ ਸਥਾਈ ਨਿਸ਼ਾਨੀ। ਅਜਿਹੀਆਂ ਨਿਸ਼ਾਨੀਆਂ ਨੂੰ ਆਧਾਰ ਬਣਾ ਕੇ ਸੰਤਾਲੀ ਦੀ ਦਾਸਤਾਂ ਬਿਆਨ ਕਰਦੀ ਹੈ ਆਂਚਲ ਮਲਹੋਤਰਾ ਦੀ ਕਿਤਾਬ ‘ਬਟਵਾਰੇ ਦੀ ਕਹਾਣੀ, ਵਸਤਾਂ ਦੀ ਜ਼ੁਬਾਨੀ’ (ਲੋਕਗੀਤ ਪ੍ਰਕਾਸ਼ਨ; 384 ਪੰਨੇ; 400 ਰੁਪਏ)। ਇਹ ਕਿਤਾਬ ‘ਰੈਮਨੈਂਟਸ ਆਫ਼ ਏ ਸੈਪਰੇਸ਼ਨ’ ਦੇ ਨਾਮ ਹੇਠ ਅੰਗਰੇਜ਼ੀ ਵਿਚ 2017 ਵਿਚ ਪ੍ਰਕਾਸ਼ਿਤ ਹੋਈ ਸੀ। ਹੁਣ ਇਸ ਦਾ ਪੰਜਾਬੀ ਰੂਪ ਸਾਡੇ ਸਾਹਮਣੇ ਆਇਆ ਹੈ।
ਆਂਚਲ ਮਲਹੋਤਰਾ ਮਹਿਜ਼ 32 ਵਰ੍ਹਿਆਂ ਦੀ ਹੈ। ਲੇਖਕ ਹੈ, ਇਤਿਹਾਸਕਾਰ ਵੀ ਹੈ। ਇਹ ਦੋਵੇਂ ਰੰਗ ਕਿਤਾਬ ਦੀ ਬਣਤਰ ਤੇ ਬੁਣਤਰ ਦੀ ਮੁੱਖ ਖ਼ੂਬੀ ਹਨ। 21 ਵਸਤਾਂ ਅਤੇ ਉਨ੍ਹਾਂ ਨੂੰ ਸਾਂਭਣ ਵਾਲਿਆਂ ਦੀਆਂ ਯਾਦਾਂ ਨੂੰ ਉਸ ਨੇ ਜਜ਼ਬਾਤੀ ਤੇ ਅਪਣੱਤ ਭਰੇ ਲਹਿਜੇ ਨਾਲ ਇਸ ਕਿਤਾਬ ਦੇ ਰੂਪ ਵਿਚ ਪਰੋਸਿਆ ਹੈ। ਇਨ੍ਹਾਂ ਵਸਤਾਂ ਵਿਚ ਆਪਣੇ ਨਾਨੇ ਤੋਂ ਮਿਲਿਆ ਗਜ਼ ਤੇ ਨਾਨੀ ਵਾਲੀ ਚਾਟੀ ਵੀ ਸ਼ਾਮਲ ਹੈ ਅਤੇ ਲੁਧਿਆਣੇ ਜੰਮੀ, ਜਲੰਧਰ ਵਿਚ ਵੱਡੀ ਹੋਈ ਅਤੇ ਫਿਰ ਉੱਜੜ ਕੇ ਲਾਹੌਰ ਜਾ ਵਸੀ ਅਜ਼ਰਾ ਹੱਕ ਦਾ ਮੋਤੀਆਂ ਦਾ ਹਾਰ ਤੇ ਕਾਂਟੇ ਵੀ। ਇਹ ਮੋਤੀ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਵੱਲੋਂ ਦਿੱਤਾ ਗਿਆ ਤੋਹਫ਼ਾ ਸਨ। ਦਿੱਲੀ ਦੇ ਮਸ਼ਹੂਰ ਕਿਤਾਬਫਰੋਸ਼ ਬਲਰਾਜ ਬਾਹਰੀ ਕੋਲ ਮੌਜੂਦ ਰਸੋਈ ਦੇ ਭਾਂਡੇ ਅਤੇ ਮੀਆਂ ਫੈਜ਼ ਰੱਬਾਨੀ ਦੀ ਪੱਥਰ ਦੀ ਤਖ਼ਤੀ ਨਾਲ ਜੁੜਿਆ ਕਥਾ-ਬਿਰਤਾਂਤ ਵੀ ਇਸ ਕਿਤਾਬ ਦਾ ਹਿੱਸਾ ਹਨ। ਹੋਰ ਵਸਤਾਂ ਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਵੀ ਜ਼ਿਕਰਯੋਗ ਹਨ।
ਕਿਤਾਬ ਦੇ ਅਨੁਵਾਦ ’ਤੇ ਬੜੀ ਮਿਹਨਤ ਕੀਤੀ ਗਈ ਹੈ, ਪਰ ਮੂਲ ਲਿਖਤ ਵਾਲੀ ਰਵਾਨੀ ਦੀ ਘਾਟ ਕਿਤੇ ਕਿਤੇ ਸਿੱਧੀ ਰੜਕਦੀ ਹੈ। ਉਪਰੋਂ ਪਰੂਫ ਰੀਡਿੰਗ ਦੀਆਂ ਗ਼ਲਤੀਆਂ! ਅਜਿਹੀਆਂ ਖ਼ਾਮੀਆਂ ਦੇ ਬਾਵਜੂਦ ਇਹ ਪੰਜਾਬੀ ਪੁਸਤਕ ਪ੍ਰੇਮੀਆਂ ਲਈ ਤੋਹਫੇ਼ ਵਾਂਗ ਹੈ।
* * *
ਆਲੋਚਨਾ-ਸਮਾਲੋਚਨਾ ਦੇ ਖੇਤਰ ਵਿਚ ਉੱਘਾ ਨਾਮ ਹਨ ਡਾ. ਲਾਭ ਸਿੰਘ ਖੀਵਾ। ਉਨ੍ਹਾਂ ਦੀ ਵਿਦਵਤਾ ਭਾਸ਼ਾ, ਸਾਹਿਤ, ਸਭਿਆਚਾਰ ਤੇ ਲੋਕ-ਯਾਨ ਬਾਰੇ ਉਨ੍ਹਾਂ ਦੀਆਂ ਦਰਜਨ ਦੇ ਕਰੀਬ ਪੁਸਤਕਾਂ ਵਿਚੋਂ ਝਲਕਦੀ ਹੈ। ਇਸੇ ਸਿਲਸਿਲੇ ਦੀ ਨਵੀਂ ਕੜੀ ਹੈ ‘ਸ਼ਾਬਦਿਕ ਸਭਿਆਚਾਰ: ਸਿਧਾਂਤ ਤੇ ਵਿਹਾਰ’ (ਸਪਤਰਿਸ਼ੀ ਪਬਲੀਕੇਸ਼ਨਜ਼; 131 ਪੰਨੇ; 220 ਰੁਪਏ) ਇਹ ਪੁਸਤਕ ਸ਼ਬਦ ਦੇ ਮਹਾਤਮ ਅਤੇ ਸਭਿਅਤਾ, ਸਭਿਆਚਾਰ ਤੇ ਲੋਕਧਾਰਾ ਦੇ ਵਿਕਾਸ ਵਿਚ ਇਸ ਦੀ ਭੂਮਿਕਾ ਦੇ ਸਿਧਾਂਤਕ ਤੇ ਵਿਹਾਰਕ ਪੱਖਾਂ ਦਾ ਅਧਿਐਨ 20 ਨਬਿੰਧਾਂ ਰਾਹੀਂ ਪੇਸ਼ ਕਰਦੀ ਹੈ।
ਨਬਿੰਧਾਂ ਦਾ ਵਿਸ਼ਾ-ਵਸਤੂ ਭਾਵੇਂ ਵੱਖੋ-ਵੱਖਰਾ ਹੈ ਪਰ ਸਾਰੇ ਸ਼ਾਬਦਿਕ ਸਭਿਆਚਾਰ ਵਾਲੀ ਤੰਦ ਨਾਲ ਜੁੜੇ ਹੋਏ ਹਨ। ਨਬਿੰਧਾਂ ਦੀ ਲੜੀ ‘ਪ੍ਰਕਿਰਤੀ, ਸਭਿਅਤਾ, ਸੰਸਕ੍ਰਿਤੀ ਤੇ ਲੋਕਧਾਰਾ’ ਦੇ ਬਿਆਨ ਨਾਲ ਸ਼ੁਰੂ ਹੁੰਦੀ ਹੈ ਅਤੇ ‘ਲੋਕ ਮਾਨਸ: ਵਿਧਾਨ ਤੇ ਵਿਹਾਰ’, ‘ਭਾਰਤ ਦਾ ਮਿੱਸਾ ਸਭਿਆਚਾਰ: ਅਤੀਤ ਤੇ ਵਰਤਮਾਨ’, ‘ਪ੍ਰੋ. ਮੋਹਨ ਸਿੰਘ ਦਾ ਅਮਨ ਕਾਵਿ’ ਅਤੇ ਲੋਕ ਗਾਇਕੀ ਦੀਆਂ ਪਰੰਪਰਾਵਾਂ ਤੇ ਚੁਣੌਤੀਆਂ ਵਰਗੇ ਵਿਸ਼ਿਆਂ ਤਕ ਪੁੱਜਦੀ ਹੈ। ਖੋਜਾਰਥੀਆਂ ਤੇ ਸ਼ੋਧਾਰਥੀਆਂ ਲਈ ਵਡਮੁੱਲੀ ਹੋਣ ਦੇ ਨਾਲ-ਨਾਲ ਗਿਆਨ ਦੇ ਰਸੀਆਂ ਵਾਸਤੇ ਵੀ ਲਾਹੇਵੰਦੀ ਹੈ ਇਹ ਕਿਤਾਬ।