ਜਸਪਾਲ ਸਿੰਘ ਸਿੱਧੂ
ਇਕ ਪੁਸਤਕ – ਇਕ ਨਜ਼ਰ
ਕੋਬਾਡ ਗਾਂਧੀ ਦੇਸ਼ ਦੇ ਵਿਰਲੇ ਵਿਅਕਤੀਆਂ ਵਿੱਚੋਂ ਹੈ ਜਿਸ ਨੇ ਸਮਾਜਿਕ ਬਰਾਬਰੀ, ਨਿਆਂ ਅਤੇ ਮਨੁੱਖੀ ਆਜ਼ਾਦੀ ਲਈ ਅੱਧੀ ਸਦੀ ਨਿਰੰਤਰ ਲੜਾਈ ਲੜੀ। ਉਸ ਵਚਨਬੱਧਤਾ ਅਤੇ ਵਿਚਾਰਧਾਰਾ ਉੱਤੇ ਅੱਜ ਵੀ ਉਹ ਕਾਇਮ ਹੈ। ਮੁੰਬਈ ਦੇ ਰਈਸ ਪਾਰਸੀ ਪਰਿਵਾਰ ਵਿੱਚ ਪੈਦਾ ਹੋਇਆ ਉਹ ਜਵਾਨੀ ਵਿੱਚ ਖੱਬੀ ਰੈਡੀਕਲ, ਨਕਸਲਵਾਦੀ ਵਿਚਾਰਧਾਰਾ ਨਾਲ ਜੁੜ ਗਿਆ ਸੀ। 1970ਵਿਆਂ ਦੌਰਾਨ ਹੋਰ ਵੀ ਆਦਰਸ਼ਵਾਦੀ/ ਸੰਵੇਦਨਸ਼ੀਲ ਨੌਜਵਾਨ ਅਣਮਨੁੱਖੀ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਨੂੰ ਬਦਲਣ ਲਈ ਸਟੇਟ ਨਾਲ ਟੱਕਰ ਲੈਣ ਅਤੇ ਆਪਾ ਕੁਰਬਾਨ ਕਰਨ ਦੇ ਪੰਧ ਤੁਰ ਪਏ ਸਨ, ਪਰ ਬਹੁਤੇ ਅੱਧਵਾਟਿਓਂ ਉੱਖੜ ਗਏ। ਪਰ ਕੋਬਾਡ ਗਾਂਧੀ ਆਪਣੀ ਵਚਨਬੱਧਤਾ ਅਤੇ ਸਿਦਕ ਤੋਂ ਡੋਲਿਆ ਨਹੀਂ। ਉਹ ਅਤੇ ਉਸ ਦੀ ਪਤਨੀ ਦਲਿਤਾਂ ਅਤੇ ਆਦਿਵਾਸੀਆਂ ਨੂੰ ਸਵੈਮਾਣ ਅਤੇ ਹੱਕਾਂ ਖ਼ਾਤਰ ਲੜਨ ਲਈ ਤਿਆਰ ਕਰਦੇ ਰਹੇ। ਪਤਨੀ ਦੀ ਮੌਤ ਤੋਂ ਕੁਝ ਮਹੀਨੇ ਬਾਅਦ ਵਡੇਰੀ ਉਮਰ (62 ਸਾਲ) ਵਿੱਚ ਜਦੋਂ ਕੋਬਾਡ ਗਾਂਧੀ ਕਈ ਬਿਮਾਰੀਆਂ ਤੋਂ ਪੀੜਤ ਸੀ, ਅਚਾਨਕ ਹੀ ਸਤੰਬਰ 2009 ਵਿੱਚ ਆਂਧਰਾ ਪ੍ਰਦੇਸ਼ ਪੁਲੀਸ ਨੇ ਦਿੱਲੀ ਵਿੱਚੋਂ ਕਾਬੂ ਕਰ ਲਿਆ ਗਿਆ। ਉਸ ਸਮੇਂ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਵੱਡੇ ਮਾਓਵਾਦੀ ਨੇਤਾ ਦੇ ਫੜ੍ਹੇ ਜਾਣ ਦਾ ਦਾਅਵਾ ਕੀਤਾ ਸੀ। ਖ਼ਤਰਨਾਕ ਨਕਸਲਬਾੜੀ ਕੈਦੀ ਦੇ ਤੌਰ ਉੱਤੇ ਤਿਹਾੜ ਜੇਲ੍ਹ ਦੀ ਚੱਕੀਆਂ (cells) ਅਤੇ ਹੋਰ ਸੂਬਿਆਂ ਦੀਆਂ ਛੇ ਜੇਲ੍ਹਾਂ ਵਿੱਚ ਰਹਿਣ ਤੋਂ ਬਾਅਦ ਉਹ ਦਸ ਸਾਲਾਂ ਬਾਅਦ ਅਕਤੂਬਰ 2019 ਵਿੱਚ ਜ਼ਮਾਨਤ ਉੱਤੇ ਬਾਹਰ ਆਇਆ। ਸੱਤ ਜੇਲ੍ਹਾਂ ਵਿੱਚ ਝੱਲੀ ਇਕੱਲ, ਸਰੀਰਕ ਕਸ਼ਟ ਅਤੇ ਮਾਨਸਿਕ ਪਰੇਸ਼ਾਨੀ ਨੂੰ ਉਸ ਨੇ ਕਿਤਾਬ ਦੇ ਰੂਪ ਵਿੱਚ ਕਲਮਬੱਧ ਕੀਤਾ। ਇਸੇ ਸਾਲ ਆਈ ਪੁਸਤਕ ‘ਟੁੱਟੀ-ਭੱਜੀ ਆਜ਼ਾਦੀ- ਜੇਲ੍ਹ ਯਾਦਾਂ’ (Fractured Freedom- a Prison memoirs – Roli Books) ਸਿਰਫ਼ ਜੇਲ੍ਹਾਂ ਵਿੱਚ ਹੰਢਾਏ ਦੁੱਖ-ਤਕਲੀਫ਼ਾਂ ਦੀ ਗਾਥਾ ਨਹੀਂ ਸਗੋਂ ਦੇਸ਼ ਦੇ ਘਿਣਾਉਣੇ ਜਾਤੀ-ਪਾਤੀ ਸਮਾਜ, ਅਸਹਿ ਆਰਥਿਕ ਨਾ-ਬਰਾਬਰੀ ਅਤੇ ਅਮਾਨਵੀ ਦਮਨਕਾਰੀ ਸਰਮਾਏਦਾਰੀ ਨਿਜ਼ਾਮ ਦੀ ਚੜ੍ਹਤ ਅਤੇ ਕਮਿਊਨਿਸਟ ਲਹਿਰ ਦੀ ਨਾਕਾਮੀ ਉੱਤੇ ਭਰਵੀਂ ਚਰਚਾ ਹੈ।
ਅੱਜ ਦੀਆਂ ਮਾਰੂ ਪ੍ਰਸਥਿਤੀਆਂ ਦਾ ਕੋਬਾਡ ਗਾਂਧੀ ਤਵਾਰੀਖ਼ੀ ਪਰਿਪੇਖ ਵਿੱਚ ਵਿਸ਼ਲੇਸ਼ਣ ਕਰਦਾ ਹੈ। 1947 ਵਿੱਚ ਹਾਕਮਾਂ ਦੇ ਹੱਥਾਂ ਵਿੱਚ ਹੋਏ ਸੱਤਾ ਤਬਾਦਲੇ ਨਾਲ ਵੀ ਪੁਰਾਣਾ ਅੰਗਰੇਜ਼ੀ ਹਕੂਮਤੀ ਢਾਂਚਾ ਅਜੇ ਟੁੱਟਿਆ ਹੀਂ ਨਹੀ। ਸ਼ਸ਼ੀ ਥਰੂਰ ਦੀ ਚਰਚਿਤ ਪੁਸਤਕ ‘ਐਨ ਇਰਾ ਆਫ ਡਾਰਕਨੈਸ’ (An Era Of Darkness) ਦੀ ਤਰਜ਼ ਉੱਤੇ ਕੋਬਾਡ ਗਾਂਧੀ ਲਿਖਦਾ ਹੈ ਕਿ ਅੰਗਰੇਜ਼ੀ ਰਾਜ ਦੇਸ਼ ਦੇ ਕੁੱਲ ਉਤਪਾਦਨ ਵਿੱਚੋਂ 8-10 ਫ਼ੀਸਦੀ ਹਰ ਸਾਲ ਲੁੱਟ ਕੇ ਇੰਗਲੈਂਡ ਲਿਜਾਂਦਾ ਰਿਹਾ। ਮੁਗ਼ਲ ਰਾਜ ਦੇ ਅਖੀਰਲੇ ਦਿਨਾਂ (1700 ਈਸਵੀ) ਭਾਰਤ ਦਾ ਦੁਨੀਆਂ ਦੇ ਕੁੱਲ ਉਤਪਾਦਨ ਵਿੱਚ 23 ਫ਼ੀਸਦੀ ਹਿੱਸਾ ਸੀ ਜਿਹੜਾ ਅੰਗਰੇਜ਼ਾਂ ਦੇ ਦੇਸ਼ ਛੱਡਣ ਵੇਲੇ 1947 ਵਿੱਚ ਸਿਰਫ਼ ਤਿੰਨ ਫ਼ੀਸਦੀ ਰਹਿ ਗਿਆ। ਅੰਗਰੇਜ਼ਾਂ ਦੀਆਂ ਮਾਰੂ ਨੀਤੀਆਂ ਕਰਕੇ ਦੇਸ਼ ਵਿੱਚ ਦਰਜਨਾਂ ਵੱਡੇ ਕਾਲ (famines) ਪਏ ਜਿਨ੍ਹਾਂ ਵਿੱਚ ਕਰੋੜਾਂ ਭਾਰਤੀ ਭੁੱਖ-ਦੁੱਖ ਅਤੇ ਬਿਮਾਰੀਆਂ ਨਾਲ ਮਾਰੇ ਗਏ ਅਤੇ ਲੱਖਾਂ ਹੋਰ ਅੰਗਰੇਜ਼ਾਂ ਦੇ ਜੰਗਾਂ-ਯੁੱਧਾਂ ਦੀ ਭੇਟ ਚੜ੍ਹੇ।
ਅਮੀਰ ਮਾਪਿਆਂ ਨੇ ਕੋਬਾਡ ਗਾਂਧੀ ਅਤੇ ਉਸ ਦੇ ਵੱਡੇ ਭਰਾ ਨੂੰ 1958 ਵਿੱਚ ਸ਼ਾਹੀ ਦੂਨ ਸਕੂਲ ਵਿੱਚ ਪੜ੍ਹਨ ਭੇਜਿਆ। ਉੱਥੇ ਸੰਜੇ ਗਾਂਧੀ, ਕਮਲਨਾਥ ਅਤੇ ਨਵੀਨ ਪਟਨਾਇਕ ਅਤੇ ਹੋਰ ਅਮੀਰ-ਸਿਆਸੀ ਪਰਿਵਾਰਾਂ ਦੇ ਬੱਚੇ ਉਸ ਦੇ ਜਮਾਤੀ ਸਨ। ਫਿਰ 1968 ਵਿੱਚ ਚਾਰਟਡ ਅਕਾਊਟੈਂਟ (ਸੀ.ਏ.) ਦੀ ਪੜ੍ਹਾਈ ਲਈ ਉਹ ਲੰਡਨ ਚਲਾ ਗਿਆ ਜਿੱਥੇ ਭਾਰਤੀਆਂ ਪ੍ਰਤੀ ਗੋਰਿਆਂ ਦਾ ਨਸਲਵਾਦੀ ਵਰਤਾਓ ਉਸ ਨੂੰ ਰੜਕਣ ਲੱਗ ਪਿਆ। ਸਮਝੌਤਾ ਕਰਨ ਦੀ ਬਜਾਏ ਉਸ ਨੇ ਨਸਲਵਾਦ ਪਿੱਛੇ ਛੁਪੇ ਕਾਰਨਾਂ ਨੂੰ ਜਾਣਨ ਲਈ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਅੰਗਰੇਜ਼ੀ ਬਸਤੀਵਾਦੀ ਦੌਰ ਬਾਰੇ ਪੜ੍ਹਿਆ। ਬ੍ਰਿਟਿਸ਼ ਮਿਊਜ਼ੀਅਮ ਲਾਇਬਰੇਰੀ ਵਿੱਚ ਉਸ ਦਾ ਨਸਲਵਾਦ ਵਿਰੁੱਧ ਲੜਦੇ ਗੋਰੇ ਕਾਰਕੁੰਨਾਂ ਨਾਲ ਵੀ ਮੇਲ-ਮਿਲਾਪ ਹੋਇਆ। ਇਕ ਦਿਨ ਉਹ ਲੰਡਨ ਦੇ ਰਿਹਾਇਸ਼ੀ ਖੇਤਰ ਵਿੱਚ, ਨੁੱਕਰ ਮੀਟਿੰਗ ਵਿੱਚ ਨਸਲਵਾਦ ਵਿਰੁੱਧ ਬੋਲ ਰਿਹਾ ਸੀ ਜਦੋਂ ਪੁਲੀਸ ਨੇ ਉਸ ਨੂੰ ਆ ਪਕੜਿਆ। ਉਸ ਨੂੰ ਖ਼ੂਬ ਕੁਟਾਪਾ ਚਾੜ੍ਹਿਆ ਗਿਆ ਅਤੇ ਕੇਸ ਵੀ ਮੜ੍ਹ ਦਿੱਤਾ। ਪਹਿਲਾਂ ਪਹਿਲ ਉਹ ਮਹਾਤਮਾ ਗਾਂਧੀ ਦੀ ਨਸਲਵਾਦ ਵਿਰੋਧੀ ਸਤਿਆਗ੍ਰਹਿ ਰਣਨੀਤੀ ਤੋਂ ਜ਼ਿਆਦਾ ਪ੍ਰਭਾਵਿਤ ਸੀ। ਪਰ ਜਦੋਂ ਮਹਾਤਮਾ ਗਾਂਧੀ ਦੇ ਫਲਸਫ਼ੇ ਵਿੱਚੋਂ ਉਸ ਨੂੰ ਸਾਰੇ ਜਵਾਬ ਨਾ ਮਿਲੇ ਤਾਂ ਉਹ ਮਾਰਕਸਵਾਦ ਵੱਲ ਮੁੜ ਪਿਆ। ਉਹ ਮਾਓਵਾਦੀ ਹਲਕਿਆਂ ਅਤੇ ਸਾਹਿਤ ਨਾਲ ਸਰਗਰਮੀ ਨਾਲ ਜੁੜ ਗਿਆ। ਲੰਡਨ ਵਿਚਲੇ ਪੁਲੀਸ ਕੇਸ ਵਿੱਚ ਜੱਜ ਸਾਹਮਣੇ ਮਾਰਕਸਵਾਦੀ ਨੁਕਤਾ ਨਿਗਾਹ ਤੋਂ ਦਿੱਤੇ ਸਖ਼ਤ ਬਿਆਨਾਂ ਕਰਕੇ ਹੀ ਉਸ ਨੂੰ ਦੋ ਮਹੀਨੇ ਦੀ ਕੈਦ ਹੋਈ।
ਲੰਡਨ ਤੋਂ 1972 ਵਿੱਚ ਵਾਪਸ ਆ ਕੇ ਕੋਬਾਡ ਗਾਂਧੀ ਮੁੰਬਈ ਦੇ ਮਾਇਆ ਨਗਰ ਝੁੱਗੀ-ਝੋਂਪੜੀ ਖੇਤਰ ਵਿੱਚ ਦਲਿਤਾਂ ਨੂੰ ‘ਗੁੰਡੇ/ਦਾਦਿਆਂ’ ਵਿਰੁੱਧ ਖੜ੍ਹੇ ਹੋਣ ਅਤੇ ਮੁਫ਼ਤ ਪਾਣੀ ਦੀ ਸਪਲਾਈ ਦੀ ਪ੍ਰਾਪਤੀ ਵਰਗੇ ਮੁੱਦਿਆਂ ਉੱਤੇ ਜਥੇਬੰਦ ਕਰਨ ਲੱਗਿਆ। ਉਹ ਉੱਭਰਦੀ ‘ਦਲਿਤ ਪੈਂਥਰਜ਼’ ਲਹਿਰ ਦੇ ਲੀਡਰਾਂ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ਸ਼ੀਲ ਬੁੱਧੀਜੀਵੀਆਂ ਨਾਲ ਜੁੜ ਗਿਆ। ਐਮਰਜੈਂਸੀ ਦੇ ਵਿਰੁੱਧ ਜੱਦੋਜਹਿਦ ਕਰਦੀਆਂ ਜਮਹੂਰੀ ਸਫ਼ਾਂ ਵਿੱਚ ਉਹ ਸਰਗਰਮ ਰਿਹਾ। ਉਨ੍ਹਾਂ ਹੀ ਦਿਨਾਂ ਵਿੱਚ ਖੱਬੇ ਪੱਖੀ ਪਰਿਵਾਰ ਵਿੱਚ ਜੰਮੀ-ਪਲੀ ਅਨੁਰਾਧਾ ਉਸ ਦੀ ਜੀਵਨ ਸਾਥਣ ਬਣ ਗਈ। ਅਨੁਰਾਧਾ ਵੀ ਦਲਿਤਾਂ, ਆਦਿਵਾਸੀ ਅਤੇ ਔਰਤਾਂ ਦੇ ਹਕੂਕਾਂ ਦੀ ਲੜਾਈ ਵਿੱਚ ਸਰਗਰਮ ਸੀ।
ਅਨੁਰਾਧਾ ਵੀ ਮੁੰਬਈ ਵਿੱਚ ਆਪਣੀ ਕਾਲਜ ਅਧਿਆਪਕ ਵਜੋਂ ਨੌਕਰੀ ਅਤੇ ਅਕਾਦਮਿਕ ਕਰੀਅਰ ਨੂੰ ਛੱਡ ਕੇ 1982 ਵਿੱਚ ਕੋਬਾਡ ਗਾਂਧੀ ਨਾਲ ਨਾਗਪੁਰ ਚਲੀ ਗਈ ਜਿੱਥੇ ਉਹ ਦੋਵੇਂ ‘ਇੰਦਰਾ’ ਨਾਮੀ ਦਲਿਤ ਬਸਤੀ ਵਿੱਚ ਦੋ ਕਮਰਿਆਂ ਦਾ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗੇ। ਭੱਦਰਪੁਰਸ਼ਾਂ ਲਈ ‘ਬਦਨਾਮ ਅਤੇ ਗੁੰਡਿਆਂ’ ਦੀ ਉਸ ਬਸਤੀ ਵਿੱਚ ਪਤੀ-ਪਤਨੀ ਦੋ ਦਹਾਕੇ ਦਲਿਤਾਂ ਨੂੰ ਹੱਕਾਂ ਅਤੇ ਸਵੈਮਾਣ ਦੀ ਜ਼ਿੰਦਗੀ ਜਿਉਣ ਲਈ ਜਥੇਬੰਦ ਕਰਦੇ ਰਹੇ। ਉਨ੍ਹਾਂ ਨੇ ਅਮੀਰ ਘਰਾਂ ਵਿੱਚ ਕੰਮ ਕਰਦੀਆਂ ਦਲਿਤ ਔਰਤਾਂ, ਬੀੜੀ ਵਰਕਰਾਂ ਅਤੇ ਹੋਰ ਗੈਰ-ਸੰਗਠਤ ਵਰਗ ਦੇ ਕਾਮਿਆਂ ਨੂੰ ਜਥੇਬੰਦ ਕੀਤਾ। ਉਨ੍ਹਾਂ ਖ਼ਾਤਰ ਕਈ ਛੋਟੀਆਂ-ਵੱਡੀਆਂ ਲੜਾਈਆਂ ਲੜੀਆਂ। ਅਨੁਰਾਧਾ ਨੇ ਅਖ਼ਬਾਰਾਂ/ ‘ਫਰੰਟੀਅਰ’ ਵਰਗੇ ਰਸਾਲਿਆਂ ਵਿੱਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਅਤੇ ਜ਼ਮੀਨੀ ਹਕੀਕਤ ਬਾਰੇ ਲੇਖ ਲਿਖੇ।
ਦਲਿਤਾਂ ਅਤੇ ਜਾਤਪਾਤ ਦੀ ਸਮੱਸਿਆ ਬਾਰੇ ਕੋਬਾਡ ਗਾਂਧੀ ਦੇ ਵਿਚਾਰ ਅਤੇ ਅਮਲੀ ਤਜਰਬਾ ਮਾਰਕਸਵਾਦੀਆਂ ਅਤੇ ਰੈਡੀਕਲ ਖੱਬੀ ਵਿਚਾਰਧਾਰਾ ਵਾਲੇ ਲੀਡਰਾਂ/ਕਾਰਕੁੰਨਾਂ ਤੋਂ ਬਿਲਕੁਲ ਵੱਖਰਾ ਹੈ। ਉਹ ਭਾਰਤੀ ਜਾਤ-ਪਾਤ ਨੂੰ ਨਸਲਵਾਦ ਤੋਂ ਕਿਤੇ ਭਿਆਨਕ ਮਾਨਸਿਕ ਬਿਮਾਰੀ ਅਤੇ ਬਦਤਰ ਵਰਤਾਰਾ ਸਮਝਦਾ ਹੈ ਜਿਹੜਾ ਦਲਿਤਾਂ ਨੂੰ ਗ਼ੁਲਾਮਾਂ ਤੋਂ ਵੀ ਬੁਰੀ ਸਥਿਤੀ ਵਿੱਚ ਰੱਖਦਾ ਹੈ। ਜਾਤ-ਪਾਤ ਨੇ ਸਦੀਆਂ ਤੋਂ ਭਾਰਤੀ ਸਮਾਜ ਨੂੰ ਵੰਡ ਕੇ, ਕਮਜ਼ੋਰ ਕਰਕੇ ਰੱਖਿਆ ਜਿਸ ਕਰਕੇ ਭਾਰਤ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਬਣਦਾ ਰਿਹਾ। ਭਾਰਤੀ ਕਮਿਊਨਿਸਟਾਂ ਦੀ ਆਲੋਚਨਾ ਕਰਦਿਆਂ ਉਹ ਲਿਖਦਾ ਹੈ ਕਿ ਜਾਪ-ਪਾਤ ਦੇ ਗੰਭੀਰ ਮਸਲੇ ਨੂੰ ਕਦੇ ਵੀ ਖੱਬੀਆਂ ਪਾਰਟੀਆਂ ਨੇ ਪਹਿਲ ਨਹੀਂ ਦਿੱਤੀ। ਇਸ ਸਬੰਧ ਵਿਚ ਉਸ ਦੇ ਵਿਚਾਰ ਬੁੱਧੀਜੀਵੀ ਲੇਖਕ ਅਰੁੰਧਤੀ ਰਾਏ ਨਾਲ ਮੇਲ ਖਾਂਦੇ ਹਨ। ਉਸ ਮੁਤਾਬਿਕ ਡਾ. ਅੰਬੇਦਕਰ ਨੇ ਹੀ ਜਾਤ-ਪਾਤ ਦੀ ਜੜ੍ਹ ਫੜੀ ਹੈ ਕਿ ਇਸ ਬੁਰਾਈ ਨੂੰ ਖ਼ਤਮ ਕੀਤੇ ਬਗੈਰ ਦੇਸ਼ ਵਿੱਚ ਜਮਹੂਰੀ ਅਤੇ ਇਨਕਲਾਬੀ ਸਮਾਜਿਕ ਵਿਵਸਥਾ ਖੜ੍ਹੀ ਨਹੀਂ ਕੀਤੀ ਜਾ ਸਕਦੀ। ਖੱਬੇ ਪੱਖੀ ਵਿਚਾਰਵਾਨਾਂ/ਲੀਡਰਾਂ ਵੱਲੋਂ ਮਾਰਕਸਵਾਦ ਦੀ ਮਕਾਨਕੀ (mechanical) ਵਿਆਖਿਆ, ਭਾਰਤੀ ਸਮਾਜ ਅਤੇ ਸਭਿਆਚਾਰਕ ਉਸਾਰੀ ਦੀ ਅਧੂਰੀ ਸਮਝ ਅਤੇ ਬਹੁਤਿਆਂ ਦਾ ਸਵਰਨ ਜਾਤੀਆਂ ਵਾਲਾ ਪਿਛੋਕੜ ਹੋਣ ਕਰਕੇ, ਜਾਤ-ਪਾਤ ਦੇ ਮੁੱਦੇ ਨੂੰ ਜਮਾਤੀ ਸੰਘਰਸ਼ ਦੀਆਂ ਪਰਤਾਂ ਹੇਠ ਦਬਾ ਦਿੱਤਾ ਗਿਆ। ਇਸ ਕਰਕੇ ਜਾਤ-ਪਾਤ ਦੀ ਅਸਲੀ ਜੜ੍ਹ ਬ੍ਰਾਹਮਣਵਾਦ ਅਜੇ ਵੀ ਮਹਿਫੂਜ਼ ਹੈ ਜਦੋਂਕਿ ਇਕ ਜਾਤੀ ਦੂਜੀ ਜਾਤੀ ਵਿਰੁੱਧ ਅਤੇ ਇੱਕ ਧਾਰਮਿਕ ਭਾਈਚਾਰਾ ਦੂਜੇ ਭਾਈਚਾਰੇ ਵਿਰੁੱਧ ਖੜ੍ਹਾ ਕਰ ਦਿੱਤਾ ਗਿਆ ਹੈ।
ਕੋਬਾਡ ਗਾਂਧੀ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਪੂਰਾ ਪਤਾ ਨਹੀਂ, ਫਿਰ ਵੀ ਉਹ ਤਿਹਾੜ੍ਹ ਜੇਲ੍ਹ ਵਿੱਚ ਬੰਦ ਸਿੱਖ ਖਾੜਕੂਆਂ ਨਾਲ ਹੋਈਆਂ ਮੁਲਾਕਾਤਾਂ ਵਿੱਚੋਂ ਇਹ ਸਿੱਟਾ ਜ਼ਰੂਰ ਕੱਢਦਾ ਹੈ ਕਿ ਜਾਤ-ਪਾਤ ਵਿਰੁੱਧ ਪੈਦਾ ਹੋਏ ਸਿੱਖ ਧਰਮ ਅਤੇ ਸਮਾਜ ਅੰਦਰ ਫਿਰ ਜਾਤ-ਪਾਤ ਜ਼ੋਰ ਫੜ੍ਹ ਗਈ ਹੈ।
ਭਾਰਤੀ ਕਮਿਊਨਿਸਟਾਂ ਬਾਰੇ ਕੋਬਾਡ ਗਾਂਧੀ ਕਹਿੰਦਾ ਹੈ ਕਿ ਬਹੁਤਿਆਂ ਨੇ ਮਾਰਕਸਵਾਦ ਨੂੰ ਵਿਕਾਸਮੁਖੀ ਵਿਚਾਰਧਾਰਾ ਦੀ ਥਾਂ ਕੱਟੜਪੰਥੀ ਫਲਸਫ਼ਾ ਬਣਾ ਦਿੱਤਾ। ਇਸੇ ਤਰ੍ਹਾਂ ਇਨਕਲਾਬ ਆਉਣ ਨੂੰ ਅਟੱਲ (inevitable) ਕਹਿਣਾ ਅਤੇ ਪੱਛਮੀ ਪ੍ਰੋਲੇਤਾਰੀ ਸੰਕਲਪ ਨੂੰ ਭਾਰਤੀ ਜਾਤੀ-ਪਾਤੀ ਸਮਾਜ ਉੱਤੇ ਜਿਉਂ ਦਾ ਤਿਉਂ ਲਾਗੂ ਕਰਨਾ ਮਾਰਕਸਵਾਦੀ ਸਮਝ ਦੀਆਂ ਖਾਮੀਆਂ ਹਨ। ਡਾ. ਗੁਰਭਗਤ ਸਿੰਘ ਦੀ ਤਰਜ਼ ਉੱਤੇ ਕੋਬਾਡ ਗਾਂਧੀ ਮਨੁੱਖ ਦੀ ਅੰਤਰੀਵ ਖ਼ੁਸ਼ੀ (Happiness) ਨੂੰ ਵਿਸਮਾਦੀ ਪੱਧਰ ਉੱਤੇ ਪੇਸ਼ ਕਰਦਾ ਹੈ ਕਿ ਆਜ਼ਾਦੀ, ਜਮਹੂਰੀਅਤ ਅਤੇ ਖ਼ੁਸ਼ੀ (ਵਿਸਮਾਦ) ਤਿੰਨੇ ਨਿਖੜਵੇਂ ਅਮਲ/ਵਰਤਾਰੇ ਹਨ ਜਿਹੜੇ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਜਿਵੇਂ ਸੱਚ, ਇਮਾਨਦਾਰੀ, ਹਮਦਰਦੀ ਅਤੇ ਕਰੁਣਾ ਆਦਿ ਉੱਤੇ ਹੀ ਉਸਾਰੇ ਜਾ ਸਕਦੇ ਹਨ। ਉਸ ਦਾ ਪੂਰਨ ਵਿਸ਼ਵਾਸ ਹੈ ਕਿ ਸਮਾਜਵਾਦੀ ਵਿਵਸਥਾ ਹੀ ਮਨੁੱਖਾਂ ਲਈ ਕਲਿਆਣਕਾਰੀ ਅਤੇ ਹਿਤੈਸ਼ੀ ਹੋ ਸਕਦੀ ਹੈ ਜਦੋਂਕਿ ਪੂੰਜੀਵਾਦੀ ਤੇ ਸਾਮਰਾਜਵਾਦੀ ਨਿਜ਼ਾਮ ਨੇ ਮਨੁੱਖਤਾ ਅਤੇ ਕੁਦਰਤੀ ਵਾਤਾਵਰਨ ਨੂੰ ਤਬਾਹੀ ਦੇ ਕਗਾਰ ਉੱਤੇ ਲਿਆ ਖੜ੍ਹਾ ਕਰ ਦਿੱਤਾ ਹੈ।